ਪਹਿਲਵਾਨ ਸੁਖਵੰਤ ਸਿੰਘ ਦੀ ਜੀਵਨ ਗਾਥਾ

ਪ੍ਰਿੰ. ਸਰਵਣ ਸਿੰਘ
ਰੁਸਤਮੇ ਹਿੰਦ ਸੁਖਵੰਤ ਸਿੰਘ ਸਿੱਧੂ ਐੱਮ. ਏ. ਤਕ ਪੜ੍ਹਿਆ ਪਹਿਲਵਾਨ ਹੈ। 1970ਵਿਆਂ ‘ਚ ਮੈਂ ਉਹਦੇ ਬਾਰੇ ਲੇਖ ਲਿਖਿਆ ਸੀ, ‘ਪੜ੍ਹਿਆ-ਲਿਖਿਆ ਪਹਿਲਵਾਨ’ ਜੋ ‘ਸਚਿੱਤਰ ਕੌਮੀ ਏਕਤਾ’ ਵਿਚ ਛਪਿਆ। ਪੜ੍ਹੇ-ਲਿਖੇ ਕਈ ਬੰਦੇ ਪਹਿਲਵਾਨਾਂ ਨੂੰ ਪੜ੍ਹੇ-ਲਿਖੇ ਨਹੀਂ ਸਮਝਦੇ। ਅਖੇ ਪੜ੍ਹੇ-ਲਿਖੇ ਹੋਣ ਤਾਂ ਉਹ ਮਿੱਟੀ ਨਾਲ ਮਿੱਟੀ ਕਿਉਂ ਹੋਣ? ਉਨ੍ਹਾਂ ਭਾਣੇ ਅਖਾੜਿਆਂ ਦੀ ਮਿੱਟੀ ‘ਚ ਲੱਥ-ਪੱਥ ਹੋਈ ਜਾਣਾ, ਕੰਨ ਰਗੜਾ ਕੇ ਮੋਟੇ ਕਰਾ ਬਹਿਣੇ, ਜ਼ੋਰ ਕਰਦਿਆਂ ਹਉਂਕੀ ਜਾਣਾ, ਮੁੜ੍ਹਕਾ ਵਹਾਉਣਾ ਤੇ ਇਕ ਦੂਜੇ ਨਾਲ ਗੁੱਥਮਗੁੱਥਾ ਹੋਈ ਜਾਣਾ-ਅਨਪੜ੍ਹ ਹੋਣਾ ਨਹੀਂ ਤਾਂ ਹੋਰ ਕੀ ਹੈ? ਸਿਆਣਾ ਬਿਆਣਾ ਲੇਖਕ ਬਰਨਾਰਡ ਸ਼ਾਅ ਹਰਮਨ ਪਿਆਰੀ ਖੇਡ ਫੁੱਟਬਾਲ ਬਾਰੇ ਕਹਿੰਦਾ ਸੀ ਕਿ ਇਕ ਬਾਲ ਨੂੰ ਬਾਈ ਜਣੇ ਠੇਡੇ ਮਾਰੀ ਜਾਣ ਤੋਂ ਵੱਡੀ ਮੂਰਖਤਾ ਹੋਰ ਕੀ ਹੋ ਸਕਦੀ ਹੈ! ਕਿਸੇ ਵਿਦਵਾਨ ਦਾ ਮੂੰਹ ਥੋੜਾ ਫੜ ਲੈਣਾ?

1970 ਵਿਚ ਦਸਵਾਂ ਹਿੰਦ ਕੇਸਰੀ ਬਣਨ ਵੇਲੇ ਸੁਖਵੰਤ ਸਿੰਘ ਜੂੜੇ ਵਾਲਾ ਪਹਿਲਾ ਸਰਦਾਰ ਪਹਿਲਵਾਨ ਸੀ। ਪਹਿਲਵਾਨੀ ਕਰਦਿਆਂ ਕੇਸ ਮਿੱਟੀ ਨਾਲ ਭਰ ਜਾਂਦੇ, ਜਿਸ ਕਰਕੇ ਜੂੜਾ ਰੱਖੀ ਰੱਖਣਾ ਸਭ ਤੋਂ ਔਖਾ ਕੰਮ ਸੀ। ਆਖਰ ਆਪਣੀ ਤੇ ਮਾਤਾ ਦੀ ਇੱਛਾ ਦੇ ਉਲਟ ਉਸ ਨੂੰ ਜੂੜਾ ਮੁੰਨਾਉਣਾ ਪਿਆ। 1971 ਵਿਚ ਉਹ ਰੁਸਤਮੇ ਹਿੰਦ ਬਣਿਆ ਤਾਂ ਗੁਰਜ ਨਾਲ 51,000 ਰੁਪਏ ਇਨਾਮ ਮਿਲਿਆ। ਉਨ੍ਹੀਂ ਦਿਨੀਂ ਇਕਵੰਜਾ ਹਜ਼ਾਰ ਦੇ ਪੰਜ ਕਿੱਲੇ ਖਰੀਦੇ ਜਾ ਸਕਦੇ ਸਨ। 1977 ਦੇ ਆਸ-ਪਾਸ ਜਦੋਂ ਮੈਂ ਪਹਿਲੀ ਵਾਰ ਸੁਖਵੰਤ ਸਿੰਘ ਨੂੰ ਦਿੱਲੀ, ਉਹਦੇ ਸ਼ਾਹਦਰੇ ਵਾਲੇ ਘਰ ‘ਚ ਮਿਲਿਆ ਸਾਂ ਤਾਂ ਕਾਫੀ ਖੁੱਲ੍ਹ ਕੇ ਗੱਲਾਂ ਹੋਈਆਂ ਸਨ। ਉਹ ਮੈਨੂੰ ਬੜੇ ਨਿਮਰ ਸੁਭਾਅ ਦਾ ਪੁਲਿਸ ਅਫਸਰ ਲੱਗਾ ਸੀ। ਉੱਦਣ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਏਅਰਪੋਰਟ ‘ਤੇ ਛੱਡ ਕੇ ਮੁੜਿਆ ਸੀ। ਵਿਦਾ ਹੁੰਦਿਆ ਮੈਂ ਪੁੱਛਿਆ ਸੀ, “ਬਹੁਤ ਲੰਮਾ ਸਮਾਂ ਹੋ ਗਿਐ ਤੁਹਾਨੂੰ ਘੁਲਦਿਆਂ ਤੇ ਸਰੀਰ ਨੂੰ ਦੁੱਖ ਦਿੰਦਿਆਂ, ਆਖਰ ਕੀ ਖੱਟਿਆ ਭਲਵਾਨੀ ‘ਚੋਂ?”
ਉਹਨੇ ਆਪਣੀ ਮੋਟੀ ਧੌਣ ਤੇ ਗੋਲ ਕੰਨਾਂ ਉਤੋਂ ਦੀ ਭਾਰਾ ਹੱਥ ਫੇਰਦਿਆਂ ਕਿਹਾ ਸੀ, “ਬੜਾ ਕੁਝ। ਮਾਣ ਵਡਿਆਈ ਤੇ ਜਗਤ ਵਿਚ ਸ਼ੋਭਾ, ਇਨਾਮ ਤੇ ਗੁਰਜਾਂ; ਤੇ ਸਭ ਤੋਂ ਵੱਡੀ ਗੱਲ ਆਪਣੇ ਆਪ ਨੂੰ ਜਿਸਮਾਨੀ ਤੌਰ `ਤੇ ਤਕੜਾ ਰੱਖਿਆ। ਤੁਸੀਂ ਦੇਖਦੇ ਈ ਓ, ਦੁਨੀਆਂ ਤਕੜੇ ਦੀ ਆ, ਮਾੜੇ ਦੀ ਕਾਹਦੀ ਦੁਨੀਆਂ?”
“ਤਾਂ ਫੇਰ ਮਾੜੇ ਕੀ ਕਰਨ?” ਮੈਂ ਮਲਕੜੇ ਜਿਹੇ ਪੁੱਛਿਆ ਸੀ।
ਉਹ ਮੋਟੇ ਬੁੱਲ੍ਹਾਂ ‘ਚੋਂ ਹੱਸਿਆ ਸੀ, “ਮਾੜੇ ਤਕੜੇ ਹੋਣ, ਹੋਰ ਕੀ?”
ਸੱਚੀ ਗੱਲ ਹੈ, ਮਾੜਿਆਂ ਦਾ ਤਕੜੇ ਹੋਣ ਬਿਨਾ ਗੁਜ਼ਾਰਾ ਨਹੀਂ। ਮੈਕਸਿਮ ਗੋਰਕੀ ਦਾ ਵੀ ਕਥਨ ਹੈ, ਤਕੜੇ ਮਾੜਿਆਂ ਨੂੰ ਲੁੱਟਦੇ ਹਨ ਤੇ ਸਿਆਣੇ ਮੂਰਖਾਂ ਨੂੰ ਹੋਰ ਮੂਰਖ ਬਣਾਉਂਦੇ ਹਨ। ਤਦੇ ਸੁਖਵੰਤ ਸਿੰਘ ਪੜ੍ਹ-ਲਿਖ ਕੇ ਸਿਆਣਾ ਹੋਇਆ ਤੇ ਘੋਲ ਘੁਲ ਕੇ ਤਕੜਾ। ਉਸ ਨੇ ਪਹਿਲਵਾਨਾਂ ਨਾਲ ਜੁੜੀਆਂ ਕਈ ਮਿੱਥਾਂ ਤੋੜੀਆਂ। ਇਕ ਮਿੱਥ ਸੀ ਕਿ ਕੇਸ ਰੱਖ ਕੇ ਪਹਿਲਵਾਨੀ ਨਹੀਂ ਕੀਤੀ ਜਾ ਸਕਦੀ। ਦੂਜੀ ਸੀ, ਪੜ੍ਹਿਆ-ਲਿਖਿਆ ਬੰਦਾ ਪਹਿਲਵਾਨ ਨਹੀਂ ਬਣ ਸਕਦਾ। ਤੀਜੀ ਸੀ, ਪਹਿਲਵਾਨਾਂ ਦਾ ਬੁਢੇਪਾ ਬੁਰੇ ਹਾਲੀਂ ਬੀਤਦੈ ਤੇ ਚੌਥੀ ਸੀ ਲੇਖਕ ਬਣਨਾ; ਪਰ ਸੁਖਵੰਤ ਸਿੰਘ ਨੇ ਇਹ ਚਾਰੇ ਮਿੱਥਾਂ ਤੋੜੀਆਂ। 1966 ‘ਚ ਜਦੋਂ ਉਹ ਪਹਿਲੀ ਵਾਰ ਨੈਸ਼ਨਲ ਚੈਂਪੀਅਨ ਬਣਿਆ, ਉਦੋਂ ਸਪੋਰਟਸ ਕਾਲਜ ਜਲੰਧਰ ਦਾ ਸਭ ਤੋਂ ਹੁਸਿ਼ਆਰ ਵਿਦਿਆਰਥੀ ਸੀ। ਹੁਣ ਬੁੱਢੇਵਾਰੇ ਵੀ ਘੋੜੇ ਵਰਗਾ ਪਿਆ ਅਤੇ 10 ਮਾਰਚ 2021 ਨੂੰ ਆਪਣਾ 78ਵਾਂ ਜਨਮ ਦਿਨ ਮਨਾਵੇਗਾ। ਲੱਖਾਂ ਡੰਡ ਬੈਠਕਾਂ ਲਾਉਣ ਤੇ ਸੈਂਕੜੇ ਕੁਸ਼ਤੀਆਂ ਲੜਨ ਦੇ ਬਾਵਜੂਦ ਉਸ ਦੇ ਹੱਡ ਗੋਡੇ ਹਾਲਾਂ ਕਾਇਮ ਹਨ।
ਉਸ ਦਾ ਜਨਮ 10 ਮਾਰਚ 1944 ਨੂੰ ਚੱਕ ਨੰਬਰ 361 ਝੰਗ ਬਰਾਂਚ, ਜਿਲਾ ਲਾਇਲਪੁਰ ਵਿਚ ਮਾਤਾ ਹਰਕ੍ਰਿਸ਼ਨ ਕੌਰ ਦੀ ਕੁੱਖੋਂ ਨਾਨਕੇ ਘਰ ਹੋਇਆ ਸੀ। ਉਹਦੇ ਨਾਨਾ ਜੀ ਸਰਦਾਰ ਮੋਤੀ ਸਿੰਘ ਸਹੋਤਾ ਲੰਬੜਦਾਰ ਪਿੰਡ ਪੰਡੋਰੀ ਗੰਗਾ ਸਿੰਘ, ਜਿਲਾ ਹੁਸਿ਼ਆਰਪੁਰ ਦੇ ਸਨ। ਉਨ੍ਹਾਂ ਦੀ ਚੱਕ ਨੰਬਰ 361 ਵਿਚ 15 ਮੁਰੱਬੇ ਜ਼ਮੀਨ ਸੀ। ਦਸਦੇ ਹਨ ਕਿ ਪੱਦੀ ਜਾਗੀਰ ਤੋਂ ਦੋ ਕੁ ਸੌ ਜਨੇਤੀ ਘੋੜੇ ਬੱਘੀਆਂ, ਊਠ ਬੱਘੀਆਂ, ਬੈਲ ਗੱਡੀਆਂ ਤੇ ਘੋੜੇ ਊਠਾਂ ‘ਤੇ ਬਰਾਤ ਗਏ ਸਨ। ਸੁਖਵੰਤ ਦੇ ਮਾਤਾ ਜੀ ਦਸਦੇ ਹੁੰਦੇ ਸਨ ਕਿ ਵਿਆਹ ‘ਚ 35 ਪੀਪੇ ਦੇਸੀ ਘਿਉ ਦੇ ਲੱਗੇ ਸਨ। ਇਹ ਸਮਝ ਲਓ ਕਿ ਸੁਖਵੰਤ ਘਿਉ ‘ਚ ਜੰਮਿਆ, ਘਿਉ ‘ਚ ਪਲਿਆ ਤੇ ਘਿਉ ਖਾ ਕੇ ਹੀ ਭਲਵਾਨੀ ਦੀਆਂ ਗੁਰਜਾਂ ਜਿੱਤਦਾ ਰਿਹਾ।
ਉਨ੍ਹਾਂ ਦਾ ਜੱਦੀ ਪਿੰਡ ਪੱਦੀ ਜਾਗੀਰ ਜਿਲਾ ਜਲੰਧਰ ਵਿਚ ਹੈ। ਸੁਖਵੰਤ ਦੇ ਪਿਤਾ ਭਗਤ ਗੋਬਿੰਦ ਸਿੰਘ ਪੁਲਿਸ ਵਿਚ ਥਾਣੇਦਾਰ ਸਨ ਤੇ ਕੱਦ ਕਾਠ ਦੇ ਤਕੜੇ ਜੁਆਨ ਸਨ। ਉਹ ਜੁਆਨੀ ਵਿਚ ਦੋ ਸੌ ਲੀਟਰ ਦਾ ਡਰੰਮ ਖੂਹ ‘ਚ ਲਮਕਾਉਂਦੇ ਤੇ ਪਾਣੀ ਨਾਲ ਭਰਿਆ ਡਰੰਮ ਇਕੱਲੇ ਹੀ ਬਾਹਰ ਖਿੱਚ ਲੈਂਦੇ। ਉਨ੍ਹਾਂ ਨੇ ਪੁੱਤਰ ਨੂੰ ਬਚਪਨ ਵਿਚ ਹੀ ਪਹਿਲਵਾਨੀ ਦੇ ਲੜ ਲਾ ਦਿੱਤਾ ਸੀ। ਮੁੱਛ ਫੁੱਟਦਿਆਂ ਸੁਖਵੰਤ ਸਿੰਘ ਦਾ ਕੱਦ 6 ਫੁੱਟ 3 ਇੰਚ ਹੋ ਗਿਆ ਸੀ ਤੇ ਭਾਰ ਸਵਾ ਕੁਇੰਟਲ। ਉਸ ਨੇ ਮੁੱਢਲੀ ਪੜ੍ਹਾਈ ਪੱਦੀ ਜਾਗੀਰ ਤੇ ਮੈਟ੍ਰਿਕ ਅੱਟੇ ਤੋਂ ਕਰਨ ਪਿੱਛੋਂ ਸਪੋਰਟਸ ਕਾਲਜ ਜਲੰਧਰ ਵਿਚ ਦਾਖਲਾ ਲਿਆ ਤੇ ਨਾਥਾਂ ਦੀ ਬਗੀਚੀ ਵਾਲੇ ਅਖਾੜੇ ਤੋਂ ਘੁਲਣਾ ਸ਼ੁਰੂ ਕੀਤਾ। ਛੁੱਟੀਆਂ ‘ਚ ਪਿੰਡ ਆਉਂਦਾ ਤਾਂ ਪਿਤਾ ਜੀ ਖੁਦ ਉਸ ਦੀ ਮਾਲਸ਼ ਕਰਦੇ ਤੇ ਸੌ-ਸੌ ਡੰਡ-ਬੈਠਕਾਂ ਦੇ ਪੰਦਰਾਂ ਸਪਾਟੇ ਲੁਆਉਂਦੇ। ਉਸ ਨੂੰ ਤੜਕਸਾਰ ਡੰਡ-ਬੈਠਕਾਂ ਕੱਢਦਾ ਵੇਖ ਮਾਤਾ, ਪਤੀ ਨੂੰ ਕਲਪਦੀ, “ਇਹਦਾ ਲਹੂ ਕਿਉਂ ਪੀਨਾਂ? ਉਤੋਂ ਕੱਕਰ ਪੈਂਦਾ ਤੇ ਇਹਨੂੰ ਨੰਗਾ ਡਲੀ ਅਰਗਾ ਕੱਢ ਦਿੰਨਾਂ!” ਪਰ ਪਿਤਾ ਜੀ ਸਮਝਦੇ ਸਨ ਕਿ ਭਲਵਾਨੀ ਦੀ ਭਗਤੀ ਬੜੀ ਕਠਿਨ ਹੈ ਤੇ ਇਹ ਕਰੜੀ ਤਪੱਸਿਆ ਨਾਲ ਹੀ ਸਿਰੇ ਚੜ੍ਹਨੀ ਹੈ। ਕਿਸੇ ਕਿੱਸਾਕਾਰ ਨੇ ਸੱਚ ਹੀ ਲਿਖਿਆ ਹੈ,
ਲਾਮ ਲੋਹੇ ਦੇ ਚਣੇ ਹੈ ਪਹਿਲਵਾਨੀ
ਜਿੰਦ ਬੱਕਰੇ ਵਾਂਗ ਕੁਹਾਈਦੀ ਏ।
ਮੁੜ੍ਹਕੇ ਡੋਲ੍ਹ ਕੇ ਵਿਚ ਅਖਾੜਿਆਂ ਦੇ
ਜਾਨ ਮਾਰ ਕੇ ਜਾਨ ਬਚਾਈਦੀ ਏ…।
ਪੜ੍ਹਾਈ ਤੇ ਪਹਿਲਵਾਨੀ ਦੇ ਸਿਰ ‘ਤੇ ਉਹ ਸੈਂਟਰਲ ਰਿਜ਼ਰਵ ਪੁਲਿਸ ਵਿਚ ਠਾਣੇਦਾਰ ਭਰਤੀ ਹੋਇਆ ਸੀ, ਜਿਥੋਂ ਬਟਾਲੀਅਨ ਦਾ ਕਮਾਂਡੈਂਟ ਬਣ ਕੇ ਰਿਟਾਇਰ ਹੋਇਆ। ਇਸ ਦੌਰਾਨ ਉਸ ਨੇ ਐਨ. ਆਈ. ਐਸ. ਤੋਂ ਕੋਚਿੰਗ ਦਾ ਕੋਰਸ ਪਾਸ ਕੀਤਾ ਅਤੇ ਇੰਟਰਨੈਸ਼ਨਲ ਕੁਸ਼ਤੀ ਜੱਜ ਤੇ ਰੈਫਰੀ ਬਣਿਆ। ਉਸ ਨੂੰ ਰਾਸ਼ਟਰਪਤੀ ਵੱਲੋਂ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਸਨਮਾਨਿਤ ਕੀਤਾ ਗਿਆ। ਦੇਸ਼-ਵਿਦੇਸ਼ ਵਿਚ ਉਸ ਨੂੰ ਹੋਰ ਵੀ ਕਈ ਮਾਨ ਸਨਮਾਨ ਮਿਲੇ, ਜਿਨ੍ਹਾਂ ਵਿਚ ਕੈਲੀਫੋਰਨੀਆ ਦੇ ਰਾਏ ਭਰਾਵਾਂ ਵੱਲੋਂ ਗਿਆਰਾਂ ਲੱਖਾ ਅਵਾਰਡ ਵੀ ਸ਼ਾਮਲ ਹੈ।
ਸੀ. ਆਰ. ਪੀ. ਦੀ ਨੌਕਰੀ ਕਰਦਿਆਂ ਉਸ ਨੇ ਸਾਰਾ ਭਾਰਤ ਗਾਹਿਆ। ਦਿੱਲੀ ਦੇ ਪੁਲਿਸ ਸਟੇਸ਼ਨਾਂ ਤੋਂ ਲੈ ਕੇ ਕਦੇ ਨੀਮਚ, ਮਨੀਪੁਰ, ਭੁਪਾਲ, ਜੰਮੂ ਕਸ਼ਮੀਰ, ਪੰਜਾਬ, ਮਦਰਾਸ, ਅੰਡੇਮਾਨ ਨਿਕੋਬਾਰ ਤੇ ਕਦੇ ਆਪਣੇ ਪਿੰਡ ਨੇੜੇ ਨਕੋਦਰ ‘ਚ ਡਿਊਟੀ ਨਿਭਾਈ। ਉਹਦੀ ਜੀਵਨ ਗਾਥਾ ‘ਭਾਰਤ ਦਾ ਪਹਿਲਾ ਸਰਦਾਰ ਹਿੰਦ ਕੇਸਰੀ ਪਹਿਲਵਾਨ ਸੁਖਵੰਤ ਸਿੰਘ’ ਉਸ ਦੀ ਪਤਨੀ ਸੁਰਿੰਦਰਜੀਤ ਕੌਰ ਸਿੱਧੂ ਨੇ ਉਵੇਂ ਹੀ ਲਿਖੀ, ਜਿਵੇਂ ਸੁਖਵੰਤ ਸਿੰਘ ਨੇ ਲਿਖਾਈ। ਸੁਰਿੰਦਰਜੀਤ ਕੌਰ ਨੇ ਆਪਣੀ ਤਰਫੋਂ ਲਿਖਿਆ, “ਇਹ ਕਿਤਾਬ ਮੈਂ ਪਾਠਕਾਂ ਦੀ ਸੁਵਿਧਾ ਲਈ ਪਹਿਲਵਾਨ ਸਾਹਿਬ ਦੀ ਜ਼ੁਬਾਨੀ ਲਿਖ ਰਹੀ ਹਾਂ, ਕਿਉਂਕਿ ਸ਼ਾਇਦ ਮੈਂ ਆਪਣੇ ਸ਼ਬਦਾਂ ਵਿਚ ਵੱਡੇ ਦੰਗਲਾਂ ਦਾ ਵੇਰਵਾ ਅੱਛੀ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਨਾ ਲਿਖ ਸਕਦੀ। ਇਸ ਕਰਕੇ ਮੈਂ ਇਨ੍ਹਾਂ ਦੇ ਸ਼ਬਦਾਂ ਵਿਚ ਹੀ ਲਿਖਣ ਦੀ ਕੋਸਿ਼ਸ਼ ਕੀਤੀ ਹੈ। ਇਉਂ ਇਹ ਸੁਖਵੰਤ ਸਿੰਘ ਦੀ ਸਵੈਜੀਵਨੀ ਹੀ ਕਹੀ ਜਾ ਸਕਦੀ ਹੈ।” ਇਸ ਵਿਚ ਪਹਿਲਵਾਨਾਂ ਦੀ ਦੁਨੀਆਂ ਦੇ ਦਰਸ਼ਨ ਕਰਾਉਣ ਨਾਲ ਹੋਰ ਵੀ ਕਾਫੀ ਰੌਚਕ ਮਸਾਲਾ ਹੈ। ਫਲਸਫਾਨਾ ਅੰਦਾਜ਼ ਵਿਚ ਜੀਵਨ ਦੀਆਂ ਅਟੱਲ ਸੱਚਾਈਆਂ ਬਿਆਨ ਕੀਤੀਆਂ ਹਨ।
ਸੁਰਿੰਦਰਜੀਤ ਕੌਰ ਲਿਖਦੀ ਹੈ ਕਿ ਪਹਿਲਵਾਨ ਸਾਹਿਬ ਇਕ ਬਹੁ-ਪੱਖੀ ਸ਼ਖਸੀਅਤ ਹਨ। ਉਹ ਬਾ-ਰਸੂਖ ਪੁਲਿਸ ਅਫਸਰ, ਜੀਅਦਾਰ ਪਹਿਲਵਾਨ, ਆਗਿਆਕਾਰ ਪੁੱਤਰ, ਪਿਆਰਾ ਵੀਰ, ਮੋਹ ਭਰਿਆ ਪਿਤਾ ਤੇ ਬਹੁਤ ਹੀ ਪਿਆਰਾ ਪਤੀ ਹੈ। ਪਿਆਰ ਤਾਂ ਜਾਣੀ ਇਨ੍ਹਾਂ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਹੈ…ਕਈ ਬਜੁਰਗਾਂ ਦੇ ਮੂੰਹੋਂ ਇਹ ਸੁਣ ਕੇ ਬੜਾ ਮਜ਼ਾ ਆਉਂਦਾ ਹੈ, ਜਦੋਂ ਉਹ ਕਹਿੰਦੇ ਹਨ, ‘ਸੁੱਖਿਆ ਭੁੱਖਿਆ ਤੂੰ ਬਹੁਤ ਪਿਆਰਾ ਹੈਂ!’
ਸੁਖਵੰਤ ਸਿੰਘ ਦੀਆਂ ਤਿੰਨ ਭੈਣਾਂ ਹਨ ਤੇ ਇਕ ਭਰਾ, ਜੋ ਪੱਦੀ ਜਾਗੀਰ ਵਿਚ ਰੁਸਤਮ ਫਾਰਮ ‘ਤੇ ਖੇਤੀਬਾੜੀ ਕਰਦੈ। ਵਿਆਹੀਆਂ ਵਰੀਆਂ ਤਿੰਨ ਧੀਆਂ ਤੇ ਇਕ ਪੁੱਤਰ ਹੈ, ਜੋ ਕੈਨੇਡਾ ਦੀ ਆਰ. ਸੀ. ਐਮ. ਪੀ. ਵਿਚ ਕਾਰਪੋਰਲ ਅਫਸਰ ਹੈ। ਉਸ ਦੀ ਪਤਨੀ ਵੀ ਪੁਲਿਸ ਅਫਸਰ ਹੈ। ਦੋ ਪੋਤੇ ਹਨ, ਜੋ ਸਕੂਲ ਜਾਣ ਲੱਗੇ ਹਨ। ਬਾਬਾ ਸੁਖਵੰਤ ਸਿਓਂ ਉਨ੍ਹਾਂ ਨੂੰ ਪੰਜ ਡਾਲਰ ਦੇ ਕੇ ਵਡਿਆ ਲੈਂਦਾ ਹੈ ਤੇ ਕਮਰੇ ਦੀ ਸਾਫ ਸਫਾਈ ਕਰਵਾ ਲੈਂਦਾ ਹੈ। ਪਰਿਵਾਰ ਦਾ ਪੱਕਾ ਟਿਕਾਣਾ ਕੈਨੇਡਾ ਦੇ ਸ਼ਹਿਰ ਸੱਰੀ ਵਿਚ ਹੈ, ਜਦ ਕਿ ਪੱਕਾ ਪਤਾ ਪੱਦੀ ਜਾਗੀਰ, ਜਿਲਾ ਜਲੰਧਰ ਦਾ ਹੀ ਹੈ। ਉਥੇ ਉਨ੍ਹਾਂ ਦਾ ਬੀੜ ਸ਼ੇਰ ਸਿੰਘ ਵਿਖੇ ਰੁਸਤਮ ਫਾਰਮ ਹਾਊਸ ਹੈ। ਸਿਆਲ ‘ਚ ਉਹ ਵਤਨੀਂ ਗੇੜਾ ਮਾਰਦੇ ਹਨ।
‘ਭਾਰਤ ਦਾ ਪਹਿਲਾ ਸਰਦਾਰ ਹਿੰਦ ਕੇਸਰੀ ਪਹਿਲਵਾਨ ਸੁਖਵੰਤ ਸਿੰਘ’ ਕੌਫੀ ਟੇਬਲ ਬੁੱਕ ਵਰਗੀ ਪੁਸਤਕ ਹੈ, ਜਿਸ ਦੇ 204 ਮੋਮੀ ਪੰਨਿਆਂ `ਤੇ ਪਹਿਲਵਾਨ ਦੇ ਪਰਿਵਾਰ, ਜੀਵਨ, ਨੌਕਰੀ ਅਤੇ ਕੁਸ਼ਤੀਆਂ ਜਿੱਤਣ ਲਈ ਕੀਤੇ ਸੰਘਰਸ਼ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। 40 ਪੰਨੇ ਕਾਲੀਆਂ ਚਿੱਟੀਆਂ ਤਸਵੀਰਾਂ ਤੇ 48 ਪੰਨੇ ਰੰਗਦਾਰ ਤਸਵੀਰਾਂ ਦੇ ਹਨ, ਜਿਨ੍ਹਾਂ ਵਿਚੋਂ ਪਹਿਲਵਾਨ, ਉਨ੍ਹਾਂ ਦੇ ਪਰਿਵਾਰ ਅਤੇ ਹੋਰਨਾਂ ਪਹਿਲਵਾਨਾਂ ਦੇ ਦਰਸ਼ਨ ਦੀਦਾਰ ਹੁੰਦੇ ਹਨ। ਪੁਸਤਕ ਬੜੀ ਰੀਝ ਨਾਲ ਛਾਪੀ ਹੈ। ਨੌਜੁਆਨਾਂ ਲਈ ਇਹ ਪ੍ਰੇਰਨਾ ਦਾ ਸੋਮਾ ਸਿਧ ਹੋ ਸਕਦੀ ਹੈ। ਪੁਸਤਕ ਦੇ ਪਹਿਲੇ ਪੰਨੇ `ਤੇ ਲਿਖਿਆ ਹੈ: ਵਾਰਸ ਸ਼ਾਹ ਉਹ ਸਦਾ ਹੀ ਜੀਂਵਦੇ ਨੇ, ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਸਮਰਪਣ, ਪਰਮ ਸਤਿਕਾਰਯੋਗ ਸਵਰਗਵਾਸੀ ਸਰਦਾਰ ਭਗਤ ਗੋਬਿੰਦ ਸਿੰਘ ਥਾਣੇਦਾਰ ਸਾਹਿਬ ਨੂੰ, ਜਿਨ੍ਹਾਂ ਦੀ ਲਗਨ ਅਤੇ ਜਨੂੰਨ ਨੇ ਪਹਿਲਵਾਨ ਸਾਹਿਬ ਨੂੰ ਇਸ ਪਦਵੀ `ਤੇ ਪੁਚਾਇਆ।
ਪੁਸਤਕ ਵਿਚ ਕੁਸ਼ਤੀ ਦੇ ਫਲਸਫੇ ਤੋਂ ਲੈ ਕੇ ਸੁਖਵੰਤ ਸਿੰਘ ਦਾ ਪਰਿਵਾਰਕ ਪਿਛੋਕੜ, ਮੁੱਢਲੀ ਸਿੱਖਿਆ, ਹਾਈ ਸਕੂਲ ਤੇ ਕਾਲਜਾਂ ਦੀ ਸਿੱਖਿਆ ਤੇ ਕੁਸ਼ਤੀ ਦੀ ਸਿੱਖਿਆ ਬਾਰੇ ਵੇਰਵੇ ਨਾਲ ਜਾਣਕਾਰੀ ਦਿੱਤੀ ਹੈ। ਜੀਵਨ ਦੀਆਂ ਖੁਸ਼ੀਆਂ ਗਮੀਆਂ ਸਾਂਝੀਆਂ ਕੀਤੀਆਂ ਹਨ। ਜਿੱਤੀਆਂ ਜਿੱਤਾਂ ਦਾ ਜਲੌਅ ਵਿਖਾਇਆ ਹੈ। ਮੈਡਲਾਂ ਤੇ ਗੁਰਜਾਂ ਦਾ ਜਿ਼ਕਰ ਕੀਤਾ ਹੈ। ਖੇਡ ਸਭਿਆਚਾਰ ਦੀ ਗੱਲ ਕੀਤੀ ਹੈ। ਬੱਚਿਆਂ, ਵਿਦਿਆਥੀਆਂ ਤੇ ਨੌਜੁਆਨਾਂ ਨੂੰ ਸਰੀਰਕ ਕਸਰਤ ਤੇ ਖੇਡਾਂ ਦੇ ਲੜ ਲੱਗਣ ਲਈ ਪ੍ਰੇਰਿਆ ਗਿਆ ਹੈ। ਅਦਬ-ਅਦਾਬ ਦੇ ਗੁਣ ਦੱਸੇ ਹਨ। ਨਫਰਤ ਦੀ ਥਾਂ ਪਿਆਰ ਵੰਡਣ ਦੀ ਪ੍ਰੇਰਨਾ ਹੈ। ਦੀਨ ਤੇ ਦੁਨਿਆਵੀ ਗੱਲਾਂ ਹਨ। ਸੁਖਵੰਤ ਨਿੱਕੀਆਂ ਖੁਸ਼ੀਆਂ ਨਾਲ ਸੰਤੁਸ਼ਟ ਹੋ ਜਾਣ ਵਾਲਾ ਵੱਡਾ ਪਹਿਲਵਾਨ ਹੈ। ਉਹਦੇ ਬਾਰੇ ਅਨੇਕਾਂ ਕਲਮਾਂ ਨੇ ਲੇਖ ਲਿਖੇ। ਕਿਸੇ ਨੇ ਉਸ ਨੂੰ ‘ਪਿਆਰ ਦਾ ਵਗਦਾ ਦਰਿਆ’ ਕਿਹਾ, ਕਿਸੇ ਨੇ ‘ਕੀਮਤੀ ਗੁਣਾਂ ਦਾ ਸੁਮੇਲ’ ਤੇ ਕਿਸੇ ਨੇ ‘ਹਰਮਨ ਪਿਆਰੀ ਸ਼ਖਸੀਅਤ’ ਆਖਿਆ ਹੈ। ਕਿਸੇ ਨੇ ‘ਚੀਤੇ ਕੀ ਤਰਹ ਝਪਟਨੇ ਵਾਲਾ ਪਹਿਲਵਾਨ’ ‘ਬੇਟਾ ਬਾਪ ਸੇ ਸਵਾਇਆ’, ‘ਬੁਧੀਜੀਵੀ ਪਹਿਲਵਾਨ’, ‘ਭਾਰਤ ਦਾ ਸਰਦਾਰ ਹਿੰਦ ਕੇਸਰੀ’ ਕਿਸੇ ਨੇ ਹਸਮੁੱਖ ਤੇ ਮਿਲਾਪੜੇ ਸੁਭਾਅ ਵਾਲਾ ਤੇ ਕਿਸੇ ਨੇ ‘ਪੱਦੀ ਜਾਗੀਰ ਦੇ ਸਰਦਾਰਾਂ ਦਾ ਪੁੱਤ’ ਆਦਿ ਦੇ ਸਿਰਲੇਖ ਦਿੱਤੇ ਹਨ।
ਪੁਲਿਸ ਦਾ ਵੱਡਾ ਅਫਸਰ ਬਣ ਕੇ ਅਤੇ ਪਹਿਲਵਾਨੀ ਦੀਆਂ ਗੁਰਜਾਂ ਜਿੱਤ ਕੇ ਵੀ ਉਹ ਆਪਣੇ ਹੱਥੀਂ ਕੰਮ ਕਰਨ ਵੱਲੋਂ ਮੁੱਖ ਨਹੀਂ ਮੋੜਦਾ। ਉਸ ਦੀ ਪਤਨੀ ਨੇ ਲਿਖਿਆ, “ਅਸੀਂ ਮਿਲਣ-ਗਿਲਣ ਲਈ ਦਿੱਲੀਓਂ ਪਿੰਡ ਪਹੁੰਚੇ। ਪਿਤਾ ਜੀ ਇਨ੍ਹਾਂ ਨੂੰ ਖੂਹ `ਤੇ ਲੈ ਗਏ। ਇਨ੍ਹਾਂ ਨੇ ਡੰਡ ਬੈਠਕਾਂ ਕੱਢੀਆਂ ਤੇ ਹਲਟ ਖਿੱਚਿਆ। ਪਿਤਾ ਜੀ ਵਰਜਿਸ਼ ਦੇਖ ਕੇ ਬਹੁਤ ਖੁਸ਼ ਹੋਏ। ਵਰਜਿਸ਼ ਤੋਂ ਬਾਅਦ ਇਨ੍ਹਾਂ ਦੀ ਮਾਲਸ਼ ਕਰ ਰਹੇ ਸਨ, ਜਦ ਸੀਰੀ ਨੇ ਆ ਕੇ ਦੱਸਿਆ ਕਿ ਰੂੜੀ ਖਿਲਾਰਨ ਵਾਸਤੇ ਦਿਹਾੜੀਦਾਰ ਨਹੀਂ ਮਿਲੇ। ਪਿਤਾ ਜੀ ਕਹਿਣ ਲੱਗੇ, ਸੁੱਖੇ ਫੜ ਕਹੀ ਤੇ ਦਸ ਕੁ ਗੱਡੇ ਰੂੜੀ ਖੇਤਾਂ `ਚ ਖਿਲਾਰ ਦੇਹ, ਕਿਉਂਕਿ ਸਵੇਰ ਨੂੰ ਖੇਤ ਵਾਹੁਣੇ ਹਨ। ਮੈਂ ਘਰ ਜਾਨਾਂ ਤੇ ਤੇਰੇ ਵਾਸਤੇ ਬਦਾਮਾਂ ਦੀ ਸਰਦਾਈ ਰਗੜ ਕੇ ਲਿਆਉਨਾਂ। ਸਾਡੇ ਘਰ ਅਖਾੜਾ ਗੁੱਡਣ ਵਾਲੀ ਕਹੀ ਬਹੁਤ ਵੱਡੀ ਸੀ। ਸਿਰਫ ਪਹਿਲਵਾਨ ਸਾਹਿਬ ਹੀ ਉਸ ਨੂੰ ਚਲਾ ਸਕਦੇ ਸਨ। ਪਹਿਲਵਾਨ ਸਾਹਿਬ ਤਾਂ ਹਰ ਰੋਜ਼ ਉਸ ਕਹੀ ਨਾਲ ਅਖਾੜਾ ਗੁੱਡਦੇ ਸਨ। ਪਹਿਲਵਾਨੀ ਵਿਚ ਅਖਾੜਾ ਗੁੱਡਣਾ ਵੀ ਵਧੀਆ ਵਰਜਿਸ਼ ਹੈ। ਪਿਤਾ ਜੀ ਦੱਸਦੇ ਹੁੰਦੇ ਸਨ ਕਿ ਪਹਿਲਵਾਨ ਰਹੀਮ ਸੁਲਤਾਨੀ ਵਾਲਾ ਸਿਤਾਰੇ-ਹਿੰਦ ਆਪਣੀ ਸਭ ਤੋਂ ਵੱਧ ਵਰਜਿਸ਼ ਭਾਰੀ ਕਹੀ ਨਾਲ ਅਖਾੜਾ ਗੁੱਡ ਕੇ ਹੀ ਕਰਦਾ ਹੁੰਦਾ ਸੀ।
ਪਹਿਲਵਾਨ ਸਾਹਿਬ ਨੇ ਦੋ ਕੁ ਘੰਟਿਆਂ ਵਿਚ ਸਾਰੀ ਰੂੜੀ ਖੇਤਾਂ ਵਿਚ ਖਿਲਾਰ ਦਿੱਤੀ। ਪਿਤਾ ਜੀ ਬਹੁਤ ਖੁਸ਼ ਹੋਏ ਤੇ ਸ਼ਾਬਾਸ਼ ਦਿੰਦਿਆਂ ਕਿਹਾ ਕਿ ਇਹੋ ਕੰਮ ਦੋ ਦਿਹਾੜੀਆਂ ਨੇ ਪੂਰੀ ਦਿਹਾੜੀ ਵਿਚ ਕਰਨਾ ਸੀ। ਰਿਟਾਇਰ ਹੋਣ ਪਿੱਛੋਂ ਉਹ ਬੱਚਿਆਂ ਪਾਸ ਕੈਨੇਡਾ ਚਲਾ ਗਿਆ, ਜਿਥੇ ਪੂਰਾ ਪਰਿਵਾਰ ਹੀ ਸੈਟਲ ਹੋ ਗਿਆ। ਉਥੇ ਉਹ ਕੋਈ ਨਾ ਕੋਈ ਡਿਊਟੀ ਨਿਭਾਉਂਦਾ ਆ ਰਿਹੈ। ਇਥੋਂ ਤੱਕ ਕਿ 77ਵੇਂ ਸਾਲ ਦੀ ਉਮਰ ਵਿਚ ਵੀ ਆਪਣੇ ਆਪ ਨੂੰ ਰੁਝੇਵੇਂ ਵਿਚ ਰੱਖ ਰਿਹੈ ਤੇ ਪਾਰਟ ਟਾਈਮ ਕੰਮ ਕਰੀ ਜਾ ਰਿਹੈ।
ਸੁਰਿੰਦਰਜੀਤ ਕੌਰ ਲਿਖਦੀ ਹੈ, “ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੀ ਹਾਂ ਕਿ ਪਹਿਲਵਾਨ ਸਾਹਿਬ ਨੇ ਪਟਿਆਲੇ ਦੀ ਨੈਸ਼ਨਲ ਚੈਂਪੀਅਨਸਿ਼ਪ ਦੇ ਗੋਲਡ ਮੈਡਲ ਤੋਂ ਬਿਨਾ ਬਾਕੀ ਸਾਰੇ ਕੁਸ਼ਤੀ ਦੇ ਵੱਡੇ ਟਾਈਟਲ, ਗੋਲਡ ਮੈਡਲ ਤੇ ਹੋਰ ਜਿੱਤਾਂ ਸਾਡੀ ਸ਼ਾਦੀ ਹੋਣ ਤੋਂ ਬਾਅਦ ਹੀ ਜਿੱਤੇ ਹਨ ਤੇ ਅੱਜ ਜੋ ਵੀ ਇੱਜ਼ਤ ਮਾਣ, ਸ਼ੁਹਰਤ, ਰੈਂਕ, ਪੈਸਾ ਜੋ ਵੀ ਹੈ, ਇਹ ਸਭ ਪਹਿਲਵਾਨੀ ਦੀ ਹੀ ਦੇਣ ਹੈ।” ਇਸ ਤੱਥ ਨਾਲ ਇਕ ਹੋਰ ਮਿੱਥ ਵੀ ਟੁੱਟ ਜਾਂਦੀ ਹੈ ਕਿ ਕੋਈ ਪਹਿਲਵਾਨ ਵਿਆਹੇ ਵਰੇ ਜਾਣ ਤੇ ਕਬੀਲਦਾਰ ਬਣਨ ਪਿੱਛੋਂ ਤਕੜਾ ਪਹਿਲਵਾਨ ਨਹੀਂ ਰਹਿ ਸਕਦਾ ਜਾਂ ਹੋਰ ਜਿੱਤਾਂ ਨਹੀਂ ਜਿੱਤ ਸਕਦਾ।
ਪਹਿਲਵਾਨ ਸੁਖਵੰਤ ਸਿੰਘ ਸਾਹਿਤ ਪੜ੍ਹਨ ਦਾ ਸ਼ੌਕੀਨ ਹੋਣ ਨਾਲ ਖੋਜੀ ਬਿਰਤੀ ਵਾਲਾ ਖੋਜਾਰਥੀ ਵੀ ਹੈ। ਆਪਣੇ ਪਰਿਵਾਰਕ ਪਿਛੋਕੜ ਬਾਰੇ ਲਿਖਦਾ ਹੈ, “ਮੈਂ ਇਕ ਚੰਗੇ ਜੱਟ ਪਰਿਵਾਰ ਵਿਚ ਪੈਦਾ ਹੋਇਆ। ਇਸ ਪਰਿਵਾਰ ਦਾ ਸਬੰਧ ਪਿੱਛੋਂ ਫੂਲ-ਮਹਿਰਾਜ ਘਰਾਣੇ ਨਾਲ ਹੈ। ਸਾਡੇ ਬਜੁਰਗਾਂ ਦੇ ਏਥੇ ਬਾਈ ਪਿੰਡ ਹਨ। ਇਸੇ ਕਰਕੇ ਇਸ ਇਲਾਕੇ ਨੂੰ ਬਾਹੀਆ ਕਹਿੰਦੇ ਹਨ। ਸਾਡੇ ਵੱਡੇ ਵਡੇਰੇ ਮਾਲਵੇ ਵਿਚੋਂ ਆ ਕੇ ਦੁਆਬੇ ਦੀ ਧਰਤੀ `ਤੇ ਵਸ ਗਏ। ਵੱਡੇ ਵਡੇਰਿਆਂ ਦੀ ਦੁਆਬੇ ਵਿਚ ਆ ਕੇ ਵਸ ਜਾਣ ਦੀ ਇਕ ਦਿਲਚਸਪ ਕਹਾਣੀ ਹੈ। ਸਾਡੇ ਬਜੁਰਗ ਦੱਸਦੇ ਹਨ ਕਿ ਸਾਡੇ ਸਭ ਤੋਂ ਵੱਡੇ ਬਜੁਰਗ ਸਰਦਾਰ ਸ਼ੇਰ ਸਿੰਘ ਹੁਣਾਂ ਦੀ ਭੂਆ ਸਰਦਾਰਨੀ ਸਾਹਿਬ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਕਰਨਲ ਮੇਘ ਸਿੰਘ ਦੀ ਪਤਨੀ ਸੀ। ਅੰਗਰੇਜ਼ ਉਸ ਵਕਤ ਬੜੀ ਚੜ੍ਹਾਈ ਵਿਚ ਸਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਅਤੇ ਘਰ `ਚ ਫੁੱਟ ਪੈ ਗਈ ਸੀ, ਜਿਸ ਦੇ ਨਤੀਜੇ ਵਜੋਂ ਸਿੱਖ ਫੌਜਾਂ ਹਰ ਰੋਜ਼ ਹਾਰ ਰਹੀਆਂ ਸਨ। ਇਨ੍ਹਾਂ ਲੜਾਈਆਂ ਵਿਚ ਹੀ ਕਰਨਲ ਮੇਘ ਸਿੰਘ ਸ਼ਹੀਦ ਹੋ ਗਏ ਤੇ ਅੰਗਰੇਜ਼ਾਂ ਨੇ ਫਿਲੌਰ ਦੇ ਇਤਿਹਾਸਕ ਕਿਲੇ ਨੂੰ ਘੇਰ ਲਿਆ। ਕਰਨਲ ਮੇਘ ਸਿੰਘ ਦੀ ਰਿਹਾਇਸ਼ ਫਿਲੌਰ ਦੇ ਇਸੇ ਕਿਲੇ ਵਿਚ ਸੀ। ਸਰਦਾਰਨੀ ਸਾਹਿਬ ਕੌਰ ਨੂੰ ਪਤੀ ਦੀ ਮੌਤ `ਤੇ ਕਿਲੇ ਨੂੰ ਅੰਗਰੇਜ਼ਾਂ ਦੇ ਘੇਰੇ ਦਾ ਪਤਾ ਲੱਗ ਗਿਆ। ਸਰਦਾਰਨੀ ਬਹੁਤ ਹੀ ਦਲੇਰ ਤੇ ਸਮਝਦਾਰ ਔਰਤ ਸੀ। ਸਰਦਾਰਨੀ ਨੇ ਅੰਗਰੇਜ਼ਾਂ ਨਾਲ ਨਿਪਟਨ ਲਈ ਕਿਲੇ ਦੇ ਦਰਵਾਜੇ ਖੁਲ੍ਹਵਾ ਦਿੱਤੇ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਈ। ਅੰਗਰੇਜ਼ ਅਫਸਰ ਸਰਦਾਰਨੀ ਦੀ ਇਸ ਦਲੇਰੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਤੇ ਸਰਦਾਰਨੀ ਨੂੰ ਇਕ ਪਿੰਡ ਜਾਗੀਰ ਵਜੋਂ ਦੇਣ ਦੀ ਪੇਸ਼ਕਸ਼ ਕੀਤੀ। ਸਰਦਾਰਨੀ ਨੇ ਮਨਜ਼ੂਰ ਕਰ ਲਈ ਤੇ ਕਿਲਾ ਛੱਡਣ ਲਈ ਰਜ਼ਾਮੰਦ ਹੋ ਗਈ। ਬਜੁਰਗ ਦਸਦੇ ਹਨ ਕਿ ਸਰਦਾਰਨੀ ਆਪਣਾ ਲਾਮ ਲਸ਼ਕਰ ਅਤੇ ਸੇਵਾਦਾਰਾਂ ਨੂੰ ਲੈ ਕੇ ਕਿਲੇ ਫਿਲੌਰ ਤੋਂ ਗੁਰਾਇਆ ਵੱਲ ਨੂੰ ਚੱਲ ਪਈ। ਗੁਰਾਇਆ ਤੋਂ ਕਰੀਬ ਤਿੰਨ ਕੁ ਮੀਲ `ਤੇ ਇਕ ਥੇਹ ਆਇਆ, ਜਿਥੇ ਉਨ੍ਹਾਂ ਨੇ ਆਪਣੀਆਂ ਘੋੜੇ ਗੱਡੀਆਂ ਰੋਕ ਕੇ ਪੜਾਅ ਕੀਤਾ। ਇਸ ਥੇਹ ਵਾਲੇ ਪਿੰਡ ਦਾ ਨਾਂ ਪੱਦੀ ਸੀ। ਸਵੇਰੇ ਉੱਠ ਕੇ ਪੱਦੀ ਪਿੰਡ ਦੇ ਲੋਕਾਂ ਨੂੰ ਸਰਦਾਰਨੀ ਦੇ ਸੇਵਾਦਾਰਾਂ ਤੋਂ ਸਾਰਾ ਹਾਲ ਪਤਾ ਲੱਗਾ ਤਾਂ ਪਿੰਡ ਦੇ ਮੋਹਤਬਰ ਬੰਦਿਆਂ ਨੇ ਸਰਦਾਰਨੀ ਨੂੰ ਇਹੋ ਪਿੰਡ ਜਾਗੀਰ ਵਿਚ ਲੈਣ ਲਈ ਕਿਹਾ। ਸਰਦਾਰਨੀ ਨੇ ਇਹ ਗੱਲ ਮੰਨ ਲਈ ਤੇ ਅੰਗਰੇਜ਼ ਸਰਕਾਰ ਨੂੰ ਇਹੋ ਪਿੰਡ ਜਾਗੀਰ ਵਜੋਂ ਦੇਣ ਲਈ ਕਿਹਾ। ਅੰਗਰੇਜ਼ ਸਰਕਾਰ ਨੇ ਇਸ ਪਿੰਡ ਦੇ ਨਾਂ ਨਾਲ ਜਾਗੀਰ ਜੋੜ ਕੇ ਪਿੰਡ ਦਾ ਨਾਂ ਪੱਦੀ ਜਾਗੀਰ ਰੱਖ ਦਿੱਤਾ। ਬਹੁਤ ਦੇਰ ਤਕ ਇਸ ਪਿੰਡ ਨੂੰ ਸਰਦਾਰਨੀ ਦੀ ਪੱਦੀ ਵੀ ਕਹਿੰਦੇ ਰਹੇ ਹਨ।
ਬਜੁਰਗ ਦਸਦੇ ਸਨ ਕਿ ਸਰਦਾਰਨੀ ਦਾ ਇਕ ਹੀ ਬੇਟਾ ਸੀ, ਜਿਸ ਦੀ ਉਮਰ ਉਸ ਵੇਲੇ ਦਸ ਕੁ ਸਾਲ ਦੀ ਸੀ। ਆਪਣੇ ਬੇਟੇ ਦੇ ਨਾਲ ਰਹਿਣ ਲਈ ਸਰਦਾਰਨੀ ਨੇ ਆਪਣੇ ਭਰਾ ਦਾ ਬੇਟਾ ਸ਼ੇਰ ਸਿੰਘ, ਜੋ ਕਰੀਬ ਉਸੇ ਉਮਰ ਦਾ ਸੀ, ਪਿੰਡ ਮਹਿਰਾਜ ਤੋਂ ਆਪਣੇ ਕੋਲ ਲੈ ਆਂਦਾ। ਸਰਦਾਰਨੀ ਦੇ ਬੇਟੇ ਦੀ ਬਚਪਨ ਵਿਚ ਹੀ ਮੌਤ ਹੋ ਗਈ। ਕਰਨਲ ਮੇਘ ਸਿੰਘ ਦੇ ਅਸਲੀ ਵਾਰਸ ਦੀ ਮੌਤ ਹੋ ਜਾਣ ਨਾਲ ਅੰਗਰੇਜ਼ ਸਰਕਾਰ ਨੇ ਦਿੱਤੀ ਗਈ ਜਾਗੀਰ ਵਾਪਸ ਲੈ ਲਈ। ਹੁਣ ਸਰਦਾਰਨੀ ਦਾ ਇਕੋ ਇਕ ਸਹਾਰਾ ਉਸ ਦਾ ਭਤੀਜਾ ਸ਼ੇਰ ਸਿੰਘ ਸੀ। ਸਰਦਾਰਨੀ ਨੇ ਆਸ-ਪਾਸ ਦੇ ਪਿੰਡਾਂ ਤੋਂ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ ਤੇ ਸਰਦਾਰ ਸ਼ੇਰ ਸਿੰਘ ਦੇ ਨਾਂ ਲੁਆਉਣੀ ਸ਼ੁਰੂ ਕਰ ਦਿੱਤੀ। ਪੱਦੀ ਜਾਗੀਰ ਦੇ ਨਾਲ ਦੇ ਬੜੇ ਪਿੰਡ ਤੋਂ 100 ਏਕੜ ਜ਼ਮੀਨ ਖਰੀਦ ਕੇ ਸਰਦਾਰ ਸ਼ੇਰ ਸਿੰਘ ਦੇ ਨਾਂ ਲੁਆਈ, ਜਿਸ ਨੂੰ ਅੱਜ ਵੀ ਬੀੜ ਸਰਦਾਰ ਸ਼ੇਰ ਸਿੰਘ ਕਹਿੰਦੇ ਹਨ। ਇਹ ਬੇ-ਚਿਰਾਗ ਪਿੰਡ ਅੱਜ ਵੀ ਸਰਕਾਰੀ ਨਕਸ਼ੇ ਵਿਚ ਹੈ। ਤੇ ਇਸ ਪਿੰਡ ਦੇ ਸਰਦਾਰ ਸ਼ੇਰ ਸਿੰਘ ਤੋਂ ਬਾਅਦ ਮੇਰੇ ਦਾਦਾ ਜੀ ਸਰਦਾਰ ਉਧੇ ਸਿੰਘ ਲੰਬੜਦਾਰ ਸਨ। ਫਿਰ ਮੇਰੇ ਪਿਤਾ ਜੀ ਲੰਬੜਦਾਰ ਸਨ ਤੇ ਹੁਣ ਮੇਰਾ ਛੋਟਾ ਭਰਾ ਸਰਦਾਰ ਇੰਦਰਰਾਜ ਸਿੰਘ ਲੰਬੜਦਾਰ ਹੈ।
ਸਰਦਾਰ ਸ਼ੇਰ ਸਿੰਘ ਨੇ ਪਿੰਡ ਪੱਦੀ ਜਾਗੀਰ ਦੇ ਉਸ ਥੇਹ ਉਤੇ ਕਿਲਾ ਸਰਦਾਰ ਸ਼ੇਰ ਸਿੰਘ ਬਣਵਾਇਆ ਸੀ। ਇਹ ਕਿਲਾ ਅੱਜ ਤੱਕ ਸਰਦਾਰ ਸ਼ੇਰ ਸਿੰਘ ਦੇ ਪਰਿਵਾਰ ਦੀ ਰਿਹਾਇਸ਼ਗਾਹ ਹੈ। ਇਸੇ ਕਿਲੇ ਵਿਚ ਮੈਂ ਆਪਣਾ ਬਚਪਨ ਗੁਜ਼ਾਰਿਆ ਤੇ ਇਥੇ ਹੀ ਕਸਰਤਾਂ ਕਰਦਾ ਪਹਿਲਵਾਨ ਬਣਿਆ। ਅੱਜ ਵੀ ਮੇਰੀ ਪੱਕੀ ਰਿਹਾਇਸ਼ ਸਰਦਾਰ ਸ਼ੇਰ ਸਿੰਘ ਦੇ ਪਹਿਲੇ ਜੱਦੀ ਘਰ ਵਿਚ ਹੈ। ਸਰਦਾਰ ਸ਼ੇਰ ਸਿੰਘ ਦੇ ਚਾਰ ਬੇਟੇ ਸਨ। ਮੇਰਾ ਪੜਦਾਦਾ ਸਰਦਾਰ ਦਲੀਪ ਸਿੰਘ ਉਨ੍ਹਾਂ ਦਾ ਸਭ ਤੋਂ ਵੱਡਾ ਬੇਟਾ ਸੀ। ਸਾਡੀ ਬੰਸਾਵਲੀ ਇੰਜ ਤੁਰਦੀ ਆ ਰਹੀ ਹੈ- ਸਰਦਾਰ ਸ਼ੇਰ ਸਿੰਘ ਦਾ ਬੇਟਾ ਦਲੀਪ ਸਿੰਘ, ਅੱਗੇ ਉਦੈ ਸਿੰਘ, ਅੱਗੇ ਭਗਤ ਗੋਬਿੰਦ ਸਿੰਘ, ਅੱਗੇ ਸੁਖਵੰਤ ਸਿੰਘ, ਮੇਰਾ ਬੇਟਾ ਸੰਜੀਵਨ ਸਿੰਘ ਤੇ ਉਸ ਦੇ ਬੇਟੇ ਕਾਕਾ ਉਦੈ ਪ੍ਰਤਾਪ ਸਿੰਘ ਤੇ ਕਾਕਾ ਵੀਰ ਪ੍ਰਤਾਪ ਸਿੰਘ।
ਰਾਣੀ ਸਾਹਿਬ ਕੌਰ ਦੀ ਸਮਾਧ ਹਾਲੀ ਵੀ ਸਾਡੇ ਕਿਲੇ ਵਿਚ ਹੈ। ਸਾਡੇ ਪਰਿਵਾਰ ਦੀ ਰਵਾਇਤ ਅਨੁਸਾਰ ਸਾਡੇ ਪਰਿਵਾਰ ਵਿਚ ਜਦ ਲੜਕਾ ਪੈਦਾ ਹੁੰਦਾ ਹੈ ਜਾਂ ਨਵ-ਵਿਆਹੀ ਵਹੁਟੀ ਆਉਂਦੀ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਮਾਤਾ ਦੀ ਸਮਾਧ ‘ਤੇ ਮੱਥਾ ਟਿਕਾਇਆ ਜਾਂਦਾ ਹੈ। ਪਿਤਾ ਜੀ ਨੇ ਆਪਣੇ ਪੂਰੇ ਹੋਣ ਤੋਂ ਪਹਿਲਾਂ ਹੀ ਸਾਨੂੰ ਦੋਹਾਂ ਭਰਾਵਾਂ ਨੂੰ ਬਿਠਾ ਕੇ ਜ਼ਮੀਨ, ਜਾਇਦਾਦ, ਘਰ ਬਾਰ, ਸਭ ਕੁਝ ਵੰਡ ਦਿੱਤਾ ਸੀ। ਪਰਮਾਤਮਾ ਦਾ ਸੱਦਾ ਆਉਣ ‘ਤੇ ਉਹ ਚਲੇ ਗਏ। ਇਹ ਸੱਚ ਹੈ ਕਿ ਮਾਪਿਆਂ ਦੀ ਛਾਂ ਸਿਰਾਂ ‘ਤੇ ਸਦਾ ਨਹੀਂ ਰਹਿੰਦੀ। ਮੇਰੇ ਮਾਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ। ਕਿਸੇ ਨੇ ਸੱਚ ਹੀ ਕਿਹਾ ਹੈ: ਤਿੰਨ ਰੰਗ ਨਹੀਂ ਲੱਭਣੇ-ਹੁਸਨ, ਜੁਆਨੀ, ਮਾਪੇ; ਤਿੰਨ ਰੰਗ ਨਹੀਂ ਲੱਭਣੇ…। ਤੇ ਇਹ ਪੁਸਤਕ ਇਨ੍ਹਾਂ ਸ਼ਬਦਾਂ ਨਾਲ ਸੰਤੋਖੀ ਗਈ, “ਜੇ ਦੇਖਾਂ ਤੇਰੀ ਰਹਿਮਤ ਵੱਲੇ, ਤਾਂ ਬੱਲੇ ਈ ਬੱਲੇ, ਬੱਲੇ ਈ ਬੱਲੇ!”