‘ਚੱਕਾ ਜਾਮ` ਨੇ ਸਰਕਾਰ ਦੀਆਂ ਅੱਖਾਂ ਖੋਲ੍ਹੀਆਂ, ਪੂਰੇ ਮੁਲਕ `ਚ ਮਿਲਿਆ ਹੁੰਗਾਰਾ

ਨਵੀਂ ਦਿੱਲੀ: ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਹੋਰ ਹੱਕੀ ਮੰਗਾਂ ਮਨਵਾਉਣ ਲਈ ਕਿਸਾਨਾਂ ਵੱਲੋਂ ਤਿੰਨ ਘੰਟਿਆਂ ਲਈ ਦੇਸ਼ ਭਰ ‘ਚ ‘ਚੱਕਾ ਜਾਮ‘ ਦੇ ਦਿੱਤੇ ਗਏ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਕੇਰਲਾ, ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਅਸਾਮ, ਤਿਲੰਗਾਨਾ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ, ਅਤੇ ਹੋਰ ਰਾਜਾਂ ਵਿਚ ਕਿਸਾਨਾਂ ਨੇ ਕੌਮੀ ਅਤੇ ਰਾਜਮਾਰਗਾਂ ਉਪਰ ਸ਼ਾਂਤਮਈ ਧਰਨੇ ਦੇ ਕੇ ਕੇਂਦਰ ‘ਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਦਬਾਅ ਬਣਾਇਆ।

ਦਿੱਲੀ ਸਮੇਤ ਕਈ ਸੂਬਿਆਂ ‘ਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਵੀ ਲਿਆ ਗਿਆ। ਚੱਕਾ ਜਾਮ ਦੀ ਸਮਾਪਤੀ ‘ਤੇ ਇਕ ਮਿੰਟ ਲਈ ਵਾਹਨਾਂ ਦੇ ਹਾਰਨ ਵਜਾ ਕੇ ‘ਕਿਸਾਨ ਏਕਤਾ‘ ਦਾ ਮੁਜ਼ਾਹਰਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਗੱਲਬਾਤ ਲਈ ਮਾਹੌਲ ਸਾਜ਼ਗਾਰ ਬਣਾਉਣ ਵਾਸਤੇ ਸਰਕਾਰ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਅੰਦੋਲਨਕਾਰੀਆਂ ਨੂੰ ਰਿਹਾਅ ਕਰੇ, ਮੋਰਚਿਆਂ ਕੋਲ ਬੰਦ ਕੀਤੀਆਂ ਇੰਟਰਨੈੱਟ ਸਹੂਲਤਾਂ ਬਹਾਲ ਕੀਤੀਆਂ ਜਾਣ, ਉਸਾਰੇ ਗਏ ਬੈਰੀਕੇਡਾਂ ਨੂੰ ਹਟਾਇਆ ਜਾਵੇ ਅਤੇ ਕਿਸਾਨ ਆਗੂਆਂ, ਹਮਦਰਦਾਂ ਤੇ ਪੱਤਰਕਾਰਾਂ ਖਿਲਾਫ ਦਰਜ ਕੀਤੇ ਗਏ ਮਾਮਲੇ ਰੱਦ ਕੀਤੇ ਜਾਣ। ਦਿੱਲੀ, ਉਤਰ ਪ੍ਰਦੇਸ਼ ਅਤੇ ਉਤਰਾਖੰਡ ‘ਚ ਚੱਕਾ ਜਾਮ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਇਨ੍ਹਾਂ ਸੂਬਿਆਂ ਨੂੰ ਜਾਂਦੇ ਮੁੱਖ ਮਾਰਗਾਂ ‘ਤੇ ਰਾਹ ਰੋਕੇ ਗਏ। ਦਿੱਲੀ ਦੇ ਆਈ.ਟੀ.ਓ. ਨੇੜੇ ਕਿਸਾਨਾਂ ਦੇ ਪੱਖ ‘ਚ ਖੱਬੀਆਂ ਧਿਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀ ਜਿਵੇਂ ਹੀ ਅੱਗੇ ਵਧਣ ਲੱਗੇ ਤਾਂ ਦਿੱਲੀ ਪੁਲਿਸ ਨੇ ਸ਼ਹੀਦੀ ਪਾਰਕ ਨੇੜੇ ਕਰੀਬ 50 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ। ਦਿੱਲੀ ਪੁਲਿਸ ਨੇ ਕੌਮੀ ਰਾਜਧਾਨੀ ਵਿਚ ਸੁਰੱਖਿਆ ਦੇ ਬੰਦੋਬਸਤ ਕਰਦਿਆਂ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਸਨ। ਦਿੱਲੀ-ਐਨ.ਸੀ.ਆਰ. ਵਿਚ 50 ਹਜ਼ਾਰ ਤੋਂ ਵੱਧ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਨਾਜ਼ੁਕ ਕਰਾਰ ਦਿੱਤੀਆਂ ਗਈ ਥਾਵਾਂ ਉਪਰ ਤਾਇਨਾਤ ਕੀਤਾ ਗਿਆ ਸੀ। ਇਹਤਿਆਤ ਵਜੋਂ 10 ਮੈਟਰੋ ਸਟੇਸ਼ਨਾਂ ਨੂੰ ਵੀ ਬੰਦ ਰੱਖਿਆ ਗਿਆ। ਗਣਤੰਤਰ ਦਿਵਸ ਮੌਕੇ ਵਾਪਰੀਆਂ ਘਟਨਾਵਾਂ ਮਗਰੋਂ ਦਿੱਲੀ ਪੁਲਿਸ ਨੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਸਨ। ਦਿੱਲੀ ਪੁਲਿਸ ਨੇ ਡਰੋਨਾਂ ਰਾਹੀਂ ਚੱਪੇ-ਚੱਪੇ ‘ਤੇ ਨਜ਼ਰ ਰੱਖੀ ਹੋਈ ਸੀ।
_____________________________
ਗਾਇਕਾਂ ਵੱਲੋਂ ਅੰਦੋਲਨ ‘ਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼
ਨਵੀਂ ਦਿੱਲੀ: ਪੰਜਾਬ ਦੇ ਕਈ ਗਾਇਕਾਂ ਵੱਲੋਂ ਦਿੱਲੀ ਦੀਆਂ ਬਰੂੰਹਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਦੇ ਅੰਦੋਲਨ ਵਿਚ ਨਵੀਂ ਰੂਹ ਫੂਕਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ਉਪਰ ਇਹ ਗਾਇਕ ਆਪਣੀ ਹਾਜ਼ਰੀ ਲਾਉਂਦੇ ਰਹਿੰਦੇ ਹਨ। ਖਾਸ ਕਰਕੇ ਕੰਵਰ ਗਰੇਵਾਲ ਤਾਂ ਸਾਰੇ ਮੰਚਾਂ ਉਪਰ ਕਿਸਾਨਾਂ ਵਿਚ ਨਵੀਂ ਊਰਜਾ ਭਰਨ ਵਿਚ ਲਗਾਤਾਰ ਜੁਟੇ ਹੋਏ ਹਨ। ਰਵਿੰਦਰ ਗਰੇਵਾਲ ਅਤੇ ਬੱਬੂ ਮਾਨ ਸਮੇਤ ਹੋਰ ਗਾਇਕਾਂ ਵੱਲੋਂ ਵੀ ਸਮੇਂ-ਸਮੇਂ ‘ਤੇ ਕਿਸਾਨੀ ਅੰਦੋਲਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।
ਸਿੰਘੂ ਬਾਰਡਰ ‘ਤੇ ਭਾਰੀ ਇਕੱਠ ਦੌਰਾਨ ਕੰਵਰ ਗਰੇਵਾਲ ਵੱਲੋਂ ਜੁਝਾਰੂ ਸੁਭਾਅ ਪ੍ਰਗਟਾਉਂਦਿਆਂ ਰਚਨਾਵਾਂ ਸੁਣਾਈਆਂ ਗਈਆਂ। ਹਰਫ ਚੀਮਾ ਨੇ ਵੀ ਗੀਤ ਸੁਣਾ ਕੇ ਕਿਸਾਨੀ ਘੋਲ ਦਾ ਸਮਰਥਨ ਕੀਤਾ। ਸਿੱਪੀ ਗਰੇਵਾਲ ਨੇ ਵੀ ਕਿਸਾਨਾਂ ਦਾ ਮਨੋਰੰਜਨ ਕੀਤਾ ਅਤੇ ਕਿਸਾਨ ਸੰੰਘਰਸ਼ ਦਾ ਸਾਥ ਦਿੱਤਾ। ਢਾਡੀਆਂ ਵੱਲੋਂ ਵੀ ਇਤਿਹਾਸਕ ਪ੍ਰਸੰਗ ਸੁਣਾ ਕੇ ਕਿਸਾਨਾਂ ਨੂੰ ਸਿੱਖ ਵਿਰਸੇ ਦੇ ਵੱਖ-ਵੱਖ ਪੱਖਾਂ ਤੋਂ ਜਾਣੂ ਕਰਵਾਇਆ ਗਿਆ। ਹਿੰਦੀ ਅਤੇ ਪੰਜਾਬੀ ਦੇ ਕਵੀਆਂ ਵੱਲੋਂ ਵੀ ਰਚਨਾਵਾਂ ਸੁਣਾਈਆਂ ਗਈਆਂ। ਗਾਇਕਾਂ ਨੇ ਨੌਜਵਾਨਾਂ ਅੱਗੇ ਕਿਸਾਨਾਂ ਦੇ ਧੀਰਜ ਅਤੇ ਠਰ੍ਹੰਮੇ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ।