ਨਵੀਂ ਦਿੱਲੀ: ਉਤਰ ਪ੍ਰਦੇਸ਼ ਪ੍ਰਸ਼ਾਸਨ ਵੱਲੋਂ 26 ਜਨਵਰੀ ਦੀ ਘਟਨਾ ਮਗਰੋਂ ਗਾਜੀਪੁਰ-ਦਿੱਲੀ ਸਰਹੱਦ ‘ਤੇ ਲੱਗੇ ਕਿਸਾਨ ਧਰਨੇ ਨੂੰ ਚੁੱਕਣ ਲਈ ਕੀਤੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ। ਬੀ.ਕੇ.ਯੂ. ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਕੀਤੀ ਭਾਵੁਕ ਅਪੀਲ ਰੰਗ ਲਿਆਈ ਤੇ ਵੱਡੀ ਗਿਣਤੀ ਕਿਸਾਨਾਂ ਦੀ ਆਮਦ ਨਾਲ ਗਾਜੀਪੁਰ ਧਰਨੇ ‘ਚ ਮੁੜ ਜੋਸ਼ ਭਰ ਗਿਆ।
ਇਨ੍ਹਾਂ ਵਿਚੋਂ ਵੱਡੀ ਗਿਣਤੀ ਕਿਸਾਨ ਪੱਛਮੀ ਯੂਪੀ ਨਾਲ ਸਬੰਧਤ ਸਨ। ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ-ਮੇਰਠ ਐਕਸਪ੍ਰੈੱਸਵੇਅ ‘ਤੇ ਡੇਰੇ ਲਾਈ ਬੈਠੇ ਹਨ। ਇਸ ਦੌਰਾਨ ਹਰਿਆਣਾ ਤੋਂ ਵੱਡੀ ਗਿਣਤੀ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਚੱਲ ਰਹੇ ਧਰਨਿਆਂ ਵਿਚ ਪੁੱਜ ਗਏ ਹਨ। ਬੀ.ਕੇ.ਯੂ. ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਕੀਤੀ ਭਾਵੁਕ ਅਪੀਲ ਮਗਰੋਂ ਪੱਛਮੀ ਯੂਪੀ ਦੇ ਜਿਲ੍ਹਿਆਂ- ਮੇਰਠ, ਬਾਗਪਤ, ਬਿਜਨੌਰ, ਮੁਜੱਫਰਨਗਰ, ਮੁਰਾਦਾਬਾਦ ਤੇ ਬੁਲੰਦਸ਼ਹਿਰ ਤੋਂ ਵੱਡੀ ਗਿਣਤੀ ਕਿਸਾਨ ਯੁੂਪੀ ਗੇਟ-ਗਾਜੀਪੁਰ ਬਾਰਡਰ ‘ਤੇ ਪੁੱਜ ਰਹੇ ਹਨ। ਯੂਪੀ ਤੇ ਹਰਿਆਣਾ ਤੋਂ ਵੱਡੀ ਕਿਸਾਨਾਂ ਦੀ ਆਮਦ ਨਾਲ ਕਿਸਾਨ ਅੰਦੋਲਨ ‘ਚ ਮੁੜ ਰੂਹ ਫੂਕੀ ਗਈ ਹੈ। ਦੱਸਣਾ ਬਣਦਾ ਹੈ ਕਿ 28 ਜਨਵਰੀ ਦੀ ਰਾਤ ਗਾਜੀਪੁਰ ਸਰਹੱਦ ‘ਤੇ ਇਕ ਵਾਰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਗਿਣਤੀ ਘਟ ਕੇ 500 ਰਹਿ ਗਈ ਸੀ, ਪਰ ਅੱਧੀ ਰਾਤ ਨੂੰ ਇਕ ਹਜ਼ਾਰ ਦੇ ਕਰੀਬ ਹੋਰ ਕਿਸਾਨਾਂ ਦੇ ਗਾਜੀਪੁਰ ਧਰਨੇ ਵਿਚ ਸ਼ਾਮਲ ਹੋਣ ਨਾਲ ਕਿਸਾਨੀ ਸੰਘਰਸ਼ ਵਿਚ ਮੁੜ ਜਾਨ ਪੈ ਗਈ ਹੈ। ਉਂਜ ਧਰਨੇ ਦੌਰਾਨ ਆਪਣੇ ਹਮਾਇਤੀਆਂ ‘ਚ ਘਿਰੇ ਰਾਕੇਸ਼ ਟਿਕੈਤ ਇਕ ਵਾਰ ਮੁੜ ਕੇਂਦਰ ਬਿੰਦੂ ਵਿੱਚ ਰਹੇ। ਇਸ ਦੌਰਾਨ ਧਰਨੇ ਵਾਲੀ ਥਾਂ ਤਾਇਨਾਤ ਸੁਰੱਖਿਆ ਬਲਾਂ ਦੀ ਵਾਧੂ ਨਫਰੀ ਵਾਪਸ ਭੇਜ ਦਿੱਤੀ ਗਈ ਹੈ।
ਉਧਰ, ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ ਕਈ ਕਿਸਾਨ ਮੁੜ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਧਰਨਿਆਂ ਵਿਚ ਪਰਤ ਆਏ। ਕਿਸਾਨਾਂ ਨੇ ਸੰਯੁਕਤ ਮੋਰਚੇ ‘ਚ ਸ਼ਾਮਲ ਆਗੂਆਂ ਨੂੰ ਭੇਜੇ ਲੁਕਆਊਟ ਨੋਟਿਸਾਂ ਤੇ ਗਾਜੀਆਬਾਦ ਪ੍ਰਸ਼ਾਸਨ ਵੱਲੋਂ ਧਰਨਾ ਚੁੱਕਣ ਲਈ ਦਿੱਤੇ ਅਲਟੀਮੇਟਮ ਖਿਲਾਫ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਦਾਅਵਾ ਕੀਤਾ ਕਿ ਲੁੱਕਆਊਟ ਨੋਟਿਸਾਂ ਤੇ ਧਰਨਾ ਚੁੱਕਣ ਦੀਆਂ ਧਮਕੀਆਂ ਨਾਲ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਵਿੱਢਿਆ ਸੰਘਰਸ਼ ਕਮਜ਼ੋਰ ਪੈਣ ਵਾਲਾ ਨਹੀਂ। ਹਰਿਆਣਾ ਨਾਲ ਸਬੰਧਤ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਜੀਂਦ, ਰੋਹਤਕ, ਕੈਥਲ, ਹਿਸਾਰ, ਭਿਵਾਨੀ ਤੇ ਸੋਨੀਪਤ ਤੋਂ ਵੱਡੀ ਗਿਣਤੀ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾ ਲਏ ਹਨ। ਇਸ ਦੌਰਾਨ ਰਾਸ਼ਟਰੀ ਲੋਕ ਦਲ (ਆਰ.ਐੈਲ.ਡੀ.) ਦੇ ਮੁਖੀ ਅਜੀਤ ਸਿੰਘ ਦੇ ਪੁੱਤਰ ਤੇ ਪਾਰਟੀ ਦੇ ਉਪ ਪ੍ਰਧਾਨ ਜੈਯੰਤ ਚੌਧਰੀ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਰਾਕੇਸ਼ ਟਿਕੈਤ ਤੇ ਬੀ.ਕੇ.ਯੂ. ਪ੍ਰਧਾਨ ਨਰੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਚੌਧਰੀ ਨੇ ਇਕ ਟਵੀਟ ‘ਚ ਕਿਹਾ, ‘ਇਹ ਕਿਸਾਨਾਂ ਲਈ ਜਿੰਦਗੀ ਤੇ ਮੌਤ ਦਾ ਸਵਾਲ ਹੈ, ਪਰ ਚਿੰਤਾ ਦੀ ਕੋਈ ਲੋੜ ਨਹੀਂ। ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਰਹਿਣਾ ਹੈ….ਇਹ ਚੌਧਰੀ ਸਾਹਿਬ (ਅਜੀਤ ਸਿੰਘ) ਦਾ ਸੁਨੇਹਾ ਹੈ।‘ ਉਤਰ ਪ੍ਰਦੇਸ਼ ਦੇ ਪੂਰਬੀ ਜਿਲ੍ਹਿਆਂ ਵਿਚ ਸਰਗਰਮ ਸਮਾਜਿਕ ਸੰਗਠਨ ‘ਯੁਵਾ ਚੇਤਨਾ ਮੰਚ‘ ਨੇ ਵੀ ਬੀ.ਕੇ.ਯੂ. ਨੂੰ ਹਮਾਇਤ ਦਿੱਤੀ ਹੈ। ਸੰਗਠਨ ਦੇ ਕਾਰਕੁਨਾਂ ਨੇ ਬਲੀਆ ਵਿਚ ਧਰਨਾ ਦਿੱਤਾ ਤੇ ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਨੂੰ ਸਮਰਥਨ ਦਿੱਤਾ। ਗਾਜੀਪੁਰ ਬਾਰਡਰ ‘ਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਵੀ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਦਲਿਤ ਸੰਗਠਨ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਮਦਦ ਕਰੇਗਾ।
ਉਧਰ, ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦਿਆਂ ਮਸਲੇ ਦਾ ਹੱਲ ਚਾਹੁੰਦੇ ਹਨ, ਪਰ ਬੰਦੂਕ ਦੀ ਨੋਕ ‘ਤੇ (ਸਰਕਾਰ ਨਾਲ) ਗੱਲਬਾਤ ਨਹੀਂ ਕਰਨਗੇ। ਉਨ੍ਹਾਂ ਕਿਹਾ ਹੈ ਕਿ ਸਰਕਾਰ ਹੁਣ ਵੀ ਮੌਕਾ ਸਾਂਭ ਲਵੇ, ਅਜੇ ਮੰਗ ਕਾਨੂੰਨ ਰੱਦ ਕਰਨ ਦੀ ਹੈ ਪਰ ਅਗਲਾ ਕਦਮ ਸਰਕਾਰ ਨੂੰ ਲਾਂਭੇ ਕਰਨ ਬਾਰੇ ਪੁੱਟਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਤਿਰੰਗੇ ਨਾਲ ਪਿਆਰ ਕਰਦਾ ਹੈ ਤੇ ਦਿੱਲੀ ਹਿੰਸਾ ਮੌਕੇ ਤਿਰੰਗੇ ਦਾ ‘ਨਿਰਾਦਰ` ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇ। ਇਸ ਦੌਰਾਨ ਬੀ.ਕੇ.ਯੂ. (ਟਿਕੈਤ) ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਡਟੇ ਪ੍ਰਦਰਸ਼ਨਕਾਰੀ ਕਿਸਾਨ ਜਿਥੇ ਪ੍ਰਧਾਨ ਮੰਤਰੀ (ਦੇ ਅਹੁਦੇ) ਦੇ ਗੌਰਵ ਦਾ ਸਤਿਕਾਰ ਕਰਨਗੇ, ਉਥੇ ਆਪਣੇ ਸਵੈ-ਮਾਣ ਦੀ ਸੁਰੱਖਿਆ ਲਈ ਵੀ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਕੇ ਗੱਲਬਾਤ ਲਈ ਸਾਜ਼ਗਾਰ ਮਾਹੌਲ ਤਿਆਰ ਕਰੇ। ਉਨ੍ਹਾਂ ਸਾਫ ਕਰ ਦਿੱਤਾ ਕਿ ਉਹ ਦਬਾਅ ਹੇਠ ਜਾਂ ਸ਼ਰਤਾਂ ਤਹਿਤ ਕੀਤੇ ਜਾਣ ਵਾਲੇ ਕਿਸੇ ਵੀ ਸਮਝੌਤੇ ਲਈ ਸਹਿਮਤੀ ਨਹੀਂ ਭਰਨਗੇ।
______________________________________
ਕਸ਼ਮੀਰ ਵਾਲਾ ਫਾਰਮੂਲਾ ਵਰਤ ਰਹੀ ਮੋਦੀ ਸਰਕਾਰ: ਮਹਿਬੂਬਾ
ਸ੍ਰੀਨਗਰ: ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਨੇ ਦੋੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਕਸ਼ਮੀਰੀਆਂ ਨੂੰ ਡਰਾ` ਕੇ ਖਾਮੋੋਸ਼ ਕਰਨ ਦਾ ਫਾਰਮੂਲਾ ਕਿਸਾਨੀ ਅੰਦੋਲਨ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵਰਤ ਰਹੀ ਹੈ। ਜੰਮੂ ਤੇ ਕਸ਼ਮੀਰ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਕ ਟਵੀਟ `ਚ ਕਿਹਾ, ‘ਭਾਰਤ ਸਰਕਾਰ ਜ਼ਾਲਮਾਨਾ ਕਾਨੂੰਨਾਂ ਰਾਹੀਂ ਕਸ਼ਮੀਰੀਆਂ ਨੂੰ ਡਰਾਉਣ ਦਾ ਫਾਰਮੂਲਾ ਹੁਣ ਦੇੇਸ਼ ਦੇ ਹੋਰਨਾਂ ਹਿੱਸਿਆਂ ਵਿਚ ਲਾਗੂ ਕਰ ਰਹੀ ਹੈ। ਸੀ.ਏ.ਏ. (ਨਾਗਰਿਕਤਾ ਸੋਧ ਐਕਟ) ਹੋਵੇ ਜਾਂ ਫਿਰ ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ, ਸਾਰਿਆਂ ਨੂੰ ਦੇਸ਼ ਵਿਰੋਧੀ ਦੱਸਿਆ ਜਾ ਰਿਹੈ। ਇਨ੍ਹਾਂ ਸ਼ਾਂਤਮਈ ਅੰਦੋਲਨਾਂ ਦਾ ਭੋਗ ਪਾਉਣ ਲਈ ਯੂ.ਏ.ਪੀ.ਏ. ਵਰਗੇ ਕਾਨੂੰਨ ਅਮਲ ਵਿਚ ਲਿਆਂਦੇ ਜਾ ਰਹੇ ਹਨ।` ਮੁਫਤੀ ਨੇ ਕਿਹਾ ਕਿ ਸਰਕਾਰ ਨੂੰ ਇਹ ਤਿੰਨੋਂ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।