ਗਲਤੀ ਦੁਹਰਾ ਹੋ ਰਹੀ ਹੈ

ਉਹ ਪੁਰਾਣੀ ਪੀੜ ਹਾਲੇ ਤੱਕ ਕਾਲਜੇ ਵਿਚ ਰੜਕ ਰਹੀ ਹੈ। ਠੀਕ ਹੈ ਕਿ ਦਰਬਾਰ ਸਾਹਿਬ `ਤੇ ਟੈਂਕਾਂ, ਤੋਪਾਂ ਨਾਲ ਕੀਤਾ ਗਿਆ ਹਮਲਾ ਪੰਜਾਬ ਦੀ ਜਵਾਨੀਂ ਤੋਂ ਸਹਾਰਿਆ ਨਾ ਗਿਆ ਤੇ ਅਤਿਵਾਦੀ ਕਹਾਉਣਾ ਵੀ ਪੰਜਾਬ ਦੀ ਜਵਾਨੀ ਨੇ ਮਨਜ਼ੂਰ ਕਰ ਲਿਆ। ਬਹੁਤ ਮੰਦਭਾਗਾ ਸਮਾਂ ਸੀ। ਖਾੜਕੂ ਸਿੰਘਾਂ ਨੇ ਕੁਰਬਾਨੀਆਂ ਦਿਤੀਆਂ।

ਇਸ ਧਰਮ-ਯੁੱਧ ਵਿਚ ਸਭ ਤੋਂ ਗਲਤੀਆਂ ਹੋ ਜਾਣੀਆਂ ਤਾਂ ਸੁਭਾਵਕ ਸੀ, ਪਰ ਸਭ ਤੋਂ ਵੱਡੀ ਗਲਤੀ ਪੰਜਾਬ ਦੀ ਸਿਆਸਤ ਨੇ ਕੀਤੀ ਕਿ ਉਹ ਆਪਣੀ ਜਵਾਨ ਪੀੜ੍ਹੀ ਦੀ ਕਦਰ ਨਾ ਕਰ ਸਕੀ। ਨਤੀਜੇ ਵਜੋਂ ਅਣਗਿਣਤ ਜਵਾਨ ਪੰਜਾਬੀ ਸ਼ਹੀਦ ਕਰ ਦਿਤੇ ਭਾਰਤ ਸਰਕਾਰ ਨੇ। ਬਹੁਤ ਸਾਰੀ ਪੰਜਾਬੀ ਜਵਾਨੀ ਜੇਲ੍ਹਾਂ ਵਿਚ ਸੜ ਮਰੀ। ਹਾਲੇ ਵੀ ਕੁਝ ਜਵਾਨ, ਜੋ ਹੁਣ ਬਿਰਧ ਹੋ ਚੁਕੇ ਹਨ, ਜੇਲ੍ਹਾਂ ਵਿਚ ਹੀ ਹਨ।
ਕਿਸਾਨ ਅੰਦੋਲਨ ਜੇ ਕਾਮਯਾਬ ਦਿਸਦਾ ਸੀ ਤਾਂ ਇਸ ਦਾ ਕਾਰਨ ਇਹ ਸੀ ਕਿ ਭਾਰਤ ਸਰਕਾਰ ਨੂੰ ਪੰਜਾਬ ਦੀ ਜਵਾਨੀ ਦਾ ਡਰ ਸੀ। ਭਾਵੇਂ ਕੁਝ ਵੀ ਕਹਿੰਦੇ ਰਹੇ ਕਿਸਾਨ ਲੀਡਰ, ਪਰ ਕਿਸੇ ਵੀ ਜਵਾਨ ਪੰਜਾਬੀ ਨੇ ਉੱਚੀ ਆਵਾਜ਼ ਨਹੀਂ ਸੀ ਕੱਢੀ। ਸ਼ਹੀਦ ਭਗਤ ਸਿੰਘ ਦਾ ਗਾਂਧੀ ਦੀ ‘ਸ਼ਾਂਤੀ’ ‘ਸ਼ਾਂਤੀ’ ਨਾਲ ਜਿੰਨਾ ਮਰਜ਼ੀ ਵਿਰੋਧ ਸੀ, ਪਰ ਜਦ ਵੀ ਭਗਤ ਸਿੰਘ ਗਾਂਧੀ ਨੂੰ ਮਿਲਿਆ ਬਾਪੂ ਜੀ ਕਹਿ ਕੇ ਸਤਿਕਾਰ ਨਾਲ ਮਿਲਿਆ। ਸੀਨੀਅਰ ਕਿਸਾਨ ਲੀਡਰਾਂ ਨੇ ਵਾਰ ਵਾਰ ਨਾਂ ਲੈ ਲੈ ਕੇ ਪੰਜਾਬੀ ਜਵਾਨੀ ਦੀ ਤੌਹੀਨ ਕੀਤੀ ਹੈ। ਸਰਕਾਰ ਨੂੰ ਪਤਾ ਲੱਗ ਗਿਆ ਹੈ ਕਿ ਜਵਾਨ ਖੂਨ ਦੀ ਇੱਜ਼ਤ ਨਹੀਂ ਹੈ, ਇਸ ਕਰਕੇ ਅੱਜ ਤੱਕ 26 ਜਨਵਰੀ ਤੋਂ ਲੈ ਕੇ 500 ਦੇ ਕਰੀਬ ਪੰਜਾਬੀ ਜੇਲ੍ਹਾਂ ਵਿਚ ਸੁੱਟ ਦਿਤੇ ਹਨ। ਸਰਕਾਰ ਜਾਣਦੀ ਹੈ ਕਿ ਖਾੜਕੂ ਤਾਕਤਵਰ ਮੁੰਡੇ ਤਾਂ ਲੁਕੇ ਫਿਰਦੇ ਹਨ, ਇਸ ਵਾਸਤੇ ਸਰਕਾਰ ਨੇ ਡਾਂਗ ਚੁੱਕੀ ਹੈ।
ਬਲਵੀਰ ਸਿੰਘ ਰਾਜੇਵਾਲ ਇਕ ਬਹੁਤ ਵਧੀਆ ਇਨਸਾਨ ਹੋਣ ਦੇ ਬਾਵਜੂਦ ਇਹ ਗਲਤੀ ਕਰ ਰਹੇ ਹਨ ਕਿ ਨਿਹੰਗ ਸਿੰਘ ਵਾਪਿਸ ਚਲੇ ਜਾਣ। ਗਰਮ ਤਬੀਅਤ ਮੁੰਡੇ ਅੰਦੋਲਨ ਵਿਚੋਂ ਚਲੇ ਜਾਣ। ਜੋ ਮੁੰਡੇ ਰਾਜੇਵਾਲ ਸਾਹਿਬ ਨੂੰ ਗੰਦ ਲਗਦੇ ਹਨ, ਉਨ੍ਹਾਂ ਦੀ ਮੌਜੂਦਗੀ ਕਰਕੇ ਹੀ ਸਰਕਾਰ ਡਰਦੀ ਸੀ। ਉਹ ਭਾਵੇਂ ਕੁਝ ਵੀ ਗਲਤ ਨਹੀਂ ਸੀ ਕਰਦੇ, ਪਰ ਉਨ੍ਹਾਂ ਜਵਾਨਾਂ ਦਾ ਸਰਕਾਰ ਨੂੰ ਡਾਂਗ ਵਰਗਾ ਡਰ ਸੀ, ਜੋ ਹੁਣ ਚੁੱਕਿਆ ਗਿਆ ਹੈ। ਕਿਸਾਨੀ ਅੰਦੋਲਨ ਯੂ. ਪੀ. ਵਿਚ ਤਾਂ ਚੱਲੇਗਾ, ਪਰ ਪੰਜਾਬ ਦੇ ਕਿਸਾਨ ਲੀਡਰਾਂ ਨੇ ਇਹ ਫੇਲ੍ਹ ਕਰ ਲਿਆ ਹੈ। ਜੇ ਸਰਕਾਰ ਨੂੰ ਡਰ ਸੀ ਤੇ ਸਾਡੇ ਜਵਾਨ ਮੁੰਡਿਆਂ ਦੇ ਕੋਲੋਂ ਸੀ। ਹਾਲੇ ਵੀ ਗਲ ਨਾਲ ਲਾ ਲਓ ਆਪਣੇ ਬੱਚਿਆਂ ਨੂੰ, ਉਹ ਤੁਹਾਡੇ ਦੋਖੀ ਨਹੀਂ ਹਨ। ਤੱਤੇ ਤੋਂ ਤੱਤੇ ਆਪਣੇ ਜਵਾਨ ਮੁੰਡੇ ਦੇ ਜਿਹਦੇ ਮਰਜ਼ੀ ਰਾਜੇਵਾਲ ਸਾਹਿਬ ਚਪੇੜ ਵੀ ਮਾਰ ਦੇਣ ਤਾਂ ਵੀ ਉਹ ਸਿਰਫ ਇਹ ਹੀ ਕਹੇਗਾ ਕਿ ਬਾਪੂ ਮੇਰਾ ਕਸੂਰ ਤਾਂ ਦੱਸ। ਤੁਹਾਡੇ ਬੱਚੇ ਜੇ ਤੁਸੀਂ ਕਮਜ਼ੋਰ ਕਰ ਰਹੇ ਹੋ ਤਾਂ ਦੱਸੋ ਤੁਹਾਨੂੰ ਸਿਆਣਿਆਂ ਬਿਆਣਿਆਂ ਨੂੰ ਕੌਣ ਸਮਝਾਵੇ?
ਬੜੇ ਦੁਖੀ ਦਿਲ ਨਾਲ ਤੁਹਾਡਾ ਆਪਣਾ,
-ਸੁਰਿੰਦਰ ਸਿੰਘ ਸੁੱਨੜ
ਫੋਨ: 530-921-0097