ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਕਿਸਾਨ ਅੰਦੋਲਨ ਦੌਰਾਨ ਪੰਜਾਬ ‘ਚ ਤਕਰੀਬਨ ਚਾਰ ਦਰਜਨ ਗੋਦਾਮਾਂ ‘ਤੇ ਛਾਪੇ ਮਾਰੇ ਗਏ ਹਨ, ਜਿਨ੍ਹਾਂ ‘ਤੇ ਪੰਜਾਬ ਸਰਕਾਰ ਨੇ ਪੂਰੀ ਨਜ਼ਰ ਰੱਖੀ। ਕਿਸਾਨ ਘੋਲ ਦੌਰਾਨ ਇਨ੍ਹਾਂ ਛਾਪਿਆਂ ਨੂੰ ਸ਼ੱਕੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਸੀ.ਬੀ.ਆਈ. ਨੇ ਤੜਕਸਾਰ ਤੋਂ ਹੀ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ‘ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ।
ਸੀ.ਆਰ.ਪੀ.ਐਫ. ਦੀ ਸੁਰੱਖਿਆ ਛੱਤਰੀ ਹੇਠ ਇਹ ਅਪਰੇਸ਼ਨ ਪੂਰਾ ਦਿਨ ਚੱਲਦਾ ਰਿਹਾ। ਵੇਰਵਿਆਂ ਅਨੁਸਾਰ ਸੀ.ਬੀ.ਆਈ. ਵੱਲੋਂ ਫਿਲਹਾਲ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿਚ ਪਏ ਕਣਕ ਅਤੇ ਚੌਲਾਂ ਦੇ ਭੰਡਾਰ ਦੀ ਮਿਕਦਾਰ ਤੇ ਗੁਣਵੱਤਾ ਚੈੱਕ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਕਣਕ ਤੇ ਚੌਲਾਂ ਦੇ ਨਮੂਨੇ ਲਏ ਜਾ ਰਹੇ ਹਨ। ਅਨਾਜ ਭੰਡਾਰਨ ਦਾ ਰਿਕਾਰਡ ਨਾਲ ਮਿਲਾਣ ਵੀ ਕੀਤਾ ਜਾ ਰਿਹਾ ਹੈ। ਸੀ.ਬੀ.ਆਈ. ਦੀਆਂ ਕਈ ਟੀਮਾਂ ਵੱਲੋਂ ਇਕੋ ਸਮੇਂ ਚੈਕਿੰਗ ਸ਼ੁਰੂ ਕੀਤੀ ਗਈ ਹੈ। ਉਸ ਅਨਾਜ ਦੇ ਨਮੂਨੇ ਵੀ ਲਏ ਗਏ ਹਨ, ਜੋ ਐਫ.ਸੀ.ਆਈ. ਦਾ ਪਨਗਰੇਨ ਤੇ ਵੇਅਰਹਾਊਸ ਦੇ ਗੋਦਾਮਾਂ ਵਿਚ ਪਿਆ ਹੈ।
ਪੰਜਾਬ ਸਰਕਾਰ ਕੋਲ ਜੋ ਕਣਕ ਪਈ ਹੈ, ਉਸ ਦੇ ਨਮੂਨੇ ਹਾਲੇ ਨਹੀਂ ਭਰੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ, ਪਟਿਆਲਾ ਦੇ ਨਾਭਾ ਤੇ ਸਮਾਣਾ, ਫਿਰੋਜ਼ਪੁਰ ਦੇ ਪਿੰਡ ਗੋਖੀਵਾਲਾ, ਮੋਗਾ ਦੇ ਪਿੰਡ ਢੁੱਡੀਕੇ ਅਤੇ ਤਰਨ ਤਾਰਨ ਆਦਿ ਵਿਚ ਐਫ.ਸੀ.ਆਈ. ਦੇ ਗੋਦਾਮਾਂ ‘ਤੇ ਛਾਪੇ ਮਾਰੇ ਗਏ ਹਨ। ਭਾਰਤੀ ਖੁਰਾਕ ਨਿਗਮ ਦੇ ਅਧਿਕਾਰੀ ਵੀ ਛਾਪਿਆਂ ਦੌਰਾਨ ਹਾਜ਼ਰ ਰਹੇ। ਚੈਕਿੰਗ ਦੌਰਾਨ ਸਾਲ 2019-20 ਅਤੇ ਸਾਲ 2020-21 ਦੀ ਕਣਕ ਅਤੇ ਚੌਲ ਦੇ ਨਮੂਨੇ ਲਏ ਗਏ ਹਨ।
ਸੀ.ਬੀ.ਆਈ. ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ‘ਚੋਂ ਭਾਰਤੀ ਖੁਰਾਕ ਨਿਗਮ ਵੱਲੋਂ ਖਰੀਦ ਕੀਤੀ ਕਣਕ ਅਤੇ ਚੌਲ ਦੀ ਮਿਕਦਾਰ ਅਤੇ ਗੁਣਵੱਤਾ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਸੀ.ਬੀ.ਆਈ. ਵੱਲੋਂ ਉਸ ਅਨਾਜ ‘ਤੇ ਵੀ ਸ਼ੱਕੀ ਨਜ਼ਰ ਰੱਖੀ ਜਾ ਰਹੀ ਹੈ ਜੋ ਬਿਹਾਰ ‘ਚੋਂ ਪੰਜਾਬ ਪੁੱਜਿਆ ਸੀ। ਪਤਾ ਲੱਗਾ ਹੈ ਕਿ ਇਕ ਅੱਧੀ ਥਾਂ ‘ਤੇ ਇਹ ਸ਼ੱਕ ਹਕੀਕਤ ‘ਚ ਵੀ ਬਦਲਿਆ ਹੈ ਪਰ ਪੁਸ਼ਟੀ ਨਹੀਂ ਹੋ ਸਕੀ। ਚਰਚੇ ਰਹੇ ਕਿ ਕਿਸਾਨੀ ਘੋਲ ਦੌਰਾਨ ਸੀ.ਬੀ.ਆਈ. ਦੀ ਪੰਜਾਬ ‘ਚ ਆਮਦ ਦੀ ਖੈਰ ਨਹੀਂ ਜਾਪ ਰਹੀ।
ਸੀ.ਬੀ.ਆਈ. ਟੀਮਾਂ ਨੇ ਪੰਜਾਬ ਵਿਚ ਕਰੀਬ 45 ਗੋਦਾਮਾਂ ਵਿਚ ਚੈਕਿੰਗ ਕੀਤੀ ਹੈ ਜਦੋਂ ਕਿ 10 ਕੁ ਥਾਵਾਂ ‘ਤੇ ਹਰਿਆਣਾ ਵਿਚ ਵੀ ਚੈਕਿੰਗ ਹੋਈ ਹੈ। ਹਰਿਆਣਾ ਦੇ ਸਿਰਸਾ, ਪੰਨੀਵਾਲਾ ਅਤੇ ਏਲਨਾਬਾਦ ਵਿਚ ਛਾਪੇ ਮਾਰੇ ਗਏ। ਦੋਵੇਂ ਸੂਬਿਆਂ ਵਿਚ ਛਾਪੇਮਾਰੀ ਕਰਕੇ ਭਾਰਤੀ ਖੁਰਾਕ ਨਿਗਮ ਦੇ ਅਧਿਕਾਰੀਆਂ ਦੇ ਸਾਹ ਸੁੱਕੇ ਰਹੇ। ਪਤਾ ਲੱਗਾ ਹੈ ਕਿ ਸੀ.ਬੀ.ਆਈ. ਨੇ ਚੈਕਿੰਗ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਭਰੋਸੇ ਵਿਚ ਨਹੀਂ ਲਿਆ। ਹਾਲਾਂਕਿ ਪਿਛੇ ਜਿਹੇ ਹੀ ਪੰਜਾਬ ਸਰਕਾਰ ਨੇ ਸੀ.ਬੀ.ਆਈ. ਲਈ ਪੰਜਾਬ ਲਈ ਰਾਜ ਸਰਕਾਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਕਰ ਦਿੱਤੀ ਸੀ।
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ ਜੋ ਕਿਸਾਨੀ ਘੋਲ ਕਰਕੇ ਮੌਜੂਦਾ ਹਾਲਾਤ ਚੱਲ ਰਹੇ ਹਨ, ਉਨ੍ਹਾਂ ਮੁਤਾਬਕ ਛਾਪਿਆਂ ‘ਤੇ ਸ਼ੱਕ ਜਾਣਾ ਤਾਂ ਕੁਦਰਤੀ ਹੈ ਪਰ ਹਾਲੇ ਕੇਂਦਰ ਦੀ ਇਸ ਪਿੱਛੇ ਨੀਅਤ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਐਫ.ਸੀ.ਆਈ. ਦਾ ਅਨਾਜ ਹੀ ਚੈੱਕ ਕਰ ਰਹੇ ਹਨ। ਉਨ੍ਹਾਂ ਦੇ ਵਿਭਾਗ ਨੇ ਨਿਗ੍ਹਾ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਵੱਲੋਂ ਐਫ.ਸੀ.ਆਈ. ਦਾ ਅਨਾਜ ਹੀ ਚੈੱਕ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਸਰਕਾਰ ਤੋਂ ਅਗਾਊਂ ਪ੍ਰਵਾਨਗੀ ਲੈਣ ਦੀ ਕੋਈ ਲੋੜ ਨਹੀਂ ਹੈ।
____________________________________________
ਅੰਦੋਲਨ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਰਗਰਮ ਹੋਏ ਕਿਸਾਨ ਆਗੂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹੋਣ ਬਾਰੇ ਦਿੱਤੇ ਬਿਆਨ ‘ਤੇ ਟਿੱਪਣੀ ਕਰਦਿਆਂ ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਪਹਿਲਾਂ ਗੱਲਬਾਤ ਲਈ ਸਾਜ਼ਗਾਰ ਮਾਹੌਲ ਸਿਰਜੇ ਤੇ ਹੁਣ ਤੱਕ ਕੀਤੇ ਜਾਬਰ ਫੈਸਲੇ ਵਾਪਸ ਲਏ। ਇਥੇ ਟਿਕਰੀ ਬਾਰਡਰ ‘ਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਕ ਪਾਸੇ ਤਾਂ ਕਿਸਾਨਾਂ ‘ਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਤਹਿਤ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਸੁੱਟਿਆ ਹੋਇਆ ਹੈ ਤੇ ਪੁਰਅਮਨ ਕਿਸਾਨਾਂ ਉਪਰ ਆਰ.ਐਸ.ਐਸ. ਦੇ ਗੁੰਡਾ ਟੋਲਿਆਂ ਵੱਲੋਂ ਹਮਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿਚ ਸਰਕਾਰ ਨਾਲ ਗੱਲਬਾਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਦਰਮਿਆਨ ਪ੍ਰਧਾਨ ਮੰਤਰੀ ਦਾ ਮਤਲਬ ਸਾਫ ਹੈ ਕਿ ਕਿਸਾਨਾਂ ਨੂੰ ਜਬਰ ਦੀ ਮਾਰ ਹੇਠ ਲਿਆ ਕੇ ਪਹਿਲਾਂ ਕੀਤੀਆਂ ਪੇਸ਼ਕਸ਼ਾਂ ‘ਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਬਲਾਂ ਦੇ ਜੋਰ ‘ਤੇ ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਦਾ ਯਤਨ ਕੀਤਾ ਜਾ ਰਿਹੈ ਅਤੇ ਆਰ.ਐਸ.ਐਸ. ਦੇ ਟੋਲੇ ਕਿਸਾਨਾਂ ਦੇ ਸੰਘਰਸ਼ ਨੂੰ ਦੇਸ਼ਧ੍ਰੋਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੰਟਰਨੈੱਟ ਬੰਦ ਕਰ ਕੇ ਕਿਸਾਨਾਂ ਦੀ ਆਵਾਜ਼ ਨੂੰ ਮੁਲਕ ਅੰਦਰ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ।