ਨਫਾਸਤ ਦਾ ਨਗਮਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਾਮਨਾ ਕੀਤੀ ਸੀ ਕਿ ਪਿੰਡ ਵਿਚ ਪਿੰਡ ਸਦਾ ਵੱਸਦਾ ਰਹੇ; ਕਿਉਂਕਿ ਜਦ ਪਿੰਡ ਵਿਚੋਂ ਪਿੰਡ ਹੀ ਮਨਫੀ ਹੋ ਜਾਵੇ, ਪੇਂਡੂਪੁਣਾ ਹੀ ਅਲੋਪ ਹੋ ਜਾਵੇ ਅਤੇ ਪੇਂਡੂ ਰਹਿਤਲ ਵਿਚਲੀ ਅੰਮ੍ਰਿਤਾ, ਅਮੀਰਤਾ ਅਤੇ ਅਸੀਮਤਾ ਸਾਹ ਵਰੋਲਣ ਜੋਗੀ ਰਹਿ ਜਾਵੇ ਤਾਂ ਪਿੰਡ ਬਹੁਤ ਤੜਫਦਾ ਤੇ ਕੂਕਦਾ।

ਹਥਲੇ ਲੇਖ ਵਿਚ ਡਾ. ਭੰਡਾਲ ਨੇ ਨਫਾਸਤ ਦੇ ਨਗਮੇ ਗਾਏ ਹਨ ਕਿ ਨਫਾਸਤ ਅਜਿਹਾ ਮਨੁੱਖੀ ਗੁਣ, ਜਿਸ ਦੇ ਸਦਕੇ ਜਾਣ ਨੂੰ ਜੀਅ ਕਰਦਾ। ਨਫਾਸਤ ਤਾਂ ਝਰਨੇ ਦਾ ਸ਼ਫਾਫ ਪਾਣੀ, ਜਿਹੜਾ ਜਦ ਹੇਠਾਂ ਡਿਗਦਾ ਤਾਂ ਇਸ ਦੇ ਨਾਲ ਪੈਦਾ ਹੋਏ ਸੰਗੀਤ ਵਿਚੋਂ ਜੀਵਨ ਦੀਆਂ ਧੁਨਾਂ ਸੁਣਾਈ ਦਿੰਦੀਆਂ। ਉਹ ਕਹਿੰਦੇ ਹਨ, “ਨਫਾਸਤ ਸਿਰਫ ਬਾਹਰੀ ਪ੍ਰਗਟਾਵੇ ਤੀਕ ਹੀ ਸੀਮਤ ਨਹੀਂ। ਦਰਅਸਲ ਸਭ ਤੋਂ ਅਹਿਮ ਹੈ, ਅੰਤਰੀਵ ਵਿਚ ਬੈਠੀ ਨਫਾਸਤ। ਇਹ ਨਫਾਸਤ ਹੀ ਮਨੁੱਖ ਤੋਂ ਇਨਸਾਨ ਬਣਨ ਦੀ ਤਰਕੀਬ ਸੁਝਾਉਂਦੀ ਹੈ। ਜੀਵਨ ਦੀਆਂ ਤਰਜ਼ੀਹਾਂ ਨਿਰਧਾਰਤ ਕਰਦੀ ਅਤੇ ਇਸ ਅਨੁਸਾਰ ਜੀਵਨ ਜਿਊਣ ਲਈ ਪੇ੍ਰਰਤ ਕਰਦੀ ਏ।…ਨਫਾਸਤ ਨੂੰ ਨਿਗੂਣੀ, ਨਿਕੰਮੀ, ਨਿਰਮੂਲ, ਨਖਸਮੀ ਜਾਂ ਨਿਲੱਜ ਸਮਝ ਕੇ ਕਦੇ ਨਾ ਨਕਾਰੋ। ਨਫਾਸਤ ਹੁੰਦੀ ਆਪਣੇ ਆਪ ਦਾ ਆਪਣੇ ਨਾਲ ਸੰਵਾਦ ਅਤੇ ਅੰਤਰੀਵ ਵਿਚ ਗੂੰਜਦਾ ਅਲਹਾਮੀ ਨਾਦ।” ਉਨ੍ਹਾਂ ਦੀ ਨਸੀਹਤ ਹੈ ਕਿ ਨਫਾਸਤ ਨੂੰ ਆਪਣਾ ਮੀਰੀ ਗੁਣ ਬਣਾਉਣ ਲਈ ਜਰੂਰੀ ਹੈ, ਮਨੁੱਖ ਸਦਾ ਨਿਮਰ ਰਹੇ। ਉਸ ਲਈ ਦੁਨਿਆਵੀ ਲਾਭਾਂ ਤੋਂ ਦੂਰੀ ਬਣਾਉਣ ਦੀ ਹਿੰਮਤ ਹੋਵੇ। ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਨਫਾਸਤ ਨਿਰਮਾਣਤਾ, ਨਿਰਮੂਲਤਾ, ਨਿਆਰਾਪਣ, ਨਿਮਰਤਾ, ਨਜ਼ਾਕਤ ਅਤੇ ਨਰਮ-ਦਿਲੀ ਦੇ ਸੰਗਮ ਵਿਚੋਂ ਪੈਦਾ ਹੁੰਦੀ, ਜੋ ਸਹਿਜ, ਸਲੀਕਾ ਤੇ ਸਾਦਗੀ ਦੇ ਸੰਤੁਲਨ ਰਾਹੀਂ ਪ੍ਰਗਟਦੀ।
ਨਫਾਸਤ, ਇਖਲਾਕ, ਇੱਜ਼ਤ, ਇਤਬਾਰ, ਇਬਾਦਤ ਅਤੇ ਇਕਾਗਰਤਾ ਵਿਚੋਂ ਆਪਣਾ ਰੂਪ ਅਖਤਿਆਰ ਕਰਦੀ, ਜਿਸ ਨਾਲ ਮਨੁੱਖੀ ਗੁਣਾਂ ਨੂੰ ਪਰਵਾਜ਼ ਮਿਲਦੀ।
ਨਫਾਸਤ ਜਿਊਣ ਦੇ ਤੌਰ-ਤਰੀਕੇ, ਸੁਹਜ, ਮਨੁੱਖੀ ਕਿਰਿਆਵਾਂ ਅਤੇ ਵਿਅਕਤੀਤਵ ਆਦਤਾਂ ਤੇ ਲੱਛਣਾਂ ਦੇ ਆਲੇ-ਦੁਆਲੇ ਤਾਣਾ-ਬਾਣਾ ਬੁਣਦੀ। ਇਹ ਤਾਣਾ ਸੁੰਦਰ ਫੁਲਕਾਰੀ ਵੀ ਹੁੰਦਾ ਅਤੇ ਕਈ ਵਾਰ ਤਨ ਦੀ ਲੋਈ ਵੀ। ਫੁੱਲਕਾਰੀ, ਨਫਾਸਤੀ ਸੁੰਦਰਤਾ ਦੀ ਲਖਾਇਕ ਜਦ ਕਿ ਲੋਈ, ਬੇਫਿਕਰੀ ਤੇ ਬੇਲਾਗਤਾ ਦਾ ਪ੍ਰਮਾਣ।
ਨਫਾਸਤ, ਸਾਇਸ਼ਤਗੀ, ਸ਼ਰਾਫਤ, ਸੁਹਜਤਾ, ਸੁੰਦਰਤਾ, ਸੰਜਮਤਾ, ਸੁਹਿਰਦਤਾ ਅਤੇ ਸਾਦਗੀ ਦਾ ਸੁੰਦਰ ਸਰੂਪ। ਇਸ ਦੀਆਂ ਦੁੱਧ-ਚਿੱਟੀਆਂ ਕਿਰਨਾਂ ਚੌਗਿਰਦੇ ਨੂੰ ਆਪਣੇ ਰੰਗ ਵਿਚ ਰੰਗਦੀਆਂ।
ਨਫਾਸਤ, ਵਿਅਕਤੀ ਦੇ ਵਿਚਾਰ, ਵਿਹਾਰ, ਕਿਰਦਾਰ, ਗੁਫਤਾਰ ਅਤੇ ਰਫਤਾਰ ਵਿਚੋਂ ਸਾਖਸ਼ਾਤ ਨਜ਼ਰ ਆਉਂਦੀ। ਨਫਾਸਤੀ ਵਿਅਕਤੀ ਦਾ ਲਿਬਾਸ, ਤੁਰਨ ਤੇ ਬੋਲਣ ਦਾ ਅੰਦਾਜ਼, ਉਸ ਦੀ ਗਲਵੱਕੜੀ, ਹੱਥ-ਘੁੱਟਣੀ, ਤੱਕਣੀ ਜਾਂ ਬੋਲਾਂ ਵਿਚੋਂ ਵੀ ਨਫਾਸਤ ਦੇ ਦੀਦਾਰੇ ਹੁੰਦੇ। ਨਫਾਸਤ ਨੂੰ ਸੀਮਤ ਦਾਇਰੇ ਵਿਚ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ।
ਨਫਾਸਤ, ਲਿਆਕਤ, ਗਿਆਨ, ਗਹਿਰ-ਗੰਭੀਰਤਾ ਆਦਿ ਮਨੁੱਖੀ ਗੁਣਾਂ ਵਿਚੋਂ ਵੀ ਨਜ਼ਰ ਆਉਂਦੀ। ਕਈ ਵਾਰ ਕਈਆਂ ਕੋਲ ਕਹਿਣ ਜਾਂ ਪ੍ਰਗਟਾਉਣ ਨੂੰ ਬਹੁਤ ਕੁਝ ਹੁੰਦਾ, ਪਰ ਪ੍ਰਗਟਾਉਣ ਦੀ ਕਮੀ ਕਾਰਨ, ਉਹ ਆਪਣੀ ਗੱਲ ਕਹਿਣ ਤੋਂ ਅਧੂਰੇ। ਇਸ ਨਾਲ ਵਜ਼ਨਦਾਰ ਗੱਲ ਵੀ ਅਕਾਰਥ ਤੇ ਹੀਣੀ ਹੋ ਜਾਂਦੀ।
ਨਫਾਸਤ ਜਦ ਨਜ਼ਰ ਨੂੰ ਪ੍ਰਗਟਾਵੇ ਲਈ ਚੁਣਦੀ ਤਾਂ ਨੀਵੀਆਂ ਨਜ਼ਰਾਂ ਵਿਚ ਛੁਪੀ ਹੁੰਦੀ ਹੈ ਧੀਆਂ-ਭੈਣਾਂ ਦੀ ਆਬਰੂ ਤੇ ਅਦਬ। ਉਚੀਆਂ ਨਜ਼ਰਾਂ ਵਿਚ ਹੁੰਦੀ ਹੈ ਗੈਰਤ ਤੇ ਸਵੈ-ਵਿਸ਼ਵਾਸ ਅਤੇ ਤਿਰਛੀਆਂ ਨਜ਼ਰਾਂ ਵਿਚ ਹੁੰਦੀ ਹੈ ਕਿਸੇ ‘ਤੇ ਫਿਦਾ ਹੋਣ ਦੀ ਅਦਾ।
ਨਫਾਸਤ ਅਜਿਹਾ ਮਨੁੱਖੀ ਗੁਣ, ਜਿਸ ਦੇ ਸਦਕੇ ਜਾਣ ਨੂੰ ਜੀਅ ਕਰਦਾ। ਅਜਿਹੀ ਪਾਰਦਰਸ਼ਤਾ, ਜੋ ਸਮੁੱਚ ਵਿਚ ਹਾਜਰ-ਨਾਜ਼ਰ। ਇਸ ਦੀ ਹੋਂਦ ਵਿਚ ਨਿਖਰਦੀਆਂ ਨੇ ਜੀਵਨ-ਤਰਜ਼ੀਹਾਂ।
ਨਫਾਸਤ ਦੇ ਬਹੁਤ ਸਾਰੇ ਰੂਪ। ਘਰ, ਕਮਰਾ, ਬਿਸਤਰਾ, ਲਿਖਣ-ਪੜ੍ਹਨ ਦਾ ਮੇਜ, ਲਿਖਣ ਸਮੱਗਰੀ, ਲਿਖਤ ਦਾ ਰੂਪ, ਰਵਾਨੀ ਅਤੇ ਰੂਹ-ਰੇਜ਼ਤਾ ਰਾਹੀਂ ਪ੍ਰਗਟ ਹੁੰਦੀ। ਮਨੁੱਖੀ ਤੋਰ, ਗੱਲਬਾਤ, ਖਾਣਾ ਖਾਣ, ਅਜਨਬੀ ਨੂੰ ਮਿਲਣ ਜਾਂ ਕਿਸੇ ਕੋਲੋਂ ਜਾਣਕਾਰੀ ਲੈਣ ਅਤੇ ਫਿਰ ਉਸ ਦਾ ਸ਼ੁਕਰੀਆ ਕਰਨ ਵੇਲੇ ਵੀ ਕੰਮ ਆਉਂਦੀ ਨਫਾਸਤ।
ਨਫਾਸਤ ਨਾਲ ਲਬਰੇਜ਼ ਵਿਅਕਤੀਆਂ ਲਈ ਜੀਵਨ ਦੀਆਂ ਤੰਗਦਸਤੀਆਂ, ਔਕੜਾਂ ਜਾਂ ਮੁਸ਼ਕਿਲਾਂ ਕੋਈ ਅਰਥ ਨਹੀਂ ਰੱਖਦੀਆਂ। ਉਨ੍ਹਾਂ ਦਾ ਅੰਦਾਜ਼-ਏ-ਬਿਆਨ ਅਤੇ ਲਹਿਜ਼ਾ ਹੀ ਉਨ੍ਹਾਂ ਲਈ ਜੀਵਨ-ਸਾਰਥਿਕਤਾ ਦੀ ਤਲਾਸ਼ ਹੁੰਦਾ।
ਨਫਾਸਤ ਕਦੇ ਉਚ-ਕੁੱਲ ਜਾਂ ਰਾਜਿਆਂ-ਮਹਾਰਾਜਿਆਂ ਦੀ ਦਾਸੀ ਹੁੰਦੀ ਸੀ। ਰਾਜ ਘਰਾਣਿਆਂ ਵਿਚ ਜਵਾਨ ਹੋ ਰਹੇ ਰਾਜਕੁਮਾਰਾਂ ਅਤੇ ਰਾਜਕੁਮਾਰੀਆਂ ਨੂੰ ਕਨੀਜ਼ਾਂ ਰਾਹੀਂ ਬਾਕਾਇਦਾ ਨਫਾਸਤ ਭਰੀ ਤਰਜ਼-ਏ-ਜਿ਼ੰਦਗੀ ਦੀ ਮੁਹਾਰਤ ਹਾਸਲ ਕਰਵਾਈ ਜਾਂਦੀ ਸੀ ਤਾਂ ਕਿ ਉਨ੍ਹਾਂ ਨੂੰ ਰਾਜ ਦਰਬਾਰਾਂ ਵਿਚਲੇ ਤੌਰ ਤਰੀਕਿਆਂ ਤੇ ਰਸਮੋ-ਰਿਵਾਜਾਂ ਦੀ ਪੂਰਨ ਜਾਣਕਾਰੀ ਹੋਵੇ। ਮਹੱਲਾਂ ਦਾ ਆਪਣਾ ਹੀ ਵਿਧਾਨ ਹੁੰਦਾ ਸੀ, ਜਿਸ ਦੀ ਅਵੱਗਿਆ ਕਾਰਨ ਰਾਜੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਅਜੋਕੇ ਸਮੇਂ ਵਿਚ ਨਫਾਸਤ ਦੇ ਅਰਥ ਬਦਲ ਗਏ ਨੇ। ਇਸ ਰਾਹੀਂ ਮਨੁੱਖੀ ਪ੍ਰਵਿਰਤੀ ਵਿਚ ਉਚੀਆਂ ਤੇ ਸੁੱਚੀਆਂ ਸੋਚਾਂ ਨੂੰ ਮੂਲ ਮੰਤਰ ਬਣਾ ਕੇ, ਇਸ ਅਨੁਸਾਰ ਜਿਊਣ ਦਾ ਅਦਬ ਤੇ ਅੰਦਾਜ਼ ਏ।
ਨਫਾਸਤ ਸਿਰਫ ਬਾਹਰੀ ਪ੍ਰਗਟਾਵੇ ਤੀਕ ਹੀ ਸੀਮਤ ਨਹੀਂ। ਦਰਅਸਲ ਸਭ ਤੋਂ ਅਹਿਮ ਹੈ, ਅੰਤਰੀਵ ਵਿਚ ਬੈਠੀ ਨਫਾਸਤ। ਇਹ ਨਫਾਸਤ ਹੀ ਮਨੁੱਖ ਤੋਂ ਇਨਸਾਨ ਬਣਨ ਦੀ ਤਰਕੀਬ ਸੁਝਾਉਂਦੀ ਹੈ। ਜੀਵਨ ਦੀਆਂ ਤਰਜ਼ੀਹਾਂ ਨਿਰਧਾਰਤ ਕਰਦੀ ਅਤੇ ਇਸ ਅਨੁਸਾਰ ਜੀਵਨ ਜਿਊਣ ਲਈ ਪੇ੍ਰਰਤ ਕਰਦੀ ਏ।
ਨਫਾਸਤ, ਸਮਰਪਿਤ, ਸਬਰ, ਸ਼ੁਕਰ, ਸੁਖਨ, ਸਕੂਨ, ਸੰਜਮ ਅਤੇ ਸੁ਼ਕਰ-ਸਬੂਰੀ ਦਾ ਮਜੀਠੀ ਰੰਗ, ਜਿਸ ਸਾਹਵੇਂ ਫਿੱਕੇ ਪੈ ਜਾਂਦੇ ਨੇ ਸਾਰੇ ਰੰਗ।
ਨਫਾਸਤ ਤਾਂ ਕਿਰਤ, ਕਰਮਯੋਗਤਾ, ਕ੍ਰਿਤਾਰਥਿਕਤਾ, ਕਾਵਿਕਤਾ ਅਤੇ ਕਲਾ ਵਿਚੋਂ ਪਨਪੇ ਤਾਂ ਨਫਾਸਤ ਆਪਣੀ ਹੋਂਦ `ਤੇ ਮਾਣ ਕਰਦੀ। ਯਾਦ ਰੱਖਣਾ! ਜਿੰਨਾ ਚਿਰ ਕਵਿਤਾ, ਸੰਗੀਤ ਜਾਂ ਹੋਰ ਕੋਈ ਕਲਾ ਵਿਚ ਨਫਾਸਤ ਦਾ ਗੂੜ੍ਹਾ ਰੰਗ ਹੈ, ਉਹ ਕਦੇ ਵੀ ਨਹੀਂ ਮਰਦੀ। ਕਲਾਹੀਣ ਕਿਰਤਾਂ ਵਿਚੋਂ ਮਰ ਗਈ ਨਫਾਸਤ ਦਾ ਮੁਹਾਂਦਰਾ ਹੀ ਨਜ਼ਰ ਆਉਂਦਾ ਅਤੇ ਬੋਅ ਮਾਰਦੀ ਅਜਿਹੀ ਕਲਾ ਜੀਵਨ ਦਾ ਮਰਸੀਆ ਅਲਾਪਣ ਜੋਗੀ ਰਹਿੰਦੀ ਆ।
ਨਫਾਸਤ ਮਦਦਗਾਰ, ਮਿਹਨਤੀ, ਮੁਹੱਬਤੀ, ਮੋਹਵੰਤੇ, ਮਿਲਾਪੜੇ, ਮਹਿਕੀਲੇ, ਮਰਦਾਵੇਂ ਆਦਿ ਗੁਣਾਂ ਨੂੰ ਅਪਨਾਉਣ ਵਾਲੇ ਲੋਕਾਂ ਦਾ ਪਾਣੀ ਭਰਦੀ ਅਤੇ ਉਨ੍ਹਾਂ ਦੀਆਂ ਬਲਾਵਾਂ ਆਪਣੇ ਸਿਰ ਲੈਂਦੀ।
ਨਫਾਸਤ ਨੂੰ ਨਿਗੂਣੀ, ਨਿਕੰਮੀ, ਨਿਰਮੂਲ, ਨਖਸਮੀ ਜਾਂ ਨਿਲੱਜ ਸਮਝ ਕੇ ਕਦੇ ਨਾ ਨਕਾਰੋ। ਨਫਾਸਤ ਤਾਂ ਝਰਨੇ ਦਾ ਸ਼ਫਾਫ ਪਾਣੀ, ਜਿਹੜਾ ਜਦ ਹੇਠਾਂ ਡਿਗਦਾ ਤਾਂ ਇਸ ਦੇ ਨਾਲ ਪੈਦਾ ਹੋਏ ਸੰਗੀਤ ਵਿਚੋਂ ਜੀਵਨ ਦੀਆਂ ਧੁਨਾਂ ਸੁਣਾਈ ਦਿੰਦੀਆਂ।
ਨਫਾਸਤ ਨਰਾਇਣੀ ਗੁਣ, ਜਿਹੜਾ ਕੁਝ ਕੁ ਲੋਕਾਂ ਦੀ ਜੀਵਨ-ਸ਼ੈਲੀ ਵਿਚੋਂ ਉਘੜਦਾ। ਅਜਿਹੇ ਲੋਕਾਂ ਦੇ ਅਚਵੇਤਨ ਵਿਚ ਬੈਠਾ ਹੁੰਦਾ ਏ, ਕਿਸੇ ਦਰਦ ਵਿਚ ਪੀੜ ਪੀੜ ਹੋਣਾ, ਕਿਸੇ ਦੇ ਖਾਰੇ ਹੰਝੂਆਂ ਵਿਚ ਖੁਰ ਜਾਣਾ, ਕਿਸੇ ਦੀ ਵਿਲਕਣੀ ਵਿਚ ਤਾਰ-ਤਾਰ ਹੋ ਜਾਣਾ ਜਾਂ ਕਿਸੇ ਦੇ ਵਿਰਲਾਪ ਵਿਚ ਦੀਦਿਆਂ ਨੂੰ ਗਾਲ ਲੈਣਾ।
ਨਫਾਸਤ ਕਤਲ, ਕੁਹਰਾਮ, ਕਮੀਨਗੀ, ਕੁਤਾਹੀਆਂ, ਕਠੋਰਤਾ, ਕੁਰਹਿਤ ਜਾਂ ਕੁਫਰ ਕਾਰਨ ਕੰਬ ਜਾਂਦੀ, ਕਿਉਂਕਿ ਇਹ ਹੀ ਉਸ ਦੀ ਹੋਂਦ ਲਈ ਸਭ ਤੋਂ ਵੱਡਾ ਖਤਰਾ ਹੁੰਦੇ।
ਨਫਾਸਤ ਕਦੇ ਵੀ ਓਪਰੀ, ਓਹਲਾ, ਉਲਝਣ, ਉਬਾਲ, ਉਪਰਾਮਤਾ ਜਾਂ ਉਦਾਸੀ ਨਹੀਂ ਹੁੰਦੀ, ਸਗੋਂ ਇਹ ਤਾਂ ਉਦਾਰਤਾ, ਉਤਸ਼ਾਹ ਤੇ ਉਮਾਹ ਵਿਚੋਂ ਆਪਣੀ ਕਾਇਨਾਤੀ ਵਰਤਾਰਿਆਂ ਨੂੰ ਪੈਦਾ ਕਰਦੀ।
ਨਫਾਸਤ ਪਾਕੀਜ਼, ਪਿਆਰਾ, ਪੁਰ-ਖਲੂਸ ਅਤੇ ਪ੍ਰੇਰਨਾਮਈ ਜੀਵਨ-ਜਾਚ ਜਿਸ ਨਾਲ ਮਨੁੱਖ ਵਿਚੋਂ ਨਾਸ਼ ਹੁੰਦੀ ਏ ਪਾਪ ਕਰਨ ਦੀ ਪ੍ਰਵਿਰਤੀ, ਪਾਖੰਡ, ਪਾਜ਼ ਅਤੇ ਪਲੀਤਪੁਣਾ। ਖਾਲਸ ਹੀਰਾ ਆਪਣੀ ਦਿੱਖ ਨਾਲ ਜਗਮਗਾਉਂਦਾ ਏ।
ਨਫਾਸਤ ਹੁੰਦੀ ਬੋਲਣ ਦਾ ਲਹਿਜ਼ਾ ਤੇ ਸ਼ਬਦਾਂ ਦਾ ਪ੍ਰਗਟਾਅ। ਨਫਾਸਤ ਹੁੰਦੀ ਰਾਹ ਦੀਆਂ ਪੈੜਾਂ ਅਤੇ ਮੰਜਿ਼ਲ ਦੀ ਸੁਰਖ-ਭਾਅ। ਨਫਾਸਤ ਹੁੰਦੀ ਜੀਵਨ-ਬਗੀਚੇ ‘ਚ ਫੁੱਲਾਂ ਜਿਹੀ ਅਦਾ, ਜਿਸ ਦੇ ਹਰ ਰੰਗ ਵਿਚ ਰੰਗੀ ਆਵੇ ਮਹਿਕਾਂ ਭਰੀ ਹਵਾ। ਨਫਾਸਤ ਹੁੰਦੀ ਮਹਿਕ ਦਾ ਵਾਸ, ਫਿਜ਼ਾ ਦੇ ਨਾਂਵੇਂ ਕਰਨਾ ਹੁਲਾਸ। ਹੋਂਦ ਵਿਚੋਂ ਨਾਦ-ਇਲਾਹੀ ਝਰਨਾ। ਨਫਾਸਤ ਹੁੰਦੀ ਵਕਤ ਤਹਿਜ਼ੀਬ ਨੂੰ ਦੇਣਾ ਨਵਾਂ ਅੰਜ਼ਾਮ ਅਤੇ ਇਤਿਹਾਸ ਦੇ ਸੂਰਜੀ ਵਰਕੇ ਕਰਨੇ ਆਪਣੇ ਨਾਮ। ਨਫਾਸਤ ਹੁੰਦੀ ਘਰ ਵਿਚੋਂ ਨਾਜ਼ਲ ਬਹਿਸ਼ਤੀ ਨਜ਼ਾਰੇ ਅਤੇ ਇਸ ਦੀ ਚਾਰ ਦੀਵਾਰੀਂ ਜਗਦੇ ਅੰਬਰੀਂ ਤਾਰੇ। ਨਫਾਸਤ ਹੁੰਦੀ ਆਪਣੇ ਆਪ ਦਾ ਆਪਣੇ ਨਾਲ ਸੰਵਾਦ ਅਤੇ ਅੰਤਰੀਵ ਵਿਚ ਗੂੰਜਦਾ ਅਲਹਾਮੀ ਨਾਦ।
ਨਫਾਸਤ ਸਸਤੀ ਸ਼ੁਹਰਤ, ਬਜਾਰੂ ਸਿਫਤ ਜਾਂ ਖੁਸ਼ਾਮਦੀ ਲੋਕਾਂ ਦੀ ਵਾਹ-ਵਾਹ ਵਿਚੋਂ ਨਹੀਂ ਪੈਦਾ ਹੁੰਦੀ। ਨਾ ਹੀ ਇਸ ਨੂੰ ਖਰੀਦਿਆ ਜਾਂ ਬੰਦੀ ਬਣਾਇਆ ਜਾ ਸਕਦਾ। ਇਹ ਤਾਂ ਅਗੰਮੀ ਆਵੇਸ਼, ਨੂਰੀ ਅਲਹਾਮ, ਕੁਦਰਤੀ ਕ੍ਰਿਸ਼ਮਾ ਅਤੇ ਕਰਤਾਰੀ ਬਿਰਤੀਆਂ ਦਾ ਪ੍ਰਵੇਸ਼, ਜੋ ਜੀਵਨ ਦੇ ਸਮੁੱਚ ਨੂੰ ਬਦਲ ਕੇ ਇਸ ਦੀ ਨੁਹਾਰ ਨੂੰ ਸੂਰਜਾਂ ਦਾ ਹਾਣੀ ਬਣਾਉਂਦੀ।
ਨਫਾਸਤ ਅਮੀਰ-ਗਰੀਬ, ਅਨਪੜ੍ਹ, ਪੜ੍ਹੇ-ਲਿਖੇ, ਰਾਜਾ-ਫਕੀਰ, ਰੁਤਬੇ ਵਾਲੇ- ਰੁਤਬਾਹੀਣ ਜਾਂ ਰੱਜੇ-ਭੁੱਖੇ ਵਿਚ ਕੋਈ ਅੰਤਰ ਨਹੀਂ ਰੱਖਦੀ; ਕਿਉਂਕਿ ਨਫਾਸਤ ਸਿਰਫ ਅੰਦਰੋਂ ਹੀ ਪੈਦਾ ਹੁੰਦੀ। ਇਕ ਗਰੀਬ ਰਿਕਸ਼ੇ ਵਾਲਾ ਕਿਸੇ ਸਵਾਰੀ ਦਾ ਡਿਗਿਆ ਬਟੂਆ ਵੀ ਉਸ ਦੇ ਘਰ ਪਹੁੰਚਾ ਦਿੰਦਾ, ਜਦ ਕਿ ਇਕ ਸ਼ਾਹੂਕਾਰ, ਜਾਣਕਾਰ ਦੀ ਡਿੱਗੀ ਹੋਈ ਚੀਜ਼ ਵੀ ਪੈਰਾਂ ਹੇਠ ਲਕੋਅ ਲੈਂਦਾ। ਇਕ ਅੰਨ੍ਹਾ ਵਿਅਕਤੀ ਸੜਕ ਪਾਰ ਕਰਵਾਉਣ ਲਈ ਹਰ ਰਾਹੀ ਨੂੰ ਤਰਲਾ ਪਾ ਰਿਹਾ ਏ, ਪਰ ਕੋਈ ਉਸ ਦੀ ਮਦਦ ਲਈ ਨਹੀਂ ਆਉਂਦਾ। ਇੰਨੇ ਚਿਰ ਨੂੰ ਸਕੂਲ ਜਾ ਰਿਹਾ ਇਕ ਗਰੀਬ ਵਿਦਿਅਰਥੀ, ਉਸ ਦੀ ਆਵਾਜ਼ ਸੁਣ ਕੇ ਉਸ ਨੂੰ ਸੜਕ ਪਾਰ ਕਰਵਾਉਂਦਾ ਏ ਅਤੇ ਬਜੁਰਗ ਦੀਆਂ ਅਸੀਸਾਂ ਪ੍ਰਾਪਤ ਕਰਦਾ। ਇਹ ਗਰੀਬ ਬੱਚਾ ਹੀ ਵੱਡਾ ਹੋ ਕੇ ਮਹਾਨ ਵਿਅਕਤੀ ਜਰੂਰ ਬਣੇਗਾ, ਕਿਉਂਕਿ ਉਸ ਦੀ ਪਰਉਪਕਾਰੀ ਸੋਚ ਨੇ ਉਸ ਨੂੰ ਬਹੁਤ ਦੂਰ-ਦਿਸਹੱਸਿਆਂ ਤੀਕ ਪਹੁੰਚਾਣਾ ਏ। ਅਜਿਹੇ ਬੱਚੇ ਹੀ ਵੱਡੇ ਹੋ ਕੇ ਲੋਕ-ਨਾਇਕ ਬਣਦੇ।
ਨਫਾਸਤ ਬੰਦਿਆਈ, ਬੰਦਗੀ ਅਤੇ ਬਰਕਤਾਂ ਨਾਲ ਨਿਵਾਜਦੀ, ਜਦ ਕਿ ਬੁਰਿਆਈ, ਬੇਹੂਦਾਪਣ, ਬੇਲਿਹਾਜ਼ਤਾ ਜਾਂ ਬੇਸ਼ਰਮੀ ਵਿਚੋਂ ਨਫਾਸਤ ਵਰਗੇ ਪਾਕ ਗੁਣਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ।
ਨਫਾਸਤ, ਮਨ ਦੀ ਅਵਸਥਾ। ਦਿਲ ਦੇ ਖੁੱਲ੍ਹੇ ਹੋਏ ਬੂਹੇ-ਬਾਰੀਆਂ, ਭਾਵਨਾਵਾਂ ਦੇ ਆਵੇਗ ਵਿਚ ਸੁੱਚਮਤਾ ਅਤੇ ਮਨੋ-ਕਾਮਨਾਵਾਂ ਦੀ ਉਚਮਤਾ। ਨਫਾਸਤ ਕਦੇ ਦਿਮਾਗ ਵਿਚੋਂ ਨਹੀਂ ਪੈਦਾ ਹੁੰਦੀ, ਕਿਉਂਕਿ ਨਫਾਸਤੀ ਲੋਕ ਹਿਸਾਬੀ-ਕਿਤਾਬੀ ਨਹੀਂ ਹੁੰਦੇ। ਉਨ੍ਹਾਂ ਲਈ ਜੀਵਨ ਦੇ ਛਾਬੇ ਵਿਚ ਸੁਖਨ ਅਤੇ ਸਕੂਨ ਦੀ ਹੀ ਤਲਾਸ਼ ਹੁੰਦੀ। ਉਹ ਧਨ, ਰੁਤਬੇ ਜਾਂ ਸ਼ਾਨੋ-ਸ਼ੌਕਤ ਦੇ ਮੁਰੀਦ ਨਹੀਂ ਹੁੰਦੇ। ਉਨ੍ਹਾਂ ਲਈ ਸਧਾਰਨਤਾ ਵਿਚੋਂ ਹੀ ਅਸਧਾਰਨਤਾ, ਨੀਵੇਂ ਰਹਿ ਕੇ ਉਚਾਈਆਂ ਛੂਹਣ ਅਤੇ ਭੁੱਖੇ ਰਹਿ ਕੇ ਰੱਜ ਮਹਿਸੂਸ ਕਰਨ ਦੀ ਅਦਾ ਹੁੰਦੀ।
ਨਫਾਸਤ ਨੂੰ ਆਪਣਾ ਮੀਰੀ ਗੁਣ ਬਣਾਉਣ ਲਈ ਜਰੂਰੀ ਹੈ, ਮਨੁੱਖ ਸਦਾ ਨਿਮਰ ਰਹੇ। ਉਸ ਲਈ ਦੁਨਿਆਵੀ ਲਾਭਾਂ ਤੋਂ ਦੂਰੀ ਬਣਾਉਣ ਦੀ ਹਿੰਮਤ ਹੋਵੇ। ਉਹ ਕੁਝ ਦੇ ਕੇ, ਬਹੁਤ ਕੁਝ ਪਾਉਣ ਦਾ ਮਾਣ ਮਹਿਸੂਸ ਕਰੇ। ਆਪਣੀ ਚੇਤਨਾ ਨੂੰ ਸੁੰਦਰ ਸੋਚਾਂ ਦੀਆਂ ਰਹਿਮਤਾਂ ਨਾਲ ਭਰੇ।
ਨਫਾਸਤ ਕਦੇ ਵੀ ਦਿਖਾਵਾ ਨਾ ਬਣਾਓ ਅਤੇ ਨਾ ਹੀ ਇਸ ਦਾ ਗਰੂਰ ਕਰਨ ਦੀ ਲੋੜ। ਇਹ ਤਾਂ ਖੁਦ ਪ੍ਰਗਟਦੀ ਹੈ ਆਪਣੀ ਸਦੈਵਤਾ ਤੇ ਸੰੁਦਰਤਾ ਸੰਗ। ਇਸ ਦੀ ਸਤਰੰਗੀ ਵਿਚ ਸਿਮਟ ਜਾਂਦੀਆਂ ਨੇ ਹਕੂਮਤਾਂ, ਜਗੀਰਾਂ, ਸਲਤਨਤਾਂ ਅਤੇ ਸ਼ਹਿਨਸ਼ਾਹੀਆਂ।
ਨਫਾਸਤ ਹਮੇਸ਼ਾ ਹੀ ਲਾਹੇਵੰਦ। ਜੀਵਨ ਦੇ ਹਰ ਪੜਾਅ ਵਿਚ ਇਸ ਦੀ ਸਦਉਪਯੋਗਤਾ ਹੀ ਇਸ ਨੂੰ ਹੋਰ ਵਿਸਥਾਰਦੀ।
ਨਫਾਸਤ ਅਮਿੱਟ ਗੂੜ੍ਹੀ ਰੰਗਤ ਵਾਲੀ। ਮਜੀਠੀ ਅਤੇ ਮੁਸਕਰਾਹਟ ਵੰਡਦੀ ਬਸ਼ਰਤੇ ਕਿ ਤੁਹਾਨੂੰ ਨਫਾਸਤੀ ਅਦਾਇਗੀ ਨੂੰ ਮਾਣਨ ਅਤੇ ਹੰਢਾਉਣ ਦੀ ਬੇਤੁਕੱਲਫੀ ਆਉਂਦੀ ਹੋਵੇ।
ਨਫਾਸਤ, ਸਮਿਆਂ ਦੀ ਸ਼ਾਹ-ਅਸਵਾਰ। ਦੁਨਿਆਵੀ ਸਬੰਧਾਂ ਦਾ ਆਧਾਰ, ਇਲਾਹੀ ਪਰਵਾਜ਼। ਆਪਣੇ ਅੰਦਰ ਵਿਚ ਬੈਠਾ ਭਗਵਾਨ, ਜਿਸ ਦਾ ਜੇ ਅਸੀਂ ਕਰੀਏ ਧਿਆਨ ਤਾਂ ਸਾਡੀਆਂ ਘੁੱਪ-ਹਨੇਰੀਆਂ ਕੋਠੜੀਆਂ ਦੇ ਵੀ ਖੁੱਲ੍ਹ ਜਾਂਦੇ ਨੇ ਰੌਸ਼ਨਦਾਨ।
ਨਫਾਸਤ, ਨਾਮਾ-ਨਿਗਾਰੀ ਨਹੀਂ, ਨਕਾਰਾਤਮਿੱਕ ਨਹੀਂ, ਨੇਤਾਗਿਰੀ ਵੀ ਨਹੀਂ ਅਤੇ ਨਾ ਹੀ ਨਾਂਵਾਂ ਤੇ ਨਾਮਣਾ ਕਮਾਉਣ ਦੀ ਵਿਧੀ। ਇਹ ਤਾਂ ਆਪਣੇ ਤੋਂ ਆਪਣੇ ਤੀਕ ਦਾ ਸਫਰ ਕਰਨ ਦੀ ਤਹਿਜ਼ੀਬ ਅਤੇ ਤਰਜ਼ੀਹ।
ਨਫਾਸਤ ਅਦਾਇਗੀ, ਅਰਾਧਨਾ, ਅਰਮਾਨੀ, ਅਰਧ-ਚੇਤਨੀ, ਆਦਰਸ਼ੀ ਅਤੇ ਅਲਹਾਮੀ ਹੋਵੇ ਤਾਂ ਇਹ ਸਦੀਵ। ਸਮਿਆਂ ਤੋਂ ਪਾਰ ਅਤੇ ਯੁੱਗਾਂ ਤੋਂ ਦੂਰ। ਕਦੇ ਨਫਾਸਤੀ ਲੋਕਾਂ ਦੀਆਂ ਕਹਾਣੀਆਂ ਨੂੰ ਪੜ੍ਹਨਾ, ਤੁਹਾਡੀ ਰੂਹ ਵਿਚ ਉਨ੍ਹਾਂ ਦੇ ਕਰਾਮਾਤੀ ਵਰਤਾਰਿਆਂ ਦਾ ਚਾਣਨ ਹੋਵੇਗਾ। ਅਜਿਹੀਆਂ ਕ੍ਰਿਸ਼ਮਾਮਈ ਸ਼ਖਸੀਅਤਾਂ ਸਾਹਵੇਂ ਅਦਬ ਨਾਲ ਸਿਰ ਝੁੱਕ ਜਾਵੇਗਾ।
ਨਫਾਸਤ ਨਗਮਾ ਜੋ ਹੋਠਾਂ ‘ਤੇ ਗੁਣਗੁਣਾਵੇ, ਨਰੋਇਆਪਣ ਜੋ ਜਿ਼ੰਦਗੀ ਨੂੰ ਪ੍ਰਣਾਵੇ, ਨਰਮਦਿਲੀ ਜੋ ਮਨੁੱਖਤਾ ਨੂੰ ਜਗਾਵੇ ਅਤੇ ਨਿਹਾਇਤ ਨੇਕਨੀਤੀ ਜੋ ਕੁਹਜਾਂ ਨੂੰ ਦਫਨਾਵੇ।
ਨਫਾਸਤ ਜਦ ਤ੍ਰੈਹ ਬਣ ਜਾਵੇ ਤਾਂ ਮਨੁੱਖ ਇਸ ਨੂੰ ਮਿਟਾਉਣ ਲਈ ਆਪਣੀ ਜਾਮਾ-ਤਲਾਸ਼ੀ ਲੈਂਦਾ। ਆਪਣੀਆਂ ਕਮੀਆਂ ਖਤਮ ਕਰਦਾ। ਆਪਣੀਆਂ ਕਮਜੋਰੀਆਂ ਨੂੰ ਆਪਣੀ ਤਾਕਤ ਬਣਾ ਕੇ, ਨਫਾਸਤ ਨੂੰ ਨਿਆਰਤਾ ਬਖਸ਼ਦਾ।
ਨਫਾਸਤ, ਨਜ਼ਾਕਤ ਦਾ ਸੁਹਲ ਰੂਪ। ਸੁਘੜਤਾ, ਸੁੰਦਰਤਾ, ਸਾਦਗੀ ਅਤੇ ਸੁਹਜ ਦਾ ਸਿਆਣਾ ਤੇ ਸੰਜਮੀ ਰੂਪ ਹੈ ਨਫਾਸਤ।
ਨਫਾਸਤ, ਅਰਧ-ਚੇਤਨਾ ਦਾ ਬਚਪਨੀ ਹਿੱਸਾ। ‘ਕੇਰਾਂ ਇਕ ਬੱਚਾ ਦੁਕਾਨ ‘ਤੇ ਆਈਸ ਕਰੀਮ ਖਾਣ ਲਈ ਜਾਂਦਾ ਹੈ। ਬੋਝੇ ਵਿਚੋਂ ਭਾਨ ਕੱਢ ਕੇ ਗਿਣਦਾ ਹੈ ਅਤੇ ਵੇਟਰਸ ਦੇ ਆਉਣ `ਤੇ ਚਾਕਲੇਟ ਵਾਲੀ ਆਈਸ ਕਰੀਮ ਦਾ ਰੇਟ ਪੁੱਛਦਾ ਹੈ। ਫਿਰ ਸਿੱਕੇ ਗਿਣਦਾ ਹੈ ਅਤੇ ਦੁਬਾਰਾ ਵਾਪਸ ਆਈ ਵੇਟਰਸ ਕੋਲੋਂ ਵਨੀਲਾ ਆਈਸ ਕਰੀਮ ਦਾ ਰੇਟ ਪੁੱਛਦਾ ਹੈ, ਜਿਹੜੀ ਕੁਝ ਸਸਤੀ ਹੈ। ਆਈਸ ਕਰੀਮ ਆਉਣ ‘ਤੇ ਬੱਚਾ ਮਜ਼ੇ ਨਾਲ ਆਈਸ ਕਰੀਮ ਖਾ ਕੇ, ਆਈਸ ਕਰੀਮ ਦੀ ਕੀਮਤ ਦੇ ਨਾਲ ਵੇਟਰਸ ਲਈ ਟਿੱਪ, ਮੇਜ਼ ਤੇ ਰੱਖਦਾ ਹੈ। ਵੇਟਰਸ ਨੂੰ ਹੈਰਾਨੀ ਵਿਚ ਤੱਕਦਿਆਂ ਛੱਡ, ਬੱਚਾ ਬਾਹਰ ਆ ਜਾਂਦਾ ਹੈ। ਦਰਅਸਲ ਉਸ ਨੇ ਟਿੱਪ ਦੇਣ ਦੀ ਨਫਾਸਤ ਆਪਣੇ ਵਡੇਰਿਆਂ ਤੋਂ ਸਿੱਖੀ ਅਤੇ ਟਿੱਪ ਦੇ ਪੈਸੇ ਬਚਾਉਣ ਲਈ, ਸਸਤੀ ਆਈਸ ਕਰੀਮ ਖਾਣ ਨੂੰ ਤਰਜ਼ੀਹ ਦਿਤੀ। ਅਜਿਹੀ ਸੋਚ ਨੂੰ ਕੀ ਕਹੋਗੇ? ਅਜਿਹੇ ਨਫੀਸ ਲੋਕ ਹੀ ਜੀਵਨ ਦਾ ਸੁੱਚਮ ਹੁੰਦੇ।
ਨਫਾਸਤ ਨੂੰ ਕਿਸੇ ਪੈਮਾਨੇ, ਦਾਇਰੇ ਜਾਂ ਮਿਆਰ ਨਾਲ ਨਹੀਂ ਮਿਣਿਆ ਜਾ ਸਕਦਾ, ਕਿਉਂਕਿ ਇਸ ਦਾ ਰੂਪ ਮੌਕੇ, ਸਥਾਨ, ਸਮਾਂ, ਸਥਿਤੀ ਅਤੇ ਕਰਮ ਸਮੇਂ ਬਦਲਦਾ ਰਹਿੰਦਾ। ਇਸ ਲਈ ਇਸ ਦਾ ਵੱਖ-ਵੱਖ ਸਮਿਆਂ ਵਿਚ ਪ੍ਰਗਟਾਵੇ ਦਾ ਰੂਪ ਵੀ ਭਿੰਨ ਭਿੰਨ ਹੁੰਦਾ। ਕਦੇ ਸੁਚੇਤ ਤੇ ਕਦੇ ਅਚੇਤ। ਕਦੇ ਪ੍ਰਤੱਖ ਤੇ ਕਦੇ ਅਦਿੱਖ। ਕਦੇ ਕੋਮਲ ਤੇ ਕਦੇ ਕਰਤਾਰੀ। ਕਦੇ ਸੁਹਲ ਤੇ ਕਦੇ ਸਹਿਜ। ਕਦੇ ਬੋਲਦੀ ਤੇ ਕਦੇ ਮੂਕ। ਕਦੇ ਇਸ਼ਾਰਿਆਂ ਵਿਚ ਤੇ ਕਦੇ ਅਡੋਲ। ਕਦੇ ਨੈਣਾਂ ਦੀ ਅਦਾ ਤੇ ਕਦੇ ਹੋਠਾਂ ਦੀ ਅਦਾਇਗੀ। ਕਦੇ ਹੱਥ ਕਦੇ ਗੁਫਤਗੂ ਤੇ ਕਦੇ ਚੁੱਪ ਦਾ ਆਸਰਾ। ਕਦੇ ਅਛੋਹ ਤੇ ਕਦੇ ਸਪਰਸ਼ੀ। ਕਦੇ ਧੰਨਵੰਨਤਾ ਤੇ ਕਦੇ ਸ਼ੁਕਰੀਆ। ਕਦੇ ਪਲੋਸਣਾ ਤੇ ਕਦੇ ਪੇਸ਼ਕਾਰੀ। ਕਦੇ ਹੁਕਮ ਵਜਾਉਣਾ ਤੇ ਕਦੇ ਹੁਕਮ ਸੁਣਾਉਣਾ। ਕਦੇ ਰੋਹਬਦਾਰੀ ਤੇ ਕਦੇ ਜ਼ਰਾ-ਨਿਵਾਜ਼ੀ। ਬਹੁਤ ਸਾਰੇ ਰੂਪ ਹੁੰਦੇ ਨਫਾਸਤੀ ਰੰਗਣ ਦੇ।
ਨਫੀਸ ਵਿਅਕਤੀਆਂ ਨਾਲ ਭਰਿਆ ਹੋਇਆ ਏ ਸੰਸਾਰ। ਅਗਰ ਤੁਹਾਨੂੰ ਕੋਈ ਵੀ ਨਫੀਸ ਵਿਅਕਤੀ ਨਹੀਂ ਮਿਲਦਾ ਤਾਂ ਕਦੇ ਆਪ ਵੀ ਨਫੀਸ ਬਣੋ।
ਨਫਾਸਤ ਹੰਭ ਗਈ ਏ ਜਿੰ਼ਦਗੀ ਦੀ ਭੱਜਦੌੜ ਵਿਚ। ਸਾਡੀਆਂ ਮੂੰਹ ਅੱਡੀ ਖੜ੍ਹੀਆਂ ਇੱਛਾਵਾਂ ਹੀ ਨਫੀਸ ਲੋਕਾਂ ਦਾ ਘਾਣ ਕਰਨ ਲਈ ਜਿ਼ੰਮੇਵਾਰ।
ਨਫਾਸਤ ਜਿ਼ਆਰਤ ਹੁੰਦੀ ਹੈ ਆਪਣੇ ਅੰਤਰੀਵ ਗੁਣਾਂ ਦੀ ਰੰਗਤ ਵਿਚੋਂ ਆਪਣੀ ਨਿਵੇਕਲੀ ਤਵਾਰੀਖ ਸਿਰਜਣ ਅਤੇ ਵਿਗਸਣ ਦੀ।
ਦੁਨੀਆਂ ਦੇ ਬਾਜ਼ਾਰ ਵਿਚ ਲਿਆਕਤ ਵਿਕਦੀ ਏ, ਸਦਾਕਾਤ ਵਿਕਦੀ ਏ, ਹਿਮਾਕਤ ਵਿਕਦੀ ਏ, ਜ਼ਹਾਲਤ ਵਿਕਦੀ ਏ, ਅਦਾਲਤ ਵਿਕਦੀ ਏ, ਪਰ ਕਦੇ ਵੀ ਨਫਾਸਤ ਨਹੀਂ ਵਿਕਦੀ।
ਨਫਾਸਤ ਦੇ ਅਦਲੀ ਰੰਗ ਦੀ ਪਛਾਣ ਸਿਰਫ ਕੁਝ ਕੁ ਕਰੀਬੀ ਕਰਦੇ ਨੇ, ਜੋ ਅਦੀਬ ਹੁੰਦੇ, ਹਬੀਬ ਹੁੰਦੇ ਪਰ ਹੋਰਨਾਂ ਲਈ ਅਜੀਬ ਹੁੰਦੇ।
ਨਫਾਸਤ ਮਨ ਤੋਂ ਮਨ ਤੀਕ ਦੀ ਕੀਰਤੀ, ਰੂਹ ਤੋਂ ਰੂਹ ਤੀਕ ਦੀ ਰੰਗਰੇਜ਼ਤਾ, ਅਹਿਸਾਸ ਤੋਂ ਅਹਿਸਾਸ ਤੀਕ ਦੀ ਰਸਾਈ ਅਤੇ ਭਾਵ ਤੋਂ ਭਾਵ ਤੀਕ ਦੀ ਗਹਿਰਾਈ।
ਨਫਾਸਤ, ਨਰੋਈਆਂ ਤੇ ਨਿਵੇਕਲੀਆਂ ਪੈੜਾਂ ਦੀ ਕਰਮਦਾਤੀ। ਸੁਘੜ ਸੁਨੇਹਿਆਂ ਲਈ ਸੰਦੇਸ਼ਵਾਹਕ ਅਤੇ ਮਾਸੂਮ ਤਮੰਨਾਵਾਂ ਦੀ ਪੂਰਤੀ।
ਨਫਾਸਤ, ਮਨ ਦੇ ਵਰਕਿਆਂ ‘ਤੇ ਮਹੀਨ ਕਲਾਕਾਰੀ। ਸੋਚ-ਮਸਤਕ ‘ਤੇ ਬੁਣੀ ਫੁੱਲਕਾਰੀ ਅਤੇ ਚਿਹਰੇ ‘ਤੇ ਫੈਲਿਆ ਮੁਸਕਰਾਹਟੀ-ਮੰਤਰ।
ਨਫਾਸਤ ਦਾ ਸ਼ਾਇਰੀ, ਸੰਜੀਦਗੀ, ਸਾਫਗੋਈ, ਸੁਪਨਗੋਈ, ਸਦਾਕਤ, ਸ਼ਰਾਫਤ ਅਤੇ ਸੰਵੇਦਨਾ ਨਾਲ ਬਹੁਤ ਕਰੀਬੀ ਸਬੰਧ। ਇਨ੍ਹਾਂ ਸੁਗੰਧਤ ਸਬੰਧਾਂ ਦੀ ਮਹਿਕੀਲੀ ਫਿਜ਼ਾ ਦੀ ਮਹਿਕ ਦੂਰ ਦੂਰ ਤੀਕ ਫੈਲਦੀ ਏ। ਕਦੇ ਇਸ ਮਹਿਕ ਨੂੰ ਸਾਹਾਂ ਵਿਚ ਜਰੂਰ ਰਚਾਉਣਾ, ਤੁਹਾਨੂੰ ਜੀਵਨੀ ਸਰੂਰ ਦਾ ਅਨੁਮਾਨ ਹੋ ਜਾਵੇਗਾ।