ਕੰਬਲ

ਕਰਮ ਸਿੰਘ ਮਾਨ
ਫੋਨ: 559-261-5024
ਇਸ ਵੀਹ ਏਕੜ ਦੀ ਕਾਲੋਨੀ ਵਿਚ ਕੁੱਲ ਛੇ ਘਰ ਹਨ। ਹਰ ਪਲਾਟ ਤਿੰਨ ਏਕੜ ਦਾ। ਹਰ ਘਰ ਦੂਜੇ ਨਾਲੋਂ ਚੜ੍ਹਦਾ। ਸਾਰੀ ਸਬ ਡਵੀਜ਼ਨ ਅੱਠ ਫੁੱਟ ਉਚੀ ਕੰਧ ਨਾਲ ਵਗਲੀ ਹੋਈ। ਅੰਦਰ ਆਉਣ ਲਈ ਗੇਟ ਰੀਮੋਟ ਕੰਟਰੋਲ ਨਾਲ ਖੁਲ੍ਹਦਾ ਹੈ। ਕੋਡ ਨੰਬਰ ਦਬਾਓ, ਸੰਤਰੀ ਵਾਂਗ ਸਲੂਟ ਮਾਰ ਕੇ ਇਹ ਗੇਟ ਇੱਕ ਪਾਸੇ ਨੂੰ ਸਿਰਕ ਜਾਂਦਾ ਹੈ। ਕਾਰ ਵਗੈਰਾ ਦੇ ਲੰਘ ਜਾਣ ’ਤੇ ਆਪਣੇ ਆਪ ਬੰਦ ਹੋ ਜਾਂਦਾ ਹੈ।

ਹਰ ਘਰ ਦੀ ਲੈਂਡ ਸਕੇਪਿੰਗ ਕਮਾਲ ਦੀ। ਹਰਾ ਮਖਮਲੀ ਘਾਹ। ਰੰਗ-ਬਰੰਗੇ ਫੁੱਲ। ਫਲਾਂ ਨਾਲ ਲੱਦੇ, ਸੁਗੰਧੀ ਲੁਟਾਉਂਦੇ ਰੁੱਖ, ਵੇਲਾਂ ਆਦਿ। ਬਣਾਉਟੀ ਘਾਹ, ਝੀਲਾਂ ਤੇ ਝਰਨੇ। ਅੰਦਰਲੇ ਲਾਨ ਵਿਚ ਤਾਰੀਆਂ ਲਾਉਣ ਲਈ ਸਵਿੰਮਿਗ ਪੂਲ ਅਤੇ ਖੇਡਣ ਲਈ ਟੈਨਿਸ ਕੋਰਟ ਆਦਿ ਹਨ।
ਇਨ੍ਹਾਂ ਕਿਲਿਆਂ ਵਰਗੇ ਆਲੀਸ਼ਾਨ ਘਰਾਂ ਦੇ ਦਰਵਾਜੇ ਰਾਤ-ਬਰਾਤੇ ਅਤੇ ਛੁੱਟੀ ਵਾਲੇ ਦਿਨ ਹੀ ਖੁਲ੍ਹਦੇ ਹਨ। ਇਨ੍ਹਾਂ ਘਰਾਂ ਦੇ ਅੰਦਰ ਬੱਚਿਆਂ ਦੀਆਂ ਕਿਲਕਾਰੀਆਂ ਤਾਂ ਕੀ ਸੁਣਨੀਆਂ ਸਨ, ਘਰਾਂ ਦੇ ਬਾਹਰ ਖੇਲਦੇ ਬੱਚੇ ਨਹੀਂ ਦਿਸਦੇ। ਬੱਚਿਆਂ ਦੀ ਗੱਲ ਤਾਂ ਛੱਡੋ, ਇਨ੍ਹਾਂ ਘਰਾਂ ਦੇ ਬਾਹਰ ਸੜਕਾਂ `ਤੇ ਕੋਈ ਤੁਰਦਾ ਨਹੀਂ ਦਿਸਿਆ। ਜੇ ਕਿਤੇ ਕੋਈ ਭੁੱਖ-ਭਲੇਖੇ ਬਾਹਰੋਂ ਆਇਆ ਤੁਰ ਵੀ ਪਏ ਤਾਂ ‘ਆਦਮ-ਬੋ ਆਦਮ-ਬੋ’ ਕਰਦੇ, ਉਚੀ-ਉਚੀ ਭੌਂਕਦੇ ਕੁੱਤਿਆਂ ਨੂੰ ਸੁਣ ਕੇ ਦਿਲ ਦਹਿਲ ਜਾਂਦਾ ਹੈ।
ਇਨ੍ਹਾਂ ਘਰਾਂ ਵਿਚ ਇੱਕ ਘਰ ਹੈ, ਵਕੀਲ ਡਿਸਾਈ ਸਾਹਿਬ ਦਾ। ਡਿਸਾਈ ਸਾਹਿਬ ਕਾਨੂੰਨ ਦੀਆਂ ਬਾਰੀਕੀਆਂ ਜਾਣਨ ਵਾਲੇ ਭਾਈਚਾਰੇ ਦੇ ਸਿਰਕੱਢ ਵਕੀਲ ਹਨ। ਦੇਸ਼ ਦੀ ਹਾਈਕਾਰਟ ਵਿਚ ਵਕਾਲਤ ਕਰਦੇ ਹਨ। ਇੱਥੇ ਪੜ੍ਹ ਕੇ ਹੀ ਚੋਟੀ ਦੇ ਉਘੇ ਵਕੀਲ ਬਣ ਗਏ ਹਨ।
ਦੂਸਰਾ ਘਰ ਡਾਕਟਰ ਵਾਨ ਦਾ ਹੈ। ਇਹ ਕਾਉਂਟੀ ਦੇ ਸਿਰ ਕੱਢ ਡਾਕਟਰ ਹਨ। ਇਨ੍ਹਾਂ ਦੇ ਆਪਣੇ ਦੋ ਕਲਿਨਿਕ ਹਨ। ਕਈ ਡਾਕਟਰ ਤੇ ਹੋਰ ਅਮਲਾ-ਫੈਲਾ ਇਨ੍ਹਾਂ ਦੇ ਕਲਿਨਿਕਾਂ ਵਿਚ ਕੰਮ ਕਰਦਾ ਹੈ। ਇਹ ਜਨਰਲ ਮੈਡੀਸਨ ਦੇ ਡਾਕਟਰ ਹਨ ਤੇ ਸਰਜਰੀ ਦੇ ਮਾਹਰ ਵੀ। ਇਨ੍ਹਾਂ ਨੂੰ ਤਾਂ ਸਿਰ ਖੁਰਕਣ ਦੀ ਵਿਹਲ ਵੀ ਨਹੀਂ ਮਿਲਦੀ। ਬੀਮਾ ਕੰਪਨੀਆਂ ਨੂੰ ਚੰਗਾ ਚੋਪੜਦੇ ਹਨ। ਬੱਚਾ ਸ਼ਾਇਦ ਇਸ ਦੇ ਇੱਕ ਹੀ ਹੈ। ਉਹ ਵੀ ਘਰੋਂ ਬਾਹਰ ਰਹਿੰਦਾ ਹੈ। ਉਹ ਕਿਸੇ ਬਾਹਰਲੀ ਯੂਨੀਵਰਸਿਟੀ ਵਿਚ ਪੜ੍ਹਦਾ ਹੈ। ਇਸ ਦੀ ਪਤਨੀ ਹੈ ਗਲੋਰੀਆ, ਗਿੱਠ-ਮੁੱਠੀ, ਤੇਜ਼-ਤਰਾਰ। ਟਪੂਸੀ ਮਾਰ ਕੇ ਕੰਧ `ਤੇ ਬੈਠਣ ਵਾਲੀ ਬਿੱਲੀ।
ਇਹੋ ਜਿਹਾ ਘਰ ਹੈ ਬੀਮਾ ਕਪਨੀ ਦੇ ਮਾਲਕ ਮਿਸਟਰ ਵਿਲਸਨ ਦਾ। ਮੰਨਿਆ-ਪ੍ਰਮੰਨਿਆ ਸਟਾਕ ਬਰੋਕਰ। ਕਈ ਮਿਲੀਅਨ ਦੀ ਰੀਅਲ ਅਸਟੇਟ ਪ੍ਰਾਪਰਟੀ। ਸਿਰੇ ਦਾ ਕੰਜੂਸ, ਮੱਖੀ ਚੂਸ। ਸਾਰਾ ਦਿਨ ਬਿਜਨਸ ਹੀ ਬਿਜਨਸ। ਸ਼ਾਇਦ ਇਸੇ ਕਰਕੇ ਹੀ ਇਸ ਦੀਆਂ ਕਬੂਤਰੀਆਂ ਬਦਾਮ ਖਾ ਕੇ ਕਿਸੇ ਹੋਰ ਛਤਰੀ `ਤੇ ਜਾ ਬੈਠੀਆਂ ਹਨ। ਪਹਿਲੀ ਪਤਨੀ ਮੇਰੀਆ, ਦੂਜੀ ਐਸਟਰਾ ਤੇ ਹੁਣ ਵਾਲੀ ਜੂਲੀਆ ਦਾ ਵੀ ਪਤਾ ਨਹੀਂ ਹੁਣ ਕਦੋਂ ਉਡ ਜਾਏ; ਘਰ ਇਸ ਦਾ ਵੀ ਬੱਚਿਆਂ ਦੀਆਂ ਕਿਲਕਾਰੀਆਂ ਨੂੰ ਤਰਸਦਾ ਰਿਹਾ ਹੈ। ਸ਼ਾਇਦ ਬੱਚੇ ਇਸ ਦੀਆਂ ਜਨਾਨੀਆਂ ਪਾਲ ਪੋਸ ਕੇ ਨਾਲ ਲੈ ਜਾਂਦੀਆਂ ਹੋਣਗੀਆਂ।
ਬਾਕੀ ਦੇ ਘਰਾਂ ਵਿਚ ਵੀ ਵੱਡੇ ਲੋਕ ਹੀ ਰਹਿੰਦੇ ਹਨ-ਇੱਕ ਸਨਅਤਕਾਰ, ਇੱਕ ਉਘਾ ਰਾਜਸੀ ਨੇਤਾ, ਇੱਕ ਇੰਜੀਨੀਅਰ, ਪਾਦਰੀ ਅਤੇ ਕੁਝ ਹੋਰ ਕਈ ਵਰਗਾਂ ਦੇ ਲੋਕ।
ਇਨ੍ਹਾਂ ਘਰਾਂ ਦੀ ਆਪਣੀ ਵੱਖਰੀ ਹੀ ਦੁਨੀਆਂ ਹੈ। ਸਮਾਜਿਕ ਮੇਲ-ਜੋਲ ਦੀ ਵੱਖਰੀ ਹੀ ਦੁਨੀਆਂ। ਇਨ੍ਹਾਂ ਘਰਾਂ ਦੀਆਂ ਔਰਤਾਂ ਆਮ ਲੋਕਾਂ ਨੂੰ ਨੱਕ ਚਾੜ੍ਹਦੀਆਂ ਹਨ, ਜਿਵੇਂ ਉਹ ਨੀਵੇਂ ਲੋਕਾਂ ਦੀ ਛੋਹ ਨਾਲ ਭਿੱਟੀਆਂ ਜਾਂਦੀਆਂ ਹੋਣਗੀਆਂ। ਇਹ ਕਲੱਬਾਂ ਅਤੇ ਹੋਰ ਕਿੱਟੀ ਪਾਰਟੀਆਂ ਵਿਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚ ਸੁਹਣੇ ਘਰਾਂ, ਕੱਪੜੇ, ਕਾਰਾਂ ਅਤੇ ਹੋਰ ਕੀਮਤੀ ਸਮਾਨ ਖਰੀਦਣ ਦੀ ਦੌੜ ਲੱਗੀ ਰਹਿੰਦੀ ਹੈ।
ਇੱਕ ਮਹੀਨਾਂ ਪਹਿਲਾਂ ਵਕੀਲ ਡਿਸਾਈ ਦੇ ਘਰ ਪਾਰਟੀ ਸੀ। ਇਹ ਅਮੀਰਜ਼ਾਦੇ ਜਨਾਨੀਆਂ ਸਮੇਤ ਪਾਰਟੀ ਵਿਚ ਹਾਜ਼ਰ ਸਨ। ਵਕੀਲ ਡਿਸਾਈ, ਡਾਕਟਰ ਵਾਨ ਤੇ ਗਲੋਰੀਆ ਵਾਨ, ਮਿਸਟਰ ਵਿਲਸਨ ਤੇ ਯੂਲੀਆ ਵਿਲਸਨ ਅਤੇ ਪਾਦਰੀ ਸਾਹਿਬ; ਤੇ ਪੰਜ ਜੋੜੇ ਹੋਰ ਉਤਲੇ ਦਰਜੇ ਦੇ ਲੋਕ। ਪਾਰਟੀਆਂ ਤਾਂ ਔਰਤਾਂ ਦੀਆਂ ਹੁੰਦੀਆਂ ਹਨ। ਬੰਦੇ ਵਿਚਾਰੇ ਭਗਤ ਤਾਂ ਪੈਸੇ ਕਮਾਉਣ ਵਾਲੇ ਸੰਦ ਈ ਹਨ। ਤੇਲੀ ਦੇ ਬਲਦ ਵਾਂਗੂੰ ਦਿਨ ਰਾਤ ਕੋਹਲੂ ਨਾਲ ਜੁੜੇ ਰਹਿੰਦੇ ਹਨ ਤੇ ਗੁਲਸ਼ੱਰੇ ਇਨ੍ਹਾਂ ਦੀਆਂ ਪਤਨੀਆਂ ਉਡਾਉਂਦੀਆਂ ਹਨ। ਗੱਲ ਵੀ ਠੀਕ ਹੈ! ਜਦ ਤੇਲੀ ਵੀ ਕੀਤਾ ਹੈ, ਰੁੱਖਾ ਵੀ ਕਿਉਂ ਖਾਣ?
ਵਿਚਾਰੇ ਪਤੀਆਂ ਕੋਲ ਪੈਸਾ ਕਦ ਹੁੰਦਾ ਹੈ। ਇਹ ਤਾਂ ਪੈਸੇ ਦੀ ਕਦਰ ਕਰਨਾ ਜਾਣਦੇ ਹਨ। ਤੁਸੀਂ ਕਹਾਣੀ ਜਾਣਦੇ ਈ ਓ, ਉਸ ਰਿਸ਼ੀ ਦੀ, ਜਿਸ ਨੇ ਨਦੀ ਵਿਚ ਤਰਦੇ ਕੰਬਲ ਦੇ ਭੁਲੇਖੇ ਰਿੱਛ ਨੂੰ ਹੱਥ ਪਾ ਲਿਆ ਸੀ। ਗੁਰੂ ਜੀ ਗੋਤੇ ਖਾ ਰਹੇ ਸਨ। “ਕੰਬਲ ਦਾ ਖਹਿੜਾ ਛੱਡੋ, ਗੁਰੂ ਜੀ ਆਪ ਬਾਹਰ ਆ ਜਾਓ।” ਕੰਢੇ `ਤੇ ਖੜ੍ਹਾ ਚੇਲਾ ਕੂਕਿਆ। “ਮੈਂ ਤਾਂ ਕੰਬਲ ਨੂੰ ਛਡਦਾ ਹਾਂ, ਪਰ ਕੰਬਲ ਮੈਨੂੰ ਨਹੀਂ ਛਡਦਾ।” ਗੋਤੇ ਖਾਂਦੇ ਗੁਰੂ ਜੀ ਨੇ ਕਿਹਾ; ਪਰ ਇਹ ਹਨ, ‘ਜਾਨ ਜਾਏ ਤੋ ਜਾਏ ਪਰ ਕੰਬਲ ਨਾ ਜਾਏ।’
ਖੈਰ! ਇਸ ਵਾਰ ਪਤੀਆਂ ਨੇ ਆਪਣੇ ਨੀਰਸ ਜੀਵਨ ਤੋਂ ਨਿਜਾਤ ਪਾਉਣ ਲਈ ਦੋ ਹਫਤੇ ਦੀਆਂ ਘਰੋਂ ਬਾਹਰ ਛੁੱਟੀਆਂ ਕੱਟਣ ਦਾ ਫੈਸਲਾ ਕਰ ਹੀ ਲਿਆ ਹੈ। ਵਕੀਲ ਡਿਸਾਈ ਤੇ ਬਰੋਕਰ ਨੇ ਕਿਹਾ, “ਜੇ ਇਹ ਮੇਮਾਂ ਨਾਲ ਤੁਰ ਪਈਆਂ, ਫਿਰ ਉਹ ਤਾਂ ਸਮਾਨ ਢੋਣ ਵਾਲੇ ਟੱਟੂ ਈ ਬਣੇ ਰਹਿਣਗੇ।” ਇਹ ਸੋਚ ਕੇ ਉਨ੍ਹਾਂ ਇਕੱਲੇ ਜਾਣ ਦਾ ਮਨ ਬਣਾ ਲਿਆ।
ਉਹ ਇੱਕ ਦਮ ਕਿਵੇਂ ਜਾ ਸਕਦੇ ਸਨ? ਬਦਲਵਾਂ ਪ੍ਰਬੰਧ ਕਿਹੜਾ ਸੌਖਾ ਸੀ? ਉਹ ਇੱਕ ਮਹੀਨੇ ਬਾਅਦ ਹੀ ਜਾ ਸਕੇ।
ਉਨ੍ਹਾਂ ਪਹਿਲਾਂ ਹਵਾਈ ਸਫਰ ਦੀ ਗੱਲ ਸੋਚੀ। ‘ਹਵਾਈ ਸਫਰ!’ ਡੱਬੇ ’ਚ ਬੰਦ-ਇੱਥੋਂ ਲੱਦੇ ਉਥੇ ਲਾਹ`ਤੇ। ਉਨ੍ਹਾਂ ਹਵਾਈ ਜਹਾਜ ਦੀ ਥਾਂ ਟਰੇਨ ਤੇ ਜਾਣ ਦਾ ਫੈਸਲਾ ਕਰ ਲਿਆ ਹੈ।
ਇਹ ਸਾਰੇ ਟਰੇਨ ਵਿਚ ਸਵਾਰ ਹੋ ਕੇ ਚੱਲ ਪਏ ਹਨ। ਉਹ ਇੱਕ ਦਿਨ ਤੇ ਇੱਕ ਰਾਤ ਦੇ ਸਫਰ ਪਿੱਛੋਂ ਇੱਕ ਵੱਡੇ ਮਾਰੂਥਲ ਵਿਚ ਪਹੁੰਚ ਜਾਂਦੇ ਹਨ। ਰੇਲ ਗੱਡੀ ਇੱਕ ਛੋਟੇ ਜਿਹੇ ਸਟੇਸ਼ਨ `ਤੇ ਆ ਰੁਕਦੀ ਹੈ। ਇੱਥੋਂ ਇੱਕ ਨੌਜਵਾਨ ਜੋੜਾ ਆ ਚੜ੍ਹਦਾ ਹੈ। ਮੁੰਡਾ ਕੱਕੇ-ਘੁੰਗਰਾਲੇ ਵਾਲ। ਸੁਬਕ ਜਿਹਾ। ਫੂਕ ਮਾਰੇ ਤੋਂ ਉਡ ਜਾਣ ਵਾਲਾ। ਉਹ ਮੁਸ਼ਕਿਲ ਨਾਲ ਤੀਹ ਸਾਲ ਦੇ ਹੋਣਗੇ। ਉਹ ਵਕੀਲ ਦੇ ਨਾਲ ਦੀ ਸੀਟ `ਤੇ ਆ ਬੈਠਾ, ਇਹ ਮ੍ਰਿਗ-ਨੈਣੀ ਖੂਬਸੂਰਤ ਕੁੜੀ ਆਪਣੇ ਖੂਬਸੂਰਤ ਪਤੀ ਨਾਲ ਗੱਲਾਂ ਕਰਨ ਵਿਚ ਰੁੱਝ ਜਾਂਦੀ ਹੈ।
“ਜੇ ਪੰਜ ਮਿੰਟ ਲੇਟ ਹੋ ਜਾਂਦੇ, ਗੱਡੀ ਨੇ ਨਿਕਲ ਜਾਣਾ ਸੀ।” ਲੋਰੀ ਨੇ ਕਿਹਾ।
“ਹਾਂ, ਇਹ ਤਾਂ ਹੈ।” ਪਤੀ ਨੇ ਉਤਰ ਦਿੱਤਾ।
ਵਕੀਲ, ਡਾਕਟਰ, ਪਾਦਰੀ ਤੇ ਬਰੋਕਰ ਇੱਕ ਦੂਜੇ ਨਾਲ ਗੱਲਾਂ ਕਰਦੇ ਕਦੇ ਮੁਢਲੇ ਨਾੳਂੁ ਅਤੇ ਕਦੇ ਆਖਰੀ ਨਾਉਂ ਨਾਲ ਬਲਾਉਂਦੇ ਹਨ। ਕਿਤੇ ਕਿਤੇ ਤਿਰਛੀ ਨਜ਼ਰ ਨਾਲ ਇਸ ਜੋੜੇ ਵੱਲ ਵੇਖਦੇ ਹਨ। ਉਪਰੋਂ ਵੇਖਣ ਨਾਲ ਇਉਂ ਲਗਦਾ ਹੈ, ਜਿਵੇਂ ਇਹ ਚਾਰੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੇ, ਪਰ ਨਹੀਂ! ਉਹ ਕੰਨ ਖੋਲ੍ਹ ਕੇ ਬੈਠੇ ਹਨ।
ਲੋਰੀ ਵੀ ਉਨ੍ਹਾਂ ਵੱਲੋਂ ਲਾਪਰਵਾਹ ਨਹੀਂ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਹ ਵੀ ਜਾਣ ਜਾਂਦੀ ਹੈ ਕਿ ਇਨ੍ਹਾਂ ਵਿਚ ਕਿਹੜਾ ਡਾਕਟਰ, ਵਕੀਲ, ਪਾਦਰੀ ਤੇ ਬਰੋਕਰ ਹਨ।
ਇੱਕ ਘੰਟੇ ਦੇ ਸਫਰ ਤੋਂ ਬਾਅਦ ਗੱਡੀ ਅਗਲੇ ਸਟੇਸ਼ਨ `ਤੇ ਆ ਰੁਕੀ। ਇੱਥੋਂ ਇੱਕ ਅੱਲੜ੍ਹ ਉੰਮਰ ਦਾ ਛੋਕਰਾ ਗੱਡੀ ਵਿਚ ਆ ਸਵਾਰ ਹੁੰਦਾ ਹੈ। ਉਹ ਪਿਛਲੀ ਖਾਲੀ ਸੀਟ ਛੱਡ ਕੇ ਜੋੜੇ ਦੇ ਬਰਾਬਰ ਆ ਬੈਠਦਾ ਹੈ। ਉਹ ਥਥਲਾ ਕੇ ਬੋਲਦਾ ਹੈ। ਸ਼ਰਾਬੀ ਹੋਣ ਦਾ ਨਾਟਕ ਕਰਦਾ ਹੈ।
ਨੌਜਵਾਨ ਜੋੜਾ ਉਸ ਦੀਆਂ ਹਰਕਤਾਂ ਤੋਂ ਬਹੁਤ ਤੰਗ ਹੈ, ਪਰ ਫਿਰ ਵੀ ਉਹ ਉਸ ਵੱਲੋਂ ਮੂੰਹ ਮੋੜ ਕੇ ਡਿੱਠ ਨੂੰ ਅਣਡਿੱਠ ਕਰ ਰਿਹਾ ਹੈ।
ਉਹ ਛੋਕਰਾ ਲੋਰੀ ਦੇ ਮੋਢੇ `ਤੇ ਹੱਥ ਰੱਖ ਕੇ ਉਸ ਨੂੰ ਊਲ-ਜਲੂਲ ਸੁਣਨ ਲਈ ਮਜ਼ਬੂਰ ਕਰ ਰਿਹਾ ਹੈ। ਕੁੜੀ ਇੱਕ ਦਮ ਉਸ ਦਾ ਹੱਥ ਛੰਡ ਦਿੰਦੀ ਹੈ। ਉਸ ਦੀ ਔਰਤ ਨਾਲ ਕੋਈ ਬਦਤਮੀਜ਼ੀ ਨਾਲ ਪੇਸ਼ ਆਵੇ, ਕੋਝੀਆਂ ਹਰਕਤਾਂ ਕਰੇ; ਇਹ ਸਭ ਕੁਝ ਤਾਂ ਉਸ ਦੀ ਮਰਦਾਨਗੀ ਨੂੰ ਵੰਗਾਰ ਸੀ। ਉਹ ਗੁੱਸੇ ਨਾਲ ਲਾਲ-ਪੀਲਾ ਹੋਇਆ ਉਸ ਦੇ ਘਸੁੰਨ ਮਾਰਨ ਲਈ ਉਠਦਾ ਹੈ।
ਉਹ ਅੱਲੜ੍ਹ ਛੋਕਰਾ ਉਸ ਦੇ ਘਸੁੰਨ ਵੱਜਣ ਤੋਂ ਪਹਿਲਾਂ ਹੀ ਧੌਣ ਵਿਚ ਧੌਲ ਮਾਰ ਕੇ ਉਸ ਨੂੰ ਪਟਕਾ ਕੇ ਮਾਰਦਾ ਹੈ ਅਤੇ ਡਿੱਗੇ ਪਏ ਦੇ ਦੋ ਠੁੱਡੇ ਜ਼ੋਰ ਹਿੱਕ ਵਿਚ ਮਾਰਦਾ ਹੈ। ਸ਼ਾਇਦ ਉਸ ਦੇ ਕਸੂਤੇ ਥਾਂ ਸੱਟ ਵੱਜ ਗਈ ਹੈ। ਉਸ ਦੀਆਂ ਅੱਖਾਂ ਚੜ੍ਹ ਗਈਆਂ ਹਨ। ਉਸ ਦੀ ਨਬਜ ਰੁਕ ਗਈ ਹੈ।
ਉਸ ਨੂੰ ਮਰਿਆ ਸਮਝ ਕੇ ਔਰਤ ਉਚੀ ਧਾਹ ਮਾਰਦੀ ਹੈ। ਉਸ ਦੀਆਂ ਚੀਖਾਂ ਸੁਣ ਕੇ ਅਸਮਾਨ ਦਾ ਦਿਲ ਫਟਣ ਤੱਕ ਜਾ ਰਿਹਾ ਹੈ।
ਅਲੂਆਂ ਛੋਕਰਾ ਚਲਦੀ ਗੱਡੀ ਵਿਚੋਂ ਛਾਲ ਮਾਰਦਾ ਹੈ। ਉਹ ਰੇਤੇ `ਤੇ ਲੋਟਣੀਆਂ ਖਾਂਦਾ ਬੈਠ ਜਾਂਦਾ ਹੈ। ਇੱਕ ਪਲ ਪਿਛੋਂ ਉਠਦਾ ਹੀ ਭੱਜ ਜਾਂਦਾ ਹੈ। ਵਕੀਲ, ਬਰੋਕਰ ਅਤੇ ਪਾਦਰੀ ਠੰਢੀ ਆਹ ਭਰਦੇ ਹਨ, ਪਰ ਡਾਕਟਰ ਤਾਂ ਪੂਰਾ ਬੇ-ਧਿਆਨ ਹੋ ਜਾਂਦਾ ਹੈ ਜਿਵੇਂ ਉਸ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਹੈ।
“ਡਾਕਟਰ ਵਾਨ, ਪਲੀਜ਼ ਕਰੋ ਕੁਝ। ਮੇਰੇ ਪਤੀ ਨੂੰ ਬਚਾੳ।” ਲੋਰੀ ਈਸਾ ਮਸੀਹ ਦਾ ਵਾਸਤਾ ਪਾਉਂਦੀ ਹੈ। ਉਸ ਨੂੰ ਵਿਸ਼ਵਾਸ ਹੈ ਕਿ ਉਸ ਨੇ ਡਾਕਟਰ ਨੂੰ ਮਸੀਹਾ ਬਣਾ ਕੇ ਭੇਜਿਆ ਹੈ।
ਡਾਕਟਰ ਟੱਸ ਤੋਂ ਮੱਸ ਨਹੀਂ ਹੁੰਦਾ। ਜਿਵੇਂ ਉਹ ਗੂੰਗਾ ਤੇ ਬੋਲਾ ਹੋਵੇ। ਉਹ ਲਾਸ ਵੱਲੋਂ ਮੂੰਹ ਮੋੜ ਲੈਂਦਾ ਹੈ। ਉਹ ਹੁਣ ਗੂੰਗੇ ਅਤੇ ਬੋਲੇ ਨਾਲ ਅੰਨਾ ਵੀ ਹੋ ਗਿਆ ਹੈ। ਜੇ ਕੁੜੀ ਦਾ ਬੱਸ ਚਲਦਾ ਤਾਂ ਉਹ ਡਾਕਟਰ ਦੇ ਦਿਲ ਵਿਚ ਤਿੱਖੀ ਛੁਰੀ ਕਿਹੜਾ ਨਾ ਖੋਭ ਦਿੰਦੀ।
ਸਭ ਤੋਂ ਪਹਿਲਾਂ ਵਕੀਲ ਉਸ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ। ਡਾਕਟਰ, ਬਰੋਕਰ ਤੇ ਪਾਦਰੀ ਉਠ ਕੇ ਅਗਲੇ ਕੈਬਨ ਵਿਚ ਖਾਲੀ ਸੀਟਾਂ `ਤੇ ਜਾ ਬੈਠੇ ਹਨ। ਜਿਥੋਂ ਨਾ ਉਹ ਦਿਸਦੀ ਸੀ ਅਤੇ ਨਾ ਹੀ ਉਸ ਦੇ ਪਤੀ ਦੀ ਲਾਸ਼। “ਮਿਸਜ ਲੋਰੀ ਤੇਰਾ ਦੁੱਖ ਬਹੁਤ ਹੀ ਵੱਡਾ ਹੈ। ਰੱਬ ਦਾ ਭਾਣਾ ਮੰਨਣ ਤੋਂ ਬਿਨਾ ਹੋਰ ਕੋਈ ਚਾਰਾ ਵੀ ਨਹੀਂ। ਉਮਰ ਨਾ ਤਿਲ ਘਟਦੀ ਹੈ, ਨਾ ਵਧਦੀ ਹੈ। ਬੱਸ ਭਾਣਾ ਮੰਨ ਤੇ ਅਗਲੀ ਸੋਚ।” ਕੁੜੀ ਵਕੀਲ ਦੀ ਗੱਲ ਸੁਣ ਕੇ ਉਚੀ ਉਚੀ ਰੋਣੋਂ ਹਟ ਜਾਂਦੀ ਹੈ। ਉਸ ਦੇ ਹੰਝੂ ਪਰਲ ਪਰਲ ਵਗੀ ਜਾ ਰਹੇ ਹਨ।
ਵਕੀਲ ਚਾਰ ਪੰਜ ਮਿੰਟ ਗਮਗੀਨ ਹੋ ਕੇ ਬੈਠਾ ਰਹਿੰਦਾ ਹੈ। ਉਸ ਤੋਂ ਪਿੱਛੋਂ ਫੇਰ ਬੋਲਦਾ ਹੈ, “ਬਹੁਤ ਹੀ ਬੇਰਹਿਮ ਹੈ ਇਹ ਡਾਕਟਰ, ਵਾਨ। ਇਹ ਡੈਵਲ, ਸ਼ੈਤਾਨ। ਬਚਾ ਸਕਦਾ ਸੀ ਤੇਰੇ ਪਤੀ ਨੂੰ। ਪੱਥਰ ਦਿਲ, ਕਸਾਈ, ਬੁੱਚੜ। ਅੱਗੇ ਵੀ ਮੇਰਾ ਵਾਹ ਪਿਆ ਸੀ ਅਜਿਹੇ ਇੱਕ ਹੋਰ ਬੁੱਚੜ ਨਾਲ। ਤਿੰਨ ਮਿਲੀਅਨ ਦੇ ਹਰਜਾਨੇ ਦਾ ਦਾਵਾ ਠੋਕ`ਤਾ ਕੋਰਟ ਵਿਚ। ਨੱਕ ਨਾਲ ਲਕੀਰਾਂ ਕਢਾ`ਤੀਆਂ। ਤਿੰਨ ਮਿਲੀਅਨ ਦੇ ਗਿਆ ਹਰਜਾਨੇ ਦਾ। ਕੋਰਟ ਤੋਂ ਬਾਹਰ ਹੀ ਸਮਝੌਤਾ ਕਰ ਲਿਆ। ਉਸ ਦੇ ਪਤੀ ਨੇ ਥੋੜ੍ਹੋਂ ਮੁੜਨਾ ਸੀ? ਪਰ ਉਹ ਅਮੀਰ ਤਾਂ ਬਣ ਗਈ ਸੀ। ਸਿਆਣੀ ਸੀ। ਠੀਕ ਫੈਸਲਾ ਲੈ ਲਿਆ। ਨਹੀਂ ਤਾਂ ਸਾਰੀ ਉਮਰ ਉਸ ਦਾ ਠੂਠਾ ਖਾਲੀ ਖੜਕਣਾ ਸੀ। ਹੁਣ ਜਦ ਵੀ ਮਿਲਦੀ ਹੈ, ਧੰਨਵਾਦ ਕਰਦੀ ਹੈ।”
ਕੁੜੀ ਇਹ ਸੁਣ ਕੇ ਵਕੀਲ ਵੱਲ ਝਾਕੀ। ਉਹ ਡੂੰਘੇ ਹਉਕੇ ਭਰਨੋਂ ਹਟ ਗਈ, ਪਰ ਉਸ ਦੀਆਂ ਅੱਖਾਂ ਵਿਚ ਹੰਝੂ ਨਹੀਂ ਸੁੱਕੇ ਸਨ।
“ਵੇਖ ਮਿਸਿਜ਼ ਲੋਰੀ, ਬੀਤੀ ਸੋ ਬੀਤੀ। ਇਸ ਨੇ ਤਾਂ ਵਾਪਸ ਨਹੀਂ ਆਉਣਾ। ਸਿਆਣੇ ਉਹੀ ਹੁੰਦੇ ਹਨ, ਜੋ ਹੱਥ ਆਏ ਮੌਕੇ ਦਾ ਪੂਰਾ ਫਾਇਦਾ ਉਠਾ ਲੈਂਦੇ ਹਨ।
ਵਕੀਲ ਦੀਆਂ ਗੱਲਾਂ ਸੁਣ ਕੇ ਉਸ ਦੇ ਅੰਦਰ ਘੋਲ ਚੱਲਣਾ ਲੱਗ ਜਾਂਦਾ ਹੈ। ਉਹ ਆਪਣੀਆਂ ਅੱਖਾਂ `ਚੋਂ ਵਗਦੇ ਹੰਝੂ ਪੂੰਝਣ ਲੱਗ ਜਾਂਦੀ ਹੈ।
“ਮਿਸਿਜ਼ ਲੋਰੀ, ਸਭ ਤੋਂ ਤਕੜੀ ਹੈ ਦੌਲਤ। ਡਾਲਰ! ਇਸ ਨਾਲ ਹਰ ਚੀਜ਼ ਖਰੀਦੀ ਜਾ ਸਕਦੀ ਹੈ। ਤੇਰੇ ਹੱਥ ਮੌਕਾ ਆਇਆ। ਮੌਕਾ ਵਾਰ-ਵਾਰ ਨਹੀਂ ਆਉਂਦਾ। ਮੌਕੇ ਹਰ ਰੋਜ ਨਹੀਂ ਆਉਂਦੇ।” ਵਕੀਲ ਕੁੜੀ ਦੇ ਚਿਹਰੇ ਨੂੰ ਭਾਂਪ ਕੇ ਬੋਲਦਾ ਹੈ।
“ਮੈਨੂੰ ਸੋਚ ਲੈਣ ਦਿਉ, ਪਲੀਜ਼।” ਸੋਚਦੀ ਸੋਚਦੀ ਲੋਰੀ ਗੰਭੀਰ ਹੋ ਜਾਂਦੀ ਹੈ।
“ਸੋਚ, ਸੋਚ! ਸੋਚਣ ਵਾਲੀ ਗੱਲ ਤਾਂ ਹੈ ਇਹ।” ਵਕੀਲ ਡਿਸਾਈ ਇਹ ਸੋਚ ਕੇ ਖੁਸ਼ ਹੋ ਜਾਂਦਾ ਹੈ।
“ਮੈਨੂੰ ਸਾਰੀ ਗੱਲ ਦੀ ਸਮਝ ਨਹੀ ਆਈ।” ਇਹ ਕਹਿ ਕੇ ਤਿੰਨ ਚਾਰ ਮਿੰਟ ਬਾਅਦ ਲੋਰੀ ਬੋਲਦੀ ਹੈ।
ਵਕੀਲ ਡਿਸਾਈ ਦੇ ਚਿਹਰੇ `ਤੇ ਖੁਸ਼ੀ ਪਸਰ ਜਾਂਦੀ ਹੈ।
“ਤੇਰੇ ਪਤੀ ਦਾ ਕਾਤਲ। ਟੀਨ ਏਜ਼ਰ, ਛੋਕਰਾ। ਉਹ ਹੱਥ ਆਵੇ ਜਾਂ ਨਾ ਆਵੇ, ਜੇ ਆਵੇ ਤੂੰ ਸ਼ਾਇਦ ਉਦੋਂ ਨੂੰ ਬੁੱਢੀ ਹੋ ਜਾਵੇਂਗੀ। ਇਸ ਖਾਲੀ ਖੱਡ ਵਿਚ ਹੱਥ ਪਾ ਕੇ ਤੈਨੂੰ ਕੀ ਲੱਭੂ? “ਆਹ ਵੇਖ। ਡਾਕਟਰ, ਵੱਡੀ ਮੁਰਗੀ। ਜ਼ਾਲਮ, ਕਸਾਈ ਮੂੰਹ ਮੋੜ ਕੇ ਬੈਠਾ ਰਿਹਾ-ਗੂੰਗਾ, ਬੋਲਾ, ਅੰਨਾ ਬਣ ਕੇ। ਕਾਨੂੰਨ ਦੀ ਨਜ਼ਰ ਵਿਚ ਡਾਕਟਰ ਵੱਡਾ ਦੋਸ਼ੀ ਹੈ। ਮਾਨਵ-ਵਾਦ ਤੇ ਨੈਤਿਕਤਾ ਦਾ ਪਹਿਲਾ ਸਬਕ ਇਨ੍ਹਾਂ ਨੂੰ ਪੜ੍ਹਾਇਆ ਜਾਂਦਾ ਹੈ। ਇਸ ਨੇ ਕੋਰਟ ਤੋਂ ਬਾਹਰ ਹੀ ਸਮਝੌਤਾ ਕਰਨ ਲਈ ਮੇਰੀਆਂ ਲੇਲੜੀਆਂ ਕੱਢਦੇ ਫਿਰਨਾ।” ਲੋਰੀ ਵਕੀਲ ਅਨੁਸਾਰ ਸੋਚਣ ਲੱਗ ਪਈ ਹੈ। ਉਹ ਇਸ ਮਰਹੂਮ ਪਤੀ ਨਾਲ ਬਿਤਾਈ ਜ਼ਿੰਦਗੀ ਵਿਚੋਂ ਗਿਲੇ ਸ਼ਿਕਵੇ ਤਲਾਸ਼ਣ ਲੱਗੀ ਹੈ।
ਲੋਰੀ ਦਾ ਇਸ ਤੋਂ ਪਹਿਲਾ ਪਤੀ ਜੇਸਨ ਸ਼ਿਵਕੋਵ ਅਤੇ ਲੋਰੀ ਚੰਗੇ ਭਲੇ ਵਿਕੇਸ਼ਨ `ਤੇ ਗਏ ਸਨ। ਪਤਾ ਨਹੀਂ ਕਿਹੜੀ ਨਿੱਕੀ ਗੱਲ ਤੋਂ ਝਗੜ ਪਏ। ਨੌਬਤ ਤਲਾਕ ਤੱਕ ਆ ਗਈ। ਤਲਾਕ ਅਨੁਸਾਰ ਉਨ੍ਹਾਂ ਦੀ ਇਕਲੌਤੀ ਬੇਟੀ ਰਬੀਨਾ ਸੈਵਨਕੋਵ ਮਾਂ ਨਾਲ ਚਲੀ ਗਈ। ਜੇਸਨ ਧੀ ਲਈ ਮਾਨਸਿਕ ਖਰਚੇ ਦੇ ਕੋਰਟ ਵੱਲੋਂ ਬੱਝੇ ਡਾਲਰ ਦੇ ਕੇ ਉਸ ਨੂੰ ਹਫਤੇ ਵਿਚ ਇੱਕ ਵਾਰ ਮਿਲ ਸਕਦਾ ਸੀ।
ਇਸ ਮਾਨਸਿਕ ਅਵਸਥਾ ਵਿਚੋਂ ਬਾਹਰ ਨਿਕਲਣ ਲਈ ਉਹ ਵਕੇਸ਼ਨ `ਤੇ ਹਵਾਈ ਗਈ ਸੀ, ਜਿੱਥੇ ਉਸ ਨੂੰ ਰਾਬਨ ਮਿਕਡਾਨਲਡ ਮਿਲਿਆ। ਇਸ ਇਕੱਲ `ਚੋਂ ਬਾਹਰ ਨਿਕਲਣ ਲਈ ਦੋਹਾਂ ਨੂੰ ਜ਼ਿੰਦਗੀ ਵਿਚ ਸਾਥੀ ਵੀ ਤਾਂ ਚਾਹੀਦਾ ਸੀ। ਇਹ ਤਲਾਕੀ ਸੀ ਤੇ ਉਹ ਰੰਡਾ। ਦੋਵੇਂ ਸੁਹਣੇ-ਸੁਨੱਖੇ। ਉਹ ਆਪਣੇ ਮੁੰਡੇ ਡੱਗ ਮੈਕਡਾਨਲਡ ਨੂੰ ਨਾਲ ਆ ਕੇ ਲੋਰੀ ਨਾਲ ਆ ਰਲਿਆ।
‘ਕਹੀਂ ਕੀ ਈਟ, ਕਹੀਂ ਕਾ ਰੋੜਾ। ਭਾਨਮਤੀ ਨੇ ਕੁਨਬਾ ਜੋੜਾ।’ ਹੁਣ ਇਸ ਪਰਿਵਾਰ ਵਿਚ ਚਾਰ ਮੈਂਬਰ ਸਨ। ਪਤੀ-ਪਤਨੀ ਰਾਬਨ ਮੈਕਡਾਨਲਡ, ਲੋਰੀ ਅਤੇ ਦੋ ਬੱਚੇ-ਰਬੀਨਾ ਤੇ ਡੱਗ। ਦੋਹਾਂ ਦੇ ਮਾਂ-ਪਿਉ ਵੱਖੋ ਵੱਖਰੇ। ਦੋਹਾਂ ਵਿਚ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ। ਬੱਚਿਆਂ ਦੀ ਆਪਸ ਵਿਚ ਖੜਕਦੀ ਰਹਿੰਦੀ ਸੀ। ਸੁਭਾਵਕ ਸੀ, ਲੋਰੀ ਕੁੜੀ ਦਾ ਪੱਖ ਪੂਰਦੀ ਤੇ ਰੋਬਨ ਡੱਗ ਦਾ। ਬੱਚਿਆਂ ਪਿੱਛੇ ਉਹ ਕਿੰਨੇ ਦਿਨ ਇੱਕ ਦੂਜੇ ਨਾਲ ਤਣੇ ਰਹਿੰਦੇ। ਵੱਧ ਤਣਾਓ ਤਾਂ ਐਤਵਾਰ ਨੂੰ ਹੁੰਦਾ।
ਐਤਵਾਰ ਨੂੰ ਜੋਸਨ ਆਪਣੀ ਬੱਚੀ ਰਬੀਨਾ ਨੂੰ ਮਿਲਣ ਆਉਂਦਾ। ਬੱਚੀ ਪਿਉ ਨੂੰ ਵੇਖ ਕੇ ਖਿੜ੍ਹ ਜਾਂਦੀ। ਬੱਚੀ ਦੀ ਖੁਸ਼ੀ ਲਈ ਲੋਰੀਆ ਉਸ ਦੀ ਚੰਗੀ ਆਉ ਭਗਤ ਕਰਦੀ। ਮੁਸਕਰਾ ਕੇ ਗੱਲਾਂ ਕਰਦੀ। ਇਹ ਵੇਖ ਕੇ ਰੋਬਨ ਮੱਚ ਜਾਂਦਾ। ਇਹ ਗੱਲ ਉਨ੍ਹਾਂ ਵਿਚ ਸੇਹ ਦਾ ਤੱਕਲਾ ਬਣ ਜਾਂਦੀ। ਉਹ ਤਣੇ ਰਹਿੰਦੇ। ਜਦ ਨੂੰ ਉਹ ਨਾਰਮਲ ਹੁੰਦੇ, ਅਗਲਾ ਐਤਵਾਰ ਆ ਜਾਂਦਾ।
ਕਈ ਵਾਰ ਉਹ ਸੋਚਦੇ, ਕਿਉਂ ਗਲ ਪਿਆ ਢੋਲ ਵਜਾਉਂਦੇ ਹਾਂ? ਕਿਉਂ ਨਾ ਇਸ ਨੂੰ ਲਾਹ ਕੇ ਵਗਾਹ ਮਾਰੀਏ। ਬੱਚਿਆਂ ਪਿੱਛੇ ਉਹ ਤਿੰਨ ਮਹੀਨਿਆਂ ਲਈ ਅੱਡ ਰਹੇ ਤੇ ਹੋਰ ਅਗਲੇ ਤਿੰਨ ਮਹੀਨਿਆਂ ਨੂੰ ਤਲਾਕ ਹੋ ਜਾਣਾ ਸੀ। ਇਨ੍ਹਾਂ ਤਿੰਨ ਮਹੀਨਿਆਂ ਵਿਚ ਉਨ੍ਹਾਂ ਖੁੰਘਲ ਹੋ ਜਾਣਾ ਸੀ।
“ਜੇ ਚਾਰ ਪੈਸੇ ਕਮਾਏ ਹੁੰਦੇ ਗੱਡੀ `ਤੇ ਕਿਉਂ ਚੜ੍ਹਦੇ? ਇਹ ਆਪਣੀ ਮੌਤ ਦਾ ਕਸੂਰਵਾਰ ਉਹ ਆਪ ਈ ਐ? ਮੈਨੂੰ ਕੀ?” ਆਪਣੇ ਮਨ ਨਾਲ ਗੱਲਾਂ ਕਰਦੀ ਲੋਰੀਆ ਨੇ ਸੋਚ ਲਿਆ ਸੀ। ਹੁਣ ਫੱਟੇ `ਤੇ ਪਈ ਲਾਸ਼ ਉਸ ਨੂੰ ਧੁੰਦਲ ਦਿਸਣ ਲੱਗ ਪਈ ਹੈ। ਇਸ ਦੇ ਪਹਿਲੇ ਵਿਆਹ ਦਾ ਮੁੰਡਾ ਡੱਗ ਵੀ ਤਾਂ ਹੈ। ਉਸ ਨੇ ਪਹਿਲਾ ਹੀ ਮੇਰੇ ਨੱਕ ਵਿਚ ਦਮ ਕਰ ਰੱਖਿਆ ਹੈ। ਪ੍ਰਾਪਰਟੀ ਵਿਚ ਉਸ ਦਾ ਹਿੱਸਾ ਵੀ ਤਾਂ?
ਵਕੀਲ ਡਿਸਾਈ ਲਈ ਇਹ ਸਮਝਣਾ ਕੀ ਔਖਾ ਸੀ? “ਰੀਲੈਕਸ, ਮੈਡਮ। ਘਬਰਾ ਨਾ। ਬੜੀ ਲਚਕ ਐ ਕਾਨੂੰਨ ਵਿਚ। ਜੇ ਡੱਗ ਨਾਬਾਲਗ ਹੈ ਤਾਂ ਆਪੇ ਰਸਕਿਊ ਸੈਂਟਰ ਵਿਚ ਚਲਿਆ ਜਾਵੇਗਾ। ਜੇ ਬਾਲਗ ਹੈ ਤਾਂ ਆਪੇ ਈ ਬੋਰੀਆ ਬਿਸਤਰਾ ਚੁੱਕ ਕੇ ਚਲਿਆ ਜਾਵੇਗਾ; ਸਾਰੇ ਪੈਸਿਆਂ ਦੀ ਮਾਲਕ ਤੂੰ। ਹਰਜਾਨਾ ਵੀ ਤੇਰਾ, ਬੀਮਾ ਵੀ ਤੇਰਾ। ਘਰ ਵੀ ਤੇਰਾ। ਡੱਗ ਨੂੰ ਕਾਣੀ ਕੌਡੀ ਵੀ ਨ੍ਹੀਂ ਮਿਲਣੀ। ਤੇਰੀਆਂ ਪੌਂ ਬਾਰਾਂ।”
“ਹਾਂ, ਇੱਕ ਗੱਲ ਹੋਰ। ਅਗੇਤੇ-ਪਿਛੇਤੇ ਮੈਂ ਆਹ ਬਰੋਕਰ, ਪਾਦਰੀ ਤੇ ਡਾਕਟਰ ਨੂੰ ਸਿਕੰਜੇ ਵਿਚ ਕਸ ਦੇਣਾ। ਬਰੋਕਰ ਪੂਰਾ ਨੌਸਰਬਾਜ਼ ਹੈ ਤੇ ਪਾਦਰੀ ਐਬਾਂ ਦਾ ਭਰਿਆ।”
ਆਪਣੀਆਂ ਗੱਲਾਂ ਦਾ ਉਸ ਉਪਰ ਅਸਰ ਹੁੰਦਾ ਵੇਖ ਕੇ ਵਕੀਲ ਫੁੱਲ ਵਾਂਗ ਖਿੜ ਗਿਆ ਤੇ ਉਸ ਨੇ ਫਿਰ ਕਿਹਾ, “ਮੁਰਦਿਆਂ ਨਾਲ ਮੋਹ ਪਾਉਣ ਦਾ ਕੀ ਫਾਇਦਾ। ਮੁਰਦੇ ਗਲ਼ ਨਹੀਂ ਲਾਈਦੇ। ਤੂੰ ਮੌਕਾ ਸਾਂਭ ਲਿਆ ਹੈ। ਮੈਂ ਆਪਣੀ ਸੇਵਾ ਦਾ ਫਲ ਤੇਰੀ ਪ੍ਰਾਪਤੀ ਹੋਈ ਤੋਂ ਹੀ ਲੈਣਾ।” ਵਕੀਲ ਨੇ ਆਪਣੇ ਕਾਨੂੰਨ ਦੇ ਭੱਥੇ ’ਚੋਂ ਇੱਕ ਤੀਰ ਹੋਰ ਛੱਡਿਆ।
“ਤੁਸੀਂ ਈ ਖਿਆਲ ਰੱਖਣਾ ਸਭ ਕੁਝ ਦਾ। ਮੈਂ ਸਹਿਮਤ ਹਾਂ ਤੁਹਾਡੀ ਰਾਏ ਨਾਲ।” ਲੋਰੀ ਨੂੰ ਸਾਹਮਣੇ ਪਈ ਲਾਸ ਕਾਰੂੰ ਦਾ ਖਜਾਨਾ ਲੱਗੀ।
“ਕਿੰਨਾ ਭਾਗਾਂ ਵਾਲਾ ਚੜ੍ਹਿਆ, ਮੇਰੇ ਲਈ ਛੁੱਟੀ ਦਾ ਦਿਨ। ਵੱਡੀ ਮੁਰਗੀ ਪੈਰਾਂ ਹੇਠ ਆ ਗਈ ਹੈ।” ਵਕੀਲ ਸਾਹਿਬ ਖੁਸ਼ ਹੋ ਕੇ ਰੈਸਟ ਰੂਮ ਚਲਿਆ ਜਾਂਦਾ ਹੈ।
ਬਰੋਕਰ ਵਕੀਲ ਦੀ ਸਾਰੀ ਗੱਲ ਸੁਣਦਾ ਰਿਹਾ ਸੀ। ਵਕੀਲ ਦੇ ਤੁਰਨ ਸਾਰ ਹੀ ਉਹ ਰਸਮੀ ਸ਼ਬਦ ਬੋਲ ਕੇ ਲੋਰੀ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ।
“ਵੇਖ ਮੈਡਮ, ਇੰਨੇ ਘੱਟ ਸਮੇਂ ਵਿਚ ਹੀ ਪਤਾ ਲੱਗ ਗਿਆ, ਕਿੰਨਾ ਹਸਮੁੱਖ ਤੇ ਜ਼ਿੰਦਾ ਦਿਲ ਸੀ ਤੇਰਾ ਪਤੀ। ਦੋ ਮਿੰਟ ਲਈ ਮੁਰਦਿਆਂ ਨੂੰ ਕਿਹੜਾ ਹੱਸਣ ਨਾ ਲਾ ਦੇਵੇ।
ਉਸ ਦੇ ਮਰਨ ਦਾ ਦੁੱਖ ਤੈਨੂੰ ਵੀ ਹੈ ਤੇ ਮੈਨੂੰ ਕਿਹੜਾ ਘੱਟ ਦੁੱਖ ਹੈ।” ਲੋਰੀ ਆਸਾਨੀ ਨਾਲ ਉਸ ਦੀ ਗੱਲ ਦਾ ਹੰੁਗਾਰਾ ਭਰੀ ਜਾਂਦੀ ਹੈ।
“ਜੰਮਣਾ-ਮਰਨਾ ਤਾਂ ਉਸ ਉਪਰ ਵਾਲੇ ਦੇ ਹੱਥ ਹੈ। ਉਹਦੀਆਂ ਉਹੀ ਜਾਣੇ, ਪਰ ਤੂੰ ਅਪਣੀ ਤਕਦੀਰ ਵੱਲ ਤਾਂ ਵੇਖ। ਇਸ ਦਾ ਕੀ ਪਤਾ ਸੀ, ਉਹ ਤੇਰੇ ਨਾਲ ਹੋਰ ਕਿੰਨੇ ਦਿਨ ਰਹਿੰਦਾ? ਪਤੀ ਤਾਂ ਤੈਨੂੰ ਹੋਰ ਵੀ ਮਿਲ`ਜੂ। ਪਰ ਆਹ ਪ੍ਰਾਪਰਟੀ ਤੇ ਧਨ ਤੈਨੂੰ ਕਿੱਥੋਂ ਮਿਲਦਾ? ਜੀਵਨ ਬੀਮਾ ਪਾਲਿਸੀ। ਤਿੰਨ ਮਿਲੀਅਨ ਦਾ ਹਰਜਾਨਾ ਮਿਲ`ਜੂ। ਸਾਰਾ ਧਨ ਸਟਾਕਸ ਤੇ ਸ਼ੇਅਰਜ਼ ਵਿਚ ਲਾ ਕੇ ਪੰਦਰਾਂ-ਵੀਹ ਗੁਣਾ ਕਰਦੂੰ। ਅਰਬਾਂ-ਖਰਬਾਂਪਤੀ ਬਣ ਜਾਏਂਗੀ ਦੋ ਤਿੰਨ ਸਾਲ ’ਚ ਹੀ।”
“ਹਾਂ, ਇੱਕ ਗੱਲ ਹੋਰ। ਵਕੀਲ ਹੈ ਤਾਂ ਬਹੁਤ ਹੀ ਕਾਬਲ। ਇਸ ਨੇ ਬਹੁਤੇ ਕੇਸ ਜਿੱਤੇ ਹਨ। ਕਿਸੇ ਕੇਸ ਦੇ ਹਾਰਨ ਦਾ ਕੋਈ ਪਤਾ ਨਹੀਂ। ਊਂ ਵਕੀਲ ਤਾਂ ਪੂਰਾ ਮੀਸਣਾ। ਇਸ ਨਾਲ ਲਿਖਤ ਚੰਗੀ ਤਰ੍ਹਾਂ ਕਰ ਲਈਂ। ਮੈਂ ਪੈਸਾ ਕਿੱਥੇ ਇਨਵੈਸਟ ਕਰਨਾ, ਇਸ ਦਾ ਭੇਦ ਨ੍ਹੀਂ ਦੇਣਾ ਕਿਸੇ ਨੂੰ।”
ਸਾਹਮਣੇ ਪਈ ਪਤੀ ਦੀ ਲਾਸ ਔਰਤ ਨੂੰ ਇੱਕ ਸੋਨੇ ਦੇ ਢੇਰ ਵਿਚ ਬਦਲੀ ਲੱਗੀ। ਉਸ ਨੇ ਪਰਸ ਵਿਚੋਂ ਰੁਮਾਲ ਕੱਢ ਕੇ ਆਪਣਾ ਚਿਹਰਾ ਪੂੰਝਿਆ।
ਬਰੋਕਰ ਨੇ ਕਿਹੜਾ ਆਪ ਨੂੰ ਘੱਟ ਖੁਸ਼ਨਸੀਬ ਸਮਝਿਆ। ਨਾ ਹਿੰਗ ਲੱਗੀ, ਨਾ ਫਟਕੜੀ। ਤਰ੍ਹਾਂ ਤਰ੍ਹਾਂ ਦੇ ਸੁਪਨੇ ਉਸ ਦੇ ਮਨ ਵਿਚ ਪਲਮਣ ਲੱਗੇ।
ਪਾਦਰੀ ਕਿਵੇਂ ਨਾ ਇਸ ਮੌਕੇ ਦਾ ਫਾਇਦਾ ਉਠਾੳਂਦਾ। ਬਰੋਕਰ ਦੇ ਪਾਸਾ ਵੱਟਦੇ ਹੀ ਬੜੀ ਹਲੀਮੀ ਨਾਲ ਬੋਲਿਆ, “ਜੋ ਕੁਝ ਵਾਪਰਦਾ ਹੈ, ਉਹ ਕਰਮਾਂ ਦਾ ਫਲ ਹੁੰਦਾ ਹੈ। ਸਾਡੇ ਸਾਰੇ ਕੀਤੇ ਮਾੜੇ ਕਰਮਾਂ ਦਾ ਦੁੱਖ ਮਸੀਹਾ ਭੋਗਦਾ ਹੈ। ਪਰਮਾਤਮਾ ਇਸ ਦੇ ਗੁਨਾਹ ਬਖਸ਼ੇ। ਇਹ ਵਕੀਲ, ਸ਼ੈਤਾਨ ਦਾ ਰੂਪ। ਸ਼ੈਤਾਨ ਭੇਸ ਵਟਾ ਕੇ ਸਾਡੇ ਵਿਚ ਵਿਚਰਦਾ ਹੈ। ਚਰਚ ਲਈ ਦਾਨ ਉਸ ਦੀ ਆਤਮਾ ਲਈ ਸਹਾਈ ਹੁੰਦਾ ਹੈ।” ਪਾਦਰੀ ਆਪਣੇ ਭੱਥੇ ਵਿਚਲੇ ਤੀਰ ਵਰਤ ਰਿਹਾ ਹੈ।
“ਇੱਕ ਨਵਾਂ ਕਲਾਈਂਟ ਤਾਂ ਮਿਲਿਆ। ਦੁੱਖ-ਸੁੱਖ ਵਿਚ ਇਹ ਕਾਊਂਸਲਿੰਗ ਤਾਂ ਲਿਆ ਕਰੂ ਮੈਥੋਂ। ਪਰੀ ਵਰਗੀ ਮੂਰਤ। ਸੁਹਣੀ-ਸੁਨੱਖੀ। ਪੁਰਜਾ।” ਦੂਰ ਅੰਦੇਸ਼ ਪਾਦਰੀ ਦਾ ਮਨ ਲਲਚਾ ਰਿਹਾ ਹੈ।
ਲਾਸ਼ ਦੇ ਕੋਲ ਬੈਠੀ ਜਨਾਨੀ ਦੇ ਬੁਲ੍ਹਾਂ `ਤੇ ਮੁਸਕਰਾਹਟ ਹੈ। ਉਸ ਨੂੰ ਸਾਹਮਣੇ ਪਿਆ ਪਤੀ ਕੌਡੀ ਤੋਂ ਕਰੋੜ ਦਾ ਬਣਿਆ ਦਿਸਦਾ ਹੈ। ਉਹ ਆਪਣੇ ਕੋਲ ਪਏ ਪਤੀ ਦੀ ਲਾਸ਼ ਨੂੰ ਬਹੁਤ ਮੋਹ ਨਾਲ ਚੁੰਮਦੀ ਹੈ।
“ਮੁਰਦੇ ਨਾਲ ਇੰਨਾ ਮੋਹ ਨਹੀਂ ਪਾਈਦਾ। ਤਕੜੀ ਹੋ ਲੋਰੀ!” ਉਹ ਆਪਣੇ ਆਪ ਨੂੰ ਕਹਿੰਦੀ ਹੈ।
ਲੋਰੀ! ਉਸ ਨੂੰ ਮੁਰਦੇ ਨਾਲ ਮੋਹ ਕਿਵੇਂ ਨਾ ਆਉਂਦਾ। ਉਹ ਝੂਰ ਰਹੀ ਸੀ, ਇਹ ਘਟਨਾ ਪਹਿਲਾਂ ਕਿਉਂ ਨਾ ਵਾਪਰੀ।
“ਉਸ ਨੂੰ ਮੁਢਲੀ ਸਹਾਇਤਾ ਤਾਂ ਦੇਣੀ ਚਾਹੀਦੀ ਸੀ। ਉਸ ਨੂੰ ਬਣਾਉਟੀ ਸਾਹ ਤਾਂ ਦੇਣਾ ਚਾਹੀਦਾ ਸੀ। ਉਸ ਦਾ ਦਿਲ ਤਾਂ ਧੜਕਾਉਣਾ ਚਾਹੀਦਾ ਸੀ। ਕਿਉਂ ਨਾ ਕੀਤਾ ਮੈਂ ਇਹ।” ਗੋਡਿਆਂ ਵਿਚ ਸਿਰ ਦੇਈ ਬੈਠਾ ਵਿਚਾਰਾ ਡਾਕਟਰ ਝੂਰ ਰਿਹਾ ਹੈ। ਉਸ ਦੀ ਅੰਤਰ ਆਤਮਾ ਉਸ ਨੂੰ ਲਾਹਨਤ ਪਾਉਂਦੀ ਹੈ।
“ਇਹ ਵਕੀਲ! ਸ਼ੈਤਾਨ ਦੀ ਟੂਟੀ! ਮੈਨੂੰ ਫਸਾ ਲੈਣਾ ਸੀ, ਜੇ ਮੈਂ ਹੱਥ ਵੀ ਲਾਇਆ ਹੁੰਦਾ। ਮੇਰੀ ਅਣਗਹਿਲੀ ਨੂੰ ਮੌਤ ਦਾ ਕਾਰਨ ਦੱਸਣਾ ਸੀ। ਮੇਰੇ `ਤੇ ਕੇਸ ਬਣਾ ਦੇਣਾ ਸੀ। ਲੱਖਾਂ ਰੁਪਈਏ ਦਾ ਹਰਜਾਨਾ ਠੋਕ ਦੇਣਾ ਸੀ। ਇਸ ਮੌਤ ਦੀ ਸਟੇਟ ਪੱਧਰ `ਤੇ ਪੜਤਾਲ ਹੋਣੀ ਸੀ। ਆਹ ਬਰੋਕਰ ਤੇ ਇਸ ਜਨਾਨੀ ਨੇ ਮੈਨੂੰ ਬੇਹੇ ਕੜਾਹ ਵਾਂਗੂੰ ਲੈਣਾ ਸੀ।” ਉਹ ਸਾਰਾ ਦੇਸ਼ ਸਿਸਟਮ ਦੇ ਸਿਰ `ਤੇ ਸੁੱਟ ਕੇ ਆਪਣੇ ਆਪ ਨੂੰ ਦੋਸ਼-ਮੁਕਤ ਕਰ ਦਿੰਦਾ ਹੈ।
ਪਰ ਹੁਣ ਵੀ ਕਿਹੜਾ ਵਕੀਲ ਮੈਨੂੰ ਢਿੱਗ ਥੱਲੇ ਦੇਣ ਦੀ ਕਸਰ ਛੱਡੂ! ਘੱਟੋ-ਘੱਟ ਮੇਰੀ ਆਤਮਾ ਤਾਂ ਬਲਵਾਨ ਰਹਿੰਦੀ। ਅਪਰਾਧੀ ਤਾਂ ਮਹਿਸੂਸ ਨਾ ਕਰਦਾ। ਉਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਪਾਉਣ ਤੋਂ ਨਹੀਂ ਹਟਦੀ।
ਕੀ ਕਰਦਾ ਡਾਕਟਰ ਵਿਚਾਰਾ। ਸੱਪ ਦੇ ਮੂੰਹ ਵਿਚ ਕਿਰਲੀ। ਖਾਂਦਾ ਸੀ ਕੋਹੜੀ, ਛਡਦਾ ਸੀ ਕਲੰਕੀ। ਉਹ ਸਾਹਮਣੇ ਸਿਰ ਚੁੱਕ ਕੇ ਵੇਖਦਾ ਹੈ, ਉਸ ਦਾ ਤ੍ਰਾਹ ਨਿਕਲ ਜਾਂਦਾ ਹੈ। ਲਾਸ਼ ਕੋਲ ਬੈਠੀ ਔਰਤ ਦੇ ਚਿਹਰੇ `ਤੇ ਮਲਾਲ ਹੈ। ਵਕੀਲ ਤੇ ਬਰੋਕਰ ਹੱਸ ਹੱਸ ਕੇ ਗੱਲਾਂ ਕਰ ਰਹੇ ਹਨ। ਪਾਦਰੀ ਦਾ ਚਿਹਰਾ ਸ਼ਾਂਤ ਹੈ, ਜਿਵੇਂ ਕੁਝ ਵੀ ਵਾਪਰਿਆ ਨਹੀਂ ਹੁੰਦਾ। ਇਉਂ ਲਗਦਾ ਹੈ, ਜਿਵੇਂ ਉਹ ਤਿੰਨੇ ਉਚ ਅਕਾਸ਼ ਵਿਚ ਤਾਰੀਆਂ ਲਾ ਰਹੇ ਹੋਣ; ਪਰ ਉਨ੍ਹਾਂ ਨੂੰ ਵੇਖ ਕੇ ਡਾਕਟਰ ਦਾ ਦਿਲ ਡੁਬਦਾ ਜਾ ਰਿਹਾ ਹੈ।
ਗੱਡੀ ਅਚਾਨਕ ਇਕ ਝਟਕੇ ਨਾਲ ਰੁਕ ਜਾਂਦੀ ਹੈ। ਫੱਟੇ `ਤੇ ਪਈ ਲਾਸ਼ ਥੱਲੇ ਡਿੱਗ ਪੈਂਦੀ ਹੈ। ਪਤਨੀ, ਵਕੀਲ ਤੇ ਬਰੋਕਰ ਦੀ ਧਾਹ ਨਿੱਕਲ ਜਾਂਦੀ ਹੈ। ਡਾਕਟਰ ਦੀ ਜਾਨ ਵਿਚ ਜਾਨ ਆ ਗਈ ਹੈ। ਪਾਦਰੀ ਇਸ ਨੂੰ ਆਪਣੀ ਕੀਤੀ ਅਰਦਾਸ ਦੀ ਸ਼ਕਤੀ ਦਾ ਕੌਤਕ ਦਸਦਾ ਹੈ। ਮੁਰਦਾ ਅੱਖਾਂ ਖੋਲ੍ਹ ਕੇ ਸਭ ਵੱਲ ਹੈਰਾਨੀ ਨਾਲ ਝਾਕਦਾ ਹੈ। ਉਸ ਨੂੰ ਕਿਸੇ ਗੱਲ ਦੀ ਸਮਝ ਨਹੀਂ ਪੈਂਦੀ। ਖਾਸ ਤੌਰ `ਤੇ ਪਤਨੀ ਦਾ ਅੱਡਿਆ ਮੂੰਹ ਵੇਖ ਕੇ!