ਹਰਫਨਮੌਲਾ ਸੰਗੀਤਕਾਰ ਰਫੀਕ ਗਜ਼ਨਵੀ

ਮਨਦੀਪ ਸਿੰਘ ਸਿੱਧੂ
ਭਾਰਤੀ ਫਿਲਮਾਂ ਦੇ ਮਹਾਨ ਸੰਗੀਤਕਾਰਾਂ ਵਿਚ ਇਕ ਨਾਮ ਹਮੇਸ਼ਾਂ ਅਮਰ ਰਹੇਗਾ- ਰਫੀਕ ਗਜ਼ਨਵੀ। ਉਹੀ ਫਿਲਮ ਤਾਰੀਖ ਦੇ ਬਿਹਤਰੀਨ ਅਦਾਕਾਰ, ਗੁਲੂਕਾਰ, ਗੀਤਕਾਰ ਅਤੇ ਹਿਦਾਇਤਕਾਰ ਵੀ ਸਨ।
ਰਫੀਕ ਗਜ਼ਨਵੀ ਉਰਫ ਮੁਹੰਮਦ ਰਫੀਕ ਗਜ਼ਨਵੀ ਦੀ ਪੈਦਾਇਸ਼ ਮਾਰਚ 1907 ਵਿਚ ਰਾਵਲਪਿੰਡੀ ਦੇ ਮੁਸਲਿਮ ਪਰਿਵਾਰ ਵਿਚ ਹੋਈ। ਉਂਜ ਇਨ੍ਹਾਂ ਦਾ ਤਾਅਲੁਕ ਅਫਗਾਨਿਸਤਾਨ ਦੇ ਸ਼ਹਿਰ ਗਜ਼ਨੀ ਨਾਲ ਸੀ ਜਿੱਥੋਂ ਉਹ ਹਿਜ਼ਰਤ ਕਰ ਕੇ ਪੇਸ਼ਾਵਰ ਆਬਾਦ ਹੋਏ ਸਨ। ਇਸ ਤੋਂ ਬਾਅਦ ਇਨ੍ਹਾਂ ਦੇ ਪੁਰਖੇ ਕਾਰੋਬਾਰ ਦੇ ਸਿਲਸਿਲੇ ‘ਚ ਪੱਕੇ ਤੌਰ ‘ਤੇ ਰਾਵਲਪਿੰਡੀ ਵਸ ਗਏ।

ਰਫੀਕ ਗਜ਼ਨਵੀ ਨੂੰ ਸਕੂਲ ਸਮੇਂ ਤੋਂ ਹੀ ਸੰਗੀਤ ਅਤੇ ਸ਼ਾਇਰੀ ਨਾਲ ਬੇਪਨਾਹ ਮੁਹੱਬਤ ਅਤੇ ਅਦਾਕਾਰੀ ਵੱਲ ਜਨੂਨ ਦੀ ਹੱਦ ਤਕ ਖਿੱਚ ਸੀ। ਉਹ ਵਿਦਿਆਰਥੀ ਜੀਵਨ ਵਿਚ ਆਪਣੇ ਕਾਲਜ ਵਿਚ ਹੋਣ ਵਾਲੇ ਡਰਾਮਿਆਂ ਅਤੇ ਦੂਜੇ ਸਟੇਜ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਕਲਾਸੀਕਲ ਮੌਸੀਕੀ ਦੀ ਬਕਾਇਦਾ ਤਾਲੀਮ ਉਸਤਾਦ ਅਬਦੁੱਲ ਅਜ਼ੀਜ਼ ਖਾਨ, ਉਸਤਾਦ ਮੀਆਂ ਕਾਦਿਰ ਬਖਸ਼ ਲਾਹੌਰੀ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਰਫੀਕ ਨੇ ਉਸਤਾਦ ਆਸ਼ਿਕ ਅਲੀ ਖਾਨ ਪਟਿਆਲਾ ਤੋਂ ਵੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਸੰਗੀਤ ਨਾਲ ਉਨ੍ਹਾਂ ਦਾ ਇਸ਼ਕ ਐਨਾ ਗਹਿਰਾ ਸੀ ਕਿ ਕਿਸੇ ਘਰਾਣੇ ਨਾਲ ਤਾਅਲੁਕ ਨਾ ਹੋਣ ਦੇ ਬਾਵਜੂਦ ਉਨ੍ਹਾਂ ਦਾ ਸ਼ੁਮਾਰ ਉਪ-ਮਹਾਂਦੀਪ ਦੇ ਮਹਾਨ ਸੰਗੀਤਕਾਰਾਂ ਵਿਚ ਹੋਇਆ। ਉਨ੍ਹਾਂ ਦੀ ਗਾਇਨ ਕਲਾ ਤੇ ਸੰਗੀਤ ਕਲਾ ਤੋਂ ਮੁਤਾਸਿਰ ਹੁੰਦਿਆਂ ਗ੍ਰਾਮੋਫੋਨ ਕੰਪਨੀ ਨੇ ਉਨ੍ਹਾਂ ਦੇ ਤਵੇ ਭਰਨੇ ਸ਼ੁਰੂ ਕਰ ਦਿੱਤੇ। ਉਂਜ ਤਾਂ ਉਸ ਦੌਰ ਵਿਚ ਰਫੀਕ ਗਜ਼ਨਵੀ ਦੇ ਗਾਏ ਬਹੁਤ ਸਾਰੇ ਗ਼ੈਰ ਫਿਲਮੀ ਪੰਜਾਬੀ ਲੋਕ ਗੀਤ ਪਸੰਦ ਕੀਤੇ ਗਏ, ਪਰ ਇਕ ਲੋਕ ਗੀਤ ਤਾਂ ਬਹੁਤ ਚੱਲਿਆ ਸੀ: ਇਸ ਜੋਬਨ ਦਾ ਮਾਣ ਨਾ ਕਰੀਏ, ਇਹ ਜੋਬਨ ਚਾਰ ਦਿਹਾੜੇ (ਰਾਗ ਭੂਪਾਲੀ)।
ਲਾਹੌਰ ਵਿਚ ਨਾਮ ਤੇ ਸ਼ੁਹਰਤ ਮਿਲਦਿਆਂ ਹੀ ਰਫੀਕ ਦਾ ਰਾਬਤਾ ਹਿਦਾਇਤਕਾਰ ਅਬਦੁੱਲ ਰਸ਼ੀਦ ਕਾਰਦਾਰ ਨਾਲ ਹੋਇਆ ਜਿਨ੍ਹਾਂ ਦੇ ਕਹਿਣ ‘ਤੇ ਉਨ੍ਹਾਂ ਨੇ ਫਿਲਮ ਲਾਈਨ ਅਖਤਿਆਰ ਕਰ ਲਈ। ਇਹ ਰਫੀਕ ਦੀ ਖੁਸ਼ਕਿਸਮਤੀ ਹੀ ਸੀ ਕਿ ਜਿੱਥੇ ਉਹ ਵਧੀਆ ਗੁਲੂਕਾਰ ਤੇ ਸੰਗੀਤਕਾਰ ਸਨ, ਦੂਜੇ ਪਾਸੇ ਉਨ੍ਹਾਂ ਦੀ ਦਿਲਕਸ਼ ਸ਼ਖਸੀਅਤ ਨੇ ਉਨ੍ਹਾਂ ਨੂੰ ਫਿਲਮਾਂ ਦਾ ਹੀਰੋ ਵੀ ਬਣਾ ਦਿੱਤਾ। ਇਹ ਖਾਮੋਸ਼ ਫਿਲਮਾਂ ਦਾ ਦੌਰ ਸੀ। ਇਸੇ ਜ਼ਮਾਨੇ ਵਿਚ ਉਸ ਦੀ ਸਹਾਇਕ ਅਦਾਕਾਰ ਵਜੋਂ ਪਹਿਲੀ ਖਾਮੋਸ਼ ਫਿਲਮ ‘ਬਰੇਵ ਹਾਰਟ’ (‘ਸਰਫਰੋਸ਼’-1930) ਸੀ। ਇਸ ਫਿਲਮ ਤੋਂ ਬਾਅਦ ਉਹ ਫਿਲਮਾਂ ਦੇ ਕੇਂਦਰ ਬੰਬੇ ਟੁਰ ਗਏ। ਬੰਬੇ ਵਿਚ ਰਫੀਕ ਦੀ ਦੂਸਰੀ ਖਾਮੋਸ਼ ਫਿਲਮ ‘ਲਾਇਨੈਸ’ (1931) ਸੀ ਅਤੇ ਤੀਸਰੀ ‘ਵਾਈਲਡ ਰੋਜ਼’ (‘ਮਸਤਾਨਾ ਮਹਿਬੂਬ’-1931) ਸੀ। ਉਨ੍ਹਾਂ ਦੀ ਚੌਥੀ ਤੇ ਆਖਰੀ ਖਾਮੋਸ਼ ਫਿਲਮ ‘ਗੁਲਾਮੀ ਜ਼ੰਜੀਰ’ (‘ਬੌਂਡਮੈਨ’-1931) ਸੀ। ਜਦੋਂ ਬੋਲਦੀਆਂ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਅਬਦੁੱਲ ਰਸ਼ੀਦ ਕਾਰਦਾਰ ਨੇ ਫਿਲਮ ‘ਹੀਰ ਰਾਂਝਾ’ (1932) ਬਣਾਈ ਤਾਂ ਕਾਲਜ ਵਿਦਿਆਰਥੀ ਰਫੀਕ ਗਜ਼ਨਵੀ ਨੂੰ ‘ਰਾਂਝੇ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ ਜਿਸ ਦੇ ਹਮਰਾਹ ਅੰਮ੍ਰਿਤਸਰ ਦੀ ਖੂਬਸੂਰਤ ਪੰਜਾਬਣ ਮੁਟਿਆਰ ਅਨਵਰ ਬੇਗਮ ਹੀਰ ਦਾ ਕਿਰਦਾਰ ਨਿਭਾ ਰਹੀ ਸੀ। ਉਸ ਨੇ ਫਿਲਮ ਦੀ ਹੀਰੋਇਨ ਅਨਵਰ ਬੇਗਮ ਨੂੰ ਗੀਤਾਂ ਦੀ ਰਿਹਰਸਲ ਦੌਰਾਨ ਆਪਣੇ ਦਿਲ ਦੀ ‘ਹੀਰ’ ਬਣਾ ਲਿਆ।
ਰਫੀਕ ਗਜ਼ਨਵੀ ਦੀ ਸੰਗੀਤਕਾਰ ਵਜੋਂ ਪਹਿਲੀ ਫਿਲਮ ‘ਪਵਿੱਤਰ ਗੰਗਾ’ (1932) ਸੀ। ਫਿਲਮ ‘ਸਮਾਜ ਕੀ ਭੂਲ’ (1934) ਵਿਚ ਰਫੀਕ ਗਜ਼ਨਵੀ ਨੇ ਵਕੀਲ ਰਘੂਵੀਰ ਦਾ ਕਿਰਦਾਰ ਅਤੇ ਦੁਲਾਰੀ ‘ਚੰਦਰਮੁਖੀ’ ਦਾ ਰੋਲ ਕੀਤਾ। ਬਤੌਰ ਹਿਦਾਇਤਕਾਰ ਰਫੀਕ ਗਜ਼ਨਵੀ ਦੀ ਪਹਿਲੀ ਫਿਲਮ ‘ਪ੍ਰੇਮ ਪੁਜਾਰੀ’ (1935) ਸੀ। ਰਫੀਕ ਇਸ ਫਿਲਮ ਦੇ ਅਦਾਕਾਰ, ਸੰਗੀਤਕਾਰ, ਕਹਾਣੀਕਾਰ ਤੇ ਸੰਵਾਦ ਲੇਖਕ ਵੀ ਖੁਦ ਸਨ। ਫਿਲਮ ਦੀ ਅਦਾਕਾਰਾ ਸੀ ਇਨ੍ਹਾਂ ਦੀ ਪਤਨੀ ਜ਼ੌਹਰਾ। ਮਗਰੋਂ ਰਫੀਕ ਗਜ਼ਨਵੀ ਨੇ ਜ਼ੌਹਰਾ ਨੂੰ ਵੀ ਤਲਾਕ ਦੇ ਦਿੱਤਾ ਅਤੇ ਉਸ ਦੀ ਛੋਟੀ ਭੈਣ ਅਦਾਕਾਰਾ ਅਨੁਰਾਧਾ ਨਾਲ ਵਿਆਹ ਕਰ ਲਿਆ।
ਇਕ ਸਮਾਂ ਉਹ ਵੀ ਸੀ ਜਦੋਂ ਰਫੀਕ ਦੇ ਸੰਗੀਤ ਤੋਂ ਬਗੈਰ ਫਿਲਮਾਂ ਨੂੰ ਅਧੂਰਾ ਸਮਝਿਆ ਜਾਣ ਲੱਗ ਪਿਆ। ਇਕ ਪਾਸੇ ਜਿੱਥੇ ਉਨ੍ਹਾਂ ਨੂੰ ਜਿ਼ਆਦਾ ਰੁਝੇਵਿਆਂ ਦੇ ਚੱਲਦਿਆਂ ਸਿਰ ਖੁਰਕਣ ਦੀ ਵਿਹਲ ਨਹੀਂ ਸੀ, ਦੂਜੇ ਪਾਸੇ ਉਨ੍ਹਾਂ ਦੇ ਮੁਹੱਬਤੀ ਅਫਸਾਨਿਆਂ ਦੇ ਕਿੱਸੇ ਵੀ ਮਸ਼ਹੂਰ ਰਹਿੰਦੇ। ਫਿਲਮ ‘ਅਪਨੀ ਨਗਰੀਆ’ (1940) ‘ਚ ਰਫੀਕ ਗਜ਼ਨਵੀ ਨੇ ਡਾ. ਸ਼ਫਦਰ ਆਹ ਸੀਤਾਪੁਰੀ ਅਤੇ ਪੰਡਤ ਇੰਦਰ ਦੇ ਲਿਖੇ 12 ਗੀਤਾਂ ਦਾ ਸੰਗੀਤ ਤਿਆਰ ਕੀਤਾ। ਇਹ ਫਿਲਮ 19 ਜੁਲਾਈ 1940 ਨੂੰ ਨੁਮਾਇਸ਼ ਹੋਈ। ਫਿਲਮ ‘ਬਹੂਰਾਨੀ’ (1940) ‘ਚ ਗੀਤਕਾਰ ਆਜ਼ਾਦ ਕਸ਼ਯਪ ਦੇ ਲਿਖੇ 9 ਗੀਤਾਂ ਦਾ ਸੰਗੀਤ ਬਣਾਇਆ। ਫਿਲਮ ‘ਸਿਕੰਦਰ’ (1941) ਵਿਚ ਰਫੀਕ ਗਜ਼ਨਵੀ ਤੇ ਮੀਰ ਸਾਹਿਬ ਦੇ ਸੰਗੀਤ ‘ਚ ਪੰਡਤ ਸੁਦਰਸ਼ਨ ਦੇ ਲਿਖੇ 7 ਗੀਤ ਬੜੇ ਮਕਬੂਲ ਹੋਏ; ਖਾਸ ਕਰ ਕੇ ਫਿਲਮ ਦਾ ਗੀਤ ਯੂਨਾਨੀ ਸਿਪਾਹੀ ‘ਸਲਿਊਕਸ’ (ਲਾਲਾ ਯਾਕੂਬ, ਲਾਹੌਰੀ) ਤੇ ਸਾਥੀਆਂ ‘ਤੇ ਫਿਲਮਾਇਆ ਗੀਤ ‘ਜ਼ਿੰਦਗੀ ਹੈ ਪਯਾਰ ਸੇ, ਪਯਾਰ ਸੇ ਬਿਤਾਏ ਜਾ, ਹੁਸਨ ਕੇ ਹਜ਼ੂਰ ਮੇਂ ਅਪਨਾ ਦਿਲ ਲੁਟਾਏ ਜਾ’ (ਰਫੀਕ ਗਜ਼ਨਵੀ) ਅਮਰ ਗੀਤ ਦਾ ਦਰਜਾ ਰੱਖਦਾ ਹੈ। ਫਿਲਮ ‘ਸਵਾਮੀ’ (1941) ਵਿਚ ਰਫੀਕ ਨੇ ਫਿਲਮ ਵਿਚ ਸ਼ਾਤਿਰ ਗਜ਼ਨਵੀ, ਪੰਡਤ ਇੰਦਰ (ਇਕ ਗੀਤ) ਅਤੇ ਸਾਹਿਰ ਐਮ.ਏ. (ਇਕ ਗੀਤ) ਦੇ ਲਿਖੇ 10 ਗੀਤਾਂ ਦਾ ਖੂਬਸੂਰਤ ਸੰਗੀਤ ਤਾਮੀਰ ਕੀਤਾ ਜੋ ਬੇਹੱਦ ਮਕਬੂਲ ਹੋਏ। ਫਿਲਮ ‘ਕਲਯੁੱਗ’ (1942) ਵਿਚ ਰਫੀਕ ਨੇ ਹਸਰਤ ਲਖਨਵੀ ਦੇ ਲਿਖੇ 10 ਗੀਤਾਂ ਦੀਆਂ ਸੋਹਣੀਆਂ ਤਰਜ਼ਾਂ ਬਣਾਈਆਂ। ਫਿਲਮ ‘ਸੁਸਾਇਟੀ’ (1942) ਵਿਚ ਰਫੀਕ ਨੇ 11 ਗੀਤਾਂ ਦੀਆਂ ਧੁਨਾਂ ਤਰਤੀਬ ਕੀਤੀਆਂ ‘ਦੋਸਤ ਹੂਆ ਹੈ ਦੁਸ਼ਮਨ’ (ਰਫੀਕ ਗਜ਼ਨਵੀ), ‘ਹਾਏ ਜਵਾਨੀ’ (ਸਿਤਾਰਾ ਦੇਵੀ, ਰਫੀਕ) ਆਦਿ ਤੋਂ ਇਲਾਵਾ ਸਿਤਾਰਾ ਦੇਵੀ ਦਾ ਗਾਇਆ ਪੰਜਾਬੀ ਗੀਤ ‘ਕੱਦ ਯਾਰ ਸਰੂ ਦਾ ਬੂਟਾ ਵਿਹੜੇ ਵਿਚ ਲਾਈ ਰੱਖਦੀ’ ਵੀ ਬੜਾ ਹਿੱਟ ਹੋਇਆ। ਫਿਲਮ ‘ਕਿਸਕੀ ਬੀਬੀ’ (1942) ਵਿਚ ਰਫੀਕ ਨੇ 11 ਗੀਤਾਂ ਦਾ ਰੁਮਾਨੀ ਸੰਗੀਤ ਤਿਆਰ ਕੀਤਾ। ਫਿਲਮ ‘ਦੁਹਾਈ’ (1943) ਵਿਚ 9 ਗੀਤਾਂ ‘ਚੋਂ 2 ਗੀਤਾਂ ਦੀਆਂ ਤਰਜ਼ਾਂ ਬਣਾਈਆਂ। ਰਫੀਕ ਦੇ ਸ਼ਾਂਤਾ ਆਪਟੇ ਨਾਲ ਗਾਏ, ਇਨ੍ਹਾਂ ਦਿਲਕਸ਼ ਗੀਤਾਂ ਦੇ ਬੋਲ ਹਨ ‘ਮੋਹੇ ਨੀਂਦ ਨਾ ਆਏ’ ਤੇ ਦੂਸਰਾ ‘ਮਾਨ ਗਈ ਮੈਂ’। ਫਿਲਮ ‘ਨਜਮਾ’ (1943) ਵਿਚ ਰਫੀਕ ਦੇ ਸੰਗੀਤਬੱਧ ‘ਤਰਸੀ ਹੂਈ ਹੈ ਮੁੱਦਤ ਸੇ ਆਂਖੇਂ’, ‘ਕਯਾ ਮੁਹੱਬਤ ਕਾ ਯਹੀ ਅੰਜਾਮ ਥਾ’ (ਅਸ਼ੋਕ ਕੁਮਾਰ), ‘ਜਲ ਜਾ ਜਲ ਜਾ ਪਤੰਗੇ’ (ਸਿਤਾਰਾ, ਅਸ਼ੋਕ ਕੁਮਾਰ) ਆਦਿ ਗੀਤ ਇੰਤਹਾਈ ਮਕਬੂਲ ਹੋਏ। ਦਿਲਚਸਪ ਗੱਲ ਇਹ ਹੈ ਕਿ ਮਹਿਬੂਬ ਪ੍ਰੋਡਕਸ਼ਨਜ਼ ਦੀਆਂ ਫਿਲਮਾਂ ਦੀ ਸ਼ੁਰੂਆਤ ਵਿਚ ਬੋਲੀਆਂ ਜਾਣ ਵਾਲੀਆਂ ਤੇ ਆਗਾ ਹਸ਼ਰ ਕਸ਼ਮੀਰੀ ਦੀਆਂ ਲਿਖੀਆਂ ਇਹ ਸਤਰਾਂ ‘ਮੁਦਈ ਲਾਖ ਬੁਰਾ ਚਾਹੇ ਤੋ ਕਯਾ ਹੋਤਾ ਹੈ, ਵਹੀ ਹੋਤਾ ਹੈ ਜੋ ਮਨਜ਼ੂਰ-ਏ-ਖੁਦਾ ਹੋਤਾ ਹੈ’ ਨੂੰ ਆਪਣੀ ਦਿਲਕਸ਼ ਆਵਾਜ਼ ਦੇਣ ਵਾਲੇ ਰਫੀਕ ਗਜ਼ਨਵੀ ਹੀ ਸਨ।
ਰਫੀਕ ਗਜ਼ਨਵੀ ਭਾਰਤ ਦੇ ਪਹਿਲੇ ਸੰਗੀਤਕਾਰ ਸਨ ਜਿਨ੍ਹਾਂ ਨੇ ਹਿਦਾਇਤਕਾਰ ਅਲੈਗਜ਼ੈਂਡਰ ਕੋਰਡਾ ਦੀ ਵਿਦੇਸ਼ੀ ਫਿਲਮ ‘ਦਿ ਥੀਫ ਆਫ ਬਗਦਾਦ’ (1940) ਵਿਚ ਭਾਰਤੀ ਆਰਕੈਸਟਰਾ ਨਾਲ ਸੰਗੀਤ ਦੇਣ ਦਾ ਫਖਰ ਹਾਸਲ ਕੀਤਾ। ਸਾਲ 1941 ਵਿਚ ਰਫੀਕ ਗਜ਼ਨਵੀ ਨੇ ਸਰਹੱਦ ਪਿਕਚਰਜ਼ ਦੇ ਬੈਨਰ ਹੇਠ ਆਪਣੀ ਮਾਂ-ਬੋਲੀ ਪਸ਼ਤੋ ਵਿਚ ਫਿਲਮ ‘ਲੈਲਾ ਮਜਨੂੰ’ ਬਣਾਈ ਜਿਸ ਦੇ ਸੰਗੀਤਕਾਰ, ਹਿਦਾਇਤਕਾਰ ਅਤੇ ਅਦਾਕਾਰ ਉਹ ਖੁਦ ਸਨ। ਅਦਾਕਾਰਾ ਪਸ਼ਤੋ ਦੀ ਮਸ਼ਹੂਰ ਗੁਲੂਕਾਰਾ ਹਬੀਬ ਜਾਨ ਕਾਬਲੀ ਸੀ। ਫਿਲਮ ਦੇ ਗੀਤ ਅਤੇ ਮੁਕਾਲਮੇ ਨਾਮਵਰ ਸ਼ਾਇਰ ਤੇ ਬਾਬਾ-ਏ-ਪਸ਼ਤੋ ਗ਼ਜ਼ਲ ਅਮੀਰ ਹਮਜ਼ਾ ਖਾਨ ਸ਼ੇਨਾਵਰੀ ਨੇ ਲਿਖੇ ਸਨ।
ਵੰਡ ਤੋਂ ਬਾਅਦ ਰਫੀਕ ਗਜ਼ਨਵੀ ਨੇ ਭਾਰਤ ਰਹਿਣ ਦੀ ਬਜਾਏ ਪਾਕਿਸਤਾਨ ਜਾਣਾ ਪਸੰਦ ਕੀਤਾ। ਪਹਿਲਾਂ ਉਨ੍ਹਾਂ ਕਰਾਚੀ ਵਸੇਬਾ ਕੀਤਾ ਅਤੇ ਫਿਰ ਉਹ ਲਾਹੌਰ ਚਲੇ ਗਏ। ਪਾਕਿਸਤਾਨ ਫਿਲਮ ਸਨਅਤ ਵਿਚ ਰਫੀਕ ਦੀ ਪਹਿਲੀ ਉਰਦੂ ਫਿਲਮ ‘ਪਰਵਾਜ਼’ (1954) ਸੀ ਜਿਸ ਦਾ ਉਨ੍ਹਾਂ ਨੇ ਸੰਗੀਤ ਤਿਆਰ ਕੀਤਾ, ਪਰ ਇਹ ਫਿਲਮ ਨਾਕਾਮ ਸਾਬਤ ਹੋਈ। ਬਾਅਦ ਵਿਚ ਉਨ੍ਹਾਂ ਨੇ ਹਿਦਾਇਤਕਾਰ ਜ਼ਫਰ ਬੁਖਾਰੀ ਦੀ ਉਰਦੂ ਫਿਲਮ ‘ਅਨੋਖੀ ਰਾਤ’ ਦੇ ਚਾਰ ਗੀਤ ਰਿਕਾਰਡ ਕਰਵਾਏ ਸਨ ਪਰ ਇਹ ਫਿਲਮ ਵੀ ਬੰਦ ਹੋ ਗਈ। ਸਾਲ 1956 ਵਿਚ ਉਹ ਲਾਹੌਰ ਤੋਂ ਕਰਾਚੀ ਆ ਗਏ। ਇੱਥੇ ਆ ਕੇ ਉਨ੍ਹਾਂ ਉਰਦੂ ਫਿਲਮ ‘ਮੰਡੀ’ (1956) ਦਾ ਸੰਗੀਤ ਤਰਤੀਬ ਕੀਤਾ ਪਰ ਇਸ ਫਿਲਮ ਦੀ ਨਾਕਾਮੀ ਦੇ ਬਾਅਦ ਉਨ੍ਹਾਂ ਨੇ ਫਿਲਮੀ ਦੁਨੀਆ ਛੱਡ ਦਿੱਤੀ ਅਤੇ ਰੇਡੀਓ ਪਾਕਿਸਤਾਨ ਨਾਲ ਵਾਬਸਤਾ ਹੋ ਗਏ। ਉਹ ਲੰਬੇ ਅਰਸੇ ਤਕ ਰੇਡੀਓ ਨਾਲ ਜੁੜੇ ਰਹੇ ਅਤੇ ਜਦੋਂ ਪਾਕਿਸਤਾਨ ਟੈਲੀਵਿਜ਼ਨ ਦਾ ਆਗ਼ਾਜ਼ ਹੋਇਆ ਤਾਂ ਉਨ੍ਹਾਂ ਨੇ ਟੀ.ਵੀ. ਦੇ ਕਈ ਪ੍ਰੋਗਰਾਮਾਂ ਦੀਆਂ ਧੁਨਾਂ ਬਣਾਈਆਂ।
ਰਫੀਕ ਗਜ਼ਨਵੀ ਬੰਬੇ ਦੇ ਫਿਲਮੀ ਹਲਕਿਆਂ ਵਿਚ ‘ਪੇਸ਼ਾਵਰੀ ਸੰਗੀਤਕਾਰ’ ਦੇ ਨਾਮ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੀ ਰੰਗੀਨ ਮਿਜ਼ਾਜੀ ਦੇ ਚੱਲਦਿਆਂ ਆਪਣੀ ਹਿਆਤੀ ਵਿਚ ਕਈ ਫਿਲਮੀ ਅਦਾਕਾਰਾਵਾਂ ਨਾਲ ਵਿਆਹ ਕੀਤੇ ਜੋ ਬਾਅਦ ਵਿਚ ਤਲਾਕ ਵਿਚ ਬਦਲੇ। ਉਨ੍ਹਾਂ ਦਾ ਪਹਿਲਾ ਵਿਆਹ ਬਿੱਲੋ ਅੰਮ੍ਰਿਤਸਰੀ ਦੀ ਧੀ ਅਨਵਰ ਬੇਗਮ ਨਾਲ ਹੋਇਆ, ਜਿਸ ਤੋਂ ਧੀ ਜ਼ਰੀਨਾ ਦਾ ਜਨਮ ਹੋਇਆ। ਜ਼ਰੀਨਾ ਨੇ ‘ਨਸਰੀਨ’ ਦੇ ਫਿਲਮੀ ਨਾਮ ਨਾਲ ਅਦਾਕਾਰੀ ਕੀਤੀ। ਉਹ ਲਿਆਕਤ ਆਗਾ ਨਾਲ ਵਿਆਹ ਤੋਂ ਬਾਅਦ ਜ਼ਰੀਨਾ ਆਗਾ ਕਹਾਈ। ਉਨ੍ਹਾਂ ਦੀਆਂ ਧੀਆਂ ਸਲਮਾ ਆਗਾ ਅਤੇ ਸਬਿਤਾ ਆਗਾ ਲੰਡਨ ਵਿਚ ਪੈਦਾ ਹੋਈਆਂ। ਅਨਵਰ ਬੇਗਮ ਨੂੰ ਤਲਾਕ ਦੇਣ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਜ਼ੌਹਰਾ ਨਾਲ ਕੀਤਾ ਜਿਸ ਤੋਂ ਉਨ੍ਹਾਂ ਦਾ ਪੁੱਤਰ ਮੁਰਾਦ ਤੇ ਧੀ ਸ਼ਾਹੀਨਾ ਪੈਦਾ ਹੋਈ। ਜ਼ੌਹਰਾ ਤੋਂ ਤਲਾਕ ਲੈਣ ਤੋਂ ਬਾਅਦ ਉਨ੍ਹਾਂ ਨੇ ਤੀਜਾ ਵਿਆਹ ਅਦਾਕਾਰਾ ਅਨੁਰਾਧਾ ਉਰਫ ਖੁਰਸ਼ੀਦ ਅਖਤਰ ਨਾਲ ਕੀਤਾ ਜਿਸ ਤੋਂ ਉਨ੍ਹਾਂ ਦਾ ਪੁੱਤਰ ਇਆਜ਼ ਮਹਿਮੂਦ ਪੈਦਾ ਹੋਇਆ। ਉਨ੍ਹਾਂ ਦਾ ਆਖਰੀ ਵਿਆਹ ਗੈਰ-ਫਿਲਮੀ ਔਰਤ ਕੈਸਰ ਬੇਗਮ ਨਾਲ ਹੋਇਆ ਜੋ ਉਨ੍ਹਾਂ ਦੀ ਮੌਤ ਤਕ ਕਾਇਮ ਰਿਹਾ। ਰਫੀਕ ਗਜ਼ਨਵੀ ਦੀ ਇਕ ਧੀ ਦਾ ਵਿਆਹ ਨਾਮਵਰ ਹਿਦਾਇਤਕਾਰ ਜ਼ੀਆ ਸਰਹੱਦੀ ਨਾਲ ਹੋਇਆ। ਜ਼ੀਆ ਸਰਹੱਦੀ ਦੇ ਦੋ ਪੁੱਤਰ ਖਿਆਮ ਸਰਹੱਦੀ ਅਤੇ ਬਿਲਾਲ ਸਰਹੱਦੀ ਸ਼ੋਅ-ਬਿਜ਼ ਦੀ ਦੁਨੀਆ ਨਾਲ ਜੁੜੇ ਰਹੇ ਹਨ। ਭਾਰਤੀ ਅਤੇ ਪਾਕਿਸਤਾਨੀ ਫਿਲਮਾਂ ਦੇ ਅਜ਼ੀਮ ਸੰਗੀਤਕਾਰ ਰਫੀਕ ਗਜ਼ਨਵੀ 2 ਮਾਰਚ 1974 ਨੂੰ 67 ਸਾਲਾਂ ਦੀ ਉਮਰ ਵਿਚ ਕਰਾਚੀ ‘ਚ ਫੌਤ ਹੋ ਗਏ।