ਚਿੱਤਰ ਤੇ ਭਜਨ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਚਿੱਤਰ ਅਤੇ ਭਜਨ ਦੋ ਭਰਾ ਸਨ। ਨਵੇਂ ਖੇਤੀ ਕਾਨੂੰਨਾਂ ਨੇ ਇੱਕ ਦਮ ਮੈਨੂੰ ਉਨ੍ਹਾਂ ਦੋਹਾਂ ਭਰਾਵਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ: ਉਨ੍ਹਾਂ ਬਾਰੇ ਮੈਂ ਗੱਲ ਬਾਅਦ ‘ਚ ਕਰਾਂਗਾ ਪਹਿਲਾਂ ਭਾਰਤ ਦੀ ਮੋਦੀ ਸਰਕਾਰ ਨੇ ਜਿਹੜਾ ਕਿਸਾਨ ਵਿਰੋਧੀ ਕਾਨੂੰਨ ਲਿਆ ਕੇ, ਕਿਸਾਨੀ ਨੂੰ ਤਬਾਹ ਕਰਨ ਦਾ ਮੁੱਢ ਬੰਨ ਦਿੱਤਾ ਹੈ, ਉਸ ਬਾਰੇ ਕੁਝ ਚਰਚਾ ਕਰਦੇ ਹਾਂ। ਜੇ ਘੋਖ ਨਾਲ ਦੇਖਿਆ ਜਾਏ ਤਾਂ ਕਿਸਾਨੀ ਤਾਂ ਪਿਛਲੇ ਕਈ ਦਹਾਕਿਆਂ ਤੋਂ ਹੀ ਨਿਘਾਰ ਦੀ ਘੁੰਮਣ ਘੇਰੀ ‘ਚ ਪਈ ਹੋਈ ਹੈ। ਹਜ਼ਾਰਾਂ ਹੀ ਕਿਸਾਨ ਤੇ ਮਜ਼ਦੂਰ ਕਰਜਿਆਂ ਦੇ ਖੂਹ ‘ਚ ਡਿੱਗੇ, ਹਨੇਰੇ ਭਵਿੱਖ ਦੀ ਸੁਰੰਗ ‘ਚ ਫਸੇ ਅਤੇ ਕਿਸੇ ਵੀ ਪਾਸੇ ਕੋਈ ਆਸ ਦੀ ਕਿਰਨ ਨਾ ਨਜ਼ਰ ਆਉਣ ਕਰਕੇ ਖੁਦਕਸ਼ੀਆਂ ਕਰ ਆਪਣੀ ਜੀਵਨ ਲੀਲਾ ਖਤਮ ਕਰ ਚੁੱਕੇ ਹਨ।

ਗੱਲ ਇਕੱਲੇ ਪੰਜਾਬ ਦੀ ਹੀ ਨਹੀਂ ਸਗੋਂ ਸਾਰੇ ਭਾਰਤ ਦੇ ਹੀ ਕਿਸਾਨ ਮਿੱਟੀ ਨਾਲ ਘੁਲ਼ਦੇ, ਮਿੱਟੀ ਹੋਏ, ਕਰਜਿਆਂ ਥੱਲੇ ਦੱਬੇ ਗੁਰਬਤ ਦਾ ਜੀਵਨ ਜੀਅ ਰਹੇ ਹਨ। ਖੇਤੀ ਦੇ ਖਰਚੇ ਬਹੁਤ ਵਧ ਗਏ ਹਨ, ਜਿਵੇਂ ਰਸਾਇਣਕ ਖਾਦਾਂ, ਕੀਟਨਾਸ਼ਕ ਦੁਆਈਆਂ ਤੇ ਡੀਜ਼ਲ ਆਦਿ ਦੇ ਭਾਅ ਅਸਮਾਨੀ ਚੜ੍ਹਦੇ ਜਾ ਰਹੇ ਹਨ, ਪਰ ਫਸਲ ਦੀ ਸਰਕਾਰੀ ਖਰੀਦ ਦਾ ਮੁੱਲ ਵੀ ਉਨਾ ਨਹੀਂ ਮਿਲ ਰਿਹਾ, ਜਿੰਨਾ ਉਸ ਫਸਲ ਨੂੰ ਉਗਾਉਣ `ਤੇ ਖਰਚ ਆ ਜਾਂਦਾ ਹੈ। ਹੁਣ ਨਵੇਂ ਪਾਸ ਕੀਤੇ ਖੇਤੀ ਆਰਡੀਨੈਂਸ ਨੇ ਤਾਂ ਮੁਕੱਰਰ ਸਰਕਾਰੀ ਮੁੱਲ ਤੇ ਪਿਛਲੇ ਦਹਾਕਿਆਂ ਤੋਂ ਹੁੰਦੀ ਆ ਰਹੀ ਸਰਕਾਰੀ ਖਰੀਦ ਦਾ ਰਾਹ ਬੰਦ ਕਰਕੇ, ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨ ਦੀ ਮਹਾਂ-ਲੁੱਟ ਦੀ ਸ਼ੱਰੇਆਮ ਖੁੱਲ੍ਹ ਦੇ ਕੇ ਸਿਰੇ ਦਾ ਨਿਰਦਈ ਕੰਮ ਕਰ ਦਿਖਾਇਆ ਹੈ।
ਜਿਸ ਨੇ ਆਪ ਖੇਤੀ ਕੀਤੀ ਨਹੀਂ, ਉਹ ਕਿਸਾਨ ਦੀਆਂ ਔਖਿਆਈਆਂ, ਔਕੜਾਂ ਤੇ ਮੁਸੀਬਤਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ। ਛੇ ਮਹੀਨੇ ਉਹ ਮਿੱਟੀ ਨਾਲ ਘੁਲ਼ਦਾ ਹੈ; ਉਸ ਸਮੇਂ ਦੌਰਾਨ ਬੇਅੰਤ ਔਕੜਾਂ ਦਾ ਸਾਹਮਣਾ ਕਰਦਾ ਹੋਇਆ, ਕਿਤੇ ਜਾ ਕੇ ਫਸਲ ਦਾ ਮੂੰਹ ਦੇਖਦਾ ਹੈ: ਕਣਕ ਅਤੇ ਝੋਨੇ ਦੇ ਮਿਥੇ ਸਰਕਾਰੀ ਭਾਅ ਕਰਕੇ, ਉਸ ਨੂੰ ਉਹ ਭਾਅ ਮਿਲਣ ਕਰਕੇ ਕਿਸਾਨ ਨੂੰ ਆਸ ਰਹਿੰਦੀ ਹੈ ਕਿ ਪੱਕੀ ਫਸਲ ਸਮੇਂ ਸਿਰ ਵੇਚ ਕੇ ਉਹ ਸੁਰਖਰੂ ਹੋ ਜਾਏਗਾ। ਇਸ ਦੇ ਬਾਵਜੂਦ ਵੀ ਜਿਹੜੀਆਂ ਹੋਰ ਔਲ਼ੀਆਂ ਜਿਵੇਂ ਮੀਂਹ, ਹਨੇਰੀ, ਝੱਖੜ, ਗੜੇ, ਅੱਗਾਂ ਆਦਿ ਦੀ ਮਾਰ ਦੀ ਤਲਵਾਰ ਕਿਵੇਂ ਉਸ ਦਾ ਛੇ ਮਹੀਨੇ ਸਾਹ ਹੀ ਸੂਤੀ ਰੱਖਦੀ ਹੈ। ਹੁਣ ਨਵੇਂ ਖੇਤੀ ਕਾਨੂੰਨ ਮੁਤਾਬਕ ਮਿਥੇ ਭਾਅ ਤੇ ਫਸਲ ਦੀ ਸਰਕਾਰੀ ਖਰੀਦ ਦੀ ਧਾਰਾ ਹਟਾ ਕੇ, ਵਪਾਰੀਆਂ ਤੇ ਲੋਟੂ ਘਰਾਣਿਆਂ ਨੂੰ ਕਿਸਾਨਾਂ ਦੀ ਖੁੱਲ੍ਹੀ ਲੁੱਟ ਦੀ ਛੁੱਟੀ ਦੇ ਦਿੱਤੀ ਹੈ; ਜਿਸ ਨਾਲ ਛੋਟੀ ਤੇ ਮੱਧ ਵਰਗੀ ਕਿਸਾਨੀ ਅੱਗੇ ਹੀ ਲੋਟੂ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ, ਸਹਿਕਦੀ ਤਰਸਦੀ ਹਾਲਤ ‘ਚ ਕਿਸਾਨਾਂ ਦੀ ਤਬਾਹੀ ਹੋਰ ਵੀ ਤੇਜੀ ਨਾਲ ਕਰਨ ਵਲ ਨੂੰ ਸੇਧ ਕਰ ਦਿੱਤੀ ਹੈ।
ਆਪਣੇ ਬਾਪੂ ਜੀ ਨਾਲ 27 ਸਾਲ ਦੀ ਉਮਰ ਤੱਕ ਮੈਂ ਆਪ ਖੇਤੀ ਵਿਚ ਖੁੱਭਿਆ, ਜੁੜਿਆ ਤੇ ਘੁਲਦਾ ਔਖਿਆਈਆਂ ਸੌਖਿਆਈਆਂ ਝੱਲਦਾ ਕਾਲਜ ਦੀ ਪੜ੍ਹਾਈ ਪੂਰੀ ਕਰ ਭਾਵੇਂ ਕੈਨੇਡਾ ਆ ਵਸਿਆ, ਪਰ ਮੈਨੂੰ ਜਿ਼ਮੀਦਾਰਾ ਕਿੱਤੇ ਨਾਲ ਜੁੜੀਆਂ ਮੁਸ਼ਕਿਲਾਂ ਤੇ ਔਕੜਾਂ ਦਾ ਧੁਰ ਅੰਦਰੋਂ ਪਤਾ ਹੋਣ ਕਰਕੇ ਕਿਸਾਨੀ ਸੰਘਰਸ਼ ‘ਚ ਜੂਝ ਰਹੇ ਕਿਸਾਨਾਂ ਦੇ ਤੌਖਲਿਆਂ ਦਾ ਦਿਲੀ ਅਹਿਸਾਸ ਤੇ ਪੂਰੀ ਸਮਝ ਹੈ। ਕੈਨੇਡਾ ਪਹੁੰਚ ਕੁਝ ਚਿਰ ਇੱਧਰ ਉੱਧਰ ਭਟਕਣ ਮਗਰੋਂ ਜਦੋਂ ਫੌਰਿਸਟ ਇੰਡਸਟਰੀ ਵਿਚ ਕੰਮ ਕਰਨ ਲੱਗਾ ਤਾਂ ਜਦੋਂ ਦੋ ਹਫਤਿਆਂ ਬਾਅਦ ਚੈਕ ਮਿਲਣੀ ਤਾਂ ਫੱਟਿਆਂ ਨਾਲ ਘੁਲ਼ਦਿਆਂ ਦੀ ਸਾਰੀ ਔਖਿਆਈ ਭੁੱਲ ਜਾਣੀ ਤੇ ਲੱਗਣਾ ਕਿ ਪੰਜਾਬ ‘ਚ ਤਾਂ ਕਿਤੇ ਛੇ ਮਹੀਨਿਆਂ ਬਾਅਦ ਕਣਕ ਜਾਂ ਝੋਨੇ ਦੀ ਟਰਾਲੀ ਵਿਕਦੀ ਸੀ, ਪਰ ਇੱਥੇ ਤਾਂ ਹਰ ਦੋ ਹਫਤਿਆਂ ਬਾਅਦ ਹੀ ਵਿਕ ਜਾਂਦੀ ਹੈ; ਭਾਵ ਦੋ ਹਫਤਿਆਂ ਬਾਅਦ ਟਣਕਦੇ ਡਾਲਰਾਂ ਦੀ ਚੈਕ ਮਿਲ ਜਾਂਦੀ ਹੈ ਤੇ ਜਦੋਂ ਉਨ੍ਹਾਂ ਡਾਲਰਾਂ ਦੇ ਜ਼ਰਬ ਦੇ ਕੇ ਰੁਪਏ ਬਣਾਉਣੇ ਤਾਂ ਸੱਚੀ ਕਣਕ ਜਾਂ ਝੋਨੇ ਦੀ ਟਰਾਲੀ ਵੇਚਣ ਨਾਲੋਂ ਵੱਧ ਬਣ ਜਾਂਦੇ ਸਨ। ਪਹਿਲਾਂ ਪਹਿਲ ਜਦੋਂ ਕਿਸੇ ਪੁੱਛਣਾ ਕਿ ਮਿੱਲ ‘ਚ ਕੰਮ ਔਖਾ ਤਾਂ ਨਹੀਂ? ਮੈਂ ਘੜਿਆ-ਘੜਾਇਆ ਉੱਤਰ ਕੱਢ ਮਾਰਨਾ ਕਿ ਔਖਾ ਭਾਵੇਂ ਹੋਵੇ ਵੀ ਪਰ ਲਗਦਾ ਨਹੀਂ, ਉਹ ਇਸ ਕਰਕੇ ਕਿ ਪੰਜਾਬ ਛੇ ਮਹੀਨੇ ਮਿੱਟੀ ਨਾਲ ਘੁਲਣਾ ਪੈਂਦਾ ਸੀ ਤਾਂ ਜਾ ਕੇ ਪੰਜ ਸੱਤ ਟਰਾਲੀਆਂ ਕਣਕ/ਝੋਨੇ ਦੀਆਂ ਵੇਚੀਦੀਆਂ ਸਨ; ਇੱਥੇ ਤਾਂ ਹਰ ਦੋ ਹਫਤਿਆਂ ਬਾਅਦ ਇੱਕ ਵਿਕ ਜਾਂਦੀ ਹੈ।
ਸੱਠਵਿਆਂ ਦੇ ਹਰੇ ਇਨਕਲਾਬ ਤੋਂ ਪਹਿਲਾਂ ਸਾਡੀ ਜ਼ਮੀਨ ਦਾ ਵੱਡਾ ਟੱਕ ਮਾਰੂ ਸੀ; ਸਾਲ ਦੀ ਉੱਥੇ ਇਕੋ ਹੀ ਫਸਲ ਹੁੰਦੀ ਸੀ। ਬਾਜਰਾ, ਚਰ੍ਹੀ, ਗੁਆਰਾ, ਤਿਲ ਅਤੇ ਦਾਲਾਂ ਜਿਵੇਂ ਮਾਂਹ, ਮੋਠ, ਮੂੰਗੀ ਤੇ ਛੋਲੇ ਆਦਿ। ਦੂਸਰਾ ਪਿੰਡ ਦੇ ਨੇੜੇ ਜ਼ਮੀਨ ਦਾ ਟੱਕ ਸੇਂਜੂ ਸੀ, ਜਿੱਥੇ ਖੂਹ ਲੱਗਾ ਸੀ। ਉੱਥੇ ਪਹਿਲਾਂ ਚੜਸ, ਫਿਰ ਹਲਟ ਤੇ ਮਗਰੋਂ ਟਿਊਬਵੈਲ ਨਾਲ ਸੇਂਜਾ ਹੋਣ ਲੱਗਿਆ। ਇੱਥੇ ਮਂੈ ਇਹ ਦੱਸ ਦਿਆਂ ਕਿ ਮਾਰੂ ਜ਼ਮੀਨ ‘ਚ ਹੋਈਆਂ ਫਸਲਾਂ ਦੇ ਕਦੇ ਵੀ ਪੈਸੇ ਨਹੀਂ ਸਨ ਵੱਟੇ, ਮਸਾਂ ਪਸੂਆਂ ਦਾ ਚਾਰਾ ਜਾਂ ਘਰ ਵਰਤੋਂ ਯੋਗੀਆਂ ਦਾਲਾਂ ਹੀ ਹੁੰਦੀਆਂ ਸਨ। ਹਰੇ ਇਨਕਲਾਬ ਸਮੇਂ ਜਦੋਂ ੳੱੁਥੇ ਵੀ ਬੋਰ ਕਰਕੇ ਪੰਜ ਹਾਰਸ ਪਾਵਰ ਦਾ ਕਿਰਲੋਸਕਰ ਡੀਜ਼ਲ ਇੰਜਣ ਰੱਖ ਸੇਂਜਾ ਹੋਣ ਲੱਗਾ ਤਾਂ ਫਸਲਾਂ ਦਾ ਤਾਂ ਹੜ੍ਹ ਹੀ ਆ ਗਿਆ ਲੱਗਿਆ। ਉਦੋਂ ਤੋਂ ਹੀ ਦੋ ਪ੍ਰਮੁੱਖ ਫਸਲਾਂ ਕਣਕ ਤੇ ਝੋਨਾ ਹਨ। ਆਲੇ ਦੁਆਲੇ ਵੀ ਸਭ ਨੇ ਨਵੇਂ ਬੋਰ ਕਰ ਕਰ ਸਭ ਜ਼ਮੀਨਾਂ ਸਂੇਜੂ ਬਣਾ ਲਈਆਂ। ਥੋੜ੍ਹਾ ਚਿਰ ਤਾਂ ਲੱਗਿਆ ਕਿ ਕਿਸਾਨ ਖੁਸ਼ਹਾਲੀ ਵਲ ਜਾ ਰਹੇ ਹਨ, ਪਰ ਹੌਲੀ ਹੌਲੀ ਜਿਉਂ ਜਿਉਂ ਵੱਡੇ ਪਰਿਵਾਰਾਂ ‘ਚ ਜ਼ਮੀਨਾਂ ਅੱਗੇ ਵੰਡ ਹੁੰਦੀਆਂ ਗਈਆਂ; ਖਰਚੇ ਵਧਦੇ ਰਹੇ ਤੇ ਕੁਝ ਆਪ ਆਪਣੀ ਅਣਗਹਿਲੀ ਨਾਲ ਵਧਾ ਲਏ ਤਾਂ ਕਿਸਾਨੀ ਗੁਰਬਤ ਵਲ ਨੂੰ ਧੂਹ ਕੈ ਲੈ ਜਾਣ ਲੱਗੀ। ਸਾਡੇ ਖੂਹ ਦੇ ਆਲੇ-ਦੁਆਲੇ ਵੀ ਜਿਨ੍ਹਾਂ ਦੇ ਵੱਡੇ ਵੱਡੇ ਲਾਣੇ ਚਲਦੇ ਸਨ ਤੇ ਕਹਿੰਦੀ ਕਹਾਉਂਦੀ ਖੇਤੀ ਕਰਦੇ ਸਨ, ਅੱਜ ਉਨ੍ਹਾਂ ਦੇ ਭੰਗਾਂ ਭੁੱਜ ਰਹੀਆਂ ਹਨ।
ਹੁਣ ਮੈਂ ਜਿੱਥੋਂ ਇਹ ਲੇਖ ਸੂ਼਼ਰੂ ਕੀਤਾ ਸੀ ਮੁੜ ਉੱਧਰ ਆਉਨਾਂ। ਚਿੱਤਰ-ਭਜਨ ਦੀ ਜ਼ਮੀਨ ਸਾਡੇ ਨਾਲ ਲਗਦੀ ਸੀ। ਉਨ੍ਹਾਂ ਦਾ ਖੂਹ ਬਿਲਕੁਲ ਪਿੰਡ ਦੇ ਨਾਲ ਸੀ। ਉਹ ਚਾਰ ਭਰਾ ਸਨ, ਇੱਕ ਬੀਕਾਨੇਰ ਚਲੇ ਗਿਆ ਤੇ ਦੂਸਰਾ ਬਾਹਰ ਹੀ ਰਹਿੰਦਾ ਤੇ ਕਦੇ ਕਦਾਈਂ ਹੀ ਪਿੰਡ ਆਉਂਦਾ, ਆਪਣੇ ਪਿਓ ਵਾਂਗ ਉਹ ਵੀ ਅਮਲੀ ਸੀ। ਚਿੱਤਰ-ਭਜਨ ਦਾ ਆਪਸੀ ਪਿਆਰ ਬਹੁਤ ਸੀ ਤੇ ਦੋਵੇਂ ਹੀ ਬਹੁਤ ਕਾਹਲੀ ਕਾਹਲੀ ਬੋਲਦੇ ਸਨ। ਆਮ ਬੰਦੇ ਨਾਲੋਂ ਦੂਹਰੀ ਰਫਤਾਰ ‘ਚ ਗੱਲ ਕਰਦਿਆਂ ਬਹੁਤੀ ਵਾਰੀ ਤਾਂ ਆਮ ਬੰਦੇ ਨੂੰ ਪਤਾ ਵੀ ਨਹੀਂ ਸੀ ਲਗਦਾ ਕਿ ਉਹ ਕਹਿ ਕੀ ਗਏ ਹਨ! ਬੱਸ ਉਨ੍ਹਾਂ ਦੀ ਕਿਚਨ ਮਿਚਨ ਉਹੀ ਸਮਝਦੇ ਸਨ; ਤੇਜੀ ਨਾਲ ਬੋਲਦੇ ਕਰਕੇ ਉਨ੍ਹਾਂ ਨੂੰ ਲੋਕੀ ਕਹਿਣ ਵੀ ਕਿਚਨ-ਮਿਚਨ ਹੀ ਲੱਗ ਪਏ ਸਨ। ਕਿਸੇ ਪੁੱਛਣਾ ਔਹ ਖੂਹ ਕਿਨ੍ਹਾਂ ਦਾ ਹੈ? ਤਾਂ ਕਹਿਣਾ ਕਿਚਨਾਂ-ਮਿਚਨਾਂ ਦਾ।
ਥੋੜ੍ਹੀ ਥੋੜ੍ਹੀ ਨਸ਼ੇ ਦੀ ਲਤ ਲੱਗਦੀ ਲੱਗਦੀ ਉਨ੍ਹਾਂ ਨੂੰ ਵੀ ਲੱਗ ਗਈ। ਦੋਵੇਂ ਅਣਵਿਆਹੇ ਸਨ, ਉਨ੍ਹਾਂ ਦਾ ਰੋਟੀ-ਟੁੱਕ ਉਨ੍ਹਾਂ ਦੀ ਮਾਂ ਸਮਾਂ ਕੌਰ ਹੀ ਕਰਦੀ ਸੀ। ਛੋਟੇ ਹੋਣ ਕਰਕੇ ਉਹ ਦੋਵੇਂ ਪੁੱਤ ਉਸ ਨੂੰ ਬਹੁਤ ਪਿਆਰੇ ਸਨ। ਮਰਨ ਲੱਗੀ ਆਪਣੇ ਸ਼ਰੀਕਾਂ ਨੂੰ ਕਹਿਣ ਲੱਗੀ ਕਿ ਮੈਂ ਤਾਂ ਹੁਣ ਖਬਰੇ ਬਚਣਾ ਕਿ ਨਹੀਂ, ਜੇ ਮੈਂ ਮਰ ਗਈ ਤਾਂ ਮੇਰੇ ਚਿੱਤਰ-ਭਜਨ ਦਾ ਖਿਆਲ ਰੱਖਿਓ! ਇਹ ਲੈਰੇ ਲੈਰੇ ਹਨ। ਸ਼ਰੀਕਾਂ ਨੇ ਉਨ੍ਹਾਂ ਦਾ ਖਿਆਲ ਤਾਂ ਕੀ ਰੱਖਣਾ ਸੀ, ਸਗੋਂ ਮਗਰੋਂ ਟਿੱਚਰਾਂ ਕਰਨੀਆਂ ਕਿ ਮਾਂ ਮਰਨ ਲੱਗੀ ਇਉਂ ਕਹਿੰਦੀ ਸੀ। ਮਾਂ ਮਰ ਗਈ, ਰੋਟੀ ਬਣਾਉਣ ਵਾਲਾ ਕੋਈ ਰਿਹਾ ਨਾ, ਆਪੇ ਤਵੇ `ਤੇ ਹੱਥ ਲੂਹ ਕੇ ਗੁਜ਼ਾਰਾ ਕਰਨ ਲੱਗੇ। ਅਮਲ ਦੀ ਲਤ ਉਨ੍ਹਾਂ ਨੂੰ ਵੀ ਲੱਗੀ ਕਰਕੇ ਨਸ਼ੇ ਨੇ ਅੱਧੋਂ ਵੱਧ ਜ਼ਮੀਨ ਖਾ ਲਈ, ਬਾਕੀ ਰਹਿੰਦੀ ਨਿਆਈਆਂ ਦੀ ਮਹਿੰਗੀ ਜ਼ਮੀਨ ਵੇਚ, ਯੂ. ਪੀ. ਜਾ ਜ਼ਮੀਨ ਲੈ ਕੇ ਖੇਤੀ ਕਰਨ ਦੇ ਇਰਾਦੇ ਨਾਲ, ਵੇਚੀ ਜ਼ਮੀਨ ਦੇ ਸਾਰੇ ਨਗਦ ਪੈਸੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਸਪੁਰਦ ਕਰ ਦਿੱਤੇ, ਜਿਸ ਨੇ ਉਨ੍ਹਾਂ ਨੂੰ ਲਾਰਾ ਲਾਇਆ ਸੀ ਕਿ ਉਹ ਉਨ੍ਹਾਂ ਨੂੰ ਆਪਣੇ ਫਾਰਮ ਦੇ ਲਾਗੇ ਹੀ ਜ਼ਮੀਨ ਲੈ ਦਏਗਾ। ਪੈਸੇ ਦੇਖ ਰਿਸ਼ਤੇਦਾਰ ਦਾ ਮਨ ਬੇਈਮਾਨ ਹੋ ਗਿਆ ਤੇ ਸਾਰੇ ਪੈਸੇ ਛਕ, ਡਕਾਰ ਮਾਰ, ਮੁੱਛਾਂ ਨੂੰ ਤਾਅ ਦੇ ਕੇ ਚਿੱਤਰ-ਭਜਨ ਨੂੰ ਠੁੱਠ ਦਿਖਾ ਦਿੱਤਾ। ਵਿਚਾਰੇ ਚਿੱਤਰ-ਭਜਨ ਘਰੋਂ ਬੇਘਰੇ, ਜ਼ਮੀਨੋ ਬੇਜ਼ਮੀਨੇ ਹੋ, ਦਰ ਦਰ ਦੀਆਂ ਠੋਕਰਾਂ ਖਾ ਦਿਹਾੜੀਆਂ ਕਰਨ ਯੋਗੇ ਰਹਿ ਗਏ। ਲੋਕਾਂ ਦੇ ਖੋਰੀ ਖੋਤਦੇ, ਰੋਟੀ ਤੋਂ ਵੀ ਆਤਰ, ਮਿੱਟੀ ‘ਚ ਰੁਲਦੇ ਅੱਧ ਉਮਰੇ ਹੀ ਇਸ ਜਹਾਨਂੋ ਕੂਚ ਕਰ ਗਏ। ਇਹ ਗੱਲ ਕੋਈ ਪੰਜਾਹ-ਪਚਵੰਜਾ ਸਾਲ ਪਹਿਲਾਂ ਦੀ ਹੈ। ਭਾਵੇਂ ਚਿੱਤਰ-ਭਜਨ ਦੀ ਤਬਾਹੀ ਦਾ ਵੱਡਾ ਕਾਰਨ ਉਨ੍ਹਾਂ ਦਾ ਨਸ਼ੇ ਦਾ ਆਦੀ ਹੋ ਜਾਣਾ ਤੇ ਮਗਰੋਂ ਕਰੀਬੀ ਰਿਸ਼ਤੇਦਾਰ ਦਾ ਪੈਸੇ ਠੱਗ ਬੇਈਮਾਨ ਹੋ ਜਾਣਾ ਸੀ; ਪਰ ਦੁਖਾਂਤ ਦੀ ਪੀੜਾ ਓਨੀ ਹੀ ਹੈ, ਜਿੰਨੀ ਅੱਜ ਮੋਦੀ ਸਰਕਾਰ ਨੇ ਕਿਸਾਨ ਮਾਰੂ ਕਾਨੂੰਨ ਬਣਾ ਕੇ ਥੋਕ ਦੇ ਭਾਅ ਕਿਸਾਨਾਂ ਨੂੰ ਚਿੱਤਰ-ਭਜਨ ਦੇ ਦੁਖਾਂਤ ਦੀ ਉੱਖਲੀ ‘ਚ ਸੁੱਟ ਮੋਹਲਿਆਂ ਦਾ ਮੀਂਹ ਵਰਸਾਉਣ ਦਾ ਡਰਾਉਣਾ ਜਿੰਨ ਲਿਆ ਖੜ੍ਹਾ ਕੀਤਾ ਹੈ।
ਜਦੋਂ ਲੋਕਾਂ ਦੀਆਂ ਜ਼ਮੀਨਾਂ ਮਾਰੂ ਸਨ ਤਾਂ ਚਿੱਤਰ-ਭਜਨ ਕੇ ਚੜਸ ਨਾਲ ਸੇਂਜਾ ਹੁੰਦਾ ਸੀ, ਤੇ ਜਦੋਂ ਬਾਕੀ ਕਿਸਾਨਾਂ ਦੇ ਚੜਸ ਨਾਲ ਜ਼ਮੀਨ ਸਿੰਜੀ ਜਾਣ ਲੱਗੀ ਤਾਂ ਚਿੱਤਰ-ਭਜਨ ਕੇ ਹਲਟ ਲੱਗ ਗਿਆ। ਮਗਰੋਂ ਕਿਸਮਤ ਨੇ ਐਸੀ ਭੁਆਂਟਣੀ ਦਿੱਤੀ ਕਿ ਸੱਠਵਿਆਂ ‘ਚ ਪੰਜਾਬ ‘ਚ ਹਰਾ ਇਨਕਲਾਬ ਆ ਗਿਆ, ਪਰ ਚਿੱਤਰ-ਭਜਨ ਕੇ ਕੰਗਾਲੀ ਨੇ ਆ ਦਸਤਕ ਦਿੱਤੀ। ਸੱਠਵਿਆਂ ਦੇ ਹਰੇ ਇਨਕਲਾਬ ਨੇ ਕਿਸਾਨਾਂ ‘ਚ ਖੁਸ਼ਹਾਲੀ ਲਿਆਂਦੀ, ਪਰ ਹੌਲੀ ਹੌਲੀ ਅੱਗੇ ਜਿਉਂ ਜਿਉਂ ਜ਼ਮੀਨ ਵੰਡ ਹੁੰਦੀ ਰਹੀ, ਖਰਚੇ ਵਧਦੇ ਗਏ, ਕਰਜ਼ੇ ਚੜ੍ਹਦੇ ਗਏ; ਤੰਗੀਆਂ ਤੁਰਸ਼ੀਆਂ ਨਾ ਸਹਾਰਦੇ ਕਿਸਾਨ ਖੁਦਕੁਸ਼ੀਆਂ ਕਰਨ ਦੇ ਰਾਹ ਪੈ ਗਏ-ਹੁਣ ਤੱਕ ਪਤਾ ਨਹੀ ਕਿੰਨੇ ਕੁ ਚਿੱਤਰ ਭਜਨ ਬਣੇ ਤੇ ਕਿੰਨੇ ਕੁ ਹੁਣ ਬਣ ਰਹੇ ਹਨ। ਹੁਣ ਰਹਿੰਦੀ ਕਸਰ ਮੋਦੀ ਸਰਕਾਰ ਨੇ ਖੇਤੀ ਬਾਰੇ ਨਵੇਂ ਕਾਨੂੰਨ ਬਣਾ ਕੇ ਕੱਢ ਦਿੱਤੀ ਹੈ; ਤੇ ਹਜ਼ਾਰਾਂ ਹੀ ਨਹੀਂ, ਸਗੋਂ ਲੱਖਾਂ ਹੀ ਕਿਸਾਨ ਪਰਿਵਾਰਾਂ ਨੂੰ ਤਬਾਹੀ ਦੀ ਭੱਠੀ ਦੇ ਮੂੰਹ ਝੋਕ ਦਿੱਤਾ ਹੈ।
ਕਿਸਾਨ ਮੋਰਚੇ ‘ਚ ਅੱਜ ਦਿੱਲੀ ਦੇ ਬਾਰਡਰ ਉਤੇ ਰੋਸ ਧਰਨਿਆਂ `ਤੇ ਬੈਠੇ ਕਿਸਾਨਾਂ ਨੂੰ ਜਦੋਂ ਠੰਡ ‘ਚ ਠੁਰ ਠੁਰ ਕਰਦੇ ਦੇਖਦਾ ਹਾਂ ਤਾਂ ਮੈਨੂੰ ਚਿੱਤਰ-ਭਜਨ ਦੇ ਜੀਵਨ ਦੀ ਸਾਰੀ ਪੁਰਾਣੀ ਰੀਲ ਅੱਖਾਂ ਮੁਹਰੇ ਘੁੰਮਦੀ ਇਸ ਗੱਲ ਦਾ ਅਹਿਸਾਸ ਕਰਾਉਂਦੀ ਹੈ ਕਿ ਜੇ ਇਹ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਛੋਟੀ ਕਿਸਾਨੀ ਅਤੇ ਉਨ੍ਹਾਂ ਨਾਲ ਸਬੰਧਤ ਛੋਟੇ ਕਾਰੋਬਾਰਾਂ ਨੂੰ ਕਾਰਪੋਰੇਟ ਮਗਰਮੱਛ ਸਬੂਤੇ ਹੀ ਨਿਗਲ ਜਾਣਗੇ ਅਤੇ ਕਿਸਾਨਾਂ ਤੇ ਉਨ੍ਹਾਂ ਨਾਲ ਜੁੜੇ ਛੋਟੇ ਕਾਰੋਬਾਰਾਂ `ਤੇ ਕਹਿਰ ਦਾ ਤਰਥੱਲ ਮਚਾ ਦੇਣਗੇ। ਚਾਹੀਦਾ ਤਾਂ ਇਹ ਸੀ ਕਿ ਸੂਬਾ ਤੇ ਕੇਂਦਰ ਸਰਕਾਰਾਂ ਛੋਟੀ ਤੇ ਮੱਧਵਰਗੀ ਕਿਸਾਨੀ ਅਤੇ ਉਨ੍ਹਾਂ ਨਾਲ ਸਬੰਧਤ ਛੋਟੇ ਕਾਰੋਬਾਰਾਂ ਨੂੰ ਲੋੜੀਂਦੀਆਂ ਸਹੂਲਤਾਂ ਤੇ ਮਦਦ ਮੁਹੱਈਆ ਕਰਵਾ ਉਨ੍ਹਾਂ ਨੂੰ ਖੁਦਮੁਖਤਿਆਰ ਕਿੱਤੇ ਬਣੇ ਰਹਿਣ ‘ਚ ਸਹਾਈ ਹੁੰਦੀਆਂ। ਕਾਰਪੋਰੇਸ਼ਨਾਂ ਕਦੇ ਵੀ ਮੁਨਾਫੇ ਨਾਲ ਰੱਜਦੀਆਂ ਨਹੀਂ, ਇਨ੍ਹਾਂ ਦੇ ਢਿੱਡ ਬਹੁਤ ਵੱਡੇ ਤੇ ਭੋਖੜੇ ਦੇ ਮਾਰੇ ਹੋਏ ਹੁੰਦੇ ਹਨ। ਸਰਕਾਰਾਂ ਨੂੰ ਉਨ੍ਹਾਂ ਦੇ ਮੁਨਾਫੇ ਨੂੰ ਸੀਮਤ ਰੱਖਦੇ ਹੋਏ; ਸਮੇਤ ਕਿਸਾਨੀ ਅਤੇ ਛੋਟੇ ਕਾਰੋਬਾਰਾਂ ਨੂੰ ਪ੍ਰਫੁੱਲਤ ਕਰਨ ਲਈ ਨਵੇਂ ਢੰਗ ਤਰੀਕੇ ਉਪਲੱਭਦ ਕਰਵਾਉਣੇ ਚਾਹੀਦੇ ਹਨ, ਤਦੇ ਦੇਸ਼ ਖੁਸ਼ਹਾਲੀ ਅਤੇ ਲੋਕ ਖੁਸ਼ੀ ਮਾਣ ਸਕਣਗੇ; ਨਾ ਕਿ ਚਿੱਤਰ-ਭਜਨ ਵਾਲੀ ਤ੍ਰਾਸਦੀ ਦਾ ਸਿ਼ਕਾਰ ਬਣਨ ਵਾਲੀ ਸਥਿਤੀ ਸਿਰਜਣ ਵਾਲੇ, ਲੋਕ ਮਾਰੂ ਕਾਨੂੰਨ, ਚੋਰ ਮੋਰੀਆਂ ਥਾਂਈਂ ਲਿਆ ਕੇ ਲੋਕਾਂ ਦਾ ਜੀਵਨ ਦੁੱਭਰ ਕੀਤਾ ਜਾਏ।