ਸੁਣੋ! ਪਿੰਡ ਕੀ ਕਹਿੰਦਾ ਹੈ?

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜਿਊਣ ਦੀ ਜਾਚ ਸਿੱਖਣ ਦਾ ਹੋਕਰਾ ਲਾਇਆ ਸੀ; ਕਿਉਂਕਿ “ਬਹੁਤ ਫਰਕ ਹੁੰਦਾ ਏ ਜਿਊਣ ਤੇ ਮਰਨ ਵਿਚ। ਕੁਝ ਲੋਕ ਜਿਊਂਦਿਆਂ ਹੀ ਮਰੇ ਹੁੰਦੇ ਅਤੇ ਕੁਝ ਲੋਕ ਮਰ ਕੇ ਜਿਉਂਦੇ ਰਹਿੰਦੇ, ਪਰ ਅੱਜ ਕੱਲ੍ਹ ਜਿ਼ਆਦਾਤਰ ਲੋਕ ਜਿਉਂਦਿਆਂ ਹੀ ਆਪਣੀ ਲੋਥ ਮੋਢਿਆਂ ‘ਤੇ ਚੁੱਕੀ ਫਿਰਦੇ।…ਮਰਨਾ ਬਹੁਤ ਆਸਾਨ, ਪਰ ਮਰਨ ਤੋਂ ਜਿ਼ਆਦਾ ਜਰੂਰੀ ਏ ਜਿਊਣਾ। ਜਿਉਣਾ ਔਖਾ ਤਾਂ ਹੁੰਦਾ,

ਪਰ ਜਿਊਣ ਵਿਚੋਂ ਹੀ ਜਿ਼ੰਦਗੀ ਦੀ ਸਮੁੱਚਤਾ ਅਤੇ ਸਾਰਥਿਕਤਾ ਨੂੰ ਨਵਾਂ ਸੰਦੇਸ਼ ਤੇ ਸੰਭਾਵਨਾ ਮਿਲਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਾਮਨਾ ਕੀਤੀ ਹੈ ਕਿ ਪਿੰਡ ਵਿਚ ਪਿੰਡ ਸਦਾ ਵੱਸਦਾ ਰਹੇ; ਕਿਉਂਕਿ ਜਦ ਪਿੰਡ ਵਿਚੋਂ ਪਿੰਡ ਹੀ ਮਨਫੀ ਹੋ ਜਾਵੇ, ਪੇਂਡੂਪੁਣਾ ਹੀ ਅਲੋਪ ਹੋ ਜਾਵੇ ਅਤੇ ਪੇਂਡੂ ਰਹਿਤਲ ਵਿਚਲੀ ਅੰਮ੍ਰਿਤਾ, ਅਮੀਰਤਾ ਅਤੇ ਅਸੀਮਤਾ ਸਾਹ ਵਰੋਲਣ ਜੋਗੀ ਰਹਿ ਜਾਵੇ ਤਾਂ ਪਿੰਡ ਬਹੁਤ ਤੜਫਦਾ ਤੇ ਕੂਕਦਾ। ਉਹ ਕਹਿੰਦੇ ਹਨ, “ਪਿੰਡ ਚਾਹੁੰਦਾ ਹੈ ਕਿ ਅਜੋਕੇ ਖੜਸੁੱਕ ਪਿੰਜਰਾਂ ਵਿਚ ਇਕ ਵਾਰ ਜਵਾਨੀ ਦਾ ਜੋਸ਼ ਵੇਖੇ। ਉਹ ਬਜੁਰਗਾਂ ਦੀ ਸਲਾਹ ਤੇ ਨਸੀਹਤ ਵਿਚੋਂ ਆਪਣੀ ਸਿਹਤਮੰਦੀ ਨੂੰ ਪਹਿਲ ਬਣਾਉਣ। ਪਿੰਡ ਦੀ ਵਿਰਾਸਤ ਬਣਨ ਅਤੇ ਪੁਰਾਣੀ ਵਿਰਾਸਤ ਬਚਾਉਣ ਲਈ ਅੱਗੇ ਆਉਣ। ਨਵੀਂ ਪੀੜ੍ਹੀ ਦੀ ਬੇਰੁਖੀ ਤੇ ਬੇਫਿਕਰੀ ਨੇ ਪਿੰਡ ਨੂੰ ਬਹੁਤ ਨਿਰਾਸ਼ ਅਤੇ ਹਤਾਸ਼ ਕੀਤਾ ਏ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਪਿੰਡ ਬੋਲਦਾ, ਧੜਕਦਾ, ਸੰਵਾਦ ਰਚਾਉਂਦਾ, ਬਾਤਾਂ ਪਾਉਂਦਾ, ਹੁੰਗਾਰਾ ਭਰਦਾ, ਠਹਾਕੇ ਲਾਉਂਦਾ ਅਤੇ ਜੀਵਨ ਦੇ ਨਗਮੇ ਗਾਉਂਦਾ ਹੀ ਸ਼ੋਭਦਾ। ਇਸ ਦੀ ਫਿਜ਼ਾ ਵਿਚ ਜਿਊਣ ਦੀਆਂ ਅਰਦਾਸਾਂ, ਵਿਹੜੇ ‘ਚ ਸੋਨ ਰੰਗੀਆਂ ਪ੍ਰਭਾਤਾਂ ਅਤੇ ਚੁਫੇਰੇ ਕੁਦਰਤ ਦੀਆਂ ਦਾਤਾਂ।
ਪਿੰਡ ਜਿਉਂਦਾ-ਥੀਂਦਾ, ਜਾਗਦਾ-ਜਗਾਉਂਦਾ, ਹੱਸਦਾ-ਹਸਾਉਂਦਾ, ਅਸ਼ੀਰਵਾਦ ਦਿੰਦਾ, ਅਸੀਸਾਂ ਦੀ ਝੜੀ ਲਾਉਂਦਾ, ਬੁੱਕਲ ਵਿਚ ਬਾਸਿ਼ੰਦਿਆਂ ਨੂੰ ਲੁਕਾਉਂਦਾ ਅਤੇ ਕੁਦਰਤੀ ਅਲਾਮਤਾਂ ਤੇ ਆਫਤਾਂ ਤੋਂ ਬਚਾਉਂਦਾ।
ਪਿੰਡ, ਜੀਵਨ ਦਾ ਸੁੱਚਾ ਰੰਗ, ਬੇਲਾਗਤਾ ਅਤੇ ਬੇਨਿਆਜ਼ੀ ਦਾ ਸੁੱਚਾ ਢੰਗ। ਇਸ ਦੀ ਪਾਕੀਜ਼ਗੀ ਖੇਤਾਂ, ਖੂਹਾਂ, ਨਿਆਈਆਂ ਅਤੇ ਹਵੇਲੀਆਂ ਤੋਂ ਤੁਰ ਕੇ ਘਰ ਨੂੰ ਭਾਗ ਲਾਉਂਦੀ। ਇਹ ਪਾਕੀਜ਼ਗੀ ਹੀ ਹੁੰਦੀ, ਜੋ ਚੁੱਲ੍ਹੇ-ਚੌਂਕਿਆ, ਦਲਾਨ-ਕੋਠੜੀਆਂ ਅਤੇ ਸਬਾਤਾਂ-ਬਰਾਂਡਿਆਂ ਵਿਚ ਫੈਲ ਕੇ ਸਭ ਨੂੰ ਆਪਣੇ ਕਲਾਵੇ ਵਿਚ ਲੈਂਦੀ ਅਤੇ ਜੀਵਨ ਦਾ ਗੁਰਮੰਤਰ ਕੰਨ ਵਿਚ ਕਹਿੰਦੀ।
ਪਰ ਹੁਣ ਪਿੰਡ ਬਹੁਤ ਬਦਲ ਗਿਆ ਹੈ। ਬਦਲਣਾ ਹੈ ਕੁਦਰਤ ਦਾ ਦਸਤੂਰ, ਸਮਿਆਂ ਦੀ ਮੰਗ ਅਤੇ ਉਨਤੀ ਦੀ ਤਸਦੀਕ। ਅੱਗੇ ਵੱਧਣ, ਨਵੀਆਂ ਪੈੜਾਂ ਸਿਰਜਣ ਅਤੇ ਸੋਨ-ਸੁਪਨਿਆਂ ਨੂੰ ਮਿਲੀ ਪਰਵਾਜ਼ ਦੀ ਦਸਤਾਵੇਜ਼; ਪਰ ਬਦਲਾਅ ਦੌਰਾਨ ਜਿ਼ੰਦਗੀ ਦੀ ਸੁੱਚਮਤਾ ਦਾ ਮਨਫੀ ਹੋਣਾ ਬਹੁਤ ਅੱਖਰਦਾ ਹੈ ਪਿੰਡ ਨੂੰ, ਇਸ ਦੀ ਅਪਣੱਤ, ਮੋਹ, ਮੁਹੱਬਤ, ਸਾਂਝੀਵਾਲਤਾ, ਸਾਦਗੀ, ਸਮੁੱਚਤਾ ਅਤੇ ਸੰੁਦਰਤਾ ਨੂੰ। ਤਬਦੀਲੀ ਵਿਚ ਪੁਰਾਤਨ ਰਵਾਇਤਾਂ ਵਿਚਲੀ ਚੰਗਿਆਈ, ਵਿਰਸੇ ਦੀ ਖੁਸ਼ਬੋ, ਮਿੱਟੀ ਨਾਲ ਜੁੜੇ ਰਹਿਣ ਦੀ ਚਾਹਤ, ਪੁਰਖਿਆਂ ਦੀ ਜਨਮ-ਭੌਂ ਨੂੰ ਸਿਜਦਾ ਕਰਨ ਦੀ ਤਮੰਨਾ ਅਤੇ ਆਪਣੇ ਪੁਰਾਣੇ ਘਰ ਨੂੰ ਯਾਦ ਰੱਖਣ ਤੇ ਵਾਰ ਵਾਰ ਨਤਮਸਤਕ ਹੋਣ ਦੀ ਭਾਵਨਾ ਬਰਕਰਾਰ ਰਹੇ ਤਾਂ ਪਿੰਡ ਵਿਚਲਾ ਬਦਲਾਅ, ਪਿੰਡ ਨੂੰ ਜਿ਼ਆਦਾ ਤਕਲੀਫ ਨਹੀਂ ਦਿੰਦਾ, ਪਰ ਜਦ ਪਿੰਡ ਵਿਚੋਂ ਪਿੰਡ ਹੀ ਮਨਫੀ ਹੋ ਜਾਵੇ, ਪੇਂਡੂਪੁਣਾ ਹੀ ਅਲੋਪ ਹੋ ਜਾਵੇ ਅਤੇ ਪੇਂਡੂ ਰਹਿਤਲ ਵਿਚਲੀ ਅੰਮ੍ਰਿਤਾ, ਅਮੀਰਤਾ ਅਤੇ ਅਸੀਮਤਾ ਸਾਹ ਵਰੋਲਣ ਜੋਗੀ ਰਹਿ ਜਾਵੇ ਤਾਂ ਪਿੰਡ ਬਹੁਤ ਤੜਫਦਾ ਤੇ ਕੂਕਦਾ। ਅਜਿਹੇ ਵੇਲੇ ਪਿੰਡ ਨੂੰ ਆਪਣਾ ਬੀਤਿਆ ਵੇਲਾ ਬਹੁਤ ਯਾਦ ਆਉਂਦਾ। ਉਹ ਬੀਤੇ ਹੋਏ ਸਮਿਆਂ ਨੂੰ ਮੁੜ ਪਰਤ ਆਉਣ ਲਈ ਹਾਕ ਮਾਰਦਾ। ਇਸ ਕੂਕ ਵਿਚੋਂ ਹੀ ਉਸ ਦੇ ਅੰਤਰੀਵ ਵਿਚ ਉਗੀ ਪੀੜਾ ਤੇ ਦਰਦ ਨੂੰ ਪਛਾਣਿਆ ਜਾ ਸਕਦਾ ਅਤੇ ਇਸ ਦੀ ਦਵਾ ਬਣਨ ਲਈ ਕੁਝ ਆਹਰ ਕੀਤਾ ਜਾ ਸਕਦਾ।
ਪਿੰਡ ਕਿਵੇਂ ਭੁੱਲ ਸਕਦਾ ਏ ਘਰਾਂ ਵਿਚ ਵੱਸਦੇ ਨਿੱਕੇ ਨਿੱਕੇ ਘਰਾਂ ਵਿਚਲੀ ਪੀਢੀ ਸਾਂਝ ਨੂੰ। ਸਰਫੇ ਤੇ ਸਾਦਗੀ ਭਰੇ ਦਿਨਾਂ ਵਿਚ ਮਾਂਵਾਂ, ਸਵੇਰ ਲਈ ਰਾਤ ਨੂੰ ਹੀ ਚੁੱਲ੍ਹੇ ਵਿਚ ਅੱਗ ਨੂੰ ਸੰਭਾਲ ਲੈਂਦੀਆਂ ਸਨ ਅਤੇ ਅੱਗ ਮੰਗਣ ਦਾ ਰਿਵਾਜ਼ ਆਮ ਹੁੰਦਾ ਸੀ। ਕੌਲੀ ਫੜ ਕੇ ਦਾਲ ਜਾਂ ਸਬਜ਼ੀ ਮੰਗਣ ਲਈ ਕਿਸੇ ਨੂੰ, ਕਿਸੇ ਦਾ ਵੀ ਦਰ ਖੜਕਾਉਣ ਦੀ ਵੀ ਲੋੜ ਨਹੀਂ ਸੀ ਹੁੰਦੀ। ਲਵੇਰਾ ਨਾ ਹੋਣ ‘ਤੇ ਆਢੋਂ-ਗੁਆਢੋਂ ਦੋ-ਚਾਰ ਮਹੀਨੇ ਦੁੱਧ ਲੈਂਦੇ ਰਹਿਣਾ ਅਤੇ ਫਿਰ ਅਗਲੇ ਦਾ ਲਵੇਰਾ ਨੱਸਣ ਤੇ ਦੁੱਧ ਦੇ ਦੇਣਾ। ਦੇਣ ਤੇ ਲੈਣ ਕਾਰਨ ਆਪਸੀ ਸਬੰਧਾਂ ਵਿਚ ਸਵਾਰਥ ਨਹੀਂ ਸੀ ਪੈਦਾ ਹੁੰਦਾ ਅਤੇ ਨਾ ਹੀ ਕੋਈ ਹੀਣ ਭਾਵਨਾ ਹੁੰਦੀ ਸੀ। ਬੱਚੇ ਤਾਂ ਅਕਸਰ ਹੀ ਕਿਸੇ ਵੀ ਘਰ ਵਿਚ ਜਾ ਕੇ ਰੋਟੀ ਖਾ ਸਕਦੇ ਸਨ। ਬੱਚਿਆਂ ਦਾ ‘ਕੱਠੇ ਪੜ੍ਹਨਾ, ਸੌਣਾ ਅਤੇ ਖੇਡਣਾ ਤਾਂ ਆਮ ਹੀ ਹੁੰਦਾ ਸੀ; ਪਰ ਹੁਣ ਅਸੀਂ ਇਕ ਘਰ ਵਿਚ ਰਹਿੰਦੇ ਹੋਏ ਵੀ ਪ੍ਰਾਈਵੇਸੀ ਦਾ ਕੇਹਾ ਰੋਗ ਲਾ ਲਿਆ ਕਿ ਨੇੜੇ ਹੁੰਦਿਆਂ ਵੀ ਬਹੁਤ ਦੂਰ ਹੋ ਗਏ ਹਾਂ। ਇਕ ਘਰ ਵਿਚ ਉਗੇ ਨਿੱਕੇ ਨਿੱਕੇ ਘਰਾਂ ਅਤੇ ਉਸਰੀਆਂ ਕੰਧਾਂ ਨੂੰ ਦੇਖ ਕੇ ਪਿੰਡ ਕਿਵੇਂ ਸਮਝੇ ਕਿ ਉਹ ਪਿੰਡ ਹੀ ਹੈ। ਕਿਸੇ ਦੇ ਘਰ ਮੰਗਣ ਜਾਣਾ ਤਾਂ ਹੇਠੀ ਸਮਝੀ ਜਾ ਰਹੀ ਏ ਅਤੇ ਹਰ ਵਿਅਕਤੀ ਆਪਣੀ ਹੈਂਕੜ ਦਾ ਭਾਰ ਚੁੱਕੀ, ਕੁੱਬ ਤਾਂ ਪਵਾਈ ਬੈਠਾ, ਪਰ ਆਪਣੀ ਹਿੰਡ ਪੁਗਾਉਣ ‘ਤੇ ਹੀ ਤੁੱਲਿਆ ਹੋਇਆ ਏ। ਪਿੰਡ ਨੂੰ ਪਿੰਡ ਕਹਿਣ ਲਈ ਕੁਝ ਤਾਂ ਪਿੰਡ ਵਰਗਾ ਹੋਵੇ।
ਪਿੰਡ ਲਈ ਉਹ ਕੇਹੇ ਪਿਆਰੇ ਦਿਨ ਸਨ ਜਦ ਮੁੰਡੇ-ਕੁੜੀਆਂ ਗਲੀਆਂ ਵਿਚ ਖੇਡਦੇ ਤੇ ਲੋਹੜੀ ਮੰਗਦੇ। ਗੁੜ, ਮੂੰਗਫਲੀ ਅਤੇ ਰਿਓੜੀਆਂ ਖਾਂਦਿਆਂ ਮੂੰਹ ਪੱਕ ਜਾਂਦੇ। ਸਾਰੀ ਰਾਤ ਲੋਹੜੀ ਸੇਕਦੇ, ਢੋਲੇ ਦੀਆਂ ਲਾਉਂਦੇ। ਪਿੰਡ ਨੂੰ ਆਪਣੀ ਮੋਹ-ਭਿੱਜੀ ਭਾਈਚਾਰਕ ਸਾਂਝ ‘ਤੇ ਮਾਣ ਹੁੰਦਾ। ਉਹ ਆਪਣੇ ਨਵ-ਜਨਮੇ ਬੱਚਿਆਂ, ਨਵ ਵਿਆਹਿਆਂ ਦੀਆਂ ਖੈਰਾਂ ਸੁੱਖਾਂ ਮੰਗਦਾ, ਆਪਣੇ ਲਈ ਖੁਸ਼ੀਆਂ-ਖੇੜਿਆਂ ਦੀ ਦੁਆ ਬਣਦਾ ਸੀ।
ਪਿੰਡ ਤਾਂ ਕਈ ਵਾਰ ਸਿਰ ਫੜ ਲੈਂਦਾ ਕਿ ਪਿੰਡ ਦੀ ਹਰ ਲੜਕੀ ਨੂੰ ਸਭ ਦੀ ਸਾਂਝੀ ਧੀ-ਭੈਣ ਸਮਝਣ ਵਾਲੇ, ਉਸ ਦੇ ਗੱਭਰੂ ਹੀ ਪਿੰਡ ਦੀ ਆਬਰੂ ਲੁੱਟਣ ਲਈ ਕਿਉਂ ਉਤਾਰੂ ਹੋ ਗਏ? ਬੱਸ ਵਿਚ ਸਫਰ ਕਰਦਿਆਂ, ਕਿਸੇ ਵੀ ਲੜਕੀ ਜਾਂ ਔਰਤ ਲਈ ਸੀਟ ਛੱਡਣ ਦਾ ਰਿਵਾਜ਼ ਆਮ ਹੁੰਦਾ ਸੀ। ਪਿੰਡ ਦੀ ਧੀ ਮਿਲਣ ‘ਤੇ ਪਿੰਡ ਦਾ ਬਜੁਰਗ ਉਸ ਨੂੰ ਸ਼ਗਨ ਰੂਪੀ ਪਿਆਰ ਜਰੂਰ ਦਿੰਦਾ। ਪਿੰਡ ਵਿਚ ਜੰਝ ਆਉਣ ‘ਤੇ ਉਸ ਪਿੰਡ ਵਿਚ ਵੱਸਦੀਆਂ ਧੀਆਂ ਮਣਸੀਆਂ ਜਾਂਦੀਆਂ ਸਨ। ਬਹੁਤ ਮਾਣ ਤੇ ਅਦਬ ਹੁੰਦਾ ਸੀ ਧੀਆਂ ਦਾ। ਅਜਿਹੇ ਕਿਰਦਾਰ ਵਾਲੇ ਵਾਸੀਆਂ ਨੇ ਪਿੰਡ ਨੂੰ ਕਿਉਂ ਵਿਸਾਰਿਆ? ਪਿੰਡ ਦੀ ਰੰਗਤ ਵਿਚ ਪਏ ਫਿੱਕੇਪਣ ਲਈ ਕੌਣ ਨੇ ਜਿੰਮੇਵਾਰ? ਕਿਹੜਾ ਵਿਰਸਾ ਸਿਰਜਣ ਵੱਲ ਤੁਰ ਪਿਆ ਏ ਪਿੰਡ ਦਾ ਸਭਿਆਚਾਰ ਤੇ ਸਮਾਜ? ਪਿੰਡ ਕਰੇ ਤਾਂ ਕੀ ਕਰੇ? ਬਹੁਤ ਕੁਝ ਆਉਂਦਾ ਏ ਉਸ ਦੇ ਮਨ ਵਿਚ; ਪਰ ਕੋਈ ਸੁਣੇ ਤਾਂ ਹੀ ਕੁਝ ਹੋ ਸਕੇ!
ਪਿੰਡ ਨੂੰ ਉਹ ਵੇਲਾ ਯਾਦ ਏ ਜਦ ਪਿੰਡ ਦਾ ਹਰ ਵਡੇਰਾ ਕਿਸੇ ਵੀ ਬੱਚੇ ਨੂੰ ਝਿੜਕ ਸਕਦਾ ਸੀ। ਸਿਰ ਪਲੋਸਦਾ ਸੀ। ਉਸ ਦੀਆਂ ਪ੍ਰਾਪਤੀਆਂ ਦੀ ਸਿਫਤ ਸਾਲਾਹ ਕਰਦਾ ਸੀ। ਹੋਰ ਮੱਲਾਂ ਮਾਰਨ, ਚੰਗਾ ਪੜ੍ਹਨ ਅਤੇ ਪਿੰਡ ਦਾ ਨਾਮ ਚਮਕਾਉਣ ਲਈ ਉਤਸ਼ਾਹਿਤ ਕਰਦਾ ਸੀ। ਬਜੁਰਗ ਔਰਤ, ਬੱਚੇ ਨੂੰ ਇਮਤਿਹਾਨ ਦੇਣ ਵਕਤ ਦਹੀਂ ਖਾ ਕੇ ਜਾਣ ਲਈ ਮੱਤ ਦਿੰਦੀ ਸੀ। ਪੜ੍ਹੇ-ਲਿਖੇ ਵਿਅਕਤੀ, ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈਣ ਲਈ ਉਤਸ਼ਾਹਿਤ ਕਰਦੇ ਸਨ। ਕਈ ਤਾਂ ਖੁਦ ਕਾਲਜ ਵਿਚ ਦਾਖਲ ਕਰਵਾ ਕੇ ਆਉਂਦੇ ਸਨ। ਉਨ੍ਹਾਂ ਦੇ ਮਨਾਂ ਵਿਚ ਚੰਗਿਆਈ ਵੱਸਦੀ ਸੀ ਅਤੇ ਉਹ ਪਿੰਡ ਦੇ ਨਾਮ ਨੂੰ ਰੁਸ਼ਨਾਉਣ ਵਾਲੀਆਂ ਨਵੀਆਂ ਪੈੜਾਂ ਲਈ ਮਾਰਗ ਦਰਸ਼ਕ ਹੁੰਦੇ ਸਨ, ਪਰ ਹੁਣ ਤਾਂ ਪਿੰਡ ਦੇ ਚੌਧਰੀ, ਜਵਾਕਾਂ ਨੂੰ ਨਸਿ਼ਆਂ `ਤੇ ਲਾਉਣ, ਪੁੱਠੀਆਂ ਪੱਟੀਆਂ ਪੜ੍ਹਾਉਣ ਅਤੇ ਗਵਾਂਢੀ ਦਾ ਬੇੜਾ ਗਰਕ ਕਰਨ ਲਈ ਕੋਈ ਕਸਰ ਨਹੀਂ ਛੱਡਦੇ। ਅਜਿਹੀ ਮਾਨਸਿਕਤਾ ਪਿਛੇ ਕੀ ਕਾਰਨ ਨੇ? ਕੀ ਉਨ੍ਹਾਂ ਲਈ ਹਰ ਜਾਇਜ਼-ਨਾਜਾਇਜ਼ ਢੰਗ ਨਾਲ ਆਪਣੇ ਭੋਖੜੇ ਨੂੰ ਪੂਰਾ ਕਰਨ ਦੀ ਨੌਬਤ ਹੈ ਜਾਂ ਉਹ ਸਭ ਕੁਝ ਹੜੱਪਣਾ ਚਾਹੁੰਦੇ ਨੇ? ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਕਿ ਅਜਿਹਾ ਕਰਦਿਆਂ ਉਹ ਆਪਣੇ ਬੱਚਿਆਂ ਲਈ ਅਜਿਹਾ ਖੱਡਾ ਪੁੱਟ ਰਹੇ ਹੁੰਦੇ ਹਨ, ਜਿਸ ਵਿਚ ਗਰਕ ਜਾਂਦੀਆਂ ਨੇ ਅਜਿਹੇ ਲੋਕਾਂ ਦੀਆਂ ਕਈ ਨਸਲਾਂ।
ਪਿੰਡ ਨੂੰ ਦੁੱਖ ਹੈ ਕਿ ਇਸ ਦੇ ਖੇਤਾਂ ਵਿਚ ਹੁਣ ਫਸਲਾਂ ਨਹੀਂ ਲਹਿਰਾਉਂਦੀਆਂ ਅਤੇ ਨਾ ਹੀ ਆੜਾਂ ਤੇ ਔਲੂਆਂ ਵਿਚ ਚਾਂਦੀ ਰੰਗਾ ਪਾਣੀ ਪੈਲਾਂ ਪਾਉਂਦਾ, ਫਸਲਾਂ ਨੂੰ ਸਿੰਜਦਾ ਕਿਸਾਨ ਖੁਸ਼ਹਾਲੀ ਦੀ ਕਾਮਨਾ ਕਰਦਾ ਏ। ਪਿੰਡ ਨੂੰ ਖੇਦ ਹੈ ਕਿ ਲੋਭੀ ਚਾਲਾਂ ਨੇ ਸਾਦੇ ਅਤੇ ਭੋਲੇ-ਭਾਲੇ ਪੇਂਡੂਆਂ ਨੂੰ ਵਰਗਲਾ ਕੇ, ਇਨ੍ਹਾਂ ਦਾ ਪਾਣੀ ਵੀ ਪਲੀਤ ਕਰ ਦਿਤਾ, ਧਰਤੀ ਨੂੰ ਖਾਦਾਂ ਅਤੇ ਕੀਟਨਾਸ਼ਕ ਪਾ ਕੇ ਜ਼ਹਿਰੀਲੀ ਕਰ ਦਿਤਾ ਤੇ ਬਿਰਖ ਰਹਿਣ ਨਹੀਂ ਦਿਤੇ। ਫਿਰ ਚਿੜੀਆਂ-ਜਨੌਰਾਂ ਨੇ ਕਿਥੋਂ ਰਹਿਣਾ ਸੀ ਜਿਨ੍ਹਾਂ ਦੇ ਹਿੱਸੇ ਦਾ ਕਦੇ ਕਣਕ ਦਾ ਖੂੰਜਾ ਵੀ ਛੱਡਿਆ ਜਾਂਦਾ ਸੀ। ਧਰਤੀ ਨੂੰ ਸੰਨਵੀਂ ਛੱਡਣ ਦੀ ਧਾਰਨਾ ਤਾਂ ਲੋਭ ਹੀ ਖਾ ਗਿਆ। ਪਾਣੀ, ਮੌਤ ਦਾ ਦਰਿਆ। ਧਰਤੀ, ਬੰਜਰ ਕੁੱਖ। ਹਵਾ ਵਿਚ ਏ ਸਾਹਾਂ ਦਾ ਰੁਦਨ। ਪਿੰਡ ਨੂੰ ਦੁੱਖ ਹੈ ਕਿ ਹੁਣ ਟਾਹਲੀਆਂ ‘ਤੇ ਲਟਕਦੀਆਂ ਨੇ ਲਾਸ਼ਾਂ। ਖੇਤਾਂ ਵਿਚ ਖਲਵਾਣ ਨਹੀਂ, ਖੁਦਕੁਸ਼ੀਆਂ ਉਗਦੀਆਂ ਨੇ। ਖੂਹਾਂ `ਤੇ ਰੱਬ ਨਹੀਂ, ਸਗੋਂ ਖੌਫ ਵੱਸਦਾ। ਕਿੰਜ ਜੁੜਨਗੇ ਬਾਬੇ, ਸਜਣਗੀਆਂ ਮਹਿਫਿਲਾਂ ਅਤੇ ਪਿੱਪਲਾਂ ਤੇ ਬੋਹੜਾਂ ਹੇਠ ਬੈਠਣਗੀਆਂ ਢਾਣੀਆਂ? ਕਿਵੇਂ ਮਿਲੇਗਾ ਤਿੱਖੜ-ਦੁਪਹਿਰ ਵਿਚ ਘੜੀ ਪਲ ਸੁਸਤਾਣ ਦਾ ਸਰਵਗੀ ਹੁਲਾਰ?
ਪਿੰਡ ਦੀ ਯਾਦਦਾਸ਼ਤ ਵਿਚ ਸੱਜਰਾ ਜਾਪਦਾ ਹੈ, ਜਦ ਸਕੂਲ ਪੜ੍ਹਨ ਜਾਂਦੇ ਜਵਾਕਾਂ ਲਈ ਜਰੂਰੀ ਹੁੰਦਾ ਸੀ ਕਿ ਉਹ ਸਾਝਰੇ ਉਠ ਕੇ ਖੇਤੋਂ ਪੱਠਿਆਂ ਦੀ ਭਰੀ ਲਿਆਉਣ ਜਾਂ ਮੰਡ ਵਿਚੋਂ ਘਾਹ ਦੀ ਪੰਡ ਖੋਤ ਕੇ ਲਿਆਉਣ। ਫਿਰ ਉਹ ਕਿਸੇ ਚੁਬੱਚੇ ਵਿਚ ਤਾਰੀ ਲਾ ਕੇ ਸਕੂਲ ਜਾਂਦੇ। ਅੱਧੀ ਛੁੱਟੀ ਵੇਲੇ ਉਨ੍ਹਾਂ ਦੇ ਜਿੰਮੇ ਹੁੰਦਾ ਸੀ ਹਵੇਲੀ ਵਿਚਲੇ ਪਸੂਆਂ ਨੂੰ ਪਾਣੀ ਪਿਆਉਣਾ। ਛਾਬੇ ਵਿਚੋਂ ਸਵੇਰ ਦੀ ਪੋਣੇ ਵਿਚ ਲਪੇਟੀ ਰੋਟੀ ਤੁਰੇ ਜਾਂਦੇ ਅਚਾਰ ਨਾਲ ਖਾਣਾ ਜਾਂ ਭੱਠੀ ਤੋਂ ਦਾਣੇ ਭੁਨਾ ਕੇ ਕਲਾਸ ਵਿਚ ਚੋਰੀ ਚੋਰੀ ਚੱਬਣਾ। ਮਾਸਟਰ ਦੇ ਪਾਏ ਪੂਰਨਿਆਂ ਕਾਰਨ ਉਘੜਦੀ ਸੀ ਮੋਤੀਆਂ ਵਰਗੀ ਲਿਖਾਈ। ਸਕੂਲ ਦੇ ਕੋਲ ਛੱਪੜ ਵਿਚ ਪੋਚਦੇ ਸੀ ਫੱਟੀ ਅਤੇ ਸੂਰਜ ਨੂੰ ਫੱਟੀ ਸੁਕਾਉਣ ਲਈ ਹਾਕ ਮਾਰਦੇ। ਦਵਾਤ ਵਿਚ ਸਿਆਹੀ ਪਾ ਕੇ ਘੋਲਣੀ। ਡੁੱਬਕਾ ਲੈਣ ਪਿੱਛੇ ਬੱਚਿਆਂ ਦੀ ਲੜਾਈ ਅਤੇ ਛਿੱਣ ਬਾਅਦ ਸੁਲ੍ਹਾ ਸਫਾਈ, ਆਮ ਵਰਤਾਰਾ ਹੁੰਦਾ ਸੀ। ਬੱਚਿਆਂ ਨੂੰ ਮਿਲਦਾ ਸੀ ਸਾਫਗੋਈ, ਸੁਪਨਗੋਈ ਅਤੇ ਸਖਤ-ਮਿਹਤਨ ਦਾ ਵਰਦਾਨ। ਨੇੜਲੇ ਸਕੂਲ ਵਿਚ ਅੱਠਵੀਂ ਜਾਂ ਦਸਵੀ ਦੇ ਪੇਪਰ ਦਿਵਾਉਣ ਲਈ ਹਫਤਾ-ਦਸ ਦਿਨ ਉਥੇ ਰਹਿਣਾ, ਮਾਸਟਰਾਂ ਨੇ ਨਾਲ ਹੀ ਰਹਿਣਾ, ਪੜ੍ਹਾਉਣਾ ਅਤੇ ਬੱਚਿਆਂ ਨੂੰ ਅੱਧੀ ਅੱਧੀ ਰਾਤ ਤੀਕ ਚੰਗੇ ਨੰਬਰ ਲੈਣ ਦੀਆਂ ਤਰਕੀਬਾਂ ਸਿਖਾਉਣੀਆਂ। ਉਨ੍ਹਾਂ ਵਿਚ ਇਮਾਨਦਾਰੀ ਅਤੇ ਸਖਤ ਮਿਹਤਨ ਕਰਕੇ, ਉਚੇ ਦਰਜੇ ਪ੍ਰਾਪਤ ਕਰਨ ਦੀ ਚੇਟਕ ਹੀ ਵਿਦਿਆਰਥੀਆਂ ਦੇ ਜੀਵਨ-ਧਰਾਤਲ ਨੂੰ ਮਾਣਮੱਤੀਆਂ ਪ੍ਰਾਪਤੀਆਂ ਦਾ ਸਿਰਲੇਖ ਬਣਾਉਣ ਵਿਚ ਸਹਾਈ ਹੋਈ। ਇਸ ਵਿਚੋਂ ਨਿੱਖਰੀਆਂ ਅਜ਼ੀਮ ਸ਼ਖਸੀਅਤਾਂ, ਜਿਨ੍ਹਾਂ ‘ਤੇ ਪਿੰਡ ਨੂੰ ਨਾਜ਼ ਏ ਅਤੇ ਉਹ ਵੀ ਆਪਣੇ ਪਿੰਡ ਦੀ ਮਿੱਟੀ ‘ਤੇ ਮਾਣ ਕਰਦੇ। ਕਿਧਰ ਗਈ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਪ੍ਰਤੀਬੱਧਤਾ ਅਤੇ ਗੁਰੂ-ਚੇਲੇ ਦੇ ਭਾਵਪੂਰਤ ਸਬੰਧਾਂ ਦੀ ਸਰੋਕਾਰੀ? ਪਿੰਡ ਉਦਾਸ ਤੇ ਹਤਾਸ਼ ਏ।
ਪਿੰਡ ਨੂੰ ਕਿੰਨਾ ਚੰਗਾ ਲੱਗਦਾ ਸੀ, ਕਿਸੇ ਦੀ ਮੌਤ `ਤੇ ਸਮੁੱਚੇ ਪਿੰਡ ਦਾ ਸੋਗੀ ਵਾਤਾਵਰਣ ਅਤੇ ਚੁੱਲ੍ਹੇ ਠੰਡੇ ਰੱਖ ਕੇ ਦੁੱਖ ਵਿਚ ਸ਼ਰੀਕ ਹੋਣ ਦੀ ਭਾਵਨਾ। ਹਰੇਕ ਦੀ ਅੱਖ ਨਮ ਹੁੰਦੀ। ਕਿਸੇ ਦੇ ਘਰ ਪਾਠ ਦਾ ਭੋਗ, ਕਿਸੇ ਦੀ ਮੰਗਣੀ ਜਾਂ ਕੁੜੀ/ਮੁੰਡੇ ਦਾ ਵਿਆਹ ਪਿੰਡ ਦਾ ਸਮਾਗਮ ਹੁੰਦਾ ਸੀ। ਸਾਰਾ ਪਿੰਡ ਹਾਜਰ-ਨਾਜਰ। ਝਿਊਰੀ ਵਲੋਂ ਭਾਂਡੇ ਮਾਂਜਣਾ, ਨਾਈ ਵਲੋਂ ਵੱਡੀਆਂ ਵੱਡੀਆਂ ਦੇਗਾਂ ਵਿਚ ਚਾੜ੍ਹੀ ਦਾਲ/ਚੌਲ, ਬਣਾਇਆ ਜਾ ਰਿਹਾ ਜਰਦਾ, ਕਦੇ ਖੀਰ/ਕੜਾਹ। ਚੋਬਰਾਂ ਵਲੋਂ ਸਾਝਰੇ ਹੀ ਬਾਲਟੀਆਂ ਫੜ ਕੇ ਦੁੱਧ/ਲੱਸੀ ‘ਕੱਠਾ ਕਰਨਾ। ਇਕ ਸਚਿਆਰਾ ਸਭਿਆਚਾਰ ਅਤੇ ਮਿਲਵਰਤਣੀ ਭਾਵਨਾ। ਹਰ ਕੋਈ ਆਪਣੀ ਵਿੱਤ ਮੁਤਾਬਕ ਸ਼ਮੂਲੀਅਤ ਕਰਦਾ। ਕੋਰਿਆਂ ਜਾਂ ਟਾਟ ਵਿਛਾ ਕੇ ਛਕਾਇਆ ਜਾ ਰਿਹਾ ਭੋਜਨ, ਇਕ ਸੁਖਨ ਅਤੇ ਸਕੂਨ ਪੈਦਾ ਕਰਦਾ ਸੀ। ਬਹਿਰਿਆਂ ਨਾਲ ਮੈਰਿਜ ਪੈਲੇਸਾਂ ਵਿਚ ਭਰੀ ਬੇਗਾਨਗੀ ਵਿਚੋਂ ਪਿੰਡ ਕਿਵੇਂ ਭਾਲੇਗਾ ਉਹ ਹੁਲਾਸਮਈ ਵਰਤਾਰਾ। ਸਮੁੱਚਤਾ ਭਰਿਆ ਨਜ਼ਾਰਾ ਤਾਂ ਹੁਣ ਬਣ ਚੁਕਾ ਏ ਬੀਤੇ ਦਾ ਝਲਕਾਰਾ। ਉਸ ਸਮੇਂ ਕੋਈ ਨਹੀਂ ਸੀ ਫਜੂਲ ਖਰਚੀ, ਨਹੀਂ ਸੀ ਹੁੰਦੀਆਂ ਖੁਦਕੁਸ਼ੀਆਂ। ਬਜੁਰਗ ਜਿੰ਼ਦਗੀ ਨੂੰ ਭਰਪੂਰ ਜਿਉਂਦੇ ਅਤੇ ਮੁਸ਼ਕਿਲਾਂ ਤੋਂ ਬਾਅਦ ਵੀ ਜੀਵਨ ਨੂੰ ਪਹਿਲੇ ਰੰਗ ਵਿਚ ਲਿਆਉਣ ਲਈ ਸਿਰ ਤੋੜ ਮਿਹਨਤ ਕਰਦੇ ਸਨ। ਉਨ੍ਹਾਂ ਦੇ ਮਨਾਂ ਵਿਚ ਮੌਤ ਦਾ ਕੋਈ ਭੈਅ ਨਹੀਂ ਸੀ। ਉਹ ਤਾਂ ਮੌਤ ਨੂੰ ਮਖੌਲਾਂ ਕਰਦੇ ਸਨ।
ਪਿੰਡ ਨੂੰ ਯਾਦ ਹੈ ਪੁਰਾਣੇ ਬੰਦਿਆਂ ਦੀ ਤਾਕਤ, ਉਨ੍ਹਾਂ ਦਾ ਜਜ਼ਬਾ ਅਤੇ ਉਨ੍ਹਾਂ ਦੀ ਦਲੇਰੀ ਦੀਆਂ ਅਕੱਥ ਕਹਾਣੀਆਂ। ਉਹ ਅਮੋੜ ਦਰਿਆਵਾਂ ਨੂੰ ਆਪਣੀ ਪਕੜ ਵਿਚ ਲੈ ਲੈਂਦੇ ਸਨ। ਯਾਦ ਹੈ ਕਿ ਕਿਵੇਂ ਸਿਰੜੀ ਕਿਸਾਨਾਂ ਨੇ ਬੇਆਬਾਦ ਮੰਡ ਨੂੰ ਬੰਦੇ ਜੰਮਣ ਵਾਲੇ ਖੇਤ ਬਣਾਇਆ ਸੀ? ਕਿਵੇਂ ਛੰਭ ਦੀ ਜਿੱਲਣ ਵਿਚੋਂ ਖੁੱਭੇ ਹੋਏ ਗੱਡੇ ਨੂੰ ਮੋਢਾ ਦੇ ਕੇ ਬਾਹਰ ਕੱਢਿਆ ਸੀ? ਕਿਵੇਂ ਹੰਭੇ ਹੋਏ ਬਲਦ ਨੂੰ ਸਾਹ ਦਿਵਾਉਣ ਲਈ, ਗੱਡੇ ਅੱਗੇ ਆਪ ਹੀ ਜੁੱਪ ਕੇ, ਕਈ ਕਈ ਮੀਲ ਚਲੇ ਜਾਂਦੇ ਸਨ? ਕੋਈ ਥਕਾਵਟ ਨਹੀਂ। ਮਣਾਂ ਮੂੰਹੀਂ ਹੁੰਦਾ ਸੀ ਜੋਰ। ਸਾਰੀ ਸਾਰੀ ਰਾਤ ਖੂਹ ਵਾਹੀ ਜਾਣਾ ਅਤੇ ਖੂਹ ਦੇ ਕੁੱਤੇ ਦੀ ਸੰਗੀਤਕ ਆਵਾਜ਼ ਦਾ ਪਿੰਡ ਦੀ ਫਿਜ਼ਾ ਨੂੰ ਰੂਹਦਾਰੀ ਬਖਸ਼ਣੀ। ਸਭ ਕੁਝ ਯਾਦ ਤਾਂ ਹੈ ਪਿੰਡ ਨੂੰ। ਪਰ ਹੁਣ ਉਹ ਬੰਦੇ ਕਿੱਥੇ? ਕਿੱਥੇ ਨੇ ਛੰਭ, ਮੰਡ, ਖੂਹ ਅਤੇ ਗੱਡੇ ਅੱਗੇ ਜੁੱਪਣ ਵਾਲੇ ਮਰਦ ਲੋਕ? ਪਿੰਡ ਚਾਹੁੰਦਾ ਹੈ ਕਿ ਅਜੋਕੇ ਖੜਸੁੱਕ ਪਿੰਜਰਾਂ ਵਿਚ ਇਕ ਵਾਰ ਜਵਾਨੀ ਦਾ ਜੋਸ਼ ਵੇਖੇ। ਉਹ ਬਜੁਰਗਾਂ ਦੀ ਸਲਾਹ ਤੇ ਨਸੀਹਤ ਵਿਚੋਂ ਆਪਣੀ ਸਿਹਤਮੰਦੀ ਨੂੰ ਪਹਿਲ ਬਣਾਉਣ। ਪਿੰਡ ਦੀ ਵਿਰਾਸਤ ਬਣਨ ਅਤੇ ਪੁਰਾਣੀ ਵਿਰਾਸਤ ਬਚਾਉਣ ਲਈ ਅੱਗੇ ਆਉਣ। ਨਵੀਂ ਪੀੜ੍ਹੀ ਦੀ ਬੇਰੁਖੀ ਤੇ ਬੇਫਿਕਰੀ ਨੇ ਪਿੰਡ ਨੂੰ ਬਹੁਤ ਨਿਰਾਸ਼ ਅਤੇ ਹਤਾਸ਼ ਕੀਤਾ ਏ।
ਪਿੰਡ ਨੂੰ ਇਹ ਵੀ ਹਿਰਖ ਏ ਕਿ ਇਸ ਦੀ ਜੂਹ ਵਿਚ ਪ੍ਰਵਾਨ ਚੜ੍ਹੇ, ਬਹੁਤ ਸਾਰਿਆਂ ਨੇ ਉਚੇ ਰੁਤਬਿਆਂ ਦਾ ਮਾਣ ਵੀ ਵਧਾਇਆ, ਵਿਦੇਸ਼ਾਂ ਵਿਚ ਵੀ ਨਾਮ ਕਮਾਇਆ ਅਤੇ ਨਵੀਆਂ ਪੈੜਾਂ ਵੀ ਸਿਰਜੀਆਂ; ਪਰ ਉਨ੍ਹਾਂ ਨੇ ਪਿੰਡ ਦਾ ਕਰਜ਼ ਉਸ ਰੂਪ ਵਿਚ ਨਹੀਂ ਉਤਾਰਿਆ, ਜਿਸ ਤਰ੍ਹਾਂ ਉਤਾਰਨਾ ਚਾਹੀਦਾ ਸੀ। ਪਿੰਡ ਸੱਚਾ ਹੈ, ਪਰ ਉਸ ਨੂੰ ਸ਼ਾਇਦ ਇਸ ਦਾ ਇਲਮ ਨਹੀਂ ਕਿ ਪਿੰਡ ਵਿਚਲੀ ਬੇਗਾਨਗੀ ਨੇ ਹੀ ਉਨ੍ਹਾਂ ਨੂੰ ਬੇਗਾਨਾ ਬਣਾ ਦਿਤਾ। ਪਿੰਡ ਨੂੰ ਆਪਣੇ ਤੋਂ ਦੂਰ ਤੁਰ ਗਿਆਂ ਨੂੰ ‘ਕੇਰਾਂ ਹਾਕ ਤਾਂ ਮਾਰਨੀ ਹੀ ਚਾਹੀਦੀ ਏ। ਫਿਰ ਦੇਖਣਾ ਇਸ ਦੀ ਗੋਦ ਵਿਚ ਪ੍ਰਵਾਨ ਚੜ੍ਹੇ, ਪਿੰਡ ਵੰਨੀਂ ਮੁਹਾਰ ਜਰੂਰ ਮੋੜਨਗੇ। ਇਸ ਦੇ ਮੁਖੜੇ ਨੂੰ ਸਿ਼ੰਗਾਰਨ ਅਤੇ ਕਰਜ਼ ਉਤਾਰਨ ਲਈ ਆਪਣਾ ਯੋਗਦਾਨ ਜਰੂਰ ਪਾਉਣਗੇ।
ਪਿੰਡ ਦਾ ਦਾਈਆ ਆਪਣਿਆਂ `ਤੇ ਹੈ। ਇਸ ਦਾਈਏ ਵਿਚੋਂ ਹੀ ਨਵੀਂ ਸਵੇਰ ਉਗਮੇਗੀ। ਸੁਰਖ ਕਿਰਨਾਂ ਭਰੀ ਨਵੀਂ ਸਰਘੀ ਦੀ ਆਮਦ ਹੋਵੇਗੀ। ਇਸ ਵਿਚ ਲਿਸ਼ਕੇਗਾ ਪਿੰਡ, ਇਸ ਦੇ ਬਨੇਰੇ ਅਤੇ ਘਰਾਂ ਵਿਚ ਵੱਸਦੇ ਲੋਕਾਂ ਦੇ ਮੁਹਾਂਦਰੇ। ਹਵੇਲੀਆਂ ਵਿਚ ਡੰਗਰਾਂ ਦੀ ਹੋਵੇਗੀ ਰੌਣਕ ਅਤੇ ਲਵੇਰੀਆਂ ਦੇ ਦੁੱਧ ਨਾਲ ਭਰਨਗੀਆਂ ਬਲਟੋਹੀਆਂ। ਆਲੇ-ਦੁਆਲੇ ਵਿਚ ਵੱਸਦੀ ਕਾਇਨਾਤ। ਇਸ ਕਾਇਨਾਤ ਵਿਚੋਂ ਸੁੱਚੇ ਤੇ ਸੁਨਹਿਰੀ ਜੀਵਨੀ ਸੌਗਾਤ ਦੀ ਸ਼ੁਭ ਸ਼ੁਰੂਆਤ।
ਪਿੰਡ ਦਾ ਵੱਸਦੇ ਰਹਿਣਾ, ਹੱਸਦੇ ਰਹਿਣਾ ਅਤੇ ਆਪਣੇ ਰੰਗ ਵਿਚ ਰੰਗੇ ਰਹਿਣਾ ਬਹੁਤ ਜਰੂਰੀ। ਇਸ ਲਈ ਜਰੂਰੀ ਹੈ ਪਿੰਡ ਵਿਚ ਪਿੰਡ ਵੱਸਦਾ ਰਹੇ। ਇਸ ਦੀ ਪੰਜਾਬੀਅਤ ਅਤੇ ਪੁਰਾਤੱਤਵਤਾ ਨੂੰ ਢਾਹ ਨਾ ਲਾਈ ਜਾਵੇ। ਸਗੋਂ ਇਸ ਦੀ ਪੁਰਾਤਨ ਦਿੱਖ ਵਿਚੋਂ ਹੀ ਨੁਹਾਰ ਨੂੰ ਨਵੀਨਤਾ ਅਤੇ ਨਰੋਈ ਦਿੱਖ ਰਾਹੀਂ ਕਿਆਸਿਆ ਅਤੇ ਹੁਲਾਸਿਆ ਜਾਵੇ। ਪਿੰਡ ਦੀ ਹੂਕ ਸੁਣੋ ਤਾਂ ਕਿ ਪਿੰਡ ਵਿਚੋਂ ਉਠੀ ਅਰਦਾਸ ਵਿਚੋਂ ਗੂੰਜੇ ਆਰਤੀ ਅਤੇ ਅਜ਼ਾਨ। ਫਿਰ ਪਿੰਡ ਵਿਚੋਂ ਵੱਸਦਾ ਇਨਸਾਨ ਹੀ ਬਣ ਜਾਵੇਗਾ ਇਨਸਾਨੀਅਤ ਦਾ ਸੁੱਚਾ ਮਾਣ।
ਪਿੰਡ ਤੋਂ ਮੁਨਕਰ ਨਾ ਹੋਵੋ। ਇਸ ਦੀ ਸੁਣੋ। ਪਿੰਡ ਦੀ ਖਾਮੋਸ਼ੀ ਨੂੰ ਸਮਝੀਏ, ਚੁੱਪ ਨੂੰ ਤੋੜੀਏ। ਸਾਡੇ ਵਿਚ ਇਸ ਦੀ ਹੂਕ ਦਾ ਹੁੰਗਾਰਾ ਭਰਨ ਦੀ ਤੌਫੀਕ ਹੋਵੇ। ਅਜਿਹੀ ਤੌਫੀਕ ਤਾਂ ਤਹਿਜ਼ੀਬੀ ਰੂਪ ਵਿਚ ਪੰਜਾਬੀਆਂ ਨੂੰ ਗੁੜਤੀ ਵਿਚ ਮਿਲਦੀ ਹੈ ਤੇ ਗੁੜਤੀ ਵਿਚ ਮਿਲੀ ਕੋਈ ਵੀ ਚੀਜ਼ ਸਦੀਵੀ ਹੁੰਦੀ ਹੈ। ਇਸ ਤਹਿਜ਼ੀਬੀ ਸੌਗਾਤ ਵਿਚੋਂ ਨਵੀਂ ਤਹਿਰੀਕ ਸਿਰਜਣ ਵੱਲ ਪਹਿਲ ਤਾਂ ਕਰਨੀ ਹੀ ਪੈਣੀ।
ਆਓ! ਚੁੱਪ ਤੋੜਨ ਵਿਚ ਪਹਿਲ ਕਰੀਏ!