ਕਿਸਾਨੀ ਸੰਘਰਸ਼ ਭੁੱਲੇ ਚੋਣ ਭਲਵਾਨਾਂ ਨੂੰ ਖਰੀਆਂ-ਖਰੀਆਂ

ਸੁਕੰਨਿਆਂ ਭਾਰਦਵਾਜ ਨਾਭਾ
ਮੇਰੇ ਪੰਜਾਬ ਦੇ ਚੋਣਾਂ ਲੜਨ ਵਾਲੇ ਭਲਵਾਨੋ, ਜੇ ਇਸ ਵਾਰੀ ਨਗਰਪਾਲਿਕਾ ਦੀ ਚੋਣ ਨਾਂ ਲੜਦੇ ਤਾਂ ਕਿੰਨਾ ਕੁ ਫਰਕ ਪੈ ਜਾਂਦਾ? ਜੇ ਲੜਨਾ ਜਰੂਰੀ ਸੀ ਤਾਂ ਸਰਬਸੰਮਤੀ ਵਰਗਾ ਸਰਬਪ੍ਰਵਾਨਤ ਵਿਚਲਾ ਰਾਹ ਅਪਨਾ ਲੈਂਦੇ। ਇੱਕ ਕਿਸਾਨ ਅਰਸ਼ ਗਿੱਲ ਉਮਰੀਆਣਾ ਨੇ ਤਖਤੀ ਗਲ ਵਿਚ ਪਾ ਕੇ ਨਗਰ ਕੌਸਲ ਚੋਣਾਂ ਦਾ ਬਾਈਕਾਟ ਕਰਦਿਆਂ ਕੋਟ ਈਸੇ ਖਾਂ ਚੌਕ ਵਿਚ ਖੜ੍ਹ ਕੇ ਪ੍ਰਦਰਸ਼ਨ ਕੀਤਾ ਕਿ ‘ਕਿਸਾਨ ਦਿੱਲੀ ਬੈਠੇ ਹਨ, ਤੁਸੀਂ ਚੌਧਰਾਂ ਭਾਲ ਰਹੇ ਹੋ।’ ਆਪਣੇ ਢੰਗ ਰਾਹੀਂ ਤੁਹਾਨੂੰ ਆਪਣੇ ਤੇ ਸੂਬਾ ਵਾਸੀਆਂ ਦੇ ਮਨ ਦੇ ਵਲਵਲਿਆਂ ਤੋਂ ਜਾਣੂੰ ਕਰਾਉਣ ਦੀ ਕੋਸ਼ਿਸ ਕੀਤੀ। ਲੋਕਾਂ ਵਿਚ ਇਨ੍ਹਾਂ ਚੋਣਾਂ ਲਈ ਉਤਸ਼ਾਹ ਨਹੀਂ। ਕਿਸੇ ਵੀ ਧਿਰ ਨੂੰ ਸਾਰੀਆਂ ਸੀਟਾਂ ਲਈ ਉਮੀਦਵਾਰ ਨਹੀਂ ਮਿਲੇ।

ਫਿਰ ਵੀ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਤੋਂ ਪਾਸਾ ਵੱਟਿਆ। ਚੋਣ ਖਿਲਾੜੀਓ, ਕੋਈ ਧਿਰ ਤਾਂ ਪਹਿਲਕਦਮੀ ਕਰਦੀ। ਮਿੱਟੀ ਦਾ ਪੁੱਤਰ ਵਰਦੇ ਕੱਕਰ ਵਿਚ ਮਾਂ-ਧਰਤੀ ਦੀ ਜੰਗ ਵਿੱਢੀ ਬੈਠਾ ਹੈ। ਦਿੱਲੀ ਦੀ ਹਕੂਮਤ ਨੇ ਜ਼ਬਰ ਜੁਲਮ ਦਾ ਕੁਹਾੜਾ ਪੂਰਾ ਪ੍ਰਚੰਡ ਕੀਤਾ ਹੋਇਆ ਹੈ। ਉਨ੍ਹਾਂ ਦੇ ਮੋਰਚਿਆਂ ਨੂੰ ਅਣਐਲਾਨੀ ਜੇਲ੍ਹ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਨੈਸ਼ਨਲ ਹਾਈਵੇ ਦੀਆਂ ਨਵੀਆਂ ਨਕੋਰ ਸੜਕਾਂ `ਤੇ ਕਿੱਲਾਂ ਗੱਡਣ, ਪ੍ਰਤੀਬੰਧਤ ਘੁਮਾਓਦਾਰ ਕੰਡਿਆਲੀ ਤਾਰ, ਜਿਸ ਦੀ ਖੇਤਾਂ ਦੁਆਲੇ ਵਲਣ `ਤੇ ਵੀ ਪਾਬੰਦੀ ਹੈ, ਸੀਮਿੰਟ ਦੇ ਦੋ ਦੋ ਬੈਰੀਕੇਡਾਂ ਨੂੰ ਜੋੜ ਕੇ ਕੰਕਰੀਟ ਨਾਲ ਭਰਨ, ਇੰਟਰਨੈਟ, ਬਿਜਲੀ, ਪਾਣੀ, ਰਾਸ਼ਨ ਦੀ ਸਪਲਾਈ ਕੱਟਣ ਤੇ ਪਿਛੋਂ ਪਿੰਡਾਂ ਤੋਂ ਆ ਰਹੇ ਕਿਸਾਨਾਂ ਨੂੰ ਰੋਕਣ ਆਦਿ ਵਰਗੇ ਲੋਕ-ਮਾਰੂ ਹੱਥਕੰਡੇ ਵਰਤੇ ਜਾ ਰਹੇ ਹਨ। ਮੋਰਚੇ ਨੂੰ ਬਦਨਾਮ ਕਰਨ ਲਈ ਹਰ ਰੋਜ ਪਾਲਤੂ ਹਕੂਮਤੀ ਦਹਿਸ਼ਤਗਰਦਾਂ ਵਲੋਂ ਮੋਰਚਿਆਂ `ਤੇ ਹਮਲੇ ਕੀਤੇ ਜਾ ਰਹੇ ਹਨ। ਪੁਲਸੀ ਧਾੜਾਂ ਤੇ ਰੈਪਿਡ ਫੋਰਸਾਂ ਦੀ ਹਾਜਰੀ ਵਿਚ ਨਿਹੱਥੇ ਧਰਨਾਕਾਰੀਆਂ `ਤੇ ਇੱਟਾਂ ਰੋੜੇ ਤੇ ਗੰਦੀਆਂ ਗਾਲ੍ਹਾਂ ਬਰਸਾਏ ਜਾ ਰਹੇ ਹਨ। ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਧਰਤੀ ਪੁੱਤਰ ਨੂੰ ‘ਗੱਦਾਰ’ ਦੇਸ਼ ਧ੍ਰੋਹੀ ਦੇ ਲਕਬਾਂ ਨਾਲ ਜ਼ਲੀਲ ਕੀਤਾ ਜਾ ਰਿਹਾ ਹੈ। ਉਥੇ ਤੁਹਾਡੇ ਘਰਾਂ ਦੀ ਇੱਜਤ ਮਾਂਵਾਂ, ਭੈਣਾਂ, ਧੀਆਂ, ਬੱਚੇ, ਬਜੁਰਗ ਜਿਊਣ-ਮਰਨ ਦੀ ਲੜਾਈ ਵਿਚ ਸਿਰਾਂ `ਤੇ ਕਫਨ ਬੰਨ੍ਹੀ ਬੈਠੇ ਹਨ।
ਕਿਸਾਨ ਜਥੇਬੰਦੀਆਂ ਨੇ ਤੁਹਾਨੂੰ ਆਪਣੀ ਸਟੇਜ `ਤੇ ਆਉਣ ਤੋਂ ਵਰਜਿਆ ਸੀ, ਤੁਹਾਡੇ ਵਲੋਂ ਆਪਣੇ ਪੱਧਰ `ਤੇ ਕੀਤੇ ਜਾਣ ਵਾਲੇ ਕਿਸੇ ਰੋਸ ਪ੍ਰਦਰਸ਼ਨ ਤੋਂ ਤਾਂ ਨਹੀਂ ਰੋਕਿਆ ਸੀ। ਤੁਸੀਂ ਤਾਂ ਉਸ ਨੂੰ ਬਘਿਆੜ ਮੂਹਰੇ ਸੁੱਟ ਕੇ ਪਿਛੇ ਹਟ ਗਏ। ਇਹ ਲੜਾਈ ਇਕੱਲੀ ਉਹਦੀ ਨਹੀਂ, ਉਹ ਤਾਂ ਪੰਜਾਬ ਸਮੇਤ ਪੂਰੇ ਦੇਸ਼ ਦੇ ਗੌਰਵ ਅਸਮਤ ਦਾ ਆਢਾ ਲਈ ਬੈਠਾ ਹੈ। ਜਿਹੜੇ ਲੋਕਤੰਤਤਰ ਦੀ ਲੜਾਈ ਵਿਚ ਤੁਸੀਂ ਗੋਲੀਆਂ ਚਲਾ ਰਹੇ ਹੋ, ਆਪਣਿਆਂ ਦਾ ਖੂਨ ਵਹਾ ਰਹੇ ਹੋ, ਉਹ ਤਾਂ ਕਦੋਂ ਦਾ ਤਹਿਸ-ਨਹਿਸ ਹੋ ਚੁਕਾ ਹੈ। ਤੁਹਾਡੀਆਂ ਇਨ੍ਹਾਂ ਖੁਦਗਰਜੀਆਂ ਤੇ ਚੌਧਰ ਦੀ ਲਾਲਸਾ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ `ਤੇ ਲਿਆ ਖੜ੍ਹਾਇਆ ਹੈ।
ਕਰੀਬ ਦੋ ਸੌ ਕਿਸਾਨ ਵੀਰ ਇਸ ਸੰਘਰਸ਼ ਦੀ ਭੇਟ ਚੜ੍ਹ ਚੁਕੇ ਹਨ। ਸੈਂਕੜੇ ਨੌਜੁਆਨਾਂ `ਤੇ ਅਣਮਨੁੱਖੀ ਤਸ਼ੱਦਦ ਉਸ ਗੁਨਾਹ ਲਈ ਢਾਹਿਆ ਜਾ ਰਿਹਾ ਹੈ, ਜੋ ਉਨ੍ਹਾਂ ਨੇ ਕੀਤਾ ਹੀ ਨਹੀਂ। ਦਰਜਨਾਂ ਨੌਜਵਾਨ ਤੇ ਟਰੈਕਟਰ ਲਾਪਤਾ ਹਨ। ਦਿੱਲੀ ਪੁਲਿਸ ਵਲੋਂ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਦੱਸਿਆ ਜਾ ਰਿਹਾ। ਕਿਸਾਨ ਆਗੂਆਂ `ਤੇ ਇਰਾਦਾ ਕਤਲ ਸਮੇਤ ਦਰਜਨਾਂ ਸੰਗੀਨ ਧਾਰਾਵਾਂ ਥੱਲੇ ਮੁਕੱਦਮੇ ਦਰਜ ਕਰ ਦਿੱਤੇ ਹਨ। ਸਾਡੇ ਅੰਮ੍ਰਿਤਧਾਰੀ ਬੱਚਿਆਂ ਤੇ ਉਨ੍ਹਾਂ ਦੇ ਕੱਕਾਰਾਂ ਨੂੰ ਬੂਟਾਂ ਥੱਲੇ ਦਰੜਿਆ ਗਿਆ। ਮਿੱਟੀ ਦੇ ਜਾਏ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਵਾਲੇ ਪੱਤਰਕਾਰਾਂ ਨੂੰ ਸਿੰਘੂ ਮੋਰਚੇ ਦੀ ਕਵਰੇਜ ਕਰਦੇ ਸਮੇਂ ਜਾਨਵਰਾਂ ਵਾਂਗ ਘੜੀਸ ਕੇ ਛੱਲੀਆਂ ਵਾਂਗ ਕੁੱਟਦੇ ਚੁੱਕ ਕੇ ਲੈ ਗਏ। ਮੀਡੀਆ ਭਾਈਚਾਰੇ ਵਲੋਂ ਇਸ ਦਰਿੰਦਗੀ ਖਿਲਾਫ ਆਵਾਜ਼ ਬੁਲੰਦ ਕਰਨ `ਤੇ ਹੀ ਉਨ੍ਹਾਂ ਦੀ ਤਿਹਾੜ ਜੇਲ੍ਹ ਤੋਂ ਬੰਦ ਖਲਾਸੀ ਹੋ ਸਕੀ। ਸੋਸ਼ਲ ਮੀਡੀਏ `ਤੇ ਸਾਡੇ ਖੇਤਾਂ ਦੇ ਪੁੱਤਰਾਂ ਦੀਆਂ ਲਹੂ ਨਾਲ ਭਿੱਜੀਆਂ ਤੇ ਨੰਗੇ ਪਿੰਡੇ `ਤੇ ਪਈਆਂ ਖੂਨ ਸੰਜੋਈਆਂ ਲਾਸਾਂ ਦੇਖ ਕੇ ਪੱਥਰ ਦਿਲ ਵੀ ਕੁਰਲਾ ਉਠੇ, ਪਰ ਤੁਹਾਡਾ ਕਿਤੇ ਮਨ ਨਹੀਂ ਪਸੀਜਿਆ!
ਦੇਸ਼ ਵਿਦੇਸ਼ ਬੈਠੇ ਸਾਡੇ ਭਰਾ ਮੋਰਚੇ ਦੀ ਹੋਣੀ ਤੋਂ ਚਿੰਤਾਤੁਰ ਹਨ। ਉਨ੍ਹਾਂ ਹਰ ਪੱਧਰ `ਤੇ ਆਪਣਾ ਆਪ ਦਾਅ `ਤੇ ਲਾਇਆ ਹੋਇਆ ਹੈ। ਅੰਤਰਰਾਸ਼ਟਰੀ ਪੱਧਰ `ਤੇ ਕਿਸਾਨ ਮੋਰਚੇ ਨੂੰ ਭਾਰੀ ਮਾਨਤਾ ਮਿਲ ਰਹੀ ਹੈ। ਸੰਸਾਰ ਦੀਆਂ ਮਾਨਵੀ ਧਿਰਾਂ ਵਲੋਂ ਮੋਰਚੇ ਦੇ ਸ਼ਾਂਤਮਈ ਸੁਭਾਅ ਦਾ ਵਿਸ਼ਲੇਸ਼ਣ ਕਰਕੇ ਪੂਰਨ ਹਮਾਇਤ ਦਿੱਤੀ ਜਾ ਰਹੀ ਹੈ। ਵਾਤਾਵਰਣ ਪ੍ਰੇਮੀ ਗਰੇਟਾ ਥਨਬਰਗ ਤੇ ਅਮਰੀਕਨ ਵਾਈਸ ਪ੍ਰੈਜੀਡੈਂਟ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਕੌਮਾਂਤਰੀ ਪ੍ਰਸਿੱਧੀ ਦੀ ਪੌਪ ਗਾਇਕਾ ਰੇਹਾਨਾ, ਜਿਸ ਦੀ ਹਾਲੀਵੁੱਡ ਵਿਚ ਤੂਤੀ ਬੋਲਦੀ ਹੈ, ਨੇ ਵੀ ਅੰਦੋਲਨ ਦੀ ਹਮਾਇਤ ਕੀਤੀ। ਸਾਡੇ ਬੌਣੀ ਸੋਚ ਦੇ ਨੇਤਾਵਾਂ ਨੇ ਜਾਂ ਜਿਹੋ ਜਿਹੀ ਉਨ੍ਹਾਂ ਦੀ ਪ੍ਰੈਕਟਿਸ ਹੈ, ਦੋਸ਼ ਲਾਇਆ ਕਿ ਉਸ ਨੇ ਪੈਸੇ ਲੈ ਕੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਹੈ। ਇਸ ਨੇ 2012 ਵਿਚ ਕਲਾਰਾ ਲਿਓਨਲ ਸੰਸਥਾ ਦੀ ਸਥਾਪਨਾ ਕੀਤੀ। ਇਹ ਸੰਗਠਨ ਸਮੁੱਚੀ ਦੁਨੀਆਂ ਵਿਚ ਸਿਹਤ ਸਿਖਿਆ `ਤੇ ਕੰਮ ਕਰ ਰਿਹਾ ਹੈ। ਮਾਰਚ 2020 ਵਿਚ ਸੰਸਥਾ ਨੇ ਕੋਵਿਡ-19 ਨਾਲ ਨਜਿੱਠਣ ਲਈ ਪੰਜਾਹ ਲੱਖ ਡਾਲਰ (36 ਹਜ਼ਾਰ ਕਰੋੜ ਰੁਪਏ) ਦੇ ਕਰੀਬ ਮਦਦ ਕੀਤੀ। ਅਪਰੈਲ 2020 ਵਿਚ ਟਵਿੱਟਰ ਦੇ ਸੀ. ਈ. ਓ. ਜੈਡ ਟੋਰਸੀ ਨਾਲ ਮਿਲ ਕੇ 42 ਲੱਖ ਡਾਲਰ ਘਰੇਲੂ ਹਿੰਸਾ ਦਾ ਸ਼ਿਕਾਰ ਲੋਕਾਂ ਨੂੰ ਦਿੱਤੇ, ਜਿਸ ਵਿਚ 21 ਲੱਖ ਡਾਲਰ ਇਕੱਲੀ ਰੇਹਾਨਾ ਦੇ ਸੀ। 10 ਹਜ਼ਾਰ ਡਾਲਰ ਦੀ ਇੱਕ ਹੋਰ ਖੇਪ ਵੀ ਕਰੋਨਾ ਰਾਹਤ ਵਜੋਂ ਦਿੱਤੀ। ਕੌਮਾਂਤਰੀ ਪ੍ਰਸਿੱਧੀ ਵਾਲੀਆਂ ਇਨ੍ਹਾਂ ਔਰਤਾਂ ਦਾ ਅਮਰੀਕਾ, ਸਾਰਾ ਯੂਰਪ, ਆਸਟਰੇਲੀਆ ਤੇ ਪੱਛਮੀ ਦੇਸ਼ਾਂ ਵਿਚ ਬਹੁਤ ਸਤਿਕਾਰ ਹੈ।
ਅਮਰੀਕਾ ਦੇ ਤਿੰਨ ਸ਼ਹਿਰਾਂ ਦੇ ਮੇਅਰਾਂ-ਜੈਰੀ ਡਾਇਰ ਫਰਿਜ਼ਨੋ, ਬੌਬੀ ਸਿੰਘ ਐਲਕ ਗਰੂਵ ਤੇ ਸੁਖਮਿੰਦਰ ਸਿੰਘ ਧਾਲੀਵਾਲ ਲੈਥਰੋਪ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ। ਅਮਰੀਕੀ ਖਿਡਾਰੀ ਜੁਜੂ ਸਮਿਥ ਨੇ ਵੀ 10 ਹਜ਼ਾਰ ਡਾਲਰ ਕਿਸਾਨ ਸੰਘਰਸ਼ੀਆਂ ਦੀ ਸਿਹਤ ਸੇਵਾਵਾਂ ਲਈ ਦਿੱਤੇ ਹਨ। ਇਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਬਰਤਾਨੀਆ ਦੀ ਸੰਸਦ ਵਿਚ ਇੱਕ ਲੱਖ ਦਸਤਖਤਾਂ ਵਾਲੀ ਈ-ਪਟੀਸ਼ਨ ਦਾਇਰ ਕੀਤੀ ਹੈ। ਗੁਰੂ ਹਰ ਸਹਾਏ ਦੇ ਨੇੜਲੇ ਪਿੰਡ ਗੁਰੂ ਕਾ ਮੋੜ ਵਾਸੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਕਾਨੂੰਨਾਂ ਖਿਲਾਫ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਨੂੰ ਚਿੱਠੀ ਲਿਖੀ ਹੈ। ਇਸ ਤੋਂ ਪਹਿਲਾਂ ਲੰਡਨ ਦੀ ਇੱਕ ਸੰਸਥਾ ਵਲੋਂ ਵੀ ਚਿੱਠੀ ਭੇਜੀ ਗਈ ਸੀ।
ਪਰ ਦੂਜੇ ਪਾਸੇ ਅਸੀਂ ਕਿੰਨੇ ਅਕ੍ਰਿਤਘਣ ਹੋ ਗਏ ਹਾਂ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਤੁਸੀਂ ਸੱਤਾ ਦਾ ਅਨੰਦ ਮਾਣਦੇ ਆ ਰਹੇ ਹੋ। ਉਹ ਤੁਹਾਡੇ ਰਾਜ ਭਾਗ ਦੇ ਕਦੀ ਆੜੇ ਨਹੀਂ ਆਇਆ। ਮਿੱਟੀ ਦੇ ਜਾਏ ਦਾ ਲਗਾਓ ਆਪਣੀ ਧਰਤੀ ਆਪਣੀ ਮਿੱਟੀ ਨਾਲ ਹੈ। ਉਹ ਤਾਂ ਤੁਹਾਨੂੰ ਸੱਤਾ `ਤੇ ਬਿਠਾਉਣ ਲਈ ਆਪਣੇ ਭਰਾ ਤੇ ਭਰਾ ਜਿਹੇ ਗੁਆਂਢੀ ਨਾਲ ਵੀ ਵੈਰ ਵਿਹਾਜ ਲੈਂਦਾ ਹੈ। ਇੰਨਾ ਸਾਦਾ ਹੈ ਕਿ ਤੁਹਾਡੀਆਂ ਲੀਡਰੀਆਂ ਵਜ਼ੀਰੀਆਂ ਪਿਛੇ ਅਜਿਹੇ ਵਚਨ ਪਾਲ ਲੈਂਦਾ ਹੈ ਕਿ ਚਾਹੇ ਉਸ ਨੂੰ ਕਿੰਨੀ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ, ਪਰ ਆਪਣੇ ਵਚਨ ਤੋਂ ਪਿਛੇ ਨਹੀਂ ਹਟਦਾ। ਬਜੁਰਗਾਂ ਤੋਂ ਸੁਣੀ ਕਹਾਣੀ ਮੁਤਾਬਕ ਮਾਲਵਾ ਖਿੱਤੇ ਦੇ ਇੱਕ ਖੇਤਾਂ ਦੇ ਪੁੱਤਰ ਨੇ ਆਪਣੇ ਆਗੂ ਦੀ ਸਰਕਾਰ ਨਾ ਬਣਨ `ਤੇ ਸਹੁੰ ਖਾਧੀ ਕਿ ਜਦੋਂ ਤਕ ਉਸ ਦੀ ਸਰਕਾਰ ਨਹੀਂ ਬਣਦੀ, ਉਹ ਪੈਰੀਂ ਜੁੱਤੀ ਨਹੀਂ ਪਾਏਗਾ। ਪੰਜ ਸਾਲ ਤਕ ਉਹਨੇ ਖੇਤਾਂ ਦੇ ਕਰਚਿਆਂ ਵੱਟਾਂ ਨੂੰ ਨੰਗੇ ਪੈਰੀਂ ਦਰੜਿਆ। ਆਪਣੇ ਪੁੱਤ ਦੀ ਬਰਾਤ ਵੀ ਨੰਗੇ ਪੈਰੀਂ ਚੜ੍ਹਿਆ। ਪੰਜ ਸਾਲ ਬਾਅਦ ਉਸ ਦੇ ਚਹੇਤੇ ਆਗੂ ਦੀ ਸਰਕਾਰ ਬਣ ਗਈ, ਪਰ ਉਸ ਦੀ ਕਿਸੇ ਨੇ ਵਾਤ ਤਕ ਨਾ ਪੁੱਛੀ। ਮਾਨ ਸਨਮਾਨ ਤਾਂ ਕੀ ਦੇਣਾ ਸੀ! ਮੀਡੀਏ ਵਿਚ ਚਰਚਾ ਆ ਜਾਣ `ਤੇ ਹੀ ਉਸ ਦੀ ਚਹੇਤੀ ਸਰਕਾਰ ਦੀ ਜਾਗ ਖੁੱਲ੍ਹੀ ਤਾਂ ਤੀਜੇ-ਚੌਥੇ ਨੰਬਰ ਦੇ ਆਗੂ ਰਾਹੀਂ ਉਸ ਨੂੰ ਜੁੱਤੀ ਦਾ ਜੋੜਾ ਭੇਜ ਕੇ ਉਸ ਦੇ ਪੰਜਾਂ ਸਾਲਾ ਦੀ ਤਪੱਸਿਆ ਦਾ ਉਲਾਂਭਾ ਲਾਹਿਆ।
ਤੁਹਾਡੀ ਹਕੂਮਤੀ ਭੁੱਖ, ਖੁਦਗਰਜੀ ਤੇ ਚੌਧਰ ਦੀ ਲਾਲਸਾ ਨੇ ਸਾਡੇ ਰੰਗਲੇ ਪੰਜਾਬ ਨੂੰ ਤਬਾਹੀ ਦੇ ਕੰਢੇ `ਤੇ ਲਿਆ ਖੜ੍ਹਾਇਆ ਹੈ। ਉਹ ਤੁਹਾਨੂੰ ਦਿੱਲੀ ਪਹੁੰਚਣ ਦੀਆਂ ਵਾਰ ਵਾਰ ਅਪੀਲਾਂ ਕਰ ਰਹੇ ਹਨ, ਪਰ ਤੁਸੀਂ ਲੋਕਾਂ ਨੂੰ ਚੋਣਾਂ ਦੇ ਚੱਕਰ ਵਿਚ ਪਾ ਕੇ ਧਰਤੀ ਦੇ ਜਾਏ ਦੀ ਪੁਕਾਰ ਨੂੰ ਬੇਅਸਰ ਕਰਨ ਲਈ ਪ੍ਰਮੁਖ ਰੋਲ ਨਿਭਾ ਰਹੇ ਹੋ। ਇਨ੍ਹਾਂ ਚੋਣਾਂ ਨੇ ਕਦੇ ਕੁਝ ਸੰਵਾਰਿਆ ਹੈ? ਸਿਵਾਏ ਭਾਈ ਨੂੰ ਭਾਈ ਨਾਲ ਲੜਾਉਣ ਦੇ ਅਤੇ ਲੱਖਾਂ ਰੁਪਿਆ ਬਰਬਾਦ ਕਰਨ ਦੇ!
26 ਜਨਵਰੀ ਤੋਂ ਕੇਂਦਰੀ ਹਕੂਮਤ ਦਾ ਬੇਰਹਿਮ ਕੁਹਾੜਾ ਜਿਵੇਂ ਕਿਸਾਨਾਂ `ਤੇ ਚਲਿਆ, ਉਸ ਦੇ ਰੋਸ ਵਜੋਂ ਹੀ ਤੁਸੀਂ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਤੋਂ ਨਾਂਹ ਕਰ ਦਿੰਦੇ। ਵਿਸ਼ਵ ਪੱਧਰ `ਤੇ ਕਿੱਡਾ ਵੱਡਾ ਸੰਦੇਸ਼ ਜਾਣਾ ਸੀ, ਤੁਹਾਡੇ ਇਸ ਫੈਸਲੇ ਦਾ। ਦੇਸ਼-ਵਿਦੇਸ਼ ਦੀਆਂ ਵੱਡੀਆਂ ਹਸਤੀਆਂ ਲੋਕ ਸੰਘਰਸ਼ ਦੀ ਹਮਾਇਤ ਕਰ ਰਹੀਆ ਹਨ ਤੇ ਤੁਸੀਂ ਚੋਣਾਂ ਵਿਚ ਗੋਲੀਆਂ ਵਰ੍ਹਾ ਰਹੇ ਹੋ। ਆਪ ਤਾਂ ਤੁਸੀਂ ਕੀ ਕਰਨਾ ਸੀ, ਸਗੋਂ ਸੂਬੇ ਦੀ ਕਿਸਾਨੀ ਹਮਦਰਦ ਜਨਤਾ ਨੂੰ ਵੀ ਸੰਘਰਸ਼ ਤੋਂ ਹੋੜ ਕੇ ਆਪਣੀ ਚਾਟ `ਤੇ ਲਾ ਲਿਆ। ਬਾਵਜੂਦ ਇਸ ਦੇ ਕਿ ਤੁਹਾਨੂੰ ਪੂਰੇ ਉਮੀਦਵਾਰ ਵੀ ਨਹੀਂ ਮਿਲ ਰਹੇ।
ਤੁਹਾਡਾ ਕਿਤੇ ਵੀ ਅੰਦਰਲਾ ਵਲੂੰਧਰਿਆ ਨਹੀਂ ਗਿਆ। ਤੁਹਾਡੇ ਨਾਲੋਂ ਤਾਂ ਯੂ. ਪੀ. ਹਰਿਆਣੇ ਦੇ ਕਿਸਾਨ ਹੀ ਵਧੀਆ ਰਹੇ, ਜੋ ਆਪਣੇ ਨੇਤਾ ਦੇ ਇੱਕ ਹੰਝੂ `ਤੇ ਰਾਤੋ ਰਾਤ ਪਾਣੀ ਤੇ ਖਾਣਾ ਲੈ ਕੇ ਪਹੁੰਚ ਗਏ ਅਤੇ ‘ਬਿਲ ਵਾਪਸੀ ਤਾਂ ਘਰ ਵਾਪਸੀ’ `ਤੇ ਪਹਿਰਾ ਦਿੰਦਿਆਂ ਆਪਣੇ ਆਗੂ ਦੀ ਪਿੱਠ `ਤੇ ਕੰਧ ਬਣ ਖੜ੍ਹ ਗਏ। ਇਥੋਂ ਤਕ ਕਿ ਮੋਰਚੇ ਦੇ ਬਚੇ ਖੁਚੇ ਕਿਸਾਨ ਵੀ ਸਟੇਜ ਦੇ ਸਾਹਮਣੇ ਨੀਲੇ ਅੰਬਰ ਥੱਲੇ ਆਪਣੇ ਨੇਤਾ ਨਾਲ ਜੀਣ ਮਰਨ ਦਾ ਅਹਿਦਨਾਮਾ ਕਰ ਬਾਕੀ ਭਰਾਵਾਂ ਦੇ ਪਹੁੰਚਣ ਤਕ ਡਟੇ ਰਹੇ। ਇਹ ਹੁੰਦੀ ਹੈ ਮਿਥੇ ਕਾਜ ਲਈ ਪ੍ਰਤੀਬੱਧਤਾ ਅਤੇ ਆਪਣੇ ਆਗੂ `ਤੇ ਦ੍ਰਿੜ ਵਿਸ਼ਵਾਸ ਤੇ ਅੰਦੋਲਨ ਪ੍ਰਤੀ ਵਫਾਦਾਰੀ। ਕਿਸਾਨ ਸੰਯੁਕਤ ਮੋਰਚੇ ਦੇ ਪਿਛੇ ਪਿਛੇ ਰਹਿੰਦਾ ਟਿਕੈਤ ਰਾਤੋ ਰਾਤ ਸਟਾਰ ਬਣ ਗਿਆ ਸੀ। ਨਾ ਸਿਰਫ ਹਰਿਆਣਾ, ਯੂ. ਪੀ. ਸਗੋਂ ਉਤਰਾਖੰਡ, ਰਾਜਸਥਾਨ ਮੱਧ ਪ੍ਰਦੇਸ਼ ਸਮੇਤ ਦਰਜਨਾਂ ਸਟੇਟਾਂ ਦੇ ਕਿਸਾਨ ਉਸ ਦੀ ਇੱਕ ਪੁਕਾਰ ਉਤੇ ਵਹੀਰਾਂ ਘੱਤ ਕੇ ਚਲ ਪਏ ਸਨ। ਗਾਜੀਪੁਰ ਮੋਰਚਾ ਤਾਂ ਤਕੜਾ ਹੋਇਆ ਹੀ, ਉਥੋਂ ਦੇ ਸੰਘਰਸ਼ੀ ਯੋਧਿਆਂ ਦੇ ਜੋਸ਼ ਨੇ ਬਾਕੀ ਮੋਰਚਿਆਂ ਵਿਚ ਵੀ ਜਾਨ ਫੂਕ ਦਿੱਤੀ।
ਕਿਸਾਨਾਂ ਤੇ ਯੂ. ਪੀ., ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਉਤਰਾਖੰਡ ਦੀਆਂ 21 ਖਾਪ ਪੰਚਾਇਤਾਂ ਵੀ ਕਿਸਾਨ ਮੋਰਚੇ ਦੀ ਪਿੱਠ `ਤੇ ਖੜ੍ਹੋ ਗਈਆਂ ਹਨ। ਉਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜ ਮਤੇ ਪਾ ਕੇ ਮੋਰਚੇ ਨਾਲ ਇੱਕਜੁੱਟਤਾ ਦਾ ਸਬੂਤ ਦਿੱਤਾ ਹੈ। ਤਿੰਨੋ ਕਾਲੇ ਖੇਤੀ ਕਾਨੂੰਨ ਵਾਪਸ ਲੈਣ, ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਸਮੁੱਚਾ ਕਿਸਾਨੀ ਕਰਜ਼ਾ ਮੁਆਫ ਕਰਨ ਦੇ ਮਤਿਆਂ ਨੂੰ ਜੈ ਕਾਰਿਆਂ ਦੀ ਗੂੰਜ ਵਿਚ ਪਾਸ ਕਰਕੇ ਮੋਰਚੇ ਵਿਚ ਰੂਹ ਫੂਕ ਦਿੱਤੀ, ਪਰ ਤੁਸੀਂ ਮੇਰੇ ਉਜੜਦੇ ਪੰਜਾਬ ਦੇ ‘ਅਖੌਤੀ ਭਲਵਾਨੋ’ ਆਪਣੇ ਲੱਖਾਂ ਭੈਣ-ਭਰਾਵਾਂ ਦੀ ਚੀਖ ਪੁਕਾਰ ਸੁਣਨ ਦੀ ਥਾਂ ਅਖੌਤੀ ਚੌਧਰ ਨੂੰ ਤਰਜੀਹ ਦਿੱਤੀ। ਕਦੇ ਸੋਚਿਆ ਹੈ ਕਿ ਜੇ ਤੁਹਾਡੀਆਂ ਜ਼ਮੀਨਾਂ ਨਾ ਰਹੀਆਂ, ਪੰਜਾਬ ਨਾ ਰਿਹਾ ਤਾਂ ਬਚਣਾ ਧਰਤੀ ਪੁੱਤਰ ਨੇ ਵੀ ਨਹੀਂ, ਫਿਰ ਇਹ ਚੌਧਰਾਂ ਕਿਥੇ ਕਰੋਗੇ? ਤੁਹਾਡੇ ਹੀ ਇਹ ਵੋਟਰ ਭਰਾ ਕਰੋ ਜਾਂ ਮਰੋ ਦੀ ਲੜਾਈ ਵਿੱਢੀ ਡਾਹਢੀ ਹਕੂਮਤ ਨਾਲ ਮੱਥਾ ਲਾਈ ਬੈਠੇ ਹਨ। ਤੁਹਾਨੂੰ ਇਹ ਚੌਧਰਾਂ ਸੁਝ ਰਹੀਆ ਹਨ! ਲਾਹਨਤ ਹੈ, ਤੁਹਾਡੇ ਪੰਜਾਬੀ ਹੋਣ `ਤੇ! ਡੀਂਗਾਂ ਮਾਰਨ ਲੱਗੇ ਅਸੀਂ ਟਿੱਬੇ ਢਾਹ ਦਿੰਦੇ ਹਾਂ। ਸਮੇਂ ਸਿਰ ਫੈਸਲਾ ਨਾ ਲੈਣ ਕਾਰਨ ਅਸੀਂ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਚੁਕੇ ਹਾਂ। ਸੱਤਾ ਚੌਧਰ ਦਾ ਅਨੰਦ ਮਾਣਨ ਵਾਲਿਓ, ਯਾਦ ਰੱਖਿਓ! ਜੇ ਅੱਜ ਖੁੰਝ ਗਏ ਤਾਂ ਵੇਲਾ ਹੱਥ ਨਹੀਂ ਆਉਣਾ।
ਨਿਸ਼ਾਨ ਸਾਹਿਬ ਤੇ ਤਿਰੰਗੇ ਝੰਡੇ ਦਾ ਸਤਿਕਾਰ ਸਾਡੀ ਤਾਕਤ ਹੈ: ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਵਰੋਸਾਇਆ ਨਿਸ਼ਾਨ ਸਾਹਿਬ ਸਿੱਖੀ, ਪੰਜਾਬ ਦਾ ਗੌਰਵ ਇੱਕ ਕੱਪੜੇ ਦਾ ਟੁਕੜਾ ਨਹੀਂ ਹੈ। ਕਿੰਨੀ ਇੱਜਤ ਤੇ ਪਵਿੱਤਰਤਾ ਨਾਲ ਅਸੀਂ ਇਸ ਨੂੰ ਗੁਰੂ ਘਰਾਂ ਉਤੇ ਸੁਸ਼ੋਭਿਤ ਕਰਦੇ ਹਾਂ। ਸ਼ਾਨਾਂ ਨਾਲ ਦੇਸ਼ ਦੀਆਂ ਸਰਹੱਦਾਂ `ਤੇ ਝੂਲਦਾ ਹੈ। ਦੁਸ਼ਮਣ ਨਾਲ ਜੰਗ ਸਮੇਂ ਸਾਡੀਆਂ ਫੌਜਾਂ ਦੀ ਅਗਵਾਈ ਕਰਦਾ ਹੈ। ਸਿੱਖ ਇਤਿਹਾਸ ਵਿਚ ਨਿਸ਼ਾਨ ਸਾਹਿਬ ਨੂੰ ‘ਪਾਵਰ ਆਫ ਗੌਡ’ ਦਾ ਦਰਜਾ ਪ੍ਰਾਪਤ ਹੈ। ਲਾਲ ਕਿਲਾ, ਜੋ ਸਾਡੇ ਦੇਸ਼ ਦੀ ਕੌਮੀ ਧਰੋਹਰ ਹੈ, ਨੂੰ ਸਾਡੇ ਦੇਸ਼ ਦੇ ਅਖੌਤੀ ਠੇਕੇਦਾਰਾਂ ਨੇ ਡਾਲਮੀਆ ਨੂੰ ਲੀਜ਼ `ਤੇ ਦਿੱਤਾ ਹੋਇਆ ਹੈ। ਹੁਣ ਜਿਹੜੀਆਂ ਸਰਕਾਰਾਂ ਸਾਡੀਆਂ ਕੌਮੀ ਧਰੋਹਰਾਂ ਨੂੰ ਸੰਭਾਲਣ ਦੇ ਹੀ ਕਾਬਲ ਨਹੀਂ, ਉਹ ਸਾਨੂੰ ਇਨ੍ਹਾਂ ਦੇ ਸਨਮਾਨ ਦਾ ਸਬਕ ਦੇ ਰਹੀਆਂ ਹਨ। ਫਿਰ ਜਦੋਂ ਅਸੀਂ ਹੀ ਟੰਗ ਕੇ ਭੱਜ ਆਏ ਤਾਂ ਉਨ੍ਹਾਂ ਇਸ ਨੂੰ ਰੱਦੀ ਵਿਚ ਹੀ ਸੁੱਟਣਾ ਸੀ। ਸੋਚਿਓ ਕਿ ਨਿਸ਼ਾਨ ਸਾਹਿਬ ਨੂੰ ਇਸ ਤਰ੍ਹਾਂ ਚੜ੍ਹਾਉਣ ਨਾਲ ਅਸੀਂ ਕੀ ਖੱਟਿਆ? ਕੋਈ ਸਤਿਕਾਰ ਵਧਾ ਸਕੇ? ਉਲਟਾ ਸੈਂਕੜੇ ਨੌਜਵਾਨ ਜੇਲ੍ਹਾਂ ਵਿਚ ਤਾੜੇ ਗਏ, ਆਗੂਆਂ `ਤੇ ਝੂਠੇ ਪਰਚੇ, ਸਿਖਰ `ਤੇ ਪਹੁੰਚੇ ਮੋਰਚੇ ਦਾ ਨੁਕਸਾਨ ਕੀਤਾ, ਦੇਸ਼-ਵਿਦੇਸ਼ ਵਿਚ ਮੋਰਚੇ ਤੇ ਕੌਮ ਨੂੰ ਨਮੋਸ਼ੀ ਦੇਣ ਤੋਂ ਇਲਾਵਾ ਸਾਡੇ ਪੱਲੇ ਕੀ ਪਿਆ? ਜਿਸ ਤਿਰੰਗੇ ਦੀ ਸ਼ਾਨ ਲਈ ਸਾਡੇ ਵੱਡਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਉਸ ਝੰਡੇ ਦੇ ਅਪਮਾਨ ਦਾ ਫਰੇਬੀ ਕੁਫਰ ਕਲੰਕ ਸਾਡੇ ਮੱਥੇ `ਤੇ ਮੜ ਦਿੱਤਾ। ਸੋ ਭਰਾਵੋ! ਨਿਸ਼ਾਨ ਸਾਹਿਬ ਨੂੰ ਤਿਰੰਗੇ ਦੇ ਵਿਰੋਧ ਵਿਚ ਨਾ ਖੜ੍ਹਾ ਕਰੋ। ਦੋਹਾਂ ਦਾ ਆਦਰ ਸਤਿਕਾਰ ਕਰਨਾ ਸਾਡੀ ਤਾਕਤ ਹੈ। ਜੇ ਨਿਸ਼ਾਨ ਸਾਹਿਬ ਸਿੱਖ ਸ਼ਕਤੀ ਤੇ ਅਜ਼ਮਤ ਦਾ ਪ੍ਰਤੀਕ ਹੈ ਤਾਂ ਤਿਰੰਗਾ ਵੀ ਸਾਡੇ ਦੇਸ਼ ਦੀ ਆਨ ਸ਼ਾਨ ਤੇ ਪ੍ਰਭੁਸੱਤਾ ਦਾ ਪ੍ਰਤੀਕ ਹੈ।
‘ਇੱਕ ਸਰਕਾਰ ਬਾਝੋਂ…’ ਦਾ ਮਿਹਣਾ ਪੰਜਾਬੀਆਂ ਦੀ ਹੋਣੀ ਨਾ ਬਣ ਜਾਵੇ: ਸੋ ਝੰਡਿਆ ਦੀ ਸਿਆਸਤ ਤੋਂ ਪਰੇ ਤਿੰਨ ਕਾਲੇ ਕਾਨੂੰਨਾਂ ਅਤੇ ਕਿਰਤ ਦਾ ਸ਼ੋਸ਼ਣ ਕਰਨ ਵਾਲੇ ਮੁੱਦਿਆਂ ਨੂੰ ਕੇਂਦਰ ਵਿਚ ਰੱਖ ਕੇ ਆਪਣੇ ਆਗੂਆਂ ਦੀ ਅਗਵਾਈ ਵਿਚ ਲੜਾਈ ਲੜੀਏ। ਜੇ ਸਚਮੁੱਚ ਹੀ ਸੰਘਰਸ਼ ਹਿਤੈਸ਼ੀ ਹੋ ਤਾਂ ਗਲਤ-ਠੀਕ ਦਾ ਕੋਈ ਵੀ ਵਿਸ਼ਲੇਸ਼ਣ ਅੰਦਰੂਨੀ ਤੌਰ `ਤੇ ਅਪਣੱਤ ਨਾਲ ਲੀਡਰਾਂ ਤਕ ਪਹੁੰਚਾਓ, ਨਹੀਂ ਫਿਰ ਜੇਬ ਵਿਚ ਰੱਖੋ। ਸੋਸ਼ਲ ਮੀਡੀਆ `ਤੇ ਵੀਡੀਓਜ਼ ਪਾ ਕੇ ਵਿਰੋਧੀ ਨੂੰ ਸੰਘਰਸ਼ ਨੂੰ ਢਾਅ ਲਾਉਣ ਦੀ ਪਿੱਠ ਭੂਮੀ ਨਾ ਮੁਹੱਈਆ ਕਰਵਾਓ। ਪੇਚਾ ਡਾਹਢੇ ਨਾਲ ਪਿਆ ਹੈ, ਫਿਰ ਵੀ ਆਪਣੀਆਂ 32 ਸਣੇ ਦੂਜੀਆਂ ਸਟੇਟਾਂ ਦੀਆਂ 44 ਜਥੇਬੰਦੀਆਂ ਵਲੋਂ ਇਕੱਠਾ ਹੋ ਕੇ ਇੰਨੇ ਵੱਡੇ ਘੋਲ ਨੂੰ ਅਗਵਾਈ ਦੇਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਹੁਣ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਸਮਾਂ ਨਹੀਂ। ਅਸੀਂ ਮਾਇਕ ਮਦਦ ਰਾਸ਼ਨ, ਟਰੈਕਟਰਾਂ ਦੀ ਘਸਾਈ, ਦਿੱਲੀ ਨੂੰ ਖੇਤ ਵਿਚ ਤਬਦੀਲ ਕਰਨ ਸਮੇਤ ਬਹੁਤ ਸਾਰੀ ਨਫਰੀ ਤੇ ਹਰ ਤਰ੍ਹਾਂ ਦੀ ਮਦਦ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ; ਪਰ ਜਦੋਂ ਲੱਤਾਂ ਖਿੱਚਣ `ਤੇ ਆਉਂਦੇ ਹਾਂ, ਫਿਰ ਸਾਰਾ ਕੁਝ ਹੀ ਦਾਅ `ਤੇ ਲਾ ਦਿੰਦੇ ਹਾਂ। ਭੁੱਲ ਜਾਂਦੇ ਹਾਂ ਸਾਡੀ ਇਸ ਛੋਟੀ ਜਿਹੀ ਗਲਤੀ ਦੇ ਕੀ ਸਿੱਟੇ ਨਿਕਲਣਗੇ?
1947 ਦਾ ਉਜਾੜਾ, 1984 ਦੀ ਨਸਲਕੁਸ਼ੀ ਸਾਡੇ ਸਾਹਮਣੇ ਹੈ। ਕਪੂਰੀ ਮੋਰਚਾ, ਐਸ. ਵਾਈ. ਐਲ. ਮੋਰਚਾ, ਅਨੰਦਪੁਰ ਸਾਹਿਬ ਦਾ ਮਤਾ, ਰਾਜੀਵ-ਲੌਂਗੋਵਾਲ ਸਮਝੌਤੇ ਦਾ ਕੀ ਬਣਿਆ? ਬਰਗਾੜੀ ਮੋਰਚੇ ਦਾ ਅੱਜ ਤਕ ਕੋਈ ਨਤੀਜਾ ਨਹੀਂ। ਸਾਡੇ ਬੱਚਿਆਂ ਦੀ ਮਾਰ-ਮਰਾਈ ਉਸੇ ਤਰ੍ਹਾਂ ਜਾਰੀ ਹੈ, ਪਰ ਰਾਜ ਕਰਨ ਵਾਲਾ ਸ਼ਾਤਰ ਦੂਰ ਬੈਠਾ ਪੰਜਾਬ ਦੀ ਤ੍ਰਾਸਦੀ `ਤੇ ਆਪਣੇ ਰਾਜ ਭਾਗ ਦੀਆਂ ਰੋਟੀਆਂ ਸੇਕ ਰਿਹਾ ਹੈ। ਅਸੀਂ ਕਦੋਂ ਇਨ੍ਹਾਂ ਸ਼ਾਤਰ ਚਾਲਾਂ ਨੂੰ ਸਮਝਣ ਦੇ ਕਾਬਲ ਹੋਵਾਂਗੇ। 26 ਜਨਵਰੀ ਦੀ ਸਰਕਾਰੀ ਤੰਤਰ ਦੀ ਚਾਲ ਤੋਂ ਅਸੀਂ ਕੋਈ ਸਬਕ ਨਹੀਂ ਸਿੱਖਿਆ ਲਗਦਾ! ਸਗੋਂ ਵੱਧ ਸਪੀਡ ਨਾਲ ਸੋਸ਼ਲ ਮੀਡੀਏ `ਤੇ ਗਿਆਨ ਛਾਂਟ ਰਹੇ ਹਾਂ। ਭੁੱਲੋ ਨਾ, ਦੁਸ਼ਮਣ ਤੁਹਾਡੇ ਜਿੰਨਾ ਅਵੇਸਲਾ ਨਹੀਂ। ਹਾਲੇ ਬਹੁਤ ਸਾਰੀਆਂ ਚਾਲਾਂ ਚੱਲੀਆਂ ਜਾਣੀਆਂ ਹਨ ਤੁਹਾਡੇ ਮੋਰਚੇ ਨੂੰ ਫੇਲ੍ਹ ਕਰਨ ਲਈ। ਮੋਰਚਾ ਫਾਸ਼ੀਵਾਦੀ ਰੁਚੀਆਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੀ ਮਗਰੂਰੀ ਨੂੰ ਚੈਲੰਜ ਕਰੇ, ਜਮਹੂਰੀ ਹਕੂਕਾਂ ਦੀ ਬਾਤ ਪਾਵੇ, ਉਨ੍ਹਾਂ ਦੀ ਅੱਖ ਵਿਚ ਅੱਖ ਪਾ ਕੇ ਗੱਲ ਕਰੇ।
ਮੋਰਚੇ ਦੇ ਸੰਚਾਲਕ ਭਰਾਵੋ, ਤੁਹਾਡੀ ਕਾਬਲੀਅਤ `ਤੇ ਕੋਈ ਸ਼ੱਕ ਨਹੀਂ। ਪਿਛਲੇ ਪੰਜ ਮਹੀਨੇ ਤੋਂ ਜਿਵੇਂ ਤੁਸੀਂ ਇਸ ਸੰਘਰਸ਼ ਨੂੰ ਜ਼ਾਬਤਾਬੱਧ ਕੀਤਾ ਹੋਇਆ ਹੈ, ਇਹ ਆਪਣੇ ਆਪ ਵਿਚ ਸ਼ਲਾਘਾਯੋਗ ਹੈ। ਇਸ ਵਿਉਂਤਬੰਦੀ ਵਿਚ ਜੇ ਸਮਾਂ ਕੱਢ ਕੇ ਇੱਕ ਕਮੇਟੀ ਬਣਾ ਕੇ ਟਰਾਲੀਆਂ ਵਿਚ ਬੈਠੇ ਬਜੁਰਗਾਂ ਨੌਜੁਆਨਾਂ, ਬੀਬੀਆਂ, ਬੱਚਿਆਂ ਨਾਲ ਸੰਵਾਦ ਦੀ ਪਰੰਪਰਾ ਤੋਰ ਲਉਂ ਤਾਂ ਕਾਫੀ ਹੱਦ ਤਕ ਨਕਾਰਾਤਮਕ ਰੁਚੀਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਮੋਰਚੇ ਵਿਚ ਵਿਰੋਧੀਆਂ ਦੇ ਹਰ ਤਰ੍ਹਾਂ ਦੇ ਦਮਨਕਾਰੀ ਮਨਸੂਬਿਆਂ ਨੂੰ ਵੀ ਫੇਲ੍ਹ ਕੀਤਾ ਜਾ ਸਕਦਾ ਹੈ। ਫਿਰ ਆਪਣੇ ਤਾਂ ਬਾਬੇ ਨੇ ਵੀ ‘ਕਿਛੁ ਸੁਣੀਐ ਕਿਛੁ ਕਹੀਐ ਨਾਨਕ’ ਦੇ ਵੱਡੇ ਉਪਦੇਸ਼ ਨਾਲ ਸੰਵਾਦ ਦੀ ਮਹੱਤਤਾ ਨੂੰ ਜਤਾਇਆ ਹੈ। ਐਵੇਂ ਤਾਂ ਨਹੀਂ ਸਾਡਾ ਬਾਬਾ ਚਾਰ ਉਦਾਸੀਆਂ ਕਰ ਗਿਆ, ਮੱਕੇ ਮਦੀਨੇ ਦੇ ਕਾਜੀਆਂ, ਹਰਿਦੁਆਰ ਦੇ ਪਾਂਡਿਆਂ, ਕੌਡੇ ਰਾਕਸ਼ਾਂ, ਸਿੱਧਾਂ ਨਾਲ ਗੋਸ਼ਟੀਆਂ ਕਰਕੇ ਆਪਸੀ ਗੱਲਬਾਤ ਦੀ ਲੋੜ ਤੇ ਮਹੱਤਵ ਨੂੰ ਵਡਿਆ ਗਿਆ ਸੀ।
ਸੋ, ਸੰਭਲੋ! ਆਪਣੇ ਆਗੂਆਂ `ਤੇ ਭਰੋਸਾ ਰੱਖ ਕੇ ਉਨ੍ਹਾਂ ਦੇ ਪਿਛੇ ਖੜ੍ਹ ਮਜਬੂਤੀ ਬਣਾਈ ਰੱਖੀਏ ਤਾਂ ਜੋ ਉਹ ਬਿਹਤਰ ਫੈਸਲੇ ਲੈ ਕੇ ਸਾਡੀ ਫਸਲਾਂ-ਨਸਲਾਂ ਦੀ ਲੜਾਈ ਨੂੰ ਫਤਿਹ ਕਰ ਸਕਣ। ਦੇਖਿਆ ਜਾਵੇ, ਵੱਡੀਆਂ ਗਲਤੀਆਂ ਹੁੰਦੀਆਂ ਹਨ-ਸੰਘਰਸ਼ ਨੂੰ ਠਿੱਬੀ ਲਾਉਣਾ, ਦੁਸ਼ਮਣ ਤਾਕਤਾਂ ਨਾਲ ਮਿਲਣਾ ਤੇ ਕਈ ਕਿਸਮ ਦੇ ਸੰਘਰਸ਼ ਨੂੰ ਢਾਹ ਲਾਉਣ ਵਾਲੇ ਕਾਰਜ ਕਰਨਾ ਆਦਿ। ਵਕਤ ਤੋਂ ਪਹਿਲਾਂ ਵਕਤ ਨੂੰ ਸੰਭਾਲਣ ਦੀ ਜਾਚ ਸਿੱਖੀਏ, ਨਹੀਂ ਤਾਂ ਵਕਤ ਮੁੜ ਸੰਭਲਣ ਦਾ ਕੋਈ ਵਕਤ ਨਹੀਂ ਦਿੰਦਾ।