ਬੈਚ ਫੁੱਲ: ਕੰਕਾਲ ਉਤੇ ਰੁਮਾਲ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜੀਵਨ ਵਿਚ ਫੁੱਲਾਂ ਦੀ ਬਹੁਤ ਮਹੱਤਤਾ ਹੈ। ਫੁੱਲ ਸ਼ਰਧਾ ਵਜੋਂ ਚੜ੍ਹਾਏ ਜਾਂਦੇ ਹਨ, ਸਨਮਾਨ ਵਜੋਂ ਬਰਸਾਏ ਜਾਂਦੇ ਹਨ ਤੇ ਜੀ ਆਇਆਂ ਕਹਿਣ ਲਈ ਭੇਟ ਕੀਤੇ ਜਾਂਦੇ ਹਨ; ਪਰ ਮਨੁੱਖਤਾ ਨੂੰ ਇਨ੍ਹਾਂ ਦੀ ਭੇਟ ਦਾ ਸਭ ਤੋਂ ਵਧੀਆ ਢੰਗ ਡਾ. ਐਡਵਾਰਡ ਬੈਚ ਨੇ ਸੁਝਾਇਆ ਹੈ। ਉਸ ਨੇ ਇਨ੍ਹਾਂ ਰਾਹੀਂ ਮਨੁੱਖੀ ਮਨ ਦੀਆਂ ਉਨ੍ਹਾਂ ਡੂੰਘਾਈਆਂ ਤੀਕ ਪਹੁੰਚ ਕੀਤੀ ਹੈ, ਜਿੱਥੇ ਉਂਜ ਕੋਈ ਨਹੀਂ ਪਹੁੰਚ ਸਕਦਾ। ਇਹੀ ਨਹੀਂ, ਉਸ ਨੇ ਮਨੁੱਖੀ ਆਤਮਾ ਦੀ ਤਹਿ ਅੰਦਰ ਜਾ ਕੇ ਇਸ ਵਿਚ ਭਰੀਆਂ ਕਮੀਆਂ ਤੇ ਕਮਜ਼ੋਰੀਆਂ ਦੀ ਸਫਾਈ ਕਰਨ ਦਾ ਵੀ ਸਰਲ ਰਾਹ ਦੱਸਿਆ ਹੈ, ਪਰ ਉਸ ਦੀ ਇਸ ਖੋਜ ਦਾ ਲਾਭ ਦੁਨੀਆਂ ਦੇ ਇਕ ਪ੍ਰਤੀਸ਼ਤ ਲੋਕ ਵੀ ਨਹੀਂ ਉਠਾ ਰਹੇ ਹੋਣਗੇ, ਕਿਉਂਕਿ ਇਸ ਬਾਰੇ ਕਿਸੇ ਨੂੰ ਬਹੁਤਾ ਪਤਾ ਹੀ ਨਹੀਂ ਹੈ।

ਗੁਰਬਾਣੀ ਦੀ ਤੁਕ ‘ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ’ ਅਨੁਸਾਰ ਇਹ ਫੁੱਲ ਚਿਕਿਤਸਾ ਵੀ ਉਪਲਭਦ ਤਾਂ ਸਭ ਲਈ ਬਰਾਬਰ ਹੈ, ਪਰ ਇਸ ਨੂੰ ਪ੍ਰਾਪਤ ਕਰਨ ਦਾ ਮੌਕਾ ਕੁਝ ਇਕ ਨੂੰ ਹੀ ਮਿਲਿਆ ਹੈ।
ਪੜ੍ਹਦੇ-ਲਿਖਦੇ ਤਾਂ ਸਾਰੇ ਹੀ ਹਨ, ਪਰ ਬਹੁਤ ਘੱਟ ਪਾਠਕਾਂ, ਲੇਖਕਾਂ, ਬੁੱਧੀਜੀਵੀਆਂ ਤੇ ਆਮ ਲੋਕਾਂ ਨੇ ਬੈਚ ਫੁੱਲਾਂ ਬਾਰੇ ਪੜ੍ਹਿਆ ਹੈ। ਇਸੇ ਲਈ ਵਿਦਿਆ ਪੜ੍ਹਾਈ ਦੀਆਂ ਸ਼ਕਤੀਆਂ ਨਾਲ ਲੈਸ ਸਿਹਤਮੰਦੀ ਦੀਆਂ ਬਰੂਹਾਂ `ਤੇ ਖੜ੍ਹੇ ਹੋਏ ਵੀ ਉਨ੍ਹਾਂ ਵਿਚੋਂ ਬਹੁਤ ਸਾਰੇ ਦੁੱਖਾਂ ਤਕਲੀਫਾਂ ਤੇ ਸੁਭਾਵਿਕ ਕਮਜ਼ੋਰੀਆਂ ਨਾਲ ਜੂਝ ਰਹੇ ਹੋਣਗੇ। ਉਨ੍ਹਾਂ ਨੂੰ ਆਪਾ ਸੰਭਾਲ ਵਲ ਧਿਆਨ ਦੇਣ ਲਈ ਬੈਚ ਫੁੱਲਾਂ ਦਾ ਅਧਿਐਨ ਇਕ ਬਹੁਤ ਹੀ ਦਿਲਚਸਪ ਤੇ ਲਾਭਦਾਇਕ ਵਿਸ਼ਾ ਸਾਬਤ ਹੋ ਸਕਦਾ ਹੈ। ਇਸ ਨੂੰ ਜਾਣਨ ਲਈ ਮੈਡੀਕਲ ਸਿਖਿਆ ਦੀ ਵੀ ਬਹੁਤੀ ਲੋੜ ਨਹੀਂ ਹੈ, ਕਿਉਂਕਿ ਡਾ. ਬੈਚ ਨੇ ਇਸ ਨੂੰ ਬਹੁਤ ਹੀ ਸਰਲ ਬਣਾ ਕੇ ਆਮ ਆਦਮੀ ਲਈ ਪੇਸ਼ ਕੀਤਾ ਹੈ। ਇਸ ਸਰਲ ਪਧਤੀ ਦੀ ਮੁਢਲੀ ਜਾਣ-ਪਛਾਣ ਕਰਵਾਉਣ ਲਈ ਸਭ ਤੋਂ ਪਹਿਲਾਂ ਬੈਚ ਦੇ ਅਠੱਤੀਆਂ ਵਿਚੋਂ ਪਹਿਲੇ ਫੁੱਲ ਐਗਰੀਮਨੀ ਬਾਰੇ ਚਰਚਾ ਕਰਦੇ ਹਾਂ।
ਬੂਟਾ-ਵਿਗਿਆਨ ਅਨੁਸਾਰ ਐਗਰੀਮਨੀ (ੳਗਰਮਿੋਨੇ) ਫੁੱਲ ਦੇ ਪੌਦੇ ਦਾ ਨਾਂ ਐਗਰੀਮੋਨੀਆ ਯੂਪਾਟੋਰੀਆ ਹੈ। ਇਹ ਫੁੱਲ ਮਨੁੱਖੀ ਆਤਮਾ ਦੇ ਇਕ ਅਜਿਹੇ ਦਵੰਧ ਦਾ ਨਿਵਾਰਣ ਕਰਦਾ ਹੈ, ਜਿਸ ਕਾਰਨ ਕਈ ਵਾਰ ਮਨੁੱਖ ਇਕ ਪਾਸੇ ਕਾਇਰ ਜਾਪਦਾ ਹੈ ਤੇ ਦੂਜੇ ਪਾਸੇ ਡਰਾਮੇਬਾਜ। ਅਜਿਹੇ ਲੋਕ ਅਕਸਰ ਹੀ ਦੇਖਣ ਵਿਚ ਆਉਂਦੇ ਹਨ, ਜੋ ਨਿਹਾਇਤ ਹੀ ਸ਼ਰੀਫ ਹੁੰਦੇ ਹਨ। ਉਹ ਕਦੇ ਗੁੱਸੇ ਵਿਚ ਨਹੀਂ ਆਉਂਦੇ ਤੇ ਕਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ। ਉਹ ਚੰਗੀ ਬੋਲੀ ਬੋਲਣ ਵਾਲੇ ਤੇ ਮਿਲਣਸਾਰ ਵਿਅਕਤੀ ਹੁੰਦੇ ਹਨ। ਉਹ ਕਿਸੇ ਨਾਲ ਬਹਿਸ ਕਰਨਾ ਪਸੰਦ ਨਹੀਂ ਕਰਦੇ ਤੇ ਜੇ ਕਿਤੇ ਬਹਿਸ ਦਾ ਕੋਈ ਵਿਸ਼ਾ ਸੁਰੂ ਹੋਣ ਵਾਲਾ ਹੋਵੇ ਤਾਂ ਉਥੋਂ ਬਚ ਨਿਕਲਦੇ ਹਨ। ਉਹ ਇੰਨੇ ਸੋਹਲ ਹੁੰਦੇ ਹਨ ਕਿ ਆਪਣਾ ਹੱਕ ਮੰਗਣ ਲਈ ਵੀ ਮੂੰਹ ਨਹੀਂ ਖੋਲ੍ਹਦੇ। ਆਪ ਅਨਿਆਇ ਜਰ ਲੈਣਗੇ, ਪਰ ਅੱਗੋਂ ਇਕ ਸ਼ਬਦ ਨਹੀਂ ਕਹਿਣਗੇ। ਜੇ ਕਦੇ ਕੁਝ ਮਜਬੂਰੀ ਵਸ ਕਹਿਣਾ ਹੀ ਪੈ ਜਾਵੇ ਤਾਂ ਟੇਢਾ ਤੇ ਵਿਅੰਗਾਤਮਕ ਰਸਤਾ ਅਪਨਾਉਂਦੇ ਹਨ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਅਗਲਾ ਵਿਅਕਤੀ ਕਿਤੇ ਗੁੱਸਾ ਕਰਕੇ ਗਲ ਹੀ ਨਾ ਪੈ ਜਾਵੇ। ਉਹ ਕਿਸੇ ਨਾਲ ਖਹਿਬੜਦੇ ਨਹੀਂ, ਇਥੋਂ ਤੀਕ ਕਿ ਬਾਜ਼ਾਰ ਵਿਚ ਦੁਕਾਨਦਾਰ ਨਾਲ ਭਾਅ ਵੀ ਤੈਅ ਨਹੀਂ ਕਰ ਸਕਦੇ। ਸੰਗਾਊ ਹੋਣ ਕਰਕੇ ਕਈ ਵਾਰ ਤਾਂ ਉਹ ਬਾਹਰ ਵੀ ਨਹੀਂ ਨਿਕਲਦੇ। ਉਹ ਦੁਨਿਆਵੀ ਕੰਮਾਂ ਵਿਚ ਪੈਣ ਦਾ ਹੌਸਲਾ ਨਹੀਂ ਕਰਦੇ, ਜੇ ਕਰਨ ਤਾਂ ਅਸਫਲ ਹੋ ਕੇ ਨਿਬੜਦੇ ਹਨ। ਇਹ ਲੋਕ ਸ਼ਾਂਤੀ ਪਸੰਦ ਹੁੰਦੇ ਹਨ ਤੇ ਸ਼ਾਂਤੀ ਦੇ ਹੀ ਸੋਹਲੇ ਗਾਉਂਦੇ ਹਨ। ਉਨ੍ਹਾਂ ਨੂੰ ਕੇਵਲ ਆਪਣੇ ਮਨ ਦੀ ਸ਼ਾਂਤੀ ਦੀ ਫਿਕਰ ਹੁੰਦੀ ਹੈ ਤੇ ਇਸ ਅੱਗੇ ਦੁਨੀਆਂ ਦੀਆਂ ਸਭ ਵਸਤਾਂ ਤੁੱਛ ਲਗਦੀਆਂ ਹਨ। ਇਸ ਲਈ ਜੇ ਉਹ ਕਿਸੇ ਨਾਲ ਝਗੜ ਵੀ ਪੈਣ ਤਾਂ ਛੇਤੀ ਦੋਸਤੀ ਕਰ ਲੈਂਦੇ ਹਨ। ਕਈ ਲੋਕ ਉਨ੍ਹਾਂ ਦੇ ਨਰਮ ਸੁਭਾਅ ਕਾਰਨ ਉਨ੍ਹਾਂ ਨੂੰ ਡਰੂ ਜਾਂ ਡਰਪੋਕ ਵੀ ਆਖਦੇ ਹਨ, ਪਰ ਉਨ੍ਹਾਂ ਦੇ ਅੰਦਰ ਦੀ ਸੱਮਸਿਆ ਕੋਈ ਨਹੀਂ ਸਮਝਦਾ, ਕਿਉਂਕਿ ਉਹ ਕਿਸੇ ਨੂੰ ਦੱਸਦੇ ਹੀ ਨਹੀਂ।
ਅਜਿਹੇ ਵਿਅਕਤੀਆਂ ਦੇ ਸੁਭਾਅ ਦਾ ਦੂਜਾ ਪਹਿਲੂ ਇਹ ਹੈ ਕਿ ਉਹ ਦੂਜਿਆਂ ਪ੍ਰਤੀ ਸੁਹਿਰਦ ਹੁੰਦੇ ਹਨ। ਜਿੱਥੇ ਉਹ ਆਪਣੇ ਕੋਮਲ ਹਿਰਦੇ ਦਾ ਬਚਾਉ ਰੱਖਦੇ ਹਨ, ਉੱਥੇ ਉਹ ਦੂਜਿਆਂ ਦੇ ਮਨ ਨੂੰ ਵੀ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਉਹ ਨਾ ਦੂਜਿਆਂ ਦਾ ਦਿੱਤਾ ਗਮ ਲੈਂਦੇ ਹਨ ਤੇ ਨਾ ਦੂਜਿਆਂ ਨੂੰ ਕੋਈ ਗਮ ਦਿੰਦੇ ਹਨ। ਉਹ ਆਜ਼ਾਦ ਵਿਚਰਨਾ ਚਾਹੁੰਦੇ ਹਨ। ਇਸ ਲਈ ਅਜਿਹੇ ਵਿਅਕਤੀ ਸਮਾਜ ਵਿਚ ਇੱਕਲੇ ਹੋ ਜਾਂਦੇ ਹਨ ਤੇ ਆਪਣੇ ਆਪ ਨੂੰ ਸਮਝਦੇ ਵੀ ਇੱਕਲਾ ਹੀ ਹਨ। ਜਦੋਂ ਵੀ ਉਨ੍ਹਾਂ ਨੂੰ ਕੋਈ ਬਿਮਾਰੀ ਆਵੇ ਜਾਂ ਕੋਈ ਹੋਰ ਤਕਲੀਫ ਹੋ ਜਾਵੇ ਤਾਂ ਉਹ ਇਸ ਨੂੰ ਦੂਜਿਆਂ ਨਾਲ ਸਾਂਝਾ ਨਹੀਂ ਕਰਦੇ ਭਾਵ ਕਰ ਨਹੀਂ ਸਕਦੇ। ਉਹ ਇਸ ਗੱਲੋਂ ਵੀ ਬਚਦੇ ਰਹਿੰਦੇ ਹਨ ਕਿ ਕਿਤੇ ਕੋਈ ਉਨ੍ਹਾਂ ਨੂੰ ਉਨ੍ਹਾਂ ਦੇ ਦੁਖ ਬਾਰੇ ਪੁੱਛ ਨਾ ਲਵੇ। ਇਸ ਲਈ ਉਹ ਪਹਿਲਾਂ ਤੋਂ ਹੀ ਆਪਣੇ ਰਾਜੀ ਖੁਸ਼ੀ ਲੱਗਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਉਂ ਕਹੋ ਕਿ ਉਹ ਆਪਣੇ ਅੰਦਰੂਨੀ ਦੁਖ ਉੱਤੇ ਮਨਸੂਈ ਮੁਸਕਾਨ ਦਾ ਪਰਦਾ ਪਾ ਕੇ ਰੱਖਦੇ ਹਨ ਤਾਂ ਜੋ ਦੇਖਣ ਵਾਲੇ ਉਨ੍ਹਾਂ ਨੂੰ ਚੰਗਾ ਭਲਾ ਸਮਝਣ। ਜੇ ਕੋਈ ਫਿਰ ਵੀ ਉਨ੍ਹਾਂ ਦੇ ਅੰਦਰ ਦੀ ਪੀੜਾ ਨੂੰ ਟੋਹਣ ਦੀ ਕੋਸਿ਼ਸ਼ ਕਰਦਾ ਹੋਇਆ ਕੁਝ ਪੁੱਛ ਹੀ ਲਵੇ ਤਾਂ ਉਹ ਉਸ ਨੂੰ ਹਾਸੇ ਮਜ਼ਾਕ ਨਾਲ ਟਾਲ ਦਿੰਦੇ ਹਨ। ਇਸ ਕੰਮ ਲਈ ਉਹ ਚੁਟਕਲੇ, ਮਸਖਰੀਆਂ ਤੇ ਹਲਕੀਆਂ ਫੁਲਕੀਆਂ ਟਿੱਚਰਾਂ ਦਾ ਸਹਾਰਾ ਵੀ ਲੈਂਦੇ ਹਨ। ਇਸ ਤਰ੍ਹਾਂ ਦੀ ਸਮਾਜਿਕ ਦਿੱਖ ਉਨ੍ਹਾਂ ਨੂੰ ਆਪਣੀ ਇਕਾਂਤਵਾਸ ਦੀ ਤੜਪਾਹਟ ਨੂੰ ਦੂਰ ਕਰਨ ਲਈ ਵੀ ਚਾਹੀਦੀ ਹੁੰਦੀ ਹੈ।
ਇਹ ਵਿਅਕਤੀ ਆਪਣੇ ਦੁੱਖਾਂ, ਦਰਦਾਂ, ਬਿਮਾਰੀਆਂ ਤੇ ਕਮਜ਼ੋਰੀਆਂ ਕਾਰਨ ਅੰਦਰੋਂ ਇੰਨੇ ਟੁੱਟ ਚੁੱਕੇ ਹੁੰਦੇ ਹਨ ਕਿ ਇਨ੍ਹਾਂ ਦੇ ਅੰਦਰ ਭਰਿਆ ਦਰਦ ਇਨ੍ਹਾਂ ਨੂੰ ਸੌਣ ਨਹੀਂ ਦਿੰਦਾ। ਉਹ ਇਸ ਬਾਰੇ ਸੋਚਦੇ ਤੇ ਝੂਰਦੇ ਰਹਿੰਦੇ ਹਨ। ਦਿਨ ਤਾਂ ਫਿਰ ਵੀ ਨਿਕਲ ਜਾਂਦਾ ਹੈ, ਪਰ ਰਾਤ ਨਹੀਂ ਕਟਦੀ। ਰਾਤ ਭਰ ਇਹ ਪਾਸੇ ਮਾਰਦੇ ਰਹਿੰਦੇ ਹਨ, ਪਰ ਇਨ੍ਹਾਂ ਦੇ ਮਨ ਦੀ ਤੜਪ ਨੀਂਦ ਨੂੰ ਨੇੜੇ ਨਹੀਂ ਲੱਗਣ ਦਿੰਦੀ। ਰਾਤ ਦੀ ਬੇਚੈਨੀ ਦੇ ਬਾਵਜੂਦ ਵੀ ਇਹ ਸਵੇਰੇ ਉੱਠ ਕੇ ਫਿਰ ਹਾਸੇ ਦਾ ਮਖੌਟਾ ਪਹਿਨ ਲੈਂਦੇ ਹਨ। ਕਈ ਵਾਰ ਤਾਂ ਇਹ ਦਿਨੇ ਵੀ ਚਾਦਰ ਲੈ ਕੇ ਪੈ ਜਾਂਦੇ ਹਨ ਤੇ ਸੌਣ ਦੇ ਪੱਜ ਰੋਣ ਲਗ ਪੈਂਦੇ ਹਨ। ਫਿਰ ਵੀ ਇਨ੍ਹਾਂ ਦੀ ਜਰਨ ਸ਼ਕਤੀ ਕਾਫੀ ਹੁੰਦੀ ਹੈ। ਕੋਈ ਕੁਝ ਵੀ ਕਹੇ, ਦਿਲ ਦਾ ਦਰਦ ਜੁਬਾਨ ਤੀਕ ਨਹੀਂ ਲਿਆਉਂਦੇ। ਜਦੋਂ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਵੇ ਤਾਂ ਉਹ ਕਿਸੇ ਨਸ਼ੇ ਪੱਤੇ ਦਾ ਸਹਾਰਾ ਲੈਣ ਲੱਗ ਪੈਂਦੇ ਹਨ। ਇਸ ਤਰ੍ਹਾਂ ਦੀਆਂ ਅਸਹਿ ਮਾਨਸਿਕ ਪੀੜਾਂ ਦੇ ਮਰੀਜ਼ ਵਧੇਰੇ ਕਰਕੇ ਸ਼ਰਾਬ ਪੀਣ ਦੇ ਆਦੀ ਹੋ ਜਾਂਦੇ ਹਨ। ਉਹ ਸਮਝਦੇ ਹਨ ਕਿ ਨਸ਼ਾ ਕਰਕੇ ਉਨ੍ਹਾਂ ਦੇ ਅਹਿਸਾਸ ਸੁਖਾਲੇ ਹੋ ਜਾਦੇ ਹਨ। ਅਜਿਹੇ ਲੋਕ ਜੇ ਐਗਰੀਮਨੀ ਦੀਆਂ ਕੁਝ ਖੁਰਾਕਾਂ ਕੁਝ ਦਿਨ ਲੈ ਲੈਣ ਤਾਂ ਨਾ ਸਿਰਫ ਉਹ ਆਪਣੇ ਸੁਭਾਅ ਦੀ ਨਿਖੇਧਾਤਮਕ ਸਥਿਤੀ ਤੋਂ ਬਾਹਰ ਹੀ ਨਿਕਲ ਆਉਣਗੇ, ਸਗੋਂ ਉਨ੍ਹਾਂ ਦੀ ਅੰਦਰੂਨੀ ਤਕਲੀਫ ਵੀ ਦੂਰ ਹੋ ਜਾਵੇਗੀ। ਇਸ ਨਾਲ ਹੀ ਉਨ੍ਹਾਂ ਦੀ ਨਸ਼ੇ ਦੀ ਆਦਤ ਵੀ ਅਲੋਪ ਹੋ ਜਾਵੇਗੀ। ਉਨ੍ਹਾਂ ਨੂੰ ਆਪਣਾ ਦੁਖ ਬਿਆਨ ਕਰਨਾ ਆ ਜਾਵੇਗਾ ਤੇ ਉਹ ਆਪਣੇ ਅੰਦਰ ਦੀ ਘੁਟਣ ਤੋਂ ਮੁਕਤ ਹੋ ਜਾਣਗੇ।
ਇਸ ਤੱਥ ਦੀ ਪੁਸ਼ਟੀ ਵਿਚ ਅਨੇਕਾਂ ਕੇਸ ਬਿਆਨ ਕੀਤੇ ਜਾ ਸਕਦੇ ਹਨ, ਪਰ ਇੱਥੇ ਇਕ ਹਾਲ ਦੀ ਹੀ ਘਟਨਾ ਦਾ ਵਰਣਨ ਕਰਦਾ ਹਾਂ, ਜੋ ਕੁਝ ਵਿਅਕਤੀਗਤ ਵੇਰਵਿਆਂ ਨੂੰ ਛੱਡ ਕੇ ਬਿਲਕੁਲ ਸੱਚੀ ਹੈ। ਕਰੀਬ ਡੇਢ ਕੁ ਮਹੀਨਾ ਪਹਿਲਾਂ ਮੈਨੂੰ ਇਕ ਬੀਬੀ ਦਾ ਫੋਨ ਆਇਆ, ਕਹਿਣ ਲੱਗੀ, “ਮੈਨੂੰ ਕਿਸੇ ਨੇ ਤੁਹਾਡਾ ਫੋਨ ਨੰਬਰ ਦਿੱਤਾ ਹੈ। ਕੀ ਤੁਸੀਂ ਨਸ਼ਾ ਛੱਡਣ ਦੀ ਦਵਾਈ ਵੀ ਦਿੰਦੇ ਹੋ?” ਅਜਿਹੇ ਫੋਨ ਨਸ਼ੇੜੀ ਵਿਅਕਤੀਆਂ ਦੇ ਪਰਿਵਾਰਾਂ ਵਲੋਂ ਅਕਸਰ ਹੀ ਆਉਂਦੇ ਰਹਿੰਦੇ ਹਨ। ਮੈਂ ਪੁੱਛਿਆ, “ਨਸ਼ਾ ਕੌਣ ਕਰਦਾ ਹੈ?” ਉਸ ਨੇ ਉੱਤਰ ਦਿੱਤਾ, “ਮੇਰਾ ਭਰਾ ਕਰਦਾ ਹੈ ਜੀ। ਮੇਰਾ ਇਕੋ ਇਕ ਭਰਾ ਹੈ, ਮੇਰੇ ਨਾਲੋਂ ਛੋਟਾ ਹੈ। ਚਾਰ ਪੰਜ ਸਾਲ ਪਹਿਲਾਂ ਇੰਡੀਆ 12ਵੀਂ ਪੜ੍ਹਦੇ ਨੂੰ ਹਟਾ ਕੇ ਇੱਥੇ ਲੈ ਆਏ ਸਾਂ। ਇੱਥੇ ਆ ਕੇ ਉਸ ਦਾ ਜੀਅ ਨਾ ਲੱਗਾ ਤੇ ਕਾਫੀ ਦੇਰ ਘਰੋਂ ਬਾਹਰ ਨਹੀਂ ਨਿਕਲਿਆ। ਸਕੂਲ ਨਾ ਜਾਣ ਕਰਕੇ ਅੱਗੇ ਤਾਂ ਉਹ ਪੜ੍ਹ ਨਹੀਂ ਸਕਿਆ, ਪਰ ਸਾਡੇ ਜੋਰ ਪਾਉਣ `ਤੇ ਟਰੱਕ ਡਰਾਈਵਰ ਬਣ ਗਿਆ। ਹੁਣ ਸਾਡੇ ਦੇਖਣ ਸੁਣਨ ਵਿਚ ਆਇਆ ਹੈ ਕਿ ਉਹ ਸ਼ਰਾਬ ਪੀਂਦਾ ਹੈ। ਬਾਈ-ਤੇਈ ਸਾਲ ਦੀ ਉਮਰ ਹੈ, ਵਿਆਹ ਵੀ ਹਾਲੇ ਉਸ ਦਾ ਕਰਨਾ ਹੈ। ਸ਼ਰਾਬ ਪੀਣ ਵਾਲੇ ਨੂੰ ਕਿਹਨੇ ਲੜਕੀ ਦੇਣੀ ਹੈ? ਤੁਸੀਂ ਉਸ ਦਾ ਇਲਾਜ ਕਰੋ।”
ਹੋਮਿਉਪੈਥੀ ਵਿਚ ਸ਼ਰਾਬ ਦੀ ਆਦਤ ਵਾਲਿਆਂ ਲਈ ਕਈ ਦਵਾਈਆਂ ਹਨ, ਪਰ ਸਭ ਅਲਾਮਤਾਂ ਅਨੁਸਾਰ ਨਿਰਧਾਰਤ ਹੁੰਦੀਆਂ ਹਨ। ਲੜਕੀ ਨਾਲ ਗੱਲ ਕਰਦਿਆਂ ਉਹ ਸਾਰੀਆਂ ਦਵਾਈਆਂ ਮੇਰੇ ਦਿਮਾਗ ਵਿਚ ਘੁੰਮ ਗਈਆਂ, ਪਰ ਕੋਈ ਠੋਸ ਅਲਾਮਤ ਸਾਹਮਣੇ ਨਾ ਹੋਣ ਕਰਕੇ ਸਭ ਵਿਸਰ ਗਈਆਂ। ਸੋਚਿਆ ਮਰੀਜ਼ ਸਾਹਮਣੇ ਹੋਣ `ਤੇ ਹੀ ਕੋਈ ਹੱਲ ਨਿਕਲ ਸਕਦਾ ਹੈ। ਇਸ ਲਈ ਮੈਂ ਉਸ ਲੜਕੀ ਨੂੰ ਕਿਹਾ, “ਬੀਬਾ ਜੀ, ਤੁਹਾਨੂੰ ਆਪਣੇ ਭਰਾ ਨੂੰ ਮੇਰੇ ਕੋਲ ਲਿਆਉਣਾ ਪਵੇਗਾ।” ਉਹ ਅੱਗੋਂ ਬੋਲੀ, “ਅਸੀਂ ਉਸ ਨੂੰ ਇਸ ਕੰਮ ਲਈ ਤੁਹਾਡੇ ਕੋਲ ਨਹੀਂ ਲਿਆ ਸਕਦੇ। ਡਾਕਟਰ ਕੋਲ ਜਾਣ ਤੋਂ ਉਹ ਅੜ ਜਾਂਦਾ ਹੈ। ਸਾਡੇ ਸਾਹਮਣੇ ਤਾਂ ਉਹ ਮੰਨਦਾ ਹੀ ਨਹੀਂ ਕਿ ਉਹ ਪੀਂਦਾ ਹੈ। ਜੇ ਅਸੀਂ ਦਵਾਈ ਦੁਆਉਣ ਦੀ ਗੱਲ ਕਰਦੇ ਹਾਂ ਤਾਂ ਅੱਗੋਂ ਆਖਦਾ ਹੈ, ‘ਕੀ ਹੋਇਐ ਮੈਨੂੰ ਜੋ ਤੁਸੀਂ ਖਹਾਮਖਾਹ ਦਵਾਈ ਲੈਣ ਨੂੰ ਕਹਿੰਦੇ ਰਹਿੰਦੇ ਹੋ?’ ਪਰ ਸਾਨੂੰ ਪਤਾ ਹੈ ਕਿ ਉਹ ਪੀਂਦਾ ਹੈ ਜਰੂਰ। ਹੁਣ ਅਸੀਂ ਕਹਿ ਕਹਾ ਕੇ ਉਸ ਨੂੰ ਤੁਹਾਡੇ ਕੋਲ ਭੇਜਣ ਦੀ ਕੋਸ਼ਿਸ਼ ਕਰਾਂਗੇ। ਜੇ ਮੰਨ ਗਿਆ ਉਹ ਤੁਹਾਡੇ ਕੋਲ ਇੱਕਲਾ ਹੀ ਆਵੇਗਾ। ਉਸ ਨਾਲ ਨਸ਼ੇ ਬਾਰੇ ਕੋਈ ਗੱਲ ਨਹੀਂ ਕਰਨੀ ਨਹੀਂ ਤਾਂ ਉਹ ਫਿਰ ਸਾਡੇ ਆਖੇ ਵੀ ਨਹੀਂ ਲਗੇਗਾ। ਉਹ ਕੋਈ ਵੀ ਤਕਲੀਫ ਦੱਸੇ, ਦਵਾਈ ਤੁਸੀਂ ਸ਼ਰਾਬ ਦੀ ਹੀ ਦੇਣਾ।” ਮੈਂ ਉਸ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ, “ਕਿਸੇ ਨੂੰ ਉਹਲੇ ਨਾਲ ਦਵਾਈ ਦੇਣਾ ਗਲਤ ਹੈ, ਪਰ ਮੈਂ ਉਸ ਨਾਲ ਆਪਣੇ ਢੰਗ ਨਾਲ ਗੱਲ ਕਰਾਂਗਾ। ਤੁਸੀਂ ਮੇਰੇ ਕੋਲ ਭੇਜੋ ਉਸ ਨੂੰ।”
ਅਗਲੇ ਦਿਨ ਬਾਅਦ ਦੁਪਹਿਰ ਮੇਰੇ ਕੋਲ ਪੰਝੀ ਕੁ ਸਾਲ ਦਾ ਇਕ ਉਚੇਰੇ ਕੱਦ ਤੇ ਬੇਬਾਕ ਦਿੱਖ ਵਾਲਾ ਨੌਜਵਾਨ ਆਇਆ। ਉਸ ਦਾ ਫੈਲਿਆ ਹੋਇਆ ਚਿਹਰਾ ਤੇ ਅੱਧ-ਖੁਲ੍ਹੇ ਹੋਂਠ ਇਸ ਤਰ੍ਹਾਂ ਦਾ ਅਭਾਸ ਦੇ ਰਹੇ ਸਨ, ਜਿਵੇਂ ਉਹ ਹੁਣੇ ਹੁਣੇ ਕਿਸੇ ਨਾਲ ਹੱਸ ਕੇ ਹਟਿਆ ਹੋਵੇ। ਉਸੇ ਮੁਦਰਾ ਵਿਚ ਉਸ ਨੇ ਮੈਨੂੰ ਸਤਿ ਸ੍ਰੀ ਆਕਾਲ ਬੁਲਾਈ ਤੇ ਬੋਲਿਆ, “ਮੈਂ ਅਮਰਜੀਤ, ਮੇਰੇ ਬਾਰੇ ਤੁਹਾਨੂੰ ਮੇਰੀ ਭੈਣ ਨੇ ਫੋਨ ਕੀਤਾ ਸੀ।” ਮੈਂ ਉਸ ਨੂੰ ਉਸੇ ਦੇ ਅੰਦਾਜ਼ ਵਿਚ ਕਿਹਾ, “ਵਾਹ ਕਾਕਾ ਅਮਰਜੀਤ, ਕੀ ਹਾਲ ਹੈ ਤੇਰਾ, ਤੇਰੀ ਭੈਣ ਕਿੱਦਾਂ ਐਂ?” ਸਭ ਠੀਕ ਠਾਕ, ਕਹਿ ਕੇ ਉਹ ਬੈਠ ਗਿਆ। ਮੈਂ ਗੱਲ ਸ਼ੁਰੂ ਕਰਦਿਆਂ ਕਿਹਾ, “ਸੁਣਾ ਫਿਰ ਕਿਵੇਂ ਆਉਣਾ ਹੋਇਆ ਅੱਜ?” ਉਹ ਉਸੇ ਬੇਗਰਜ਼ ਲਹਿਜੇ ਵਿਚ ਬੋਲਿਆ, “ਮੇਰੀ ਭੈਣ ਨੇ ਸਾਰਾ ਕੁਝ ਦੱਸ ਤਾਂ ਦਿੱਤਾ ਹੈ ਤੁਹਾਨੂੰ, ਬਸ ਉਹੀ ਕੁਝ ਹੈ।” ਮੈਂ ਕਿਹਾ, “ਤੇਰੀ ਭੈਣ ਨੇ ਦੱਸਿਆ ਸੀ ਉਹ ਤੈਨੂੰ ਮੇਰੇ ਕੋਲ ਭੇਜ ਰਹੀ ਹੈ। ਬਾਕੀ ਗੱਲ ਤੂੰ ਆਪ ਦੱਸਣੀ ਹੈ।” ਉਹ ਵਿਰੋਧ ਭਾਵ ਵਿਚ ਬੋਲਿਆ, “ਮੈਨੂੰ ਤਾਂ ਕੁਝ ਨਹੀਂ ਹੋਇਆ, ਬਸ ਘਰ ਦਿਆਂ ਨੂੰ ਫਿਕਰ ਲੱਗਾ ਰਹਿੰਦਾ ਹੈ, ਮੈਨੂੰ ਡਾਕਟਰ ਕੋਲ ਭੇਜਣ ਦਾ।” ਮੈਂ ਪੁੱਛਿਆ, “ਕੋਈ ਕਾਰਨ ਤਾਂ ਹੋਵੇਗਾ ਉਨ੍ਹਾਂ ਦੀ ਫਿਕਰਮੰਦੀ ਦਾ?” ਉਹ ਬੋਲਿਆ, “ਬੱਸ ਸ਼ੱਕ ਕਰਦੇ ਰਹਿੰਦੇ ਹਨ ਕਿ ਮੈਂ ਸ਼ਰਾਬ ਪੀਂਦਾ ਹਾਂ ਤੇ ਨਸ਼ੇ ਕਰਦਾ ਹਾਂ। ਕਿੱਥੇ ਕਰਦਾ ਹਾਂ ਮੈਂ ਨਸ਼ੇ? ਕਿੰਨੀ ਵਾਰ ਦੱਸ ਚੁਕਾਂ, ਵਿਸ਼ਵਾਸ ਹੀ ਨਹੀਂ ਕਰਦੇ।”
ਮੈਂ ਘੋਖ ਕੇ ਪੁੱਛਿਆ, “ਹੋ ਸਕਦਾ ਹੈ ਤੂੰ ਇਕ ਅੱਧੀ ਵਾਰ ਪੀਤੀ ਹੋਵੇ ਤੇ ਉਨ੍ਹਾਂ ਨੂੰ ਉਹ ਵੀ ਚੰਗਾ ਨਾ ਲੱਗਾ ਹੋਵੇ।” ਪਰ ਉਹ ਨਕਾਰਦਾ ਹੋਇਆ ਬੋਲਿਆ, “ਇਕ ਅੱਧੀ ਵਾਰ ਦਾ ਕੀ ਹੁੰਦਾ ਹੈ, ਇੱਦਾਂ ਤਾ ਸਾਰੇ ਹੀ ਪੀਂਦੇ ਐ।” ਉਸ ਦੀ ਗੱਲ ਨੂੰ ਉੱਥੇ ਹੀ ਛੱਡਦਿਆਂ ਮੈਂ ਪੁੱਛਿਆ, “ਫਿਰ ਹੁਣ ਕੀ ਕਰੀਏ?” ਉਹ ਬੋਲਿਆ, “ਕਰਨਾ ਕੀ ਹੈ, ਤੁਸੀਂ ਦਵਾਈ ਦੇ ਦੋ ਜਿਵੇਂ ਉਨ੍ਹਾਂ ਨੇ ਕਿਹਾ ਹੈ। ਮੈਂ ਤਾਂ ਰਾਜੀ ਖੁਸ਼ੀ ਹਾਂ ਹੀ, ਉਹ ਵੀ ਖੁਸ਼ ਹੋ ਜਾਣਗੇ।” ਮੈਨੂੰ ਉਸ ਦੀ ਖੁਸ਼ੀ ਦੇ ਪ੍ਰਗਟਾਵੇ ਉਹਲੇ ਇਕ ਟਾਲ ਵੱਟਦਾ ਅਧੀਰ ਜਿਹਾ ਆਦਮੀ ਬੋਲਦਾ ਨਜ਼ਰ ਆਇਆ, ਜਿਸ ਵਿਚ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਹੋਵੇ। ਮੈਂ ਉਸ ਨੂੰ ਐਗਰੀਮਨੀ ਫੁੱਲ ਤੋਂ ਤਿਆਰ ਕੀਤੀ ਦਵਾਈ ਦੀਆਂ ਤੀਹ ਖੁਰਾਕਾਂ ਦੇ ਕੇ ਇਕ ਹਰ ਰੋਜ਼ ਲੈਣ ਦੀ ਤੇ ਮਹੀਨੇ ਬਾਅਦ ਫਿਰ ਆਉਣ ਦੀ ਤਾਕੀਦ ਕਰਦਿਆਂ ਵਿਦਾ ਕਰ ਦਿੱਤਾ।
ਇਕ ਮਹੀਨੇ ਬਾਅਦ ਉਸ ਦਾ ਫੋਨ ਆਇਆ, “ਅੰਕਲ ਜੀ ਮੈਂ ਅਮਰਜੀਤ ਆਂ।” ਮੈਂ ਪਹਿਚਾਣਿਆ ਨਹੀਂ, ਇਸ ਲਈ ਪੁੱਛਿਆ, “ਕਿਹੜਾ ਅਮਰਜੀਤ?” ਉਸ ਨੇ ਉੱਤਰ ਦਿੱਤਾ, “ਓਹੀ, ਜਿਸ ਦੀ ਭੈਣ ਨੇ ਸ਼ਰਾਬ ਦੀ ਦਵਾਈ ਲੈਣ ਲਈ ਤੁਹਾਡੇ ਸੀ ਕੋਲ ਭੇਜਿਆ।” ਮੈਂ ਯਾਦ ਕਰਦਿਆਂ ਕਿਹਾ, “ਕਾਕਾ ਅਮਰਜੀਤ ਕੀ ਹਾਲ ਹੈ ਤੇਰਾ?” ਉਹ ਬੋਲਿਆ, “ਅੰਕਲ ਜੀ ਤੁਹਾਡੀ ਦਵਾਈ ਬਹੁਤ ਵਧੀਆ ਸੀ, ਪਰ ਮੇਰੇ ਕੋਲੋਂ ਅੱਧੀ ਖਰਾਬ ਹੋ ਗਈ। ਹੋਰ ਲੈਣੀ ਐ।” ਮੈਂ ਪੁੱਛਿਆ, “ਵਧੀਆ ਕਿਵੇਂ ਸੀ, ਕੋਈ ਭਲਾ ਕੀਤਾ ਉਸ ਨੇ ਤੈਨੂੰ?” ਉਹ ਬੋਲਿਆ, “ਜਿਵੇਂ ਕਈ ਦਵਾਈਆਂ ਗਰਮ ਹੁੰਦੀਆਂ ਨੇ, ਇਹ ਠੰਡੀ ਸੀ। ਕੋਈ ਨੁਕਸਾਨ ਨਹੀਂ ਕੀਤਾ, ਸਗੋਂ ਮਨ ਨੂੰ ਠੰਡਕ ਦਿੱਤੀ।” ਮੈਂ ਕਿਹਾ, “ਠੰਡਕ ਹੀ ਦਿੱਤੀ ਕਿ ਕੁਝ ਆਰਾਮ ਵੀ ਕੀਤਾ?” ਉਹ ਬੋਲਿਆ, “ਅੰਕਲ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਟਾਈਮ ਹੈ ਤੁਹਾਡੇ ਕੋਲ?” ਮੈਂ ਕਿਹਾ, “ਮੇਰੇ ਕੋਲ ਤਾਂ ਬਹੁਤ ਟਾਈਮ ਹੈ ਤੂੰ ਕਹਿ ਜੋ ਕਹਿਣਾ ਹੈ।”
ਉਹ ਦੱਸਣ ਲੱਗਾ, “ਅੰਕਲ ਜੀ, ਦਰਅਸਲ ਮੈਂ ਸ਼ਰਾਬ ਤਾਂ ਘਟ ਪੀਂਦਾ ਹਾਂ, ਭੰਗ ਵਧੇਰੇ ਪੀਂਦਾ ਹਾਂ। ਮੈਂ ਟੱਰਕ ਚਲਾਉਂਦਾ ਹਾਂ। ਜਦੋਂ ਬਾਹਰ ਗਿਆ ਰਹਿੰਦਾ ਹਾਂ ਇਕ ਵਾਰ ਵੀ ਨਹੀਂ ਪੀਂਦਾ। ਹਫਤਾ ਭਰ ਯਾਦ ਵੀ ਨਹੀਂ ਆਉਂਦੀ, ਪਰ ਜਦੋਂ ਘਰ ਆਉਂਦਾ ਹਾਂ, ਹਾਲੇ ਰਾਹ ਵਿਚ ਹੀ ਹੁੰਦਾ ਹਾਂ ਕਿ ਸ਼ਰੀਰ ਟੁੱਟਣ ਲੱਗ ਪੈਂਦਾ ਹੈ। ਫਿਰ ਨਹੀਂ ਰਹਿ ਹੁੰਦਾ। ਫਿਰ ਤਾਂ ਜਿੰਨੇ ਦਿਨ ਘਰ ਰਹਿੰਦਾ ਹਾਂ ਦਿਨ ਰਾਤ ਪੀਈ ਜਾਂਦਾ ਹਾਂ। ਵਿਚੇ ਸ਼ਰਾਬ ਲਈ ਜਾਂਦਾ ਹਾਂ। ਬੱਸ ਪੀਈ ਜਾਂਦਾ ਹਾਂ ਤੇ ਉਲਟੀਆਂ ਕਰੀ ਜਾਂਦਾ ਹੈ। ਬੰਦ ਕਰਦਾ ਹਾਂ ਤਾਂ ਹੈਂਗ ਆਉਟ ਸੌਰੀ ਹੈਂਗ ਓਵਰ ਹੋ ਜਾਂਦਾ ਹੈ। ਅੰਕਲ ਜੀ ਮੈਂ ਤੰਗ ਹਾਂ। ਇਹ ਕੋਈ ਜਿ਼ੰਦਗੀ ਹੈ, ਸਾਰਾ ਦਿਨ ਉਲਟੀਆਂ ਨਾਲ ਕੱਪੜੇ ਭਰੇ ਰਹਿੰਦੇ ਹਨ। ਪਲੀਜ਼ ਮੈਨੂੰ ਇਸ ਵਿਚੋਂ ਕੱਢੋ। ਦੱਸੋ ਮੈਂ ਕਦੋਂ ਆਵਾਂ?” ਮੈਂ ਉਸ ਨੂੰ ਅਗਲੇ ਦਿਨ ਆਉਣ ਦਾ ਸਮਾਂ ਦੇ ਦਿੱਤਾ।
ਉਸ ਦੇ ਕੇਸ ਦਾ ਨਿਰੀਖਣ ਕਰਦਿਆਂ ਮੈਂ ਸੋਚਿਆ, “ਐਗਰੀਮਨੀ ਨੇ ਆਪਣਾ ਕੰਮ ਕਰ ਦਿੱਤਾ ਹੈ। ਇਕ ਆਦਮੀ ਜੋ ਮਹੀਨਾ ਪਹਿਲਾਂ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਉਹ ਸ਼ਰਾਬ ਪੀਂਦਾ ਹੈ, ਇਸ ਫੁਲ-ਦਵਾਈ ਦੀਆਂ ਕੁਝ ਖੁਰਾਕਾਂ ਨੇ ਹੀ ਉਸ ਤੋਂ ਨਾ ਸਿਰਫ ਸ਼ਰਾਬ ਪੀਣ ਦਾ ਇਕਬਾਲ ਕਰਵਾ ਲਿਆ, ਸਗੋਂ ਇਕ ਛਿਪੇ ਨਸ਼ੇ ਭੰਗ ਦਾ ਵੀ ਸੱਚ ਉਗਲਵਾ ਲਿਆ। ਵੱਡੀ ਗੱਲ ਇਹ ਕਿ ਉਸ ਦੀ ਆਤਮਾ ਹੁਣ ਨਿਰਮਲ ਹੋ ਗਈ ਹੈ ਤੇ ਹੁਣ ਉਹ ਇਨ੍ਹਾਂ ਨਸ਼ਿਆਂ ਨੂੰ ਲਾਹਣਤ ਸਮਝ ਕੇ ਇਨ੍ਹਾਂ ਨੂੰ ਗਲੋਂ ਲਾਹੁਣਾ ਚਾਹੁੰਦਾ ਹੈ। ਜਦੋਂ ਕੋਈ ਕਿਸੇ ਚੀਜ਼ ਨੂੰ ਗੰਦੀ ਸਮਝ ਕੇ ਉਸ ਤੋਂ ਛੁਟਕਾਰਾ ਪਾਉਣਾ ਚਾਹੇ, ਉਸ ਲਈ ਐਗਰੀਮਨੀ ਨਹੀਂ, ਇਕ ਹੋਰ ਬੈਚ ਦਵਾਈ ਹੁੰਦੀ ਹੈ, ਜੋ ਮੈਂ ਉਸ ਨੂੰ ਆਏ ਨੂੰ ਦੇਣ ਦਾ ਮਨ ਬਣਾਇਆ।
ਇਸ ਲਈ ਐਗਰੀਮਨੀ ਬੈਚ ਰੈਮਡੀ ਉਨ੍ਹਾਂ ਲਈ ਹੈ, ਜੋ ਕਿਸੇ ਦੇ ਮੱਥੇ ਲੱਗਣ ਤੋਂ ਸ਼ਰਮਾਉਂਦੇ ਹਨ, ਬਹਿਸ ਵਿਚ ਪੈਣ ਤੋਂ ਭੱਜਦੇ ਹਨ ਤੇ ‘ਤੂੰ ਤੂੰ, ਮੈਂ ਮੈਂ’ ਕਰਨ ਤੋਂ ਡਰਦੇ ਹਨ। ਉਹ ਕਿਸੇ ਲਫੜੇ ਵਿਚ ਪੈ ਕੇ ਆਪਣੇ ਮਨ ਦੀ ਸ਼ਾਂਤੀ ਭੰਗ ਨਹੀਂ ਕਰਦੇ, ਭਾਵੇਂ ਉਨ੍ਹਾਂ ਨੂੰ ਇਸ ਵਿਚੋਂ ਕੋਈ ਲਾਭ ਹੀ ਕਿਉਂ ਨਾ ਹੁੰਦਾ ਹੋਵੇ। ਉਹ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਖੁਸ਼ਮਿਜਾਜ਼ ਬਣੇ ਰਹਿੰਦੇ ਹਨ।
ਡਾ. ਵੀ. ਕ੍ਰਿਸ਼ਨਾਮੂਰਤੀ ਇਸ ਦਵਾਈ ਬਾਰੇ ਜਿ਼ਕਰ ਕਰਦੇ ਲਿਖਦੇ ਹਨ, “ਜਦੋਂ ਤੁਹਾਨੂੰ ਆਪਣੇ ਹੱਕ ਲਈ ਬਹਿਸ ਕਰਨਾ, ਝਗੜਨਾ ਜਾਂ ਲੜਨਾ ਪਵੇ; ਜਦੋਂ ਤੁਹਾਨੂੰ ਆਪਣੀ ਰਕਮ ਬਰਾਮਦ ਕਰਨ ਲਈ ਥਾਣੇ ਜਾਂ ਕਚਹਿਰੀ ਦਾ ਰਾਹ ਅਖਤਿਆਰ ਕਰਨਾ ਪਵੇ; ਜਦੋਂ ਤੁਹਾਨੂੰ ਕਿਸੇ ਅੱਗੇ ਇਹ ਫਰਿਆਦ ਕਰਨੀ ਪਵੇ ਕਿ ਉਹ ਕਿਸੇ ਦੂਜੇ ਆਦਮੀ ਨੂੰ ਕਹੇ ਕਿ ਉਹ ਤੁਹਾਨੂੰ ਤੰਗ ਨਾ ਕਰੇ; ਜਦੋਂ ਤੁਹਾਨੂੰ ਕਿਸੇ ਲਾਭਕਾਰੀ ਕਾਰਜ ਵਿਚ ਜੱਦੋ ਜਹਿਦ ਕਰਨੀ ਪਵੇ ਅਤੇ ਜਦੋਂ ਤੁਹਾਨੂੰ ਆਪਣੇ ਅਨੁਸਾਰ ਕੰਮ ਕਰਨ ਲਈ ਕਿਸੇ ਨਾਲ ਮੱਥਾ ਲਾਉਣਾ ਪਵੇ, ਤਾਂ ਤੁਸੀਂ ਇਸ ਦਵਾਈ ਦੀਆਂ ਇਕ ਇਕ ਗੋਲੀ ਦੀਆਂ ਪੰਜ ਤੋਂ ਦਸ ਖੁਰਾਕਾਂ ਅੱਧੇ ਅੱਧੇ ਘੰਟੇ ਬਾਅਦ ਲਵੋ। ਇੱਦਾਂ ਕਰਨ ਨਾਲ ਹੀ ਤੁਹਾਨੂੰ ਬੈਚ ਫਲਾਵਰ ਦਵਾਈਆਂ ਦੀ ਉਹ ਸ਼ਕਤੀ ਸਮਝ ਆ ਜਾਵੇਗੀ, ਜੋ ਸਾਰੀਆਂ ਕਿਤਾਬਾਂ ਪੜ੍ਹਨ ਨਾਲ ਨਹੀਂ ਆ ਸਕਦੀ।” ਐਗਰੀਮਨੀ ਵਕੀਲਾਂ ਤੇ ਦਲਾਲਾਂ, ਟੀ. ਵੀ. ਐਂਕਰਾਂ ਤੇ ਸਿਕਿਉਰਿਟੀ ਕਰਮਚਾਰੀਆਂ ਦਾ ਟਾਨਿਕ ਹੈ। ਐਗਰੀਮਨੀ ਉਨ੍ਹਾਂ ਲਈ ਵੀ ਵਰਦਾਨ ਹੈ, ਜੋ ਆਪਣੇ ਉਦਗਾਰਾਂ ਨੂੰ ਦਬਾਉਣ ਤੇ ਆਪਣੀਆਂ ਚਿੰਤਾਵਾਂ ਨੂੰ ਛੁਪਾਉਣ ਲਈ ਦਾਰੂ ਦਾ ਸਹਾਰਾ ਲੈਂਦੇ ਹਨ।
ਉਪਰੋਕਤ ਬਿਰਤਾਂਤ ਤੋਂ ਕਈ ਪਾਠਕ ਇਹ ਸਮਝ ਸਕਦੇ ਹਨ ਕਿ ਐਗਰੀਮਨੀ ਸ਼ਰਾਬ ਛੁਡਾਉਣ ਦੀ ਦਵਾਈ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ। ਇਹ ਤਾਂ ਵਿਅਕਤੀ ਦੇ ਸੁਭਾਅ ਦੀ ਉਸ ਊਣਤਾਈ ਨੂੰ ਦੂਰ ਕਰਦੀ ਹੈ, ਜਿਸ ਕਾਰਨ ਉਹ ਆਪ ਵਿਚ ਹੀ ਸਿਮਟਿਆ ਰਹਿਣ ਕਰ ਕੇ ਖੁਲ੍ਹਦਾ ਨਹੀਂ ਤੇ ਆਪਣੀ ਘੁਟਣ ਦੂਜਿਆਂ ਨਾਲ ਸਾਂਝਾ ਨਹੀਂ ਕਰਦਾ। ਫਿਰ ਚਾਹੇ ਉਸ ਨੂੰ ਕੋਈ ਵੀ ਸਰੀਰਕ ਜਾਂ ਮਾਨਸਿਕ ਰੋਗ ਹੋਵੇ ਉਹ ਵੀ ਇਸ ਦੇ ਸੇਵਨ ਨਾਲ ਦੂਰ ਹੋ ਜਾਵੇਗਾ। ਇਸ ਤਰ੍ਹਾਂ ਇਹ ਸ਼ਰਾਬ ਦਾ ਨਸ਼ਾ ਕਰਨ ਵਾਲਿਆਂ ਨੂੰ ਤਾਂ ਠੀਕ ਕਰਦੀ ਹੈ, ਪਰ ਇਸ ਨਾਲ ਉਹੀ ਨਸ਼ੇੜੀ ਠੀਕ ਹੋਣਗੇ, ਜੋ ਗਮ ਭੁਲਾਉਣ ਲਈ ਪੀਂਦੇ ਹਨ। ਜੇ ਕੋਈ ਸ਼ਰਾਬ ਨੂੰ ਟਾਨਿਕ ਸਮਝ ਕੇ ਪੀਂਦਾ ਹੈ; ਸਮਾਜਕ ਔਕਾਤ ਦਿਖਾਉਣ ਲਈ ਪੀਂਦਾ ਹੈ; ਕਮਜ਼ੋਰੀ ਦੂਰ ਕਰਨ ਲਈ ਪੀਂਦਾ ਹੈ, ਸ਼ੌਕ ਪੂਰਾ ਕਰਨ ਲਈ ਪੀਂਦਾ ਹੈ ਜਾਂ ਹੌਸਲਾ ਵਧਾਉਣ ਲਈ ਪੀਂਦਾ ਹੈ, ਉਹ ਇਸ ਦਵਾਈ ਨਾਲ ਠੀਕ ਨਹੀਂ ਹੋ ਸਕਦਾ। ਅਜਿਹੀਆਂ ਮਾਨਸਿਕਤਾਵਾਂ ਦੇ ਇਲਾਜ ਲਈ ਹੋਰ ਦਵਾਈਆਂ ਹਨ।
ਐਗਰੀਮਨੀ ਸਕੂਲਾਂ-ਕਾਲਜਾਂ ਵਿਚ ਜਾਂਦੇ ਉਨ੍ਹਾਂ ਨੌਜਵਾਨਾਂ ਲਈ ਬੜੀ ਉਪਯੋਗੀ ਸਿੱਧ ਹੋ ਸਕਦੀ ਹੈ, ਜੋ ਬਾਹਰ ਜਾ ਕੇ ਕੋਈ ਨਸ਼ਾ ਕਰ ਲੈਂਦੇ ਹਨ ਤੇ ਘਰ ਆ ਕੇ ਦੱਸਦੇ ਨਹੀਂ। ਸਮੇਂ ਸਿਰ ਦੇਣ ਨਾਲ ਇਹ ਉਨ੍ਹਾਂ ਵਿਚ ਗਲਤ ਗੱਲਾਂ ਛੁਪਾਉਣ ਦੀ ਪ੍ਰਵਿਰਤੀ ਉਭਰਨ ਹੀ ਨਹੀਂ ਦੇਵੇਗੀ ਤੇ ਜੇ ਉੱਭਰ ਪਵੇ ਤਾਂ ਉਸ ਨੂੰ ਭਲੀ ਭਾਂਤ ਸੰਭਾਲ ਲਵੇਗੀ। ਇਸ ਨਾਲ ਸਬੰਧਤ ਜੇ ਉਨ੍ਹਾਂ ਦੀ ਪੜ੍ਹਾਈ-ਲਿਖਾਈ ਦੀ ਕੋਈ ਸਮੱਸਿਆ ਹੋਵੇ, ਉਹ ਵੀ ਹੱਲ ਹੋ ਜਾਵੇਗੀ।
ਬੈਚ ਫਲਾਵਰ ਦਵਾਈਆਂ ਦੀ ਤਾਸੀਰ ਨੂੰ ਯਾਦ ਰੱਖਣ ਲਈ ਹੋਮਿਓਪੈਥ ਅਕਸਰ ਕੋਈ ਨਾ ਕੋਈ ਆਕਰਸ਼ਕ ਫਿਕਰਾ ਘੜ੍ਹ ਲੈਂਦੇ ਹਨ, ਜੋ ਉਨ੍ਹਾਂ ਦੀਆਂ ਪ੍ਰਵਿਰਤੀਆਂ ਦੀ ਤਰਜਮਾਨੀ ਕਰਦਾ ਹੋਵੇ। ਐਗਰੀਮਨੀ ਨੂੰ ਕਈ ਹੋਮਿਓਪੈਥ “ਹਸਦਾ ਮਖੌਟਾ” ਕਹਿੰਦੇ ਹਨ, ਕਈ ਇਸ ਨੂੰ “ਕੰਡਿਆਂ ਦਾ ਫੁੱਲ” ਦੱਸਦੇ ਹਨ ਤੇ ਕਈ “ਪਿੰਜਰ ਦਾ ਝੁੱਲ” ਸਮਝਦੇ ਹਨ; ਪਰ ਮੇਰੇ ਲਈ ਇਹ “ਕੰਕਾਲ ਦਾ ਰੁਮਾਲ” ਹੈ।