ਕੇਂਦਰ ਦੇ ਜਬਰ ਨਾਲ ਕਿਸਾਨ ਰੋਹ ਦੂਣ-ਸਵਾਇਆ, ਮੋਰਚੇ ਵੱਲ ਵਧੇ ਕਾਫਲੇ

ਚੰਡੀਗੜ੍ਹ: ਕੇਂਦਰ ਸਰਕਾਰ ਖਿਲਾਫ ਪੰਜਾਬ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਨਤੀਜੇ ਵਜੋਂ ਸੂਬੇ ਤੋਂ ‘ਦਿੱਲੀ ਮੋਰਚੇ‘ ਲਈ ਵੱਡੇ ਕਾਫਲੇ ਰਵਾਨਾ ਹੋ ਰਹੇ ਹਨ। ਪਿੰਡਾਂ ਵਿਚ ਵੀ ਪੰਚਾਇਤੀ ਕੇਂਦਰੀ ਹੱਲੇ ਖਿਲਾਫ ਮਤੇ ਪਾ ਰਹੀਆਂ ਹਨ। ਬਠਿੰਡਾ ਦੇ ਪਿੰਡ ਬੀਬੀ ਵਾਲਾ ਦੀ ਪੰਚਾਇਤ ਨੇ ਤਾਂ ਮੀਡੀਆ ਦੀ ਹਮਾਇਤ ਵਿਚ ਵੀ ਪਤਾ ਪਾਇਆ ਹੈ। ਪੰਜਾਬ ਤੋਂ ਚੱਲੇ ਕਾਫਲਿਆਂ ਨੇ ਮੁੜ ਜਰਨੈਲੀ ਸੜਕਾਂ ‘ਤੇ ਜਾਮ ਵਾਲੀ ਸਥਿਤੀ ਪੈਦਾ ਕਰ ਦਿੱਤੀ। ਮਾਲਵੇ ਦੇ ਸੈਂਕੜੇ ਪਿੰਡਾਂ ‘ਚ ਕੇਂਦਰ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ।

32 ਕਿਸਾਨ ਧਿਰਾਂ ਦੀ ਅਗਵਾਈ ਵਿਚ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਵੀ ਦਿੱਤੇ ਗਏ। ਮੀਡੀਆ ਖਿਲਾਫ ਕੀਤੀ ਕਾਰਵਾਈ ਦੀ ਗੂੰਜ ਵੀ ਇਨ੍ਹਾਂ ਧਰਨਿਆਂ ਵਿਚ ਪਈ। ਕਿਸਾਨ ਧਿਰਾਂ ਨੇ ਮੀਡੀਆ ਨਾਲ ਕੀਤੀ ਗਈ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ। ਬੀ.ਕੇ.ਯੂ. (ਉਗਰਾਹਾਂ) ਵੱਲੋਂ ਪਿੰਡਾਂ ਵਿਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਮਾਨਸਾ ਦੇ ਪਿੰਡ ਹਮੀਰਗੜ੍ਹ ਢੈਪਈ, ਕਿਸ਼ਨਗੜ੍ਹ ਫਰਵਾਹੀ ਅਤੇ ਨੰਗਲ ਕਲਾਂ ਦੀ ਪੰਚਾਇਤ ਨੇ ਦਿੱਲੀ ਜਾਣ ਵਾਲੇ ਟਰੈਕਟਰਾਂ ਦੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਦਾ ਜਿੰਮਾ ਵੀ ਚੁੱਕਿਆ ਹੈ। ਫਰੀਦਕੋਟ ਦੇ ਪਿੰਡ ਸਿਬੀਆਂ ਦੀ ਪੰਚਾਇਤ ਨੇ ਦਿੱਲੀ ਨਾ ਜਾਣ ਵਾਲੇ ਬਾਸ਼ਿੰਦਿਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪਿੰਡਾਂ ‘ਚੋਂ ਫੰਡ ਵੀ ਇਕੱਠਾ ਹੋਣ ਲੱਗਾ ਹੈ। ਸਿਆਸੀ ਧਿਰਾਂ ਨਾਲ ਜੁੜੇ ਵਰਕਰ ਵੀ ਕਿਸਾਨਾਂ ਨਾਲ ਦਿੱਲੀ ਜਾਣ ਲੱਗੇ ਹਨ। ਰਾਮਪੁਰਾ ਦੀ ਮਹਿਲਾ ਆਗੂ ਬਲਵਿੰਦਰ ਕੌਰ ਗਰੇਵਾਲ ਨੇ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਵਿਚ ਰੋਹ ਹੋਰ ਪ੍ਰਚੰਡ ਹੋਇਆ ਹੈ ਅਤੇ ਉਹ ਖੁਦ ਕਿਸਾਨਾਂ ਨੂੰ ਦਿੱਲੀ ਭੇਜ ਰਹੀਆਂ ਹਨ। ਵੇਰਵਿਆਂ ਅਨੁੁਸਾਰ ਸਰਹੱਦੀ ਜ਼ਿਲ੍ਹਿਆਂ ਖਾਸ ਕਰਕੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਕਿਸਾਨ ਰੇਲ ਗੱਡੀਆਂ ‘ਚ ਦਿੱਲੀ ਲਈ ਰੋਜ਼ਾਨਾ ਰਵਾਨਾ ਹੋਣ ਲੱਗੇ ਹਨ। ਉਧਰ, ਦਿੱਲੀ ਦੇ ਤਿੰਨ ਮੁੱਖ ਬਾਰਡਰਾਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ‘ਤੇ ਡਟੇ ਕਿਸਾਨਾਂ ਨੇ ‘ਸਦਭਾਵਨਾ ਦਿਵਸ‘ ਮਨਾ ਨੇ ਸ਼ਾਂਤਮਈ ਸੰਘਰਸ਼ ਦਾ ਸੁਨੇਹਾ ਦਿੱਤਾ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸ਼ਾਂਤਮਈ ਤਰੀਕੇ ਨਾਲ ਇਹ ਅੰਦੋਲਨ ਚਲਾ ਕੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਏ ਜਾਣਗੇ। ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸਦਭਾਵਨਾ ਦਿਵਸ ਮਨਾਉਂਦਿਆਂ ਕਿਸਾਨਾਂ ਨੇ ਵਰਤ ਰੱਖੇ।
ਸਿੰਘੂ ਬਾਰਡਰ ‘ਤੇ ਭੁੱਖ ਹੜਤਾਲ ਵਿਚ ਕਿਸਾਨ ਆਗੂ ਸ਼ਾਮਲ ਹੋਏ ਅਤੇ ਉਨ੍ਹਾਂ ਆਪਣੇ ਭਾਸ਼ਣਾਂ ਨਾਲ ਕਿਸਾਨਾਂ ਵਿਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਰਦਾਸ ਕਰਕੇ ਕਿਸਾਨਾਂ ਨੂੰ ਭੁੱਖ ਹੜਤਾਲ ਉਪਰ ਬਿਠਾਇਆ ਗਿਆ।
ਉਧਰ, ਗਾਜੀਪੁਰ ਅਤੇ ਹੋਰ ਬਾਰਡਰਾਂ ‘ਤੇ ਕਿਸਾਨਾਂ ਦੀ ਗਿਣਤੀ ਵਧਣ ਕਰਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹੰਝੂ ਵਹਿਣ ਦਾ ਅਸਰ ਸਭ ਨੇ ਦੇਖ ਲਿਆ ਹੈ ਅਤੇ ਹੁਣ ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਹਿੰਸਾ ਦੇ ਮਾਮਲੇ ਵਿਚ ਮੁਕੱਦਮਾ ਦਰਜ ਹੋਣ ‘ਤੇ ਉਨ੍ਹਾਂ ਕਿਹਾ,”ਹੁਣ ਜੇਲ੍ਹਾਂ ਵੀ ਭਰੀਆਂ ਜਾਣਗੀਆਂ ਅਤੇ ਅੰਦੋਲਨ ਵੀ ਚੱਲੇਗਾ ਨਾਲ ਹੀ ਕਾਨੂੰਨ ਦੀ ਪਾਲਣਾ ਵੀ ਕੀਤੀ ਜਾਵੇਗੀ। ਜੇਕਰ ਜੇਲ੍ਹ ਜਾਣਾ ਪਿਆ ਤਾਂ ਅੰਦੋਲਨ ਕਿਸਾਨ ਚਲਾਉਣਗੇ।“ ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨਾਲ ਜੁੜੇ ਲੋਕਾਂ ਨੂੰ ਮੰਚ ਉਪਰ ਥਾਂ ਨਹੀਂ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਸਿਆਸੀ ਧਿਰ ਨੂੰ ਵੋਟਾਂ ਦੇਣ ਦਾ ਕੋਈ ਸੁਨੇਹਾ ਜਾਂ ਸੱਦਾ ਦਿੱਤਾ ਜਾ ਰਿਹਾ ਹੈ।
__________________________________________
ਸਰਕਾਰ ਧਿਆਨ ਭਟਕਾਉਣਾ ਚਾਹੁੰਦੀ: ਜਗੀਰ ਕੌਰ
ਕਿਸਾਨ ਅੰਦੋਲਨ ਦੌਰਾਨ ਕੇਸਰੀ ਝੰਡੇ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤੇ ਜਾਣ ‘ਤੇ ਇਤਰਾਜ਼ ਜਤਾਉਂਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਆਖਿਆ ਕਿ ਕਿਸਾਨ ਸੰਘਰਸ਼ ਨੂੰ ਜਾਣਬੁਝ ਕੇ ਫਿਰਕੂ ਰੰਗਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦਾ ਧਿਆਨ ਕਿਸਾਨ ਸੰਘਰਸ਼ ਤੋਂ ਹਟਾਉਣ ਲਈ ਨਿਸ਼ਾਨ ਸਾਹਿਬ ਦੇ ਮੁੱਦੇ ਨੂੰ ਉਭਾਰ ਰਹੀ ਹੈ ਜਦਕਿ ਲਾਲ ਕਿਲੇ ‘ਤੇ ਤਿਰੰਗੇ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਦਿਆਂ ਕੇਸਰੀ ਨਿਸ਼ਾਨ ਅਤੇ ਕਿਸਾਨੀ ਝੰਡਾ ਲਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਪੁਲਿਸ ਨੇ ਲੋਕਾਂ ਨੂੰ ਖੁਦ ਲਾਲ ਕਿਲੇੇ ਦਾ ਰਸਤਾ ਦਿੱਤਾ ਸੀ।