ਕਿਸਾਨ ਅੰਦੋਲਨ ਦੇ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜਿੱਤ ਕੇ ਸੰਸਦ ਮੈਂਬਰ ਬਣਿਆ ਸਨੀ ਦਿਓਲ ਅਤੇ ਉਸ ਦਾ ਪਿਤਾ ਧਰਮਿੰਦਰ ਭਾਵੇਂ ਅਜੇ ਤੱਕ ਚੁੱਪ ਹਨ ਪਰ ਇਸ ਪਰਿਵਾਰ ਦੇ ਨੌਜਵਾਨ ਅਭੈ ਦਿਓਲ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਯਾਦ ਰਹੇ ਕਿ ਅਭੈ ਦਿਓਲ ਧਰਮਿੰਦਰ ਦੇ ਛੋਟੇ ਭਰਾ ਮਰਹੂਮ ਅਜੀਤ ਦਿਓਲ ਦਾ ਪੁੱਤਰ ਹੈ ਅਤੇ ਵੱਖ-ਵੱਖ ਮਸਲਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰਦਾ ਰਹਿੰਦਾ ਹੈ।
ਅਭੈ ਦਿਓਲ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਉਹ ਫਿਲਮੀ ਦੁਨੀਆ ਅੰਦਰ ਵੀ ਕਦੀ ਭੇਡਚਾਲ ਦਾ ਸ਼ਿਕਾਰ ਨਹੀਂ ਹੋਇਆ। ਉਸ ਨੇ ਜਿਹੜੀਆਂ ਫਿਲਮਾਂ ਵਿਚ ਕੰਮ ਕੀਤਾ ਹੈ, ਉਹ ਵੀ ਅਕਸਰ ਆਮ ਫਿਲਮਾਂ ਨਾਲੋਂ ਹਟ ਕੇ ਹੁੰਦੀਆਂ ਹਨ ਅਤੇ ਇਨ੍ਹਾਂ ਫਿਲਮਾਂ ਦੇ ਵਿਸ਼ੇ ਵੀ ਬੜੇ ਵਿਲੱਖਣ ਹੁੰਦੇ ਹਨ।
ਅਭੈ ਦਿਓਲ ਨੇ ਕਿਸਾਨ ਅੰਦੋਲਨ ਦੇ ਮਾਮਲੇ ਵਿਚ ਅਦਾਕਾਰਾ ਤਾਪਸੀ ਪੰਨੂ ਅਤੇ ਸਵਰਾ ਭਾਸਕਰ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸੰਸਾ ਕੀਤੀ ਹੈ। ਉਸ ਨੇ ਆਪਣੇ ਟਵੀਟ ਵਿਚ ਪੌਪ ਗਾਇਕਾ ਰਿਆਨਾ ਨੂੰ ਵੀ ਟੈਗ ਕੀਤਾ ਹੈ। ਯਾਦ ਰਹੇ ਕਿ ਇਸ ਮਾਮਲੇ ਵਿਚ ਬਹੁਤ ਘੱਟ ਫਿਲਮੀ ਸਿਤਾਰੇ ਬੋਲੇ ਹਨ। ਹਾਲ ਹੀ ਵਿਚ ਅਦਾਕਾਰ ਨਸੀਰੂਦੀਨ ਸ਼ਾਹ ਨੇ ਬਹੁਤ ਕਮਾਲ ਦੀਆਂ ਟਿੱਪਣੀਆਂ ਇਸ ਪ੍ਰਸੰਗ ਵਿਚ ਕੀਤੀਆਂ ਹਨ। ਇਸੇ ਦੌਰਾਨ ਅਦਾਕਾਰਾ ਤਾਪਸੀ ਪੰਨੂ ਨੇ ਆਪਣੀ ਆਉਣ ਵਾਲੀ ਫਿਲਮ ‘ਲੂਪ ਲਪੇਟਾ’ ਦੀ ਫੋਟੋ ਸਾਂਝੀ ਕੀਤੀ ਹੈ। ਤਾਪਸੀ ਇਸ ਫਿਲਮ ਵਿਚ ਸਾਵੀ ਨਾਂ ਦਾ ਕਿਰਦਾਰ ਨਿਭਾਵੇਗੀ। ਅਦਾਕਾਰਾ ਨੇ ਇਸ ਫਿਲਮ ਦੀ ਪਹਿਲੀ ਝਲਕ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਖਾਤੇ ‘ਤੇ ਸਾਂਝੀ ਕੀਤੀ ਹੈ। ਉਸ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਜ਼ਿੰਦਗੀ ਵਿਚ ਕਦੇ-ਕਦੇ ਅਜਿਹਾ ਸਮਾਂ ਵੀ ਆਉਂਦਾ ਹੈ ਕਿ ਜਦੋਂ ਇਨਸਾਨ ਨੂੰ ਖੁਦ ਨੂੰ ਸਵਾਲ ਕਰਨਾ ਪੈਂਦਾ ਹਨ।
ਚੇਤੇ ਰਹੇ ਕਿ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਵਰਗੇ ਕੁਝ ਅਦਾਕਾਰਾਂ ਨੇ ਕਿਸਾਨ ਅੰਦੋਲਨ ਦੇ ਮਾਮਲੇ ਵਿਚ ਸਰਕਾਰਾ ਦਾ ਪੱਖ ਪੂਰਨ ਦਾ ਯਤਨ ਕੀਤਾ ਹੈ ਪਰ ਇਨ੍ਹਾਂ ਫਿਲਮੀ ਹਸਤੀਆਂ ਦੀ ਨੁਕਤਾਚੀਨੀ ਬਹੁਤ ਹੋਈ ਹੈ। ਆਲੋਚਨਾ ਕਰਨ ਵਾਲਿਆਂ ਨੇ ਕਿਹਾ ਹੈ ਕਿ ਕਿਸਾਨ ਇਸ ਵੇਲੇ ਬੇਹੱਦ ਸੰਕਟ ਵਿਚੋਂ ਲੰਘ ਰਹੇ ਹਨ, ਸਰਕਾਰ ਇਨ੍ਹਾਂ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਖੇਤੀ ਦੀ ਵਾਗਡੋਰ ਵਪਾਰੀਆਂ ਦੇ ਹੱਥ ਦੇਣ ਦੀਆਂ ਤਿਆਰੀਆਂ ਕਰ ਰਿਹਾ ਹੈ। ਇਸ ਨਾਲ ਕਿਸਾਨਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਹੋਰ ਜ਼ਿਆਦਾ ਵਿਗੜੇਗੀ। ਇਸੇ ਕਰ ਕੇ ਹੀ ਕਿਸਾਨ ਆਪਣੀ ਹੋਂਦ ਬਚਾਉਣ ਖਾਤਰ ਪਿਛਲੇ ਕਈ ਮਹੀਨਆਂ ਤੋਂ ਸਰਕਾਰ ਖਿਲਾਫ ਘੋਲ ਵਿਚ ਡਟੇ ਹੋਏ ਹਨ। -ਗੁਰਜੰਟ ਸਿੰਘ