ਟਰੈਕਟਰ ਪਰੇਡ ਬਨਾਮ ਗਣਤੰਤਰ ਦਿਵਸ

ਗੁਲਜ਼ਾਰ ਸਿੰਘ ਸੰਧੂ
ਕੱਲ੍ਹ ਤਕ ਕਿਸਾਨ ਪਰੇਡ ਨੂੰ ਵਿਆਪਕ ਹੰੁਗਾਰਾ ਮਿਲ ਰਿਹਾ ਸੀ, ਬਰਾਬਰੀ ਅਤੇ ਖਰੀ ਜਮਹੂਰੀਅਤ ਦਾ ਹੰੁਗਾਰਾ ਬਣ ਕੇ। ਇਹ ਮਿੱਟੀ ਦੇ ਜਾਇਆਂ ਵੱਲੋਂ ‘ਸਿਆਸੀ ਜਮਹੂਰੀਅਤ’ ਦੇ ਸੰਕਟ ਦਾ ਜਵਾਬ ਸੀ। ‘ਵਿਰੋਧਾਂ ਭਰੀ ਜ਼ਿੰਦਗੀ’ ਦੇ ਉਸ ਸੰਕਟ ਦਾ ਜਵਾਬ, ਜਿਸ ਦੀ ਬੁਨਿਆਦ ਡਾ. ਅੰਬੇਡਕਰ ਮੁਤਾਬਿਕ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਦੇ ਦਿਨ ਰੱਖੀ ਗਈ ਸੀ, ਪਰ ਕੇਂਦਰ ਸਰਕਾਰ ਨੇ ਅਖੌਤੀ ਆਰਥਕ ਸੁਧਾਰਾਂ ਦੇ ਅਮਲ ਬਹਾਨੇ ਪਾਰਲੀਮਾਨੀ ਸੰਸਥਾਵਾਂ ਦੇ ਪਰ ਕੱਟਣ ਦਾ ਅਮਲ ਤੇਜ਼ ਕੀਤਾ ਹੋਇਆ ਹੈ। ਜਿਹੜੇ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ, ਇਹ ਪਾਰਲੀਮੈਟ ਨੂੰ ਬੌਣੀ ਕਰਕੇ ਪਾਸ ਕਰਾਏ ਗਏ ਹਨ।

ਇਹੀਓ ਕਾਰਨ ਹੈ ਕਿ ਦੇਸ਼ ਭਰ ਵਿਚ ਕਿਸਾਨ ਸੰਗਤ ਦੇ ਵੱਡੇ ਅਤੇ ਫੈਸਲਾਕੁਨ ਦਖਲ ਦੇ ਸੰਕੇਤ ਮਿਲ ਰਹੇ ਹਨ। ਮੁਲਕ ’ਚ ਫੈਲੀਆਂ ਆਪਣੀਆਂ ਅਨੇਕਾਂ ਵੰਨਗੀਆਂ ਨਾਲ ਇਹ ਸਰਬ-ਵਿਆਪੀ ਕਿਸਾਨ ਸੰਗਤ ਲੋਕਾਂ ਦੇ ਜਮਹੂਰੀ ਦਾਅਵੇ ਦਾ ਇਸ਼ਤਿਹਾਰ ਬਣ ਗਈ ਹੈ। ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਵਾਲੀ ਕੇਂਦਰ ਦੀ ਸਰਕਾਰ ਇਸ ਸੰਘਰਸ਼ ਨੂੰ ਅਸਫਲ ਕਰਨ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਦੋ ਮਹੀਨੇ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਇਸ ਅੰਦੋਲਨ ਵਿਚ ਗਣਤੰਤਰ ਦਿਵਸ ਦੇ ਪਵਿਤਰ ਮੌਕੇ ਲਾਲ ਕਿਲੇ ਉੱਤੇ ਹਿੰਸਕ ਕਾਰਵਾਈ ਇਸ ਦੀ ਸਿਖਰ ਹੈ। ਸਰਕਾਰ ਵਲੋਂ ਕਿਸਾਨ ਆਗੂਆਂ ਨਾਲ ਚਲ ਰਹੀ ਗੱਲਬਾਤ ਨੂੰ 25 ਜਨਵਰੀ ਤੱਕ ਲਟਕਾਉਣਾ ਅਤੇ ਦਿੱਲੀ ਦੀ ਬਾਹਰੀ ਰਿੰਗ ਰੋਡ ਤੇ ਟਰੈਕਟਰ ਪਰੇਡ ਦੀ ਆਗਿਆ ਨਾ ਦੇਣਾ ਇਸ ਦੀ ਪੁਸ਼ਟੀ ਕਰਦੇ ਹਨ। ਨਤੀਜਾ ਸਭ ਦੇ ਸਾਹਮਣੇ ਹੈ।
ਇਸ ਸਭ ਕਾਸੇ ਨੂੰ ਸੰਵਿਧਾਨ ਦੇ ਸ਼ੀਸ਼ੇ ਵਿਚ ਜੜ ਕੇ ਵੇਖਣ ਦੀ ਲੋੜ ਹੈ। ਸੰਵਿਧਾਨ ਘਾੜਿਆਂ ਨੇ ਸਮੂਹਿਕ ਤੌਰ `ਤੇ, ਜਾਣ-ਬੱੁਝ ਕੇ ਤੇ ਨਿੱਠ ਕੇ ਖੇਤੀਬਾੜੀ ਬਾਰੇ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਜਾਂ ਪਾਰਲੀਮੈਂਟ ਨੂੰ ਨਹੀਂ ਸੀ ਦਿੱਤੀ, ਕਿਉਂਕਿ ਉਸ ਦੇਸ਼ ਦੀ ਖੇਤੀਬਾੜੀ ਉਪਜ, ਵਿਧੀਆਂ ਦੀ ਵਿਸ਼ਾਲਤਾ ਅਤੇ ਵੰਨ-ਸੁਵੰਨਤਾ ਅਤੇ ਇਸ ਨਾਲ ਜੁੜੇ ਸਹਾਇਕ ਕਾਰਜਾਂ ਤੋਂ ਭਲੀਭਾਂਤ ਵਾਕਫ ਸਨ। ਇਸੇ ਕਰ ਕੇ ਕੇਂਦਰੀ ਸੂਚੀ ਦੇ ਸੱਤਵੇਂ ਅਧਿਆਏ ਵਿਚ ਦਰਜ 91 ਵਿਸ਼ਿਆਂ ਵਿਚ ਖੇਤੀਬਾੜੀ ਦੇ ਵਿਸ਼ੇ ਦਾ ਕਾਨੂੰਨਬਾਜ਼ੀ ਮੰਤਵਾਂ ਲਈ ਇਕ ਵਾਰ ਵੀ ਹਵਾਲਾ ਜਾਂ ਜ਼ਿਕਰ ਨਹੀਂ ਕੀਤਾ ਗਿਆ।
ਮਨਾਹੀ ਦੇ ਮੰਤਵ ਨਾਲ ਖੇਤੀਬਾੜੀ ਦਾ ਸ਼ਬਦ ਸਿਰਫ ਚਾਰ ਵਾਰੀ ਵਰਤਿਆ ਗਿਆ ਹੈ, ਕੇਂਦਰੀ ਸੂਚੀ ਦੀ 82ਵੀਂ ਆਈਟਮ ‘ਆਮਦਨ ਤੇ ਟੈਕਸ, ਖੇਤੀਬਾੜੀ ਤੋਂ ਬਿਨਾ’ ਨਾਲ ਸਬੰਧਿਤ ਹੈ। ਆਈਟਮ 86 ‘ਖੇਤੀਬਾੜੀ ਵਾਲੀ ਜ਼ਮੀਨ ਨੂੰ ਛੱਡ ਕੇ ਹੋਰ ਅਸਾਸਿਆਂ ਦੀ ਕੀਮਤ ਤੇ ਟੈਕਸਾਂ’ ਨਾਲ ਸਬੰਧਿਤ ਹੈ। ਆਈਟਮ 87 ‘ਖੇਤੀਬਾੜੀ ਜ਼ਮੀਨ ਨੂੰ ਛੱਡ ਕੇ ਸੰਪਤੀ ਉੱਤੇ ਮਿਲਖ ਮਹਿਸੂਲ’ ਬਾਰੇ ਹੈ, ਜਦੋਂ ਕਿ ਆਈਟਮ 88 ‘ਖੇਤੀਬਾੜੀ ਜ਼ਮੀਨ ਨੂੰ ਛੱਡ ਕੇ ਸੰਪਤੀ ਦੀ ਵਸੀਅਤ ਉਪਰ ਮਹਿਸੂਲ’ ਨਾਲ ਸਬੰਧਿਤ ਹੈ।
ਨਿਸ਼ਚੇ ਹੀ ਸੰਵਿਧਾਨ ਨਿਰਮਾਤਾ ਜਾਣਦੇ ਸਨ ਕਿ ਭਾਰਤ ਦੇ ਬਹੁ-ਰੰਗੇ ਤੇ ਬਹੁ-ਭਾਂਤੀ ਭੂਗੋਲਿਕ ਖੇਤਰ ਲਈ ਖੇਤੀਬਾੜੀ ਦਾ ਕੀ ਮਹੱਤਵ ਹੈ। ਇਹ ਭਾਰਤ ਦੇ ਕਰੋੜਾਂ ਲੋਕਾਂ ਦੀ ਵਸੋਂ ਦੇ ਪੇਟ ਭਰਨ ਦਾ ਮਸਲਾ ਹੈ। ਉਹ ਜਾਣਦੇ ਸਨ ਕਿ ਕਿਵੇਂ ਬਰਤਾਨਵੀ ਈਸਟ ਇੰਡੀਆ ਕੰਪਨੀ ਨੇ ਆਪਣੀ ਆਮਦ ਦੇ ਪੰਜ ਸਾਲਾਂ ਦੇ ਅੰਦਰ-ਅੰਦਰ ਕਾਰੋਬਾਰੀ-ਵਪਾਰੀਆਂ ਰਾਹੀਂ ਬਰਤਾਨਵੀ ਸ਼ਾਸਕਾਂ ਦੀ ਮੁਨਾਫੇ ਦੀ ਹਵਸ ਦੀ ਪੂਰਤੀ ਕਰਦਿਆਂ ਹਿੰਦੁਸਤਾਨ ਦੀ ਸਮੱੁਚੀ ਵਸੋਂ ਨੂੰ, ਜਿਸ ਵਿਚ ਅਜੋਕਾ ਪਾਕਿਸਤਾਨ ਤੇ ਬੰਗਲਾ ਦੇਸ਼ ਵੀ ਸ਼ਾਮਲ ਸੀ, ਜਾਨ ਲੇਵਾ ਅਕਾਲਾਂ ਦੀ ਭੱਠੀ ਵਿਚ ਝੋਕ ਛਡਿਆ ਸੀ। 1943 ਦਾ ਅਕਾਲ ਤਾਂ 30 ਲੱਖ ਦੇਸ਼ਵਾਸੀਆਂ ਦੀ ਜਾਨ ਦਾ ਖੌਅ ਬਣਿਆ ਸੀ। ਇਹੀਓ ਕਾਰਨ ਹੈ ਕਿ ਸੰਵਿਧਾਨ ਘਾੜਿਆਂ ਨੇ ਖੇਤੀਬਾੜੀ ਨੂੰ ਰਾਜ ਸੂਚੀ ਦੇ ਦੂਜੇ ਅਧਿਆਏ ਵਿਚ ਦਰਜ ਕਰਦਿਆਂ, ਖੇਤੀਬਾੜੀ, ਖੇਤੀ ਖੋਜ ਤੇ ਸਿਖਿਆ ਅਤੇ ਪੌਦਿਆ ਦੇ ਰੋਗਾਂ ਤੇ ਕੀਟਾਂ ਤੋਂ ਬਚਾਓ ਦਾ ਕੰਮ ਕੇਂਦਰ ਸਰਕਾਰ ਨੂੰ ਸੌਂਪਣ ਦੀ ਥਾਂ ਰਾਜ ਸਰਕਾਰਾਂ ਲਈ ਛੱਡਿਆ ਸੀ। ਕੇਂਦਰੀ ਸੂਚੀ ਦੀ ਆਈਟਮ 82, 86, 87 ਅਤੇ 88 ਪਾਰਲੀਮੈਂਟ ਜਾਂ ਕੇਂਦਰ ਸਰਕਾਰ ਨੂੰ ਕਿਸੇ ਵੀ ਕਿਸਮ ਦੀ ਭੂਮਿਕਾ ਨਿਭਾਉਣ ਤੋਂ ਵਰਜਦੀਆਂ ਹਨ, ਉੱਥੇ ਸੂਬਾਈ ਸੂਚੀ ਦੇ ਦੂਜੇ ਅਧਿਆਏ ਦੀ ਆਈਟਮ 46, 47 ਅਤੇ 48 ਪ੍ਰਾਂਤਕ, ਸੂਬਾਈ ਵਿਧਾਨਪਾਲਿਕਾ ਸਰਕਾਰ ਨੂੰ ਇਸ ਦੀ ਪੂਰੀ ਜ਼ਿੰਮੇਵਾਰੀ ਸੌਂਪਦੀਆਂ ਹਨ।
ਸੰਵਿਧਾਨ ਵਿਚ ਦਰਜ ਹੇਠ ਲਿਖਿਆ ਪ੍ਰਣ ਵੀ ਉਪਰੋਕਤ ਧਾਰਨਾ ਉੱਤੇ ਮੋਹਰ ਲਾਉਂਦਾ ਹੈ,
“ਅਸੀਂ ਭਾਰਤ ਦੇ ਲੋਕ, ਸਾਡੀ ਸੰਵਿਧਾਨ ਘੜਨੀ ਸਭਾ ਵਿਚ, 1949 ਦੇ ਨਵੰਬਰ ਮਹੀਨੇ ਦੇ ਇਸ ਛੱਬੀਵੇਂ ਦਿਨ ਇਸ ਸੰਵਿਧਾਨ ਨੂੰ ਅੰਗੀਕਾਰ ਕਰਦੇ ਹਾਂ, ਇਸ ਨੂੰ ਅਮਲ ਵਿਚ ਉਤਾਰਦੇ ਹਾਂ ਅਤੇ ਆਪਣੇ ਆਪ ਨੂੰ ਇਸ ਦੇ ਅਧੀਨ ਸਵੀਕਾਰ ਕਰਦੇ ਹਾਂ।”
ਸਪਸ਼ਟ ਹੈ ਕਿ ਕੇਂਦਰ ਸਰਕਾਰ ਤੇ ਪੁਲਿਸ ਦੇ ਹਥ ਕੰਡੇ ਥੋੜ੍ਹੇ ਸਮੇਂ ਲਈ ਤਾਂ ਸਫਲ ਹੋ ਸਕਦੇ ਹਨ, ਪਰ ਸਦਾ ਲਈ ਨਹੀਂ। ਦੇਸ਼ ਦੇ ਉੱਤਰ ਵਲੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦੇਸ਼ ਦੇ ਦੱਖਣ ਤੱਕ ਹੀ ਨਹੀਂ, ਪੂਰਬ ਤੇ ਪਛੱਮ ਤੱਕ ਵਧ ਚੁਕਾ ਹੈ। ਸ਼ਾਂਤੀ ਇਸ ਦਾ ਧੁਰਾ ਹੈ। ਇਸ ਨੂੰ ਭੰਗ ਕਰਨ ਵਾਲਿਆਂ ਨੇ ਅੱਜ ਨਹੀਂ ਤਾਂ ਕੱਲ੍ਹ ਹਰ ਹਾਲਤ ਵਿਚ ਮੰੂਹ ਭਾਰ ਡਿੱਗਣਾ ਹੈ। ਆਮੀਨ!
ਤਰਲੋਚਨ ਸਿੰਘ ਨੂੰ ਪਦਮ ਭੂਸ਼ਣ: ਹਰਿਆਣਾ ਦੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੂੰ ਪਦਮ ਭੂਸ਼ਣ ਦਾ ਸਨਮਾਨ ਮਿਲਣਾ ਜਨ ਸੰਪਰਕ ਪ੍ਰਣਾਲੀ ਦੀ ਸ਼ੋਭਾ ਵਧਾਉਂਦਾ ਹੈ। ਉਸ ਦੀ ਪ੍ਰਤਿਭਾ ਨੂੰ ਪਛਾਣਨ ਵਾਲਾ ਪੰਜਾਬ ਦਾ ਸ਼ਕਤੀਸ਼ਾਲੀ ਮੁਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸੀ। ਉਸ ਤੋਂ ਪਿਛੋਂ ਉਹ ਹੋਰਨਾਂ ਤੋਂ ਬਿਨਾ ਗਿਆਨੀ ਜ਼ੈਲ ਸਿੰਘ ਦੀ ਨਜ਼ਰੇ ਚੜ੍ਹ ਗਿਆ ਤੇ ਰਾਸ਼ਟਰਪਤੀ ਭਵਨ ਤੱਕ ਉਹਦੇ ਨਾਲ ਗਿਆ। ਉਹ ਹਰ ਕਿਸੇ ਦੇ ਕੰਮ ਆਉਣ ਵਾਲਾ ਮਿਲਾਪੜਾ ਵਿਅਕਤੀ ਹੈ। ਹਰਿਆਣਾ ਤੋਂ ਸੰਸਦ ਮੈਂਬਰ ਬਣਨ ਤੋਂ ਪਹਿਲਾਂ ਉਹ ਦੇਸ਼ ਦੇ ਮਾਈਨਾਰਿਟੀ ਕਮਿਸ਼ਨ ਦਾ ਮੈਂਬਰ ਵੀ ਰਿਹਾ ਤੇ ਕਮਿਸ਼ਨ ਦੇ ਚੇਅਰਮੈਨ ਦੀ ਉਪਾਧੀ ਤੱਕ ਪਹੰੁਚਿਆ, ਜੋ ਦੇਸ਼ ਦੀ ਸਭ ਤੋਂ ਵੱਡੀ ਮਾਈਨਾਰਿਟੀ ਜਾਤਿ ਮੁਸਲਮਾਨਾਂ ਲਈ ਹੀ ਰਾਖਵੀਂ ਹੈ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਦੀ ਨੀਂਹ ਉਸ ਦੀ ਜਨ ਸੰਪਰਕ ਪ੍ਰਤਿਭਾ ਨੇ ਰੱਖੀ। ਆਪਣੀ ਦੂਰ ਦ੍ਰਿਸ਼ਟੀ ਤੇ ਮਿਲਣਸਾਰਤਾ ਸਦਕਾ ਉਹ ਉਚਤਮ ਕੌਮੀ ਤੇ ਕੌਮਾਂਤਸਰੀ ਹਸਤੀਆਂ ਉੱਤੇ ਪਹਿਲੀ ਮਿਲਣੀ ਵਿਚ ਹੀ ਆਪਣੀ ਛਾਪ ਛੱਡਦਾ ਆਇਆ ਹੈ। ਮੁਬਾਰਕਾਂ!
ਅੰਤਿਕਾ: ਧੀ ਧਿਆਣੀ ਦਿਵਸ `ਤੇ
(ਜਸਮੇਰ ਸਿੰਘ ਬਾਲਾ)
ਖਿੰਡੇ ਪੰੁਡੇ ਤਾਰਿਆਂ ਵਿਚੋਂ,
ਇੱਕ ਕੁੜੀ ਕੁਝ ਸੁਪਨੇ ਟੋਲੇ।
ਇੱਕ ਬਾਲੜੀ ਨਾਰ ਬਣ ਰਹੀ,
ਨਵੇਂ ਇਰਾਦੇ ਮਨ ਵਿਚ ਖੋਲ੍ਹੇ।
ਸ਼ਹੁ ਦਰਿਆ ਹੈ ਅੰਨਾ ਗਹਿਰਾ,
ਪੈਰ ਧਰੀਂ ਤੰੂ ਹੌਲੇ ਹੌਲੇ।
ਜਿਹੜੀ ਅਦਬ-ਅਦਾਬੀ ਮਹਿਫਿਲ
ਉਸ ਮਹਿਫਿਲ ਵਿਚ ਪੱਬ ਧਰ ਹੌਲੇ।