2022 ਵਿਚ ਜੀ.ਡੀ.ਪੀ. 11 ਫੀਸਦੀ ਰਹਿਣ ਦੀ ਪੇਸ਼ੀਨਗੋਈ

ਨਵੀਂ ਦਿੱਲੀ: ਸੰਸਦ ਵਿਚ ਈ-ਫਾਰਮੈਟ ਵਿਚ ਰੱਖੇ ਗਏ ਆਰਥਿਕ ਸਰਵੇਖਣ ਵਿਚ ਅਗਲੇ ਵਿੱਤੀ ਸਾਲ (2022-23) ਵਿਚ ਭਾਰਤ ਦੀ ਵਿਕਾਸ ਦਰ (ਜੀ.ਡੀ.ਪੀ.) 11 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ (ਕਰੋਨਾ) ਮਹਾਮਾਰੀ ਦੇ ਝੰਬੇ ਅਰਥਚਾਰੇ ਵਿਚ ‘ਵੀ-ਆਕਾਰ` ਦਾ ਸੁਧਾਰ ਵੇਖਿਆ ਗਿਆ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਸਦਨ ਵਿਚ ਰੱਖੇ ਆਰਥਿਕ ਸਰਵੇਖਣ 2020-21 ਮੁਤਾਬਕ 31 ਮਾਰਚ 2021 ਨੂੰ ਖਤਮ ਹੋ ਰਹੇ ਮੌਜੂਦਾ ਵਿੱਤੀ ਸਾਲ ਵਿਚ ਦੇਸ਼ ਦੀ ਵਿਕਾਸ ਦਰ ਦੇ ਰਿਕਾਰਡ ਮਨਫੀ 7.7 ਫੀਸਦ ਰਹਿਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਵਿੱਤੀ ਸਾਲ 1979-80 ਵਿਚ ਭਾਰਤ ਦੀ ਜੀ.ਡੀ.ਪੀ. ਮਨਫੀ 5.2 ਫੀਸਦ ਰਹੀ ਸੀ।
ਆਰਥਿਕ ਸਰਵੇਖਣ ਮੁਤਾਬਕ ਲੌਕਡਾਊਨ ਦੌਰਾਨ ਖੇਤੀ ਸੈਕਟਰ ਹੀ ਇਕੋ-ਇਕ ਅਜਿਹਾ ਖੇਤਰ ਸੀ, ਜਿਥੇ ਤੇਜੀ ਨਾਲ ਵਾਧਾ ਬਰਕਰਾਰ ਰਿਹਾ ਜਦੋਂਕਿ ਸੇਵਾਵਾਂ, ਨਿਰਮਾਣ ਤੇ ਉਸਾਰੀ ਖੇਤਰ ਨੂੰ ਕੋਵਿਡ-19 ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਆਇਦ ਤਾਲਾਬੰਦੀ ਦੀ ਸਭ ਤੋਂ ਵੱਧ ਮਾਰ ਪਈ। ਅਪਰੈਲ ਤੋਂ ਨਵੰਬਰ 2020 ਤੱਕ ਉਪਲਬਧ ਰੁਝਾਨਾਂ ਦੇ ਆਧਾਰ ‘ਤੇ ਮੌਜੂਦਾ ਵਿੱਤੀ ਸਾਲ ਦੌਰਾਨ ਵਿੱਤੀ ਘਾਟਾ ਨਿਰਧਾਰਿਤ ਟੀਚੇ ਨਾਲੋਂ ਵੱਧ ਰਹਿਣ ਦਾ ਅਨੁਮਾਨ ਹੈ। ਸਰਵੇਖਣ ਕਹਿੰਦਾ ਹੈ ਕਿ ਵਸਤਾਂ ਤੇ ਸੇਵਾਵਾਂ ਦੀ ਦਰਾਮਦ ਦੇ ਰੁਝਾਨ ਨੂੰ ਵੇਖਦਿਆਂ ਅਜਿਹੀ ਆਸ ਕੀਤੀ ਜਾਂਦੀ ਹੈ ਕਿ 17 ਸਾਲਾਂ ਦੇ ਵਕਫੇ ਮਗਰੋਂ ਮੌਜੂਦਾ ਵਿੱਤੀ ਸਾਲ ਵਿੱਚ ਚਾਲੂ ਖਾਤੇ ਵਿਚ ਸਾਲਾਨਾ ਸਰਪਲੱਸ ਰਹੇਗਾ, ਜੋ ਜੀ.ਡੀ.ਪੀ. ਦਾ ਘੱਟੋ-ਘੱਟ 2 ਫੀਸਦ ਹੋਵੇਗਾ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਵਿੱਤੀ ਸਾਲ ਵਿਚ ਵਿਕਾਸ ਦਰ ਮਨਫੀ 7.7 ਫੀਸਦ ਰਹਿਣ ਦਾ ਮੁੱਖ ਕਾਰਨ ਮਹਾਮਾਰੀ ਕਰਕੇ ਆਮ ਸਰਗਰਮੀਆਂ ਵਿਚ ਪਿਆ ਅੜਿੱਕਾ ਹੈ।
ਸਰਵੇਖਣ ਵਿਚ ਅਗਲੇ ਦੋ ਸਾਲਾਂ ਵਿਚ ਭਾਰਤੀ ਅਰਥਚਾਰੇ ਦੇ ਤੇਜੀ ਨਾਲ ਵਧਣ ਫੁੱਲਣ ਦੀ ਉਮੀਦ ਜਤਾਈ ਗਈ ਹੈ। ਚੇਤੇ ਰਹੇ ਕਿ ਕੌਮਾਂਤਰੀ ਮੁਦਰਾ ਫੰਡ ਨੇ ਪਿਛਲੇ ਹਫਤੇ ਭਾਰਤ ਦੀ ਵਿਕਾਸ ਦਰ 11.5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। ਕੌਮੀ ਅੰਕੜਾ ਦਫਤਰ (ਐਨ.ਐਸ.ਓ.) ਵੱਲੋਂ ਜਾਰੀ ਕੌਮੀ ਆਮਦਨ ਦੇ ਅਗਾਊਂ ਅਨੁਮਾਨਾਂ ਮੁਤਾਬਕ ਭਾਰਤ ਦੀ ਜੀ.ਡੀ.ਪੀ. ਰਿਕਾਰਡ ਮਨਫੀ 7.7 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉਧਰ, ਕੁਝ ਹੋਰਨਾਂ ਆਲਮੀ ਏਜੰਸੀਆਂ ਵੱਲੋਂ ਲਾਏ ਅਨੁਮਾਨਾਂ ਵਿਚ ਵੀ ਵਿੱਤੀ ਸਾਲ 2020-21 ਵਿਚ ਭਾਰਤ ਦੀ ਆਰਥਿਕ ਵਿਕਾਸ ਦਰ ਸੁੰਗੜਨ ਦਾ ਦਾਅਵਾ ਕੀਤਾ ਗਿਆ ਹੈ।
_________________________________________
ਵਿਅਕਤੀਗਤ ਸਿਹਤ ਸੂਚੀ ‘ਚ ਭਾਰਤ ਨੂੰ 10ਵਾਂ ਸਥਾਨ
ਨਵੀਂ ਦਿੱਲੀ: ਵਿਅਕਤੀਗਤ ਸਿਹਤ ਸੇਵਾ ਦੀ ਤਰੱਕੀ ਨੂੰ ਲੈ ਕੇ ਹਾਲ ਹੀ ‘ਚ ਜਾਰੀ ਕੀਤੀ ਗਈ ਏਸ਼ੀਆ-ਪ੍ਰਸ਼ਾਂਤ ਦੇ 11 ਦੇਸ਼ਾਂ ਦੀ ਸੂਚੀ ‘ਚ ਭਾਰਤ 10ਵੇਂ ਸਥਾਨ ‘ਤੇ ਰਿਹਾ। ਇਕੌਨਮਿਸਟ ਇੰਟੈਲੀਜੈਂਸ ਯੂਨਿਟ (ਈ.ਆਈ.ਯੂ.) ਨੇ ਆਪਣੀ ਏਸ਼ੀਆ-ਪ੍ਰਸ਼ਾਂਤ ਵਿਅਕਤੀਗਤ ਸਿਹਤ ਸੂਚੀ ਰਿਪੋਰਟ ‘ਚ ਇਸ ਖੇਤਰ ਦੇ 11 ਮੁਲਕਾਂ ਦੀ ਸਿਹਤ ਸੇਵਾ ਨਾਲ ਸਬੰਧਤ ਤਿਆਰੀਆਂ ਦਾ ਜਾਇਜ਼ਾ ਲਿਆ। ਇਨ੍ਹਾਂ ਮੁਲਕਾਂ ‘ਚ ਆਸਟਰੇਲੀਆ, ਚੀਨ, ਜਪਾਨ, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਦੱਖਣੀ ਕੋਰੀਆ, ਤਾਇਵਾਨ, ਥਾਈਲੈਂਡ ਅਤੇ ਨਿਊਜੀਲੈਂਡ ਸ਼ਾਮਲ ਹੈ। ਇਸ ਦੌਰਾਨ ਸਹੀ ਸਮੇਂ ‘ਤੇ ਸਹੀ ਵਿਅਕਤੀ ਨੂੰ ਢੁਕਵੀਂ ਸਿਹਤ ਸੇਵਾ ਮੁਹੱਈਆ ਕਰਨ ਬਾਰੇ ਮੁਲਾਂਕਣ ਕੀਤਾ ਗਿਆ। ਰਿਪੋਰਟ ਅਨੁਸਾਰ ਸਿਹਤ ਸੂਚਨਾ ਤਹਿਤ ਭਾਰਤ 41 ਅੰਕਾਂ ਨਾਲ 10ਵੇਂ ਸਥਾਨ ‘ਤੇ ਰਿਹਾ ਜਦਕਿ ਸਿਹਤ ਸੇਵਾਵਾਂ ਤਹਿਤ ਭਾਰਤ 24 ਅੰਕਾਂ ਨਾਲ 11ਵੇਂ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਵਿਅਕਤੀਗਤ ਤਕਨੀਕ ਤਹਿਤ ਭਾਰਤ 30 ਅੰਕਾਂ ਨਾਲ 9ਵੇਂ ਸਥਾਨ ਜਦਕਿ ਨੀਤੀ ਸੰਦਰਭ ਤਹਿਤ ਭਾਰਤ 48 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਿਹਾ। ਇਸ ਸੂਚੀ ‘ਚ ਪਹਿਲੇ ਸਥਾਨ ‘ਤੇ ਸਿੰਗਾਪੁਰ ਜਦਕਿ ਆਖਰੀ ਸਥਾਨ ‘ਤੇ ਇੰਡੋਨੇਸ਼ੀਆ ਰਿਹਾ।