ਹਰ ਸ਼ਾਖ ਪੇ ਉਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ?

-ਜਤਿੰਦਰ ਪਨੂੰ
ਇੱਕ ਹਫਤੇ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਉਤਰਾ ਖੰਡ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਸਾਰੇ ਲੋਕਾਂ ਨੂੰ ਕੱਢਿਆ ਨਹੀਂ ਜਾ ਸਕਿਆ। ਮਰਨ ਵਾਲਿਆਂ ਦੀ ਅਸਲ ਗਿਣਤੀ ਵੀ ਨਾ ਰਾਜ ਸਰਕਾਰ ਜਾਣਦੀ ਹੈ, ਨਾ ਕੇਂਦਰ ਦੇ ਹਾਕਮਾਂ ਨੂੰ ਪਤਾ ਹੈ ਤੇ ਨਾ ਰਾਹਤ ਦਾ ਕੰਮ ਕਰਨ ਵਾਲੀ ਕਿਸੇ ਏਜੰਸੀ ਕੋਲ ਇਸ ਦੀ ਕੋਈ ਪੱਕੀ ਰਿਪੋਰਟ ਹੈ। ਸਾਰੇ ਆਪੋ-ਆਪਣੇ ਘੋੜੇ ਭਜਾਈ ਜਾਂਦੇ ਹਨ। ਖੱਬੇ ਹੱਥ ਨੂੰ ਸੱਜੇ ਦਾ ਪਤਾ ਨਹੀਂ ਲੱਗਦਾ। ਕਈ ਥਾਂ ਇਹ ਹਾਲਤ ਵੀ ਹੈ ਕਿ ਇੱਕ ਹੱਥ ਦੂਸਰੇ ਦੇ ਉਲਟ ਚੱਲ ਰਿਹਾ ਨਜ਼ਰ ਆਉਂਦਾ ਹੈ। ਪਹਿਲੀ ਮੰਦਾਕਿਨੀ ਨਦੀ ਦਾ ਪਾਣੀ ਘਟ ਗਿਆ, ਪਰ ਜਿੰਨੀ ਗਾਰ ਉਹ ਸੁੱਟ ਗਿਆ, ਉਹ ਅਜੇ ਤੱਕ ਚੁੱਕੀ ਨਹੀਂ ਜਾ ਸਕੀ ਤੇ ਦੂਸਰੀ ਭਾਗੀਰਥੀ ਨਦੀ ਦੇ ਉਛਾਲੇ ਮਾਰਨ ਨੇ ਉਸ ਖੇਤਰ ਦੇ ਲੋਕਾਂ ਨੂੰ ਨਵੀਂ ਚਿੰਤਾ ਵਿਚ ਡੋਬ ਦਿੱਤਾ ਹੈ। ਇਹ ਚਿੰਤਾ ਪੰਜਾਬ ਦੇ ਲੋਕਾਂ ਤੱਕ ਵੀ ਆ ਗਈ। ਰਾਵੀ ਨੇ ਸਿਰਫ ਇੱਕ ਦਿਨ ਉਛਾਲਾ ਮਾਰਿਆ ਤੇ ਘਣੀਏ ਕੇ ਬੇਟ ਵਾਲਾ ਕੱਚਾ ਪੁਲ ਨਾਕਾਰਾ ਹੋ ਗਿਆ ਹੈ। ਉਸੇ ਦਿਨ ਪਏ ਮੀਂਹ ਨਾਲ ਭਾਖੜਾ ਡੈਮ ਦੇ ਪਿਛਵਾੜੇ ਬਣੀ ਝੀਲ ਦੇ ਖਤਰੇ ਦੇ ਨਿਸ਼ਾਨ ਵੱਲ ਵਧਣ ਦੀਆਂ ਰਿਪੋਰਟਾਂ ਆ ਗਈਆਂ। ਜਿਨ੍ਹਾਂ ਲੀਡਰਾਂ ਨੇ ਏਦਾਂ ਦੇ ਮੌਕੇ ਦੇਸ਼ ਦੀ ਅਗਵਾਈ ਕਰਨੀ ਹੁੰਦੀ ਹੈ, ਉਹ ਹਮੇਸ਼ਾ ਵਾਂਗ ਨਿਰਾਸ਼ ਕਰ ਰਹੇ ਹਨ।
ਕੌਰਵਾਂ ਤੇ ਪਾਂਡਵਾਂ ਦੇ ਵਕਤ ਤੋਂ ਵਗਦੀ ਆਈ ਮੰਦਾਕਿਨੀ ਨਦੀ ਹਮੇਸ਼ਾ ਕੇਦਾਰ ਨਾਥ ਮੰਦਰ ਤੋਂ ਥੋੜ੍ਹਾ ਜਿਹਾ ਫਾਸਲਾ ਰੱਖ ਕੇ ਵਹਿੰਦੀ ਰਹੀ ਸੀ, ਪਰ ਇਸ ਵਾਰੀ ਉਹ ਉਛਲ ਕੇ ਕੰਢਿਆਂ ਤੋਂ ਬਾਹਰ ਆ ਗਈ। ਕਾਰਨ ਤਾਂ ਮੀਂਹ ਦਾ ਦੱਸਿਆ ਗਿਆ, ਪਰ ਇਹ ਮੀਂਹ ਉਸ ਖੇਤਰ ਵਿਚ ਪਹਿਲੀ ਵਾਰੀ ਏਨੇ ਜ਼ੋਰ ਵਾਲੇ ਨਹੀਂ ਪਏ। ਪੁਰਾਣੇ ਸਮਿਆਂ ਵਿਚ ਕਦੀ ਨਾ ਉਛਲੀ ਇਸ ਨਦੀ ਦੇ ਇਸ ਵਾਰੀ ਉਛਲ ਜਾਣ ਦੀ ਅਸਲੀ ਜੜ੍ਹ ਜਿਹੜੇ ਕਾਰਨ ਬਣੇ ਹਨ, ਉਨ੍ਹਾਂ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਜਦੋਂ ਇਹ ਪੁਣ-ਛਾਣ ਕਰਨੀ ਹੋਈ ਤਾਂ ਰਾਮਦੇਵ ਯੋਗੀ ਦੇ ਇੱਕ ਡਰਾਮੇ ਤੋਂ ਸ਼ੁਰੂ ਕਰਨੀ ਪੈਣੀ ਹੈ। ਉਸ ਨੇ ਦਿੱਲੀ ਵਿਚ ਰਾਮ-ਲੀਲਾ ਮੈਦਾਨ ਵਿਚ ਵਰਤ ਰੱਖਿਆ ਸੀ। ਜਦੋਂ ਪੁਲਿਸ ਪਿੱਛੇ ਪੈ ਗਈ ਤਾਂ ਔਰਤਾਂ ਦੀ ਸਲਵਾਰ-ਕਮੀਜ਼ ਪਾ ਕੇ ਅਤੇ ਘੁੰਡ ਕੱਢ ਕੇ ਨਿਕਲਦਾ ਕਾਬੂ ਆ ਗਿਆ। ਇਥੋਂ ਛੁੱਟਣ ਪਿੱਛੋਂ ਹਰਿਦੁਆਰ ਜਾ ਕੇ ਉਸ ਨੇ ਫਿਰ ਇਹੋ ਸਾਂਗ ਸ਼ੁਰੂ ਕਰ ਦਿੱਤਾ। ਭਾਜਪਾ ਦੇ ਪ੍ਰਭਾਵ ਵਾਲੇ ਸੰਤ ਸਾਰੇ ਦੇਸ਼ ਵਿਚੋਂ ਉਸ ਦਾ ਵਰਤ ਤੁੜਾਉਣ ਜਾ ਪਹੁੰਚੇ। ਫਿਰ ਉਸ ਨੇ ਸਿਰੇ ਦੀ ਡਰਾਮੇਬਾਜ਼ੀ ਕਰ ਕੇ ਵਰਤ ਛੱਡ ਦਿੱਤਾ, ਪਰ ਜਿਹੜੇ ਹਸਪਤਾਲ ਵਿਚ ਉਸ ਦਾ ਵਰਤ ਤੁੜਾਉਣ ਦਾ ਇਹ ਨਾਟਕ ਚੱਲ ਰਿਹਾ ਸੀ, ਉਸੇ ਹਸਪਤਾਲ ਦੇ ਇੱਕ ਕੋਨੇ ਵਿਚ ਇੱਕ ਅਸਲੀ ਸੰਤ ਸਵਾਮੀ ਨਿਗਮਾਨੰਦ ਨੇ ਵਰਤ ਰੱਖਿਆ ਹੋਇਆ ਸੀ, ਉਸ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਸੀ।
ਰਾਮਦੇਵ ਦੀ ਨੌਟੰਕੀ ਮੁੱਕਣ ਤੋਂ ਚਾਰ ਦਿਨ ਬਾਅਦ ਸਵਾਮੀ ਨਿਗਮਾਨੰਦ ਪ੍ਰਾਣ ਤਿਆਗ ਗਿਆ ਸੀ। ਘਰੋਂ ਇੰਜੀਨੀਅਰ ਬਣਨ ਤੁਰੇ ਤੇ ਫਿਰ ਵਾਤਾਵਰਣ ਬਚਾਉਣ ਲਈ ਸੰਤ ਬਣ ਕੇ ਮਰਨ ਵਰਤ ਰੱਖਣ ਤੇ ਮਰ ਜਾਣ ਵਾਲੇ ਨਿਗਮਾਨੰਦ ਦਾ ਕਹਿਣਾ ਸੀ ਕਿ ਗੰਗਾ ਨਦੀ, ਤੇ ਉਸ ਨੂੰ ਪਾਣੀ ਦੇਣ ਵਾਲੀਆਂ ਅਲਕ ਨੰਦਾ, ਮੰਦਾਕਿਨੀ, ਭਾਗੀਰਥੀ ਆਦਿ ਨਦੀਆਂ ਵਿਚ ਨਾਜਾਇਜ਼ ਉਸਾਰੀਆਂ ਅਤੇ ਨਾਜਾਇਜ਼ ਖਲਾਈ ਨਾਲ ਇਹ ਹਾਲਾਤ ਪੈਦਾ ਹੋ ਰਹੇ ਹਨ ਕਿ ਕਿਸੇ ਦਿਨ ਕਹਿਰ ਵਾਪਰ ਜਾਵੇਗਾ। ਉਸ ਦੀ ਕਿਸੇ ਨੇ ਗੱਲ ਨਹੀਂ ਸੀ ਸੁਣੀ। ਸੁਣਨੀ ਵੀ ਕਿਸੇ ਨਹੀਂ ਸੀ, ਕਿਉਂਕਿ ਨਾਜਾਇਜ਼ ਧੰਦੇ ਕਰਨ ਵਾਲਿਆਂ ਤੋਂ ਮਹੀਨਾ ਉਗਰਾਹੁਣ ਤੋਂ ਲੈ ਕੇ ਚੋਣ ਚੰਦੇ ਵਸੂਲਣ ਤੱਕ ਦਾ ਧੰਦਾ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ-ਦੋਵਾਂ ਦੇ ਆਗੂ ਕਰਦੇ ਸਨ। ਜੇ ਨਿਗਮਾਨੰਦ ਦੀ ਗੱਲ ਸੁਣ ਕੇ ਉਸ ਦੀ ਜਾਨ ਬਚਾ ਲਈ ਜਾਂਦੀ ਤਾਂ ਕੇਦਾਰ ਨਾਥ ਵੀ ਕਹਿਰ ਦੇ ਵਾਪਰਨ ਤੋਂ ਬਚਿਆ ਰਹਿਣਾ ਸੀ।
ਜਦੋਂ ਕੇਦਾਰ ਨਾਥ ਦਾ ਹੁਣ ਵਾਲਾ ਕਹਿਰ ਵਾਪਰ ਚੁੱਕਾ, ਓਦੋਂ ਨਵੀਂ ਡਰਾਮੇਬਾਜ਼ੀ ਸ਼ੁਰੂ ਹੋ ਗਈ। ਹਰ ਵੱਡੀ ਸਿਆਸੀ ਪਾਰਟੀ ਇਸ ਮੌਕੇ ਦੇਸ਼ ਦੇ ਲੋਕਾਂ ਨੂੰ ਇਹ ਦੱਸਣ ਲਈ ਬੇਸ਼ਰਮੀ ਦੀ ਹੱਦ ਪਾਰ ਕਰਨ ਲੱਗ ਪਈ ਕਿ ਲੋਕਾਂ ਦਾ ਦਰਦ ਸਿਰਫ ਉਸੇ ਨੂੰ ਹੈ, ਬਾਕੀ ਸਾਰੇ ਮੌਕੇ ਦਾ ਲਾਭ ਲੈਣ ਵਾਲੇ ਹਨ। ਬਹੁਤੀ ਮੁਕਾਬਲੇਬਾਜ਼ੀ ਫਿਰ ਕਾਂਗਰਸ ਤੇ ਭਾਜਪਾ ਵਿਚਾਲੇ ਹੋਈ। ਦੋਵਾਂ ਦੇ ਆਗੂ ਆਪਣਾ ਜਲੂਸ ਆਪ ਕਢਵਾਉਣ ਤੋਂ ਵੀ ਨਹੀਂ ਝਿਜਕੇ।
ਪਹਿਲਾਂ ਗੱਲ ਕਰੀਏ ਕਾਂਗਰਸ ਪਾਰਟੀ ਦੀ। ਉਸ ਦਾ ‘ਯੁਵਰਾਜ’ ਕਹਿ ਕੇ ਪ੍ਰਚਾਰੇ ਜਾਂਦੇ ਰਾਹੁਲ ਗਾਂਧੀ ਬਾਰੇ ਲੋਕ ਪਹਿਲਾਂ ਛੇ ਦਿਨ ਵੇਖਦੇ ਰਹੇ ਕਿ ਉਹ ਕਿੱਥੇ ਹੈ ਤੇ ਸੱਤਵੇਂ ਦਿਨ ਉਹ ਉਤਰਾ ਖੰਡ ਨੂੰ ਰਾਹਤ ਦੇ ਟਰੱਕ ਭੇਜਣ ਦੇ ਵਕਤ ਝੰਡੀ ਦਿਖਾਉਣ ਪਹੁੰਚ ਗਿਆ। ਉਦੋਂ ਇਹ ਪਤਾ ਲੱਗਾ ਕਿ ਰਾਹਤ ਦੇ ਟਰੱਕ ਪਿਛਲੇ ਦੋ ਦਿਨਾਂ ਤੋਂ ਤਿਆਰ ਕੀਤੇ ਪਏ ਸਨ, ਪਰ ਤੋਰਨ ਲਈ ਰਾਹੁਲ ਗਾਂਧੀ ਦੀ ਉਡੀਕ ਹੋ ਰਹੀ ਸੀ। ਲੋਕ ਮਰੀ ਜਾਂਦੇ ਸਨ, ਰਾਹਤ ਸਮਗਰੀ ਦੇ ਟਰੱਕ ਤਿਆਰ ਖੜੇ ਸਨ, ਪਰ ਝੰਡੀ ਦਿਖਾਉਣ ਵਾਸਤੇ ਰਾਹੁਲ ਗਾਂਧੀ ਦੀ ਉਡੀਕ ਕਰ ਕੇ ਇਹ ਇੱਕ ਤਰ੍ਹਾਂ ਮੌਤ ਦੇ ਮੂੰਹ ਫਸੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਗਿਆ। ਫਿਰ ਇੱਕ ਕਹਾਣੀ ਹੋਰ ਵਾਪਰ ਗਈ। ਦੋ ਦਿਨ ਪਹਿਲਾਂ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਉਤਰਾ ਖੰਡ ਨੂੰ ਜਹਾਜ਼ ਲੈ ਕੇ ਨਿਕਲ ਪਿਆ ਸੀ, ਪਰ ਉਸ ਨੂੰ ਰਾਹ ਵਿਚੋਂ ਇਹ ਕਹਿ ਕੇ ਮੋੜ ਦਿੱਤਾ ਗਿਆ ਸੀ ਕਿ ਉਥੇ ਅਹਿਮ ਹਸਤੀਆਂ ਦੇ ਜਾਣ ਨਾਲ ਰਾਹਤ ਦੇ ਕੰਮਾਂ ਵਿਚ ਵਿਘਨ ਪੈਂਦਾ ਹੈ। ਮੋਦੀ ਦੇ ਮੁੜਨ ਦਾ ਭਾਜਪਾ ਨੇ ਰੋਸ ਕੀਤਾ ਸੀ ਤੇ ਰੋਸ ਗਲਤ ਸੀ, ਪਰ ਦੋ ਦਿਨ ਬਾਅਦ ਉਸੇ ਪਾਸੇ ਰਾਹੁਲ ਗਾਂਧੀ ਕਾਲੀ ਵਰਦੀ ਵਾਲੇ ਕਮਾਂਡੋ ਲੈ ਕੇ ਤੁਰ ਪਿਆ, ਉਦੋਂ ਇਹ ਅਹਿਮ ਹਸਤੀਆਂ ਵਾਲੀ ਗੱਲ ਅੱਖੋਂ ਪਰੋਖੇ ਕਰ ਕੇ ਉਸ ਲਈ ਸਾਰੇ ਪ੍ਰਬੰਧ ਕਰ ਦਿੱਤੇ ਗਏ। ਰਾਤ ਦੀ ਉਸ ਦੀ ਆਰਾਮਦੇਹ ਰਿਹਾਇਸ਼ ਦਾ ਖਿਆਲ ਕਰ ਕੇ ਇੰਡੋ ਤਿੱਬਤਨ ਬਾਰਡਰ ਪੁਲਿਸ ਦੇ ਹੈਡ ਕੁਆਰਟਰ ਵਿਚ ਅਫਸਰਾਂ ਦੀ ਰਿਹਾਇਸ਼ ਖਾਲੀ ਕਰਵਾਈ ਗਈ ਤੇ ਰਾਹਤ ਦੇ ਕੰਮ ਕਰਨ ਵਾਲਿਆਂ ਨੂੰ ਤੰਬੂਆਂ ਵਿਚ ਸੌਣ ਭੇਜ ਦਿੱਤਾ ਗਿਆ। ਮੋਦੀ ਜਦੋਂ ਆਇਆ ਸੀ, ਉਸ ਨੂੰ ਮੋੜਨਾ ਠੀਕ ਸੀ, ਪਰ ਰਾਹੁਲ ਨੂੰ ਉਚੇਚੇ ਪ੍ਰਬੰਧ ਕਰ ਕੇ ਹੀਰੋ ਬਣਾਉਣ ਨੇ ਜ਼ਾਹਰ ਕਰ ਦਿੱਤਾ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਚਾਪਲੂਸੀ ਕਰਨ ਲਈ ਸਰਕਾਰੀ ਮਸ਼ੀਨਰੀ ਹੱਦਾਂ ਟੱਪ ਗਈ ਹੈ।
ਦੂਸਰੇ ਪਾਸੇ ਮੋਦੀ ਵੀ ਮੋਦੀ ਹੈ ਤੇ ਉਹ ਕੁਝ ਵੀ ਕਹਿ ਸਕਦਾ ਹੈ। ਉਸ ਨੇ ਕੁਝ ਸਮਾਂ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਉਸ ਦੀ ਸਰਕਾਰ ਦੀ ਕਾਮਯਾਬੀ ਦੀ ਮਿਸਾਲ ਇਹ ਹੈ ਕਿ ਅੱਜ ਦਿੱਲੀ ਦੇ ਲੋਕ ਗੁਜਰਾਤ ਦੀਆਂ ਗਾਂਵਾਂ ਦਾ ਦੁੱਧ ਪੀਂਦੇ ਹਨ। ਇਹ ਇੱਕ ਤਕੜੀ ਗੱਪ ਸੀ। ਜਿਹੜੀ ਅਮੁਲ ਕੰਪਨੀ ਇਹ ਦੁੱਧ ਸਪਲਾਈ ਕਰ ਰਹੀ ਹੈ, ਉਹ ਨਰਿੰਦਰ ਮੋਦੀ ਦੇ ਜਨਮ ਤੋਂ ਵੀ ਪੰਜ ਸਾਲ ਪਹਿਲਾਂ ਦੀ ਬਣੀ ਹੋਈ ਹੈ ਤੇ ਮੋਦੀ ਦਾ ਰਾਜ ਆਉਣ ਤੋਂ ਕਈ ਦਹਾਕੇ ਪਹਿਲਾਂ ਤੋਂ ਦੁੱਧ ਸਪਲਾਈ ਕਰਦੀ ਆਈ ਹੈ। ਹੁਣ ਮੋਦੀ ਨੇ ਇੱਕ ਹੋਰ ਵੱਡੀ ਗੱਪ ਮਾਰ ਦਿੱਤੀ ਕਿ ਉਸ ਨੇ ਤਿੰਨ ਦਿਨਾਂ ਵਿਚ ਉਤਰਾ ਖੰਡ ਰਾਜ ਵਿਚ ਫਸੇ ਪੰਦਰਾਂ ਹਜ਼ਾਰ ਗੁਜਰਾਤੀ ਹੜ੍ਹ ਪੀੜਤਾਂ ਨੂੰ ਕੱਢ ਲਿਆ ਹੈ ਤੇ ਭਾਰਤ ਸਰਕਾਰ ਇਸ ਤੋਂ ਅੱਧੇ ਵੀ ਨਹੀਂ ਕੱਢ ਸਕੀ। ਜੇ ਇੱਕ ਹੈਲੀਕਾਪਟਰ ਇੱਕ ਵਾਰੀ ਵੀਹ ਬੰਦੇ ਲਿਆਵੇ ਤੇ ਦਿਨ ਵਿਚ ਦਸ ਗੇੜੇ ਵੀ ਲਾਵੇ ਤਾਂ ਦੋ ਸੌ ਤੋਂ ਵੱਧ ਨਹੀਂ ਬਣਦੇ ਤੇ ਉਸ ਨੇ ਦੋ ਹੈਲੀਕਾਪਟਰ ਵੀ ਲਾਏ ਹੁੰਦੇ ਤਾਂ ਤਿੰਨ ਦਿਨਾਂ ਵਿਚ ਬਾਰਾਂ ਸੌ ਬੰਦੇ ਨਹੀਂ ਸਨ ਨਿਕਲਣੇ, ਪਰ ਉਹ ਤਿੰਨ ਦਿਨਾਂ ਵਿਚ ਪੰਦਰਾਂ ਹਜ਼ਾਰ ਬੰਦੇ ਕੱਢ ਲਿਆਉਣ ਦੀ ਗੱਪ ਮਾਰ ਗਿਆ। ਇਸ ਦਾ ਮਜ਼ਾਕ ਉਡਿਆ ਤਾਂ ਪਹਿਲਾਂ ਭਾਜਪਾ ਦਾ ਬੁਲਾਰਾ ਇਸ ਨੂੰ ਜਾਇਜ਼ ਠਹਿਰਾਉਂਦਾ ਰਿਹਾ ਤੇ ਜਦੋਂ ਵੇਖਿਆ ਕਿ ਇਹ ਕਿਸੇ ਦੇ ਮੰਨਣ ਵਿਚ ਨਹੀਂ ਆ ਰਿਹਾ ਤਾਂ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਹਿ ਦਿੱਤਾ ਕਿ ਮੋਦੀ ਨੇ ਇਹ ਗੱਲ ਕਹੀ ਹੀ ਨਹੀਂ, ਕਿਸੇ ਸਮੱਰਥਕ ਨੇ ਕਹਿ ਦਿੱਤੀ ਸੀ। ਜੇ ਸਮਰੱਥਕ ਨੇ ਕਹੀ ਸੀ ਤਾਂ ਉਦੋਂ ਤੱਕ ਇਸ ਨੂੰ ਜਾਇਜ਼ ਕਿਉਂ ਠਹਿਰਾਉਂਦੇ ਰਹੇ, ਜਦੋਂ ਤੱਕ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਦੇ ਪ੍ਰਧਾਨ ਉਧਵ ਠਾਕਰੇ ਨੇ ਵੀ ਇਸ ਗੱਪ ਦੀ ਨੁਕਤਾਚੀਨੀ ਨਹੀਂ ਸੀ ਕਰ ਦਿੱਤੀ?
ਤੀਸਰਾ ਪੱਖ ਇਹ ਹੈ ਕਿ ਕੁਝ ਲੋਕਾਂ ਨੂੰ ਰਾਹਤ ਦਾ ਕੰਮ ਕਰਨ ਵਾਲੇ ਜਿਹੜੇ ਪਾਇਲਟਾਂ ਨੇ ਬਚਾਇਆ ਸੀ, ਉਨ੍ਹਾਂ ਦੇ ਨਾਲ ਦੇ ਕੁਝ ਮਾਰੇ ਵੀ ਗਏ ਸਨ। ਇੱਕ ਹੈਲੀਕਾਪਟਰ ਤਬਾਹ ਹੋਣ ਨਾਲ ਜਿਹੜੀਆਂ ਵੀਹ ਮਨੁੱਖੀ ਜਾਨਾਂ ਗਈਆਂ, ਉਨ੍ਹਾਂ ਵਿਚ ਅੱਧੇ ਕੁ ਰਾਹਤ ਦਾ ਕੰਮ ਕਰਨ ਵਾਲੇ ਨੀਮ ਫੌਜੀ ਫੋਰਸਾਂ ਦੇ ਜਵਾਨ, ਅਧਿਕਾਰੀ ਤੇ ਪਾਇਲਟ ਸਨ। ਆਪਣੀ ਜਾਨ ਖਤਰੇ ਵਿਚ ਪਾ ਕੇ ਜਿਹੜੇ ਲੋਕਾਂ ਨੂੰ ਰਾਹਤ ਦਾ ਕੰਮ ਕਰਨ ਵਾਲਿਆਂ ਨੇ ਉਥੋਂ ਕੱਢ ਕੇ ਲਿਆਂਦਾ, ਉਨ੍ਹਾਂ ਦੇ ਬਚ ਜਾਣ ਦਾ ਰਾਜਸੀ ਲਾਭ ਲੈਣ ਵਾਲੇ ਸਰਗਰਮ ਹੋ ਗਏ। ਉਨ੍ਹਾਂ ਪੀੜਤਾਂ ਵਿਚੋਂ ਜਿਹੜੇ ਆਂਧਰਾ ਪ੍ਰਦੇਸ਼ ਸੂਬੇ ਦੇ ਸਨ, ਉਨ੍ਹਾਂ ਨੇ ਜਦੋਂ ਡੇਹਰਾਦੂਨ ਹਵਾਈ ਅੱਡੇ ਤੋਂ ਜਹਾਜ਼ ਫੜਨਾ ਸੀ ਤਾਂ ਇਕ ਕਾਂਗਰਸ ਪਾਰਟੀ ਦਾ ਅਤੇ ਇਕ ਤੇਲਗੂ ਦੇਸਮ ਪਾਰਟੀ ਦਾ ਪਾਰਲੀਮੈਂਟ ਮੈਂਬਰ ਇਸ ਦਾ ਸਿਹਰਾ ਲੈਣ ਲਈ ਉਥੇ ਤੂੰ-ਤੂੰ, ਮੈਂ-ਮੈਂ ਕਰਨ ਲੱਗ ਪਏ। ਪਹਿਲਾਂ ਗੱਲਾਂ ਵਿਚ ਗੁੱਸਾ ਨਿਕਲ ਰਿਹਾ ਸੀ, ਫਿਰ ਧੱਕਾ-ਮੁੱਕੀ ਹੋਈ ਤੇ ਉਸ ਦੇ ਬਾਅਦ ਇੱਕ ਦੂਸਰੇ ਨੂੰ ਥੱਪੜ ਮਾਰ ਦਿੱਤੇ ਤੇ ਇਹ ਕੰਮ ਦੋ ਪਾਰਟੀਆਂ ਦੇ ਉਨ੍ਹਾਂ ਪਾਰਲੀਮੈਂਟ ਮੈਂਬਰਾਂ ਨੇ ਕੀਤਾ, ਜਿਹੜੇ ਕਿਸੇ ਨੂੰ ਕੱਢਣ-ਕਢਾਉਣ ਨਹੀਂ ਸੀ ਗਏ, ਸਿਰਫ ਉਂਗਲ ਨੂੰ ਲਹੂ ਲਾ ਕੇ ਹੀਰੋ ਬਣਨਾ ਚਾਹੁੰਦੇ ਸਨ।
ਚੌਥਾ ਪੱਖ ਅੱਧਾ ਤਾਂ ਸਾਧਾਂ ਦੇ ਭੇਸ ਵਿਚ ਭੇੜੀਆਂ ਦਾ ਹੈ ਤੇ ਅੱਧਾ ਸਾਡੇ ਮੀਡੀਏ ਵਾਲੇ ਭਾਈਬੰਦਾਂ ਦਾ। ਇੱਕ ਦਿਨ ਇੱਕ ਟੀ ਵੀ ਚੈਨਲ ਨੇ ਇਹ ਖਬਰ ਦੇ ਕੇ ਲੋਕਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਕੇਦਾਰ ਨਾਥ ਤੋਂ ਬਚ ਕੇ ਆਏ ਸਾਧੂ-ਸੰਤਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਟੀ ਵੀ ਰਿਪੋਰਟਰ ਨਾਲ ਦੀ ਨਾਲ ਇਹ ਕਹਿ ਰਿਹਾ ਸੀ ਕਿ ਹੁਣ ਰਾਮ ਦੇ ਦੇਸ਼ ਭਾਰਤ ਵਿਚ ਰਾਵਣ ਦੇ ਰਾਜ ਦਾ ਨਮੂਨਾ ਪੇਸ਼ ਹੋ ਰਿਹਾ ਹੈ, ਜਿੱਥੇ ਸਾਧੂ-ਸੰਤਾਂ ਦੀ ਵੀ ਤਲਾਸ਼ੀ ਲਈ ਜਾ ਸਕਦੀ ਹੈ। ਕੁਝ ਦੇਰ ਬਾਅਦ ਕੁਝ ਹੋਰ ਟੀ ਵੀ ਚੈਨਲਾਂ ਨੇ ਦੂਸਰੀ ਤਸਵੀਰ ਵਿਖਾ ਦਿੱਤੀ, ਜਿਸ ਵਿਚ ਸੰਤਾਂ ਦੀ ਔਕਾਤ ਸਾਹਮਣੇ ਆ ਰਹੀ ਸੀ। ਸਾਧਾਂ ਦੀ ਤਲਾਸ਼ੀ ਵਿਚ ਲੋਕਾਂ ਦੇ ਲੁੱਟੇ ਹੋਏ ਜਾਂ ਚੋਰੀ ਕੀਤੇ ਕੈਮਰੇ, ਮੋਬਾਈਲ ਅਤੇ ਪੈਸੇ ਦਿਖਾਈ ਦਿੰਦੇ ਸਨ। ਮੋਹ-ਮਾਇਆ ਦੇ ਤਿਆਗੀ ਅਖਵਾਉਂਦੇ ਇਨ੍ਹਾਂ ਸਾਧਾਂ ਕੋਲ ਇਹ ਚੀਜ਼ਾਂ ਕਿੱਥੋਂ ਆਈਆਂ, ਇਹ ਭੇਦ ਦੋ ਦਿਨ ਨਿਕਲ ਜਾਣ ਦੇ ਬਾਅਦ ਖੁੱਲ੍ਹਾ। ਪਤਾ ਲੱਗਾ ਕਿ ਹੜ੍ਹ ਦਾ ਪਾਣੀ ਉਤਰ ਜਾਣ ਪਿੱਛੋਂ ਜਿਹੜੀਆਂ ਲਾਸ਼ਾਂ ਮਿਲੀਆਂ, ਕਈਆਂ ਦੀਆਂ ਉਂਗਲਾਂ ਕੱਟੀਆਂ ਹੋਈਆਂ ਸਨ। ਉਹ ਇਸ ਲਈ ਕਿ ਮਰਨ ਮਗਰੋਂ ਲਾਸ਼ਾਂ ਆਕੜ ਜਾਣ ਨਾਲ ਉਂਗਲਾਂ ਤੋਂ ਮੁੰਦਰੀਆਂ ਤੇ ਅੰਗੂਠੀਆਂ ਨਹੀਂ ਲੱਥੀਆਂ ਹੋਣਗੀਆਂ ਤੇ ਜਿਹੜੇ ਲਾਲਚੀ ਲੋਕਾਂ ਨੇ ਉਂਗਲਾਂ ਵੀ ਵੱਢ ਕੇ ਲਾਹੁਣ ਵਾਲੀ ਨੀਚ ਹਰਕਤ ਕੀਤੀ ਹੋਵੇਗੀ, ਉਨ੍ਹਾਂ ਵਿਚੋਂ ਕੁਝ ਉਹ ਸਾਧ ਹੋਣਗੇ, ਜਿਨ੍ਹਾਂ ਕੋਲੋਂ ਤਲਾਸ਼ੀ ਵਿਚ ਏਦਾਂ ਦਾ ਕੀਮਤੀ ਸਾਮਾਨ ਮਿਲਿਆ ਸੀ। ਗਏ ਤਾਂ ਉਥੇ ਪਾਪ ਬਖਸ਼ਾਉਣ ਲਈ ਹੋਣਗੇ, ਨਵੇਂ ਪਾਪਾਂ ਨਾਲ ਸਾਰੇ ਦੇਸ਼ ਨੂੰ ਸ਼ਰਮਿੰਦਾ ਕਰ ਆਏ।
ਬੜਾ ਮਹਾਨ ਦੇਸ਼ ਹੈ ਇਹ, ਬਹੁਤ ਹੀ ਮਹਾਨ ਹੈ। ਸਾਨੂੰ ਇਸ ਗੱਲ ਨੂੰ ਹਕੀਕਤ ਮੰਨਣ ਵਿਚ ਕੋਈ ਹਰਜ ਨਹੀਂ ਜਾਪਦਾ ਕਿ ਇਥੇ ਲੀਡਰਾਂ ਤੋਂ ਲੈ ਕੇ ਸਾਧਾਂ ਤੱਕ ਇਤਬਾਰ ਦੇ ਲਾਇਕ ਹੀ ਕੋਈ ਨਹੀਂ ਲੱਭਦਾ। ਦੇਸ਼ ਦੀ ਬਦਹਾਲੀ ਦਾ ਕਾਰਨ ਵੀ ਇਹੋ ਜਾਪ ਰਿਹਾ ਹੈ। ਉਰਦੂ ਦਾ ਸ਼ੇਅਰ ਹੈ, ‘ਵੀਰਾਨ ਗੁਲਿਸਤਾਂ ਕਰਨੇ ਕੋ, ਬਸ ਏਕ ਹੀ ਉਲੂ ਕਾਫੀ ਹੈ, ਹਰ ਸ਼ਾਖ ਪੇ ਉਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ?’

Be the first to comment

Leave a Reply

Your email address will not be published.