ਦਿੱਲੀ ਹਿੰਸਾ: ਲਾਪਤਾ ਨੌਜਵਾਨਾਂ ਦੀ ਗਿਣਤੀ ਬਾਰੇ ਭੰਬਲਭੂਸਾ

ਅੰਮ੍ਰਿਤਸਰ: ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਅਤੇ ਸਿੰਘੂ ਤੇ ਟਿਕਰੀ ਬਾਰਡਰ ‘ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਲਾਪਤਾ ਕਿਸਾਨਾਂ ਤੇ ਨੌਜਵਾਨਾਂ ਬਾਰੇ ਅਜੇ ਵੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਇਸ ਮਾਮਲੇ ਵਿਚ ਨਾ ਤਾਂ ਸਰਕਾਰ ਸਪੱਸ਼ਟ ਕਰ ਰਹੀ ਹੈ ਅਤੇ ਨਾ ਹੀ ਲਾਪਤਾ ਵਿਅਕਤੀਆਂ ਦੇ ਵਾਰਸਾਂ ਨੂੰ ਕੋਈ ਜਾਣਕਾਰੀ ਮਿਲ ਰਹੀ ਹੈ।
ਵੇਰਵਿਆਂ ਮੁਤਾਬਕ ਹੁਣ ਤੱਕ ਲਗਭਗ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਪਤਾ ਲੱਗਾ ਹੈ।

ਗ੍ਰਿਫਤਾਰ ਵਿਅਕਤੀਆਂ ਦੇ ਵੇਰਵਿਆਂ ਬਾਰੇ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਸੂਚੀਆਂ ਵੀ ਵਾਇਰਲ ਹੋਈਆਂ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਆਪਣੇ ਲਾਪਤਾ ਮੈਂਬਰਾਂ ਬਾਰੇ ਪਤਾ ਲੱਗ ਰਿਹਾ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਅਜਿਹੇ 40 ਵਿਅਕਤੀਆਂ ਦੀ ਇਕ ਸੂਚੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ 33 ਵਿਅਕਤੀਆਂ ਅਤੇ ਇਸ ਤੋਂ ਪਹਿਲਾਂ 45 ਹੋਰ ਵਿਅਕਤੀਆਂ ਦੀ ਇਕ ਸੂਚੀ ਨੂੰ ਆਪਣੇ ਫੇਸਬੁੱਕ ਖਾਤੇ ਰਾਹੀਂ ਜਨਤਕ ਕੀਤਾ ਗਿਆ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਵਲੋਂ ਅੱਜ ਜਨਤਕ ਕੀਤੀ ਗਈ 33 ਵਿਅਕਤੀਆਂ ਦੀ ਸੂਚੀ ਵਿਚ ਮਾਨਸਾ ਜ਼ਿਲ੍ਹੇ ਦੇ 7, ਸੰਗਰੂਰ ਦੇ 5, ਮੋਹਾਲੀ ਦੇ 2, ਫਤਹਿਗੜ੍ਹ ਸਾਹਿਬ ਦੇ 2, ਮੋਗਾ ਦੇ 2 , ਪਟਿਆਲਾ ਦੇ ਤਿੰਨ, ਹਰਿਆਣਾ ਦੇ 4, ਨਵਾਂਸ਼ਹਿਰ ਦਾ ਇਕ, ਲੁਧਿਆਣਾ ਦੇ 2, ਗੁਰਦਾਸਪੁਰ ਦੇ ਤਿੰਨ, ਪੱਟੀ 1 ਅਤੇ ਬਠਿੰਡਾ ਦੇ ਇਕ ਵਿਅਕਤੀ ਦਾ ਨਾਂ ਸ਼ਾਮਲ ਹਨ। ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਜਾਰੀ ਸੂਚੀ ਮੁਤਾਬਕ ਦਿੱਲੀ ਪੁਲਿਸ ਨੇ ਵੱਖ-ਵੱਖ ਥਾਣਿਆਂ ਵਿਚ ਛੇ ਐਫ.ਆਈ.ਆਰ. ਦਰਜ ਕੀਤੀਆਂ ਹਨ ਜਿਨ੍ਹਾਂ ਵਿਚ ਲਗਭਗ 40 ਵਿਅਕਤੀਆਂ ਦੇ ਵੇਰਵੇ ਦਰਜ ਹਨ। ਇਸ ਸੂਚੀ ਮੁਤਾਬਕ ਐਫ.ਆਈ.ਆਰ. ਨੰਬਰ 43, ਜੋ ਥਾਣਾ ਅਲੀਪੁਰ ਵਿਖੇ ਦਰਜ ਹੈ, ਵਿਚ ਮਾਨਸਾ ਜ਼ਿਲ੍ਹੇ ਦੇ ਦੋ ਵਿਅਕਤੀ, ਐਫ.ਆਈ.ਆਰ. ਨੰਬਰ 44, ਜੋ ਥਾਣਾ ਨਜਫਗੜ੍ਹ (ਦੁਆਰਕਾ) ਵਿਖੇ ਦਰਜ ਹੈ, ਵਿਚ ਸੱਤ ਵਿਅਕਤੀ, ਐਫ.ਆਈ.ਆਰ. ਨੰਬਰ 48, ਜੋ ਥਾਣਾ ਉੱਤਮ ਨਗਰ ਵਿਖੇ ਦਰਜ ਹੈ, ‘ਚ ਅੱਠ ਵਿਅਕਤੀ, ਐਫ.ਆਈ.ਆਰ. ਨੰਬਰ 46, ਜੋ ਥਾਣਾ ਨੰਗੋਲੀ ਵਿਖੇ ਦਰਜ ਹੈ, ਵਿਚ ਅੱਠ ਵਿਅਕਤੀ, ਐਫ.ਆਈ.ਆਰ. ਨੰਬਰ 41, ਜੋ ਥਾਣਾ ਸੀਮਾਪੁਰੀ ‘ਚ ਦਰਜ ਹੈ, ਵਿਚ ਤਿੰਨ ਵਿਅਕਤੀਆਂ ਬਾਰੇ ਵੇਰਵੇ ਸ਼ਾਮਲ ਹਨ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਉਹ ਇਸ ਮਾਮਲੇ ਵਿਚ ਲਗਾਤਾਰ ਪੁਲਿਸ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਅਤੇ ਨੌਜਵਾਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਟਿਕਰੀ ਅਤੇ ਸਿੰਘੂ ਬਾਰਡਰ ਤੋਂ ਗ੍ਰਿਫਤਾਰ ਕੁਝ ਨੌਜਵਾਨਾਂ ਦੀ ਜਾਣਕਾਰੀ ਵੀ ਮਿਲੀ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਲਗਭਗ 200 ਤੋਂ ਵੱਧ ਵਿਅਕਤੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਮਦਦ ਲਈ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੁਫਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਨੂੰ ਉਹ ਤਿਹਾੜ ਜੇਲ੍ਹ ਵਿਚ ਮਿਲੇ ਹਨ, ਜੋ ਚੜ੍ਹਦੀ ਕਲਾ ਵਿਚ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਐਡਵੋਕੇਟ ਸਰਬਜੀਤ ਸਿੰਘ ਨੇ ਆਖਿਆ ਕਿ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਪਰ ਹੁਣ ਤੱਕ ਲਾਪਤਾ ਅਤੇ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਾ ਤਾਂ ਪੁਲਿਸ ਅਤੇ ਨਾ ਹੀ ਸਰਕਾਰ ਵਲੋਂ ਸਪੱਸ਼ਟ ਕੀਤਾ ਜਾ ਰਿਹਾ ਹੈ।
_________________________________________
ਨੌਜਵਾਨਾਂ ਦੀ ਭਾਲ ਲਈ 5 ਮੈਂਬਰੀ ਕਮੇਟੀ ਕਾਇਮ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਵਿੱਚ ਹੋਈ ਹਿੰਸਾ ਤੇ ਲਾਲ ਕਿਲੇ ਦੀ ਘਟਨਾ ਮਗਰੋਂ ਲਾਪਤਾ ਨੌਜਵਾਨਾਂ ਦਾ ਥਹੁ-ਪਤਾ ਲਾਉਣ ਤੇ ਉਨ੍ਹਾਂ ਬਾਰੇ ਜਾਣਕਾਰੀ ਇਕੱਤਰ ਕਰਨ ਤੇ ਹੋਰ ਚਾਰਾਜੋਈ ਲਈ 5 ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਹੈ। ਕਮੇਟੀ ਵਿਚ ਪ੍ਰੇਮ ਸਿੰਘ ਭੰਗੂ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਅਵਤਾਰ ਸਿੰਘ, ਕਿਰਨਜੋਤ ਸਿੰਘ ਸੇਖੋਂ ਤੇ ਬਲਜੀਤ ਸਿੰਘ ਸ਼ਾਮਲ ਹਨ। ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਹਿੰਸਾ ਦੀ ਘਟਨਾ ਮਗਰੋਂ ਹੁਣ ਤੱਕ 100 ਤੋਂ ਵੱਧ ਲੋਕ ਲਾਪਤਾ ਹਨ। ਉਨ੍ਹਾਂ ਕਿਹਾ ਕਿ ਲਾਪਤਾ ਵਿਅਕਤੀ ਬਾਰੇ ਜਾਣਕਾਰੀ ਮੋਬਾਈਲ ਨੰਬਰ 81980-22033 ‘ਤੇ ਸਾਂਝੀ ਕੀਤੀ ਜਾਵੇ।