ਕੌਮਾਂਤਰੀ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ

ਨਵੀਂ ਦਿੱਲੀ: ਪੌਪ ਸਟਾਰ ਰਿਹਾਨਾ ਦੇ ਬਿਆਨ ਮਗਰੋਂ ਹੋਰ ਹਸਤੀਆਂ ਵੀ ਕਿਸਾਨਾਂ ਦੀ ਪਿੱਠ ‘ਤੇ ਆ ਗਈਆਂ ਹਨ। ਸਾਫ-ਸੁਥਰੇ ਵਾਤਾਵਰਨ ਲਈ ਆਵਾਜ਼ ਬੁਲੰਦ ਕਰਨ ਵਾਲੀ ਕਿਸ਼ੋਰ ਕਾਰਕੁਨ ਗ੍ਰੇਟਾ ਥੁਨਬਰਗ, ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਗਾਇਕਾ ਜੇਅ ਸੀਨ, ਡਾਕਟਰ ਜਿਊਸ, ਬਾਲਗ ਫਿਲਮਾਂ ਦੀ ਸਾਬਕਾ ਸਟਾਰ ਮੀਆ ਖਲੀਫਾ, ਹੌਲੀਵੁੱਡ ਸਟਾਰ ਜੌਹਨ ਕੁਸੈਕ ਸਮੇਤ ਹੋਰ ਕੌਮਾਂਤਰੀ ਹਸਤੀਆਂ ਨੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ।

ਹੁਣ ਟਵਿੱਟਰ ‘ਤੇ ‘ਹੈਸ਼ਟੈਗ ਫਾਰਮਰਜ ਪ੍ਰੋਟੈਸਟ ਇਨ ਇੰਡੀਆ‘ ਮਸ਼ਹੂਰ ਹੋ ਗਿਆ ਹੈ ਅਤੇ ਲੋਕ ਕਿਸਾਨਾਂ ਨਾਲ ਆਪਣੀ ਇਕਜੁੱਟਤਾ ਪ੍ਰਗਟਾਵਾ ਕਰ ਰਹੇ ਹਨ। ਉਧਰ, ਭਾਰਤੀ ਵਿਦੇਸ਼ ਮੰਤਰਾਲੇ ਨੇ ਕੌਮਾਂਤਰੀ ਹਸਤੀਆਂ ਅਤੇ ਹੋਰ ਲੋਕਾਂ ਨੂੰ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਬਾਰੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦਾ ਪਤਾ ਲਗਾ ਲੈਣ। ਥੁਨਬਰਗ ਨੇ ਟਵੀਟ ਕਰਕੇ ਕਿਹਾ,”ਅਸੀਂ ਭਾਰਤ ‘ਚ ਕਿਸਾਨ ਅੰਦੋਲਨ ਨਾਲ ਆਪਣੀ ਇਕਜੁੱਟਤਾ ਪ੍ਰਗਟਾਉਂਦਿਆਂ ਉਨ੍ਹਾਂ ਨਾਲ ਖੜ੍ਹੇ ਹਾਂ।“ ਉਸ ਨੇ ਸੀ.ਐਨ.ਐਨ. ਨਿਊਜ ਦੀ ਰਿਪੋਰਟ ਵੀ ਨੱਥੀ ਕੀਤੀ ਹੈ ਜਿਸ ਦੀ ਸੁਰਖੀ ਹੈ,’ਭਾਰਤ ਨੇ ਅੰਦੋਲਨਕਾਰੀ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਮਗਰੋਂ ਦਿਲੀ ਦੇ ਆਲੇ-ਦੁਆਲੇ ਇੰਟਰਨੈੱਟ ਬੰਦ ਕਰ ਦਿੱਤਾ ਹੈ।‘ ਅਮਰੀਕੀ ਵਕੀਲ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਕਿਹਾ,”ਇਹ ਇਤਫ਼ਾਕ ਨਹੀਂ ਹੈ ਕਿ ਦੁਨੀਆਂ ਦੀ ਸਭ ਤੋਂ ਪੁਰਾਣੀ ਜਮਹੂਰੀਅਤ ‘ਤੇ ਹਮਲੇ ਨੂੰ ਇਕ ਮਹੀਨਾ ਵੀ ਨਹੀਂ ਬੀਤਿਆ ਹੈ ਤਾਂ ਸਭ ਤੋਂ ਵਧੇਰੇ ਆਬਾਦੀ ਵਾਲੇ ਲੋਕਤੰਤਰ ‘ਚ ਲੋਕਾਂ ਨਾਲ ਜਿਆਦਤੀ ਹੋ ਰਹੀ ਹੈ।“ ਮੀਨਾ ਨੇ ਟਵੀਟ ਕਰਕੇ ਕਿਹਾ ਕਿ ਭਾਰਤ ‘ਚ ਅੰਦੋਲਨਕਾਰੀ ਕਿਸਾਨਾਂ ਖਿਲਾਫ ਨੀਮ ਫੌਜੀ ਬਲਾਂ ਦੀ ਹਿੰਸਾ ਅਤੇ ਇੰਟਰਨੈੱਟ ਬੰਦ ਕੀਤੇ ਜਾਣ ‘ਤੇ ਸਾਰਿਆਂ ਨੂੰ ਨਾਰਾਜ਼ਗੀ ਜਤਾਉਣੀ ਚਾਹੀਦੀ ਹੈ।
ਭਾਰਤ ਦੀ ਗ੍ਰੇਟਾ ਥੁਨਬਰਗ ਵਜੋਂ ਜਾਣੀ ਜਾਂਦੀ 9 ਸਾਲ ਦੀ ਵਾਤਾਵਰਨ ਕਾਰਕੁਨ ਲਿਸੀਪ੍ਰਿਯਾ ਕਨਗੁੰਜਮ ਨੇ ਥੁਨਬਰਗ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕਿਹਾ ਸੀ। ਉਸ ਨੇ ਟਵੀਟ ਕਰਕੇ ਕਿਹਾ ਸੀ ਕਿ ਕਿਸਾਨ ਪਹਿਲਾਂ ਹੀ ਵਾਤਾਵਰਨ ਸੰਕਟ ਨੂੰ ਲੈ ਕੇ ਲੜਾਈ ਲੜ ਰਹੇ ਹਨ ਅਤੇ ਲੱਖਾਂ ਭਾਰਤੀ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਕਿਹਾ ਸੀ ਕਿ ਆਪਣੇ ਹੱਕਾਂ ਲਈ ਚੱਲ ਰਿਹਾ ਕਿਸਾਨ ਅੰਦੋਲਨ ਦੁਨੀਆਂ ਦਾ ਸਭ ਤੋਂ ਵੱਡਾ ਇਤਿਹਾਸਕ ਅੰਦੋਲਨ ਹੈ। ਇਕ ਹੋਰ ਟਵੀਟ ‘ਚ ਉਸ ਨੇ ਕਿਹਾ,”ਪਿਆਰੇ ਦੋਸਤੋ, ਸਾਡੇ ਲੱਖਾਂ ਗਰੀਬ ਕਿਸਾਨ ਠੰਢ ਦੇ ਮੌਸਮ ‘ਚ ਸੜਕਾਂ ‘ਤੇ ਸੌਂ ਰਹੇ ਹਨ। ਉਹ ਤੁਹਾਡੇ ਤੋਂ ਜਿਆਦਾ ਦੀ ਆਸ ਨਹੀਂ ਰਖਦੇ, ਬੱਸ ਤੁਹਾਡੇ ਪਿਆਰ ਅਤੇ ਹਮਾਇਤ ਦਾ ਇਕ ਟਵੀਟ ਉਨ੍ਹਾਂ ਦੇ ਅੰਦੋਲਨ ਲਈ ਮਾਇਨੇ ਰਖਦਾ ਹੈ। ਸਾਡੀਆਂ ਭਾਰਤੀ ਹਸਤੀਆਂ ਤਾਂ ਆਪਣੀ ਅਹਿਮੀਅਤ ਗੁਆ ਚੁੱਕੀਆਂ ਹਨ।“ ਯੁਗਾਂਡਾ ਦੀ ਵਾਤਾਵਰਨ ਕਾਰਕੁਨ ਵੈਨੇਸਾ ਨਕਾਤੇ ਨੇ ਵੀ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਰੈਪਰ ਡਾਕਟਰ ਜਿਊਸ ਉਰਫ ਬਲਜੀਤ ਸਿੰਘ ਪਦਮ ਨੇ ਰਿਹਾਨਾ ਦੇ ਟਵੀਟ ‘ਤੇ ਲਿਖਿਆ ਕਿ ਕਿਸਾਨ ਅੰਦੋਲਨ ਦੀ ਚਰਚਾ ਨਾ ਹੋਣ ਤੋਂ ਦੁਨੀਆਂ ਹੈਰਾਨ ਹੈ। ਯੂਟਿਊਬ ਸਟਾਰ ਲਿੱਲੀ ਸਿੰਘ ਨੇ ਅੰਦੋਲਨ ਨੂੰ ਕੌਮਾਂਤਰੀ ਪੱਧਰ ‘ਤੇ ਚਰਚਾ ‘ਚ ਲਿਆਉਣ ਲਈ ਰਿਹਾਨਾ ਦਾ ਧੰਨਵਾਦ ਕੀਤਾ ਹੈ। ਅਮਰੀਕਾ ਆਧਾਰਿਤ ਫਿਲਮਸਾਜ਼ ਅਤੇ ‘ਲੰਚਬਾਕਸ‘ ਤੇ ‘ਫੋਟੋਗ੍ਰਾਫ ਜਿਹੀਆਂ ਫਿਲਮਾਂ ਬਣਾਉਣ ਵਾਲੇ ਰਿਤੇਸ਼ ਬੱਤਰਾ ਨੇ ਕਿਹਾ ਕਿ ਹੁਣ ਪੂਰੀ ਦੁਨੀਆਂ ਭਾਰਤ ‘ਚ ਹੋ ਰਹੇ ਕਿਸਾਨ ਅੰਦੋਲਨ ਨੂੰ ਗਹੁ ਨਾਲ ਦੇਖ ਰਹੀ ਹੈ।
___________________________________
ਹੌਲੀਵੁੱਡ ਅਦਾਕਾਰਾ ਸੂਜ਼ਨ ਵੱਲੋਂ ਮੁੜ ਕਿਸਾਨਾਂ ਦੀ ਹਮਾਇਤ
ਮੁੰਬਈ: ਹੌਲੀਵੁੱਡ ਦੀ ਉਘੀ ਅਦਾਕਾਰਾ ਸੂਜ਼ਨ ਸਰੈਂਡਨ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਮੁੜ ਆਵਾਜ਼ ਬੁਲੰਦ ਕੀਤੀ ਹੈ। ਸਰੈਂਡਨ ਨੇ ਕਿਹਾ ਕਿ ’ਸਭ ਤੋਂ ਕਮਜ਼ੋਰਾਂ’ ਦੀ ਆਵਾਜ਼ ਨੂੰ ਖਾਮੋਸ਼ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਭਾਰਤੀ ਆਗੂ ਇਹ ਵੀ ਚੇਤਾ ਰੱਖਣ ਕਿ ਕੁੱਲ ਆਲਮ ਉਨ੍ਹਾਂ ਨੂੰ ਦੇਖ ਰਿਹਾ ਹੈ। ਸਰੈਂਡਨ ਨੇ ਟਵੀਟ ‘ਚ ਅਲ ਜਜ਼ੀਰਾ ਦੀ ਨਿਊਜ਼ ਰਿਪੋਰਟ ਨੂੰ ਸਾਂਝਿਆਂ ਕਰਦਿਆਂ ਲਿਖਿਆ, ‘ਬੋਲਣ ਦੀ ਆਜ਼ਾਦੀ ਖਤਰੇ ‘ਚ, ਭਾਰਤ ਕਿਸਾਨ ਅੰਦੋਲਨਾਂ ‘ਤੇ ਸ਼ਿਕੰਜਾ ਕੱਸਣ ਲੱਗਾ। ਕਾਰਪੋਰੇਟਾਂ ਦਾ ਲਾਲਚ ਤੇ ਸ਼ੋਸ਼ਣ ਸਿਰਫ ਅਮਰੀਕਾ ਤੱਕ ਸੀਮਤ ਨਹੀਂ, ਬਲਕਿ ਇਸ ਦੇ ਕਲਾਵੇ ‘ਚ ਪੂਰਾ ਵਿਸ਼ਵ ਹੈ। ਮੀਡੀਆ ਤੇ ਸਿਆਸਤਦਾਨ ਸਭ ਤੋਂ ਕਮਜ਼ੋਰਾਂ/ਦੱਬੇ ਕੁਚਲਿਆਂ ਨੂੰ ਖਾਮੋਸ਼ ਕਰਨ ਦਾ ਕੰਮ ਕਰ ਰਹੇ ਹਨ, ਅਸੀਂ ਭਾਰਤ ਦੇ ਆਗੂਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੂਰਾ ਵਿਸ਼ਵ ਤੁਹਾਨੂੰ ਵੇਖ ਰਿਹਾ ਹੈ। ਅਸੀਂ ਕਿਸਾਨਾਂ ਤੇ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਾਂ।’