ਫੁੱਟਬਾਲ ਦੀ ਨਰਸਰੀ ਮਾਹਿਲਪੁਰ ਦੇ ਹਿੱਸੇ ਦਾ ਮੈਰਾਡੋਨਾ

ਜਸਕਰਨ ਸਿੰਘ (ਡਾ.)
ਫੋਨ: 91-98154-80892
ਸਿਰਲੇਖ ਪੜ੍ਹ ਕੇ ਇੰਜ ਲੱਗੇਗਾ, ਜਿਵੇਂ ਪਿਛਲੇ ਸਾਲ ਇਸ ਫਾਨੀ ਸੰਸਾਰ ਨੂੰ ਸਦੀਵੀ ਯਾਦਾਂ ਦੇ ਕੇ ਰੁਖਸਤ ਹੋਣ ਵਾਲੇ ਮਹਾਨ ਫੁੱਟਬਾਲਰ ਡੀਏਗੋ ਮੈਰਾਡੋਨਾ ਦਾ ਦੁਆਬੇ ਦੇ ਨਿੱਕੇ ਜਿਹੇ ਕਸਬੇ ਮਾਹਿਲਪੁਰ ਨਾਲ ਕੋਈ ਨਿੱਜੀ ਰਾਬਤਾ ਰਿਹਾ ਹੋਵੇ। ਇੰਜ ਬਿਲਕੁਲ ਵੀ ਨਹੀਂ ਹੈ, ਸਗੋਂ ਉਸ ਨੇ ਤਾਂ ਸ਼ਾਇਦ ਇਸ ਕਸਬੇ ਦਾ ਨਾਮ ਵੀ ਨਹੀਂ ਸੁਣਿਆ ਹੋਵੇਗਾ; ਪਰ ਮਾਹਿਲਪੁਰ ਤੇ ਇਸ ਦੇ ਆਲੇ-ਦੁਆਲੇ ਵੱਸਦੇ ਪਿੰਡਾਂ ਵਿਚਲੇ ਜਿਹੜੇ ਕਦੀ ਫੁੱਟਬਾਲ ਗਰਾਊਂਡ ਦੇ ਵਿਚਦੀ ਵੀ ਲੰਘੇ ਹੋਣਗੇ, ਇਸ ਚਮਤਕਾਰੀ ਖਿਡਾਰੀ ਨੂੰ ਜਾਣਦੇ ਹੋ ਸਕਦੇ ਹਨ। ਸ਼ਾਇਦ ਬਹੁਤਿਆਂ ਨੇ ਕਦੇ ਉਸ ਨੂੰ ਖੇਡਦੇ ਕਦੇ ਟੀ. ਵੀ. `ਚ ਵੀ ਨਾ ਦੇਖਿਆ ਹੋਵੇ ਤੇ ਕਈ ਉਸ ਦੇ ਦੇਸ਼ ਬਾਰੇ ਵੀ ਅਣਜਾਣ ਹੋਣ।

ਭਾਵੇਂ ਹੁਣ ਤਾਂ ਲਗਭਗ ਬਹੁਤ ਸਾਰੇ ਖਿਡਾਰੀਆਂ ਬਾਰੇ ਜਾਣਕਾਰੀ ਕੇਬਲ ਟੀ. ਵੀ. `ਤੇ ਇੰਟਰਨੈਟ ਦੇ ਮਾਧਿਅਮ ਰਹੀ ਫੁੱਟਬਾਲ ਦੇ ਸ਼ੌਕੀਨਾਂ ਨੂੰ ਹੁੰਦੀ ਹੈ, ਪਰ ਜੇ 20-25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਇਲਾਕੇ ਵਿਚ ਖੇਡਦੇ ਸਮੇਂ ਜੇ ਕਿਸੇ ਫੁੱਟਬਾਲਰ ਨੇ ਬਹੁਤੀ ਹਵਾ ਕਰਨ ਲੱਗ ਜਾਣਾ ਤਾਂ ਅਕਸਰ ਮੈਰਾਡੋਨਾ ਦਾ ਵਾਸਤਾ ਦਿੱਤਾ ਜਾਂਦਾ ਸੀ ਕਿ ‘ਹੁਣ ਬਹੁਤਾ ਮੈਰਾਡੋਨਾ ਨਾ ਬਣ’ ਜਾਂ ਫਿਰ ‘ਤੂੰ ਵੱਡਾ ਮੈਰਾਡੋਨਾ ਆ’ ਵਗੈਰਾ ਵਗੈਰਾ। ਹੈਰਾਨੀ ਇਸ ਗੱਲ ਦੀ ਸੀ ਕਿ ਕਈ ਵਾਰੀ ਨਾ ਕਹਿਣ ਵਾਲੇ ਨੂੰ ਪਤਾ ਹੁੰਦਾ ਸੀ ਕਿ ਮੈਰਾਡੋਨਾ ਕੀ ਸ਼ੈਅ ਹੈ ਤੇ ਨਾ ਸੁਣਨ ਵਾਲੇ ਨੂੰ, ਪਰ ਚੰਭਲਿਆ ਖਿਡਾਰੀ ਵੀ ਸੁਰਤ `ਚ ਆ ਜਾਂਦਾ ਸੀ। ਸ਼ਾਇਦ ਹੁਣ ਵੀ ਇੱਥੇ ਐਦਾਂ ਹੀ ਹੋਵੇ। ਮੈਰਾਡੋਨਾ ਖੇਡਦੇ ਸਮੇਂ 10 ਨੰਬਰ ਦੀ ਜਰਸੀ ਪਾਉਂਦਾ ਸੀ, ਇਹ ਵੀ ਗਰਾਊਂਡ ਜਾਣ ਵਾਲੇ ਲਗਭਗ ਹਰ ਫੁੱਟਬਾਲਰ ਨੂੰ ਪਤਾ ਹੁੰਦਾ ਹੈ। ਇਹ ਸਾਰਾ ਕੁਝ ਇਸ ਇਲਾਕੇ ਵਿਚਲੇ ਲੋਕਾਂ ਦਾ ਇਸ ਖੇਡ ਪ੍ਰਤੀ ਮੋਹ ਤੇ ਇਸ ਖੇਡ ਦੇ ਧੁਨੰਤਰਾਂ ਦਾ ਸਤਿਕਾਰ ਹੈ।
ਖੇਡ ਮਾਹਰਾਂ ਦੁਆਰਾ ਮੈਰਾਡੋਨਾ ਨੂੰ ਪਿਛਲੀ ਸਦੀ ਦੇ ਬਿਹਤਰੀਨ ਫੁਟਬਾਲਰਾਂ ਵਿਚ ਵੀ ਸ਼੍ਰੋਮਣੀ ਮੰਨਿਆ ਜਾਂਦਾ ਹੈ। ਇੱਕ ਸਮੇਂ ਉਸ ਦੀ ਪ੍ਰਸਿੱਧੀ ਉਸ ਦੇ ਗੁਆਂਢੀ ਮੁਲਕ ਫੁੱਟਬਾਲ ਦੇ ਮੱਕਾ ਕਹੇ ਜਾਣ ਵਾਲੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਨੂੰ ਵੀ ਪਾਰ ਕਰ ਗਈ ਸੀ। ਉਸ ਦੁਆਰਾ 1986 ਦੇ ਵਿਸ਼ਵ ਕੱਪ ਵਿਚ ਸੈਮੀਫਾਈਨਲ ਮੈਚ ਦੌਰਾਨ ਇੰਗਲੈਂਡ ਖਿਲਾਫ ਕੀਤਾ ਗਿਆ ‘ਹੈਂਡ ਆਫ ਗੌਂਡ’ ਗੋਲ ਅੱਜ ਵੀ ਬੁਝਾਰਤ ਬਣਿਆ ਹੋਇਆ ਹੈ ਤੇ ਉਹ ਵਿਸ਼ਵ ਕੱਪ ਉਸ ਨੇ ਅਰਜਨਟਾਈਨਾ ਨੂੰ ਆਪਣੇ ਦਮ `ਤੇ ਜਿੱਤਾ ਦਿੱਤਾ ਸੀ। ਕਈ ਵਾਰ ਤਾਂ ਵਿਰੋਧੀ ਟੀਮ ਦੇ ਸਾਰੇ ਖਿਡਾਰੀ ਰਲ ਕੇ ਵੀ ਇਕੱਲੇ ਮੈਰਾਡੋਨਾ ਨੂੰ ਗੋਲ ਕਰਨ ਤੋਂ ਨਾ ਰੋਕ ਪਾਉਂਦੇ ਤੇ ਉਹ ਸਾਰਿਆਂ ਨੂੰ ਇਕੱਲਾ ਹੀ ਡੌਜ ਦਿੰਦਾ ਹੋਇਆ ਬਾਲ ਨੂੰ ਗੋਲ ਲਾਈਨ ਤੋਂ ਪਾਰ ਕਰ ਆਉਂਦਾ। ਵਿਰੋਧੀ ਖਿਡਾਰੀਆਂ ਦੇ ਸਿਰ ਚਕਰਾਂ ਜਾਂਦੇ ਤੇ ਦੇਖਣ ਵਾਲਿਆਂ ਦੇ ਦੰਦਾਂ ਹੇਠਾਂ ਉਂਗਲੀਆਂ ਆ ਜਾਂਦੀਆਂ।
ਮੁੱਕਦੀ ਗੱਲ, ਉਹ ਆਪਣੇ ਜ਼ਮਾਨੇ `ਚ ਖੇਡ ਦੁਨੀਆਂ ਦਾ ਜਾਦੂਗਰ ਹੋ ਨਿਬੜਿਆ। ਖੇਡ ਜੀਵਨ ਦੇ ਅੰਤਲੇ ਪੜਾਅ ਦੌਰਾਨ ਉਸ `ਤੇ ਨਸ਼ਾ ਕਰਕੇ ਖੇਡਣ ਦੇ ਗੰਭੀਰ ਦੋਸ਼ ਵੀ ਲੱਗੇ ਤੇ ਉਸ ਦੇ ਸੁਨਹਿਰੀ ਖੇਡ ਜੀਵਨ-ਕਾਲ ਦਾ ਦੁਖਦਾਈ ਅੰਤ ਹੋਇਆ; ਪਰ ਫਿਰ ਵੀ ਉਸ ਦੇ ਚਾਹੁਣ ਵਾਲਿਆਂ ਨੇ ਉਸ ਦੀ ਨਸ਼ਾ ਸੇਵਨ ਦੀ ਗਲਤੀ ਅੱਗੇ ਵੀ ਉਸ ਦੀ ਮਕਬੂਲੀਅਤ ਨੂੰ ਫਿੱਕਾ ਨਹੀਂ ਪੈਣ ਦਿੱਤਾ। ਉਸ ਦੀ ਖੇਡ ਦੇ ਚਰਚੇ ਵਿਸ਼ਵ ਭਰ `ਚ ਉਸ ਦੇ ਸਨਿਆਸ ਲੈਣ ਤੋਂ ਬਾਅਦ ਵੀ ਜਾਰੀ ਰਹੇ ਤੇ ਸ਼ਾਇਦ ਉਸ ਦੇ ਇਸ ਫਾਨੀ ਸੰਸਾਰ ਨੂੰ ਛੱਡ ਜਾਣ ਤੋਂ ਬਾਅਦ ਵੀ ਜਾਰੀ ਰਹਿਣਗੇ।
ਮੈਰਾਡੋਨਾ ਆਪਣੀ ਸਮਾਜਵਾਦੀ ਖੱਬੇ ਪੱਖੀ ਰਾਜਨੀਤਕ ਵਿਚਾਰਧਾਰਾ ਕਰਕੇ ਵੀ ਜਾਣਿਆ ਜਾਂਦਾ ਰਿਹਾ ਹੈ। ਉਸ ਦੇ ਦੇਸ਼ ਦਾ ਮਹਾਨ ਇਨਕਲਾਬੀ ਐਰਨੈਸਟੋ ਚੀ ਗਵੇਰਾ ਉਸ ਦਾ ਰੋਲ ਮਾਡਲ ਸੀ। ਇਸ ਕਰਕੇ ਉਹ ਅੱਜ ਦੇ ਬਹੁਤੇ ਖਿਡਾਰੀਆਂ ਵਾਂਗ ਖੇਡ ਤੱਕ ਹੀ ਮਹਿਦੂਦ ਨਹੀਂ ਰਹਿੰਦਾ ਸੀ ਅਤੇ ਨਾ ਹੀ ਸੱਤਾਧਾਰੀਆਂ ਦੀ ਤਰਫਦਾਰੀ ਕਰਦਾ ਸੀ। ਸਗੋਂ ਸਮੇਂ-ਸਮੇਂ `ਤੇ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਦਾ। ਭਾਰਤ ਵਿਚ ਫੁੱਟਬਾਲ ਦਾ ਗੜ੍ਹ ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਮੰਨਿਆ ਜਾਂਦਾ ਹੈ। ਬੰਗਾਲੀ ਇਸ ਖੇਡ ਨੂੰ ਬੇਤਹਾਅ ਪਿਆਰ ਕਰਦੇ ਹਨ, ਜਿਸ ਦਾ ਮੈਰਾਡੋਨਾ ਨੂੰ ਵੀ ਪਤਾ ਸੀ। ਉਹ ਆਪਣੇ ਜੀਵਨ ਕਾਲ ਦੌਰਾਨ ਦੋ ਵਾਰ ਬੰਗਾਲ ਦੇ ਦੌਰੇ `ਤੇ ਗਿਆ ਤੇ ਲੋਕਾਂ ਨੇ ਆਪਣੇ ਮਹਿਬੂਬ ਖਿਡਾਰੀ ਨੂੰ ਬੇਹੱਦ ਮਾਣ-ਸਤਿਕਾਰ ਦਿੱਤਾ। ਇਕ ਵਾਰ ਤਾਂ ਉੱਥੋਂ ਦੀ ਕਮਿਊਨਿਸਟ ਸਰਕਾਰ ਨੇ ਉਸ ਨੂੰ ਸ਼ਾਹੀ ਮਹਿਮਾਨ ਵਾਂਗ ਨਿਵਾਜਿਆ ਸੀ।
ਫੁੱਟਬਾਲ ਦੁਨੀਆਂ ਦੀ ਸਭ ਤੋਂ ਹਰਮਨ ਪਿਆਰੀ ਖੇਡ ਹੈ, ਜੋ ਸੰਸਾਰ ਦੇ ਕੋਨੇ ਕੋਨੇ `ਚ ਖੇਡੀ ਜਾਂਦੀ ਹੈ, ਪਰ ਲਾਤੀਨੀ ਅਮਰੀਕੀ ਦੇਸ਼ਾਂ, ਜਿਨ੍ਹਾਂ ਵਿਚ ਬ੍ਰਾਜ਼ੀਲ, ਅਰਜਨਟਾਈਨਾ, ਪੇਰਾਗੁਏ, ਉਰੂਗੁਏ ਅਤੇ ਮੈਕਸੀਕੋ ਆਦਿ ਨੇ ਇਸ ਖੇਡ `ਚ ਆਪਣਾ ਦਬਦਬਾ ਰੱਖਿਆ ਹੈ। ਯੂਰਪੀਅਨ ਦੇਸ਼ਾਂ ਨੂੰ ਇਸ ਖੇਡ ਨਾਲ ਇਸ਼ਕ ਹੈ। ਅੱਤ ਦਰਜੇ ਦੀ ਗਰੀਬੀ ਹੰਢਾ ਰਹੇ ਕਈ ਅਫਰੀਕੀ ਦੇਸ਼ ਵੀ ਇਸ ਖੇਡ `ਚ ਆਪਣਾ ਲੋਹਾ ਮਨਵਾਉਂਦੇ ਹਨ। ਖੈਰ! ਭਾਰਤ ਵਿਚ ਵੀ ਇਹ ਖੇਡ ਬਹੁਤ ਹਰਮਨ ਪਿਆਰੀ ਹੈ, ਭਾਵੇਂ ਸੰਸਾਰ ਪੱਧਰ `ਤੇ ਹੁਣ ਅਸੀਂ ਫਾਡੀ ਹੋਈਏ।
ਹੁਣ ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ ਦੇ ਜਿਲਾ ਹੁਸਿ਼ਆਰਪੁਰ ਵਿਚਲੇ ਕਸਬੇ ਮਾਹਿਲਪੁਰ ਨੇ ਦੇਸ਼ ਵਿਚ ਫੁੱਟਬਾਲ ਦੇ ਸੁਨਹਿਰੀ ਯੁੱਗ ਵਿਚ ਬਹੁਤ ਯੋਗਦਾਨ ਪਾਇਆ ਹੈ, ਜਦੋਂ ਸਾਡੇ ਦੇਸ਼ ਦੀ ਟੀਮ ਓਲੰਪਿਕਸ ਵਿਚ ਖੇਡਦੀ ਸੀ ਅਤੇ ਏਸ਼ੀਅਨ ਚੈਂਪੀਅਨਸਿ਼ਪ ਜਿੱਤਦੀ ਸੀ। ਇਹ ਗੱਲ 50ਵਿਆਂ ਤੇ 60ਵਿਆਂ ਦੀ ਹੋਵੇਗੀ। ਉਸ ਤੋਂ ਬਾਅਦ ਸੰਸਾਰ ਪੱਧਰ ਤੇ ਦੇਸ਼ ਵਿਚ ਇਸ ਖੇਡ ਦਾ ਮੁਕਾਮ ਕਾਇਮ ਨਹੀਂ ਰਹਿ ਸਕਿਆ। ਹੁਣ ਤਾਂ ਬਹੁਤੀ ਵਾਰ ਏਸ਼ੀਅਨ ਚੈਂਪੀਅਨਸਿ਼ਪ ਲਈ ਸਾਡੀ ਟੀਮ ਕੁਆਲੀਫਾਈ ਵੀ ਨਹੀਂ ਕਰਦੀ, ਜਿੱਤਣਾ ਤਾਂ ਦੂਰ ਦੀ ਗੱਲ!
ਦੇਸ਼ ਵਿਚ ਤੇ ਪੰਜਾਬ ਵਿਚ ਫੁੱਟਬਾਲ ਦਾ ਪੱਧਰ ਜਿਹੋ ਜਿਹਾ ਵੀ ਰਿਹਾ ਹੋਵੇ ਪਰ ਮਾਹਿਲਪੁਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਮੈਰਾਡੋਨਾ ਬਣਨ ਦੀ ਜਿ਼ੱਦ ਜਾਰੀ ਰਹੀ। ਇਸ ਖੇਡ ਨੇ ਕੁਝ ਖਿਡਾਰੀਆਂ ਦੀ ਜਿ਼ੰਦਗੀ ਸੰਵਾਰ ਵੀ ਦਿੱਤੀ। ਪੁਲਿਸ, ਫੌਜ, ਬਿਜਲੀ ਬੋਰਡ ਤੇ ਰੇਲਵੇ ਆਦਿ ਨੇ ਲੋਕਲ ਮੈਰਾਡੋਨਿਆਂ ਨੂੰ ਸਰਕਾਰੀ ਨੌਕਰੀਆਂ ਨਾਲ ਨਿਵਾਜਿਆ ਅਤੇ ਕਈਆਂ ਨੂੰ ਨਾਮੀ ਕਲੱਬਾਂ ਨੇ ਦੌਲਤ ਤੇ ਸ਼ਹੁਰਤ ਵੀ ਖੂਬ ਬਖਸ਼ੀ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਫੁੱਟਬਾਲ ਵਿੰਗ ਤੇ ਆਲੇ-ਦੁਆਲੇ ਦੇ ਸਕੂਲ-ਕਾਲਜ ਤੇ ਛੋਟੇ-ਵੱਡੇ ਕਲੱਬ ਇਸ ਖੇਡ ਦੀ ਪ੍ਰਫੁਲਤਾ `ਚ ਅਹਿਮ ਯੋਗਦਾਨ ਪਾਉਂਦੇ ਆ ਰਹੇ ਹਨ। ਪਿੰਡ ਪੱਧਰ ਦੇ ਟੂਰਨਾਮੈਂਟਾਂ `ਚ ਵੀ ਕੌਮਾਂਤਰੀ ਪੱਧਰ ਦੇ ਸਿਰਮੌਰ ਖਿਡਾਰੀ ਹਿੱਸਾ ਲੈਂਦੇ ਦੇਖੇ ਜਾ ਸਕਦੇ ਹਨ। ਦਰਸ਼ਕ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਆਪਣੇ ਪਸੰਦੀਦਾ ਖਿਡਾਰੀਆਂ ਦੀ ਖੇਡ ਦਾ ਅਨੰਦ ਮਾਣਦੇ ਹਨ। ਇਸ ਖਿੱਤੇ ਤੋਂ ਉਠਦੀਆਂ ਫੁੱਟਬਾਲ ਦੀਆਂ ਤਰੰਗਾਂ ਆਲੇ-ਦੁਆਲੇ ਦੇ ਮੀਲਾਂ ਦੂਰ ਸਾਰੇ ਪਿੰਡਾਂ, ਕਸਬਿਆਂ, ਸ਼ਹਿਰਾਂ ਜਿਵੇਂ ਹੁਸਿ਼ਆਰਪੁਰ, ਫਗਵਾੜਾ, ਬੰਗਾ ਅਤੇ ਗੜ੍ਹਸ਼ੰਕਰ ਆਦਿ ਤੱਕ ਫੈਲੀਆਂ ਹੋਈਆ ਹਨ। ਇਥੋਂ ਤੱਕ ਕਿ ਲੜਕੀਆਂ ਵੀ ਸਕੂਲ ਤੇ ਕਾਲਜ ਪੱਧਰ `ਤੇ ਇਸ ਖੇਡ `ਚ ਹਿੱਸਾ ਲੈਂਦੀਆਂ ਹਨ।
ਅਫਸੋਸ! ਇਸ ਇਲਾਕੇ ਦੇ ਬਹੁਤੇ ‘ਮੈਰਾਡੋਨੇ’ ਦੇਸ਼ ਵਿਚ ਇਸ ਖੇਡ ਦੀ ਬੇਕਦਰੀ ਦੀ ਭੇਟ ਚੜ੍ਹ ਗਏ। ਹਰ ਕੋਈ ਪਨਾਮੀਆ ਜੈਲਾ (ਇਲਾਕੇ ਦਾ ਨਾਮਵਾਰ ਫੁੱਟਬਾਲਰ ਅਰਜਨ ਅਵਾਰਡੀ ਜਰਨੈਲ ਸਿੰਘ ਪਨਾਮ) ਨਾ ਬਣ ਸਕਿਆ। ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਪਹਿਲਾਂ ਉਨ੍ਹਾਂ ਨੂੰ ਗਰਾਊਂਡ ਛਡਾ ਦਿੰਦੀਆਂ ਹਨ ਤੇ ਫਿਰ ਕਈ ਵਾਰ ਦੇਸ਼ ਵੀ; ਪਰ ਲੋਕਲ ਪੱਧਰ `ਤੇ ਇਸ ਖੇਡ ਦੀ ਮਕਬੂਲੀਅਤ ਇਸ ਇਲਾਕੇ ਵਿਚ ਪੀੜ੍ਹੀ-ਦਰ-ਪੀੜੀ ਕਾਇਮ ਹੈ ਤੇ ਵਿਦੇਸ਼ਾਂ `ਚ ਬੈਠੇ ਇਸ ਖੇਡ ਨੂੰ ਚਾਹੁਣ ਵਾਲੇ ਨਵੇਂ ਉਭਰ ਰਹੇ ਖਿਡਾਰੀਆਂ ਨੂੰ ਟੂਰਨਾਮੈਂਟਾਂ ਦਾ ਆਯੋਜਨ ਕਰਕੇ ਤੇ ਮਾਇਕ ਮਦਦ ਰਾਹੀਂ ਪ੍ਰਫੁਲਤ ਕਰਦੇ ਰਹਿੰਦੇ ਹਨ। ਇਸ ਨਿਰਾਸ਼ਾ ਤੇ ਵਿਦੇਸ਼ ਜਾਣ ਦੀ ਆਪੋਧਾਪੀ ਦੇ ਦੌਰ `ਚ ਵੀ ਇੱਥੋ ਦੇ ਮੁੱਛ-ਫੁੱਟਾਂ ਨੂੰ ਸ਼ਾਇਦ ਹੁਣ ਵੀ ਮੈਰਾਡੋਨਾ ਤੇ ਪਨਾਮੀਆ ਜੈਲਾ ਬਣਨ ਦੇ ਸੁਪਨੇ ਅਜੇ ਵੀ ਜ਼ਰੂਰ ਆਉਂਦੇ ਹੋਣਗੇ।