ਜਸਵੰਤ ਸਿੰਘ ਕੰਵਲ ਦੀ ਪਹਿਲੀ ਬਰਸੀ

ਪ੍ਰਿੰ. ਸਰਵਣ ਸਿੰਘ
ਪਹਿਲੀ ਫਰਵਰੀ 2021 ਨੂੰ ਨਾਵਲਕਾਰ ਕੰਵਲ ਦੀ ਪਹਿਲੀ ਬਰਸੀ ਸੀ, ਜੋ ਗਦਰੀ ਬਾਬਿਆਂ ਦੀ ਯਾਦਗਾਰ ਢੁੱਡੀਕੇ ਵਿਖੇ ਮਨਾਈ ਗਈ। ਸੌ ਕਿਤਾਬਾਂ ਲਿਖਣ ਤੇ ਉਮਰ ਦੀ ਸੈਂਚਰੀ ਮਾਰਨ ਵਾਲਾ ਉਹ ਪੰਜਾਬੀ ਦਾ ਪਹਿਲਾ ਲੇਖਕ ਹੈ। ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੌਵੇਂ ਸਾਲ ‘ਚ ਪਹੁੰਚ ਗਏ ਸਨ, ਪਰ ਉਹ ਸੈਂਚਰੀ ਨਹੀਂ ਸੀ ਮਾਰ ਸਕੇ। ਉਸ ਨੇ ਪੰਜਾਬੀ ਦੇ ਸਭ ਤੋਂ ਵੱਧ ਪਾਠਕ ਪੈਦਾ ਕੀਤੇ। ਖੇਤੀਬਾੜੀ ਤੇ ਰਾਇਲਟੀ ਦੀ ਆਮਦਨ ਨਾਲ ਉਸ ਨੇ ਵੱਡਾ ਪਰਿਵਾਰ ਪਾਲਿਆ, ਚਾਰ ਧੀਆਂ ਹੋਸਟਲਾਂ ਵਿਚ ਭੇਜ ਕੇ ਐੱਮ. ਐੱਸਸੀ. ਤਕ ਪੜ੍ਹਾਈਆਂ, ਵਿਆਹੀਆਂ ਵਰੀਆਂ ਤੇ ਕੁਝ ਜ਼ਮੀਨ ਵੀ ਖਰੀਦੀ। ਬਣਦਾ ਸਰਦਾ ਦਸਵੰਧ ਸਿੱਖਿਆ, ਸਿਹਤ ਤੇ ਸਾਹਿਤ ਦੇ ਲੇਖੇ ਲਾਇਆ। ਸੌ ਤੋਂ ਵੱਧ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਡਾ. ਜਸਵੰਤ ਗਿੱਲ ਪੁਰਸਕਾਰ ਦਿੱਤੇ। ਦੇਸ਼ ਵਿਦੇਸ਼ ਦੀਆਂ ਸੈਰਾਂ ਕੀਤੀਆਂ।

ਕੰਵਲ ਬਾਰੇ ਮੈਂ ਪਹਿਲਾਂ ਹੀ ਕੁਝ ਲੇਖ ਲਿਖ ਚੁੱਕਾਂ, ਸਗੋਂ ਪੂਰੀ ਕਿਤਾਬ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਲਿਖੀ ਹੈ। ਸਮਝ ਨਹੀਂ ਆਉਂਦੀ ਉਹਦੀ ਬਰਸੀ `ਤੇ ਕੀ ਲਿਖਾਂ? ਇਕ ਦਿਨ ਵਰਿਆਮ ਸਿੰਘ ਸੰਧੂ ਨਾਲ ਗੱਲ ਚੱਲੀ ਕਿ ਉਨ੍ਹਾਂ ਲੇਖਕਾਂ ਦੀਆਂ ਹੀ ਬਰਸੀਆਂ ਮਨਾਈਆਂ ਜਾਂਦੀਆਂ, ਜਿਨ੍ਹਾਂ ਦੇ ਵਾਰਸ ਜੀਂਦੇ-ਜਾਗਦੇ ਹੋਣ। ਸ਼ੁਕਰ ਹੈ ਕੰਵਲ ਦਾ ਪੁੱਤਰ, ਪੂਰਾ ਪਰਿਵਾਰ, ਖਾਸ ਕਰ ਉਹਦਾ ਸਾਹਿਤਕ ਵਾਰਸ ਦੋਹਤਾ ਡਾ. ਸੁਮੇਲ ਸਿੰਘ ਸਿੱਧੂ-ਸਭ ਜਿਊਂਦੇ ਜਾਗਦੇ ਹਨ, ਜਿਸ ਕਰਕੇ ਲੱਗਦੈ ਉਹਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ।
ਕੰਵਲ ਡੂੰਘੀਆਂ ਜੜ੍ਹਾਂ ਵਾਲਾ ਬਿਰਖ ਸੀ, ਜੋ 100 ਸਾਲ 7 ਮਹੀਨੇ 4 ਦਿਨ, ਸੱਜੀਆਂ ਖੱਬੀਆਂ ‘ਵਾਵਾਂ ਨਾਲ ਝੂੰਮਦਾ, ਫਲ-ਫੁੱਲ ਤੇ ਛਾਂਵਾਂ ਦਿੰਦਾ ਰਿਹਾ। ਉਸ ਨੇ ਸੈਂਕੜੇ ਕਲਮਾਂ ਨੂੰ ਲਿਖਣ ਦੀ ਚੇਟਕ ਲਾਈ। ਤੀਹ ਲੇਖਕ ਤਾਂ ਢੁੱਡੀਕੇ ਦੇ ਹੀ ਹਨ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਹਵਾ ‘ਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿਚ ਹੀ ਪਹਿਲੀ ਫਰਵਰੀ 2020 ਨੂੰ ਸਵੇਰੇ 7:40 ਵਜੇ ਆਖਰੀ ਸਾਹ ਲਿਆ। ਉਸੇ ਦਿਨ 3:30 ਵਜੇ ਉਸ ਦੀ ਮ੍ਰਿਤਕ ਦੇਹ ਦਾ ‘ਜਸਵੰਤ ਸਿੰਘ ਕੰਵਲ ਅਮਰ ਰਹੇ’ ਦੇ ਨਾਅਰਿਆਂ ਨਾਲ ਕਪੂਰਾ ਪੱਤੀ ਦੇ ਸਿਵਿਆਂ ਵਿਚ ਸਸਕਾਰ ਕਰ ਦਿੱਤਾ ਗਿਆ। 10 ਫਰਵਰੀ ਨੂੰ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਰੋਹ ਹੋਇਆ, ਜਿਸ ਵਿਚ ਪੰਜਾਬ ਸਰਕਾਰ ਦੇ ਭਾਸ਼ਾ ਮੰਤਰੀ ਦਾ ਸਰਕਾਰੀ ਪੱਤਰ ਪੜ੍ਹ ਕੇ ਸੁਣਾਇਆ ਗਿਆ ਕਿ ਸਰਕਾਰੀ ਕਾਲਜ ਢੁੱਡੀਕੇ ਵਿਖੇ ਬਣਾਏ ਨਵੇਂ ਆਡੀਟੋਰੀਅਮ ਦਾ ਨਾਂ ਜਸਵੰਤ ਸਿੰਘ ਕੰਵਲ ਭਵਨ ਰੱਖਿਆ ਜਾਵੇਗਾ। ਕੁਝ ਦਿਨਾਂ ਬਾਅਦ ਪੰਜਾਹ ਸੱਠ ਲੇਖਕਾਂ ਪਾਠਕਾਂ ਨੇ ਸਿਮਰਤੀ ਸਮਾਗਮ ਕੀਤਾ ਤੇ ਬੋਰਡ ਲਾ ਕੇ ਜਸਵੰਤ ਸਿੰਘ ਕੰਵਲ ਭਵਨ ਦਾ ਨਾਮਕਰਣ ਕਰ ਦਿੱਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਸਵੰਤ ਸਿੰਘ ਕੰਵਲ ਬਾਰੇ ਸਿਮਰਤੀ ਗ੍ਰੰਥ ਪ੍ਰਕਾਸਿ਼ਤ ਕਰਨ ਦਾ ਐਲਾਨ ਕੀਤਾ ਗਿਆ, ਜੀਹਦੇ ਪ੍ਰਕਾਸ਼ਨ ਸਬੰਧੀ ਯੂਨੀਵਰਸਿਟੀ ਹੀ ਦੱਸ ਸਕਦੀ ਹੈ। ਸੰਗਤ ਦਾ ਸਵਾਗਤ ਤੇ ਧੰਨਵਾਦ ਕੰਵਲ ਦੇ ਪੁੱਤਰ ਸਰਬਜੀਤ ਸਿੰਘ ਤੇ ਦੋਹਤੇ ਸੁਮੇਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਪਰਿਵਾਰ ਨੇ ਕੰਵਲ ਦੀ ਯਾਦ ਵਿਚ ਉਸ ਦਾ ਪੜ੍ਹਨ-ਲਿਖਣ ਵਾਲਾ ਕਮਰਾ, ਮੇਜ਼ ਕੁਰਸੀ ਤੇ ਕਾਗਜ਼ ਕਲਮ ਉਵੇਂ ਹੀ ਸਾਂਭ ਰੱਖੇ ਹਨ। ਕਿਤਾਬਾਂ ਤੇ ਕੁਝ ਹੱਥ ਲਿਖਤਾਂ ਵੀ ਸੰਭਾਲੀਆਂ ਹੋਈਆਂ ਹਨ। ਇਹ ਸੇਵਾ ਕੰਵਲ ਦੇ ਪੋਤੇ ਹਰਮੀਤ ਸਿੰਘ ਨੂੰ ਸੌਂਪੀ ਗਈ ਹੈ। ਮੇਰੀਆਂ ਕੰਵਲ ਨਾਲ ਜੁੜੀਆਂ ਬੇਸ਼ੁਮਾਰ ਯਾਦਾਂ ਹਨ। ਸੱਠ ਸਾਲਾਂ ਦਾ ਸਨੇਹ ਜੁ ਸੀ ਤੇ ਤੀਹ ਸਾਲ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਦਾ ਨੇੜ। ਉਹਦੀ ਸਰਪੰਚੀ ਵੇਲੇ 1956 ਤੋਂ ਹਰ ਸਾਲ ਢੁੱਡੀਕੇ ਦਾ ਲਾਜਪਤ ਰਾਏ ਖੇਡ ਮੇਲਾ ਲੱਗ ਰਿਹੈ। 2019 ਤੱਕ ਇਹ ਮੇਲਾ ਅਸੀਂ ‘ਕੱਠੇ ਵੇਖਦੇ ਰਹੇ। ਸੱਠਵਿਆਂ-ਸੱਤਰਵਿਆਂ ‘ਚ ‘ਕੱਠੇ ਕਬੱਡੀ ਮੈਚ ਖਿਡਾਉਂਦੇ ਤੇ ਮੈਚਾਂ ਦੀ ਕੁਮੈਂਟਰੀ ਕਰਦੇ। ਖੂਬ ਹਾਸਾ-ਠੱਠਾ ਹੁੰਦਾ।
2000 ‘ਚ ਰਿਟਾਇਰ ਹੋ ਕੇ ਮੈਂ ਕੈਨੇਡਾ ਵਾਸੀ ਬਣ ਗਿਆ ਸਾਂ। ਫਿਰ ਵੀ ਹਰੇਕ ਸਿਆਲ ਕੰਵਲ ਨੂੰ ਮਿਲਣ ਆ ਜਾਂਦਾ ਤੇ ਅਸੀਂ ਰਲ ਕੇ ਮੇਲਾ ਵੇਖਦੇ। 28 ਜਨਵਰੀ 2019 ਨੂੰ ਮੈਂ ਉਹਨੂੰ ਮੱਲੋਮੱਲੀ ਮੇਲੇ ਲਿਜਾ ਕੇ ਉਹਤੋਂ ਝੰਡੀ ਕਰਵਾ ਆਇਆ ਸਾਂ। ਖੂਬ ਤਾੜੀਆਂ ਵੱਜੀਆਂ। 2020 ਦੇ ਖੇਡ ਮੇਲੇ ‘ਤੇ ਲਿਜਾਣ ਲਈ ਮੈਂ ਕੈਨੇਡਾ ਤੋਂ ਢੁੱਡੀਕੇ ਪਹੁੰਚਿਆ ਤਾਂ ਉਹ ਬਿਸਤਰੇ ‘ਚ ਨਿਢਾਲ ਪਿਆ ਸੀ। ਗੱਲਾਂ ਦਾ ਹੁੰਗਾਰਾ ਤਾਂ ਭਰਦਾ ਰਿਹਾ, ਪਰ ਮੇਲੇ ਜਾਣੋ ਸਿਰ ਫੇਰ ਗਿਆ। 28 ਜਨਵਰੀ ਨੂੰ ਖੇਡ ਮੇਲਾ ਮੁੱਕਾ। ਪਹਿਲੀ ਫਰਵਰੀ ਨੂੰ ਉਹ ਜੱਗ ਦਾ ਭਰਿਆ ਮੇਲਾ ਛੱਡ ਗਿਆ। 2021 ਦਾ ਖੇਡ ਮੇਲਾ ਕਰੋਨਾ ਤੇ ਕਿਸਾਨ ਅੰਦੋਲਨ ਕਰਕੇ ਲੱਗਿਆ ਹੀ ਨਹੀਂ, ਜਿਸ ਕਰਕੇ ਮੈਂ ਵੀ ਕੈਨੇਡਾ ਤੋਂ ਢੁੱਡੀਕੇ ਨਹੀਂ ਗਿਆ। ਨਾਲੇ ਹੁਣ ਕਿਹੜਾ ਬਾਘੀਆਂ ਪਾਉਂਦੇ ਕੰਵਲ ਨੇ ਉਡੀਕਦੇ ਹੋਣਾ ਸੀ, ਜੀਹਨੂੰ ਮਿਲਣ ਦਾ ਬੜਾ ਚਾਓ ਹੁੰਦਾ ਸੀ! ਬਾਈ ਨੂੰ ਯਾਦ ਕਰਦਿਆਂ ਉਹਦੇ ਮਨਭਾਉਂਦੇ ਕਾਵਿ-ਬੰਦ ਯਾਦ ਆ ਰਹੇ ਨੇ:
ਸਾਡਾ ਜੀਓ ਜਾਮਾ ਜਿਹੜਾ ਆਣ ਮੇਲੇ
ਸਿਰ ਸਦਕਾ ਓਸ ਦੇ ਨਾਮ ਦਾ ਈ।
ਭਲਾ ਮੋਏ ਤੇ ਵਿਛੜੇ ਕੌਣ ਮੇਲੇ?
ਐਵੇਂ ਜਿਊੜਾ ਲੋਕ ਵਲਾਂਵਦਾ ਈ।
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ
ਵੇਖਾਂ ਆਣ ਕੇ ਕੌਣ ਬੁਝਾਂਵਦਾ ਈ।
ਦੇਵਾਂ ਚੂਰੀਆਂ ਘਿਓ ਦੇ ਬਾਲ ਦੀਵੇ
ਵਾਰਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ…।

ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ
ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ।
ਸਦਾ ਨਹੀਂ ਜੁਆਨੀ ਤੇ ਐਸ਼ ਮਾਪੇ
ਸਦਾ ਨਹੀਂ ਜੇ ਬਾਲ ਵਰੇਸ ਮੀਆਂ।
ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ
ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ।
ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ
ਸਦਾ ਰਹਿਣ ਨਾ ਕਾਲੜੇ ਕੇਸ ਮੀਆਂ…।
ਸੱਚੀ ਗੱਲ ਹੈ, ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ…। ਖਿਆਲ ਆਉਂਦੈ, ਕੰਵਲ ਜੀਂਦਾ ਹੁੰਦਾ ਤਾਂ ਉਸ ਨੇ ਕਿਸਾਨ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਹਣੇ ਮਾਰਵੀਂ ਖੁੱਲ੍ਹੀ ਚਿੱਠੀ ਲਿਖਣੀ ਸੀ, ਜਿਵੇਂ ਕਦੇ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਲਿਖੀਆਂ ਸਨ। ਉਸ ਨੇ ਦੁਹਾਈਆਂ ਪਾਉਣੀਆਂ ਸਨ, ਕਿਸਾਨਾਂ ਦੀ ਮੰਦੀ ਹਾਲਤ ਦੀਆਂ, ਕਿਸਾਨ ਮਾਰੂ ਕਾਲੇ ਕਾਨੂੰਨਾਂ ਦੀਆਂ ਤੇ ਅੰਦੋਲਨ ਵਿਚ ਸ਼ਹਾਦਤ ਦੇਣ ਵਾਲੇ ਕਿਰਤੀ ਕਿਸਾਨਾਂ ਦੀਆਂ। ਵੰਗਾਰ ਪਾਉਣੀ ਸੀ, ਕਿਸਾਨਾਂ ਦੀਆਂ ਮੰਗਾਂ ਮੰਨਣ ਜਾਂ ਗੱਦੀ ਛੱਡਣ ਦੀ। ਕਿਸਾਨ ਅੰਦੋਲਨ ਬਾਰੇ ਅਖਬਾਰੀ ਲੇਖ ਲਿਖਣੇ ਸਨ, ‘ਮੁੜ ਜਾਗੇ ਖੇਤਾਂ ਦੇ ਪੁੱਤ’ ਤੇ ‘ਭਵਕਾਂ ਮਾਰਦਾ ਪੰਜਾਬ।’ ਅਤੇ ਕਿਸਾਨ ਜਥੇਬੰਦੀਆਂ ਤੇ ਤੱਤੇ ਨੌਜੁਆਨਾਂ ਨੂੰ ਮੱਤ ਦੇਣੀ ਸੀ, ਸ਼ਾਂਤ ਰਹਿਣ ਦੀ, ਏਕਾ ਰੱਖਣ ਦੀ, ਸਬਰ ਤੇ ਸਿਰੜ ਨਾਲ ਅੱਗੇ ਵਧਣ ਦੀ ਤੇ ਸਿਰਲੇਖ ਰੱਖਣਾ ਸੀ, ‘ਕਿਸਾਨਾਂ ਦਾ ਏਕਾ ਲੋਹੇ ਦੀ ਦੀਵਾਰ।’ ਟੇਬਲ ਟਾਕ `ਚ ਧੋਖਾ ਖਾਣ ਤੋਂ ਸਾਵਧਾਨ ਕਰਦੇ ਰਹਿਣਾ ਸੀ। ਜੇਰਾ ਰੱਖਣ ਤੇ ਚੜ੍ਹਦੀ ਕਲਾ `ਚ ਰਹਿਣ ਦੀ ਨਸੀਅਤ ਦੇਣੀ ਸੀ। ਫਿਰ ਕਿਸਾਨਾਂ ਦੀ ਜਿੱਤ ਉਤੇ ਇਕ ਹੋਰ ‘ਜਿੱਤ ਨਾਮਾ’ ਲਿਖਣਾ ਸੀ। ਕੰਵਲ ਕਿਸਾਨੀ, ਪੰਜਾਬ ਤੇ ਪੰਜਾਬੀਅਤ ਨੂੰ ਦਿਲ ਦੀਆਂ ਡੂੰਘਾਈਆਂ `ਚੋਂ ਪਿਆਰ ਕਰਦਾ ਸੀ। ਪੰਜਾਬ ਦੀ ਰੂਹ ਸੀ, ਕਾਮਰੇਡੀ ਤੇ ਸਿੱਖੀ ਦਾ ਸੁਮੇਲ ਸੀ। ਅੱਧਾ ਨਕਸਲੀ ਸੀ, ਅੱਧਾ ਖਾੜਕੂ। ਹੀਰ-ਵੰਨੇ ਪੰਜਾਬ ਦਾ ਆਸ਼ਕ ਸੀ, ਜੀਹਦੀਆਂ ਗੱਲਾਂ ਉਹਦਾ ਦੋਹਤਾ ਪ੍ਰੋ. ਸੁਮੇਲ ਵਾਰ ਵਾਰ ਕਰਦਾ ਨਹੀਂ ਥਕਦਾ।
ਕੰਵਲ ਗੁਰਬਾਣੀ ਤੇ ਵਾਰਸ ਦੀ ਹੀਰ ਉਤੇ ਪੂਰਾ ਮਾਇਲ ਸੀ। ਪਿੰਡ ਦੀ ਫਿਰਨੀ ‘ਤੇ ਤੁਰਿਆ ਫਿਰਦਾ ਅਖਬਾਰਾਂ ਰਸਾਲੇ ਪੜ੍ਹਦਾ ਸੀ। ਤੁਰਿਆ ਜਾਂਦਾ ਆਪਣੇ ਆਪ ਨਾਲ ਗੱਲਾਂ ਕਰਦਾ, ਹੱਥ ਚੁੱਕਦਾ, ਉਂਗਲਾਂ ਤਾਣਦਾ ਸੀ, ਜਿਵੇਂ ਬਹਿਸ ਕਰ ਰਿਹਾ ਹੋਵੇ। ਪ੍ਰੋ. ਕਿਸ਼ਨ ਸਿੰਘ ਨੂੰ ਉਹ ਅਸਲੀ ਆਲੋਚਕ ਸਮਝਦਾ ਸੀ। ਉਹ ਯਾਰਾਂ ਦਾ ਦਿਲਦਾਰ ਸੀ, ਸ਼ਤਰੰਜ ਦਾ ਸ਼ੌਕੀਨ ਸੀ, ਲੋਕ ਗੀਤਾਂ ਦਾ ਦੀਵਾਨਾ ਸੀ। ਆਪ-ਮੁਹਾਰਾ ਗਾਉਣ ਲੱਗਦਾ ਸੀ ਤੇ ਗਾਉਂਦਾ ਗਾਉਂਦਾ ਮਚਲ ਜਾਂਦਾ ਸੀ। ਜਸਵੰਤ ਗਿੱਲ ਨੂੰ ਅਵੱਲੇ ਨਾਂਵਾਂ-ਭਾਨਿਆ, ਸੁਭਾਨੋ, ਜੱਸੋ, ਸੁਰਤੀਏ, ਦੁਲਾਰੀਏ, ਰਾਣੋ, ਰਾਜੋ, ਬਾਘੋ, ਜਿੰਦੋ, ਸੁਰਤੋ, ਰਾਧੋ ਤੇ ਬੱਲੋ-ਬੱਲੋ ਪੁਕਾਰਦਾ ਸੀ।
2010 ਵਿਚ ਛਪੀ ਉਹਦੀ ਕਿਤਾਬ ਦਾ ਨਾਂ ਸੀ: ਪੰਜਾਬ! ਤੇਰਾ ਕੀ ਬਣੂੰ? ਉਹਦੇ ਸਰਵਰਕ ਉਤੇ ਛਪੀਆਂ ਸਤਰਾਂ ਨੇ ਓਦੋਂ ਮੇਰਾ ਓਨਾ ਧਿਆਨ ਨਹੀਂ ਸੀ ਖਿੱਚਿਆ ਜਿੰਨਾ ਹੁਣ ਖਿੱਚ ਰਹੀਆਂ, “ਹੁਣ ਪੰਜਾਬ ਦੇ ਕਾਂਗਰਸੀ ਕੇਂਦਰ ਦੇ ਗੁਲਾਮ, ਜਿਥੇ ਮਰਜ਼ੀ ਅੰਗੂਠੇ ਲਵਾਉਣ, ਹੁੱਤ ਨਹੀਂ ਕਰਨਗੇ। ਅਕਾਲੀ ਤੇਰੇ ਪੈ ਗਏ ਜਨ ਸੰਘੀਆਂ ਦੀ ਝੋਲੀ, ਦੋਵੇਂ ਭੁੱਖੇ ਬਘਿਆੜ, ਪੰਜਾਬ ਕਿਵੇਂ ਬਚੇਗਾ? ਨੀਅਤ ਦੇ ਚੋਰਾਂ, ਪੰਜਾਬ ਦੇ ਦੁੱਧ ਤੋਂ ਤਰਦੀ ਤਰਦੀ ਮਲਾਈ ਤਾਂ ਲਾਹ ਲਈ; ਲੱਸੀ ਵੀ ਕੋਈ ਕਰਮਾਂ ਵਾਲਾ ਪੀ ਲਵੇ ਵਾਹ ਭਲੀ, ਨਹੀਂ ਹਾਲ ਕੋਈ ਨਹੀਂ। ਰਾਜਸੀ ਦਵੜ ਸੱਟ ਇਸ ਤਰ੍ਹਾਂ ਹੀ ਰਹੀ, ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਬੋਲੋਰਾਮ ਹੋ ਚੁੱਕਾ ਸਮਝੋ। ਜਿਸ ਪੰਜਾਬ ਵਿਚ ਦਰਿਆਵਾਂ ਦੀਆਂ ਲਹਿਰਾਂ ਝੱਲੀਆਂ ਨਹੀਂ ਸਨ ਜਾਂਦੀਆਂ, ਹਾੜ ਬੋਲਣ ਵਾਲਾ ਹੈ। ਦੋਸ਼ ਮੈਨੂੰ ਕਾਹਤੋਂ ਦੇਂਦਾ ਏ, ਆਪਣੇ ਦੋਸ਼ੀ ਕਾਂਗਰਸੀਆਂ, ਅਕਾਲੀਆਂ ਤੇ ਜਨਸੰਘੀਆਂ ਨੂੰ ਧੌਣੋਂ ਫੜ।”
“ਗੁਰੂ ਦੇ ਲਾਡਲੇ ਪੰਜਾਬ! ਤੂੰ ਹੁਣ ਕਿਵੇਂ ਜੀਵੇਂਗਾ? ਤੇਰਾ ਅੱਗਾ ਪਿੱਛਾ ਦੁਸ਼ਮਣਾਂ ਜੜ੍ਹਾਂ ਤਕ ਛਾਂਗ ਸੁੱਟਿਆ! ਤੇਰਾ ਲੱਖ ਟਿਊਬਵੈੱਲਾਂ, ਤੇਰੀ ਤਾਂ ਅੱਡੀਆਂ ਤੱਕ ਰੱਤ ਚੂਸ ਲਈ। ਕਾਂਗਰਸੀ ਤਾਂ ਆਖਦੇ ਸਨ, ਡਾਕੂ ਅੰਗਰੇਜ਼ ਦੇ ਜਾਣ ਪਿੱਛੋਂ ਤੇਰੀਆਂ ਆਨਾਂ-ਸ਼ਾਨਾਂ ਨਿਰਾਲੀਆਂ ਹੋਣਗੀਆਂ। ਕਿਥੇ ਹੈ, ਉਹ ਚੜ੍ਹਦੀ ਕਲਾ? ਪੁੱਤਾਂ ਪੋਤਰਿਆਂ ਵਾਲਾ ਤੂੰ ਤਾਂ ਦੁਨੀਆਂ ਦੇ ਨਕਸ਼ੇ ਤੋਂ ਲਹਿਣ ਵਾਲਾ ਹੋ ਗਿਆ ਏਂ। ਤੇਰਾ ਅਤਿ ਮੰਦੜਾ ਹਾਲ ਵੇਖ ਮੇਰੀ ਕਲਮ ਦਾ ਸਾਹ ਸੂਤਿਆ ਪਿਆ ਹੈ। ਤੇਰਾ ਹੁਣ ਕੀ ਬਣੂੰ?”
“ਲੁਟੇਰੇ ਤੇ ਅਸਲੋਂ ਵਿਹਲੜ ਸਾਧ ਲਾਣੇ ਵਾਸਤੇ ਕੰਮ ਕਰਨ ਲਈ ਕੋਈ ਨੇਮ ਕਾਨੂੰਨ ਨਹੀਂ, ਕੋਈ ਪਾਬੰਦੀ ਨਹੀਂ। ਕਿਸਾਨ ਤੋਂ ਮੰਡੀ ਤੇ ਬਜ਼ਾਰ ਦੀ ਲੁੱਟ ਪਿੱਛੋਂ ਮੰਗਤਿਆਂ ਤੇ ਸਾਧਾਂ ਦੇ ਧਾੜੇ ਵੀ ਹਿੱਸਾ ਭਾਲਦੇ ਐ। ਤਰਤਾਲੀ ਫੀਸਦੀ ਕਾਮੇ ਕੰਮ ਕਰਦੇ ਹਨ; ਉਨ੍ਹਾਂ ਦੀ ਕਮਾਈ `ਤੇ ਸਤਵੰਜਾ ਪਰਸੈਂਟ ਵਿਹਲੜ ਅਯਾਸ਼ੀਆਂ ਕਰਦੇ ਹਨ। ਜੇ ਕੋਈ ਰੱਬ, ਸਭ ਦਾ ਰਖਵਾਲਾ ਹੁੰਦਾ, ਦਸਾਂ ਨਹੁੰਆਂ ਦੀ ਕਮਾਈ ਬਰਬਾਦ ਹੋਣ ਦਿੰਦਾ? ਹਾਲਤ ਇਹ ਹੈ, ਵਿਹਲੜ ਲਾਣਾ ਚਾਂਭੜਾਂ ਪਾਉਂਦਾ ਹੈ ਤੇ ਕਾਮੇ ਪਸੂਆਂ ਵਾਂਗ ਪੰਜਾਲੀ ਦਿੱਤੇ ਹਉਂਕ ਰਹੇ ਹਨ। ਨਿਆਂਕਾਰ ਰੱਬ ਕਿਥੇ ਮਰ ਗਿਆ? ਇਹ ਸਾਧ ਸੰਤ ਲਾਣੇ ਰੱਬ ਦੇ ਨਾਂ `ਤੇ ਸਿੱਧੀਆਂ ਡਕੈਤੀਆਂ ਕਰਦੇ ਹਰਾਮ ਖਾਂਦੇ ਹਨ। ਉਨ੍ਹਾਂ ਦੀਆਂ ਲੁਕੀਆਂ ਚੋਰੀਆਂ ਯਾਰੀਆਂ, ਤੋਬਾ ਮੇਰੀ! ਜੇ ਨਿਆਂਕਾਰ ਰੱਬ ਹੁੰਦਾ, ਵਿਹਲੜ ਗੁਨਾਹਗਾਰਾਂ ਨੂੰ ਪੁੱਠੀਆਂ ਫਾਂਸੀਆਂ ਦਿੰਦਾ।”
ਕੰਵਲ ਦੇ ਦਾਦੇ ਦਾ ਨਾਂ ਪੰਜਾਬ ਸਿੰਘ ਸੀ, ਜੋ ਉੱਚੇ ਕੱਦ ਦਾ ਸਿਰੜੀ ਕਿਸਾਨ ਸੀ। ਉਹ ਤੜਕੇ ਉਠ ਕੇ ਹਲ ਜੋੜਦਾ, ਦੁਪਹਿਰੇ ਪੱਠਾ ਦੱਥਾ ਕਰਦਾ ਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਖੇਤਾਂ ਦੀ ਵਿਰਾਸਤ, ਕਿਰਤ ਤੇ ਕਿਰਸਾਣੀ ਕੰਵਲ ਨੂੰ ਵਿਰਸੇ ਵਿਚ ਮਿਲੀ ਸੀ। ਉਹਦੀਆਂ ਲਿਖਤਾਂ ਵਿਚ ਵੀ ਕਿਰਸਾਣੀ ਉਹਦੇ ਹੱਡੀਂ ਰਚੀ ਦਿਸਦੀ ਹੈ। ਉਹਦੀਆਂ ਲਿਖਤਾਂ ਦੇ ਬਹੁਤੇ ਪਾਤਰ ਕਿਸਾਨ ਮਜਦੂਰ ਹਨ। ਖੇਤਾਂ ਵਾਲੇ ਵੀ ਹਨ ਤੇ ਵਿਹੜਿਆਂ ਵਾਲੇ ਵੀ। ਉਹਦੇ ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਦੇ ਇਕ ਕਾਂਡ ਉਤੇ ਲਿਖਿਆ ਹੈ: ਹਲ ਛੱਡ ਕੇ ਚਰ੍ਹੀ ਨੂੰ ਜਾਣਾ, ਜੱਟ ਦੀ ਜੂਨ ਬੁਰੀ।
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਸੀ। ਉਹ ਵਗਦੀਆਂ ‘ਵਾਵਾਂ ਦੇ ਵੇਗ ਵਿਚ ਝੂੰਮਦਾ ਸੀ। ਉਹ ਵੇਗਮੱਤਾ ਲੇਖਕ ਸੀ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ‘ਚ ਲਿਖੇ ਵਾਕ ਸਿੱਧੇ ਦਿਲਾਂ ‘ਤੇ ਵਾਰ ਕਰਦੇ ਰਹੇ। ਉਸ ਦੇ ਨਾਵਲ ‘ਰਾਤ ਬਾਕੀ ਹੈ’ ਨੇ ਹਜ਼ਾਰਾਂ ਨੌਜੁਆਨ ਕਾਮਰੇਡ ਬਣਾਏ, ਜਿਸ ਦੀ ਗਵਾਹੀ ਸੋਹਣ ਸਿੰਘ ਜੋਸ਼ ਸਮੇਤ ਅਨੇਕਾਂ ਕਮਿਊਨਿਸਟ ਆਗੂਆਂ ਨੇ ਭਰੀ। ਉਹਦਾ ਨਾਵਲ ‘ਲਹੂ ਦੀ ਲੋਅ’ ਚੋਰੀਓਂ ਦੀਵਿਆਂ ਦੀ ਲੋਅ ਵਿਚ ਪੜ੍ਹਿਆ ਗਿਆ।
1947 ਦੇ ਉਜਾੜੇ ਪਿੱਛੋਂ ਕਿਰਸਾਣੀ ਕਰਦਿਆਂ ਕਿਤਾਬਾਂ ਲਿਖਦਿਆਂ ਦੋ ਵਾਰ ਪਿੰਡ ਦਾ ਸਰਪੰਚ ਬਣਿਆ। ਪਿੰਡ ‘ਚ ਸਿੱਖਿਆ ਤੇ ਸਿਹਤ ਦੇ ਉੱਚ ਅਦਾਰੇ ਬਣਵਾ ਕੇ ਪਛੜੇ ਪਿੰਡ ਦਾ ਵਿਕਾਸ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ, ਪ੍ਰਧਾਨ ਤੇ ਸਰਪ੍ਰਸਤ ਰਿਹਾ। ਉਹ 1980 ਦੀ ਇੰਗਲੈਂਡ ਵਾਲੀ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਇਆ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਸ਼੍ਰੋਮਣੀ ਕਮੇਟੀ ‘ਚ ਸੇਵਾ ਕਰਦਿਆਂ ਪੋਠੋਹਾਰ ਦੇ ਸਿੱਖਾਂ ਦੀ ਜਾਨ ਹੂਲ ਕੇ ਮਦਦ ਕੀਤੀ। ਸ਼੍ਰੋਮਣੀ ਕਮੇਟੀ ਨੇ ਪੰਜਾਬੀ ਦੇ ਏਡੇ ਵੱਡੇ ਸਿੱਖ ਸਾਹਿਤਕਾਰ ਦਾ ਚਿੱਤਰ ਪਤਾ ਨਹੀਂ ਸਿੱਖ ਅਜਾਇਬ ਘਰ ਵਿਚ ਸਜਾਇਆ ਹੈ ਜਾਂ ਨਹੀਂ?
5 ਜਨਵਰੀ 2019 ਨੂੰ ਮੈਂ ਕੰਵਲ ਨੂੰ ਮਿਲਣ ਆਇਆ ਤਾਂ ਉਹ ਇਕੋ ਸਿ਼ਅਰ ਵਾਰ ਵਾਰ ਦੁਹਰਾਈ ਗਿਆ: ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ, ਤੁਮ ਜੋ ਆਏ ਤੋ ਮੰਜ਼ਲੇਂ ਲਾਏਂ…। ਰਾਤ ਮੈਂ ਉਹਦੇ ਕੋਲ ਹੀ ਰਹਿ ਪਿਆ। ਸਵੇਰੇ ਉੱਠੇ ਤਾਂ ਉਹ ‘ਹਮ ਜੋ ਗਏ ਤੁਮ ਜੋ ਆਏ’ ਵਾਲਾ ਸਿ਼ਅਰ ਭੁੱਲ ਚੁੱਕਾ ਸੀ। ਮੈਂ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇਕ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਤਾਜ਼ਾ ਹੀ ਲਿਖਿਆ ਸੀ। ਉਹ ਪੁਰਾਣੇ ਪੈਡ ਦਾ ਅੱਧਾ ਵਰਕਾ ਸੀ। ਮੈਂ ਤਹਿ ਕਰ ਕੇ ਬਟੂਏ `ਚ ਪਾ ਲਿਆ ਜੋ ਅੱਜ ਤਕ ਮੇਰੇ ਬਟੂਏ ਵਿਚ ਹੈ। ਕਦੇ ਕਦੇ ਨਜ਼ਰ ਮਾਰ ਲੈਂਦਾ ਹਾਂ। ਉਸ ਉਤੇ ਲਿਖੀ ਪਹਿਲੀ ਸਤਰ ਹੈ: ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਹੈ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ…।
ਬੱਸ ਏਨੀਆਂ ਕੁ ਸਤਰਾਂ ਨਾਲ ਮੈਂ ਆਪਣੇ ਮਹਿਬੂਬ ਲੇਖਕ ਨੂੰ ਅੰਤਾਂ ਦੀ ਸਿ਼ੱਦਤ ਨਾਲ ਯਾਦ ਕਰਦਾ ਹਾਂ!