ਪਹਿਲਾਂ ਕਿਸਾਨ ਸੰਘਰਸ਼ `ਤੇ ਮਾਰੂ ਅਤੇ ਹੁਣ ਮੋਦੀ ਸਰਕਾਰ ਉੱਤੇ ਭਾਰੂ ਹਫਤਾ!

ਅਮਰਜੀਤ ਸਿੰਘ ਮੁਲਤਾਨੀ
ਪਿਛਲਾ ਹਫਤੇ ਦੀਆਂ ਗਤੀਵਿਧੀਆਂ ਨੇ 26 ਜਨਵਰੀ ਨੂੰ ਆਮ ਗਣਤੰਤਰ ਦਿਵਸ ਤੋਂ ਅੱਗੇ ਲਿਜਾ ਕੇ ਹੋਰ ਵੀ ਖਾਸ ਦਿਨ ਬਣਾ ਦਿੱਤਾ ਹੈ। ਇਸੇ ਦਿਨ ਸੰਸਾਰ ਪ੍ਰਸਿੱਧ ਤੇ ਭਾਰਤ ਦੇ ਇਤਿਹਾਸ ਵਿਚ ਮੀਲ ਪੱਥਰ ਬਣਨ ਜਾ ਰਹੇ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀ ਤੇ ਭਾਰਤ ਦੇ ਸਮੁੱਚੇ ਕਿਸਾਨਾਂ ਦੀ ਹੋਂਦ ਨੂੰ ਬਚਾਉਣ ਲਈ ਸ਼ੁਰੂ ਕੀਤੇ ਕਿਸਾਨ ਸੰਘਰਸ਼ ਨੇ ਸਾਰੇ ਸੰਸਾਰ ਵਿਚ ਧੁੰਮਾਂ ਪਾ ਦਿੱਤੀਆਂ ਹਨ। ਇਹ ਕਿਸਾਨ ਸੰਘਰਸ਼ ਭਾਰਤ ਦੇ ਅੰਦੋਲਨਾਂ ਦੇ ਇਤਿਹਾਸ ਵਿਚ ਇੱਕ ਨਿਵੇਕਲਾ ਸਥਾਨ ਗ੍ਰਹਿਣ ਕਰੇਗਾ।

ਇਹ ਵੀ ਆਮ ਲੋਕਾਂ ਲਈ ਇਕ ਵਿਚਾਰ ਕਰਨ ਦਾ ਵਿਸ਼ਾ ਬਣੇਗਾ ਕਿ ਇਸ ਅੰਦੋਲਨ ਦਾ ਓਟ ਆਸਰਾ ਲੈ ਕੇ ਇਸ ਵਿਚ ਜ਼ਬਰਦਸਤੀ ਵੜੀਆਂ ਕਾਲੀਆਂ ਭੇਡਾਂ ਦੀਆਂ ਜਥੇਬੰਦੀਆਂ ਦੇ ਅਖੌਤੀ ਨੌਜਵਾਨ ਲੀਡਰਾਂ ਨੇ ਕਿਵੇਂ ਆਪਣੀਆਂ ਨਿੱਜੀ ਤਾਜਪੋਸ਼ੀਆਂ ਕਰਨ ਲਈ ਆਪਹੁਦਰੀਆਂ ਹਰਕਤਾਂ ਕਰਕੇ ਕਿਵੇਂ ਇਤਿਹਾਸਕ ਕਿਸਾਨ ਅੰਦੋਲਨ ਨੂੰ ਭੁੰਝੇ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਰੱਖੀ!
ਆਮ ਮਨੁੱਖਾਂ ਜਿਹੇ ਕਿਸਾਨਾਂ ਦੇ ਰਹਿਬਰ ਗੁਰੂ ਨਾਨਕ ਦੇ ਪ੍ਰਣਾਇਆਂ ਨੇ ਕਿਵੇਂ ਸਬਰ ਤੇ ਸਿਦਕ ਦੇ ਪੱਲੇ ਨਾਲ ਆਪਣੇ ਹੱਥੋਂ ਨਿਕਲਦੀ ਜਿੱਤ ਨੂੰ ਆਪਣੇ ਕਿਰਤੀ ਤੇ ਖੁਰਦਰੇ ਹੱਥਾਂ ਨਾਲ ਆਪਣੀ ਮੁੱਠ ਵਿਚ ਘੁੱਟ ਕੇ ਫੜ ਲਿਆ। ਨਿਰਾਕਾਰ ਰੱਬ ਦਾ ਅਜਿਹਾ ਭਾਣਾ ਵਰਤਿਆ ਕਿ ਕਿਸਾਨਾਂ ਦੇ ਹਜੂਮ ਨੇ ਆਪ ਤਾਂ ਸੱਟਾਂ ਖਾ ਲਈਆਂ, ਪਰ ਦਿੱਲੀ ਵਾਸੀਆਂ ਨੂੰ ਝਰੀਟ ਤਕ ਨਹੀਂ ਆਉਣ ਦਿੱਤੀ। ਜਦੋਂ ਕਿ ਭਾਜਪਾ ਚਾਹੁੰਦੀ ਸੀ ਕਿ ਕਿਸਾਨ ਖੜਦੁੰਮ ਮਚਾਉਣ ਅਤੇ ਉਹ ਇਸ ਦਾ ਸਿਆਸੀ ਲਾਹਾ ਲਵੇ ਤੇ ਇੰਨੀ ਸਿਰੜ ਨਾਲ ਕਾਇਮ ਕੀਤਾ ਅੰਦੋਲਨ ਉਹ ਪਲਾਂ ਵਿਚ ਤਹਿਸ-ਨਹਿਸ ਕਰ ਦੇਵੇ। ਬੇਲਗਾਮ ਤੇ ਅਖੌਤੀ ਲੀਡਰਾਂ ਅਤੇ ਉਨ੍ਹਾਂ ਦਿਆਂ ਲੋਕਾਂ ਦੇ ਕਿਸਾਨ ਸੰਘਰਸ਼ ਨੂੰ ਮੁਸੀਬਤ ਵਿਚ ਪਾਉਣ ਦੇ ਭਰਪੂਰ ਯਤਨਾਂ ਨੇ, ਖੁਦ ਉਨ੍ਹਾਂ ਨੂੰ ਹੀ ਅਜਿਹੇ ਯੱਬਾਂ ਵਿਚ ਫਸਾ ਦਿੱਤਾ ਹੈ ਕਿ ਉਹ ਹੀਰੋ ਬਣਦੇ-ਬਣਦੇ ਵੱਡਾ ਸਾਰਾ ਜੀਰੋ ਬਣ ਗਏ। ਕਿਰਤੀ ਕਿਸਾਨਾਂ ਦੀ ਪੱਤ ਖੁਦ ਹਕੀਕੀ ਕਿਸਾਨ ਗੁਰੂ ਨਾਨਕ ਨੇ ਆਪ ਰੱਖ ਲਈ। ਸਿੱਖ ਨੌਜਵਾਨੀ ਦੇ ਬਿਲਕੁਲ ਇਕ ਛੋਟੇ ਜਿਹੇ ਹਿੱਸੇ, ਜਿਨ੍ਹਾਂ ਨੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਅਗਵਾਈ ਕਬੂਲ ਕੇ ਸਾਰੀ ਸਿੱਖ ਨੌਜਵਾਨੀ ਨੂੰ ਦਾਗੀ ਬਣਾਉਨ ਦੇ ਯਤਨਾਂ ਦਾ ਹਿੱਸਾ ਬਣੇ ਸਨ, ਨੂੰ ਵੀ ਆਪਣੇ ਕੀਤੇ `ਤੇ ਵਿਚਾਰ ਕਰਨੀ ਚਾਹੀਦੀ ਹੈ। ਗੁਰੂ ਨਾਨਕ ਦਾ ਸਿੱਖ ਆਪਣੇ ਹਮਸਾਏ ਸਿੱਖ ਦਾ ਸੰਗੀ ਬਣੇ, ਨਾ ਕਿ ਉਸ ਦਾ ਦੋਖੀ।
ਇਸ ਗੁਜਰੇ ਪੂਰੇ ਇਕ ਸਪਤਾਹ ਦੌਰਾਨ ਬਹੁਤ ਕੁਝ ਅਜਿਹਾ ਵੀ ਵਾਪਰਿਆ ਹੈ, ਜੋ ਸਾਡਾ ਧਿਆਨ ਆਕਰਸਿ਼ਤ ਕਰਦਾ ਹੈ। ਸਭ ਤੋਂ ਪਹਿਲਾਂ ਤਾਂ ਗੱਲ ਆਪਣੇ ਆਪ ਤੋਂ ਸ਼ੁਰੂ ਕਰਨੀ ਬਣਦੀ ਹੈ, ਕਿਉਂਕਿ ਹੋਰਨਾਂ ਦੀਆਂ ਗੱਲਾਂ ਕਰਨੀਆਂ ਹਮੇਸ਼ਾਂ ਸੁਖਾਲੀਆਂ ਹੁੰਦੀਆਂ ਹਨ। ਸਾਨੂੰ ਸਿੱਖਾਂ ਨੂੰ ਆਪਸੀ ਏਕਾ ਅਤੇ ਸਤਿਕਾਰ ਕਰਨ `ਤੇ ਜਰੂਰ ਵਿਚਾਰ ਕਰਨਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਜਾਂ ਉਸ ਦੀ ਦੀ ਯੋਗਤਾ `ਤੇ ਸਵਾਲ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਪੜਤਾਲ ਜਰੂਰ ਕਰ ਲੈਣੀ ਚਾਹੀਦੀ ਹੈ। ਖੱਬੇ ਪੱਖੀ ਵਿਚਾਰਧਾਰਾ ਜਾਂ ਹੋਰ ਰਾਜਨੀਤਕ ਵਿਚਾਰਧਾਰਾ ਵਾਲੇ ਲੋਕ ਵੀ ਬਰਾਬਰ ਦੇ ਸਿੱਖ ਹਨ। ਕਿਸੇ ਨੂੰ ਵੀ ਕਾਮਰੇਡ/ਕਾਂਗਰਸੀ ਕਹਿ ਕੇ ਖਾਰਜ ਕਰਨਾ ਠੀਕ ਨਹੀਂ। ਸਾਡਾ ਸਿੱਖਾਂ ਦਾ ਆਪਸ ਵਿਚ ਸਤਿਕਾਰ ਹੋਣਾ ਬਹੁਤ ਜਰੂਰੀ ਹੈ।
ਇਸ ਦੇ ਸਮਾਨੰਤਰ ਸਾਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੀ ਕਿਸਾਨ ਯੂਨੀਅਨ ਤੋਂ ਵੀ ਕਾਫੀ ਕੁਝ ਸਿੱਖਣਾ ਚਾਹੀਦਾ ਹੈ। ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਕਿਵੇਂ ਗਾਜੀਪੁਰ ਬਾਰਡਰ `ਤੇ ਕਿਸਾਨ ਧਰਨੇ ਨੂੰ ਮੁੜ ਸੁਰਜੀਤ ਕੀਤਾ ਹੈ। ਕਿਵੇਂ ਪੂਰਾ ਉੱਤਰ ਪ੍ਰਦੇਸ਼ ਕਿਸਾਨ ਅੰਦੋਲਨ ਦੀ ਰਣ ਭੂਮੀ ਬਣਦਾ ਜਾ ਰਿਹਾ ਹੈ। ਇਸੇ ਸੰਦਰਭ ਵਿਚ ਰਾਕੇਸ਼ ਟਿਕੈਤ ਦੇ ਵੱਡੇ ਭਰਾ ਨਰੇਸ਼ ਟਿਕੈਤ ਦੇ ਉਸ ਬਿਆਨ ਦਾ ਵੀ ਜਿ਼ਕਰ ਕਰਨਾ ਚਾਹੀਦਾ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ “ਚੰਗਾ ਹੁੰਦਾ ਜੇ ਅਸਾਂ ਚੌਧਰੀ ਅਜੀਤ ਸਿੰਘ ਦੀ ਪਾਰਟੀ ਨੂੰ ਵੋਟਾਂ ਪਾਈਆਂ ਹੁੰਦੀਆਂ।” ਇੱਥੇ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਸਭ ਤੋਂ ਵੱਧ ਸੀਟਾਂ ਪੱਛਮੀ ਯੂ. ਪੀ. ਵਿਚੋਂ ਹੀ ਜਿੱਤੀਆਂ ਸਨ। ਇਸ ਰਾਜਸੀ ਚੋਣ ਹਿਸਾਬ-ਕਿਤਾਬ ਨੇ ਹੀ ‘ਖੜਦਿਮਾਗ ਅਤੇ ਮੈਂ ਨਾ ਮਾਨੂੰ’ ਨਰਿੰਦਰ ਮੋਦੀ ਨੂੰ ਕਹਿਣਾ ਪਿਆ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ। ਇਸ ਗੱਲਬਾਤ ਦੇ ਸੱਦੇ ਨੂੰ ਨਰੇਸ਼ ਟਿਕੈਤ ਦੇ ਇਸ ਬਿਆਨ ਨਾਲ ਜੋੜ ਕੇ ਵੇਖਣ ਦੀ ਲੋੜ ਹੈ।
ਮੇਰੀ ਜਾਚੇ ਸਭ ਤੋਂ ਅਹਿਮ ਗੱਲ ਜੋ ਸਾਡੇ ਲਈ ਨੋਟ ਕਰਨੀ ਬਣਦੀ ਹੈ, ਉਹ ਹੈ ਰਾਕੇਸ਼ ਟਿਕੈਤ ਦਾ ਵਿਹਾਰ। ਉਸ ਨੂੰ ਆਮ ਤੌਰ `ਤੇ ਕੇਸਰੀ ਸਾਫਾ ਸਿਰ `ਤੇ ਬੰਨਿਆ ਵੇਖਿਆ ਜਾ ਸਕਦਾ ਹੈ। ਕੱਲ ਉਸ ਨੂੰ ਕੇਸਰੀ ਦਸਤਾਰ ਵਿਚ ਵੇਖਿਆ ਗਿਆ। ਇਸ ਅੰਦੋਲਨ ਵਿਚ ਮੁੜ ਰੂਹ ਫੂਕਣ ਵਾਲੇ ਰੋਲ ਅਤੇ ਅਨੰਤ ਸ਼ਾਬਾਸ਼ੀ ਮਿਲਣ ਦੇ ਬਾਅਦ ਵੀ ਉਸ ਵਿਅਕਤੀ ਦੇ ਵਿਹਾਰ ਵਿਚ ਕੋਈ ਫਰਕ ਨਹੀਂ ਦਿੱਸਿਆ। ਉਸ ਨੇ ਇਕ ਵਾਰ ਨਹੀਂ, ਸਗੋਂ ਕਈ ਵਾਰ ਦੁਹਰਾਇਆ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਸ਼ਾਜਿਸ਼ ਨੂੰ ਉਹ ਸਫਲ ਨਹੀਂ ਹੋਣ ਦੇਵੇਗਾ। ਸਿੱਖਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਸੁਨਿਸ਼ਚਿਤ ਕਰਨ ਕਿ ਉਹ ਲੋੜ ਪੈਣ `ਤੇ ਉਸ ਦੀ ਅਗਵਾਈ ਵਿਚ ਮੋਰਚਾ ਫਤਹਿ ਕਰਨ ਲਈ ਤਿਆਰ ਹਨ। ਉਸ ਦੀ ਹੋ ਰਹੀ ਬੱਲੇ-ਬੱਲੇ ਨੂੰ ਸਿੱਖ ਕਿਸਾਨ ਲੀਡਰਸਿ਼ਪ ਨੂੰ ਸਾਜ਼ਗਾਰ ਢੰਗ ਨਾਲ ਲੈਣਾ ਚਾਹੀਦਾ ਹੈ। ਉਸ ਦੀ ਸਟੇਜ ਜਾਂ ਇੰਟਰਵਿਊ ਵੇਲੇ ਸਿੱਖ ਕਿਸਾਨਾਂ ਨੂੰ ਉਸ ਦੇ ਸੱਜੇ ਜਾਂ ਖੱਬੇ ਪਾਸੇ ਆਮ ਵੇਖਿਆ ਜਾ ਸਕਦਾ ਹੈ। ਉਹ ਆਪਣੀ ਤਕਰੀਰ ਵਿਚ ਗੁਰੂ ਨਾਨਕ ਦੇ ਕਿਸਾਨੀ ਕਰਨ ਦਾ ਵੀ ਜਿ਼ਕਰ ਕਰਦਾ ਹੈ। ਸਿੱਖਾਂ ਵੱਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਬਾਰੇ ਵੀ ਉਹ ਗੱਲਾਂ ਕਰਦਾ ਹੈ। ਉਸ ਦੀ ਇਸ ਸੂਝ-ਬੂਝ ਲਈ ਉਸ ਦੀ ਸ਼ਾਬਾਸ਼ੀ ਕਰਨੀ ਬਣਦੀ ਹੈ ਅਤੇ ਸਾਨੂੰ ਵੀ ਘੱਟੋ-ਘੱਟ ਉਸ ਦੀ ਇਸ ਖਾਸੀਅਤ ਨੂੰ ਪ੍ਰਨਾਉਣਾ ਚਾਹੀਦਾ ਹੈ। ਸਿੱਖ ਕਿਸਾਨ ਲੀਡਰਸਿ਼ਪ ਨੂੰ ਹੁਣ ਅਖੌਤੀ ਨੌਜਵਾਨ ਲੀਡਰਾਂ `ਤੇ ਵੀ ਹਰ ਪਲ ਨਜ਼ਰ ਰੱਖਣੀ ਪਵੇਗੀ, ਕਿਉਂਕਿ ਇੱਕ ਵਾਰ ਤਾਂ ਮੌਕਾ ਸੰਭਾਲਿਆ ਗਿਆ ਹੈ ਅਤੇ ਅੰਦੋਲਨ ਵੀ ਹੁਣ ਫੈਸਲਾਕੁਨ ਦੌਰ ਵਿਚ ਦਾਖਲ ਹੋ ਗਿਆ ਹੈ, ਕਿਤੇ ਕੋਈ ਸ਼ਰਾਰਤ ਕਰਕੇ ਸਿੱਖਾਂ ਦੀ ਪੱਗ ਨੂੰ ਢਾਹ ਲਾਉਣ ਦਾ ਕੋਝਾ ਯਤਨ ਨਾ ਕਰੇ!