ਖੇਤੀ ਕਾਨੂੰਨ: ਸੰਸਦ ਵਿਚ ਵੀ ਮੋਦੀ ਸਰਕਾਰ ਨੂੰ ਘੇਰਾ ਪਿਆ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂੰਹਾਂ ‘ਤੇ ਡਟੇ ਕਿਸਾਨਾਂ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਸਰਕਾਰ ਨੂੰ ਘੇਰਿਆ। ਹਾਲਾਂਕਿ ਰਾਜ ਸਭਾ ਵਿਚ ਵਿਰੋਧੀ ਧਿਰਾਂ ਨੇ ਜੰਮ ਕੇ ਮੋਦੀ ਸਰਕਾਰ ਨੂੰ ਰਗੜੇ ਲਾਏ ਤੇ ਖਰੀਆਂ ਖਰੀਆਂ ਸੁਣਾਈਆਂ। ਵਿਰੋਧੀ ਪਾਰਟੀਆਂ ਨੇ ਇਥੋਂ ਤੱਕ ਆਖ ਦਿੱਤਾ ਕਿ ਸਰਕਾਰ ਕਿਸੇ ਦੀ ਵੀ ਗੱਲ ਸੁਣਨ ਦਾ ਸਬਰ ਗੁਆ ਚੁੱਕੀ ਹੈ ਤੇ ਹਰੇਕ ਵਿਰੋਧੀ ਸੁਰ ਨੂੰ ਦੇਸ਼ ਵਿਰੋਧੀ ਪੁੱਠ ਚਾੜ੍ਹ ਕੇ ‘ਖਾਲਿਸਤਾਨੀ’, ‘ਨਕਸਲੀ’ ਤੇ ‘ਪਾਕਿਸਤਾਨੀ ਏਜੰਟਾਂ’ ਵਰਗੇ ਲਕਬ ਦਿੱਤੇ ਜਾ ਰਹੇ ਹਨ।

ਸੰਸਦ ਮੈਂਬਰਾਂ ਨੇ ਕਿਹਾ ਕਿ ਸਰਕਾਰਾਂ ਫਾਸਲੇ ਘਟਾਉਣ ਲਈ ਹੁੰਦੀਆਂ ਹਨ, ਪਰ ਮੋਦੀ ਸਰਕਾਰ ਸ਼ਾਇਦ ਕੰਧਾਂ ਉਸਾਰਨ ਭਾਵ ਵੰਡੀਆਂ ਪਾਉਣ ਵਿਚ ਯਕੀਨ ਰੱਖਦੀ ਹੈ। ਮੈਂਬਰਾਂ ਨੇ ਨੋਟਬੰਦੀ ਲਈ ਵੀ ਮੋਦੀ ਸਰਕਾਰ ਨੂੰ ਘੇਰਿਆ।
ਆਰ.ਜੇ.ਡੀ. ਆਗੂ ਨੇ ਅਡਾਨੀ ਗਰੁੱਪ ਜਿਹੇ ਪ੍ਰਾਈਵੇਟ ਕਾਰਪੋਰੇਟਾਂ ਵੱਲੋਂ ਉਸਾਰੀਆਂ ਕੋਲਡ ਸਟੋਰੇਜ ਚੇਨਾਂ ਤੇ ਗੁਦਾਮਾਂ ਦੇ ਹਵਾਲੇ ਨਾਲ ਕਿਹਾ, ‘ਤੁਹਾਡੀ ਰੀੜ੍ਹ ਦੀ ਹੱਡੀ ਕਿਸਾਨ ਹਨ। 303 ਸੀਟਾਂ (ਪਿਛਲੀਆਂ ਚੋਣਾਂ `ਚ) ਕੋਲਡ ਸਟੋਰਾਂ ਜਾਂ ਗੁਦਾਮਾਂ `ਚੋਂ ਨਹੀਂ ਆਈਆਂ ਬਲਕਿ ਇਨ੍ਹਾਂ ਲੋਕਾਂ ਨੇ ਦਿੱਤੀਆਂ ਹਨ। ਅਸੀਂ ਤੁਹਾਡੀ ਹਮਾਇਤ ਕਰਦੇ ਹਾਂ, ਪਰ ਤੁਹਾਡੇ ਖਿਲਾਫ ਉਠਣ ਵਾਲੀ ਹਰ ਆਵਾਜ਼ ਦੇਸ਼ ਵਿਰੋਧੀ ਨਹੀਂ ਹੈ। ਦੇਸ਼ ਭਗਤੀ ਬਾਹਾਂ ਚੜ੍ਹਾਉਣਾ ਨਹੀਂ ਬਲਕਿ ਦਿਲ ਵਿਚ ਹੁੰਦੀ ਹੈ।` ਸਰਕਾਰ ਵੱਲੋਂ ਕਿਸਾਨਾਂ ਨਾਲ ਹੁਣ ਤੱਕ 11 ਗੇੜਾਂ ਦੀ ਗੱਲਬਾਤ ਹੋਣ ਦੇ ਦਿੱਤੇ ਬਿਆਨ ਦੇ ਹਵਾਲੇ ਨਾਲ ਝਾਅ ਨੇ ਕਿਹਾ ਕਿ ਸਰਕਾਰ ਸੰਵਾਦ ਵਿਚ ਨਹੀਂ ਇਕਪਾਸੜ ਕਾਰਵਾਈ ਵਿਚ ਯਕੀਨ ਰੱਖਦੀ ਹੈ।`
ਪੰਜਾਬ ਦੇ ਤਿੰਨ ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਆੜੇ ਹੱਥੀਂ ਲਿਆ। ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਦਿਆਂ ਰਾਜ ਸਭਾ ‘ਚ ਮੰਗ ਕੀਤੀ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਲੋਕਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਨਵੇਂ ਕਾਨੂੰਨ ਲਿਆਂਦੇ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਬਹਿਸ ‘ਚ ਹਿੱਸਾ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਖੁਦ ਦਖਲ ਦੇ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ ਬਾਰੇ ਆਰਡੀਨੈਂਸ ਲਿਆਂਦੇ ਗਏ ਸੀ ਤਾਂ ਉਨ੍ਹਾਂ ਉਸ ਮੌਕੇ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਅਤੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲਿਆ ਕੇ ਸੰਘੀ ਪ੍ਰਬੰਧ ਨੂੰ ਕਮਜ਼ੋਰ ਕਰ ਰਹੀ ਹੈ। ਸਿੱਖਾਂ ਵਲੋਂ ਦੇਸ ਦੀ ਆਜ਼ਾਦੀ ਲਈ ਲੜੇ ਸੰਘਰਸ਼ ‘ਚ ਸਿੱਖਾਂ ਦੇ ਯੋਗਦਾਨ ‘ਤੇ ਰੌਸ਼ਨੀ ਪਾਉਂਦਿਆਂ ਢੀਂਡਸਾ ਨੇ ਕਿਹਾ ਕਿ ਹੁਣ ਸਿੱਖਾਂ ਨੂੰ ‘ਖਾਲਿਸਤਾਨੀ‘ ਤੇ ‘ਅਤਿਵਾਦੀ‘ ਦੱਸਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਖੇਤੀ ਕਾਨੂੰਨਾਂ ਕਰਕੇ ਹੀ ਕਿਸਾਨ ਸੜਕਾਂ ਉਤੇ ਬੈਠੇ ਹਨ, ਹੁਣ ਤੱਕ 190 ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ। ਕਾਨੂੰਨ ‘ਚ ਸਰਕਾਰ ਦਾ ਲੁਕਵਾਂ ਏਜੰਡਾ ਹੈ, ਐਮ.ਐਸ.ਪੀ. ਦੀ ਗਾਰੰਟੀ ਨਾ ਮਿਲਣ ਕਾਰਨ ਕਿਸਾਨ ਬਰਬਾਦ ਹੋ ਜਾਵੇਗਾ ਅਤੇ ਵੱਡੀਆਂ ਕੰਪਨੀਆਂ ਆਪਣੀਆਂ ਮਨਮਰਜ਼ੀਆਂ ਕਰਨਗੀਆਂ।
______________________________________
ਗੈਰ ਜਮਹੂਰੀ ਢੰਗ ਨਾਲ ਲਾਗੂ ਕੀਤੇ ਕਾਨੂੰਨ: ਬਾਜਵਾ
ਨਵੀਂ ਦਿੱਲੀ: ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲਾ ਕਰਦਿਆਂ ਗਾਜੀਪੁਰ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਵਾਲੀ ਥਾਂ ‘ਤੇ ਲਗਾਏ ਗਏ ਬੈਰੀਕੇਡਾਂ ਦੀ ਤੁਲਨਾ ਬਰਲਿਨ ਦੀ ਕੰਧ ਨਾਲ ਕੀਤੀ ਅਤੇ ਕਿਸਾਨਾਂ ਨੂੰ ਦੇਸ਼ ਵਿਰੋਧੀ ਤੇ ਖਾਲਿਸਤਾਨੀ ਕਹੇ ਜਾਣ ‘ਤੇ ਸਖਤ ਇਤਰਾਜ਼ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਮੌਜੂਦਾ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਉਹ ਇਕ ਨਵਾਂ ਇਤਿਹਾਸ ਸਿਰਜਣ। ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦੀ ਮਤੇ ‘ਤੇ ਹੋਈ ਬਹਿਸ ਦੌਰਾਨ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨੇ 26 ਜਨਵਰੀ ਨੂੰ ਹੋਈਆਂ ਘਟਨਾਵਾਂ, ਜੋ ਕਿ ਹਿੰਸਾ ਦਾ ਕਾਰਨ ਬਣੀਆਂ, ਦੀ ਨਿਰਪੱਖ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਇਕ ਕਮੇਟੀ ਬਣਾਉਣ ਦੀ ਮੰਗ ਕੀਤੀ। ਪੰਜਾਬੀ ਵਿਚ ਦਿੱਤੇ ਆਪਣੇ ਭਾਸ਼ਣ ਵਿਚ ਸ੍ਰੀ ਬਾਜਵਾ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ‘ਮੌਤ ਦੇ ਵਾਰੰਟ‘ ਕਰਾਰ ਦਿੱਤਾ। ਉਨ੍ਹਾਂ ਸਰਕਾਰ ‘ਤੇ ਇਹ ਤਿੰਨੋਂ ਕਾਨੂੰਨ ਗੈਰ ਜਮਹੂਰੀ ਢੰਗ ਨਾਲ ਲਾਗੂ ਕਰਨ ਅਤੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੇ ਦੋਸ਼ ਲਗਾਏ।
______________________________________
ਸੱਚ ਬੋਲਣ ਵਾਲੇ ‘ਤੇ ਗੱਦਾਰ ਤੇ ਦੇਸ਼ ਧ੍ਰੋਹੀ ਦਾ ਠੱਪਾ: ਰਾਊਤ
ਨਵੀਂ ਦਿੱਲੀ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੋ ਕੋਈ ਵੀ ਸੱਚ ਬੋਲਦਾ ਹੈ, ਉਸ ‘ਤੇ ਗੱਦਾਰ ਜਾਂ ਦੇਸ਼ ਧ੍ਰੋਹੀ ਦਾ ਠੱਪਾ ਲਗਾ ਦਿੱਤਾ ਜਾਂਦਾ ਹੈ ਅਤੇ ਉਸ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕਰ ਦਿੱਤਾ ਜਾਂਦਾ ਹੈ। ਉਹ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦ ਮਤੇ ‘ਤੇ ਹੋਈ ਬਹਿਸ ਦੌਰਾਨ ਬੋਲ ਰਹੇ ਸਨ। ਸ੍ਰੀ ਰਾਊਤ ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਨੂੰ ਦੇਸ਼ ਵਿਰੋਧੀ ਜਾਂ ਖਾਲਿਸਤਾਨੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਦੋਂ ਮੁਗਲਾਂ ਤੇ ਅੰਗਰੇਜ਼ਾਂ ਖਿਲਾਫ ਲੜਦੇ ਸਨ ਤਾਂ ਉਨ੍ਹਾਂ ਨੂੰ ‘ਯੋਧਿਆਂ‘ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਜਦੋਂ ਉਹ ਆਪਣੇ ਹੱਕਾਂ ਲਈ ਦਿੱਲੀ ਦੀਆਂ ਹੱਦਾਂ ‘ਤੇ ਲੜ ਰਹੇ ਹਨ ਤਾਂ ਉਨ੍ਹਾਂ ਨੂੰ ਦੇਸ਼ ਵਿਰੋਧੀ ਦੱਸਿਆ ਜਾ ਰਿਹਾ ਹੈ।