ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹਾ ਪੜ੍ਹਿਆ ਨਾਉ

ਡਾ. ਗੁਰਨਾਮ ਕੌਰ, ਕੈਨੇਡਾ
ਗੁਰੂ ਨਾਨਕ ਸਾਹਿਬ ਦਾ ਇਹ ਸਲੋਕ ਉਨ੍ਹਾਂ ਦੀ ਰਚੀ ‘ਵਾਰ ਮਲਾਰ ਕੀ’ ਦਾ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਨੇ ਆਗਾਹ ਕੀਤਾ ਹੈ ਕਿ ਹਰਨ, ਬਾਜ ਅਤੇ ਅਹਿਲਕਾਰ-ਇਨ੍ਹਾਂ ਨੂੰ ਪੜੇ੍ਹ ਹੋਏ ਅਰਥਾਤ ਸਿੱਖਿਅਤ ਮੰਨਿਆ ਜਾਂਦਾ ਹੈ; ਪਰ ਇਹ ਕਿਹੋ ਜਿਹੇ ਸਿੱਖਿਅਤ ਜਾਂ ਪੜ੍ਹੇ ਹੋਏ ਹੋਣਾ ਹੈ? ਕਿਉਂਕਿ ਇਹ ਸਿੱਖਿਆ ਤਾਂ ਫਾਹੀ ਬਣ ਜਾਂਦੀ ਹੈ, ਜਿਸ ਰਾਹੀਂ ਉਹ ਆਪਣੇ ਹੀ ਜਾਤਿ-ਭਰਾਵਾਂ ਜਾਂ ਸਾਥੀਆਂ ਨੂੰ ਫਸਾਉਂਦੇ ਹਨ ਅਤੇ ਅਕਾਲ ਪੁਰਖ ਦੀ ਹਜ਼ੂਰੀ ਵਿਚ ਅਜਿਹੇ ਵਿਅਕਤੀ ਕਬੂਲ ਨਹੀਂ ਹੁੰਦੇ।

ਗੁਰੂ ਨਾਨਕ ਦੇਵ ਜੀ ਅਨੁਸਾਰ ਅਸਲੀ ਵਿਦਵਾਨ ਜਾਂ ਪੰਡਿਤ ਉਹ ਹੈ, ਜਿਸ ਨੇ ਆਪਣੇ ਅੰਦਰ ਨਾਮ ਦੀ ਕਮਾਈ ਕੀਤੀ ਹੈ; ਉਹ ਸਿਆਣਾ ਹੈ, ਕਿਉਂਕਿ ਉਹ ਆਪਣੇ ਜੀਵਨ ਨੂੰ ਨਾਮ ਦਾ ਅਨੁਸਾਰੀ ਬਣਾਉਂਦਾ ਹੈ। ਗੁਰੂ ਸਾਹਿਬ ਸਪੱਸ਼ਟ ਕਰਦੇ ਹਨ ਕਿ ਪਹਿਲਾਂ ਜ਼ਮੀਨ ਦੇ ਅੰਦਰ ਜੜ੍ਹ ਜੰਮਦੀ ਹੈ ਅਤੇ ਫਿਰ ਉਸ ਤੋਂ ਰੁੱਖ ਉੱਗ ਕੇ ਬਾਹਰ ਛਾਂ ਦੇਣ ਜੋਗਾ ਹੁੰਦਾ ਹੈ। ਇਸ ਲਈ ਸੁਖਦਾਈ ਵਿੱਦਿਆ ਉਹ ਹੈ ਕਿ ਪਹਿਲਾਂ ਸਦੀਵੀ ਸੁੱਖ ਅਤੇ ਸੂਝ ਦੇਣ ਵਾਲਾ ਨਾਮ ਆਪਣੇ ਅੰਦਰ ਬੀਜੋ। ਗੁਰਬਾਣੀ ਅਨੁਸਾਰ ਸਤਿ, ਸੰਤੋਖ, ਗਿਆਨ, ਦਇਆ ਆਦਿ ਗੁਣ ਧਰਮੀ ਕਹਾਉਣ ਵਾਲੇ ਮਨੁੱਖ ਦੇ ਗੁਣ ਹਨ ਅਤੇ ਇਨ੍ਹਾਂ ਨੂੰ ਅਪਨਾਉਣਾ ਸਿੱਖ ਨੈਤਿਕਤਾ ਦਾ ਇੱਕ ਅਹਿਮ ਪੱਖ ਮੰਨਿਆ ਗਿਆ ਹੈ; ਇਨ੍ਹਾਂ ਗੁਣਾਂ ਦਾ ਆਧਾਰ ਨਾਮ ਹੈ, ਨਾਮ ਸਾਰੇ ਨੈਤਿਕ ਗੁਣਾਂ ਦਾ ਸੋਮਾ ਹੈ।
ਨਾਮ ਤੋਂ ਵਿਹੂਣੀ ਸਿੱਖਿਆ ਦਾ ਹਾਲ ਇਹ ਹੁੰਦਾ ਹੈ ਕਿ ਰਾਜੇ ਸ਼ੇਰਾਂ ਦੀ ਨਿਆਈਂ ਹਨ ਅਤੇ ਉਨ੍ਹਾਂ ਦੇ ਅਹਿਲਕਾਰ ਕੁੱਤੇ ਹਨ ਤੇ ਉਹ ਮਿਲ ਕੇ ਲੋਕਾਂ ਦਾ ਸਿ਼ਕਾਰ ਕਰਦੇ ਹਨ। ਜਿਵੇਂ ਸ਼ੇਰ ਆਪਣੀਆਂ ਨਹੁੰਦਰਾਂ ਨਾਲ ਸਿ਼ਕਾਰ ਕਰਦਾ ਹੈ, ਇਹ ਅਹਿਲਕਾਰ ਲੋਕਾਂ `ਤੇ ਜ਼ੁਲਮ ਕਰਨ ਲਈ ਰਾਜਿਆਂ ਨੂੰ ਨਹੁੰਦਰਾਂ ਦਾ ਕੰਮ ਦਿੰਦੇ ਹਨ, ਜਿਨ੍ਹਾਂ ਰਾਹੀਂ ਰਾਜੇ ਲੋਕਾਂ ਦਾ ਘਾਤ ਕਰਦੇ ਅਤੇ ਉਨ੍ਹਾਂ ਦਾ ਲਹੂ ਪੀਂਦੇ ਹਨ। ਹਰ ਇੱਕ ਦੀ ਪਰਖ ਮਨੁੱਖ ਦੇ ਆਪਣੇ ਕੀਤੇ ਕੰਮਾਂ ਅਨੁਸਾਰ ਹੋਣੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿੱਥੇ ਮਨੁੱਖ ਦੀ ਕਰਨੀ ਦੀ ਪਰਖ ਹੁੰਦੀ ਹੈ, ਉਥੇ ਅਜਿਹੇ ਸਿੱਖਿਅਤ ਬੰਦਿਆਂ ਨੂੰ ਬੇਇਤਬਾਰੇ ਅਤੇ ਨੱਕ-ਵੱਢੇ ਸਮਝਿਆ ਜਾਂਦਾ ਹੈ-ਭਾਵ ਜਿਹੜੇ ਸਿੱਖਿਅਤ ਆਪਣੇ ਸਾਥੀਆਂ ਨੂੰ ਫਸਾਉਣ ਦਾ ਕੰਮ ਕਰਦੇ ਹਨ, ਉਹ ਸਿੱਖਿਅਤ ਹੋ ਕੇ ਵੀ ਵਿਸ਼ਵਾਸ ਯੋਗ ਨਹੀਂ ਮੰਨੇ ਜਾਂਦੇ।
ਨਵੰਬਰ 2020 ਅਨੁਸਾਰ ਭਾਰਤ ਦੇ 28 ਪ੍ਰਾਂਤ ਅਤੇ 8 ਕੇਂਦਰ ਸ਼ਾਸਤ ਖੇਤਰ ਹਨ। ਹਰ ਖਿੱਤੇ ਦੀਆਂ ਫਸਲਾਂ, ਬੋਲੀ, ਪਹਿਰਾਵਾ, ਖਾਣ-ਪਾਣ, ਰਹਿਣ-ਸਹਿਣ, ਤਿੱਥ-ਤਿਉਹਾਰ ਵੱਖੋ-ਵੱਖਰਾ ਅਤੇ ਭਾਤ-ਸੁਭਾਂਤਾ ਹੈ। ਇਸ ਦੇ ਨਾਲ ਹੀ ਭਾਰਤ ਬਹੁ-ਭਾਸ਼ਾਈ, ਬਹੁ-ਸਭਿਆਚਾਰਕ ਹੋਣ ਦੇ ਨਾਲ ਨਾਲ ਬਹੁ-ਧਰਮੀ ਮੁਲਕ ਹੈ। ਪਾਕਿਸਤਾਨ ਬਣ ਜਾਣ ਤੋਂ ਬਾਅਦ ਇਸ ਵਿਚ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਬਹੁ-ਗਿਣਤੀ ਹੈ ਅਤੇ ਘੱਟ-ਗਿਣਤੀ ਭਾਈਚਾਰੇ ਵੱਜੋਂ ਦੂਸਰਾ ਮੁਸਲਿਮ ਭਾਈਚਾਰਾ ਹੈ। ਬਾਕੀ ਭਾਈਚਾਰਿਆਂ ਵਿਚੋਂ ਸਿੱਖਾਂ ਦੀ ਗਿਣਤੀ 20.8 ਮਿਲੀਅਨ ਅਤੇ ਕੁੱਲ ਜਨਸੰਖਿਆ ਦਾ ਕਰੀਬ 1.72% ਹੈ; ਇਸ ਵਿਚ ਈਸਾਈ, ਬੋਧੀ ਅਤੇ ਜੈਨ ਧਰਮ ਵੀ ਵਿਆਪਕ ਰੂਪ ਵਿਚ ਹਨ। ਇੱਕ ਵਿਸ਼ਾਲ ਮੁਲਕ ਹੋਣ ਦੇ ਨਾਤੇ ਭੂਗੋਲਿਕ ਦੂਰੀਆਂ ਕਾਰਨ ਇੱਕ ਖਿੱਤੇ ਦੇ ਸਭਿਅਚਾਰ ਤੋਂ ਦੂਰ-ਦੁਰਾਡੇ ਦੇ ਸਭਿਆਚਾਰਾਂ ਨਾਲ ਉਸ ਕਿਸਮ ਦਾ ਆਦਾਨ-ਪ੍ਰਦਾਨ ਅਤੇ ਅੰਤਰ-ਸੰਵਾਦ ਵਿਆਪਕ ਪੱਧਰ ‘ਤੇ ਨਹੀਂ ਉਸਰ ਸਕਿਆ। ਭਾਵੇਂ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਸਿੱਖ ਵੱਸਦੇ ਹਨ, ਪਰ ਗੁਰੂ ਨਾਨਕ ਸਾਹਿਬ ਵੱਲੋਂ ਪਿਤਰੀ ਖਿੱਤਾ ਹੋਣ ਕਰਕੇ ਸਿੱਖ ਧਰਮ ਦੀ ਨੀਂਹ ਪੰਜਾਬ ਵਿਚ ਰੱਖੀ ਗਈ ਸੀ; ਇਸ ਲਈ ਸਿੱਖ ਧਰਮ ਬਹੁਤਾ ਕਰਕੇ ਪੰਜਾਬ ਤੱਕ ਹੀ ਮਹਿਦੂਦ ਰਿਹਾ ਹੈ। ਸਾਡੇ ਧਾਰਮਿਕ ਅਦਾਰੇ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ‘ਤੇ ਧਰਮ ਪ੍ਰਚਾਰ ਦੀ ਵੱਡੀ ਜਿ਼ੰਮੇਵਾਰੀ ਬਣਦੀ ਹੈ, ਨੇ ਕਦੇ ਵੀ ਇਸਾਈ ਮਿਸ਼ਨਰੀਆਂ ਵਾਂਗ ਧਰਮ ਪ੍ਰਚਾਰ ਵੱਲ ਧਿਆਨ ਨਹੀਂ ਦਿੱਤਾ, ਜਿਸ ਰਾਹੀਂ ਭਾਰਤ ਦੇ ਬਾਕੀ ਖਿੱਤਿਆਂ ਦੇ ਗੈਰ-ਸਿੱਖ ਭਾਈਚਾਰਿਆਂ ਤੱਕ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਸਹੀ ਢੰਗ ਨਾਲ ਪੁਜਦਾ ਕੀਤਾ ਜਾਂਦਾ। ਇਸ ਦੀ ਖਾਸ ਵਜ੍ਹਾ ਇਨ੍ਹਾਂ ਅਦਾਰਿਆਂ ਵੱਲੋਂ ਆਪਣਾ ਬਹੁਤਾ ਧਿਆਨ ਧਰਮ ਪ੍ਰਚਾਰ ਨਾਲੋਂ ਰਾਜਨੀਤੀ ‘ਤੇ ਕੇਂਦਰਤ ਕਰਨਾ ਹੈ, ਕਿਉਂਕਿ ‘ਵੋਟਾਂ ਦੀ ਰਾਜਨੀਤੀ’ ਭਾਰੂ ਹੋਣ ਕਰਕੇ ਰਾਜਨੀਤਕ ਪਾਰਟੀਆਂ ਦਾ ਗਲਬਾ ਹੈ। ਸਾਡੇ ਵੱਡੇ ਵੱਡੇ ਧਾਰਮਿਕ ਅਦਾਰੇ ਹੋਣ ਦੇ ਬਾਵਜੂਦ ਅਸੀਂ ਪੰਜਾਬ ਤੋਂ ਬਾਹਰ ਕਦੇ ਭਾਰਤ ਦੇ ਬਾਕੀ ਲੋਕਾਂ ਨੂੰ ਸਿੱਖ ਕਦਰਾਂ-ਕੀਮਤਾਂ ਅਤੇ ਸਭਿਆਚਾਰ ਦੀ ਆਤਮਾ ਦੇ ਦਰਸ਼ਨ ਸਹੀ ਢੰਗ ਨਾਲ ਕਰਾ ਹੀ ਨਹੀਂ ਸਕੇ।
ਪਿਛਲੇ ਅੱਠ ਮਹੀਨੇ ਤੋਂ ਕਿਸਾਨ ਅੰਦੋਲਨ ਪੰਜਾਬ ਵਿਚ ਚੱਲ ਰਿਹਾ ਹੈ ਅਤੇ 65 ਦਿਨ ਹੋ ਚੱਲੇ ਹਨ ਦਿੱਲੀ ਦੀ ਫਿਰਨੀ `ਤੇ ਬੈਠਿਆਂ। ਅਸੀਂ ਪਹਿਲਾਂ ਵੀ ਇਸ ਤੱਥ ਦਾ ਕਈ ਵਾਰ ਜਿ਼ਕਰ ਕਰ ਚੁਕੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਤੋਂ ਸ਼ੁਰੂ ਹੋ ਕੇ ਇਹ ਅੰਦੋਲਨ ਪੂਰੇ ਹਿੰਦੋਸਤਾਨ ਦਾ ਅੰਦੋਲਨ ਬਣ ਗਿਆ ਅਤੇ ਦਿੱਲੀ ਦੀ ਫਿਰਨੀ `ਤੇ ਚਾਰ-ਚੁਫੇਰੇ ਕਿਸਾਨਾਂ ਨੇ ਡੇਰੇ ਲਾ ਲਏ। ਪੰਜਾਬ ਦੇ ਕਿਸਾਨ ਕੁੰਡਲੀ, ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ ਜਿ਼ਆਦਾ ਗਿਣਤੀ ਵਿਚ ਬੈਠੇ ਹਨ, ਕਿਉਂਕਿ ਇਹ ਸ਼ਾਹ-ਰਾਹ ਪੰਜਾਬ ਨੂੰ ਦਿੱਲੀ ਨਾਲ ਜੋੜਦੇ ਹਨ। ਇਨ੍ਹਾਂ ਬਾਰਡਰਾਂ `ਤੇ ਹੀ ਬਾਕੀ ਖਿੱਤਿਆ ਦੇ ਕਿਸਾਨ, ਕਿਸਾਨ ਅੰਦੋਲਨ ਵਿਚ ਦਿਲਚਸਪੀ ਰੱਖਣ ਵਾਲੇ ਦੂਜੇ ਖਿੱਤਿਆਂ ਦੇ ਆਮ ਸ਼ਹਿਰੀ, ਦਿੱਲੀ ਜਾਂ ਹਰਿਆਣੇ ਦੇ ਆਮ ਲੋਕਾਂ ਦਾ ਪੰਜਾਬੀ ਕਿਸਾਨ ਭਾਈਚਾਰੇ ਨਾਲ ਵਾਹ ਪੈਂਦਾ ਹੈ। ਗੁਰੂ ਬਖਸਿ਼ਸ਼ ਨਾਲ ਸਾਨੂੰ ਸੇਵਾ, ਸਬਰ, ਸੰਤੋਖ, ਦਇਆ, ਹਲੀਮੀ, ਬਰਾਬਰੀ, ਭਾਈਚਾਰਕ ਸਾਂਝ ਦਾ ਕੀਮਤ-ਵਿਧਾਨ, ਸਿੱਖ ਸਭਿਆਚਾਰ ਅਤੇ ਜੀਵਨ ਜਾਚ ਦੇ ਤੌਰ `ਤੇ ਪ੍ਰਾਪਤ ਕਰਾਇਆ ਗਿਆ ਹੈ। ਇਸ ਦਾ ਅਸੀਂ ਆਪਣੇ ਧਾਰਮਿਕ ਅਦਾਰਿਆਂ, ਸਮਾਗਮਾਂ, ਸੰਸਥਾਵਾਂ ਵਿਚ ਤਾਂ ਭਾਵੇਂ ਲਗਾਤਾਰ ਪ੍ਰਕਾਸ਼ਨ ਕਰਦੇ ਆਏ ਹਾਂ, ਪਰ ਇਹ ਇਕ ਸੀਮਤ ਦਾਇਰੇ ਵਿਚ ਪ੍ਰਗਟ ਹੁੰਦਾ ਰਿਹਾ ਸੀ।
ਸਾਡੇ ਇਸ ਕੀਮਤ-ਵਿਧਾਨ ਦਾ ਵਿਸ਼ਾਲ ਪ੍ਰਗਟਾਵਾ ਅਤੇ ਸੰਚਾਰ ਇਸ ਕਿਸਾਨ ਅੰਦੋਲਨ ਰਾਹੀਂ ਸਾਰੇ ਹਿੰਦੋਸਤਾਨ ਦੀ ਜਨਤਾ ਨੇ ਦੇਖਿਆ, ਮਾਣਿਆ ਅਤੇ ਸਲਾਹਿਆ। ਇਸ ਸਾਰੇ ਵਰਤਾਰੇ ਦਾ ਪ੍ਰਤੱਖਣ ਹਰਿਆਣਾ ਪੁਲਿਸ ਵੱਲੋਂ ਲਾਏ ਨਾਕਿਆਂ, ਉਸਾਰੇ ਅੜਿੱਕਿਆਂ ਦੇ ਟੁੱਟ ਜਾਣ ਉਪਰੰਤ ਹਰਿਆਣੇ ਵਿਚ ਦਾਖਲ ਹੋਣ ‘ਤੇ ਹੀ ਸ਼ੁਰੂ ਹੋ ਗਿਆ ਸੀ, ਜਦੋਂ ਪੰਜਾਬ ਦੇ ਕਿਸਾਨਾਂ ਨੇ ਭਾਈ ਘਨੱਈਆ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ, ਅੜਿੱਕੇ ਡਾਹੁਣ ਵਾਲੇ ਪੁਲਿਸ ਕਰਮੀਆਂ ਨੂੰ ਪ੍ਰਸ਼ਾਦੇ ਅਤੇ ਚਾਹ-ਪਾਣੀ ਦੇ ਲੰਗਰ ਛਕਾਏ। ਉਹ ਵਾਰ ਵਾਰ ਆਪਣੇ ਨੌਜੁਆਨਾਂ ਨੂੰ ਇਸ ਗੱਲ ਦਾ ਚੇਤਾ ਕਰਾਉਂਦੇ ਰਹੇ ਕਿ ਪੁਲਿਸ ਵਾਲੇ ਆਪਣੇ ਹੀ ਬੱਚੇ ਹਨ ਅਤੇ ਨੌਕਰੀ ਕਰਨ ਦਾ ਆਪਣਾ ਫਰਜ਼ ਨਿਭਾ ਰਹੇ ਹਨ, ਕਿਸਾਨਾਂ ਦੀ ਇਨ੍ਹਾਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ, ਕਿਸਾਨਾਂ ਦੇ ਬੱਚੇ ਹਨ। ਇਨ੍ਹਾਂ ਨਾਲ ਕੋਈ ਝਗੜਾ ਨਹੀਂ ਕਰਨਾ ਅਤੇ ਨਾ ਹੀ ਕਿਸੇ ਕਿਸਮ ਦੀ ਹਿੰਸਾ ਕਰਨੀ ਹੈ।
ਇਨ੍ਹਾਂ ਬਾਰਡਰਾਂ ‘ਤੇ ਵਸਾਏ ਆਪਣੇ ਟਰਾਲੀ-ਪਿੰਡਾਂ ਵਿਚ ਉਨ੍ਹਾਂ ਨੇ ਸੜਕਾਂ ਤੋਂ ਗੁਜ਼ਰਨ ਵਾਲੀਆਂ, ਬੱਚੀਆਂ, ਔਰਤਾਂ ਅਤੇ ਹੋਰ ਰਾਹਗੀਰਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ, ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ। ਉਨ੍ਹਾਂ ਨੇ ਜ਼ਾਬਤੇ, ਸਬਰ-ਸੰਤੋਖ ਅਤੇ ਅਨੁਸ਼ਾਸਨ ਨਾਲ ਮੋਰਚਾ ਚਲਾਉਂਦਿਆਂ ਸਾਰੀ ਦੁਨੀਆਂ ਨੂੰ ਦੱਸ ਦਿੱਤਾ ਕਿ ਕਿਸਾਨ ਹੋਣ ਦੇ ਨਾਲ ਨਾਲ ਉਹ ਹਰ ਇੱਕ ਦੇ ਮਾਣ-ਸਨਮਾਨ ਦੀ ਰਾਖੀ ਕਰਨ ਵਾਲੇ ਗੁਰੂ ਵਰੋਸਾਏ ਸਿੱਖ ਹਨ। ਧਰਨੇ `ਤੇ ਖਾਲਸਾ ਏਡ ਸੁਸਾਇਟੀ, ਵੱਖ ਵੱਖ ਕਾਰ-ਸੇਵਾ ਸੰਸਥਾਵਾਂ, ਮੈਡੀਕਲ ਅਦਾਰੇ ਅਤੇ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਵੱਲੋਂ ਦਸਵੰਧ ਨਾਲ ਲੰਗਰ, ਦਵਾਈਆਂ ਤੇ ਹੋਰ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਦੀ ਸੇਵਾ ਕਰਦਿਆਂ ਦੁਨੀਆਂ ਭਰ ਦੇ ਸਾਹਮਣੇ ਸਿੱਖ ਹੋਣ ਦੀ ਉਹ ਅਸਲ ਤਸਵੀਰ ਪ੍ਰਕਾਸਿ਼ਤ ਕਰ ਦਿੱਤੀ, ਜੋ ਸਾਡੇ ਧਾਰਮਿਕ ਅਦਾਰੇ ਸਾਧਨ-ਸਮਰੱਥ ਹੁੰਦਿਆਂ ਵੀ ਦੁਨੀਆਂ ਨੂੰ ਨਹੀਂ ਸਨ ਦਿਖਾ ਸਕੇ ਕਿ ਸਿੱਖ ਦੀ ਅਸਲੀਅਤ ਕੀ ਹੈ!
ਇਹ ਧਰਨੇ ਦਿੱਲੀ ਦੀ ਫਿਰਨੀ `ਤੇ 25-26 ਨਵੰਬਰ ਤੋਂ ਚੱਲ ਰਹੇ ਹਨ ਅਤੇ ਇਸ ਸਮੇਂ ਦੌਰਾਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਆਏ। ਵੱਖ ਵੱਖ ਪ੍ਰਾਂਤਾਂ ਤੋਂ ਆਏ ਕਿਸਾਨਾਂ ਸਮੇਤ ਦਿੱਲੀ, ਹਰਿਆਣੇ ਦੇ ਕਿਸਾਨਾਂ ਅਤੇ ਬਾਕੀ ਸਾਰਿਆਂ ਨਾਲ ਮਿਲ ਕੇ ਇਹ ਦਿਹਾੜੇ ਮਨਾਉਂਦਿਆਂ ਜਿੱਥੇ ਆਪਣੇ ਇਤਿਹਾਸ ਤੋਂ ਵੱਡੀ ਪੱਧਰ `ਤੇ ਸਭ ਨੂੰ ਜਾਣੂ ਕਰਾਇਆ, ਉਥੇ ਸਾਰੇ ਭਾਰਤ ਵਾਸੀਆਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਸਿੱਖ ਵੱਖਵਾਦੀ ਜਾਂ ਅਤਿਵਾਦੀ ਨਹੀਂ ਹਨ; ਉਹ ਤਾਂ ਗੁਰੂ ਦੇ ਦਿੱਤੇ ਸਿਧਾਂਤ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਨੂੰ ਪ੍ਰਣਾਏ ਹੋਏ ਗੁਰੂ ਦੇ ਸਿੱਖ ਹਨ। ਸਿੱਖ ਨੂੰ ਗੁਰੂ ਨੇ ਆਦੇਸ਼ ਕੀਤਾ ਹੈ ਕਿ ਉਸ ਨੇ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਦੇ ਸਿਧਾਂਤ ਅਨੁਸਾਰ ਕਿਸੇ ਨੂੰ ਡਰਾਉਣਾ ਵੀ ਨਹੀਂ ਅਤੇ ਨਾ ਹੀ ਕਿਸੇ ਤੋਂ ਡਰਨਾ ਹੈ। ਕਿਸੇ ਨੂੰ ਨਾ ਡਰਾਉਣਾ ‘ਭੈ ਕਾਹੂ ਕਉ ਦੇਤ ਨਹਿ’, ਕਿਸੇ ਤੋਂ ਡਰਨਾ ਨਹੀਂ ‘ਨਹਿ ਭੈ ਮਾਨਤ ਆਨ’ ਤੋਂ ਪਹਿਲਾਂ ਆਉਂਦਾ ਹੈ ਅਤੇ ਦੋਹਾਂ ਦਾ ਸੁਮੇਲ ਸਿੱਖ ਦੀ ਪੂਰਨ ਸ਼ਖਸੀਅਤ ਦੀ ਘਾੜਤ ਘੜਨ ਵਿਚ ਸਹਾਈ ਹੁੰਦਾ ਹੈ।
ਡਾ. ਸਵੈਮਾਨ ਸਿੰਘ ਵਰਗੇ ਗੁਰੂ ਸਵਾਰੇ ਵਿਅਕਤੀ, ਜਿਸ ਨੇ ਆਪਣੇ ਵਰਗੇ ਸੇਵਾ ਨੂੰ ਪ੍ਰਣਾਏ ਹੋਰਾਂ ਨੂੰ ਨਾਲ ਜੋੜ ਕੇ ਨਾ ਸਿਰਫ ਆਪਣੇ-ਪਰਾਏ ਦੇ ਭੇਦ ਨੂੰ ਮਿਟਾ ਕੇ ਕਿਸਾਨ ਬਜੁਰਗਾਂ, ਬੱਚਿਆਂ, ਬੀਬੀਆਂ, ਜੁਆਨਾਂ ਦੀ ਡਾਕਟਰੀ ਸੇਵਾ ਕਰਨ ਲਈ ਆਪਣਾ ਕੀਮਤੀ ਸਮਾਂ ਸਮਰਪਿਤ ਕੀਤਾ, ਸਗੋਂ ‘ਕੈਲੀਫੋਰਨੀਆ ਪਿੰਡ’ ਵਸਾ ਕੇ ਲੋਕਾਂ ਲਈ ਰੈਣ-ਵਸੇਰੇ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਦੇ ਅਨੇਕ ਤਰ੍ਹਾਂ ਦੇ ਉਪਰਾਲੇ ਕੀਤੇ ਹਨ। ਉਸ ਨੇ ਦੁਨੀਆਂ ਭਰ ਨੂੰ ਦਿਖਾ ਦਿੱਤਾ ਕਿ ਆਪਣੇ ਲੋਕਾਂ ਨੂੰ ਔਖੀ ਘੜੀ ਵਿਚ ਦੇਖ ਕੇ ਕਿਵੇਂ ਇੱਕ ਸਿੱਖ ਆਪਣੀ ਲੱਖਾਂ ਡਾਲਰਾਂ ਦੀ ਨੌਕਰੀ ਛੱਡ ਕੇ ਸੇਵਾ ਵਿਚ ਜੁੱਟ ਸਕਦਾ ਹੈ। ਪੰਜਾਬੀ ਅਤੇ ਸਿੱਖ ਨੌਜੁਆਨਾਂ ਦੇ ਮੱਥੇ ‘ਤੇ ਲੱਗੇ ਕਈ ਕਲੰਕ ਦਿਨਾਂ ਵਿਚ ਧੋ ਦੇਣ ਦਾ ਇਸ ਕਿਸਾਨ ਅੰਦੋਲਨ ਨੇ ਉਹ ਕੰਮ ਕੀਤਾ, ਜੋ ਰਾਜਨੀਤਕ ਨੇਤਾ ਧਾਰਮਿਕ ਸਹੁੰਆਂ ਖਾ ਕੇ ਨਹੀਂ ਕਰ ਸਕੇ। ਕਿਸਾਨ ਮੋਰਚਿਆਂ ਵਿਚ ਹਰ ਇੱਕ ਦਾ ਸਵਾਗਤ ਬਿਨਾ ਕਿਸੇ ਵਿਤਕਰੇ ਦੇ ਕੀਤਾ ਗਿਆ। ਆਸ-ਪਾਸ ਦੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਪ੍ਰਬੰਧ ਕਰਕੇ ਸਾਬਤ ਕਰ ਦਿੱਤਾ ਕਿ ਗੁਰੂ ਨਾਨਕ ਦੇ ਵਾਰਸਾਂ ਨੂੰ ‘ਸਭ ਮਹਿ ਜੋਤ ਜੋਤਿ ਹੈ ਸੋਇ’ ਨਜ਼ਰ ਆਉਂਦੀ ਹੈ। ਕਿਸਾਨ ਮੋਰਚੇ ਨੇ ਦਿਖਾ ਦਿੱਤਾ ਕਿ ਖੇਤੀ ਸਾਡੇ ਲਈ ਮਹਿਜ ਇੱਕ ਕਿੱਤਾ ਨਹੀਂ ਹੈ, ਗੁਰੂ ਨਾਨਕ ਵੱਲੋਂ ਬਖਸ਼ੀ ਇੱਕ ਜੀਵਨ-ਜਾਚ ਹੈ।
ਜਿੱਥੇ ਪੰਜਾਬ ਦੇ ਹਿੰਦੂ, ਮੁਸਲਮਾਨ, ਇਸਾਈ ਆਦਿ ਭਾਈਚਾਰੇ, ਗਾਇਕਾਂ, ਕਲਾਕਾਰਾਂ, ਕਿਰਤੀਆਂ, ਦੁਕਾਨਦਾਰਾਂ, ਵਿਦਿਆਰਥੀਆਂ, ਅਧਿਆਪਕਾਂ, ਡਾਕਟਰਾਂ, ਨਰਸਾਂ, ਪੱਤਰਕਾਰਾਂ, ਬੁੱਧੀਜੀਵੀਆਂ-ਗੱਲ ਕੀ ਹਰ ਵਰਗ ਦੇ ਲੋਕਾਂ ਨੇ ਜਾਤ-ਪਾਤ, ਧਰਮ ਅਤੇ ਹੋਰ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਤੇ ਉੱਠ ਕੇ ਇਸ ਅੰਦੋਲਨ ਵਿਚ ਆਪਣਾ ਯੋਗਦਾਨ ਪਾਇਆ ਹੈ ਤੇ ਪਾ ਰਹੇ ਹਨ, ਉਥੇ ਹੀ ਦਿੱਲੀ ਦੇ ਸਥਾਨਕ ਭਾਈਚਾਰਿਆਂ ਨੇ ਵੀ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿਚ ਸਿ਼ਰਕਤ ਕੀਤੀ, ਆਸ-ਪਾਸ ਦੇ ਦੁਕਾਨਦਾਰਾਂ, ਢਾਬਿਆਂ, ਰੈਸਟੋਰੈਟਾਂ ਦੇ ਮਾਲਕਾਂ ਨੇ ਕਿਸਾਨਾਂ ਨੂੰ ਸਹਿਯੋਗ ਦਿੱਤਾ। ਜਦੋਂ ਮੁਸਲਮਾਨ, ਹਿੰਦੂ, ਸਿੱਖ ਸਭ ਰਲ-ਮਿਲ ਕੇ ਸੇਵਾ ਕਰ ਰਹੇ ਸਨ, ਇਉਂ ਲੱਗਦਾ ਸੀ ਕਿ ‘ਸਭੈ ਸਾਝੀਵਾਲ ਸਦਾਇਨ’ ਦਾ ਮਹਾਵਾਕ ਪੂਰਾ ਹੋ ਰਿਹਾ ਹੈ।
ਗੋਦੀ ਮੀਡੀਆ ਨੇ ਅਤਿਵਾਦੀ, ਵੱਖਵਾਦੀ, ਖਾਲਿਸਤਾਨੀ, ਅਰਬਨ ਨਕਸਲ, ਟੁਕੜੇ ਟੁਕੜੇ ਗੈਂਗ, ਪਾਕਿਸਤਾਨੀ, ਚੀਨੀ, ਵਿਦੇਸ਼ੀ ਹੱਥ ਆਦਿ ਬਹੁਤ ਹਥਕੰਡੇ ਵਰਤ ਕੇ ਅੰਦੋਲਨ ਨੂੰ ਢਾਹ ਲਾਉਣ ਦੀ ਕੋਸਿ਼ਸ਼ ਕੀਤੀ, ਪਰ ਕਿਸਾਨਾਂ ਦੇ ਵਤੀਰੇ ਅਤੇ ਦੂਸਰੇ ਪ੍ਰਾਂਤਾਂ, ਖਾਸ ਕਰਕੇ ਹਰਿਆਣੇ ਦੇ ਕਿਸਾਨਾਂ ਦੇ ਸਹਿਯੋਗ ਨੇ ਹਰ ਫਤਵੇ ਨੂੰ ਢੁਕਵੇਂ ਤਰੀਕਿਆਂ ਨਾਲ ਨਕਾਰਿਆ। ਨੌਜੁਆਨਾਂ ਨੇ ਆਪਣੀ ਵੈਬ-ਸਾਈਟ ਕਾਇਮ ਕਰਕੇ, ਆਪਣਾ ਅਖਬਾਰ ‘ਟਰਾਲੀ ਟਾਈਮਜ਼’ ਕੱਢ ਕੇ ਹਰ ਸਵਾਲ ਦਾ, ਹਰ ਖਬਰ ਦਾ ਢੁਕਵਾਂ ਉੱਤਰ ਦਿੱਤਾ। ਪੰਜਾਬੀ ਮੀਡੀਆ, ਐਨ. ਡੀ. ਟੀ. ਵੀ., ਵਾਇਰ ਅਤੇ ਹੋਰ ਸੋਸ਼ਲ ਮੀਡੀਆ ਨੇ ਰੱਜ ਕੇ ਸਾਥ ਦਿੱਤਾ। ਮੋਦੀ ਸਰਕਾਰ ਅਤੇ ਗੋਦੀ ਮੀਡੀਆ ਨੇ ਸਾਰਾ ਜ਼ੋਰ ਲਾ ਕੇ ਦੇਖ ਲਿਆ ਸੀ, ਪਰ ਉਹ ਕਿਸਾਨ ਅੰਦੋਲਨ ਨੂੰ ਵਿਚਲਿਤ ਕਰਨ ਵਿਚ ਕਾਮਯਾਬ ਨਹੀਂ ਹੋ ਰਹੇ ਸਨ। ਹਰਿਆਣਾ ਅਤੇ ਪੰਜਾਬ ਬਿਲਕੁਲ ਇੱਕਮੁੱਠ ਹੋ ਕੇ ਛੋਟੇ ਤੇ ਵੱਡੇ ਭਰਾ ਬਣ ਕੇ ਇੱਕ-ਦੂਜੇ ਨੂੰ ਸੰਬੋਧਨ ਕਰ ਰਹੇ ਹਨ। ਭਾਜਪਾਈਆਂ ਵੱਲੋਂ ਸਤਲੁਜ-ਯਮੁਨਾ ਲਿੰਕ ਦਾ ਮੁੱਦਾ ਉਠਾਉਣ ਦੀ ਕੋਸਿ਼ਸ਼ ਕੀਤੀ ਗਈ, ਪਰ ਹਰਿਆਣੇ ਦੇ ਕਿਸਾਨਾਂ ਨੇ ਇਸ ਮੁੱਦੇ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ ਜੇ ਜ਼ਮੀਨ ਰਹੇਗੀ ਇਸ ਬਾਰੇ ਸੋਚ ਲਵਾਂਗੇ, ਪਹਿਲਾਂ ਆਪਣੀ ਜ਼ਮੀਨ ਬਚਾਉਣੀ ਹੈ।
ਖੇਤੀ ਸਿਰਫ ਪੰਜਾਬ ਦੀ ਹੀ ਨਹੀਂ, ਸਾਰੇ ਹਿੰਦੁਸਤਾਨ ਦੀ ਜੀਵਨ ਰੇਖਾ ਹੈ। ਕੁੱਲ ਜਨ-ਸੰਖਿਆ ਦਾ 70% ਹਿੱਸਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਖੇਤੀ ਦੇ ਕਿੱਤੇ `ਤੇ ਨਿਰਭਰ ਕਰਦਾ ਹੈ: ਜਿੱਥੇ ਕਿਸਾਨ ਅਤੇ ਖੇਤ ਮਜ਼ਦੂਰ ਆਪਣੀ ਉਪਜੀਵਿਕਾ ਲਈ ਖੇਤੀ ‘ਤੇ ਨਿਰਭਰ ਹੈ, ਉਥੇ ਹੀ ਖੇਤੀ ਮਸ਼ੀਨਰੀ ਜਿਵੇਂ ਟਰੈਕਟਰ, ਕੰਬਾਈਨ ਰੀਪਰ ਅਤੇ ਹੋਰ ਬਹੁਤ ਕਿਸਮ ਦੇ ਖੇਤੀ-ਸੰਦ ਬਣਾਉਣ ਵਾਲੇ, ਇਨ੍ਹਾਂ ਦੀ ਮੁਰੰਮਤ ਕਰਨ ਵਾਲੇ ਉਦਯੋਗ ਵੀ ਖੇਤੀ `ਤੇ ਨਿਰਭਰ ਕਰਦੇ ਹਨ। ਹੁਣ ਤੱਕ ਇਹ ਬਿਲਕੁਲ ਸਭ ਨੂੰ ਸਮਝ ਆ ਗਿਆ ਹੈ, ਅਨੇਕਾਂ ਖੇਤੀ-ਬਾੜੀ ਮਾਹਿਰ ਅਰਥਸ਼ਾਸਤਰੀ ਅਤੇ ਵਿਦਵਾਨ ਇਸ ਤੱਥ `ਤੇ ਲੇਖ ਲਿਖ ਚੁਕੇ ਹਨ ਕਿ ਤਿੰਨ ਨਵੇਂ ਕਾਨੂੰਨਾਂ ਦਾ ਸਿੱਧਾ ਅਰਥ ਕਿਸਾਨਾਂ ਦੀ ਜ਼ਮੀਨ ਸਮੇਤ ਸਭ ਕੁਝ ਕਾਰਪੋਰੇਟਾਂ ਦੇ ਕਬਜ਼ੇ ਵਿਚ ਚਲਾ ਜਾਵੇਗਾ। ਇਸ ਦੇ ਵਿਸਥਾਰ ਦੀ ਇੱਥੇ ਜ਼ਰੂਰਤ ਨਹੀਂ ਹੈ ਬਹੁਤ ਕੁੱਝ ਕਿਹਾ ਜਾ ਚੁੱਕਿਆ ਹੈ।
ਹੁਣ ਅਗਲਾ ਸਵਾਲ ਇਹ ਹੈ ਕਿ ਕਿਸਾਨਾਂ ਨੇ ਪਹਿਲੇ ਦਿਨ ਤੋਂ, ਜਦੋਂ ਤੋਂ ਅੰਦੋਲਨ ਸ਼ੁਰੂ ਕੀਤਾ ਹੈ ਇਸ ਨੂੰ ਕਿਸੇ ਵੀ ਕਿਸਮ ਦੀ ਰਾਜਨੀਤੀ ਤੋਂ ਬਚਾ ਕੇ ਰੱਖਣ ਦੀ ਕੋਸਿ਼ਸ਼ ਕਰ ਕੇ ਰੱਖੀ ਹੈ। ਇਸੇ ਲਈ ਉਨ੍ਹਾਂ ਨੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਆਪਣੀਆਂ ਸਟੇਜਾਂ ਤੋਂ ਬੋਲਣ ਨਹੀਂ ਦਿੱਤਾ। ਕਿਸਾਨਾਂ ਦਾ ਸਪੱਸ਼ਟ ਕਹਿਣਾ ਸੀ ਕਿ ਅਸੀਂ ਇਸ ਨੂੰ ਕਿਸੇ ਕਿਸਮ ਦੀ ਵੀ ਰਾਜਨੀਤਕ ਰੰਗਣ ਨਹੀਂ ਦੇਣ ਦੇਣੀ। ਦੂਸਰਾ ਨੁਕਤਾ ਇਹ ਹੈ ਕਿ ਇਹ ਅੰਦੋਲਨ, ਇਸ ਵਿਚ ਕੋਈ ਦੋ ਰਾਵਾਂ ਨਹੀਂ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ, ਪਰ ਇਸ ਵਿਚ ਵੀ ਕੋਈ ਦੋ ਰਾਵਾਂ ਨਹੀਂ ਕਿ ਹਰਿਆਣਾ, ਉਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਮੱਧ ਪ੍ਰਦੇਸ਼ ਤੋਂ ਹੁੰਦਾ ਹੋਇਆ ਇਹ ਅੰਦੋਲਨ ਪੂਰੇ ਭਾਰਤ ਦਾ ਅੰਦੋਲਨ ਬਣ ਗਿਆ ਹੈ, ਜਿਸ ਨਾਲ ਪੰਜਾਬ ਸਮੇਤ ਪੰਜ ਸੌ ਦੇ ਕਰੀਬ ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਹਨ ਅਤੇ ਸਾਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਦਾ ਇਸ ਗੱਲੋਂ ਧੰਨਵਾਦ ਵੀ ਕਰਦੀਆਂ ਹਨ। ਕਿਸਾਨ ਸਿੱਖ ਵੀ ਹਨ, ਹਿੰਦੂ ਵੀ ਹਨ, ਮੁਸਲਮਾਨ ਅਤੇ ਇਸਾਈ ਵੀ ਹਨ; ਜ਼ਮੀਨ ਉਨ੍ਹਾਂ ਦੀ ਮਾਂ ਹੈ ਤੇ ਖੇਤੀ ਜੀਵਨ ਰੇਖਾ।
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਅਤੇ ਭਾਜਪਾ ਸ਼ਾਸਤ ਪ੍ਰਾਂਤਕ ਸਰਕਾਰਾਂ ਵੱਲੋਂ ਸਮੇਤ ਹਰਿਆਣਾ ਤੇ ਉਤਰ ਪ੍ਰਦੇਸ਼ ਦੇ, ਇਸ ਅੰਦੋਲਨ ਨੂੰ ਪਹਿਲਾਂ ਨਿਰੋਲ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਸਿੱਧ ਕਰਨ ਦੀ ਕੋਸਿ਼ਸ਼ ਕੀਤੀ ਗਈ, ਪਰ ਉਹ ਸਫਲ ਨਹੀਂ ਹੋ ਸਕੀਆਂ। ਫਿਰ ਜੋ ਉੱਤੇ ਜਿ਼ਕਰ ਕੀਤਾ ਹੈ, ਇਸ ਨੂੰ ਅਰਬਨ ਨਕਸਲ, ਖਾਲਿਸਤਾਨ, ਟੁਕੜੇ ਟੁਕੜੇ ਗੈਂਗ ਕਹਿਣ ਦੀ ਕੋਸਿ਼ਸ਼ ਕੀਤੀ ਗਈ, ਪਰ ਸਫ਼ਲਤਾ ਨਹੀਂ ਮਿਲੀ, ਕਿਉਂਕਿ ਕਿਸਾਨ ਇਸ ਨੂੰ ਨਿਰੋਲ ਕਿਸਾਨੀ ਅੰਦੋਲਨ ਸਾਬਤ ਕਰਨ ਵਿਚ ਸਫਲ ਹੁੰਦੇ ਰਹੇ। ਸਰਕਾਰ ਇਸ ਨੂੰ ਲਮਕਾਉਣ ਲਈ ਅਤੇ ਆਪਣੇ ਇਰਾਦੇ ਵਿਚ ਸਫਲ ਹੋਣ ਵਾਸਤੇ ਮੀਟਿੰਗ-ਦਰ-ਮੀਟਿੰਗ ਵਿਚ ਕਿਸਾਨਾਂ ਨੂੰ ਉਲਝਾਉਂਦੀ ਰਹੀ। ਯਾਦ ਕਰੀਏ, ਜਿਸ ਦਿਨ (ਸ਼ਾਇਦ 22 ਜਨਵਰੀ), ਜਦੋਂ ਕਿਸਾਨ ਆਗੂਆਂ ਦੀ ਖੇਤੀ ਮੰਤਰੀ ਤੇ ਦੂਸਰੇ ਮੰਤਰੀਆਂ ਨਾਲ ਆਖਰੀ ਮੀਟਿੰਗ ਹੋਈ ਸੀ ਅਤੇ ਕਿਸਾਨਾਂ ਨੇ ਬਾਹਰ ਆਉਣ ਵੇਲੇ ਨਰਿੰਦਰ ਸਿੰਘ ਤੋਮਰ ਨੂੰ ਕਿਹਾ ਸੀ ਕਿ ਉਹ ਜਾ ਕੇ ਗਣਤੰਤਰ ਦਿਵਸ ਦੀ ਤਿਆਰੀ ਕਰਨਗੇ। ਕਿਸਾਨਾਂ ਦੇ ਦੱਸਣ ਮੁਤਾਬਿਕ ਖੇਤੀ ਮੰਤਰੀ ਤੋਮਰ ਨੇ ਕਿਹਾ ਸੀ ਕਿ “ਅਸੀਂ ਆਪਣੀ ਤਿਆਰੀ ਕਰਦੇ ਹਾਂ, ਤੁਸੀਂ ਆਪਣੀ ਕਰੋ।” ਜੇ ਕਿਸੇ ਨੇ ਟੈਲੀਵਿਜ਼ਨ `ਤੇ ਤੋਮਰ ਨੂੰ ਉਸ ਦਿਨ ਬਾਹਰ ਨਿਕਲ ਕੇ ਮੀਡੀਆ ਨਾਲ ਗੱਲ-ਬਾਤ ਕਰਦਿਆਂ ਦੇਖਿਆ ਹੋਵੇ ਤਾਂ ਇਹ ਜ਼ਰੂਰ ਗੌਰ ਕੀਤੀ ਹੋਵੇਗੀ ਕਿ ਉਹ ਕਿਵੇਂ ਹੱਸ ਹੱਸ ਕੇ ਮੀਡੀਆ ਨੂੰ ਕਹਿ ਰਿਹਾ ਸੀ ਕਿ 26 ਜਨਵਰੀ ਤੋਂ ਬਾਅਦ ਅੰਦੋਲਨ ਖਤਮ ਹੋ ਜਾਵੇਗਾ।
ਇਸ ਤੋਂ ਵੀ ਹੋਰ ਪਿੱਛੇ ਜਾਂਦਿਆਂ ਜੇ ਯਾਦ ਕਰੀਏ ਤਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਭਾਜਪਾ ਗੁਜਰਾਤ ਸਰਕਾਰ ਵੇਲੇ ਭਾਵੇਂ ਗੁਜਰਾਤ ਦੇ ਦੰਗੇ ਸਨ, ਭੀਮਾ ਕੋਰੇ ਗਾਉਂ ਦਾ ਕੇਸ ਸੀ, ਕਸ਼ਮੀਰ ਮਾਮਲਾ ਸੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਮਸਲਾ ਸੀ, ਨਾਗਰਿਕਤਾ ਸੋਧ ਬਿਲ ਦੇ ਖਿਲਾਫ ਸ਼ਾਹੀਨ ਬਾਗ ਅੰਦੋਲਨ, ਜਾਮੀਆ ਮਿਲੀਆ ਯੂਨੀਵਰਸਿਟੀ ਕੇਸ ਸੀ-ਭਾਜਪਾ ਸਰਕਾਰ ਦਾ ਇੱਕੋ ਨੈਰੇਟਿਵ, ਇਕੋ ਸਕ੍ਰਿਪਟ ਅਤੇ ਇੱਕੋ ਤਰੀਕਾ ਰਿਹਾ ਹੈ। ਅੰਦੋਲਨਾ ਨੂੰ ਖਤਮ ਕਰਨ ਦਾ ਅਤੇ ਵਿਰੋਧੀਆਂ ਨੂੰ ਕੁੱਟਣ ਦਾ ਤਰੀਕਾ ਰਿਹਾ ਹੈ ਕਿ ਸਬੰਧਤ ਧਿਰਾਂ ਭੜਕਾਊ ਭਾਸ਼ਣ ਦੇ ਰਹੀਆਂ ਸਨ, ਉਹ ਰਾਸ਼ਟਰ ਵਿਰੋਧੀ ਤੱਤ ਹਨ, ਸਥਾਨਕ ਲੋਕ ਤੰਗ ਹੋ ਰਹੇ ਹਨ, ਵਗੈਰਾ ਵਗੈਰਾ।
ਅਮਰਨਾਥ ਯਾਤਰਾ ‘ਤੇ ਜੇ ਯਾਦ ਕਰੀਏ ਤਾਂ ਮੀਡੀਆ ਦੀਆਂ ਖਬਰਾਂ ਅਨੁਸਾਰ ਚਾਰ ਵਾਰ ਅਤਿਵਾਦੀ ਹਮਲੇ ਹੋਏ ਹਨ ਅਤੇ ਚਾਰੋਂ ਵਾਰ ਕੇਂਦਰ ਵਿਚ ਭਾਜਪਾ ਦੀ ਸਰਕਾਰ ਸੀ। ਕਿਸਾਨ ਨੇਤਾ ਜਦੋਂ ਰਾਜਨੀਤਕ ਪਾਰਟੀਆਂ ਨੂੰ ਆਪਣੇ ਅੰਦੋਲਨ ਤੋਂ ਦੂਰ ਰੱਖ ਰਹੇ ਸਨ, ਜਦੋਂ ਸਟੇਜ ਤੋਂ ਭੜਕਾਊ ਭਾਸ਼ਣ ਕਰਨ ਤੋਂ ਰੋਕਦੇ ਸੀ ਤਾਂ ਵਾਰ ਵਾਰ ਇਹ ਗੱਲ ਕਹਿ ਰਹੇ ਸਨ ਕਿ ਜੇ ਅਸੀਂ ਸ਼ਾਂਤ ਰਹਾਂਗੇ ਤਾਂ ਜਿੱਤ ਸਾਡੀ ਹੈ ਅਤੇ ਜੇ ਕਿਸੇ ਵੀ ਕਿਸਮ ਦੀ ਹਿੰਸਾ ਹੋ ਗਈ ਤਾਂ ਮੋਦੀ ਜਿੱਤ ਜਾਵੇਗਾ, ਸਰਕਾਰ ਜਿੱਤ ਜਾਵੇਗੀ। ਭਾਜਪਾ ਸਰਕਾਰ ਨੂੰ ਆਪਣਾ ਬਿਰਤਾਂਤ ਸਿਰਜਣਾ ਆਉਂਦਾ ਹੈ। ਆਰ. ਐਸ. ਐਸ. ਭਾਰਤੀ ਜਨਤਾ ਪਾਰਟੀ ਦੀ ਮਾਂ ਹੈ। ਦੇਸ਼ ਦੀ ਆਜ਼ਾਦੀ ਤੋਂ ਵੀ ਪਹਿਲਾਂ ਤੋਂ ਉਹ ਆਪਣੇ ਕਾਡਰ ਨੂੰ ਅਜਿਹੇ ਕੰਮਾਂ ਲਈ ਤਿਆਰ ਕਰਦੀ ਆ ਰਹੀ ਹੈ, ਜਿਸ ਰਾਹੀਂ ਅਜਿਹੇ ਬਿਰਤਾਂਤ ਸਿਰਜੇ ਜਾ ਸਕਣ। ਉਹ ਭਾਰਤ ਨੂੰ ਸਿਰਫ ਅਤੇ ਸਿਰਫ ਹਿੰਦੂ ਰਾਸ਼ਟਰ ਦੇ ਤੌਰ `ਤੇ ਸਥਾਪਤ ਕਰਨਾ ਚਾਹੁੰਦੀ ਹੈ ਅਤੇ ਇਸ ਸੁਪਨੇ ਨੂੰ ਪੂਰਾ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਰਾਹੀਂ ਕਰਨਾ ਲੋਚਦੀ ਹੈ। ਬਾਕੀ ਦੂਸਰੇ ਅੰਦੋਲਨਾਂ ਦੀ ਤਰ੍ਹਾਂ ਹੀ ਕਿਸਾਨ ਅੰਦੋਲਨ ਨੂੰ ਅਸਤ-ਵਿਅਸਤ ਕਰਨ ਦੀ ਯੋਜਨਾ ਉਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੇ ਜ਼ਰੀਏ ਬਣਾਈ। ਇਸ ਨੂੰ ਉਸ ਨੇ ਸੁਨਹਿਰੀ ਮੌਕਾ ਮਿਲਿਆ ਸਮਝਿਆ।
ਕਿਸਾਨ ਨੇਤਾ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਦੇ ਹੱਕਾਂ ਲਈ ਲੜਦੇ ਆਏ ਹਨ। ਉਨ੍ਹਾਂ ਨੂੰ ਭਾਜਪਾ ਦੀਆਂ ਨੀਤੀਆਂ ਦਾ ਬਹੁਤ ਚੰਗੀ ਤਰ੍ਹਾਂ ਗਿਆਨ ਹੈ। ਦੀਪ ਸਿੱਧੂ ਬਾਰੇ ਮੈਨੂੰ ਇੱਥੇ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ। ਜੇ ਕਿਸੇ ਨੂੰ ਨਹੀਂ ਪਤਾ, ਉਹ ਧਿਆਨ ਨਾਲ ਖੋਜ ਕਰ ਲਵੇ, ਸਭ ਸਪੱਸ਼ਟ ਹੋ ਜਾਵੇਗਾ। ਉਸ ਦਿਨ ਦੀ ਘਟਨਾ ਨਾਲ ਜੁੜੇ ਲੋਕਾਂ ਵੱਲੋਂ ਬਹੁਤ ਖੁਲਾਸੇ ਹੋ ਚੁਕੇ ਹਨ ਕਿ ਉਹ ਕਿਸ ਦਾ ਬੰਦਾ ਹੈ ਅਤੇ ਕਿਉਂ ਆਪਣਾ ਮੋਰਚਾ ਲਾ ਕੇ ਬੈਠਾ ਸੀ। ਅਗਲੀ ਗੱਲ ਵੱਲ ਜਾਣ ਤੋਂ ਪਹਿਲਾ ਇੱਕ ਗੱਲ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਅੰਦੋਲਨ ਸਿਰਫ ਤੇ ਸਿਰਫ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ, ਐਮ. ਐਸ. ਪੀ. ਦੀ ਕਾਨੂੰਨੀ ਗਾਰੰਟੀ ਦਾ ਅੰਦੋਲਨ ਹੈ ਅਤੇ ਸੀ। ਇਹ ਨਾ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਸੀ ਅਤੇ ਨਾ ਹੀ ਧਾਰਮਿਕ ਮਸਲਿਆਂ ਜਾਂ ਹੱਕਾਂ ਦਾ। ਜਦੋਂ ਵਾਰ ਵਾਰ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਤਾਂ ਕਿਉਂ ਪਾਲਣ ਨਹੀਂ ਕੀਤਾ ਗਿਆ?
ਇੱਥੇ ਸਵਾਲ ਇਹ ਹੈ ਕਿ ਜਦੋਂ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ `ਤੇ ਝੁਲਾਉਣਾ ਕਿਸਾਨੀ ਅੰਦੋਲਨ ਦੀਆਂ ਮੱਦਾਂ ਵਿਚ ਸ਼ਾਮਲ ਨਹੀਂ ਸੀ, ਫਿਰ ਇਸ ਨੂੰ ਵਿਚ ਕਿਉਂ ਲਿਆਂਦਾ ਗਿਆ? ਕੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਇੱਕੋ ਇੱਕ ਮਕਸਦ ਕਿਸਾਨ ਅੰਦੋਲਨ ਨੂੰ ਵਿਚਲਿਤ ਕਰਨਾ ਸਾਬਤ ਨਹੀਂ ਹੁੰਦਾ? ਯਾਦ ਕਰੀਏ ਕਿ ਜਦੋਂ ਬਾਦਲ ਸਰਕਾਰ ਵੇਲੇ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਪੰਜਾਬ ਵਿਚ ਚੱਲ ਰਿਹਾ ਸੀ, ਬਾਦਲ ਸਰਕਾਰ ਦੀ ਕੇਂਦਰ ਵਿਚ ਭਾਜਪਾ ਨਾਲ ਭਾਈਵਾਲੀ ਸੀ। ਰੇਲ ਟਰੈਕਾਂ ਤੋਂ ਕਿਸਾਨਾਂ ਨੂੰ ਉਠਾਉਣ ਲਈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵਰਗੇ ਕਾਂਡ ਰਚੇ ਗਏ, ਕਿਉਂਕਿ ਪੰਜਾਬ ਦੀ ਕਿਸਾਨੀ ਦੀ ਬਹੁਗਿਣਤੀ ਸਿੱਖ ਹੈ। ਭਾਜਪਾ ਦਿੱਲੀ ਪੁਲਿਸ ਰਾਹੀਂ ਆਪਣੀ ਸਕੀਮ ਨੂੰ ਸਿਰੇ ਚੜ੍ਹਾਉਣ ਵਿਚ ਪੂਰੀ ਤਰ੍ਹਾਂ ਕਾਮਿਯਾਬ ਹੋ ਗਈ। ਦਿੱਲੀ ਦੀਆਂ ਸੜਕਾਂ ਤੋਂ ਅਣਜਾਣ ਰਿੰਗ ਰੋਡ `ਤੇ ਟਰੈਕਟਰ ਪਰੇਡ ਕੱਢਣ ਲਈ ਜਿੱਦੀ ਲੀਡਰਾਂ ਦੇ ਪਿੱਛੇ ਪਿੱਛੇ ਜਾਣ ਵਾਲੇ ਪਿੰਡਾਂ ਦੇ ਭੋਲੇ ਭਾਲੇ ਕਿਸਾਨ ਵੀ ਸਕੀਮ ਵਿਚ ਫਸ ਗਏ। ਗਾਜੀਪੁਰ ਬਾਰਡਰ `ਤੇ ਬੈਠੇ ਕਿਸਾਨਾਂ ਨੂੰ ਕਿਵੇਂ ਗਲਤ ਸੜਕਾਂ `ਤੇ ਪਾ ਕੇ ਦਿੱਲੀ ਪੁਲਿਸ ਦਿੱਲੀ ਦੇ ਅੰਦਰ ਲਿਆਉਣ ਵਿਚ ਸਫਲ ਹੋ ਗਈ, ਸਭ ਸਾਹਮਣੇ ਆ ਗਿਆ ਹੈ।
ਨਿਸ਼ਾਨ ਸਾਹਿਬ ਸਾਡਾ ਧਾਰਮਿਕ ਚਿੰਨ੍ਹ ਹੈ, ਸੰਗਤ ਜਦੋਂ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਜਾਂਦੀ ਹੈ ਤਾਂ ਸਿਰ ਨਿਵਾ ਕੇ ਪਹਿਲਾਂ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦੀ ਹੈ, ਬਹੁਤੀ ਸੰਗਤਿ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥਾ ਟੇਕਣ ਜਾਂਦੀ ਹੈ। ਨਿਸ਼ਾਨ ਸਾਹਿਬ ਕਿਸੇ ਖਾਲਿਸਥਾਨੀ ਜਥੇਬੰਦੀ ਦਾ ਝੰਡਾ ਨਹੀਂ ਹੈ। ਇਹ ਗੁਰੂ ਮਹਾਰਾਜ ਦਾ ਨਿਸ਼ਾਨ ਹੈ, ਜਿਸ ਦੀ ਬਖਸਿ਼ਸ਼ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ। ਖਾਲਿਸਤਾਨ ਰਾਜਨੀਤਕ ਵਿਚਾਰਧਾਰਾ ਹੈ, ਜਿਸ ਦੇ ਪਤਾ ਨਹੀਂ ਕਿੰਨੇ ਸੰਗਠਨ ਹਨ! ਇਹ ਕਿਸੇ ਰਾਜਨੀਤਕ ਦਲ ਦਾ ਝੰਡਾ ਨਹੀਂ ਹੈ। ਨਿਸ਼ਾਨ ਸਾਹਿਬ ਸਾਡਾ ਧਾਰਮਿਕ ਨਿਸ਼ਾਨ ਹੋਣ ਕਰਕੇ ਸਿੱਖ ਮਨਾਂ ਵਿਚ ਇਸ ਪ੍ਰਤੀ ਅਥਾਹ ਸ਼ਰਧਾ ਹੈ। ਇਸ ਘਟਨਾ ਨਾਲ ਦੋ ਘਰਾਂ ਦੇ ਚਿਰਾਗ ਬੁੱਝ ਗਏ ਤੇ ਨਵਰੀਤ ਸਿੰਘ ਆਪਣੇ ਮਾਪਿਆਂ ਦੀ ਇੱਕੋ ਇੱਕ ਔਲਾਦ ਸੀ। ਅਨੇਕ ਨੌਜੁਆਨਾਂ ਦਾ ਪਤਾ ਹੀ ਨਹੀਂ ਚੱਲ ਰਿਹਾ ਕਿ ਉਹ ਅਤੇ ਉਨ੍ਹਾਂ ਦੇ ਟਰੈਕਟਰ ਕਿੱਥੇ ਹਨ; ਅਨੇਕਾਂ ਕਿਸਾਨਾਂ ‘ਤੇ ਡੰਡੇ ਵਰਸਾਏ ਗਏ ਅਤੇ ਉਨ੍ਹਾਂ ਨੂੰ ਉਪੱਦਰਵੀ ਹੋਣ ਦਾ ਖਿਤਾਬ ਦਿੱਤਾ ਗਿਆ।
ਅਸੀਂ ਅਠਾਰਵੀਂ ਸਦੀ ਵਿਚ ਨਹੀਂ ਜੀਅ ਰਹੇ, ਇੱਕੀਵੀਂ ਸਦੀ ਦਾ ਤੀਸਰਾ ਦਹਾਕਾ ਸ਼ੁਰੂ ਹੋ ਗਿਆ ਹੈ। ਦੀਪ ਸਿੱਧੂ ਅਤੇ ਸਿੱਖ ਵਿਦਵਾਨ ਭੋਲੇ ਭਾਲੇ ਦਿੱਲੀ ਤੋਂ ਅਣਜਾਣ ਪੇਂਡੂ ਕਿਸਾਨਾਂ ਨੂੰ ਪੁਲਿਸ ਯੋਗੇ ਛੱਡ ਕੇ ਆਪ ਕਿਉਂ ਭੱਜ ਆਏ? ਲਾਲ ਕਿਲੇ `ਤੇ ਨਿਸ਼ਾਨ ਸਾਹਿਬ ਝੁਲਾ ਕੇ ਉਹ ਮੋਦੀ ਦੀ ਰਾਜ ਗੱਦੀ `ਤੇ ਕਿਉਂ ਨਹੀਂ ਬੈਠੇ? ਪਹਿਲਾਂ ਕਿਸਾਨ ਜਥੇਬੰਦੀਆਂ ਦਾ ਹੱਥ ਉਤੇ ਸੀ ਅਤੇ ਹੁਣ ਸਰਕਾਰ ਦਾ ਹੱਥ ਉਤੇ ਹੈ। ਜਿਸ ਗੋਦੀ ਮੀਡੀਆ ਨੂੰ ਮੂੰਹ ਤੋੜ ਜੁਆਬ ਮਿਲਦਾ ਰਿਹਾ ਹੈ, ਅੱਜ ਉਹ ਦੁਨੀਆਂ ਭਰ ਦਾ ਚਿੱਕੜ ਸਿੱਖ ਕਿਸਾਨਾਂ `ਤੇ ਉਛਾਲ ਰਿਹਾ ਹੈ। ਟਿੱਕਰੀ ਅਤੇ ਸਿੰਘੂ ਬਾਰਡਰ `ਤੇ ਪੱਥਰਬਾਜੀ ਦੇ ਨਾਲ ਨਾਲ ਪੈਟਰੋਲ ਬੰਬ ਸੁੱਟ ਕੇ ਅੱਗ ਲਾਉਣ ਦੀ ਕੋਸਿ਼ਸ਼ ਕੀਤੀ ਗਈ, ਬੀਬੀਆਂ ਦੇ ਟੈਂਟ ਤਬਾਹ ਕੀਤੇ ਗਏ, ਲੰਗਰ ਵਿਚ ਸੇਵਾ ਕਰ ਰਹੇ ਨੌਜੁਆਨਾਂ ਨੂੰ ਪੁਲਿਸ ਅਤੇ ਭਾਜਪਾਈ ਗੁੰਡਿਆਂ ਨੇ ਰਲ ਕੇ ਕੁੱਟਿਆ, ਰਿਪੋਰਟ ਕਰਨ ਵਾਲੇ ਦੋ ਪੱਤਰਕਾਰਾਂ ਨੂੰ ਪੁਲਿਸ ਚੁੱਕ ਕੇ ਲੈ ਗਈ, ਧਰਨਿਆਂ ਦੇ ਆਲੇ-ਦੁਆਲੇ ਬੈਰੀਕੇਡ ਲਾਉਣ ਦੇ ਨਾਲ ਨਾਲ ਮਸ਼ੀਨਾਂ ਨਾਲ ਖਾਈਆਂ ਪੁੱਟ ਦਿੱਤੀਆਂ ਗਈਆਂ ਹਨ। ਇੱਕ ਹੋਰ ਹੈ, ਅਮਰੀਕਾ ਵਿਚ ਬੈਠਾ ਵਕੀਲ ਅਤੇ ਉਸ ਦੇ ਸਾਥੀ ਜੋ ਖਾਲਿਸਤਾਨ ਦੇ ਨਾਂ `ਤੇ ਫਿਰੌਤੀਆਂ ਦੀ ਰਾਜਨੀਤੀ ਕਰਦਾ ਹੈ, ਸਿੱਖੀ ਉਸ ਦੇ ਚਿਹਰੇ `ਤੇ ਤਾਂ ਕੀ ਕਿਧਰੇ ਆਸ-ਪਾਸ ਵੀ ਨਜ਼ਰ ਨਹੀਂ ਆਉਂਦੀ ਅਤੇ ਉਸ ਦੇ ਕਾਰਨ ਪਤਾ ਨਹੀਂ ਪੰਜਾਬ ਦੇ ਕਿੰਨੇ ਗਰੀਬ ਮੁੰਡਿਆਂ `ਤੇ ਕੇਸ ਦਰਜ ਹੋ ਚੁਕੇ ਹਨ ਤੇ ਜੇਲ੍ਹਾਂ ਵਿਚ ਸੜ ਰਹੇ ਹਨ।
ਸਵਾਲ ਫਿਰ ਇਹੀ ਪੈਦਾ ਹੁੰਦਾ ਹੈ ਕਿ ਕੀ ਇਸ ਸਾਰੀ ਘਟਨਾ ਨੂੰ ਅੰਜ਼ਾਮ ਧਰਨੇ `ਤੇ ਬੈਠੀਆਂ ਬੀਬੀਆਂ, ਬੱਚਿਆਂ, ਨੌਜੁਆਨਾਂ ਦੀਆਂ ਜਾਨਾਂ ਨਾਲ ਖੇਡਣ ਲਈ ਅਤੇ ਅੰਦੋਲਨ ਨੂੰ ਖਿਲਾਰਨ ਲਈ ਦਿੱਤਾ ਗਿਆ? ਓ ਭਲੇਮਾਣਸੋ! ਖੇਤ ਬਚਾਉਣ ਲਈ ਇਹ ਆਖਰੀ ਲੜਾਈ ਹੈ। ਦੂਸਰੇ ਰਾਜਾਂ ਕੋਲ ਤਾਂ ਅਨੇਕਾਂ ਉਦਯੋਗ, ਕਾਰਖਾਨੇ ਹਨ, ਪੰਜਾਬ ਕੋਲ ਤਾਂ ਖੇਤਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ? ਕੀ ਪੰਜਾਬੀਆਂ ਨੂੰ ਭੁੱਖੇ ਮਾਰਨਾ ਅਤੇ ਕਤਲੇਆਮ ਕਰਾਉਣਾ ਹੀ ਤੁਹਾਡਾ ਪਰਮ ਧਰਮ ਹੈ? ਆਪ ਤਾਂ ਬਾਹਰਲੇ ਮੁਲਕਾਂ ਵਿਚ ਬੈਠੇ ਹੋ, ਉਨ੍ਹਾਂ ਦੀ ਰੋਟੀ ਕਿਉਂ ਖੋਹ ਰਹੇ ਹੋਂ? ਜੇ ਪੰਜਾਬ ਨਾਲ ਤੁਹਾਨੂੰ ਹੇਜ ਹੈ ਤਾਂ ਫਿਰੌਤੀਆਂ `ਤੇ ਡਾਲਰ ਖਰਚਣ ਨਾਲੋਂ ਆਪਣੇ ਪਿੰਡਾਂ ਦੇ ਗਰੀਬ ਬੱਚਿਆਂ ਲਈ ਪੜ੍ਹਾਈ ਦਾ ਪ੍ਰਬੰਧ ਕਰੋ, ਮੈਡੀਕਲ ਸਹੂਲਤਾਂ ਦੇਵੋ ਅਤੇ ਹੋਰ ਲੋਕ ਭਲਾਈ ਦੇ ਕੰਮ ਕਰ ਲਵੋ। ਜੋ ਤੁਸੀਂ ਕਰ ਰਹੇ ਹੋ, ਇਹ ਗੁਰੂ ਦਾ ਰਸਤਾ ਤਾਂ ਬਿਲਕੁਲ ਨਹੀਂ ਹੈ।