ਹਨੇਰਿਆਂ ਤੋਂ ਮੁਕਤੀ

ਅੰਮ੍ਰਿਤ ਕੌਰ, ਬਡਰੁੱਖਾਂ, ਸੰਗਰੂਰ
ਫੋਨ: 91-98767-14004
ਪ੍ਰੋਫੈਸਰ ਜਸਵੰਤ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਦਾ ਘਰ ਵਿਚ ਪਹਿਲਾ ਹੀ ਦਿਨ ਸੀ। ਉਹ ਬੜੀ ਬੇਚੈਨੀ ਮਹਿਸੂਸ ਕਰ ਰਹੇ ਸਨ। ਆਪਣੇ ਆਪ ਨੂੰ ਹੀ ਸਵਾਲ ਪੁੱਛਦੇ, “ਕੀ ਮੈਂ ਹੁਣ ਘਰ ਵਿਹਲਾ ਬੈਠਿਆ ਕਰਾਂਗਾ? ਅਜੇ ਚੰਗਾ ਭਲਾ ਤਾਂ ਹਾਂ, ਕੀ ਹੋਇਐ ਮੈਨੂੰ? ਰਿਟਾਇਰ ਹੋਣਾ ਕੋਈ ਬਿਮਾਰੀ ਨਹੀਂ, ਇਹ ਤਾਂ ਆਜ਼ਾਦੀ ਹੈ, ਹੁਣ ਆਪਣੀ ਮਰਜੀ ਅਨੁਸਾਰ ਕੰਮ ਕਰਨ ਦਾ ਮੌਕਾ ਮਿਲਿਆ ਸਗੋਂ।” ਇਹ ਸੋਚ ਕੇ ਉਨ੍ਹਾਂ ਦੇ ਮਨ ਨੂੰ ਖੁਸ਼ੀ ਹੋਈ ਅਤੇ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਫੈਸਲਾ ਕੀਤਾ।

ਆਪਣੇ ਕੋਲ ਪਈਆਂ ਉਨ੍ਹਾਂ ਕੁਝ ਕਿਤਾਬਾਂ ਲਈਆਂ, ਉਹ ਜਾਣਦੇ ਸਨ ਕਿਸ ਉਮਰ ਵਿਚ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਉਨ੍ਹਾਂ ਬੱਸ ਅੱਡੇ `ਤੇ ਜਾ ਕੇ ਕਿਤਾਬਾਂ ਵੰਡਣ ਦਾ ਯਤਨ ਕੀਤਾ। ਕੰਮ ਜਿੰਨਾ ਸੌਖਾ ਲੱਗਦਾ ਸੀ, ਓਨਾ ਸੌਖਾ ਨਹੀਂ ਸੀ। ਉਹ ਸੋਚ ਰਹੇ ਸਨ ਕਿ ਕੋਸ਼ਿਸ਼ ਕੀਤਿਆਂ ਸਭ ਕੁਝ ਹੋ ਸਕਦਾ ਹੈ। ਉਨ੍ਹਾਂ ਨੇ ਦਸ ਕੁ ਜਣਿਆਂ ਨੂੰ ਕਿਤਾਬਾਂ ਦੇ ਦਿੱਤੀਆਂ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਆ। ਦੂਜੇ-ਤੀਜੇ ਦਿਨ ਆ ਕੇ ਪੁੱਛਦੇ ਕਿ ਕਿਤਾਬ ਪੜ੍ਹੀ ਜਾਂ ਨਹੀਂ? ਚਾਰ-ਪੰਜ ਦਿਨ ਤਾਂ ਕਿਸੇ ਪਾਸਿਓਂ ਕੋਈ ਹੁੰਗਾਰਾ ਨਹੀਂ ਮਿਲਿਆ, ਪਰ ਪ੍ਰੋਫੈਸਰ ਸਾਹਿਬ ਦੇ ਵਾਰ ਵਾਰ ਕਹਿਣ `ਤੇ ਕੁਝ ਕੁ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।
ਬੰਤਾ ਸਿੰਘ ਡਰਾਈਵਰ ਨੂੰ ਵੀ ਪ੍ਰੋਫੈਸਰ ਸਾਹਿਬ ਨੇ ਇੱਕ ਕਿਤਾਬ ਪੜ੍ਹਨ ਲਈ ਦਿੱਤੀ ਸੀ, ਜਦੋਂ ਉਹ ਪੜ੍ਹਨ ਬਾਰੇ ਸੋਚਦਾ ਤਾਂ ਨਾਲ ਹੀ ਇੱਕ ਵਿਚਾਰ ਪੈਦਾ ਹੁੰਦਾ, ‘ਹੁਣ ਕੋਈ ਉਮਰ ਐ ਪੜ੍ਹਨ ਦੀ!’ ਪਰ ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਨੇ ਬਹੁਤ ਪ੍ਰਭਾਵਿਤ ਕੀਤਾ। ਇਸ ਲਈ ਉਸ ਨੇ ਵੀ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ, ਜਦੋਂ ਪੜ੍ਹਨੀ ਸ਼ੁਰੂ ਕੀਤੀ ਤਾਂ ਛੱਡਣ ਦਾ ਜੀਅ ਨਾ ਕਰੇ। ਕਿੰਨੀਆਂ ਚੰਗੀਆਂ ਗੱਲਾਂ ਬੜੀ ਸੌਖੀ ਭਾਸ਼ਾ ਵਿਚ ਲਿਖੀਆਂ ਸਨ। ਹੁਣ ਤੱਕ ਉਹ ਤਾਂ ਇਹੀ ਸਮਝਦਾ ਰਿਹਾ ਸੀ ਕਿ ਉਸ ਨੂੰ ਕਿਤਾਬ ਦੀ ਸਮਝ ਨਹੀਂ ਆਵੇਗੀ। ਕਿੰਨੀਆਂ ਆਮ ਗੱਲਾਂ ਜੇ ਚੰਗੇ ਤਰੀਕੇ ਨਾਲ ਕਰੀਏ ਤਾਂ ਜੀਵਨ ਬਦਲ ਸਕਦੀਆਂ ਹਨ। ਉਹ ਸੋਚ ਰਿਹਾ ਸੀ ਕਿ ਜੇ ਸਭ ਕੁਝ ਪਹਿਲਾਂ ਪੜ੍ਹ ਲਿਆ ਹੁੰਦਾ ਤਾਂ ਜੀਵਨ ਹੀ ਬਦਲ ਜਾਣਾ ਸੀ। ਪੜ੍ਹਦਿਆਂ ਉਸ ਨੂੰ ਨੀਂਦ ਦੇ ਝੂਟੇ ਆਉਣ ਲੱਗੇ।
ਬੰਤਾ ਸਿੰਘ ਨੂੰ ਕਾਫੀ ਸ਼ੋਰ-ਸ਼ਰਾਬਾ ਸੁਣਾਈ ਦੇਣ ਲੱਗਾ। ਕਦੇ ਜਾਪਦਾ ਬਹੁਤ ਨੇੜੇ ਹੈ, ਕਦੇ ਬਹੁਤ ਦੂਰ। ਨਹੀਂ…ਨਹੀਂ…ਇਹ ਤਾਂ ਉਸ ਦੇ ਅੰਦਰੋਂ ਸੁਣਾਈ ਦੇ ਰਿਹਾ ਸੀ। ਭਾਂਤ ਭਾਂਤ ਦੀਆਂ ਮੂਰਤਾਂ ਬਣ ਰਹੀਆਂ ਸਨ, ਪਰ ਸਪੱਸ਼ਟ ਕੋਈ ਵੀ ਨਹੀਂ ਸੀ। ਉਸ ਨੇ ਗਹੁ ਨਾਲ ਦੇਖਣ ਦੀ ਕੋਸ਼ਿਸ਼ ਕੀਤੀ। ਇੱਕ ਮੂਰਤ ਸਪੱਸ਼ਟ ਹੋਣ ਲੱਗੀ, ਪਰ ਯਤਨ ਕਰਨ `ਤੇ ਵੀ ਪਛਾਣ ਨਾ ਸਕਿਆ।
“ਤੂੰ ਕੌਣ ਏਂ?…ਆਹ ਰੌਲਾ ਕੀਹਨੇ ਪਾ ਰੱਖਿਐ? ਬੰਤਾ ਸਿੰਘ ਨੇ ਪੁੱਛਿਆ।
“ਅਸੀਂ ਤੁਹਾਡੇ ਧੀਆਂ ਪੁੱਤਰ।” ਆਵਾਜ਼ ਆਈ, ਪਰ ਆਕਾਰ ਸਪੱਸ਼ਟ ਨਾ ਹੋਇਆ।
“ਧੱਕੇ ਨਾਲ ਈ ਧੀਆਂ-ਪੁੱਤਰ ਬਣਦੇ ਓ, ਜਾਓ ਸੌਣ ਦਿਓ।” ਬੰਤਾ ਸਿੰਘ ਬੜਬੜਾਇਆ।
“ਜੇ ਤੁਸੀਂ ਧੀਆਂ-ਪੁੱਤਰਾਂ ਨੂੰ ਚੰਗੇ ਬਣਾਉਗੇ, ਤਾਂ ਹੀ ਚੈਨ ਦੀ ਨੀਂਦ ਸੌਂ ਸਕੋਗੇ।” ਆਵਾਜ਼ ਬੜੀ ਪਿਆਰੀ ਸੀ।
“ਮੈਨੂੰ ਨ੍ਹੀਂ ਸਮਝ ਆਉਂਦੀ ਥੋਡੀ ਕੋਈ ਵੀ ਗੱਲ।” ਉਹ ਖਿਝ ਕੇ ਬੋਲਿਆ।
“ਚਲੋ ਠੀਕ ਐ, ਗੁੱਸੇ ਨਾ ਹੋਵੋ, ਮੈਂ ਦੱਸਦੀ ਆਂ। ਮੈਂ ਤੁਹਾਡੀ ਸੋਚ, ਜਿਸ ਨੂੰ ਜਦੋਂ ਵੀ ਤੁਸੀਂ ਆਪਣੇ ਮਨ, ਬਚਨ ਅਤੇ ਕਰਮ ਰਾਹੀਂ ਪ੍ਰਗਟ ਕਰਦੇ ਓ, ਮੈਨੂੰ ਅਤੇ ਆਪਣੇ ਆਪ ਨੂੰ ਦੁਨੀਆਂ ਕੋਲੋਂ ਚੰਗਾ ਜਾਂ ਬੁਰਾ ਕਹਾਉਂਦੇ ਓ। ਆਹ, ਜਿਹੜੇ ਸ਼ੋਰ ਮਚਾ ਰਹੇ ਨੇ, ਇਹ ਤੁਹਾਡੇ ਵਿਚਾਰ ਨੇ-ਕੋਈ ਆਉਂਦੈ, ਕੋਈ ਜਾਂਦੈ। ਪੱਕੇ ਤੌਰ `ਤੇ ਨਹੀਂ ਟਿਕਦੇ। ਇਸ ਲਈ ਅੰਦਰ ਘੜਮੱਸ ਪਿਆ ਰਹਿੰਦੈ। ਪਰ ਹਾਂ…ਜੇ ਤੁਸੀਂ ਨੇਕੀ, ਇਮਾਨਦਾਰੀ ਅਤੇ ਸੱਚਾਈ ਨੂੰ ਆਪਣੇ ਅੰਦਰ ਵਸਾ ਲਵੋਗੇ ਤਾਂ ਚੰਗੇ ਲੋਕ ਤੁਹਾਡੀ ਵੀ ਤਾਰੀਫ ਕਰਨਗੇ ਅਤੇ ਸਾਡੀ ਵੀ।” ਬੰਤਾ ਸਿੰਘ ਨੂੰ ਆਵਾਜ਼ ਬੜੀ ਪਿਆਰੀ ਲੱਗ ਰਹੀ ਸੀ, ਇਸ ਲਈ ਉਹ ਚੁੱਪ-ਚਾਪ ਸੁਣ ਰਿਹਾ ਸੀ, ਪਰ ਇਸ ਦੇ ਨਾਲ ਹੀ ਉਸ ਨੂੰ ਇੱਕ ਹੋਰ ਆਵਾਜ਼ ਸੁਣਾਈ ਦਿੱਤੀ।
“ਹੱਥ ਵਿਚ ਕਿਤਾਬ, ਉਂਜ ਸੁੱਤੇ ਪਏ ਨੇ, ਪਤਾ ਨਹੀਂ ਹੁਣ ਪੜ੍ਹਨ ਦਾ ਕੀ ਝੱਲ ਚੜ੍ਹਿਐ, ਐਸ ਉਮਰੇ।” ਇਹ ਤਾਂ ਬੰਤਾ ਸਿੰਘ ਦੀ ਪਤਨੀ ਦੀ ਆਵਾਜ਼ ਸੀ। ਬੰਤਾ ਸਿੰਘ ਦੇ ਹੱਥੋਂ ਕਿਤਾਬ ਫੜ ਕੇ ਉਸ ਨੇ ਇੱਕ ਪਾਸੇ ਰੱਖ ਦਿੱਤੀ।
ਬੰਤਾ ਸਿੰਘ ਉੱਠ ਕੇ ਬੈਠ ਗਿਆ। ਉਹ ਹੈਰਾਨ ਪ੍ਰੇਸ਼ਾਨ ਸੀ, ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਨੇ ਸੁਪਨਾ ਦੇਖਿਆ ਹੈ ਜਾਂ ਫਿਰ ਕਿਤਾਬ ਵਿਚ ਪੜ੍ਹਿਆ ਹੈ ਸਾਰਾ ਕੁਝ। ਸ਼ਾਇਦ ਰਲਵਾਂ-ਮਿਲਵਾਂ ਸੀ। ਕਿਤਾਬ ਪੜ੍ਹਦਿਆਂ ਅੱਖ ਲੱਗ ਗਈ ਹੋਵੇਗੀ।
“ਅੱਧੀ ਰਾਤ ਨੂੰ ਚਾਹ ਬਣਵਾ ਲਈ, ਐਂ ਪੜ੍ਹਨ ਲੱਗੇ ਨੇ ਜਿਵੇਂ ਪੇਪਰ ਦੇਣੇ ਹੁੰਦੇ ਨੇ, ਐਹਾ ਜਾ ਕੀ ਐ ਏਹਦੇ ‘ਚ?” ਉਸ ਦੀ ਪਤਨੀ ਬੁੜਬੁੜ ਕਰ ਰਹੀ ਸੀ।
“ਓਏ…ਕਿਸੇ ਨੇ ਦਿੱਤੀ ਸੀ ਪੜ੍ਹਨ ਨੂੰ। ਮੈਂ ਤਾਂ ਲੈਂਦਾ ਨ੍ਹੀਂ ਸੀ, ਧੱਕੇ ਨਾਲ ਦੇ‘ਤੀ…; ਪਰ ਕਿਤਾਬ ਹੈ ਬੜੀ ਵਧੀਆ। ਤੂੰ ਵੀ ਪੜ੍ਹ ਕੇ ਦੇਖ, ਆਹ ਜਿਹੜਾ ਬਲੱਡ ਵਧਾਈ ਰੱਖਦੀ ਐਂ, ਸਭ ਠੀਕ ਹੋ ਜੂ।” ਆਖ ਕੇ ਉਹ ਕੰਮ `ਤੇ ਜਾਣ ਲਈ ਤਿਆਰ ਹੋਣ ਲੱਗਾ ਅਤੇ ਉਸ ਦੀ ਪਤਨੀ ਬੁੜਬੁੜ ਕਰਦੀ ਰਸੋਈ ਵਿਚ ਚਲੀ ਗਈ।
ਬੰਤਾ ਸਿੰਘ ਨੇ ਸਮੇਂ ਸਿਰ ਬੱਸ ਅੱਡੇ `ਤੇ ਜਾ ਲਾਈ। ਉਸ ਨੂੰ ਡਰਾਇਵਰੀ ਕਰਦਿਆਂ ਬਾਰਾਂ-ਤੇਰਾਂ ਸਾਲ ਹੋ ਗਏ ਸਨ, ਪਰ ਅੱਜ ਵਾਂਗ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਸੀ ਹੋਇਆ। ਬੱਸ ਖਚਾ ਖਚ ਭਰੀ ਪਈ ਸੀ, ਫਿਰ ਵੀ ਪੜ੍ਹਨ ਵਾਲੇ ਮੁੰਡੇ-ਕੁੜੀਆਂ ਬੱਸ ਵਿਚ ਧੁਸ ਦੇ ਕੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਸਮੇਂ ਅਨੁਸਾਰ ਉਸ ਨੇ ਬੱਸ ਤੋਰੀ। ਇੱਕ ਕਾਲਜੀਏਟ ਮੁੰਡੇ ਨੇ ਬੁਰੀ ਭਾਵਨਾ ਨਾਲ ਬੱਸ ਦੇ ਡੰਡੇ ਦਾ ਸਹਾਰਾ ਲਈ ਖੜ੍ਹੀ ਕੁੜੀ ਦੇ ਹੱਥ ਉੱਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ। ਉਸ ਦਾ ਧਿਆਨ ਹੱਥ ਵਿਚ ਫੜੀ ਕਿਤਾਬ ਵੱਲ ਗਿਆ। ਉਸ ਨੂੰ ਲੱਗਿਆ, ਜਿਵੇਂ ਉਹ ਆਪਣੇ ਆਪ ਨੂੰ ਹੀ ਗਾਲ੍ਹ ਕੱਢਣ ਲੱਗਾ ਹੋਵੇ। ਉਸ ਨੇ ਆਪਣਾ ਹੱਥ ਰੋਕ ਲਿਆ। ਸੀਟ ‘ਤੇ ਬੈਠੇ ਇੱਕ ਤੀਹ ਪੈਂਤੀ ਸਾਲ ਦੇ ਚੰਗੇ ਸੂਟ-ਬੂਟ ਵਾਲੇ ਬੰਦੇ ਨੇ ਆਪਣੀਆਂ ਕੱਛਾਂ ਵਿਚ ਹੱਥ ਦਿੱਤੇ ਅਤੇ ਨਾਲ ਬੈਠੀ ਔਰਤ ਦੀ ਵੱਖੀ ਵੱਲ ਉਂਗਲ ਸਿੱਧੀ ਕੀਤੀ, ਪਰ ਉਸ ਨੇ ਇੱਕ ਦਮ ਮੁੱਠੀਆਂ ਬੰਦ ਕਰ ਲਈਆਂ ਅਤੇ ਆਪਣਾ ਸਿਰ ਝਟਕਿਆ ਜਿਵੇਂ ਦਿਮਾਗ ਵਿਚ ਆਏ ਬੁਰੇ ਵਿਚਾਰਾਂ ਨੂੰ ਸੁੱਟਣਾ ਚਾਹੁੰਦਾ ਹੋਵੇ।
ਬੰਤਾ ਸਿੰਘ ਨੇ ਅੱਜ ਕੋਈ ਵੀ ਘਟੀਆ ਗਾਣਿਆਂ ਵਾਲੀ ਕੈਸੇਟ ਨਾ ਚਲਾਈ। ਕੰਡਕਟਰ ਨੇ ਉਸ ਨੂੰ ਕਈ ਵਾਰ ਇਸ਼ਾਰਾ ਵੀ ਕੀਤਾ ਗਾਣੇ ਲਾਉਣ ਲਈ, ਪਰ ਉਸ ਨੇ ਧਿਆਨ ਨਾ ਦਿੱਤਾ। ਅਖੀਰ ਟਿਕਟਾਂ ਕੱਟ ਕੇ ਵਿਹਲਾ ਹੋਇਆ ਕੰਡਕਟਰ ਆ ਕੇ ਇੰਜਣ ‘ਤੇ ਬੈਠ ਗਿਆ। ਉਸ ਨੇ ਬੰਤਾ ਸਿੰਘ ਨੂੰ ਕੁਝ ਕਿਹਾ। ਬੰਤਾ ਸਿੰਘ ਨੇ ਇੱਕ ਕੈਸੇਟ ਚਲਾ ਦਿੱਤੀ, ਜਿਹੜੀ ਕਈ ਮਹੀਨਿਆਂ ਤੋਂ ਬੱਸ ਵਿਚ ਪਈ ਹੋਈ ਸੀ, ਪਰ ਸੁਣੀ ਕਦੇ ਵੀ ਨਹੀਂ ਸੀ। ਇਸ ਵਿਚ ਯੋਧਿਆਂ ਦੀਆਂ ਵਾਰਾਂ ਸਨ, ਜਿਨ੍ਹਾਂ ਨੇ ਧੀਆਂ-ਭੈਣਾਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਦੀ ਵੀ ਪ੍ਰਵਾਹ ਨਾ ਕੀਤੀ। ਇੱਕ ਵਾਰੀ ਤਾਂ ਕੰਡਕਟਰ ਨੇ ਬੁੱਲ੍ਹ ਜਿਹੇ ਵੱਟ ਕੇ ਆਪਣਾ ਸਿਰ ਸੱਜੇ ਖੱਬੇ ਹਿਲਾਇਆ, ਜਿਵੇਂ ਉਸ ਨੂੰ ਬੰਤਾ ਸਿੰਘ ਦੇ ਦਿਮਾਗ `ਤੇ ਸ਼ੱਕ ਹੋ ਰਿਹਾ ਹੋਵੇ ਕਿ ਸਹੀ ਹੈ ਜਾਂ ਨਹੀਂ! ਪਰ ਜਦੋਂ ਉਸ ਨੇ ਦੋ-ਚਾਰ ਗੱਲਾਂ ਸੁਣੀਆਂ ਤਾਂ ਉਸ ਦਾ ਸਿਰ ਨੀਵਾਂ ਹੋ ਗਿਆ, ਕਿਉਂਕਿ ਇਨ੍ਹਾਂ ਮਹਾਨ ਸੂਰਬੀਰਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ।
ਬੰਤਾ ਸਿੰਘ ਨੇ ਅੱਗੇ ਲੱਗੇ ਸ਼ੀਸ਼ੇ ਵਿਚ ਦੀ ਕਈ ਵਾਰੀ ਸਵਾਰੀਆਂ ‘ਤੇ ਨਿਗਾਹ ਮਾਰੀ, ਅੱਜ ਕੋਈ ਵੀ ਮਨਚਲਾ ਸ਼ਰਾਰਤ ਕਰਦਾ ਨਾ ਦਿਸਿਆ। ਉਹ ਸੋਚ ਰਿਹਾ ਸੀ, ਕਿਤਾਬ ਵਿਚ ਲਿਖੀ ਹਰ ਗੱਲ ਸੱਚ ਹੈ ਕਿ ਅਸੀਂ ਖੁਦ ਹੀ ਗੰਦੇ ਵਿਚਾਰਾਂ ਨੂੰ ਫੈਲਾਅ ਕੇ ਸਮਾਜ ਨੂੰ ਗੰਦਾ ਕਰਦੇ ਹਾਂ। ਕਿਤਾਬ ਵਿਚ ਲਿਖਿਆ ਸੀ ਕਿ ਹਰੇਕ ਵਿਅਕਤੀ ਦੇ ਅੰਦਰ ਚੰਗਿਆਈ ਤੇ ਬੁਰਿਆਈ ਦੋਵੇਂ ਹੁੰਦੀਆਂ ਹਨ। ਜਿਹੋ ਜਿਹਾ ਮਾਹੌਲ ਸਿਰਜਿਆ ਜਾਵੇਗਾ, ਉਹੀ ਕੁਝ ਅੰਦਰੋਂ ਬਾਹਰ ਨਿਕਲ ਆਵੇਗਾ। ਜਿਵੇਂ ਹੁਣ ਦੇ ਬਹੁਤੇ ਗਾਇਕਾਂ ਦੇ ਬੇਤੁਕੇ ਗੀਤਾਂ ਨੂੰ ਸੁਣ ਕੇ ਚੜ੍ਹਦੀ ਉਮਰ ਦੇ ਬੱਚੇ ਸ਼ਰਾਬ ਪੀਣ ਅਤੇ ਹਥਿਆਰ ਚੁੱਕਣ ਨੂੰ ਆਪਣੀ ਟੌਹਰ ਸਮਝਦੇ ਹਨ। ਹਾਂ, ਥੋੜ੍ਹੇ ਦਿਨਾਂ ਦੀ ਤਾਂ ਗੱਲ ਹੈ ਉਹ ਇੱਕ ਵਿਆਹ ਵਿਚ ਗਿਆ ਸੀ। ਉੱਥੇ ਚਲਦੇ ਗੀਤਾਂ ਨੂੰ ਸੁਣ ਕੇ ਫੁਕਰਪੁਣੇ ਵਿਚ ਆ ਕੇ ਚਲਾਈ ਗੋਲੀ ਇੱਕ ਬਰਾਤੀ ਦੇ ਮੋਢੇ ਵਿਚ ਵੱਜੀ ਤੇ ਸਾਰਿਆਂ ਨੂੰ ਭਾਜੜਾਂ ਪੈ ਗਈਆਂ ਸਨ। ਸੁਣਿਆ ਹੈ, ਕਈ ਥਾਂਈਂ ਤਾਂ ਵਿਆਹਾਂ ਵਿਚ ਚੱਲੀਆਂ ਗੋਲੀਆਂ ਨਾਲ ਮੌਤਾਂ ਵੀ ਹੋਈਆਂ ਹਨ। ਇਹੀ ਗੱਲਾਂ ਸੋਚਦਿਆਂ ਉਸ ਨੇ ਬੱਸ ਟਿਕਾਣੇ ਪਹੁੰਚਾ ਕੇ ਰੋਕ ਦਿੱਤੀ। ਬੰਤਾ ਸਿੰਘ ਮੋਢੇ ਉੱਤੇ ਪਰਨਾ ਰੱਖ ਹੇਠਾਂ ਉਤਰਿਆ।
“ਕਿਉਂ ਬਈ ਕਿਤਾਬ ਪੜ੍ਹੀ ਸੀ?” ਕਿਸੇ ਨੇ ਪਿੱਛੋਂ ਦੀ ਬੰਤਾ ਸਿੰਘ ਦੇ ਮੋਢੇ ‘ਤੇ ਹੱਥ ਰੱਖ ਕੇ ਪੁੱਛਿਆ। ਉਸ ਨੇ ਪਿੱਛੇ ਮੁੜ ਕੇ ਦੇਖਿਆ, ਇਹ ਤਾਂ ਪ੍ਰੋਫੈਸਰ ਸਾਹਿਬ ਸਨ।
“ਹਾਂ ਜੀ ਥੋੜ੍ਹੀ ਜਿਹੀ ਰਹਿੰਦੀ ਐ…।”
ਬੰਤਾ ਸਿੰਘ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ, ਪਰ ਪ੍ਰੋਫੈਸਰ ਸਾਹਿਬ ਦੇ ਦੁਆਲੇ ਦਸ ਕੁ ਜਣਿਆਂ ਦੀ ਇੱਕ ਜਮਾਤ ਬਣ ਗਈ। ਉਨ੍ਹਾਂ ਵਿਚ ਕਾਲਜੀਏਟ ਮੁੰਡਾ ਅਤੇ ਸੂਟ- ਬੂਟ ਵਾਲਾ ਬੰਦਾ ਵੀ ਸ਼ਾਮਲ ਸਨ। ਉਨ੍ਹਾਂ ਵਿਚੋਂ ਕੁਝ ਨੇ ਕਿਤਾਬਾਂ ਦੀ ਕੀਮਤ ਦੇਣੀ ਚਾਹੀ, ਪਰ ਪ੍ਰੋਫੈਸਰ ਸਾਹਿਬ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਕਿਸੇ ਹੋਰ ਨੂੰ ਪੜ੍ਹਨ ਲਈ ਦੇ ਦਿਓ।
“ਚੰਗੀਆਂ ਕਿਤਾਬਾਂ ਪੜ੍ਹਨ ਨਾਲ ਬੰਦੇ ਦੇ ਅੰਦਰ ਛੁਪੀ ਚੰਗਿਆਈ ਬਾਹਰ ਆ ਜਾਂਦੀ ਹੈ।” ਪ੍ਰੋਫੈਸਰ ਸਾਹਿਬ ਕਹਿ ਰਹੇ ਸਨ।
ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨ। ਉਸ ਦਾ ਜੀਅ ਕਰਦਾ ਸੀ ਕਿ ਉਹ ਵੀ ਪ੍ਰੋਫੈਸਰ ਹੁੰਦਾ, ਪਰ ਹੁਣ ਤਾਂ ਕੁਝ ਨਹੀਂ ਸੀ ਬਣ ਸਕਦਾ। ਉਸ ਨੂੰ ਯਾਦ ਸੀ, ਨੌਵੀਂ ਜਮਾਤ ਵਿਚ ਪੜ੍ਹਦਿਆਂ ਮਾਸਟਰ ਜੀ ਨੇ ਉਸ ਨੂੰ ਬਾਪੂ ਦਾ ਅੰਗੂਠਾ ਰਿਪੋਰਟ ਕਾਰਡ ‘ਤੇ ਲਵਾ ਕੇ ਲਿਆਉਣ ਲਈ ਕਿਹਾ ਸੀ। ਉਹ ਅੰਗਰੇਜ਼ੀ ਅਤੇ ਹਿਸਾਬ ਵਿਚੋਂ ਫੇਲ੍ਹ ਸੀ, ਇਸ ਕਰਕੇ ਬਾਪੂ ਤੋਂ ਡਰਦਿਆਂ ਉਸ ਨੇ ਆਪਣੇ ਹੀ ਪੈਰ ਦੇ ਅੰਗੂਠੇ ਨੂੰ ਸਿਆਹੀ ਲਾ ਕੇ ਲਾ ਲਿਆ। ਮਾਸਟਰ ਜੀ ਪਛਾਣ ਗਏ ਸਨ। ਉਨ੍ਹਾਂ ਨੇ ਕੁੱਟ-ਕੁੱਟ ਕੇ ਜੋਰ ਲਾ ਲਿਆ, ਪਰ ਉਸ ਨੇ ਸੱਚ ਨਹੀਂ ਸੀ ਦੱਸਿਆ। ਸ਼ਾਇਦ ਉਸ ਸਮੇਂ ਸੱਚ ਬੋਲਣ ਦੀ ਹਿੰਮਤ ਨਹੀਂ ਸੀ। ਉਹ ਮੁੜ ਸਕੂਲ ਨਹੀਂ ਗਿਆ ਅਤੇ ਪ੍ਰਾਈਵੇਟ ਮਸਾਂ ਰੋ ਧੋ ਕੇ ਦਸਵੀਂ ਪਾਸ ਕੀਤੀ।
“ਬੰਤਾ ਸਿੰਘ, ਕੀ ਸੋਚ ਰਹੇ ਓ?”
“ਜੀ ਤੁਸੀਂ ਕਿੰਨਾ ਚੰਗਾ ਕੰਮ ਕਰ ਰਹੇ ਓਂ, ਦੇਵਤਿਆਂ ਵਰਗਾ।” ਉਸ ਨੇ ਬੜੀ ਮਾਸੂਮੀਅਤ ਨਾਲ ਕਿਹਾ। ਉਸ ਦੇ ਮੂੰਹੋਂ ਕੀ ਬੋਲਿਆ ਗਿਆ, ਉਸ ਨੂੰ ਪਤਾ ਹੀ ਨਾ ਲੱਗਾ।
“ਮੈਂ ਹੀ ਨਹੀਂ, ਸਗੋਂ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ, ਮੇਰੇ ਤੋਂ ਵੀ ਵੱਧ। ਤੁਹਾਡੀ ਬੱਸ ਵਿਚ ਜਿਹੜੀਆਂ ਸਵਾਰੀਆਂ ਚੜ੍ਹਦੀਆਂ ਨੇ, ਉਨ੍ਹਾਂ ਦਾ ਖਿਆਲ ਰੱਖ ਕੇ, ਉਨ੍ਹਾਂ ਨੂੰ ਗੰਦ ਮੰਦ ਨਾ ਸੁਣਾਓ, ਨਾ ਫਿਲਮਾਂ ਰਾਹੀਂ ਗੰਦ ਮੰਦ ਦਿਖਾਓ।”
ਬੰਤਾ ਸਿੰਘ ਨੇ ਕੈਸੇਟ ਵਾਲੀ ਗੱਲ ਸੁਣਾਈ ਕਿ ਕਿਸ ਤਰ੍ਹਾਂ ਸਾਰੀਆਂ ਸਵਾਰੀਆਂ ‘ਤੇ ਯੋਧਿਆਂ ਦੀਆਂ ਵਾਰਾਂ ਦਾ ਅਸਰ ਹੋਇਆ ਸੀ। ਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੂੰ ਆਪਣੀ ਕੋਸ਼ਿਸ਼ ਕਾਮਯਾਬ ਹੁੰਦੀ ਲੱਗੀ ਅਤੇ ਉਨ੍ਹਾਂ ਨੂੰ ਧੁਰ ਅੰਦਰ ਤੱਕ ਸਕੂਨ ਮਿਲਿਆ।
“ਬੰਤਾ ਸਿੰਘ ਤੇਰੇ ਅੰਦਰ ਚੰਗਿਆਈ ਐ, ਇਸ ਕਰਕੇ ਐਨੀ ਛੇਤੀ ਅਸਰ ਹੋਇਐ ਤੇਰੀ ਸੋਚ ‘ਤੇ।” ਬੰਤਾ ਸਿੰਘ ਨੂੰ ਸੁਣ ਕੇ ਚੰਗਾ ਵੀ ਲੱਗਿਆ ਅਤੇ ਸ਼ਰਮ ਵੀ ਆਈ। ਕੰਡਕਟਰ ਨੇ ‘ਵਾਜ ਮਾਰੀ, ਬੱਸ ਦੇ ਤੁਰਨ ਦਾ ਸਮਾਂ ਹੋ ਚੁਕਾ ਸੀ। ਉਸ ਨੇ ਪ੍ਰੋਫੈਸਰ ਸਾਹਿਬ ਤੋਂ ਹੱਥ ਜੋੜ ਕੇ ਵਿਦਾ ਲਈ।
ਪ੍ਰੋਫੈਸਰ ਸਾਹਿਬ ਬੰਤਾ ਸਿੰਘ ਨੂੰ ਜਾਂਦਿਆਂ ਵੇਖ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਅਲੋਕਾਰ ਚਮਕ ਸੀ ਅਜਿਹੀ ਚਮਕ, ਜਿਹੜੀ ਸਾਰੀ ਦੁਨੀਆਂ ਨੂੰ ਰੁਸ਼ਨਾ ਸਕਦੀ ਹੈ, ਗਿਆਨ ਦਾ ਚਾਨਣ ਵੰਡ ਕੇ। ਅਜਿਹਾ ਚਾਨਣ, ਜਿਹੜਾ ਇਨਸਾਨ ਦੀਆਂ ਅੱਖਾਂ ਅਤੇ ਕੰਨਾਂ ਰਾਹੀਂ ਉਸ ਦੀ ਅੰਦਰਲੀ ਰੌਸ਼ਨੀ ਨਾਲ ਇਕਮਿਕ ਹੋ ਜਾਂਦਾ ਹੈ ਅਤੇ ਇਨਸਾਨ ਦੀ ਅੰਦਰਲੀ ਤੇ ਬਾਹਰਲੀ ਦੁਨੀਆਂ ਨੂੰ ਰੌਸ਼ਨ ਕਰਕੇ ਉਸ ਨੂੰ ਹਨੇਰਿਆਂ ਵਿਚ ਭਟਕਣ ਦੇ ਸਰਾਪ ਤੋਂ ਮੁਕਤ ਕਰਦਾ ਹੈ।