ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਗੇ ਤਿੰਨ ਨਵੇਂ ਹਵਾਈ ਅੱਡੇ

ਚੰਡੀਗੜ੍ਹ: ਕੇਂਦਰ ਸਰਕਾਰ ਪੰਜਾਬ ਦੇ ਤਿੰਨ ਅਹਿਮ ਸਥਾਨਾਂ ਜਲੰਧਰ, ਲੁਧਿਆਣਾ ਤੇ ਫਿਰੋਜ਼ਪੁਰ ਵਿਚ ਘਰੇਲੂ ਉਡਾਣਾਂ ਲਈ ਤਿੰਨ ਨਵੇਂ ਹਵਾਈ ਅੱਡੇ ਬਣਾਏ ਜਾਣ ਦੀ ਦਿੱਤੀ ਪ੍ਰਵਾਨਗੀ ਪੰਜਾਬ ਦੀ ਆਰਥਿਕ ਸਰਗਰਮੀ ਨੂੰ ਤਕੜਾ ਹੁਲਾਰਾ ਦੇਵੇਗੀ। ਜਲੰਧਰ ਵਿਚ ਹਵਾਈ ਅੱਡਾ ਬਣਨ ਨਾਲ ਪਰਵਾਸੀ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੇਗੀ। ਪਰਵਾਸੀ ਪੰਜਾਬੀਆਂ ਦਾ 80 ਫੀਸਦੀ ਦੇ ਕਰੀਬ ਦੁਆਬਾ ਖੇਤਰ ਨਾਲ ਸਬੰਧਤ ਹੈ ਤੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਲਈ ਦਿੱਲੀ ਤੋਂ ਜਹਾਜ਼ ਫੜਨ ਅੰਮ੍ਰਿਤਸਰ ਜਾਣਾ ਪੈਂਦਾ ਹੈ।
ਇਸੇ ਤਰ੍ਹਾਂ ਪਰਵਾਸੀ ਪੰਜਾਬੀਆਂ ਦੇ ਨਾਲ-ਨਾਲ ਹੋਰ ਕਾਰੋਬਾਰੀ ਲੋਕਾਂ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾਣ ਲਈ ਘਰੇਲੂ ਉਡਾਣ ਲਈ ਅੰਮ੍ਰਿਤਸਰ ਤੇ ਚੰਡੀਗੜ੍ਹ ਜਾਣਾ ਪੈਂਦਾ ਹੈ। ਇਸ ਨਾਲ ਸਮਾਂ ਤੇ ਸਾਧਨ ਵਧੇਰੇ ਜਾਇਆ ਹੁੰਦੇ ਹਨ। ਇਸੇ ਤਰ੍ਹਾਂ ਲੁਧਿਆਣਾ ਦੀ ਸਨਅਤ ਤੇ ਵਪਾਰ ਦੀ ਇਹ ਚਿਰਾਂ ਤੋਂ ਮੰਗ ਸੀ ਕਿ ਉਥੇ ਹਵਾਈ ਅੱਡਾ ਬਣਾਇਆ ਜਾਵੇ। ਮਾਲਵੇ ਦੇ ਸਭ ਤੋਂ ਵਧੇਰੇ ਪਛੜੇ ਖਿੱਤੇ ਦੇ ਸਰਹੱਦੀ ਸ਼ਹਿਰ ਫਿਰੋਜ਼ਪੁਰ ਵਿਚ ਹਵਾਈ ਅੱਡਾ ਬਣਨ ਨਾਲ ਇਸ ਖੇਤਰ ਦਾ ਵਿਕਾਸ ਹੋਵੇਗਾ।
ਜ਼ਿਕਰਯੋਗ ਹੈ ਕਿ ਬਠਿੰਡਾ, ਚੰਡੀਗੜ੍ਹ ਤੇ ਅੰਮ੍ਰਿਤਸਰ ਪਹਿਲਾਂ ਹੀ ਹਵਾਈ ਸੇਵਾ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਪੰਜਾਬ ਹਵਾਈ ਸੇਵਾ ਦੇ ਸਰਕਟ ਨਾਲ ਜੁੜਿਆ ਇਕ ਅਹਿਮ ਖੇਤਰ ਬਣੇ ਜਾਵੇਗਾ। ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਮੁਤਾਬਕ ਦੇਸ਼ ਭਰ ਵਿਚ 60 ਨਵੇਂ ਹਵਾਈ ਅੱਡੇ ਬਣਾਏ ਜਾਣੇ ਹਨ ਤੇ ਇਨ੍ਹਾਂ ਹਵਾਈ ਅੱਡਿਆਂ ਦੀ ਉਸਾਰੀ ਦਾ ਕੰਮ ਛੇ ਮਹੀਨਿਆਂ ਵਿਚ ਅਰੰਭ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਪਤਾ ਲੱਗਾ ਹੈ ਕਿ ਨਵੇਂ ਹਵਾਈ ਅੱਡੇ ਜਨਤਕ ਤੇ ਨਿੱਜੀ ਭਾਈਵਾਲੀ ਵਾਲੇ ਹੋਣਗੇ। ਇਨ੍ਹਾਂ ਹਵਾਈ ਅੱਡਿਆਂ ਵਿਚ 51 ਫੀਸਦੀ ਹਿੱਸੇਦਾਰੀ ਸਰਕਾਰੀ ਤੇ 49 ਫੀਸਦੀ ਨਿੱਜੀ ਕੰਪਨੀਆਂ ਦੀ ਹੋਵੇਗੀ। ਪੰਜਾਬ ਵਿਚ ਬਣਨ ਵਾਲੇ ਤਿੰਨੇ ਹਵਾਈ ਅੱਡੇ ਨਵੇਂ ਬਣਾਏ ਜਾਣਗੇ। ਜਲੰਧਰ ਨੇੜੇ ਆਦਮਪੁਰ ਤੇ ਲੁਧਿਆਣਾ ਨੇੜੇ ਹਲਵਾਰਾ ਵਿਚ ਚਲ ਰਹੇ ਏਅਰ ਫੋਰਸ ਹਵਾਈ ਅੱਡਿਆਂ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ ਹੋਵੇਗਾ। ਪਹਿਲਾਂ ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਤੇ ਹੋਰ ਰਾਜਸੀ ਆਗੂਆਂ ਸਮੇਤ ਪੰਜਾਬ ਸਰਕਾਰ ਵੱਲੋਂ ਆਦਮਪੁਰ ਤੇ ਹਲਵਾਰਾ ਦੇ ਏਅਰਫੋਰਸ ਦੇ ਹਵਾਈ ਅੱਡਿਆਂ ਤੋਂ ਨਿੱਜੀ ਹਵਾਈ ਉਡਾਣਾਂ ਨੂੰ ਖੁੱਲ੍ਹ ਦੇਣ ਦੀ ਮੰਗ ਕੀਤੀ ਜਾ ਰਹੀ ਸੀ।
ਜਲੰਧਰ ਤੋਂ ਲੋਕ ਸਭਾ ਮੈਂਬਰ ਮਹਿੰਦਰ ਸਿੰਘ ਕੇæ ਪੀæ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਤਿੰਨ ਹਵਾਈ ਅੱਡੇ ਦੇਣ ਦੇ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਵੱਲੋਂ ਸੁਧਾਰਾਂ ਤੇ ਵਿਕਾਸ ਦੀ ਚਲਾਈ ਲਹਿਰ ਦਾ ਲਾਭ ਜਲੰਧਰ ਨੂੰ ਵਿਸ਼ੇਸ਼ ਤੌਰ ‘ਤੇ ਮਿਲੇਗਾ। ਜਲੰਧਰ ਵਿਚ ਹਵਾਈ ਅੱਡੇ ਦੀ ਚਿਰਾਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਗਈ। ਇਸ ਨਾਲ ਵਪਾਰ ਤੇ ਸਨਅਤ ਨੂੰ ਵੱਡੀ ਤਾਕਤ ਮਿਲੇਗੀ। ਇਸੇ ਤਰ੍ਹਾਂ ਕਲਕੱਤਾ ਤੇ ਮੁੰਬਈ ਤੋਂ ਲੁਧਿਆਣਾ ਤੱਕ ਬਣਨ ਵਾਲੇ ਫਰੇਟ ਕਾਰੀਡੋਰ ਵੀ ਵਧਾ ਕੇ ਅੰ ਮ੍ਰਿਤਸਰ ਤੱਕ ਕਰ ਦਿੱਤੇ ਹਨ ਤੇ ਜਲੰਧਰ ਵੀ ਇਸ ਸਰਕਟ ਨਾਲ ਜੁੜ ਜਾਵੇਗਾ।
ਪੰਜਾਬ ਦੇ ਉੱਘੇ ਅਰਥਸ਼ਾਸਤਰੀ ਡਾæ ਐਸ਼ਐਸ਼ ਜੌਹਲ ਨੇ ਰਾਜ ਅੰਦਰ ਤਿੰਨ ਨਵੇਂ ਹਵਾਈ ਅੱਡੇ ਬਣਾਏ ਜਾਣ ਨੂੰ ਰਾਜ ਦੀ ਸਨਅਤ ਤੇ ਵਪਾਰ ਲਈ ਸ਼ੁਭ ਸ਼ਗਨ ਕਰਾਰ ਦਿੱਤਾ ਹੈ ਪਰ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਵਾਈ ਉਡਾਣਾਂ ਕਾਮਯਾਬ ਤਾਂ ਹੀ ਹੋਣਗੀਆਂ ਜੇਕਰ ਇਹ ਸਿਰਫ ਦਿੱਲੀ ਤੱਕ ਹੀ ਨਹੀਂ ਸਗੋਂ ਦੇਸ਼ ਦੇ ਹੋਰ ਦੂਰ-ਦੁਰਾਡੇ ਦੇ ਸ਼ਹਿਰਾਂ ਤੱਕ ਜਾਣ ਵਾਲੀਆਂ ਹੋਣਗੀਆਂ।
ਸਨਅਤਕਾਰਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਜਲੰਧਰ ਤੇ ਲੁਧਿਆਣਾ ਸਨਅਤ, ਵਪਾਰ ਅਤੇ ਬਰਾਮਦ ਦੇ ਵੱਡੇ ਕੇਂਦਰ ਹਨ। ਇਨ੍ਹਾਂ ਥਾਵਾਂ ਉਪਰ ਹਵਾਈ ਸੇਵਾ ਦੀ ਵੱਡੀ ਜ਼ਰੂਰਤ ਸੀ। ਜੇਕਰ ਇਥੇ ਕੌਮਾਂਤਰੀ ਹਵਾਈ ਅੱਡਾ ਬਣਾਉੁਣ ਨੂੰ ਵੀ ਧਿਆਨ ਵਿਚ ਰੱਖ ਕੇ ਚਲਿਆ ਜਾਵੇ ਤਾਂ ਇਹ ਹੋਰ ਵਧੇਰੇ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਆਰਥਿਕਤਾ ਦੀ ਸਰਗਰਮੀ ਹੋਰ ਵਧੇਗੀ।

Be the first to comment

Leave a Reply

Your email address will not be published.