‘ਡੂਢ ਕਿੱਲਾ’ ਅਤੇ ‘ਗੱਲ ਬਣੀ ਕਿ ਨਹੀਂ’

ਰੀਵਿਊਕਾਰ: ਬਲਜਿੰਦਰ ਮਾਨ
ਫੋਨ: 91-98150-18947
ਪੰਜਾਬੀ ਕਹਾਣੀ ਨੇ ਅਨੇਕਾਂ ਪੜਾਵਾਂ ਨੂੰ ਪਾਰ ਕੀਤਾ ਹੈ। ਇਸ ਦੀ ਤਕਨੀਕ ਅਤੇ ਜੁਗਤਾਂ ਵਿਚ ਵੀ ਕਈ ਪਰਿਵਰਤਨ ਆਏ ਹਨ। ਨਵੀਂ ਪੀੜ੍ਹੀ ਦੇ ਕਹਾਣੀਕਾਰ ਇਸ ਦੀ ਸਿਰਜਣਾ ਵੱਲ ਖਾਸ ਤਵੱਜੋ ਦੇ ਰਹੇ ਹਨ। ਤਜਰਬਿਆਂ ਵਿਚੋਂ ਨਵੇਂ ਰਾਹ ਮਿਲਦੇ ਹਨ। ਇਸੇ ਤਰ੍ਹਾਂ ਜਿਹੜੇ ਸਾਹਿਤਕਾਰ ਕਹਾਣੀ ਖੇਤਰ ਵਿਚ ਨਵੇਂ ਪ੍ਰਯੋਗ ਕਰ ਰਹੇ ਹਨ, ਉਨ੍ਹਾਂ ਵਿਚ ਪਰਵਾਸੀ ਸਾਹਿਤਕਾਰ ਅਤੇ ਪੱਤਰਕਾਰ ਐਸ. ਅਸ਼ੋਕ ਭੌਰਾ ਵੀ ਸ਼ਾਮਿਲ ਹੈ। ਉਸ ਨੇ ਅੱਜ ਤਕ ਦੇ ਜੀਵਨ ਵਿਚ ਹਮੇਸ਼ਾ ਨਵੀਆਂ ਰਾਹਾਂ ਸਿਰਜੀਆਂ ਹਨ।

ਹਥਲੀ ਪੁਸਤਕ ‘ਡੂਢ ਕਿੱਲਾ’ ਨਾਲ ਵੀ ਉਹ ਕਹਾਣੀ ਜਗਤ ਵਿਚ ਇਕ ਨਵਾਂ ਪ੍ਰਯੋਗ ਕਰਦਾ ਪ੍ਰਤੀਤ ਹੁੰਦਾ ਹੈ। ਉਸ ਕੋਲ ਜੀਵਨ ਦਾ ਡੂੰਘਾ ਮਨੋਵਿਗਿਆਨ ਹੈ, ਜਿਸ ਸਦਕਾ ਹਰ ਕਹਾਣੀ ਨੂੰ ਇਕ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਵਿਚਾਰਦਾ ਤੇ ਪੇਸ਼ ਕਰਦਾ ਹੈ। ਉਹ ਆਪਣੀ ਕਥਾਨਿਕ ਕਲਾ ਨਾਲ ਬੜੇ ਗੰਭੀਰ ਵਿਸ਼ਿਆਂ ਨੂੰ ਕਹਾਣੀ ਰੂਪ ਵਿਚ ਸਿਰਜਦਾ ਹੈ। ਸਮਾਜ ਵਿਚ ਵਰਤ ਰਹੇ ਚੰਗੇ ਮਾੜੇ ਵਰਤਾਰਿਆਂ ਨੂੰ ਉਸ ਦੀ ਕਲਮ ਦੀ ਤਿੱਖੀ ਨੋਕ ਜਿੱਥੇ ਫੜਦਾ, ਪੇਸ਼ ਕਰਦੀ ਤੇ ਨਾਲ ਹੀ ਤਰਾਸ਼ਦੀ ਵੀ ਹੈ। ਸਮਾਜ ਵਿਚ ਕੀ ਹੋਣਾ ਚਾਹੀਦਾ ਹੈ? ਕਿਉਂ ਹੋ ਰਿਹਾ ਹੈ? ਕਿਵੇਂ ਹੋਵੇਗਾ? ਇਹ ਸਭ ਗੱਲਾਂ ਉਸ ਦੀਆਂ ਕਹਾਣੀਆਂ ਵਿਚੋਂ ਸਹਿਜੇ ਹੀ ਮਿਲ ਜਾਂਦੀਆਂ ਹਨ। ਕਈ ਕਹਾਣੀਆਂ ਤਾਂ ਪਾਠਕ ਮਨ ਨੂੰ ਐਨਾ ਹਲੂਣਾ ਮਾਰਦੀਆਂ ਹਨ ਕਿ ਉਹ ਸਿਰ ਫੜ ਕੇ ਬੈਠ ਜਾਂਦਾ ਹੈ। ਕਈ ਵਾਰ ਪਾਠਕ ਦੇ ਹੰਝੂ ਆਪ ਮੁਹਾਰੇ ਹੀ ਵਗ ਪੈਂਦੇ ਹਨ। ਜਗੀਰੋ ਤੇ ਭਗਵਾਨ ਕੌਰ ਵਰਗੀਆਂ ਕਹਾਣੀਆਂ ਇਸ ਪੁਸਤਕ ਦਾ ਸਿਖਰ ਸਿਰਜਦੀਆਂ ਹਨ।
ਤੇਤੀ ਪਾਏਦਾਰ ਕਹਾਣੀਆਂ ਦਾ ਇਹ ਸੰਗ੍ਰਹਿ ਪਾਠਕਾਂ ਅੰਦਰ ਨਵੀਆਂ ਤੇ ਨਰੋਈਆਂ ਕਦਰਾਂ ਕੀਮਤਾਂ ਦਾ ਵੀ ਸੰਚਾਰ ਕਰਦਾ ਹੈ। ਦੇਸ਼ ਵਿਦੇਸ਼ ਦੀ ਹਾਲਤ ਦਾ ਇਨ੍ਹਾਂ ਕਹਾਣੀਆਂ ਰਾਹੀਂ ਸਹੀ ਮੁਲੰਕਣ ਕੀਤਾ ਗਿਆ ਹੈ। ਪਰਵਾਸ ਦਾ ਦਰਦ, ਏਜੰਟਾਂ ਦੀਆਂ ਚਾਲਾਂ, ਨਸ਼ਿਆਂ ਦੇ ਵਪਾਰੀ, ਰਿਸ਼ਤਿਆਂ ਦਾ ਘਾਣ, ਰਾਜਸੀ ਗਿਰਵਟ, ਜਨੂੰਨੀ ਪਿਆਰ ਆਦਿ ਵਿਸ਼ਿਆਂ ‘ਤੇ ਸਿਰਜੀਆਂ ਕਹਾਣੀਆਂ ਵਿਚ ਨਾਟਕੀ ਤੱਤ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਲੋੜ ਅਨੁਸਾਰ ਸਿਰਜੀ ਵਾਰਤਾਲਾਪ ਸਾਡੀ ਲੋਕ ਬੋਲੀ ਨੂੰ ਮਾਣ ਬਖਸ਼ਦੀ ਹੈ। ਇਹ ਕਹਾਣੀਆਂ ‘ਭੌਰਵੀ ਸ਼ੈਲੀ’ ਦੀਆਂ ਲਖਾਇਕ ਹਨ। ਇਨ੍ਹਾਂ ਕਹਾਣੀਆਂ ਵਿਚ ਉਸ ਨੇ ਇਕ ਨਵੇਂ ਲੋਕ ਮੁਹਾਵਰੇ ਨੂੰ ਸਿਰਜਿਆ ਹੈ। ਇਨ੍ਹਾਂ ਵਿਚੋਂ ਕਵਿਤਾ ਵਰਗਾ ਅਨੰਦ ਅਤੇ ਵਾਰਤਕ ਵਰਗਾ ਰਸ ਤਾਂ ਮਿਲਦਾ ਹੀ ਹੈ। ਪਰਦੇਸੀ ਲਾਲ ਕਿਉਂ, ਸੁੱਖਾ ਜ਼ੈਲਦਾਰ, ਪੁੱਤ ਪਰਦੇਸੀ, ਬੰਦ ਦਰਵਾਜੇ, ਕੁੱਖਾਂ ਦੇ ਵੈਣ, ਅਤਿਵਾਦੀ ਰੱਬ ਆਦਿ ਬਹੁਤ ਕਮਾਲ ਦੀਆਂ ਕਹਾਣੀਆਂ ਹਨ। ਨਵੀਂ ਪਨੀਰੀ ਲਈ ਇਨ੍ਹਾਂ ਕਹਾਣੀਆਂ ਦੀ ਖਾਸ ਮਹੱਤਤਾ ਹੈ। ਇਹ ਸਾਨੂੰ ਜਿੱਥੇ ਇਤਿਹਾਸਕ ਤੱਥਾਂ ਨਾਲ ਜੋੜਦੀਆਂ ਹਨ, ਉਥੇ ਸਮੇਂ ਦੇ ਵਿਕਾਸ ਅਤੇ ਵਿਨਾਸ਼ ਦੀ ਵਾਕਫੀਅਤ ਵੀ ਕਰਵਾਉਂਦੀਆਂ ਹਨ। ਸੱਭਿਆਚਾਰਕ ਪਰਿਵਰਤਨਾਂ, ਪਰਿਵਾਰਕ ਝੰਜਟਾਂ ਤੇ ਲੀਡਰਾਂ ਦੀਆਂ ਚਾਲਾਂ ਤੋਂ ਵੀ ਸੁਚੇਤ ਕਰਦੀਆਂ ਹਨ।
ਐਸ. ਅਸ਼ੋਕ ਭੌਰਾ ਦਾ ਦੇਸ਼-ਵਿਦੇਸ਼ ਦਾ ਤਜਰਬਾ ਇਨ੍ਹਾਂ ਕਹਾਣੀਆਂ ਵਿਚ ਭਲੀਭਾਂਤ ਪ੍ਰਗਟ ਹੁੰਦਾ ਹੈ। ਉਹ ਇਕ ਮਨੋਵਿਗਿਆਨੀ ਵਾਂਗ ਆਪਣੇ ਹਰ ਪਾਤਰ ਨੂੰ ਸਿਖਰ ਤਕ ਲੈ ਕੇ ਜਾਂਦਾ ਹੈ। ਇਹ ਕਹਾਣੀਆਂ ਇਕ ਨਿਵੇਕਲੇ ਵਿਧੀ ਵਿਧਾਨ ਵਾਲੀਆਂ ਹਨ, ਜਿਨ੍ਹਾਂ ਦੀ ਗੱਲ ਵੀ ਨਿਵੇਕਲੇ ਅੰਦਾਜ਼ ਨਾਲ ਹੀ ਕਰਨੀ ਬਣਦੀ ਹੈ। ਇਸ ਪੁਸਤਕ ਨਾਲ ਐਸ. ਅਸ਼ੋਕ ਭੌਰਾ ਪੰਜਾਬੀ ਕਹਾਣੀ ਜਗਤ ਵਿਚ ਪੱਕੇ ਪੈਰੀਂ ਖਲੋ ਜਾਂਦਾ ਹੈ।
ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸਿ਼ਤ ਕੀਤੀ ਹੈ, ਜਿਸ ਦੇ 206 ਪੰਨੇ ਅਤੇ 300 ਰੁਪਏ ਮੁੱਲ ਹੈ।

ਗੱਲ ਬਣੀ ਕਿ ਨਹੀਂ
ਐਸ. ਅਸ਼ੋਕ ਭੌਰਾ ਦੀ ਕਲਮ ਦਰਿਆ ਦੇ ਵਹਿਣ ਵਾਂਗ ਨਿਰੰਤਰ ਵਗ ਰਹੀ ਹੈ। ਪਿਛਲੇ ਚਾਰ ਦਹਾਕਿਆਂ ਤੋਂ ਦਿਨ ਰਾਤ ਸਾਹਿਤਕ ਸੱਭਿਆਚਾਰਕ, ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਏ ਵਿਚ ਸਰਗਰਮ ਹੈ। ਉਸ ਦੀ ਵਾਰਤਕ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਉਸ ਦੇ ਸ਼ਬਦਾਂ ਦੀ ਸ਼ਕਤੀ ਹਰ ਕਿਸੇ ਨੂੰ ਮੰਤਰ ਮੁਗਧ ਕਰਦੀ ਹੈ। ਕੋਈ ਅਖਬਾਰੀ ਲੇਖ ਪੜ੍ਹੀਏ ਤਾਂ ਦਿਲ ਦਿਮਾਗ ਦੇ ਦਰ ਦਰਵਾਜੇ ਆਪਣੇ ਆਪ ਖੁੱਲ੍ਹਦੇ ਜਾਂਦੇ ਹਨ। ਉਹ ਅਨੇਕਾਂ ਕਲਾਵਾਂ ਦਾ ਸੰਗਮ ਹੈ। ਇਨ੍ਹਾਂ ਕਲਾਵਾਂ ‘ਤੇ ਵਿਚਾਰ ਕਰਨ ਲਈ ਦਿਨਾਂ ਮਹੀਨਿਆਂ ਦਾ ਸਮਾਂ ਅਤੇ ਕਈ ਪੁਸਤਕਾਂ ਦਾ ਅਧਿਐਨ ਕਰਨਾ ਬਣਦਾ ਹੈ।
ਦੋ ਦਰਜਨ ਤੋਂ ਵੱਧ ਪੁਸਤਕਾਂ ਦੀ ਸਿਰਜਣਾ ਕਰਨ ਵਾਲੇ ਇਸ ਬਹੁ ਵਿਧਾਵੀ ਸਾਹਿਤਕਾਰ ਨੇ ਪੁਸਤਕ ‘ਗੱਲ ਬਣੀ ਕਿ ਨਹੀਂ’ ਵਿਚ ਆਪਣੀਆਂ ਤਰਿਆਸੀ ਕਾਵਿ ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਹ ਸਭ ਕਵਿਤਾਵਾਂ ਅਸਲ ਵਿਚ ਵਿਅੰਗਮਈ ਲਹਿਜੇ ਨਾਲ ਸਿਰਜੀਆਂ ਗਈਆਂ ਹਨ। ਹਰ ਪਾਠਕ ਜਦੋਂ ਪੁਸਤਕ ਪੜ੍ਹਨ ਬੈਠਦਾ ਹੈ ਤਾਂ ਉਹ ਹੋਰ ਅੱਗੇ ਪੜ੍ਹਨ ਲਈ ਉਤਾਵਲਾ ਰਹਿੰਦਾ ਹੈ। ਇਹ ਭੌਰੇ ਦੀ ਕਵਿਤਾ ਦੀ ਖਾਸੀਅਤ ਹੈ ਕਿ ਉਹ ਪਾਠਕ ਨੂੰ ਆਪਣੇ ਨਾਲ ਤੋਰਦੀ ਹਰ ਘਟਨਾ ਦਾ ਫਿਲਮੰਕਣ ਵੀ ਦਿਖਾਉਂਦੀ ਹੈ। ਉਸ ਵਲੋਂ ਰੁੱਖਾ ਜਾਂ ਨੀਰਸ ਸ਼ਬਦ ਇਕ ਵੀ ਨਹੀਂ ਵਰਤਿਆ ਗਿਆ। ਹਰ ਸ਼ਬਦ ਸਬੰਧਤ ਧਿਰ ਦੇ ਦਿਲ ਦੀਆਂ ਗਹਿਰਾਈਆਂ ਤਕ ਲਹਿੰਦਾ ਜਾਂਦਾ ਹੈ।
ਇਨ੍ਹਾਂ ਕਵਿਤਾਵਾਂ ਵਿਚੋਂ ਗਜ਼ਲ ਵਰਗਾ ਅਨੰਦ ਅਤੇ ਗੀਤ ਵਰਗਾ ਸੁਆਦ ਮਾਣਿਆ ਜਾ ਸਕਦਾ ਹੈ। ਇਨ੍ਹਾਂ ਦੀ ਰਵਾਨੀ ਇਕ ਚਸ਼ਮੇ ਵਰਗੀ ਹੈ, ਜੋ ਨਿਰਮਲ ਤਾਂ ਹੈ ਹੀ, ਨਾਲ ਨਾਲ ਕਈਆਂ ਰਾਹਾਂ ਦੀ ਵੀ ਨਿਸ਼ਾਨਦੇਹੀ ਕਰਦਾ ਹੈ। ਜਿਨ੍ਹਾਂ ਵਿਸ਼ਿਆਂ ਨੂੰ ਇਨ੍ਹਾਂ ਕਵਿਤਾਵਾਂ ਵਿਚ ਛੋਹਿਆ ਗਿਆ ਹੈ, ਉਹ ਇਕ ਆਮ ਆਦਮੀ ਤੋਂ ਲੈ ਕੇ ਭਾਰਤ ਦੇ ਹਾਕਮਾਂ ਤਕ ਜਾ ਪੁੱਜਦੀ ਹੈ। ਹਰ ਕਿਸੇ ਨੂੰ ਆਪਣੇ ਗਿਰੇਵਾਨ ਅੰਦਰ ਝਾਤੀ ਮਾਰਨ ਲਈ ਮਜ਼ਬੂਰ ਕਰਦੀ ਹੈ। ਪਿਆਰ ਮੁਹੱਬਤ ਦੇ ਝੂਠੇ ਕਿੱਸਿਆਂ ‘ਤੇ ਵਿਅੰਗ, ਰਾਜਸੀ ਚਾਲਾਂ ਦੀ ਨਿੰਦਾ, ਸੱਭਿਆਚਾਰ ਦੀ ਸਾਂਭ-ਸੰਭਾਲ, ਰਿਸ਼ਤਿਆਂ ਦੀ ਟੁੱਟ ਭੱਜ, ਆਰਥਿਕ ਦਸ਼ਾ, ਬੇਰੁਜ਼ਗਾਰੀ, ਨਸ਼ੇ, ਨੇਤਾਵਾਂ ਦਾ ਕਿਰਦਾਰ ਅਤੇ ਆਪਸੀ ਪਿਆਰ ਨੂੰ ਇਨ੍ਹਾਂ ਕਵਿਤਾਵਾਂ ਦਾ ਵਿਸ਼ਾ ਵਸਤੂ ਬਣਾਇਆ ਗਿਆ ਹੈ।
ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਇਸ ਸਾਹਿਤਕਾਰ ਨੇ ਇਨ੍ਹਾਂ ਵਿਅੰਗਮਈ ਕਵਿਤਾਵਾਂ ਨਾਲ ਕਾਵਿ ਜਗਤ ਵਿਚ ਵੀ ਆਪਣੀ ਖਾਸ ਮੁਕਾਮ ਬਣਾ ਲਿਆ ਹੈ। ਦੇਸ਼-ਵਿਦੇਸ਼ ਦੇ ਅਖਬਾਰਾਂ-ਰਸਾਲਿਆਂ ਵਿਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਭੌਰਾ ਹੁਣ ਸਾਹਿਤ ਜਗਤ ਵਿਚ ਆਪਣੀਆਂ ਸੰਦਲੀ ਪੈੜਾਂ ਪਾ ਰਿਹਾ ਹੈ। ਇਨ੍ਹਾਂ ਵਿਅੰਗਮਈ ਕਾਵਿ ਵੰਨਗੀਆਂ ਵਿਚ ਜਿਥੇ ਕਾਵਿ ਕਲਾ ਦਾ ਅਨੰਦ ਲਿਆ ਜਾ ਸਕਦਾ ਹੈ, ਉਥੇ ਕਵਿਤਾ ਦੇ ਸੱਤੇ ਰਸ ਰੰਗ ਵੀ ਮਾਣੇ ਜਾ ਸਕਦੇ ਹਨ,
ਬੰਦਿਆਂ ਨੇ ਹੈ ਕਰ ਲਈ ਬੰਦਿਆਂ ਵੱਲ ਨੂੰ ਕੰਧ,
ਮੱਸਿਆ ਵਾਲੀ ਰਾਤ ਨੂੰ ਮੂਰਖ ਲੱਭਣ ਚੰਦ।
ਸੇਕ ਪੈ ਗਿਆ ਰਿਸ਼ਤੇ ਨਾਤਿਆਂ ਨੂੰ
ਟਕੇ ਟਕੇ ਨੂੰ ਵਿਕਣ ਜ਼ਮੀਰ ਲੱਗੀ ਪਈ।
ਭਾਈ ਸਾਹਿਬਾਂ ਨੂੰ ਭੱਜਣ ਤੋਂ ਰੋਕਦੇ ਨੇ,
ਤੇ ਕੁੱਟਣ ਕੈਦਂੋ ਅੱਜ ਕਲ੍ਹ ਹੀਰ ਲੱਗੀ ਪਈ।
ਕਵਿਤਾਵਾਂ ਦੀਆਂ ਅਜਿਹੀਆਂ ਸਤਰਾਂ ਪਾਠਕਾਂ ਦੇ ਮਨ ਨੂੰ ਹਲੂਣਾ ਮਾਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਯੁਗ ਪਲਟਾਉਣ ਦਾ ਦਮ ਹੈ ਤੇ ਗੱਭਰੂ ਮਨ ਨੂੰ ਸਹੀ ਰਾਹੇ ਪਾਉਣ ਦੀਆਂ ਕਲਾਮਈ ਜੁਗਤਾਂ। ਭੌਰੇ ਦੇ ਕਾਵਿ ਸੰਸਾਰ ਨੂੰ ਵੀ ਸਲਾਮ ਹੈ।
ਇਹ ਪੁਸਤਕ ਵੀ ਚੇਤਨਾ ਪ੍ਰਕਾਸ਼ਨ ਲੁਧਿਆਣਾ (ਪੰਨੇ 124, ਮੁੱਲ: 200 ਰੁਪਏ) ਨੇ ਪ੍ਰਕਾਸਿ਼ਤ ਕੀਤੀ ਹੈ।