ਚੰਡੀਗੜ੍ਹ: ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਖੇਤੀ ਕਾਨੂੰਨਾਂ ਵਿਰੁੱਧ ਸਾਂਝਾ ਥੜ੍ਹਾ ਬਣਾ ਕੇ ਕਿਸਾਨ ਸੰਘਰਸ਼ ਦੀ ਬਿਨਾਂ ਸ਼ਰਤ ਹਮਾਇਤ ਕਰਨ ਲਈ ਯਤਨ ਕਰ ਰਹੀਆਂ ਹਨ ਤੇ ਮੁੱਖ ਮੰਤਰੀ ਪੰਜਾਬ ਵਲੋਂ ਸੱਦੀ ਸਰਬ ਪਾਰਟੀ ਮੀਟਿੰਗ ਵਿਚ ਵੀ ਇਹ ਮੁੱਦਾ ਵਿਚਾਰਿਆ ਗਿਆ। ਪਤਾ ਲੱਗਾ ਹੈ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅੰਦਰ ਕਈ ਦਿਨਾਂ ਤੋਂ ਇਹ ਵਿਚਾਰ ਚਰਚਾ ਚੱਲ ਰਹੀ ਸੀ ਕਿ ਜਦ ਦੇਸ਼ ਦਾ ਕਿਸਾਨ ਲੜਾਈ ਲੜ ਰਿਹਾ ਹੈ ਤਾਂ ਸਿਆਸੀ ਪਾਰਟੀ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਮਹੂਰੀ ਢੰਗ ਨਾਲ ਲੜੇ ਜਾ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਬਿਨਾਂ ਸ਼ਰਤ ਹਮਾਇਤ ਲਈ ਸਾਂਝਾ ਪਲੇਟਫਾਰਮ ਬਣਨ।
ਅਜਿਹੇ ਆਗੂਆਂ ਦਾ ਵਿਚਾਰ ਹੈ ਕਿ ਸਿਆਸੀ ਪਾਰਟੀਆਂ ਦਾ ਬਣਨ ਵਾਲਾ ਇਹ ਪਲੇਟਫਾਰਮ ਆਪਣੇ ਸਭ ਮਤਭੇਦ ਪਾਸੇ ਰੱਖਦਿਆਂ ਸਿਰਫ ਕਿਸਾਨ ਸੰਘਰਸ਼ ਦੀ ਹਮਾਇਤ ਤੱਕ ਹੀ ਸੀਮਤ ਰਹੇ। ਕਾਂਗਰਸ ਪ੍ਰਦੇਸ ਪ੍ਰਧਾਨ ਸੁਨੀਲ ਜਾਖੜ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਹਿਲਾਂ ਵੀ ਕਿਸਾਨ ਸੰਘਰਸ਼ ਦੇ ਹੱਕ ‘ਚ ਡਟੀ ਹੋਈ ਹੈ ਤੇ ਸਾਂਝੇ ਤੌਰ ਉਤੇ ਚੱਲਣ ਲਈ ਹੀ ਮੁੱਖ ਮੰਤਰੀ ਵਲੋਂ ਮੀਟਿੰਗ ਸੱਦੀ ਸੀ। ਸੀ.ਪੀ.ਆਈ. ਦੇ ਸਕੱਤਰ ਬੰਤ ਬਰਾੜ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਸਮਝਦੇ ਆ ਰਹੇ ਹਨ ਕਿ ਸਮੂਹ ਸਿਆਸੀ ਪਾਰਟੀਆਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ। ਕਿਸਾਨ ਸਿਰਫ ਵੋਟਾਂ ਲਈ ਹੀ ਵਰਤਣ ਵਾਸਤੇ ਨਹੀਂ, ਸਗੋਂ ਉਨ੍ਹਾਂ ਦੀ ਮੁਸ਼ਕਿਲ ‘ਚ ਸਿਆਸੀ ਪਾਰਟੀਆਂ ਨੂੰ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿੱਛੇ ਰਹਿ ਕੇ ਕਿਸਾਨ ਸੰਘਰਸ਼ ਦੀ ਹਮਾਇਤ ਦੇ ਸਾਂਝੇ ਯਤਨ ਦੇ ਹਮਾਇਤੀ ਹਾਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ‘ਆਪ‘ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਤੇ ਸੀ.ਪੀ.ਐਮ. ਆਗੂ ਸੁਖਜਿੰਦਰ ਸਿੰਘ ਸੇਖੋਂ ਵੀ ਅਜਿਹੇ ਸਾਂਝੇ ਯਤਨਾਂ ਦੇ ਹਮਾਇਤੀ ਹਨ।
ਕਿਸਾਨ ਅੰਦੋਲਨ ਨਾਲ ਖੜ੍ਹਾ ਹੈ ਅਕਾਲੀ ਦਲ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੇ ਚੌਧਰੀ ਰਾਕੇਸ਼ ਟਿਕੈਤ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਆ ਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਲਿਆਂਦਾ ਜਲ ਭੇਟ ਕੀਤਾ। ਸ੍ਰੀ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਿਸਾਨ ਅੰਦੋਲਨ ਦੀ ਸਫਲਤਾ ਲਈ ਸ਼੍ਰੋਮਣੀ ਅਕਾਲੀ ਦਲ ਪੂਰਾ ਸਮਰਥਨ ਦੇਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਅ 26 ਜਨਵਰੀ ਤੋਂ ਲਾਪਤਾ ਹਨ ਜਾਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋ ਗਏ ਹਨ। ਸ੍ਰੀ ਬਾਦਲ ਨੇ ਕਿਸਾਨਾਂ ਦੀ ਭਲਾਈ ਲਈ ਚੌਧਰੀ ਮਹਿੰਦਰ ਸਿੰਘ ਟਿਕੈਤ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਲ ਕੇ ਰਲੀਆਂ ਗਈਆਂ ਲੜਾਈਆਂ ਦਾ ਵੀ ਜ਼ਿਕਰ ਕੀਤਾ।
ਕੈਪਟਨ ਨੇ ਤਰੁਣ ਚੁੱਘ ਨੂੰ ਘੇਰਿਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤਰੁਣ ਚੁੱਘ ਵੱਲੋਂ ਦਿੱਤੇ ਗਏ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਨੇ ਫੌਜੀ ਪਿਛੋਕੜ ਸਬੰਧੀ ਚੁੱਘ ਦੀ ਟਿੱਪਣੀ ਨੂੰ ਨਿੰਦਣਯੋਗ ਕਰਾਰ ਦਿੱਤਾ। ਉਨ੍ਹਾਂ ਕਿਹਾ, ”ਭਾਜਪਾ ਜਾਂ ਉਸ ਦੀ ਲੀਡਰਸ਼ਿਪ ਨੂੰ ਫੌਜ ਦੇ ਮਾਣ-ਸਤਿਕਾਰ ਜਾਂ ਕੌਮੀ ਤਿਰੰਗੇ ਦੀ ਅਹਿਮੀਅਤ ਬਾਰੇ ਕੀ ਪਤਾ, ਜਿਸ ਵਿਚ ਹਰੇਕ ਦੂਜੇ ਦਿਨ ਸਰਹੱਦਾਂ ਤੋਂ ਸਾਡੇ ਪੰਜਾਬੀ ਭਰਾਵਾਂ ਦੀਆਂ ਦੇਹਾਂ ਲਿਪਟ ਕੇ ਆਉਂਦੀਆਂ ਹਨ।“ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਮਾਣ ਅਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਨਿਛਾਵਰ ਕਰ ਰਹੇ ਸੈਨਿਕਾਂ ਪ੍ਰਤੀ ਭਾਜਪਾ ਨੂੰ ਸਪੱਸ਼ਟ ਤੌਰ ਉਤੇ ਕੋਈ ਹਮਦਰਦੀ ਜਾਂ ਸੰਵੇਦਨਾ ਨਹੀਂ ਹੈ।
_________________________________________
ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਲਾਲ ਕਿਲ੍ਹੇ ਭੇਜਿਆ: ਬੈਂਸ
ਲੁਧਿਆਣਾ: ਦਿੱਲੀ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ‘ਤੇ ਹੋਏ ਘਟਨਾਕ੍ਰਮ ਲਈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਵਿਧਾਇਕ ਬੈਂਸ ਨੇ ਆਖਿਆ ਕਿ 26 ਜਨਵਰੀ ਨੂੰ ਜਦੋਂ ਲਾਲ ਕਿਲੇ ‘ਤੇ ਕੁਝ ਘੰਟੇ ਪਹਿਲਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਣੇ ਸਾਰੇ ਦੇਸ਼ ਦੀ ਕੈਬਨਿਟ ਹੋਵੇ, ਉਥੇ ਕੁਝ ਘੰਟਿਆਂ ਮਗਰੋਂ ਕਿਸਾਨ ਟਰੈਕਟਰ ਲੈ ਕੇ ਕਿਵੇਂ ਪੁੱਜ ਸਕਦੇ ਹਨ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਮੋੜਿਆ ਤੇ ਹੁਣ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕੇਂਦਰ ਸਰਕਾਰ ਦਿੱਲੀ ਪੁਲਿਸ ਰਾਹੀਂ ਕਿਸਾਨ ਜਥੇਬੰਦੀਆਂ ਦੇ ਆਗੂ, ਜੋ ਲਾਲ ਕਿਲ੍ਹੇ ਵੱਲ ਗਏ ਵੀ ਨਹੀਂ, ਖਿਲਾਫ ਐਫ.ਆਈ.ਆਰ. ਦਰਜ ਕਰਵਾ ਰਹੀ ਹੈ।