ਬੰਦਾ ਸਿੰਘ ਬਹਾਦਰ ਦਾ ਵਕਤ ਤੇ ਚੌਗਿਰਦਾ

ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-5
ਹਰਪਾਲ ਸਿੰਘ
ਮਨੁੱਖੀ ਮਨ ਅਤੇ ਵਰਤਾਰੇ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਆਲੇ-ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਪ੍ਰਭਾਵਿਤ ਕਰਦੀਆਂ ਹਨ। ਮਨੁੱਖੀ ਚੇਤਨਾ ਅਤੇ ਉਸ ਦੇ ਕੀਤੇ ਕਰਮਾਂ ‘ਤੇ ਚੌਗਿਰਦੇ ਦਾ ਅਸਰ ਜ਼ਰੂਰ ਹੁੰਦਾ ਹੈ ਅਤੇ ਉਸ ਤੋਂ ਲਾਂਭੇ ਹੋਣਾ ਮਨੁੱਖੀ ਮਨ ਲਈ ਅਸੰਭਵ ਹੈ। ਚੰਗੇ ਆਤਮ ਬਲ ਵਾਲਾ ਬੰਦਾ ਆਪਣੇ ਚੌਗਿਰਦੇ ਨੂੰ ਵੱਸ ਵਿਚ ਕਰ ਲੈਂਦਾ ਹੈ। ਉਸ ਦੇ ਕੰਮਾਂ ਤੇ ਉਦਮਾਂ ਵਿਚ ਯੁੱਗ ਪਲਟਾਊ ਇਨਕਲਾਬ ਦਿਸਦਾ ਹੈ। ਬੰਦਾ ਸਿੰਘ ਬਹਾਦਰ ਨੇ ਆਪਣੇ ਚੌਗਿਰਦੇ ਵਿਚ ਵੱਡੀਆਂ ਧਾਰਮਿਕ, ਸਮਾਜਕ ਅਤੇ ਸਿਆਸੀ ਸ਼ਕਤੀਆਂ ਵਿਚ ਵਿਚਰਦੇ ਹੋਏ ਆਪਣੀ ਜੀਵਨ ਯਾਤਰਾ ਦੇ ਸੰਗਰਾਮ ਰਚੇ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ।
ਬੰਦਾ ਸਿੰਘ ਬਹਾਦਰ ਅਤੇ ਧਾਰਮਿਕ ਵਰਤਾਰਾ
ਪੁਜਾਰੀ, ਮੌਲਾਣਿਆਂ ਦੀ ਖੁਦਗਰਜ਼ੀ, ਲੋਕਾਂ ਦੀ ਬੇਪ੍ਰਵਾਹੀ, ਬੇਕਾਰ ਰਸਮਾਂ ਤੇ ਸ਼ਰਮਨਾਕ ਭਰਮਾਂ ਨੇ ਬੰਦਾ ਸਿੰਘ ਬਹਾਦਰ ਦੇ ਸਮੇਂ, ਸੱਚੇ ਧਰਮ ਦੇ ਜੜ੍ਹੀਂ ਤੇਲ ਦੇ ਰੱਖਿਆ ਸੀ। ਕਾਜ਼ੀ ਅਤੇ ਪੁਜਾਰੀ ਆਪਣੇ ਜ਼ਿੰਮੇ ਲੱਗੀ ਸੇਵਾ ਤੋਂ ਲਾਪ੍ਰਵਾਹ ਸਨ। ਬਹੁਤੇ ਲੋਕਾਂ ਦੇ ਜੀਵਨ ਵਿਚ ਸ਼ਰਮ ਅਤੇ ਧਰਮ ਨਾਂ ਦੀ ਕੋਈ ਚੀਜ਼ ਨਹੀਂ ਸੀ। ਸੰਸਾਰ ਵਿਚੋਂ ਸੱਚ ਇਕ ਤਰ੍ਹਾਂ ਲੋਪ ਹੋ ਗਿਆ ਸੀ, ਜਿਵੇਂ ਮੱਸਿਆ ਦੀ ਰਾਤ ਵਿਚੋਂ ਚੰਨ। ਆਮ ਲੋਕ ਧਰਮ ਦੇ ਫੋਕੇ ਰਸਮੋ ਰਿਵਾਜ਼ ਨੂੰ ਹੀ ਅਸਲ ਧਰਮ ਸਮਝਦੇ ਸਨ। ਆਮ ਲੋਕਾਂ ਦੇ ਖਿਆਲ ਵਿਚ ਉਸ ਸਮੇਂ ਹਿੰਦੂ ਧਰਮ ਕੀ ਸੀ ਭਲਾ? ਜੇ ਕਿਤੇ ਬੁੱਤ ਹਨ ਤਾਂ ਬੁੱਤ ਪੂਜੇ ਲਏ, ਗੰਗਾ ਅਤੇ ਹੋਰ ਤੀਰਥਾਂ ‘ਤੇ ਇਸ਼ਨਾਨ ਕਰ ਲਿਆ। ਜਨਮ ਅਤੇ ਮੌਤ ਸਮੇਂ ਦੇ ਸੰਸਕਾਰ ਕਰ ਲਏ। ਮੱਥੇ ਟਿੱਕਾ ਲਾ ਲਿਆ, ਜਾਂ ਬ੍ਰਾਹਮਣਾਂ ਦਾ ਆਗਿਆ ਪਾਲਣ ਅਤੇ ਉਨ੍ਹਾਂ ਨੂੰ ਦਾਨ ਦੇਣ ਦਾ ਕੰਮ ਕਰ ਲਿਆ। ਕੇਵਲ ਪਾਂਧੇ ਅਤੇ ਪੰਡਿਤ ਹੀ ਵੇਦਾਂ ਦਾ ਉਚਾਰਨ ਕਰ ਸਕਦੇ ਸਨ ਪਰ ਪੈਸਾ ਹੀ ਉਨ੍ਹਾਂ ਦਾ ਪੇਸ਼ਾ ਹੋ ਗਿਆ ਸੀ। ਕਈਆਂ ਨੂੰ ਧਰਮ ਸ਼ਾਸਤਰ ਜ਼ਬਾਨੀ ਯਾਦ ਸਨ, ਪਰ ਅਮਲੀ ਜੀਵਨ ਵਿਚ ਉਹ ਧਰਮ ਸ਼ਾਸਤਰ ਦੀ ਸਿੱਖਿਆ ਦੇ ਵਿਪਰੀਤ ਚਲਦੇ ਸਨ। ਹਿੰਦੂ ਧਰਮ ਦੇ ਉਚ ਆਤਮਕ ਭਾਵ, ਭੇਖ ਤੇ ਦਿਖਾਵੇ ਦੇ ਹੇਠਾਂ ਦੱਬ ਚੁੱਕੇ ਸਨ। ਰਹਿਣ ਸਹਿਣ ਵਿਚ ਇੰਨੀ ਗੁਲਾਮੀ ਆ ਗਈ ਸੀ ਕਿ ਉਨ੍ਹਾਂ ਤੁਰਕਾਂ ਦਾ ਨੀਲਾ ਬਾਣਾ ਪਾ ਲਿਆ ਸੀ ਅਤੇ ਤੁਰਕਾਂ ਵਾਂਗ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ। ਸਮਾਜ ਦੇ ਦੱਬੇ ਕੁੱਚਲੇ ਲੋਕਾਂ ਨੂੰ ਜੂਠ ਬਣਾ ਦਿੱਤਾ ਗਿਆ। ਯੱਗ, ਕੁਰਬਾਨੀ, ਜਾਤੀ ਵੰਡ ਨੂੰ ਈਸ਼ਵਰੀ ਕ੍ਰਿਤ ਮੰਨਿਆ ਜਾਂਦਾ ਸੀ। ਸ਼ੂਦਰਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਅਧਿਕਾਰ ਨਹੀਂ ਸੀ।
ਇਸ ਦੇ ਨਾਲ ਹੀ ਮੁਸਲਮਾਨ ਹਕੂਮਤ ਦੇ ਨਸ਼ੇ ਵਿਚ ਬੜੇ ਹੀ ਤੰਗਦਿਲ ਤੇ ਤੁਅੱਸਬੀ ਹੋ ਗਏ ਸਨ। ਮੰਦਰਾਂ ਉਤੇ ਭੀ ਟੈਕਸ ਲਾਏ ਜਾਂਦੇ ਸਨ। ਮੈਕਾਲਿਫ ਨੇ ਇਕ ਮੁਸਲਿਮ ਲਿਖਾਰੀ ਦਾ ਹਵਾਲਾ ਦੇ ਕੇ ਅਲਾਉਦੀਨ ਬਾਰੇ ਲਿਖਿਆ ਹੈ ਕਿ ਇਕ ਵਾਰੀ ਉਸ ਨੇ ਆਪਣੇ ਕਾਜ਼ੀ ਨੂੰ ਪੁੱਛਿਆ ਕਿ ਹਿੰਦੂਆਂ ਵਾਸਤੇ ਸ਼ੱਰਾ ਕੀ ਹੁਕਮ ਕਰਦੀ ਹੈ? ਕਾਜ਼ੀ ਨੇ ਉਤਰ ਦਿੱਤਾ, “ਹਿੰਦੂ ਧਰਤੀ ਵਾਂਗ ਹਨ। ਜੇ ਉਨ੍ਹਾਂ ਤੋਂ ਚਾਂਦੀ ਮੰਗੀ ਜਾਵੇ ਤਾਂ ਉਨ੍ਹਾਂ ਨੂੰ ਬੜੀ ਨਿਮਰਤਾ ਨਾਲ ਸੋਨਾ ਭੇਟ ਕਰਨਾ ਚਾਹੀਦਾ ਹੈ। ਜੇ ਕੋਈ ਮੁਸਲਮਾਨ ਹਿੰਦੂ ਦੇ ਮੂੰਹ ਵਿਚ ਥੁੱਕਣਾ ਚਾਹੇ ਤਾਂ ਹਿੰਦੂ ਨੂੰ ਝਟ-ਪਟ ਆਪਣਾ ਮੂੰਹ ਖੋਲ੍ਹ ਦੇਣਾ ਚਾਹੀਦਾ ਹੈ। ਰੱਬ ਨੇ ਹਿੰਦੂਆਂ ਨੂੰ ਮੁਸਲਮਾਨਾਂ ਵਾਸਤੇ ਪੈਦਾ ਕੀਤਾ ਹੈ। ਪੈਗੰਬਰ ਸਾਹਿਬ ਨੇ ਹੁਕਮ ਦਿੱਤਾ ਕਿ ਜੇ ਹਿੰਦੂ ਇਸਲਾਮ ਕਬੂਲ ਨਾ ਕਰਨ ਤਾਂ ਉਨ੍ਹਾਂ ਨੂੰ ਕੈਦ ਕਰੋ। ਤਸੀਹੇ ਦਿਉ ਤੇ ਅੰਤ ਨੂੰ ਕਤਲ ਕਰ ਦਿਉ।” ਮੁਸਲਮਾਨਾਂ ਵਿਚ ਧੱਕਾ ਤੇ ਹਿੱਕ ਦਾ ਜ਼ੋਰ ਪ੍ਰਬਲ ਸੀ। ਸਿੱਖਾਂ ਅਤੇ ਹਿੰਦੂਆਂ ਪਾਸੋਂ ਜੀਵਨ ਦੇ ਅਧਿਕਾਰ ਖੋਹ ਲਏ ਗਏ ਸਨ। ਹਿੰਦੂ ਮੁਸਲਮਾਨ ਦੋਨੋਂ ਆਪਣਾ ਧਰਮ ਗੁਆ ਕੇ ਸ਼ੈਤਾਨ ਦੇ ਵੱਸ ਹੋ ਚੁੱਕੇ ਸਨ।
ਬੇਦਿ ਕਤੇਬ ਭੁਲਾਇ ਕੈ,
ਮੋਹੇ ਲਾਲਚ ਦੁਨੀ ਸੈਤਾਵੇ।
(ਵਾਰ, ਭਾਈ ਗੁਰਦਾਸ)
ਫਰਾਂਸੀਸੀ ਲਿਖਾਰੀ ਰਿਸ਼ੀ ਅਨੁਸਾਰ, “ਉਹ ਆਪਣੇ ਆਪ ਨੂੰ ਮਨੁੱਖ ਕਹਿਲਾਉਣ ਦਾ ਹੱਕ ਵੀ ਗੁਆ ਚੁਕੇ ਸਨ। ਇਕ ਅਜਿਹੇ ਧਰਮ ਦੀ ਲੋੜ ਸੀ ਜਿਹੜਾ ਗਦਰ, ਅਥਵਾ ਇਨਕਲਾਬੀ ਪੈਦਾ ਕਰ ਦੇਵੇ; ਸਾਰੇ ਢਾਂਚੇ ਨੂੰ ਬਦਲ ਦੇਵੇ ਤੇ ਸਾਰੇ ਸਮਾਜ ਦੀ ਬਣਤਰ ਨੂੰ ਉਲਟਾ-ਪੁਲਟਾ ਕਰ ਦੇਵੇ।”
ਬਾਦਸ਼ਾਹ ਔਰੰਗਜ਼ੇਬ ਦੀ ਤੰਗਦਿਲੀ ਅਤੇ ਕੱਟੜ ਧਾਰਮਿਕ ਨੀਤੀ ਦੀ ਹਨ੍ਹੇਰੀ ਹਰ ਪਾਸੇ ਝੁੱਲ ਰਹੀ ਸੀ। ਗੁਰੂ ਤੇਗ ਬਹਾਦਰ ਜੀ ਦੀ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਾਖੀ ਲਈ ਦਿੱਤੀ ਸ਼ਹਾਦਤ ਦਾ ਖਾਸ ਅਸਰ ਹਿੰਦੂਆਂ ਅਤੇ ਸਿੱਖਾਂ ਉਪਰ ਪਿਆ। ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਗੁਰੂ ਗੋਬਿੰਦ ਸਿੰਘ ਸਿੱਖ ਮਾਨਸਿਕਤਾ ਵਿਚ ਨਵੀਂ ਰੂਹ ਫੂਕਣ ਲਈ ਉਨ੍ਹਾਂ ਨੂੰ ਜਥੇਬੰਦ ਕਰ ਰਹੇ ਸਨ। ਖਾਲਸੇ ਦੀ ਸਿਰਜਣਾ ਦਾ ਵਿਚਾਰ ਉਨ੍ਹਾਂ ਦੇ ਮਨ ਵਿਚ ਪੁੰਗਰ ਰਿਹਾ ਸੀ।
ਬੰਦਾ ਸਿੰਘ ਬਹਾਦਰ ਅਤੇ ਸਮਾਜਕ ਵਰਤਾਰਾ
ਜਾਤ-ਪਾਤ ਤੇ ਵਰਣ ਆਸ਼ਰਮ ਦੇ ਆਧਾਰ ‘ਤੇ ਸਮਾਜਕ ਵਿਤਕਰਿਆਂ ਦਾ ਬੋਲ-ਬਾਲਾ ਸੀ। ਧਾਰਮਿਕ ਆਧਾਰ ‘ਤੇ ਸਮਾਜ ਦੋ ਧੜਿਆਂ ਵਿਚ ਵੰਡਿਆ ਹੋਇਆ ਸੀ। ਵੱਡਾ ਧੜਾ ਹਿੰਦੂ ਸਮਾਜ ਦਾ ਸੀ ਪਰ ਉਹ ਮੁਸਲਮਾਨਾਂ ਤੋਂ ਡਰਦੇ ਸਨ। ਹਿੰਦੂ ਨੂੰ ਦੇਖ ਕੇ ਮੁਸਲਮਾਨ ਚਿੜ ਜਾਂਦਾ ਸੀ। ਹਿੰਦੂ ਅਤੇ ਮੁਸਲਮਾਨ ਅੱਗਿਉਂ ਕਈ ਫਿਰਕਿਆਂ ਵਿਚ ਵੰਡੇ ਹੋਏ ਸਨ। ਬ੍ਰਾਹਮਣ ਮੌਲਵੀ ਤੋਂ ਡਰਦਾ ਸੀ ਪਰ ਸ਼ੂਦਰ ਦੇ ਸਾਹਮਣੇ ਜਾਬਰ ਦਾ ਰੂਪ ਧਾਰਨ ਕਰ ਲੈਂਦਾ ਸੀ। ਬ੍ਰਾਹਮਣ ਭਾਵੇਂ ਉਕਾ ਹੀ ਗੁਣ-ਹੀਣ ਤੇ ਪਾਪੀ ਹੋਵੇ ਤਾਂ ਵੀ ਉਸ ਦਾ ਆਦਰ ਕਰਨਾ ਜ਼ਰੂਰੀ ਸੀ ਤੇ ਸ਼ੂਦਰ ਭਾਵੇਂ ਕਿੱਡਾ ਹੀ ਪੁੰਨ-ਦਾਨੀ ਤੇ ਵਿਦਵਾਨ ਕਿਉਂ ਨਾ ਹੋਵੇ, ਉਸ ਦਾ ਆਦਰ ਕਦੀ ਨਹੀਂ ਸੀ ਕੀਤਾ ਜਾਂਦਾ। ਬ੍ਰਾਹਮਣ ਸ਼ੂਦਰ ਨੂੰ ਸਮਾਜ ਵਿਚ ਸਭ ਤੋਂ ਨੀਵੀਂ ਥਾਂ ਦਿੰਦਾ ਸੀ, ਇਥੋਂ ਤੱਕ ਕਿ ਚੰਡਾਲ ਦੇ ਕੁੱਤੇ ਨਾਲੋਂ ਵੀ ਭੈੜਾ ਸਲੂਕ ਹੁੰਦਾ ਸੀ। ਸ੍ਰੀ ਰਾਮ ਚੰਦਰ ਨੇ ਤਾਂ ਇਕ ਸ਼ੂਦਰ ਨੂੰ ਇਸ ਲਈ ਕਤਲ ਕਰ ਦਿੱਤਾ ਸੀ ਕਿ ਉਹ ਅਜਿਹੀ ਧਾਰਮਿਕ ਕਿਰਿਆ ਕਰ ਰਿਹਾ ਸੀ ਜਿਹੜੀ ਸ਼ੂਦਰਾਂ ਲਈ ਵਰਜਿਤ ਸੀ। ਹਿੰਦੂ, ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਸੀ। ਆਮ ਲੋਕਾਂ ਦੀ ਗੱਲ ਛੱਡੋ, ਤੁਲਸੀ ਦਾਸ ਅਨੁਸਾਰ,
ਢੋਰ, ਗਵਾਰ, ਪਸ਼ੂ, ਸ਼ੂਦਰ, ਨਾਰੀ।
ਯੇ ਪਾਚੋਂ ਤਾੜਨ ਕੇ ਅਧਿਕਾਰੀ।
ਮੈਤਰਿਆ ਈ ਸਮਹਤਾ ਸਲੋਕ ਇਸਤਰੀ ਨੂੰ ਪਾਪ ਕਰਾਰ ਦਿੰਦਾ ਹੈ। ਸਤਪਤ ਬ੍ਰਾਹਮਣ ਗ੍ਰੰਥ ਇਸਤਰੀ, ਸ਼ੂਦਰ, ਕੁੱਤੇ ਅਤੇ ਕਾਂ ਨੂੰ ਝੂਠ ਦਾ ਨਮੂਨਾ ਮੰਨਦਾ ਹੈ। ਮਨੂੰ ਸ੍ਰਿਮਤੀ ਮੁਤਾਬਕ ਪਤੀ ਦਾ ਆਪਣੀ ਪਤਨੀ ‘ਤੇ ਪੂਰਾ ਅਧਿਕਾਰ ਹੈ, ਉਹ ਉਸ ਨੂੰ ਮਾਰ-ਪਿੱਟ ਸਕਦਾ ਹੈ। ਜੇ ਪਤਨੀ ਜ਼ਰਾ ਵੀ ਕੌੜੀ ਗੱਲ ਕਰੇ ਤਾਂ ਉਸ ਨੂੰ ਇਕ ਦਮ ਤਿਆਗ ਸਕਦਾ ਹੈ ਅਤੇ ਪਤਨੀ ਲਈ ਉਚਿਤ ਇਹੀ ਹੈ ਕਿ ਉਹ ਆਪਣੇ ਪਤੀ ਨੂੰ ਦੇਵਤਾ ਸਮਝ ਕੇ ਉਸ ਦੀ ਪੂਜਾ ਕਰੇ। ਇਸਤਰੀ ਨੂੰ ਜੰਝੂ ਪਾਉਣ ਅਤੇ ਵੈਦਿਕ ਸਾਹਿਤ ਪੜ੍ਹਨ ਤੋਂ ਰੋਕਿਆ ਗਿਆ ਹੈ। ਵਿਧਵਾ ਵਿਆਹ ਦੀ ਮਨਾਹੀ ਹੈ। ਸਤੀ ਦੀ ਰਸਮ ਆਮ ਪ੍ਰਚਲਤ ਸੀ।
ਉਚੀਆਂ ਜਾਤਾਂ ਵਿਚ ਲੜਕੀਆਂ ਦੇ ਬਾਲ ਵਿਆਹ ਦਾ ਰਿਵਾਜ਼ ਭਾਈਚਾਰਕ ਰੁਤਬੇ ਦੇ ਉਚੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਮਨੂੰ ਸਿਮ੍ਰਤੀ ਇਹ ਨੀਯਤ ਕਰਦੀ ਹੈ ਕਿ 30 ਸਾਲ ਦੀ ਉਮਰ ਦਾ ਆਦਮੀ 12 ਸਾਲਾਂ ਦੀ ਕੰਵਾਰੀ ਨਾਲ ਅਤੇ 24 ਸਾਲ ਦਾ ਆਦਮੀ 8 ਸਾਲ ਦੀ ਲੜਕੀ ਨਾਲ ਸ਼ਾਦੀ ਕਰੇ। ਬਾਲ ਹੱਤਿਆ ਦਾ ਭੈੜਾ ਰਿਵਾਜ਼ ਉਸ ਸਮੇਂ ਪ੍ਰਚੱਲਤ ਸੀ। ਧਾਰਮਿਕ ਗ੍ਰੰਥ ਲੜਕੀਆਂ ਦੀ ਪੈਦਾਇਸ਼ ਬਾਰੇ ਅਫ਼ਸੋਸ ਜ਼ਾਹਿਰ ਕਰਦੇ ਸਨ। ਲੜਕੀਆਂ ਨੂੰ ਬਿਪਤਾ ਦਾ ਵਸੀਲਾ ਸਮਝਿਆ ਜਾਂਦਾ ਸੀ। ਮਨੂੰ ਦੇ ਕਾਨੂੰਨ ਨੇ ਬ੍ਰਾਹਮਣਾਂ, ਖ਼ਤਰੀਆਂ ਤੇ ਵੈਸ਼ਾਂ ਨੂੰ ਸ਼ੂਦਰਾਂ ਦੀਆਂ ਇਸਤਰੀਆਂ ਅਪਨਾਉਣ ਦੀ ਖੁੱਲ੍ਹ ਦਿੱਤੀ।
ਹਿੰਦੂ ਸਮਾਜ ਦਾ ਪ੍ਰਭਾਵ ਮੁਸਲਿਮ ਸਮਾਜ ‘ਤੇ ਜਲਦੀ ਹੀ ਹਾਵੀ ਹੋ ਗਿਆ। ਮੁਸਲਿਮ ਸਮਾਜ ਵਿਚ ਜਨਾਨੀਆਂ ਦਾ ਹਾਲ ਸ਼ੂਦਰਾਂ ਨਾਲੋਂ ਕੋਈ ਬਹੁਤਾ ਚੰਗਾ ਨਹੀਂ ਸੀ। ਉਨ੍ਹਾਂ ਨੇ ਆਪਣੀਆਂ ਜਨਾਨੀਆਂ ਨੂੰ ਘਰਾਂ ਦੀ ਚਾਰ-ਦਿਵਾਰੀ ਵਿਚ ਡੱਕ ਛੱਡਿਆ ਸੀ। ਚਾਰ ਚਾਰ ਸ਼ਾਦੀਆਂ ਕਰਨ ਦਾ ਰਿਵਾਜ਼ ਆਮ ਸੀ। ਬੁਰਕੇ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਂਦੀ ਸੀ। ਘਰ ਵਿਚ ਲੜਕੀ ਦਾ ਜਨਮ ਭੈੜੀ ਕਿਸਮਤ ਦਾ ਚਿੰਨ੍ਹ ਸੀ। ਉਹ ਸਵਰਗ ਵਿਚ ਨਹੀਂ ਜਾ ਸਕਦੀਆਂ ਸਨ ਅਤੇ ਨਾ ਹੀ ਮੁਕਤੀ ਪ੍ਰਾਪਤ ਕਰ ਸਕਦੀਆਂ ਸਨ। ਮਾਪੇ ਨਿੱਕੀਆਂ ਬੱਚੀਆਂ ਨੂੰ ਹੀ ਮਰ ਦਿੰਦੇ ਸਨ। ਵੱਡਿਆਂ ਲੋਕਾਂ ਵਿਚ ਔਰਤਾਂ ਨੂੰ ਹਰਮ ਵਿਚ ਰੱਖਣ ਦਾ ਰਿਵਾਜ਼ ਸੀ। ਮੁਗਲ ਦਰਬਾਰ ਵਿਚ ਔਰਤ ਨੂੰ ਨਿਰਵਸਤਰ ਕਰ ਕੇ ਨਚਾਇਆ ਜਾਂਦਾ ਸੀ। ਮਸਜਿਦ ਵਿਚ ਔਰਤ ਦਾ ਜਾਣਾ ਮਨ੍ਹਾ ਸੀ। ਇਸਲਾਮ ਅੰਦਰੂਨੀ ਸੰਪਰਦਾਇਕ ਈਰਖਾ ਕਾਰਨ ਕਈ ਫਿਰਕਿਆਂ ਵਿਚ ਵੰਡਿਆ ਹੋਇਆ ਸੀ।
ਬੰਦਾ ਸਿੰਘ ਬਹਾਦਰ ਦੇ ਸਮੇਂ ਦਾ ਸਿਆਸੀ ਵਰਤਾਰਾ
ਮੁਗਲਾਂ ਸਮੇਂ ਭਾਰਤ ਦੇ ਹਰ ਕੋਨੇ ਵਿਚ ਪਾਪ, ਜ਼ੁਲਮ ਅਤੇ ਐਸ਼ੋ-ਇਸ਼ਰਤ ਦਾ ਬੋਲ ਬਾਲਾ ਸੀ। ਰਾਜ ਕਰਨ ਵਾਲੇ ਕਸਾਈ ਸਨ ਅਤੇ ਉਨ੍ਹਾਂ ਦੇ ਹੱਥ ਗਰੀਬਾਂ ਦੇ ਖੂਨ ਨਾਲ ਰੰਗੇ ਹੋਏ ਸਨ। ਸੱਯਦ ਮੁਹੰਮਦ ਲਤੀਫ਼ ਆਪਣੀ ਪੁਸਤਕ ‘ਹਿਸਟਰੀ ਆਫ ਪੰਜਾਬ’ ਵਿਚ ਉਸ ਵੇਲੇ ਦੇ ਰਾਜਸੀ ਹਾਲਾਤ ਦਾ ਵਰਣਨ ਕਰਦਿਆਂ ਲਿਖਦਾ ਹੈ, ਰਿਸ਼ਵਤ, ਕਮੀਨਗੀ ਤੇ ਧੋਖਾਬਾਜ਼ੀ ਦੇਸ਼ ਵਿਚ ਆਮ ਪ੍ਰਚਲਤ ਸੀ। ਸਾਰੇ ਦੇਸ਼ ਦੇ ਕੋਨੋ ਕੋਨੇ ਵਿਚ ਬਦਇੰਤਜ਼ਾਮੀ ਅਤੇ ਬੇਚੈਨੀ ਸੀ। ਮੁਲਕ ਬਰਬਾਦ ਹੋ ਚੁੱਕਾ ਸੀ ਤੇ ਪਾਪ, ਅਧਰਮ, ਜਬਰ, ਫਜ਼ੂਲ ਖਰਚੀ ਆਦਿ ਨੇ ਦੇਸ਼ ਨੂੰ ਕਲੰਕਤ ਕੀਤਾ ਹੋਇਆ ਸੀ। ਲੜਾਈ ਝਗੜੇ ਖਈ ਰੋਗ ਵਾਂਗ ਪੈਰ ਜਮਾ ਬੈਠੇ ਸਨ ਤੇ ਬੁਰਛਾਗਰਦੀ ਹਰ ਥਾਂ ਉਭਰ ਰਹੀ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੱਚ ਉਸ ਸਮੇਂ ਦੀ ਰਾਜਸੀ ਦਸ਼ਾ ਦੀ ਸਹੀ ਤਸਵੀਰ ਸੀ,
ਕਲਿ ਕਾਤੀ ਰਾਜੇ ਕਾਸਾਈ
ਧਰਮ ਪੰਖ ਕਰ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜ੍ਹਿਆ॥
ਹਿੰਦੂਆਂ ਦੇ ਹੱਥਾਂ ਵਿਚ ਸਿਆਸੀ ਸ਼ਕਤੀ ਨਾ ਬਰਾਬਰ ਸੀ। ਕਸ਼ਤਰੀ ਜਿਨ੍ਹਾਂ ਦਾ ਕੰਮ ਧਰਮ ਦੀ ਰੱਖਿਆ ਕਰਨਾ ਸੀ, ਨਿਪੁੰਸਕ ਹੋ ਚੁੱਕੇ ਸਨ। ਅਲਬਰੂਨੀ ਲਿਖਦਾ ਹੈ ਕਿ ਜਿੱਥੋਂ ਦੀ ਤੁਰਕ ਲੰਘ ਜਾਂਦੇ ਸਨ, ਉਥੇ ਉਜਾੜਾ ਹੀ ਉਜਾੜਾ ਦਿਸਦਾ ਸੀ। ਸਭ ਤੋਂ ਦੁੱਖ ਵਾਲੀ ਗੱਲ ਇਹ ਸੀ ਕਿ ਰਾਜਪੂਤ ਤੁਰਕ, ਹਾਕਮਾਂ ਨਾਲ ਢੁਕਵੇਂ ਸਮੇਂ ਵੀ ਦੋ ਦੋ ਹੱਥ ਨਾ ਕਰ ਸਕੇ। ਉਨ੍ਹਾਂ ਦੇ ਚਰਿੱਤਰ ਵਿਚ ਅਣਖ, ਆਜ਼ਾਦੀ ਤੇ ਲੜ ਮਰਨ ਦੇ ਵੱਡਮੁੱਲੇ ਗੁਣ ਲੋਪ ਹੋ ਚੁੱਕੇ ਸਨ। ਉਹ ਧਾਰਮਿਕ ਜਾਂ ਕੌਮੀ ਆਜ਼ਾਦੀ ਨਾਲੋਂ ਆਪਣੇ ਜਗੀਰੂ ਹਿੱਤਾਂ ਨੂੰ ਤਰਜੀਹ ਦਿੰਦੇ ਸਨ। ਰਾਜਪੂਤ, ਮੁਗਲਾਂ ਦੇ ਰਾਜ ਪ੍ਰਬੰਧ ਅਤੇ ਫੌਜ ਦੇ ਥੰਮ੍ਹ ਬਣ ਗਏ ਸਨ।
ਬੰਦਾ ਕੌਣ ਸੀ?
ਬੰਦੇ ਦਾ ਬਚਪਨ ਅਤੇ ਜਵਾਨੀ ਉਪਰ ਲਿਖੀਆਂ ਸਮਾਜਕ, ਧਾਰਮਿਕ ਤੇ ਰਾਜਨੀਤਕ ਕਦਰਾਂ-ਕੀਮਤਾਂ ਵਿਚ ਦੀ ਗੁਜ਼ਰਿਆ। ਛੋਟੀ ਜਾਤੀ ਦਾ ਹੋਣ ਕਾਰਨ ਉਸ ਦਾ ਹਿੰਦੂ ਅਤੇ ਮੁਸਲਮਾਨ ਸਮਾਜ ਵਿਚ ਦਾਖਲਾ ਨਾ-ਮੁਮਕਿਨ ਸੀ। ਉਸ ਦੇ ਸਾਹਮਣੇ ਉਸ ਵੇਲੇ ਦੇ ਸਿੱਖ ਸਮਾਜ ਦੀ ਸਪਸ਼ਟ ਤਸਵੀਰ ਸੀ ਜਿਸ ਨੇ ਜਾਤ-ਪਾਤੀ ਸਮਾਜ ਦੇ ਘੇਰੇ ਤੋਂ ਬਾਹਰ ਇਕ ਐਸੇ ਸਮਾਜ ਦੀ ਸਥਾਪਨਾ ਕੀਤੀ ਸੀ ਜਿਸ ਵਿਚ ਜੀਵਨ ਦਾ ਮਨੋਰਥ ਜੀਵਨ ਤੋਂ ਛੁਟਕਾਰਾ ਹਾਸਲ ਕਰਨ ਦਾ ਨਹੀਂ, ਸਗੋਂ ਨਿਸ਼ਾਨਾ ਆਤਮਿਕ ਤੇ ਨੈਤਿਕ ਜੀਵਨ ਦੀ ਪ੍ਰਾਪਤੀ ਹੈ। ਸਿੱਖ ਗੁਰੂਆਂ ਨੇ ਧਰਮ ਦੇ ਪੁਰਾਤਨ ਵਿਚਾਰ ਨੂੰ ਨਕਾਰਦੇ ਹੋਏ ਧਰਮ ਨੂੰ ਇਨਕਲਾਬੀ ਅਰਥ ਦਿੱਤੇ ਅਤੇ ਇਸ ਨੂੰ ਮਨੁੱਖੀ ਅਧਿਕਾਰਾਂ ਦੇ ਰਾਹ ਪਾ ਦਿੱਤਾ। ਸਿੱਖ ਧਰਮ ਦਾ ਅਰਥ ਰੱਬ ਦੀ ਰਜ਼ਾ ਵਿਚ ਰਹਿੰਦੇ ਹੋਏ ਧਰਤੀ ਉਤੇ ਰੱਬ ਦਾ ਰਾਜ ਕਾਇਮ ਕਰਨਾ ਹੈ। ਦਯਾਲੂ ਅਤੇ ਨਿਆਂ ਪੂਰਨ ਸਮਾਜ ਦੀ ਸਥਾਪਨਾ, ਜਾਤ-ਪਾਤ, ਵਰਣ ਆਸ਼ਰਮ ਸਿਆਸੀ ਤੇ ਸਮਾਜਕ ਨਾ-ਬਰਾਬਰੀ ਦਾ ਮੁਕਾਬਲਾ ਕਰ ਕੇ ਗਰੀਬਾਂ ਅਤੇ ਦਬੇ ਕੁਚਲਿਆਂ ਨੂੰ ਰਾਜਸੀ ਤਾਕਤ ਦੇਣਾ ਹੈ। ਨਿਸ਼ਾਨਾ ਨਿੱਜਵਾਦੀ ਮੁਕਤੀ ਦਾ ਨਹੀਂ, ਸਗੋਂ ਰੱਬ ਦੀ ਰਜ਼ਾ ਨਾਲ ਇਕ ਸੁਰ ਹੋਈ ਸਰਗਰਮ ਜ਼ਿੰਦਗੀ ਬਿਤਾਉਣਾ ਹੈ। ਸਿੱਖੀ ਅਨੁਸਾਰ ਸੱਚਾ ਧਰਮ ਤੇ ਨੈਤਿਕਤਾ, ਅਨਿਆਂ ਭਰੇ ਸਮਾਜੀ ਤੇ ਸਿਆਸੀ ਪ੍ਰਬੰਧ ਵੱਲੋਂ ਅੱਖਾਂ ਮੀਟ ਨਹੀਂ ਸਕਦੇ ਅਤੇ ਨਾ ਹੀ ਰੂਹਾਨੀ ਮੁਕਤੀ ਧਾਰਮਿਕ ਜਬਰ ਤੇ ਸਿਆਸੀ ਗੁਲਾਮੀ ਦੀ ਛਤਰ ਛਾਇਆ ਹੇਠ ਮਿਲ ਸਕਦੀ ਹੈ।
ਸਿੱਖ ਗੁਰੂ ਸਾਹਿਬਾਨ ਇਸ ਨੂੰ ਨਾ ਹੀ ਧਰਮ ਅਤੇ ਨਾ ਹੀ ਇਖ਼ਲਾਕ ਸਮਝਦੇ ਸਨ ਕਿ ਮੋਖ ਪ੍ਰਾਪਤੀ ਕਰਨ ਦੀ ਧੁਨ ਵਿਚ ਮਸਤ ਰਿਹਾ ਜਾਵੇ। ਜਨਤਾ ਦਾ ਵੱਡਾ ਹਿੱਸਾ ਅਪਮਾਨ, ਜ਼ਿੱਲਤ ਤੇ ਰੁਸਵਾਈ ਦਾ ਸ਼ਿਕਾਰ ਹੋ ਰਿਹਾ ਸੀ। ਸਿੱਖ ਗੁਰੂਆਂ ਨੇ ਮਨੁੱਖ ਤੇ ਸਮਾਜ, ਦੋਹਾਂ ਵਿਚ ਪੂਰਨ ਆਜ਼ਾਦੀ ਦੀ ਤਬਦੀਲੀ ਲਿਆਉਣ ਦੇ ਨਾਲ ਨਾਲ ਅਨਿਆਂ ਭਰੇ ਸਮਾਜ ਤੇ ਸਿਆਸੀ ਪ੍ਰਬੰਧ ਨੂੰ ਖ਼ਤਮ ਕਰਨ ਦਾ ਵੀ ਹੋਕਾ ਦਿੱਤਾ। ਆਮ ਜਨਤਾ ਦੇ ਹੱਥ ਵਿਚ ਸਿਆਸੀ ਤਾਕਤ ਦੇਣਾ ਸਿੱਖ ਪੰਥ ਦਾ ਅਸਲੀ ਨਿਸ਼ਾਨਾ ਹੈ। ਕਨਿੰਘਮ ਅਨੁਸਾਰ, “ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੇ ਦਿਲ ਵਿਚ ਇਹ ਖਿਆਲ ਪੱਕੇ ਤੌਰ ‘ਤੇ ਘਰ ਕਰ ਗਿਆ ਕਿ ਲਤਾੜੇ ਤੇ ਮੁਰਦੇ ਹੋਏ ਲੋਕਾਂ ਨੂੰ ਨਵੀਂ ਤੇ ਉਤਸ਼ਾਹ ਦੇਣ ਵਾਲੀ ਕੌਮ ਦੀ ਲੋੜ ਹੈ।” ਗਾਰਡਨ ਅਨੁਸਾਰ, “ਆਮ ਹਿੰਦੂ ਜਨਤਾ ਦੀ ਭੈੜੀ ਦਸ਼ਾ, ਧਰਮ ਪਿੱਛੇ ਫਜ਼ੂਲ ਝਗੜੇ, ਔਰੰਗਜ਼ੇਬ ਦੇ ਮਜ਼੍ਹਬੀ ਜ਼ੁਲਮ, ਠੱਗੀ, ਧੋਖੇ, ਵਹਿਮ, ਭਰਮ ਤੇ ਅਨਜਾਣਪੁਣੇ ਨੇ ਗੁਰੂ ਜੀ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਸਮਾਂ ਆ  ਗਿਆ ਹੈ ਕਿ ਕੋਈ ਇਸ ਅਧੋਗਤੀ ਨੂੰ ਰੋਕਣ ਦਾ ਬਾਨਣੂੰ ਬੰਨ੍ਹੇ। ਸ਼ੰਕਿਆਂ ਤੇ ਵਹਿਮਾਂ ਨੂੰ ਤੋੜ ਕੇ ਗੁਰੂ ਜੀ ਨੇ ਐਸੀ ਕੌਮ ਦੀ ਸਿਰਜਣਾ ਕੀਤੀ ਜਿਸ ਨੂੰ ਸ਼ੁਧ ਰੂਪ ਵਿਚ ਖਾਲਸਾ ਕਿਹਾ ਗਿਆ,
ਖਾਲਸਾ ਮੋਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉ ਕਰਉ ਨਿਵਾਸ॥
ਖਾਲਸਾ ਮੇਰੋ ਪਿੰਡ ਪਰਾਨ॥
ਖਾਲਸਾ ਮੇਰੀ ਜਾਨ ਕੀ ਜਾਨ॥
ਅਤੇ
ਖਾਲਸਾ ਸੋਇ ਜੋ ਨਿੰਦਾ ਤਿਆਗੈ॥
ਖਾਲਸਾ ਸੋਇ ਲੜੈ ਹੋਇ ਆਗੈ॥
ਅਤੇ
ਸਿੱਖ ਬਨੈ ਜਬ ਖੋਏ ਭਰਮ॥
ਸਿੱਖ ਬਸਨ ਕੈ ਕਠਨ ਸੁ ਕਰਮ॥
ਅਤੇ
ਖਾਲਸਾ ਸੋਇ ਪੰਚ ਕਉ ਮਾਰੈ॥
ਖਾਲਸਾ ਸੋਇ ਭਰਮ ਕੋ ਸਾੜੈ॥
ਖਾਲਸਾ ਸੋਇ ਮਾਨ ਜੋ ਤਿਆਗੈ॥
ਖਾਲਸਾ ਸੋਇ ਪਰਕ੍ਰਿਆ ਤੇ ਭਾਗੈ॥
ਅਤੇ
ਪਾਂਚ ਕੀ ਕਸੰਗਤ ਤਜਿ ਸੰਗਤਿ ਸੋ ਪ੍ਰੀਤਿ ਕਰੇ।
ਦਾਨਾ ਔਰ ਧਰਮ ਧਾਰ ਤਿਆਗ ਸਭ ਲਾਲਸਾ।
(ਸ੍ਰੀ ਗੁਰ ਸੋਭਾ, ਸਫਾ 24)
ਜਾਤ-ਪਾਤ ਮੰਨਣ ਵਾਲੇ ਕਿਸੇ ਵੀ ਬੰਦੇ ਨੂੰ ਖਾਲਸੇ ਵਿਚ ਥਾਂ ਨਹੀਂ। ਸਾਰੀਆਂ ਜਾਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਸੀ। ਜਿਹੜੇ ਵੇਦਾਂ ਦੀਆਂ ਜਾਤ-ਪਾਤ ਦੀਆਂ ਪਾਈਆਂ ਰੋਕਾਂ ਤੋਂ ਨਹੀਂ ਡਰਦੇ, ਕੇਵਲ ਉਹ ਹੀ ਖਾਲਸੇ ਵਿਚ ਪ੍ਰਵੇਸ਼ ਕਰ ਸਕਦੇ ਸਨ। ਗੁਰੂ ਜੀ ਨੇ ਜੋ ਪੰਜ ਪਿਆਰੇ ਚੁਣੇ, ਉਨ੍ਹਾਂ ਵਿਚ ਇਕ ਜੱਟ, ਇਕ ਛੀਂਬਾ, ਇਕ ਨਾਈ, ਇਕ ਝਿਊਰ ਤੇ ਇਕ ਤਰਖਾਣ ਸੀ। ਅੰਮ੍ਰਿਤ ਛਕਾਉਣ ਵੇਲੇ ਗੁਰੂ ਜੀ ਨੇ ਜੋ ਭਾਸ਼ਨ ਦਿੱਤਾ ਸੀ, ਉਸ ਦੀ ਇਕ ਰਿਪੋਰਟ ਸੂਹੀਆਂ ਦੁਆਰਾ ਬਾਦਸ਼ਾਹ ਨੂੰ ਭੇਜੀ ਗਈ। ਇਸ ਰਿਪੋਰਟ ਉਤੇ 1756 (1699 ਵਿਸਾਖ ਦੀ ਪਹਿਲੀ ਤਾਰੀਖ) ਪਈ ਹੋਈ ਹੈ। ਇਸ ਰਿਪੋਰਟ ਵਿਚ ਗੁਰੂ ਸਾਹਿਬ ਦੀਆਂ ਦਿੱਤੀਆਂ ਹਦਾਇਤਾਂ ਦਾ ਸਾਰ ਅੰਸ਼ ਇਹ ਸੀ: “ਸਾਰੇ ਇਕ ਮੱਤ ਧਾਰਨ ਕਰੋ ਅਤੇ (ਪੁਰਾਣੇ) ਧਰਮਾਂ ਦੇ ਭੇਦਾਂ ਨੂੰ ਖ਼ਤਮ ਕਰੋ। ਹਿੰਦੂਆਂ ਦੀਆਂ ਚਾਰੇ ਜਾਤਾਂ ਆਪਣੇ ਵੱਖਰੇ ਵੱਖਰੇ ਨੇਮ ਛੱਡ ਦੇਣ। ਪੂਜਾ ਦਾ ਇਕੋ ਰੂਪ ਅਖ਼ਤਿਆਰ ਕਰੋ ਤੇ ਇਕ ਦੂਜੇ ਦੇ ਭਰਾ ਬਣੋ। ਕੋਈ ਵੀ ਆਪਣੇ ਆਪ ਨੂੰ ਦੂਜਿਆਂ ਤੋਂ (ਰੁਤਬੇ) ਵਿਚ ਉਚਾ ਨਾ ਸਮਝੇ। ਚਾਰੇ ਜਾਤਾਂ ਦੇ ਇਨਸਾਨ ਮੇਰੇ ਕੋਲੋਂ ਅੰਮ੍ਰਿਤ ਛਕਣ, ਇਕ ਥਾਂ ਭੋਜਨ ਛਕਣ ਅਤੇ ਇਕ ਦੂਜੇ ਵਾਸਤੇ ਘਿਰਣਾ ਜਾਂ ਨਿਰਾਦਰੀ ਦੀ ਭਾਵਨਾ ਨਾ ਰੱਖਣ।” (ਮੈਕਾਲਿਫ ਜਿਲਦ 5, ਸਫਾ 93-94)
ਇਤਿਹਾਸਕ ਪੰਨਿਆਂ ਵਿਚ ਬੰਦਾ ਸਿੰਘ ਬਹਾਦਰ ਦਾ ਜੀਵਨ ਲੰਬੇ ਸਮੇਂ ਤੱਕ ਪ੍ਰਛਾਵਾਂ ਬਣ ਕੇ ਵਿਚਰਦਾ ਰਿਹਾ ਹੈ। ਉਸ ਦੇ ਜੀਵਨ ਦੇ ਮੁੱਢਲੇ ਸਾਲਾਂ ਬਾਰੇ ਕੋਈ ਅਰਥ ਭਰਪੂਰ ਜਾਣਕਾਰੀ ਨਹੀਂ ਮਿਲਦੀ। ਲਿਖਾਰੀਆਂ ਦੀਆਂ ਲਿਖਤਾਂ ਆਪਾ ਵਿਰੋਧੀ ਅਤੇ ਇਕ ਪਾਸੜ ਹਨ ਜਿਨ੍ਹਾਂ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕਿਸੇ ਨੇ ਉਸ ਨੂੰ ਬੈਰਾਗੀ ਸਾਧੂ, ਕਿਸੇ ਨੇ ਜਾਦੂਗਰ, ਕਿਸੇ ਨੇ ਤਾਂਤਰਿਕ ਅਤੇ ਕਿਸੇ ਨੇ ਉਸ ਨੂੰ ਬੰਦਈ ਖਾਲਸੇ ਦਾ ਮੋਢੀ ਕਿਹਾ ਹੈ। ਉਸ ਦੇ ਪੁਰਖਿਆਂ ਬਾਰੇ ਵੀ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ। ਕੋਈ ਉਸ ਨੂੰ ਜਨਮ ਤੋਂ ਬ੍ਰਾਹਮਣ, ਕੋਈ ਰਾਜਪੂਤ ਤੇ ਕੋਈ ਖੱਤਰੀ ਵੰਸ਼ ਵਿਚੋਂ ਮੰਨਦਾ ਹੈ। ਉਸ ਦੇ ਪਰਿਵਾਰਕ ਪਿਛੋਕੜ ਦੀ ਜਾਣਕਾਰੀ ਤਰਕ ਸੰਗਤ ਹੋਣੀ ਚਾਹੀਦੀ ਹੈ। ਉਸ ਦਾ ਆਪਣਾ ਸੁਭਾਅ, ਚਰਿੱਤਰ ਅਤੇ ਵਰਤੋਂ ਵਿਹਾਰ ਅਤੇ ਜੀਵਨ ਦੀਆਂ ਸਾਰੀਆਂ ਕਾਰਵਾਈਆਂ ਹੀ ਫੈਸਲਾ ਕਰਦੀਆਂ ਹਨ ਕਿ ਉਹ ਕੌਣ ਸੀ।
(ਚਲਦਾ)

Be the first to comment

Leave a Reply

Your email address will not be published.