ਸਾਹਿਤਕ ਵੰਨਗੀਆਂ ਨਾਲ ਭਰਪੂਰ ਸਾਂਝਾ ਸੰਗ੍ਰਹਿ ‘ਕਲਮੀਂ ਰਮਜਾਂ-3’

ਕੁਲਜੀਤ ਕੌਰ ਗਜ਼ਲ*
ਫੋਨ: +61-431982235
ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਜੰਗ ਬਹਾਦਰ ਸਿੰਘ ਵਲੋਂ ਸੰਪਾਦਿਤ ਸਾਂਝੀਆਂ ਲਿਖਤਾਂ ਦੀ ਪੁਸਤਕ ‘ਕਲਮੀਂ ਰਮਜਾਂ-3’ ਦਾ ਮੁੱਖ ਬੰਦ ਹੀ ਆਪਣੇ ਆਪ ਵਿਚ ਇੱਕ ਵੱਖਰੀ ਮਿਸਾਲ ਹੈ, ਜਿਸ ਨੂੰ ਪੜ੍ਹਦਿਆਂ ਇੰਜ ਲਗਦੈ, ਜਿਵੇਂ ਪੰਜਾਬੀ ਮਾਂ ਰਾਣੀ ਸਾਨੂੰ ਆਪਣੀ ਗੋਦ ਵਿਚ ਲੈ ਕੇ ਲਾਡ ਲਡਾ ਰਹੀ ਹੋਵੇ। ਕਿਤਾਬ ਦੇ ਸ਼ੁਰੂਆਤੀ ਪੰਨਿਆਂ ਵਿਚ ਸਭਾ ਦੇ ਸਕੱਤਰ ਬਲਿਹਾਰ ਸਿੰਘ ਲੇਹਲ ਨੇ ਸਭਾ ਦੇ ਨਿਰੰਤਰ ਵਿਕਾਸ ਅਤੇ ਕਿਤਾਬ ਛਪਾਈ ਦੀ ਪਿਰਤ ਬਾਰੇ ਦੱਸ ਕੇ ਸਭਾ ਦੀ ਰੀੜ੍ਹ ਦੀ ਹੱਡੀ ਹੋਣ ਦਾ ਫਰਜ਼ ਨਿਭਾਇਆ ਹੈ।

ਕਿਤਾਬ ਵਿਚਲੇ ਵਾਰਤਕ ਹਿੱਸੇ ਦੀ ਸ਼ੁਰੂਆਤ ਵਿਚ ਜੇ. ਬੀ. ਸਿੰਘ ਦੇ ਵਿਸ਼ੇਸ਼ ਲੇਖ ‘ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਮਹਾਨਤਾ’ ਆਪਣੇ ਆਪ ਵਿਚ ਵਿਚਾਰਨਯੋਗ ਅਤੇ ਸਾਂਭਣਯੋਗ ਲਿਖਤ ਹੈ। ਉਨ੍ਹਾਂ ਅਨੁਸਾਰ ਬਹੁ-ਭਾਸ਼ਾਈ, ਰਹੱਸਵਾਦੀ ਕਾਵਿ-ਕਲਾ ਵਾਲਾ ਅਤੇ ਪਰੰਪਰਾਗਤ ਕਾਵਿ-ਰੂਪ ਵਾਲਾ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਇੱਕ ਅਧਿਆਤਮਕ ਕਾਵਿ ਸੰਗ੍ਰਹਿ ਹੁੰਦਿਆਂ ਵੀ ਆਪਣੇ ਸਮੇਂ ਦੀ ਆਰਥਿਕ, ਸਮਾਜਿਕ, ਇਤਿਹਾਸਕ, ਰਾਜਨੀਤਕ ਅਤੇ ਧਾਰਮਿਕ ਦਸ਼ਾ ਦਾ ਦਰਪਣ ਹੈ। ਇਸ ਵਿਚਲੀ ਬਾਣੀ, ਜੋ ਲੋਕ ਭਾਸ਼ਾ ਵਿਚ ਲਿਖੀ ਗਈ ਹੈ ਅਤੇ ਵਰਣਮਾਲਾ ਅਨੁਸਾਰ ਹੈ, ਆਪਣੇ ਆਪ ਵਿਚ ਇੱਕ ਅਦੁਭੂਤ ਖਜਾਨਾ ਹੈ।
ਇਸ ਤੋਂ ਬਾਅਦ 17 ਪੁਸਤਕਾਂ ਦੇ ਰਚੈਤਾ ਲੇਖਕ ਅਵਤਾਰ ਸਿੰਘ ਬਿਲਿੰਗ ਆਪਣੇ ਜਾਣਕਾਰੀ ਭਰਭੂਰ ਲੇਖ ‘ਮੈਂ ਤੇ ਮੇਰੇ ਨਾਵਲ’ ਵਿਚ ਆਪਣੇ ਹੁਣ ਤੱਕ ਦੇ ਸਾਹਿਤਕ ਸਫਰ ਅਤੇ ਇਨਾਮਾਂ-ਸਨਮਾਨਾਂ ਬਾਰੇ ਚਾਨਣਾ ਪਾਉਂਦਿਆਂ ਲਿਖਦੇ ਹਨ ਕਿ ਉਨ੍ਹਾਂ ਆਪਣੇ ਬਹੁਤੇ ਪਾਤਰਾਂ ਦੇ ਮੂੰਹੋਂ ਜਿੱਥੇ ‘ਢਾਹੇ ਦੀ ਬੋਲੀ’ ਹੀ ਬੁਲਵਾਈ ਹੈ, ਉਥੇ ਉਸ ਦੇ ਕੁਝ ਪਾਤਰ ਪੁਆਧ, ਦੁਆਬੇ ਅਤੇ ਮਾਝੇ ਦੀ ਬੋਲੀ ਵੀ ਬੋਲਦੇ ਹਨ। ਆਪਣੇ ਬਹੁਤੇ ਨਾਵਲਾਂ ਵਿਚ ਉਨ੍ਹਾਂ ਜਗੀਰੂ ਸੱਭਿਆਚਾਰ ਦੀਆਂ ਖਾਮੀਆਂ, ਬੇਇਨਸਾਫੀਆਂ ਅਤੇ ਸਮਾਜ `ਤੇ ਇਸ ਦੇ ਪੈਂਦੇ ਮਾੜੇ ਪ੍ਰਭਾਵ ਨੂੰ ਖੂਬ ਚਿਤਰਿਆ ਹੈ।
ਜੰਗਪਾਲ ਸਿੰਘ ਦਾ ਲੇਖ ‘ਸੁੰਗੜਦਾ ਬੰਗਾਲ’ ਵੱਖ ਵੱਖ ਸਮੇਂ ਹੋਈਆਂ ਵੰਡਾਂ ਨਾਲ ਪੰਜਾਬ ਵਾਂਗ ਛਾਂਗੇ ਸਿਮਟੇ ਬੰਗਾਲ ਦੀ ਗਾਥਾ ਦੱਸਦਾ ਇਸ ਪੁਸਤਕ ਵਿਚ ਇੱਕ ਵੱਖਰਾ ਰੰਗ ਭਰਦਾ ਹੈ। ਸਿਆਟਲ ਸ਼ਹਿਰ ਦੇ ਵਾਸੀ ਗੁਰਚਰਨ ਸਿੰਘ ਢਿੱਲੋਂ ਦਾ ਲੇਖ ‘ਸਿਆਟਲ ਵਿਚ ਲਗਦੇ ਖੇਡ ਕੈਂਪ’ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਿਆਟਲ ਸ਼ਹਿਰ ਦੇ ਪੰਜਾਬੀ ਸਾਹਿਤਕ ਖੇਤਰ ਵਿਚ ਤਾਂ ਮੱਲਾਂ ਮਾਰ ਹੀ ਰਹੇ ਹਨ, ਉਥੇ ਖੇਡ ਅਤੇ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਵਿਚ ਵੀ ਮੂਹਰੇ ਹਨ, ਇੱਥੇ ਲੱਗੇ ਖੇਡ ਕੈਂਪ ਅਤੇ ਮੇਲੇ ਪੰਜਾਬ ਦਾ ਭੁਲੇਖਾ ਪਾਉਂਦੇ ਹਨ।
‘ਕਲਮੀਂ ਰਮਜਾਂ-3 ਦੇ ਕਾਵਿ ਹਿੱਸੇ ਦੀ ਸ਼ੁਰੂਆਤ ਅਵਤਾਰ ਸਿੰਘ ਅਦਮਪੁਰੀ ਦੇ ਗੀਤ ‘ਸ਼ਬਦ ਗੁਰੂ’ ਤੋਂ ਹੁੰਦੀ ਹੈ, ਸੱਚੇ ਗੁਰੂ ਦੀ ਵਡਿਆਈ ਕਰਦੀਆਂ ਉਨ੍ਹਾਂ ਦੀਆਂ ਸਾਰੀਆਂ ਕਵਿਤਾਵਾਂ ਵਿਚ ਹੀ ਕਿਤੇ ਨਾ ਕਿਤੇ ਵਾਹਿਗੁਰੂ ਦੀ ਉਸਤਤ ਲਿਖੀ ਹੋਈ ਹੈ, ਅਜਿਹਾ ਅਹਿਸਾਸ ਪੂਰੀ ਕਿਤਾਬ ਨੂੰ ਪੜ੍ਹਨ ਲਈ ਉਤਸੁਕ ਕਰਦਾ ਹੈ। ਕਵੀ ਹਰਦਿਆਲ ਸਿੰਘ ਚੀਮਾ (ਵਹਿਣੀ ਵਾਲਾ ਦਿਆਲ) ਦੀਆਂ ਕਵਿਤਾਵਾਂ ਜਿੱਥੇ ਬੱਚਿਆਂ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰੀ ਰੱਖਣ ਲਈ ਪ੍ਰੇਰਦੀਆਂ ਹਨ, ਉਥੇ ਪਖੰਡੀ ਸਾਧਾਂ-ਸੰਤਾਂ, ਰਿਸ਼ਵਤਖੋਰਾਂ ਅਤੇ ਗੰਧਲੇ ਸਿਸਟਮ ਦੀ ਖੂਬ ਖੁੰਭ ਠੱਪਦੀਆਂ ਹਨ।
ਚਿੱਟੇ ਨੂੰ ਮਿਟਾ ਕੇ ਗੱਭਰੂਆਂ ਦੀ ਜਾਨ ਬਚਾਉਣ ਦੇ ਸੁਪਨੇ ਲੈਣ ਵਾਲਾ ਕਵੀ ਹਰਪਾਲ ਸਿੰਘ ਸਿੱਧੂ “ਮੇਰੇ ਹਸਬੈਂਡ ਮੇਰੇ ਦਿਲ ਨੂੰ ਬੜਾ ਭਾਉਂਦੇ, ਗੱਡੀ ਜਾਂਦੇ ਵੀ ਚਲਾਉਂਦੇ ਆ ਤੇ ਆਉਂਦੇ ਵੀ ਚਲਾਉਂਦੇ” ਵਰਗੀਆਂ ਸਤਰਾਂ ਲਿਖ ਕੇ ਹਾਸਰਸ ਵੀ ਪੈਦਾ ਕਰਦਾ ਹੈ, ਅਤੇ ਮਰਹੂਮ ਸਾਥੀ ਲੁਧਿਆਣਵੀ ਨੂੰ ਸ਼ਰਧਾਂਜਲੀ ਦਿੰਦੀ ਕਵਿਤਾ ਰਚ ਕੇ ਪਾਠਕਾਂ ਨੂੰ ਆਪਣੇ ਨਾਲ ਹੀ ਹਿਜਰ ਦੇ ਵਹਿਣਾ ਵਿਚ ਵੀ ਵਹਾ ਤੁਰਦਾ ਹੈ। ਇਸ ਪੁਸਤਕ ਵਿਚਲੇ ਸ਼ਾਇਰ ਪ੍ਰੇਮ ਕੁਮਾਰ ਵਾਂਗ ਹਰ ਕੋਈ ਕਿਸੇ ਦੂਸਰੇ ਦੀ ਹਾਰ ਵਿਚ ਆਪਣੇ ਵੀ ਹਿੱਸੇਦਾਰੀ ਨੂੰ ਸ਼ਬਦਾਂ ਵਿਚ ਪਰੋ ਕੇ ਢੰਡੋਰਾ ਨਹੀਂ ਪਿਟਵਾੳਂਦਾ, ਅਜਿਹੀ ਇਮਾਨਦਾਰੀ ਕੁਦਰਤ ਨੂੰ ਆਪਣੇ ਅੰਦਰ-ਬਾਹਰ ਮੰਨਣ ਵਾਲੇ ਪ੍ਰੇਮ ਕੁਮਾਰ ਜਿਹੇ ਸ਼ਾਇਰ ਦੇ ਹਿੱਸੇ ਹੀ ਆਉਂਦੀ ਹੈ। ਲੇਖਕ ਸ਼ਿੰਗਾਰ ਸਿੰਘ ਸਿੱਧੂ ਦੀਆਂ ਕਵਿਤਾਵਾਂ ਵਿਚ ਜਿੱਥੇ ਪੰਜਾਬੀ ਰਿਸ਼ਤਿਆਂ ਦੀ ਮਹਾਨਤਾ ਦਾ ਜਿ਼ਕਰ ਹੈ, ਉਥੇ ਪੰਜਾਬੀ ਮੁਹੱਬਤਾਂ ਨੂੰ ਵੀ ਕਵੀ ਨੇ ਬਣਦੀ ਥਾਂ ਦਿੱਤੀ ਹੈ, ਇੱਕ ਰਚਨਾ ਵਿਚ ਉਹ ਰਾਂਝੇ ਜੋਗੀ ਨੂੰ ਨਸੀਹਤ ਦਿੰਦਿਆਂ ਇੰਜ ਲਿਖਦੇ ਹਨ,
ਹੀਰ ਨਾਲ ਤੇਰੀ ਮੈਂ ਕਰਾਉਣੀ ਗੱਲ ਨਹੀਂ।
ਸਿੱਧੂ ਆਖੇ ਇਸ਼ਕੇ ਦਾ ਤੈਨੂੰ ਵੱਲ ਨਹੀਂ।
ਪਿੰਡ ਜਾ ਕੇ ਕਰ ਲੈ ਨਿਕਾਹ ਜੋਗੀਆ…
ਜੋਗੀਆ ਵੇ ਜੋਗੀਆ, ਵੇ ਜਾਹ ਜੋਗੀਆ।
ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸਕੱਤਰ ਬਲਿਹਾਰ ਸਿੰਘ ਲੇਹਲ ਜਿੱਥੇ ਸਮੇਂ ਸਮੇਂ ਹੋਰਨਾਂ ਲਿਖਾਰੀਆਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਨ, ਉਥੇ ਉਨ੍ਹਾਂ ਦੀ ਕਵਿਤਾ ਵੀ ਕਿਸੇ ਤੋਂ ਘੱਟ ਨਹੀਂ। ਸਰਲ ਭਾਸ਼ਾ ਵਿਚ ਲਿਖੀਆਂ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਦੇ ਦਿਲ ਨੂੰ ਟੁੰਬ ਜਾਂਦੀਆਂ ਹਨ। ‘ਜਾਹ ਵੇ ਡਰਾਈਵਰਾ’ ਗੀਤ ਪਰਦੇਸਾਂ ਦੇ ਹਰ ਡਰਾਈਵਰ ਦੀ ਪਰਿਵਾਰਕ ਕਹਾਣੀ ਬਿਆਨ ਕਰਦਾ ਹੈ, ਲੇਖਕ ਦੀ ਸੰਬੋਧਨੀ ਲਿਖਣ ਸ਼ੈਲੀ ਇਸ ਸੰਗ੍ਰਹਿ ਵਿਚਲੀਆਂ ਤਿੰਨਾਂ ਹੀ ਰਚਨਾਵਾਂ ਵਿਚ ਮਿਲਦੀ ਹੈ,
ਥੋਡੇ ਨਸ਼ੇ ਦੇ ਸੂਟੇ ਦੇ ਧੂੰਏਂ ਅੰਦਰ
ਥੋਡੇ ਮਾਪਿਆਂ ਦੇ ਵੇਖੋ ਅਰਮਾਨ ਰੁਲਦੇ।
ਫੱਟੇ ਖਿੱਚਦੇ ਵੇਖੋ ਮਜਦੂਰ ਰੁਲਦੇ
ਤੇ ਬੇਰੀ ਤੋੜਦੇ ਵੇਖੋ ਕਿਰਸਾਨ ਰੁਲਦੇ।
ਹਰਸ਼ਿੰਦਰ ਸਿੰਘ ਸੰਧੂ ਦੀ ਕਵਿਤਾ ਵਿਚ ਬਹੁਤਾ ਰੰਗ ਭਾਵੇਂ ਧਾਰਮਿਕ ਹੈ, ਪਰ ਲੇਖਕ ਕੋਲ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਚੰਗੀ ਯੁਕਤੀ ਦੇ ਨਾਲ ਨਾਲ ਬਦੀ ਉਤੇ ਨੇਕੀ ਦੀ ਜਿੱਤ ਨੂੰ ਦਰਸਾਉਂਦੇ ਖਿਆਲ ਵੀ ਹਨ। ਇਸੇ ਤਰ੍ਹਾਂ ਹੀ ਪ੍ਰਸਿੱਧ ਲੇਖਕ ਮੰਗਲ ਕੁਲਜਿੰਦ ਨੇ ਆਪਣੀਆਂ ਰਚਨਾਵਾਂ ਵਿਚ ਅਜੋਕੀ ਰੋਜ਼ਾਨਾ ਪਰਿਵਾਰਕ ਜਿ਼ੰਦਗੀ ਨੂੰ ਬੜੇ ਹੀ ਸਾਦੇ ਅਤੇ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ। ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਰੰਗਤ ਵਾਲੀਆਂ ਈਸ਼ਰ ਸਿੰਘ ਗਰਚਾ ਦੀਆਂ ਕਵਿਤਾਵਾਂ ਦਾ ਵੱਖਰਾ ਹੀ ਅਨੰਦ ਹੈ। ਪੈਂਤੀ ਅੱਖਰੀ ਤੂੰ ਕਾਵਿਕ ਛੋਹ ਦੇਣੀ ਕਮਾਲ ਦੀ ਵੰਨਗੀ ਹੈ।
ਇਸ ਸੰਗ੍ਰਹਿ ਵਿਚ ਸ਼ਾਮਿਲ ਸਵਰਾਜ ਕੌਰ ਦੀਆਂ ਰਚਨਾਵਾਂ ਕਿਸੇ ਦੂਰ ਗਏ ਫੌਜੀ ਦੀ ਨਾਰ ਦੇ ਹਿਜਰ ਵਾਂਗ ਬਿਰਹਾ ਦੀਆਂ ਪੀੜਾਂ ਨਾਲ ਪਰੁੱਚੀਆਂ ਹਨ, ਉਸ ਦੀ ਕਲਮ ਹੰਝੂਆਂ ਨਾਲ ਸਿਸਕ ਸਿਸਕ ਕੇ ਬਿਆਨਦੀ ਹੈ,
ਅਸਾਂ ਨਾ ਪਲ ਵਸਲ ਦੇ ਮਾਣੇ,
ਲਿਖੀਆਂ ਧੁਰੋਂ ਜੁਦਾਈਆਂ ਵੇ।
ਦੀਦ ਤੇਰੀ ਨੂੰ ਸਹਿਕਣ ਅੱਖੀਆਂ,
ਅਜ਼ਲਾਂ ਤੋਂ ਤ੍ਰਿਹਾਈਆਂ ਵੇ।
ਡਾ. ਸੁਖਵੀਰ ਬੀਹਲਾ ਨੇ ਸਮੁੱਚੇ ਜਗਤ ਦੀ ਮਹੱਤਵਪੂਰਨ ਤੇ ਜਿ਼ਆਦਾ ਗਿਣਤੀ ਕਾਮਾ ਸ੍ਰੇਣੀ ਨੂੰ ‘ਬਿਨਾ ਖੰਭਾਂ ਤੋਂ ਪੰਛੀ’ ਵਾਲੀ ਪਰਿਭਾਸ਼ਾ ਦੇ ਕੇ ਮੱਧਵਰਗ ਮਨੁੱਖ ਦੀ ਸਥਿਤੀ ਬਾਰੇ ਬਿਨਾ ਵਿਸਥਾਰ ਦਿੱਤਿਆਂ ਸਭ ਕੁਝ ਬਿਆਨ ਕਰ ਦਿੱਤਾ ਹੈ; ਇਸ ਤੋਂ ਅੱਗੇ ਮਜ਼ਦੂਰ ਵਰਗ ਦੇ ਹਾਲਾਤ ਬਾਰੇ ਕੋਈ ਸ਼ੰਕਾ ਨਹੀਂ ਰਹਿ ਜਾਂਦਾ। ਸਾਧੂ ਸਿੰਘ ਝੱਜ ਨੂੰ ਚਲੰਤ ਮਸਲਿਆਂ ‘ਤੇ ਕਵਿਤਾ ਕਹਿਣ ਦਾ ਬੜਾ ਵਲ ਹੈ। ਧਾਰਮਿਕ, ਸਮਾਜਿਕ, ਰਾਜਨੀਤਕ ਆਦਿ ਵਿਸ਼ਿਆਂ ਨੂੰ ਅੱਜ ਦੇ ਦੌਰ ਦੀ ਐਨਕ ਲਾ ਕੇ ਵੇਖਣਾ ਅਤੇ ਉਨ੍ਹਾਂ ਦੇ ਹੱਲ ਲੱਭਣੇ ਵੀ ਇੱਕ ਕਲਾ ਹੈ। ਬੇਬਾਕ ਸ਼ਾਇਰ ਸੁਖਵਿੰਦਰ ਸਿੰਘ ਬੋਦਲਾਂਵਾਲੇ ਦੀਆਂ ਇਹ ਦੋ ਸਤਰਾਂ ਹੀ ਸਾਡੇ ਗੁੰਝਲਦਾਰ ਅਤੇ ਆਪਮੁਹਾਰੇ ਸਮਾਜ ਦੇ ਤਾਣੇ-ਬਾਣੇ ਦਾ ਚੀਰ ਫਾੜ ਕਰ ਦਿੰਦੀਆਂ ਹਨ,
ਵੀਰ ਸਾਹਿਬਾਂ ਦੇ ਬੜੇ ਅਨੋਖੇ
ਮਿਰਜੇ ਨੂੰ ਤੇ ਵੱਢ ਜਾਂਦੇ ਨੇ,
ਭੰਨ ਕੇ ਤੀਰ ਦੁੱਧ ਧੋਤੀ ਸਾਹਿਬਾ,
ਘਰ ਦੀਆਂ ਗੱਲਾਂ ਦੱਬ ਜਾਂਦੇ ਨੇ।
ਯਾਰੀਆਂ ਜਾਨੋਂ ਪਿਆਰੀਆਂ `ਤੇ ਰੱਜ ਰੱਜ ਮਾਣ ਕਰਨ ਵਾਲਾ ਕਵੀ ਸ਼ਿੰਦਰਪਾਲ ਸਿੰਘ ਔਜਲਾ ਆਪਣੀਆਂ ਕਾਵਿਕ ਰਚਨਾਵਾਂ ਵਿਚਲੇ ਪਾਤਰਾਂ ਨਾਲ ਪੂਰਾ ਪੂਰਾ ਇਨਸਾਫ ਕਰਦਾ ਹੈ। ਉਸ ਦਾ ਗੀਤ ‘ਘਰਵਾਲੀ ਬਿਨਾ ਜ਼ਿੰਦਗੀ’ ਇੱਕ ਪਿਆਰਾ ਜਿਹਾ ਵਿਸ਼ਾ ਹੈ, ਜਿਸ ਵਿਚ ਉਹ ਔਰਤ ਦੀ ਹੋਂਦ ਦਾ ਨਿੱਘ ਸਵੀਕਾਰਦਾ ਹੈ। ਡਾ. ਜਸਬੀਰ ਕੌਰ ਦੀ ਕਵਿਤਾ ਦੇ ਕੁਝ ਬੰਦ ਬਹੁਤ ਹੀ ਦਿਲ ਟੁੰਬਵੇਂ ਹਨ। ‘ਧੀਆਂ’ ਕਵਿਤਾ ਵਿਚ ਉਨ੍ਹਾਂ ਧੀ ਦੇ ਜਨਮ ਨੂੰ ਨਵੇਂ ਅਰਥਾਂ ਨਾਲ ਪਿਆਰਿਆ ਸਤਿਕਾਰਿਆ ਹੈ। ਗਜ਼ਲਗੋ ਦਿਲ ਨਿੱਜਰ ਨੇ ਆਪਣੀਆਂ ਗਜ਼ਲਾਂ ਵਿਚ ਲੰਮੀ ਰਦੀਫ ਨੂੰ ਖੂਬ ਨਿਭਾਇਆ ਹੈ ਤੇ ਮਨੁੱਖੀ ਮਨ ਦੀ ਲਾਲਸਾ ਨੂੰ ਸ਼ਾਇਰ ਨੇ ਬੜੇ ਕਾਵਿਕ ਢੰਗ ਨਾਲ ਬਿਆਨ ਕੀਤਾ ਹੈ,
ਲਾਲਚ ਵਿਚ ਕਦੇ ਵੀ ਇੱਕ ਥਾਂ ਨਾ ਟਿਕ ਕੇ ਬੈਠਾ,
ਮਿਲੇ ਸਕੂਨ ਕਿਧਰੇ ਮੈਖਾਨੇ ਬਦਲ ਰਿਹਾ ਹਾਂ।
ਗੋਲਡੀ ਭੁੱਲਰ ਅਤੇ ਲਖਵੀਰ ਸਿੰਘ ਲੱਕੀ ਦੀ ਕਵਿਤਾ ਵਿਚ ਆਪਣਿਆਂ ਦੇ ਵਿਛੋੜੇ ਦਾ ਡਾਹਢਾ ਦਰਦ ਹੈ। ਵੀਜ਼ਿਆਂ ਅਤੇ ਪਰਦੇਸਾਂ ਨੇ ਸਭਨਾਂ ਪਰਦੇਸੀਆਂ ਦੇ ਚਾਅਵਾਂ ਤੇ ਸੱਧਰਾਂ ਦਾ ਇਸ ਕਦਰ ਘਾਣ ਕੀਤਾ ਹੈ ਕਿ ਇਸ ਵਿਸ਼ੇ ਵਾਲੀ ਰਚਨਾ ਪੜ੍ਹ ਕੇ ਮਨ ਭਰ ਆਉਣਾ ਸੁਭਾਵਿਕ ਹੈ।
ਕਵਿੱਤਰੀਆਂ ਸੁਰਿੰਦਰ ਕੌਰ ਧਨੋਆ ਤੇ ਮਨਜੀਤ ਕੌਰ ਗਿੱਲ ਦੀਆਂ ਰਚਨਾਵਾਂ ਵੀ ਇਸ ਕਿਤਾਬ ਦਾ ਮਾਣ ਹਨ। ਇਨ੍ਹਾਂ ਦੀਆਂ ਕਵਿਤਾਵਾਂ ਵਿਚ ਆਪਣੀ ਭੂਮੀ ਪ੍ਰਤੀ ਮੋਹ ਦੀ ਇੱਕੋ ਜਿੰਨੀ ਹੀ ਖਿੱਚ ਮਹਿਸੂਸ ਹੁੰਦੀ ਹੈ। ਜਿੱਥੇ ਸੁਰਿੰਦਰ ਕੌਰ ਧਨੋਆ ਨੇ ਪੰਜਾਬੀ ਨਾਰ ਨੂੰ ਆਪਣਾ ਕਿਰਦਾਰ ਉਚਾ-ਸੁੱਚਾ ਰੱਖਣ ਦੀ ਮਿੱਠੀ ਨਸੀਹਤ ਦਿੱਤੀ ਹੈ, ਉਥੇ ਕਵਿੱਤਰੀ ਸਤਵੀਰ ਲੋਕਾਂ ਨੂੰ ਔਰਤ ਦੇ ਸੁੱਚੇ ਕਿਰਦਾਰ ਨੂੰ ਉਚਾ-ਸੁੱਚਾ ਹੀ ਰਹਿਣ ਦੇਣ ਲਈ ਅਰਜ਼ੋਈ ਕਰਦੀ ਹੈ,
ਮੈਂ ਔਰਤ ਹਾਂ, ਮੈਨੂੰ ਹਾੜਾ
ਲੋਕੋ ਔਰਤ ਰਹਿਣ ਦਿਓ,
ਜੇ ਕਹਿੰਦੇ ਗੰਗਾ ਵਰਗੀ ਹਾਂ
ਤਾਂ ਮੈਨੂੰ ਸਿੱਧੀ ਵਹਿਣ ਦਿਓ।
ਸਮੇਂ ਨੂੰ ਵੱਡੀ ਅਹਿਮੀਅਤ ਦੇਣ ਵਾਲੇ ਕਵੀ ਜਗੀਰ ਸਿੰਘ ਉਚਾਟ ਮਨ ਦੀ ਓਦਰਤਾ ਅਤੇ ਭਾਵਨਾਵਾਂ ਨੂੰ ਦਿਲ ਨੂੰ ਧੂਹ ਪਾਉਣ ਵਾਲੇ ਸ਼ਬਦਾਂ ਵਿਚ ਪਰੋ ਕੇ ਆਪਣੇ ਪਾਠਕਾਂ ਨਾਲ ਰੂਹਾਨੀ ਸਾਂਝ ਪਾਉਣ ਵਿਚ ਮਾਹਰ ਲਗਦੇ ਹਨ।
ਇਸ ਸਾਂਝੇ ਸੰਗ੍ਰਹਿ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਮੌਜੂਦਾ ਲੇਖਕਾਂ ਦੇ ਨਾਲ ਨਾਲ ਮਰਹੂਮ ਸ਼ਾਇਰਾਂ ਨੂੰ ਵੀ ਦਿਲੋਂ ਵਿਸਾਰਿਆ ਨਹੀਂ ਗਿਆ। ਹਰਭਜਨ ਸਿੰਘ ਬੈਂਸ, ਸਾਥੀ ਲੁਧਿਆਣਵੀ, ਮਹਿੰਦਰ ਸਿੰਘ ਚੀਮਾ ਜਿਹੇ ਸਮਰੱਥ ਸ਼ਾਇਰਾਂ ਨੂੰ ਕੌਣ ਨਹੀਂ ਜਾਣਦਾ। ਸਾਥੀ ਲੁਧਿਆਣਵੀ ਅਤੇ ਹਰਭਜਨ ਸਿੰਘ ਬੈਂਸ ਦੀਆਂ ਗਜ਼ਲਾਂ ਹਮੇਸ਼ਾ ਲਈ ਆਪਣੇ ਪਾਠਕਾਂ ਦੇ ਅੰਗ-ਸੰਗ ਹਨ। ਹਰਭਜਨ ਸਿੰਘ ਬੈਂਸ ਦੀ ਅਲਵਿਦਾ ਕਹਿੰਦੀ ਅੰਤਿਮ ਗਜ਼ਲ ‘ਮੈਂ ਜਾ ਰਿਹਾ ਹਾਂ’ ਕੋਈ ਗੁਣਗੁਣਾ-ਗਾ ਸਕਦਾ ਹੋਵੇ ਤਾਂ ਇਹ ਵੀ ਉਨ੍ਹਾਂ ਨੂੰ ਵੱਡਮੁੱਲੀ ਸ਼ਰਧਾਂਜਲੀ ਹੋਵੇਗੀ।
ਕਹਾਣੀਆਂ ਅਤੇ ਮਿੰਨੀ ਕਹਾਣੀਆਂ ਸਾਹਿਤ ਦੀਆਂ ਖਾਸ ਤੇ ਦਿਲਚਸਪ ਵਿਧਾਵਾਂ ਹਨ। ਅਵਤਾਰ ਸਿੰਘ ਬਿਲਿੰਗ ਦੇ ਨਾਵਲ ‘ਰਿਜ਼ਕ’ ਵਿਚਲੇ ਨਾਵਲ ਅੰਸ਼ ਨੂੰ ਪੜ੍ਹਦਿਆਂ ਹੀ ਪਾਠਕ ਅੰਦਰ ਪੂਰਾ ਨਾਵਲ ਪੜ੍ਹਨ ਦੀ ਲਲਕ ਪੈਦਾ ਹੋ ਜਾਂਦੀ ਹੈ। ਕਮਾਲ ਦਾ ਪਲਾਟ, ਕਮਾਲ ਦੀ ਵਾਰਤਾਲਾਪ ਹਰ ਵਾਰਤਕ ਵਿਚ ਨਹੀਂ ਮਿਲਦੀ। ਹਰਪਾਲ ਸਿੰਘ ਸਿੱਧੂ ਨੇ ਆਪਣੀ ਕਹਾਣੀ ‘ਡਰਾਈਵਰੀ ਤੇ ਇਨਸਾਨੀਅਤ’ ਵਿਚ ਬੜੇ ਹੀ ਸੰਕੇਤਕ ਢੰਗ ਨਾਲ ਡਰਾਈਵਰੀ ਅਤੇ ਇਨਸਾਨੀਅਤ ਵਿਚਲਾ ਰਿਸ਼ਤਾ ਸਮਝਾਇਆ ਹੈ-ਹੈਵਾਨੀਅਤ ਤੇ ਡਰਾਈਵਰੀ ਦੇ ਮੇਲ ਕਾਰਨ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਪ੍ਰਿਤਪਾਲ ਸਿੰਘ ਟਿਵਾਣਾ ਦੀ ਕਹਾਣੀ ‘ਬੀਜਿਆ ਦੇਸ, ਖਾਧਾ ਪਰਦੇਸ’ ਵਿਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਉਤਸੁਕਤਾ ਬਣੀ ਰਹਿੰਦੀ ਹੈ, ਇਹ ਕਹਾਣੀਕਾਰ ਦਾ ਇੱਕ ਬਹੁਤ ਵੱਡਾ ਗੁਣ ਹੈ ਕਿ ਪਾਠਕ ਕਹਾਣੀ ਨੂੰ ਇੱਕੋ ਸਾਹੇ ਹੀ ਪੜ੍ਹ ਜਾਂਦਾ ਹੈ।
ਮਿੰਨੀ ਕਹਾਣੀ ਵਰਤਮਾਨ ਸਮੇਂ ਦੀ ਹਰਮਨਪਿਆਰੀ ਸਾਹਿਤਕ ਵਿਧਾ ਹੈ, ਇਸ ਸੰਗ੍ਰਹਿ ਵਿਚ ਕੁਝ ਕੁ ਮਿੰਨੀ ਕਹਾਣੀਆਂ ਨੂੰ ਸ਼ਾਮਿਲ ਕਰਕੇ ਸੰਪਾਦਕ ਨੇ ਸੋਨੇ `ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਬਲਿਹਾਰ ਸਿੰਘ ਲੇਹਲ ਵਧੀਆ ਕਵੀ ਤੇ ਪ੍ਰਬੰਧਕ ਤਾਂ ਹਨ ਹੀ, ਮਿੰਨੀ ਕਹਾਣੀ ਵੀ ਚੰਗੀ ਲਿਖ ਲੈਂਦੇ ਹਨ। ਦੋਵੇਂ ਮਿੰਨੀ ਕਹਾਣੀਆਂ ਨਿਵੇਕਲੇ ਢੰਗ ਨਾਲ ਇੱਕ ਸੁਨੇਹਾ ਛੱਡ ਜਾਂਦੀਆਂ ਹਨ। ਪ੍ਰਸਿੱਧ ਲੇਖਕ ਮੰਗਤ ਕੁਲਜਿੰਦ ਦੀ ਮਿੰਨੀ ਕਹਾਣੀ ‘ਕਿਰਾਏ ਦਾ ਕਮਰਾ’ ਔਰਤ ਦੇ ਨਾ ਬਿਆਨ ਕੀਤੇ ਜਾ ਸਕਣ ਵਾਲੇ ਦਰਦ ਵੱਲ ਇਸ਼ਾਰਾ ਕਰਦੀ ਹੈ, ਅਜਿਹੇ ਬੰਧਨ ਦਾ ਅਹਿਸਾਸ ਮਰਦ ਨਾਲੋਂ ਔਰਤ ਹੀ ਸਮਝ ਸਕਦੀ ਹੈ। ਕੰਵਲਪ੍ਰੀਤ ਦੀ ਕਹਾਣੀ ਆਪਣੇ ਭਾਈਚਾਰੇ ਦੀ ਤੰਗ ਦਿਲੀ ਅਤੇ ਫਿਰਕਾਪ੍ਰਸਤੀ ਤੋਂ ਪਰਦਾ ਚੁੱਕਦੀ ਹੈ, ਨਾਲ ਹੀ ਉਸ ਦੀ ਦੂਜੀ ਕਹਾਣੀ ਵਿਚ ਫਿਰਕਾਪ੍ਰਸਤੀ ਵਰਗੀ ਬਿਮਾਰੀ `ਤੇ ਜਿੱਤ ਦਾ ਤਰੀਕਾ ਵੀ ਮਿਲ ਜਾਂਦਾ ਹੈ।
ਇਸ ਸੰਗ੍ਰਹਿ ਦੇ ਅੰਤ ਵਿਚ ਯਾਦਾਂ ਵਿਚ ਵੱਸਦੇ ਸੱਜਣ ਲੇਖਕਾਂ ਦੀਆਂ ਲਿਖਤਾਂ ਇਸ ਕਿਤਾਬ ਦਾ ਸ਼ਿੰਗਾਰ ਹਨ। ਵਾਸਦੇਵ ਸਿੰਘ ਪਰਹਾਰ ਨੇ ਸੁਰਿੰਦਰ ਕੌਰ ਬਾਰੇ ਲਿਖ ਕੇ ਪਾਠਕਾਂ ਦੀਆਂ ਭਾਵਨਾਵਾਂ ਨਾਲ ਪੂਰਾ ਪੂਰਾ ਇਨਸਾਫ ਕੀਤਾ ਹੈ। ਕਰਨੈਲ ਸਿੰਘ ਕੈਲ ਦੀ ਕਵਿਤਾ ਦੀਆਂ ਸਤਰਾਂ ਘਾਇਲ ਕਰ ਜਾਂਦੀਆਂ ਹਨ,
ਸੱਜਣ ਸੋਂਹਦੇ ਹਨ ਸੱਜਣਾਂ ਨਾਲ
ਭੈਣਾਂ ਸੋਂਹਦੀਆਂ ਹਨ ਭਰਾਵਾਂ ਨਾਲ।
ਸਹੁਰੇ ਹੁੰਦੇ ਹਨ ਸੱਸਾਂ ਨਾਲ
ਤੇ ਪੇਕੇ ਹੁੰਦੇ ਹਨ ਮਾਂਵਾਂ ਨਾਲ।
ਗੁਰਪ੍ਰੀਤ ਸੋਹਲ ਅਤੇ ਅਮਰਜੀਤ ਸਿੰਘ ਤਰਸਿੱਕਾ ਨੇ ਵੀ ਆਪਣੀਆਂ ਕਵਿਤਾਵਾਂ ਵਿਚਲੇ ਸੁਨੇਹਿਆਂ ਨੂੰ ਇਸ ਕਦਰ ਆਮ ਤੇ ਦਿਲਚਸਪ ਤਰੀਕੇ ਨਾਲ ਉਘਾੜਿਆ ਹੈ ਕਿ ਪਾਠਕਾਂ ਦੀ ਇਸ ਸੰਗ੍ਰਹਿ ਨਾਲੋਂ ਦਿਲਚਸਪੀ ਭੰਗ ਨਹੀਂ ਹੁੰਦੀ।
ਅੰਤ ਵਿਚ ਇਹ ਅਹਿਸਾਸ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਪੁਸਤਕ ‘ਕਲਮੀਂ ਰਮਜਾਂ -3’ ਪੜ੍ਹਦਿਆਂ ਇੰਜ ਮਹਿਸੂਸ ਹੋਇਆ, ਜਿਵੇਂ ਮੈਂ ਇਸ ਵਿਚ ਸ਼ਾਮਿਲ ਲੇਖਕਾਂ ਨਾਲ ਆਪ ਕੋਈ ਸੰਵਾਦ ਰਚਾ ਕੇ ਹਟੀ ਹੋਵਾਂ। ਜਿੰਨੀ ਲਗਨ ਅਤੇ ਮਿਹਨਤ ਨਾਲ ਇਹ ਸੰਗ੍ਰਹਿ ਤਿਆਰ ਹੋਇਆ ਹੈ, ਮੈਂ ਓਨੇ ਹੀ ਪਿਆਰ ਤੇ ਸਤਿਕਾਰ ਨਾਲ ਇਸ ਨੂੰ ਮਾਣਿਆ ਹੈ। ਜੇ. ਬੀ. ਸਿੰਘ, ਬਲਿਹਾਰ ਸਿੰਘ ਲੇਹਲ ਅਤੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸਾਰੇ ਹੀ ਮੈਂਬਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਹ ਸੰਗ੍ਰਹਿ ਰਿਲੀਜ਼ ਕਰਕੇ ਪੰਜਾਬੀ ਭਾਸ਼ਾ ਦਾ ਮਾਣ ਵਧਾਇਆ ਹੈ।

*ਸੰਚਾਲਕ, ਪੰਜਾਬੀ ਸੱਥ ਮੈਲਬਰਨ, ਅਸਟ੍ਰੇਲੀਆ।