ਕਿਸਾਨ ਅੰਦੋਲਨ: ਸਿਆਸੀ ਧਿਰਾਂ ਲਈ ਚੁਣੌਤੀ ਬਣੀਆਂ ਕੌਂਸਲ ਚੋਣਾਂ

ਚੰਡੀਗੜ੍ਹ: ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਮੈਦਾਨ ਭਖਿਆ ਹੋਇਆ ਹੈ। ਪੰਜਾਬ ਦੇ ਚਾਲੀ ਲੱਖ ਤੋਂ ਵੱਧ ਵੋਟਰ 14 ਫਰਵਰੀ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਸਿਆਸੀ ਧਿਰਾਂ ਨੂੰ ਆਪਣੀ ਤਾਕਤ ਵਿਖਾਉਣਗੇ। ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਆਪੋ-ਆਪਣੇ ਚੋਣ ਨਿਸ਼ਾਨ ਉਤੇ ਇਹ ਚੋਣਾਂ ਲੜ ਰਹੀਆਂ ਹਨ। ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਸਮੇਂ ਕੁਝ ਸ਼ਹਿਰਾਂ ਵਿਚ ਟਕਰਾਅ ਵੀ ਹੋਇਆ।

ਜਲਾਲਾਬਾਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੇ ਸ਼ੀਸ਼ੇ ਟੁੱਟੇ ਅਤੇ ਸਥਾਨਕ ਕਾਂਗਰਸ ਵਿਧਾਇਕ ਤੇ ਉਸ ਦੇ ਭਤੀਜੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕਿਸਾਨ ਅੰਦੋਲਨ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਭਾਈਚਾਰੇ ਨੂੰ ਮਜ਼ਬੂਤ ਕਰ ਕੇ ਪਾਰਟੀਆਂ ਦੇ ਝੰਡਿਆਂ ਦੀ ਬਜਾਏ ਕਿਸਾਨੀ ਝੰਡਿਆਂ ਹੇਠ ਇਕੱਠੇ ਕਰ ਦਿੱਤਾ ਸੀ। ਪੰਜਾਬ ਦੀਆਂ ਸਿਆਸੀ ਧਿਰਾਂ ਉਸ ਨੂੰ ਵੱਡੀ ਚੁਣੌਤੀ ਮੰਨ ਰਹੀਆਂ ਹਨ। ਸਭ ਤੋਂ ਵੱਡੀ ਚੁਣੌਤੀ ਭਾਜਪਾ ਲਈ ਬਣੀ ਹੋਈ ਹੈ। ਇਹ ਪਹਿਲਾ ਮੌਕਾ ਹੈ ਕਿ ਭਾਜਪਾ ਨੂੰ ਆਪਣੇ ਚੋਣ ਨਿਸ਼ਾਨ ਉਤੇ ਇਕੱਲਿਆਂ ਮੈਦਾਨ ਵਿਚ ਉਤਰਨਾ ਪਿਆ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਅਮਲੀ ਤੌਰ ਉਤੇ ਟੁੱਟ ਚੁੱਕਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਭਾਜਪਾ ਨੇਤਾਵਾਂ ਨੂੰ ਵੱਡੇ-ਵੱਡੇ ਸ਼ਹਿਰਾਂ ਵਿਚ ਦੌਰਾ ਕਰਨ ਸਮੇਂ ਸ਼ਹਿਰੀ ਜਨਤਾ ਵਲੋਂ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਹੈ, ਹਾਲਾਂਕਿ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਤੇ ਦੂਜੇ ਵੱਡੇ ਨੇਤਾ ਮਨੋਰੰਜਨ ਕਾਲੀਆ ਦਾ ਦਾਅਵਾ ਹੈ ਕਿ ਅਕਾਲੀ ਤੇ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਨੂੰ ਲੈ ਕੇ ਭਾਜਪਾ ਉਮੀਦਵਾਰਾਂ ਉਤੇ ਕੋਈ ਫਰਕ ਨਹੀਂ ਪਏਗਾ।
ਇਸ ਵਾਰ ਚੋਣ ਮੈਦਾਨ ‘ਚ ਕੁੱਦੇ ਉਮੀਦਵਾਰਾਂ ‘ਚੋਂ ਬਹੁਗਿਣਤੀ ਆਜ਼ਾਦ ਉਮੀਦਵਾਰਾਂ ਦੀ ਹੈ, ਜਦਕਿ ਪ੍ਰਮੁੱਖ ਰਵਾਇਤੀ ਪਾਰਟੀਆਂ ਇਸ ਮਾਮਲੇ ‘ਚ ਕਾਫੀ ਪਿੱਛੇ ਹਨ। ਜਾਣਕਾਰੀ ਅਨੁਸਾਰ ਨਾਮਜ਼ਦਗੀ ਕਾਗਜਾਂ ਦੀ ਵਾਪਸੀ ਤੋਂ ਬਾਅਦ ਇਨ੍ਹਾਂ ਚੋਣਾਂ ਲਈ ਕੁੱਲ 9222 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ, ਜਿਨ੍ਹਾਂ ਵਿਚੋਂ ਸਭ ਤੋਂ ਜਿਆਦਾ ਗਿਣਤੀ ਆਜ਼ਾਦ ਉਮੀਦਵਾਰਾਂ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਲਈ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੇ 2832 ਉਮੀਦਵਾਰਾਂ ‘ਚੋਂ ਬਹੁਗਿਣਤੀ ਉਮੀਦਵਾਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ ਪਰ ਕਿਸਾਨੀ ਅੰਦੋਲਨ ਕਾਰਨ ਸਿਆਸੀ ਪਾਰਟੀਆਂ ਦੀ ਵਿਰੋਧਤਾ ਨੂੰ ਦੇਖਦੇ ਹੋਏ ਉਨ੍ਹਾਂ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨੂੰ ਤਰਜੀਹ ਦਿੱਤੀ ਗਈ ਹੈ। ਦੱਸਣਯੋਗ ਹੈ ਕਿ 2832 ਆਜ਼ਾਦ ਉਮੀਦਵਾਰਾਂ ਦੇ ਮੁਕਾਬਲੇ ਸੱਤਾਧਾਰੀ ਕਾਂਗਰਸ ਵਲੋਂ ਜਿਥੇ 2037 ਉਮੀਦਵਾਰ ਚੋਣ ਮੈਦਾਨ ‘ਚ ਹਨ, ਉਥੇ ਸ਼੍ਰੋਮਣੀ ਅਕਾਲੀ ਦਲ ਦੇ 1569 ਤੇ ਆਮ ਆਦਮੀ ਪਾਰਟੀ ਦੇ 1606 ਉਮੀਦਵਾਰ ਚੋਣ ਲੜ ਰਹੇ ਹਨ। ਪ੍ਰਮੁੱਖ ਸਿਆਸੀ ਪਾਰਟੀਆਂ ‘ਚੋਂ ਸਭ ਤੋਂ ਪਿੱਛੇ ਭਾਰਤੀ ਜਨਤਾ ਪਾਰਟੀ ਹੈ, ਜਿਸ ਦੇ 1003 ਉਮੀਦਵਾਰ ਚੋਣ ਮੈਦਾਨ ‘ਚ ਹਨ। ਹਾਲਾਂਕਿ ਬਹੁਜਨ ਸਮਾਜ ਪਾਰਟੀ ਦੇ ਵੀ 160 ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ 4 ਉਮੀਦਵਾਰ ਚੋਣ ਮੈਦਾਨ ‘ਚ ਹਨ। ਤਕਰੀਬਨ ਹਰੇਕ ਜਿਲ੍ਹੇ ‘ਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਵਧੇਰੇ ਹੋਣ ਕਾਰਨ ਇਹ ਚੋਣਾਂ ਕਾਫੀ ਦਿਲਚਸਪ ਹੋਣ ਦੀ ਸੰਭਾਵਨਾ ਹੈ। ਇਥੇ ਇਹ ਵੀ ਚਰਚਾ ਹੈ ਕਿ ਆਜ਼ਾਦ ਉਮੀਦਵਾਰਾਂ ਵਿਚ ਜ਼ਿਆਦਾਤਰ ਉਮੀਦਵਾਰਾਂ ਦਾ ਪਿਛੋਕੜ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਪਰ ਕਿਸਾਨੀ ਅੰਦੋਲਨ ਕਾਰਨ ਚੋਣਾਂ ‘ਚ ਸੰਭਾਵੀ ਵਿਰੋਧ ਨੂੰ ਦੇਖਦੇ ਹੋਏ ਉਮੀਦਵਾਰਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕਿਸਾਨਾਂ ਦਾ ਜਿਆਦਾ ਗੁੱਸਾ ਭਾਰਤੀ ਜਨਤਾ ਪਾਰਟੀ ਖਿਲਾਫ ਹੈ ਤੇ ਉਨ੍ਹਾਂ ਵੱਲੋਂ ਭਾਜਪਾ ਆਗੂਆਂ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਧੁੜਕੂ ਪੂਰੀ ਤਰ੍ਹਾਂ ਨਾਲ ਸਤਾ ਰਿਹਾ ਹੈ ਤੇ ਉਨ੍ਹਾਂ ਵਲੋਂ ਵੀ ਫੂਕ-ਫੂਕ ਕੇ ਕਦਮ ਰੱਖੇ ਜਾ ਰਹੇ ਹਨ। ਉਧਰ ਅੰਮ੍ਰਿਤਸਰ ਜਿਲ੍ਹੇ ‘ਚ ਜਿਥੇ ਸੱਤਾਧਾਰੀ ਕਾਂਗਰਸ ਦੇ 68 ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ 66-66 ਉਮੀਦਵਾਰ ਚੋਣ ਮੈਦਾਨ ‘ਚ ਹਨ, ਉਥੇ ਭਾਜਪਾ ਦੇ ਕੇਵਲ 22 ਉਮੀਦਵਾਰ ਚੋਣ ਲੜ ਰਹੇ ਹਨ, ਜਦਕਿ ਆਜ਼ਾਦ ਉਮੀਦਵਾਰਾਂ ਦੀ ਗਿਣਤੀ 72 ਹੈ। ਇਸੇ ਤਰ੍ਹਾਂ ਬਰਨਾਲਾ ‘ਚ ਕਾਂਗਰਸ ਦੇ 55, ਅਕਾਲੀ ਦਲ ਦੇ 37, ਭਾਜਪਾ ਦੇ 16, ਆਪ ਦੇ 25 ਅਤੇ 146 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ। ਬਠਿੰਡਾ ‘ਚ ਕਾਂਗਰਸ ਦੇ 185, ਅਕਾਲੀ ਦਲ ਦੇ 146, ਆਪ ਦੇ 151 ਤੇ ਭਾਜਪਾ ਦੇ 50 ਅਤੇ 220 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਫਰੀਦਕੋਟ ‘ਚ ਕਾਂਗਰਸ ਦੇ 70, ਅਕਾਲੀ ਦਲ ਦੇ 54, ਆਪ ਦੇ 61, ਭਾਜਪਾ ਦੇ 37 ਅਤੇ 144 ਆਜ਼ਾਦ ਉਮੀਦਵਾਰ ਹਨ। ਫਿਰੋਜ਼ਪੁਰ ‘ਚ ਕਾਂਗਰਸ ਦੇ 142, ਅਕਾਲੀ ਦਲ ਦੇ 108, ਆਪ ਦੇ 66, ਭਾਜਪਾ ਦੇ 25 ਅਤੇ 65 ਆਜ਼ਾਦ ਉਮੀਦਵਾਰ ਹਨ। ਫਾਜ਼ਿਲਕਾ ‘ਚ ਕਾਂਗਰਸ ਦੇ 103, ਅਕਾਲੀ ਦਲ ਦੇ 100, ਆਪ ਦੇ 89 ਤੇ ਭਾਜਪਾ ਦੇ 83 ਜਦਕਿ 80 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਫਤਿਹਗੜ੍ਹ ਸਾਹਿਬ ‘ਚ ਕਾਂਗਰਸ ਦੇ 76, ਅਕਾਲੀ ਦਲ ਦੇ 60, ਆਪ ਦੇ 59, ਭਾਜਪਾ ਦੇ 31 ਅਤੇ 110 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਹਨ। ਗੁਰਦਾਸਪੁਰ ਤੋਂ ਕਾਂਗਰਸ ਦੇ 144, ਅਕਾਲੀ ਦਲ ਦੇ 120, ਆਪ ਦੇ 101 ਅਤੇ ਭਾਜਪਾ ਦੇ 82, ਜਦਕਿ 150 ਆਜ਼ਾਦ ਉਮੀਦਵਾਰ ਹਨ। ਹੁਸ਼ਿਆਰਪੁਰ ‘ਚ ਕਾਂਗਰਸ ਦੇ 139, ਅਕਾਲੀ ਦਲ ਦੇ 101, ਆਪ ਦੇ 106 , ਭਾਜਪਾ ਦੇ 93 ਅਤੇ 144 ਆਜ਼ਾਦ ਉਮੀਦਵਾਰ ਹਨ। ਜਲੰਧਰ ‘ਚ ਕਾਂਗਰਸ ਦੇ 65, ਅਕਾਲੀ ਦਲ ਦੇ 25, ਆਪ ਦੇ 72 ਤੇ ਭਾਜਪਾ ਦੇ ਕੇਵਲ 17 ਜਦਕਿ 220 ਆਜ਼ਾਦ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਕਪੂਰਥਲਾ ‘ਚ ਕਾਂਗਰਸ ਦੇ 62, ਅਕਾਲੀ ਦਲ ਦੇ 59, ਆਪ ਦੇ 53 ਤੇ ਭਾਜਪਾ ਦੇ 36, ਜਦਕਿ 22 ਆਜ਼ਾਦ ਉਮੀਦਵਾਰ ਹਨ। ਲੁਧਿਆਣਾ ‘ਚ ਕਾਂਗਰਸ ਦੇ 114, ਅਕਾਲੀ ਦਲ ਦੇ 86, ਆਪ ਦੇ 109 ਤੇ ਭਾਜਪਾ ਦੇ 45, ਜਦਕਿ 123 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਮੋਗਾ ‘ਚ ਕਾਂਗਰਸ ਦੇ 88, ਅਕਾਲੀ ਦਲ ਦੇ 77, ਆਪ ਦੇ 84 ਤੇ ਭਾਜਪਾ ਦੇ 28, ਜਦਕਿ 114 ਆਜ਼ਾਦ ਉਮੀਦਵਾਰ ਹਨ। ਮਾਨਸਾ ‘ਚ ਕਾਂਗਰਸ ਦੇ 54, ਅਕਾਲੀ ਦਲ ਦੇ 26, ਆਪ ਦੇ 32 ਤੇ ਭਾਜਪਾ ਦੇ 14, ਜਦਕਿ 177 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ‘ਚ ਕਾਂਗਰਸ ਦੇ 72, ਅਕਾਲੀ ਦਲ ਦੇ 66, ਆਪ ਦੇ 69 ਤੇ ਭਾਜਪਾ ਦੇ 48 ਤੇ 114 ਆਜ਼ਾਦ ਉਮੀਦਵਾਰ ਹਨ। ਪਟਿਆਲਾ ਤੋਂ ਕਾਂਗਰਸ ਦੇ 92, ਅਕਾਲੀ ਦਲ ਦੇ 66, ਆਪ ਦੇ 88 ਤੇ ਭਾਜਪਾ ਦੇ 64, ਜਦਕਿ 125 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਪਠਾਨਕੋਟ ‘ਚ ਕਾਂਗਰਸ ਦੇ 65, ਅਕਾਲੀ ਦਲ ਦੇ 29, ਆਪ ਦੇ 56 ਤੇ ਭਾਜਪਾ ਦੇ 65, ਜਦਕਿ ਆਜ਼ਾਦ 42 ਉਮੀਦਵਾਰ ਹਨ। ਰੂਪਨਗਰ ‘ਚ ਕਾਂਗਰਸ ਦੇ 67, ਅਕਾਲੀ ਦਲ ਦੇ 52, ਆਪ ਦੇ 70 ਤੇ ਭਾਜਪਾ ਦੇ 33, ਜਦਕਿ 160 ਆਜ਼ਾਦ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਸ਼ਹੀਦ ਭਗਤ ਸਿੰਘ ਨਗਰ ‘ਚ ਕਾਂਗਰਸ ਦੇ 34, ਅਕਾਲੀ ਦਲ ਦੇ 21, ਭਾਜਪਾ ਤੇ ਆਪ ਦੇ 27-27 ਜਦਕਿ 72 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਐਸ.ਏ.ਐਸ. ਨਗਰ ‘ਚ ਕਾਂਗਰਸ ਦੇ 195, ਅਕਾਲੀ ਦਲ ਦੇ 170, ਭਾਜਪਾ ਦੇ 137 ਤੇ ਆਪ ਦੇ 113 ਜਦਕਿ 276 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਹਨ। ਸੰਗਰੂਰ ‘ਚ ਕਾਂਗਰਸ ਦੇ 134, ਅਕਾਲੀ ਦਲ ਦੇ 87, ਆਪ ਦੇ 96 ਤੇ ਭਾਜਪਾ ਦੇ 50 ਜਦਕਿ 255 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਤਰਨ ਤਾਰਨ ‘ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ 13-13 ਉਮੀਦਵਾਰ ਚੋਣ ਮੈਦਾਨ ‘ਚ ਹਨ, ਜਦਕਿ ਇਥੇ ਭਾਜਪਾ ਦਾ ਇਕ ਵੀ ਉਮੀਦਵਾਰ ਚੋਣ ਨਹੀਂ ਲੜ ਰਿਹਾ ਤੇ ਆਜ਼ਾਦ ਉਮੀਦਵਾਰ ਵੀ ਸਿਰਫ ਇਕ ਹੀ ਹੈ।