ਤੁਰ ਗਿਆ ਦਰਸ਼ਨ ਦਰਵੇਸ਼…

ਨਿਰੰਜਣ ਬੋਹਾ, ਮਾਨਸਾ
ਫੋਨ: 91-89682-82700
ਸਾਲ ਕੁ ਪਹਿਲਾਂ ਦਰਸ਼ਨ ਦਰਵੇਸ਼ ਦੇ ਬਿਮਾਰ ਹੋਣ ਦੀ ਖਬਰ ਮਿਲੀ। ਚਿੰਤਾ ਵਿਚ ਫੋਨ ਕੀਤਾ ਤਾਂ ਅਗਿਓਂ ਉਹ ਬੜੇ ਹੌਸਲੇ ਵਿਚ ਬੋਲਿਆ, “ਮੁੜਿਆ ਤਾਂ ਧੁਰ ਦਰਗਾਹੋਂ ਹਾਂ, ਪਰ ਹੁਣ ਸਿਹਤਯਾਬੀ ਵੱਲ ਮੋੜਾ ਪੈ ਗਿਆ ਹੈ।”

ਮਨ ਨੂੰ ਉਸ ਦੇ ਬੋਲਾਂ ਨਾਲ ਧਰਵਾਸ ਮਿਲਿਆ ਕਿ ਜੋ ਧੁਰ ਦਰਗਾਹੋਂ ਮੁੜ ਆਇਆ ਹੈ, ਉਸ ਦੀ ਹੋਰ ਜਿਉਣ ਦੀ ਇੱਛਾ ਸ਼ਕਤੀ ਹੁਣ ਉਸ ਨੂੰ ਸਾਡੇ ਤੋਂ ਦੂਰ ਨਹੀਂ ਜਾਣ ਦੇਵੇਗੀ। ਉਸ ਦੀ ਸਰੀਰਕ ਕਮਜੋਰੀ ਵੇਖ ਕੇ ਦੋਸਤਾਂ ਨੂੰ ਚਿੰਤਾ ਹੁੰਦੀ ਤਾਂ ਉਹ ਉਲਟਾ ਉਨ੍ਹਾਂ ਨੂੰ ਹੀ ਹੌਸਲਾ ਦੇਣ ਲੱਗਦਾ ਤੇ ਦੋ ਨਵੀਆਂ ਕਿਤਾਬਾਂ ਛਪਵਾਉਣ ਸਮੇਤ ਆਪਣੇ ਕਈ ਅਧੂਰੇ ਪਏ ਸਾਹਿਤਕ ਪ੍ਰਾਜੈਕਟਾਂ ਦੀ ਵਿਉਂਤਬੰਦੀ ਦੱਸਣ ਲੱਗ ਪੈਂਦਾ। ਉਸ ਦੀਆਂ ਉਤਸ਼ਾਹੀ ਗੱਲਾਂ ਸੁਣ ਕੇ ਉਸ ਦੇ ਦੋਸਤ ਵੀ ਚਿੰਤਾ ਮੁਕਤ ਹੋ ਜਾਂਦੇ।
ਆਪਣੇ ਅੰਤਲੇ ਦਿਨਾਂ ਵਿਚ ਦਵਿੰਦਰ ਸਤਿਆਰਥੀ ਵਰਗੀ ਦਾੜ੍ਹੀ, ਸਿਰ `ਤੇ ਬੰਨੇ ਟੋਪੀ ਵਰਗੇ ਰੰਗਦਾਰ ਪਰਨੇ ਤੇ ਦਰਵੇਸੀ ਵੇਸ਼ਭੂਸ਼ਾ ਵਿਚ ਉਹ ਸੱਚਮੁਚ ਕੋਈ ਦਰਵੇਸ਼ ਹੀ ਲੱਗਦਾ। ਜਦੋਂ ਉਸ ਦੇ ਦੋਸਤ ਉਸ ਨੂੰ ਸਿਹਤਯਾਬ ਹੁੰਦਿਆਂ ਵੇਖ ਕੇ ਖੁਸ਼ ਹੋ ਰਹੇ ਸਨ ਤਾਂ ਅਚਾਨਕ ਉਸ ਦੇ ਤੁਰ ਜਾਣ ਦੀ ਖਬਰ ਲੱਗੀ। ਅੱਜ ਕੱਲ੍ਹ ਅਜਿਹੀਆਂ ਖਬਰਾਂ ਸਭ ਤੋਂ ਪਹਿਲਾਂ ਫੇਸਬੁੱਕ ਹੀ ਦਿੰਦੀ ਹੈ। ਸਵੇਰੇ ਫੇਸਬੁੱਕ ਖੋਲ੍ਹੀ ਤਾਂ ਕਰਨ ਭੀਖੀ ਦੀ ਵਾਲ `ਤੇ ਕਾਵਿ ਸੰਗ੍ਰਹਿ ‘ਉਦਾਸ ਸਿਰਲੇਖ’ ਦੇ ਕਵੀ ਦੇ ਅਛੋਪਲੇ ਜਿਹੇ ਹੀ ਤੁਰ ਜਾਣ ਦੀ ਖਬਰ ਦਾ ਸਿਰਲੇਖ ਮੇਰੇ ਸਮੇਤ ਉਸ ਨੂੰ ਚਾਹੁਣ ਵਾਲੇ ਸਾਰਿਆਂ ਨੂੰ ਹੀ ਧੁਰ ਅੰਦਰ ਤੱਕ ਉਦਾਸ ਕਰਨ ਵਾਲਾ ਸੀ।
ਚਾਰ ਕੁ ਮਹੀਨੇ ਬੇਟੇ ਕੋਲ ਮੋਹਾਲੀ ਗਿਆ ਤੇ ਉਸ ਨੂੰ ਫੋਨ ਕਰਕੇ ਆਪਣੇ ਆਉਣ ਦੀ ਸੂਚਨਾ ਦਿੱਤੀ ਤਾਂ ਉਹ ਫੁੱਲਾਂ ਵਾਂਗੂ ਖਿੜ ਗਿਆ, “ਛੇਤੀ ਆ ਜਾ ਜੱਟ ਬਾਣੀਏ ਮਿੱਤਰਾ…ਮੈਂ ਤਾਂ ਤੈਨੂੰ ਕਦੋਂ ਦਾ ਉਡੀਕ ਰਿਹਾ ਹਾਂ।” (ਉਹ ਅਕਸਰ ਮੇਰੇ ਲਈ ਜੱਟ ਬਾਣੀਆ ਦਾ ਸੰਬੋਧਨ ਵਰਤਦਾ ਸੀ) ਮੈਂ ਬੇਟੇ ਨੂੰ ਕਿਹਾ ਕਿ ਉਹ ਮੈਨੂੰ ਖਰੜ-ਲਾਂਡਰਾ ਰੋਡ `ਤੇ ਜੇ. ਟੀ. ਪੀ. ਐਲ. ਕਾਲੋਨੀ ਵਿਚ ਪੈਂਦੇ ਉਸ ਦੇ ਫਲੈਟ ਤੱਕ ਛੱਡ ਆਵੇ। ਉਸ ਕੋਲ ਜਾਣ ਵੇਲੇ ਮੈਂ ਸੋਚਿਆ ਕਿ ਉਹ ਧੁਰ ਦਰਗਾਹੋਂ ਮੁੜ ਕੇ ਆਇਆ ਹੈ ਤੇ ਅਸੀਂ ਮਿਲ ਵੀ ਕਈ ਮਹੀਨੀਆਂ ਬਾਅਦ ਰਹੇ ਹਾਂ, ਇਸ ਲਈ ਸਾਨੂੰ ਦੋਹਾਂ ਨੂੰ ਮਿਲਣ ਲਈ ਖੁੱਲ੍ਹੇ ਵਕਤ ਦੀ ਲੋੜ ਹੈ। ਮੈਂ ਬੇਟੇ ਨੂੰ ਕਹਿ ਦਿੱਤਾ ਕਿ ਉਹ ਘਟੋ ਘੱਟ ਛੇ ਘੰਟੇ ਲਈ ਮੈਨੂੰ ਵਾਪਸ ਨਾ ਲੈਣ ਆਵੇ।
ਦਰਸ਼ਨ ਤਾਂ ਸਾਹਿਤਕ ਗੱਲਾਂ ਕਰਨ ਲਈ ਤਰਸਿਆ ਪਿਆ ਸੀ। ਜਦੋਂ ਮੈਂ ਉਸ ਕੋਲ ਪਹੁੰਚਿਆ ਤਾਂ ਉਸ ਦੀ ਜੀਵਨ ਸਾਥਣ ਰਸੋਈ ਦੇ ਸਮਾਨ ਦੀ ਖਰੀਦਦਾਰੀ ਲਈ ਬਾਜ਼ਾਰ ਗਈ ਹੋਈ ਸੀ। ਮੇਰੇ ਵਾਰ ਵਾਰ ਰੋਕਣ ਦੇ ਬਾਵਜੂਦ ਉਹ ਪਤਨੀ ਦੀ ਉਡੀਕ ਕਰਨ ਦੀ ਥਾਂ ਖੁਦ ਮੇਰੇ ਲਈ ਚਾਹ ਬਣਾ ਕੇ ਲਿਆਇਆ। ਮੇਰਾ ਬੇਟਾ ਛੇ ਘੰਟਿਆ ਦੀ ਥਾਂ ਇਕ ਘੰਟਾ ਹੋਰ ਲੇਟ ਮੈਨੂੰ ਲੈਣ ਆਇਆ, ਫਿਰ ਵੀ ਸਾਡੀਆਂ ਨਾ ਮੁੱਕਣ ਵਾਲੀਆਂ ਗੱਲਾਂ ਦਾ ਸਿਲਸਲਾ ਇਸ ਕਦਰ ਜਾਰੀ ਸੀ ਕਿ ਬੇਟੇ ਵੱਲੋਂ ਦੋ ਵਾਰ ਵਜਾਈ ਦਰਵਾਜੇ ਦੀ ਘੰਟੀ ਵੀ ਸਾਨੂੰ ਸੁਣਾਈ ਨਾ ਦਿੱਤੀ। ਮੇਰੀ ਵਾਪਸੀ ਤੋਂ ਪਹਿਲਾਂ ਉਸ ਮੇਰੇ ਤੋਂ ਵਾਅਦਾ ਲਿਆ ਕਿ ਮੈਂ ਅਗਲੇ ਦਿਨ ਫਿਰ ਦਸ ਵਜੇ ਤੋਂ ਪਹਿਲਾਂ ਉਸ ਕੋਲ ਆ ਜਾਵਾਂਗਾ। ਮੈਂ ਉਸ ਨਾਲ ਕੀਤਾ ਇਹ ਵਾਅਦਾ ਨਿਭਾ ਨਾ ਸਕਿਆ, ਉਸ ਦੇ ਤੁਰ ਜਾਣ ਤੋਂ ਬਾਅਦ ਇਹ ਅਹਿਸਾਸ ਹੁਣ ਮੈਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ।
ਦਰਵੇਸ਼ ਮੋਹ ਖੋਰਾ ਬੰਦਾ ਤਾਂ ਸ਼ੁਰੂ ਤੋਂ ਹੀ ਸੀ, ਪਰ ਜ਼ਿੰਦਗੀ ਦੇ ਅੰਤਲੇ ਦਹਾਕੇ ਵਿਚ ਤਾਂ ਜਿਵੇਂ ਉਹ ਮੁਹੱਬਤ ਦਾ ਸਿਰਨਾਵਾਂ ਹੀ ਬਣ ਗਿਆ ਹੋਵੇ। ਮੋਹ ਕਰਨ ਵਾਲਾ ਬੰਦਾ ਜਜ਼ਬਾਤੀ ਵੀ ਬਹੁਤ ਹੁੰਦਾ ਹੈ। ਉਹ ਆਪਣੇ ਦੋਸਤਾਂ ਨੂੰ ਰੱਜ ਕੇ ਪਿਆਰ ਕਰਦਾ ਸੀ, ਪਰ ਜਦੋਂ ਉਸ ਨੂੰ ਕਿਸੇ ਵਕਤ ਲੱਗਦਾ ਕਿ ਉਸ ਦਾ ਕੋਈ ਦੋਸਤ ਉਸ ਪ੍ਰਤੀ ਲਾ-ਪ੍ਰਵਾਹੀ ਵਰਤ ਰਿਹੈ ਜਾਂ ਉਸ ਨੂੰ ਅਣਗੌਲਿਆ ਕਰ ਰਿਹਾ ਹੈ ਤਾਂ ਉਹ ਛੋਟੀ ਜਿਹੀ ਗੱਲ ‘ਤੇ ਹੀ ਰੁੱਸ ਜਾਂਦਾ। ਫਿਰ ਉਹ ਸਾਂਝੇ ਦੋਸਤਾਂ ਨੂੰ ਉਲਾਂਭੇ ਦੇਣ ਲੱਗਦਾ, “ਆਪਣੇ ਆਪ ਨੂੰ ਬਾਹਲਾ ਈ ਨਾਢੂ ਖਾਂ ਸਮਝਣ ਲੱਗ ਪਿਐ…ਮੈਂ ਅੱਜ ਤੋਂ ਬਾਅਦ ਇਸ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਣਾ।”
ਸ਼ਰਾਬ ਪੀ ਕੇ ਤਾਂ ਉਹ ਕਈ ਵਾਰ ਵਧੇਰੇ ਹੀ ਜਜ਼ਬਾਤੀ ਹੋ ਜਾਂਦਾ। ਸਾਰੇ ਦੋਸਤਾਂ ਨੂੰ ਉਸ ਦੇ ਬੱਚਿਆਂ ਵਾਂਗ ਰੁਸਣ ਦੀ ਆਦਤ ਦਾ ਪਤਾ ਸੀ, ਇਸ ਲਈ ਉਹ ਛੇਤੀ ਹੀ ਉਸ ਨੂੰ ਮਨਾ ਲੈਂਦੇ ਤੇ ਫਿਰ ਉਹ ਸਾਰੇ ਰੋਸੇ ਗਿਲ੍ਹੇ ਭੁੱਲ ਕੇ ਮੋਹ ਭਰੀਆਂ ਗੱਲਾਂ ਕਰਨ ਲੱਗ ਪੈਂਦਾ। ਪਤਾ ਨਹੀਂ ਉਸ ਜਗਜੀਤ ਗਿੱਲ ਬਾਰੇ ਕਿੰਨੇ ਉਲਾਂਭੇ ਮੈਨੂੰ ਦਿੱਤੇ ਹੋਣਗੇ ਤੇ ਕਿੰਨੇ ਜਗਜੀਤ ਗਿੱਲ ਨੂੰ ਮੇਰੇ ਬਾਰੇ ਦਿੱਤੇ ਹੋਣਗੇ।
ਇਹ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਦੋਹੇਂ ਮਾਨਸਾ ਜਿਲੇ ਦੇ ਜੰਮਪਲ ਲੇਖਕ ਆਪਣੇ ਸਾਹਿਤਕ ਸਫਰ ਦੇ ਸ਼ੁਰੂਆਤ ਵਿਚ ਹੀ ਰੋਜ਼ੀ ਰੋਟੀ ਦੇ ਚੱਕਰ ਵਿਚ ਬਾਘੇ ਪੁਰਾਣੇ (ਮੋਗਾ) ਪਹੁੰਚ ਗਏ। ਮੈਂ ਉੱਥੇ ਫੋਟੋ ਸਟੂਡੀਓ ਖੋਲ੍ਹਿਆ ਹੋਇਆ ਸੀ ਤੇ ਦਰਵੇਸ਼ ਜਨ ਸਿਹਤ ਵਿਭਾਗ ਵਿਚ ਨੌਕਰੀ ਕਰਦਾ ਸੀ। ਦੋ ਗਰਾਂਈਂ ਦੀਵਾਨੇ ਜਦੋਂ ਬਾਘੇ ਪੁਰਾਣੇ ਦੇ ਨਿਊ ਲਾਈਟ ਫੋਟੋ ਸਟੂਡੀਓ ਵਿਚ ਮਿਲ ਬੈਠਦੇ ਤਾਂ ਖੂਬ ਗੁਜਰਦੀ ਤੇ ਅਸੀਂ ਇੱਕਠੇ ਨਕੋਦਰ-ਅੰਮ੍ਰਿਤਸਰ ਤੱਕ ਦੀਆਂ ਸਾਹਿਤਕ ਗੇੜੀਆਂ ਲਾ ਆਉਂਦੇ। ਬਾਘੇ ਪੁਰਾਣੇ ਰਹਿੰਦਿਆਂ ‘ਹਾਸ਼ੀਆ’ ਨਾਂ ਦਾ ਤ੍ਰੈ-ਮਾਸਿਕ ਪਰਚਾ ਸ਼ੁਰੂ ਕੀਤਾ ਤੇ ਇਸ ਪਰਚੇ ਨੇ ਸਾਹਿਤਕ ਪੱਤਰਕਾਰੀ ਦੇ ਖੇਤਰ ਵਿਚ ਚੰਗੀ ਹਿਲਜੁਲ ਵੀ ਪੈਦਾ ਕੀਤੀ, ਪਰ ਇਹ ਪਰਚਾ ਵਿੱਤੀ ਸੰਕਟ ਦੀ ਮਾਰ ਵਧੇਰੇ ਸਮੇਂ ਝੱਲ ਨਾ ਸਕਿਆ। ਦਰਵੇਸ਼ ਨੇ ਨੌਕਰੀ ਛੱਡ ਕੇ ਮਾਨਸਾ ਦੇ ਵਨ ਵੇਅ ਰੋਡ `ਤੇ ਫੋਟੋ ਸਟੂਡੀਓ ਖੋਲ੍ਹ ਲਿਆ ਅਤੇ ਮੈਂ ਵੀ ਬਾਘਾ ਪੁਰਾਣਾ ਛੱਡ ਕੇ ਬੋਹਾ ਆ ਗਿਆ ਤੇ ਇਸ ਤਰ੍ਹਾਂ ਸਾਡਾ ਮੇਲ ਮਿਲਾਪ ਬਣਿਆ ਰਿਹਾ।
ਦਰਵੇਸ਼ ਦੇ ਸੁਪਨੇ ਬਹੁਤ ਵੱਡੇ ਸਨ। ਸਾਹਿਤ ਸਿਰਜਣਾ ਦੇ ਨਾਲ ਨਾਲ ਫਿਲਮਾਂ ਦੇ ਖੇਤਰ ਵਿਚ ਪੱਕੇ ਪੈਰੀਂ ਹੋਣ ਲਈ ਉਹ ਮਾਨਸਾ ਤੋਂ ਮੁੰਬਈ ਚਲਿਆ ਗਿਆ ਤੇ ਲੰਬੇ ਸੰਘਰਸ਼ ਤੋਂ ਬਾਅਦ ਇਸ ਖੇਤਰ ਵਿਚ ਵੀ ਆਪਣਾ ਨਾਂ-ਥਾਂ ਬਣਾਉਣ ਵਿਚ ਕਾਮਯਾਬ ਵੀ ਹੋ ਗਿਆ। ਜਦੋਂ ਉਸ ਦਾ ਪੰਜਾਬ ਵੱਲ ਗੇੜਾ ਲੱਗਦਾ ਦਾ ਅਸੀਂ ਮਿਲਣ ਦਾ ਮੌਕਾ ਤਲਾਸ਼ ਹੀ ਲੈਂਦੇ। ਜਦੋਂ ਮਿਲਦਾ ਤਾਂ ਸਭ ਤੋਂ ਵੱਧ ਗੱਲਾਂ ਉਹ ਫਿਲਮ ਸੰਸਾਰ ਦੀ ਨਾਮਵਰ ਸ਼ਖਸੀਅਤ ਮਨਮੋਹਨ (ਮਨ ਭਾਅ ਜੀ) ਦੀਆਂ ਕਰਦਾ। ਬਿਮਾਰ ਰਹਿਣ ਤੋਂ ਬਾਅਦ ਉਸ ਮੋਹਾਲੀ ਡੇਰਾ ਲਾ ਲਿਆ ਤਾਂ ਮੇਰੇ ਛੋਟੇ ਬੇਟੇ ਦੀ ਰਿਹਾਇਸ਼ ਮੋਹਾਲੀ ਹੋਣ ਕਾਰਨ ਸਾਡਾ ਮਿਲਣਾ ਕੁਝ ਆਸਾਨ ਹੋ ਗਿਆ। ਜਦੋਂ ਮੋਹਾਲੀ ਵਿਚਲੇ ਫਲੈਟ ਵਿਚ ਉਸ ਨਾਲ ਆਖਰੀ ਮੁਲਾਕਾਤ ਹੋਈ ਤਾਂ ਉਹ ‘ਸ਼ਬਦ’ ਦੇ ਕਵਿਤਾ ਅੰਕ ਦੇ ਮਹਿਮਾਨ ਸੰਪਾਦਕ ਦੀ ਜਿ਼ੰਮੇਵਾਰੀ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਸੀ ਤੇ ਉਸ ਮੇਰੀ ਵੀ ਜਿੰ਼ਮੇਵਾਰੀ ਪਹੁੰਚੀਆਂ ਸਾਰੀਆਂ ਕਵਿਤਾਵਾਂ ਤੇ ਪੇਪਰ ਲਿਖਣ ਦੀ ਲਾਈ ਸੀ। ਇਸ ਤੋਂ ਪਹਿਲਾਂ ਉਹ ਇਸ ਪਰਚੇ ਰਾਹੀਂ ਆਪਣੀ ਸੰਪਾਦਕੀ ਯੋਗਤਾ ਤੇ ਪੰਜਾਬੀ ਕਵਿਤਾ ਬਾਰੇ ਆਪਣੀ ਸਮਝ ਦਾ ਖੁਲ੍ਹ ਕੇ ਪ੍ਰਗਟਾਵਾ ਕਰ ਸਕਦਾ, ਉਸ ਨੂੰ ਉਪਰੋਂ ਸੱਦਾ ਆ ਗਿਆ ਤੇ ਉਸ ਦੇ ਮਨ ਵਿਚ ਘੁੰਮਦੇ ਅਨੇਕਾਂ ਪ੍ਰਾਜੈਕਟਾਂ ਦੇ ਨਾਲ ਇਹ ਪ੍ਰਾਜੈਕਟ ਵੀ ਅਧੂਰਾ ਰਹਿ ਗਿਆ।
ਉਹ ਕਿਸੇ ਵੀ ਦੋਸਤ ਨੂੰ ਕਦੇ ਵੀ ਬੇਨਤੀ ਨਹੀਂ ਸੀ ਕਰਦਾ, ਸਗੋਂ ਸਿੱਧਾ ਹੁਕਮ ਹੀ ਕਰਦਾ ਸੀ। ਉਸ ਦਾ ਦੂਜਾ ਕਾਵਿ ਸੰਗ੍ਰਹਿ ‘ਕੁੜੀਆਂ ਨੂੰ ਸਵਾਲ ਕਰੋ, ਨਾ ਕਰੋ’ ਛਪ ਕੇ ਆਇਆ ਤਾਂ ਉਸ ਦਾ ਹੁਕਮ ਆ ਗਿਆ, “ਲੁਧਿਆਣੇ ਪੰਜਾਬੀ ਭਵਨ ਇਸ ਪੁਸਤਕ ‘ਤੇ ਗੋਸ਼ਟੀ ਰੱਖੀ ਹੈ। ਸਵੀ, ਵਿਸ਼ਾਲ, ਸਤੀਸ਼ ਗੁਲਾਟੀ, ਅਤੈ ਸਿੰਘ ਤੇ ਹੋਰ ਸਾਰੇ ਦੋਸਤ ਇੱਕਠੇ ਹੋਣਗੇ। ਇਸ ਪੁਸਤਕ `ਤੇ ਪਰਚਾ ਤੂੰ ਪੜ੍ਹਨੈ, ਤਿਆਰੀ ਰੱਖੀਂ।”
ਭਲਾ ਮੇਰੀ ਕੀ ਬਿਸਾਤ ਸੀ ਕਿ ਉਸ ਦੀ ਹੁਕਮ ਅਦੂਲੀ ਕਰ ਦਿੰਦਾ। ਪੁਸਤਕ ਗੋਸ਼ਟੀ ਸਮੇਂ ਮੇਰਾ ਪਰਚਾ ਸੁਣ ਕੇ ਉਹ ਗਦਗਦ ਹੋ ਗਿਆ ਤੇ ਮੈਨੂੰ ਜੱਫੀ ਵਿਚ ਲੈਂਦਿਆ ਆਪਣੇ ਚਿਰ ਪਰਚਿਤ ਅੰਦਾਜ਼ ਵਿਚ ਬੋਲਿਆ, “ਜਿਉਂਦਾ ਰਹਿ ਜੱਟ ਬਾਣੀਆ ਮਿੱਤਰਾ…ਤੂੰ ਮੈਨੂੰ ਵੀ ਸਮਝਦਾ ਹੈ ਤੇ ਮੇਰੀ ਕਵਿਤਾ ਨੂੰ ਵੀ।” ਉਸ ਰਾਤ ਆਪਣੇ ਨਾਲ ਚੱਲਣ ਤੇ ਹਵਾ ਪਿਆਜੀ ਹੋਣ ਲਈ ਬਹੁਤ ਜੋਰ ਲਾਇਆ, ਪਰ ਕਿਸੇ ਜ਼ਰੂਰੀ ਕਾਰਨ ਕਰਕੇ ਉਸ ਦਿਨ ਮੇਰਾ ਘਰ ਵਾਪਸ ਪਰਤਣਾ ਜ਼ਰੂਰੀ ਸੀ। ਆਪਣੇ ਧੁਰ ਦਰਗਾਹ ਵੱਲ ਤੁਰਨ ਤੋਂ ਦੋ ਮਹੀਨੇ ਪਹਿਲਾਂ ਉਸ ਦਾ ਹੁਕਮ ਆਇਆ ਕਿ ਵਿਸ਼ਾਲ ਵੱਲੋਂ ਚਲਾਏ ਜਾ ਰਹੇ ਯੂ-ਟਿਊਬ ਚੈਨਲ ‘ਸੈਵਨਥ ਰਿਵਰ’ ਲਈ ਮੇਰੀ ਕਵਿਤਾ ਤੇ ਦਸ ਕੁ ਮਿੰਟ ਦੀ ਵੀਡੀਓ ਬਣਾ ਕੇ ਭੇਜ। ਸ਼ੁਕਰ ਹੈ ਕਿ ਮੈਂ ਘੌਲ ਨਾ ਕਰਦਿਆਂ ਉਸ ਦੇ ਹੁਕਮ ਦੀ ਪਾਲਣਾ ਕਰ ਦਿੱਤੀ ਤੇ ਵਿਸ਼ਾਲ ਨੇ ਵੀ ਉਹ ਵੀਡੀਓ ਆਪਣੇ ਚੈਨਲ `ਤੇ ਪਾ ਦਿੱਤੀ। ਜੇ ਇਸ ਕੰਮ ਵਿਚ ਦੇਰ ਹੋ ਜਾਂਦੀ ਤਾਂ ਉਸ ਨੇ ਸਾਡੇ ਦੋਹਾਂ ਨਾਲ ਰੁਸਿਆਂ ਹੀ ਤੁਰ ਜਾਣਾ ਸੀ ਤੇ ਸਾਡੇ ਦੋਹਾਂ ਦੇ ਮਨਾਂ ਵਿਚ ਵੀ ਇਹ ਪਛਤਾਵਾ ਰਹਿ ਜਾਣਾ ਸੀ ਕਿ ਅਸੀਂ ਆਪਣੇ ਮਿੱਤਰ ਦੇ ਬੋਲ ਨਾ ਪੁਗਾ ਸਕੇ।
‘ਵੱਤਰ’ ਤੇ ‘ਬਲਾਈਂਡ ਸਟਰੀਟ’ ਵਰਗੀਆਂ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰਕੇ ਉਸ ਨੇ ਫਿਲਮ ਨਿਰਦੇਸ਼ਨ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਫਿਲਮ ਡਾਇਰੈਕਟਰ ਵਜੋਂ ਆਪਣੀ ਪਛਾਣ ਬਣਾਈ ਤੇ ਦੂਰਦਰਸ਼ਨ ਦੇ ਚਰਚਿਤ ਸੀਰੀਅਲ ‘ਦਾਣੇ ਅਨਾਰ ਦੇ’ ਸਮੇਤ ਕਈ ਸੀਰੀਅਲ ਵੀ ਨਿਰਦੇਸ਼ਿਤ ਕੀਤੇ। ਹਿੰਦੀ ਫਿਲਮ ‘ਮਾਚਿਸ’ ਦੀ ਫੋਟੋਗ੍ਰਾਫੀ ਵਿਚ ਮਨਮੋਹਨ ਦੇ ਸਹਾਇਕ ਵਜੋ ਸ਼ਾਮਿਲ ਹੋ ਕੇ ਉਸ ਸਿੱਧ ਕਰ ਦਿੱਤਾ ਕਿ ਉਹ ਜਮਾਂਦਰੂ ਕਲਾਕਾਰ ਹੈ। ਪੰਜਾਬੀ ਕਵਿਤਾ ਦੀਆਂ ਦੋ ਕਿਤਾਬਾਂ ਤੋਂ ਇਲਾਵਾ ਉਸ ਦਾ ਇਕ ਨਾਵਲਿਟ ‘ਮਾਈਨਸ ਜਮਾ ਜ਼ੀਰੋ’ ਵੀ ਪ੍ਰਕਾਸ਼ਿਤ ਹੋਇਆ ਤੇ ਪੰਜਾਬ ਦੇ ਨਾਮੀ ਪਰਚਿਆਂ ਵਿਚ ਉਸ ਦੀਆਂ ਕਹਾਣੀਆਂ ਨੂੰ ਵੀ ਢੁਕਵਾਂ ਸਥਾਨ ਮਿਲਿਆ।
ਅਜੇ ਅਲਵਿਦਾ ਨਹੀਂ ਦੋਸਤ…ਜਦ ਤੱਕ ਮੇਰੀ ਦੇਹ ਵਿਚ ਪ੍ਰਾਣ ਹਨ, ਤੂੰ ਮੇਰੀਆ ਯਾਦਾਂ ਵਿਚ ਜਿਉਂਦਾ ਰਹੇਂਗਾ।