ਸਾਖੀਆਂ ਦੇ ਸਿੱਟੇ ਬਾਰੇ ਸੋਚਿਓ ਸੱਜਣ ਜੀ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕੋਈ ਲੰਮੇ ਚੌੜੇ ਜੰਤਰਾਂ-ਮੰਤਰਾਂ ਜਾਂ ਜਪਾਂ-ਤਪਾਂ ਦੀ ਥਾਂ, ਸਿਰਫ ਅੱਠਾਂ ਨੁਕਤਿਆਂ ਵਾਲਾ ‘ਅਸ਼ਟਾਂਗ ਮਾਰਗ’ ਦੱਸਣ ਵਾਲੇ ਮਹਾਤਮਾ ਬੁੱਧ ਦੇ ਇਰਦ-ਗਿਰਦ ਗਿਣਤੀ ਦੇ ਹੀ ਜਗਿਆਸੂ ਬੈਠੇ ਦੇਖ ਕੇ ਉਨ੍ਹਾਂ ਦਾ ਪਰਮ ਸੇਵਕ, ਅਨੰਦ ਕਹਿਣ ਲੱਗਾ, “ਮਹਾਰਾਜ! ਤੁਹਾਡੀ ਸਾਰੀ ਉਮਰ ਬੀਤ ਗਈ ਹੈ ਗਿਆਨ ਵੰਡਦਿਆਂ ਦੀ, ਤੁਹਾਡੇ ਬਚਨ ਸੁਣਨ ਵਾਸਤੇ ਬੱਸ ਉਂਗਲਾਂ ‘ਤੇ ਗਿਣਨ ਜੋਗੇ ਅਭਿਲਾਸ਼ੀ ਹੀ ਆਉਂਦੇ ਨੇ, ਜਦ ਕਿ ਅਹੁ ਫਲਾਣਾ ਜੋਗੀ ਤੁਹਾਥੋਂ ਉਮਰ ਵਿਚ ਕਿਤੇ ਛੋਟਾ ਹੈ, ਪਰ ਉਹਦੇ ਡੇਰੇ ‘ਤੇ ਸੈਂਕੜੇ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਕੀ ਉਸ ਦੀ ਸਾਧਨਾ ਤੁਹਾਡੇ ਨਾਲੋਂ ਵਧ ਕੇ ਹੈ?”
ਅਨੰਦ ਨੂੰ ਸ਼ਾਂਤ ਕਰਦਿਆਂ ਮਹਾਤਮਾ ਬੁੱਧ ਨੇ ਫਰਮਾਇਆ, “ਹੇ ਅਨੰਦ! ਚੰਗੇ ਬੰਦਿਆਂ ਦੀਆਂ ਕਦੀ ਭੀੜਾਂ ਨਹੀਂ ਜੁੜਦੀਆਂ ਹੁੰਦੀਆਂ। ਇਹ ਵੀ ਯਾਦ ਰੱਖੀਂ ਕਿ ਭੀੜਾਂ ਵਿਚ ਸਦਾ ਚੰਗੇ ਬੰਦੇ ਨਹੀਂ ਹੁੰਦੇ!”
ਜੇ ਮਹਾਤਮਾ ਬੁੱਧ ਅੱਜ ਦੇ ਸਮੇਂ ਹੁੰਦੇ ਤਾਂ ਅਨੰਦ ਨੂੰ ਦਿੱਤੇ ਗਏ ਉਪਦੇਸ਼ ਵਿਚ ਇਹ ਸਤਰਾਂ ਵੀ ਸ਼ਾਮਲ ਹੋਣੀਆਂ ਸਨ, “ਅਨੰਦ ਪਿਆਰਿਆ! ਜਿਥੇ ਭੀੜਾਂ ਦਾ ਜਮਘਟਾ ਲੱਗਾ ਹੋਇਆ ਹੋਵੇ, ਉਥੇ ਥਾਂ-ਥਾਂ ਚਿਤਾਵਨੀਆਂ ਦੇ ਬੋਰਡ ਟੰਗੇ ਹੁੰਦੇ ਹਨ, ‘ਜੇਬ ਕਤਰਿਆਂ ਤੋਂ ਸਾਵਧਾਨ!’ ‘ਆਪੋ ਆਪਣੇ ਸਾਮਾਨ ਦੀਆਂ ਗਠੜੀਆਂ ਹੱਥੋਂ ਨਾ ਛੱਡੋ!’ ‘ਬੇਪਛਾਣ ਬੰਦਿਆਂ ਪਾਸੋਂ ਕੋਈ ਚੀਜ਼ ਲੈ ਕੇ ਨਾ ਖਾਉ!’ ਨਾਲੇ ਅਨੰਦ ਭਾਈ! ਸੂਝਵਾਨ ਸਿਆਣੇ ਲੋਕ ਕਦੇ ਭੀੜ ਦਾ ਹਿੱਸਾ ਨਹੀਂ ਬਣਦੇ। ਉਹ ਜਾਣਦੇ ਹੁੰਦੇ ਨੇ ਕਿ ਵੱਧ ਤੋਂ ਵੱਧ ‘ਕੱਠੀਆਂ ਹੋਈਆਂ ਭੀੜਾਂ ਵੱਲ ਦੇਖ ਕੇ ਸਿਰਫ ਸਿਆਸਤਦਾਨਾਂ ਨੂੰ ਹੀ ਲਾਲੀਆਂ ਚੜ੍ਹਦੀਆਂ ਹਨ, ਕਿਉਂਕਿ ਉਨ੍ਹਾਂ ਨੇ ਆਪਣੀ ‘ਜ਼ਿੰਦਾਬਾਦ’ ਅਤੇ ਵਿਰੋਧੀਆਂ ਦੀ ‘ਮੁਰਦਾਬਾਦ’ ਕਰਾਉਣੀ ਹੁੰਦੀ ਹੈ। ਬਿਨਾਂ ਸੋਚਿਆਂ ਵਿਚਾਰਿਆਂ ਕਿਸੇ ਦੀ ਜ਼ਿੰਦਾਬਾਦ ਜਾਂ ਕਿਸੇ ਦੀ ਮੁਰਦਾਬਾਦ, ਕੇਵਲ ਭੀੜਾਂ ਹੀ ਕਰ ਸਕਦੀਆਂ ਹਨ। ਅਕਲ ਵਾਲੇ ਬੰਦੇ ਕਦੇ ਅਜਿਹਾ ਕੁਫ਼ਰ ਨਹੀਂ ਤੋਲ ਸਕਦੇ।”
ਗ੍ਰੰਥਕਾਰਾਂ ਮੁਤਾਬਕ ਇਕ ਸਮੇਂ ਕਸ਼ਮੀਰ ਦੀ ਸੰਗਤ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਪੰਜਾਬ ਵੱਲ ਆ ਰਹੀ ਸੀ। ਉਨ੍ਹਾਂ ਸਫ਼ਰ ਦੌਰਾਨ ਰਾਹ ਵਿਚ ਕੱਟੂ ਸ਼ਾਹ ਦੇ ਘਰੇ ਪੜਾਅ ਕੀਤਾ ਜੋ ਗੁਰੂ ਘਰ ਦਾ ਹੀ ਪ੍ਰੇਮੀ ਸੀ। ਰਾਤ ਕੱਟ ਕੇ ਜਦੋਂ ਸਵੇਰੇ ਕਾਫ਼ਲਾ ਤੁਰਨ ਲੱਗਿਆ ਤਾਂ ਸੰਗਤ ‘ਚੋਂ ਇਕ ਦੇ ਸਿਰ ਪ੍ਰੇਮ ਨਾਲ ਚੁੱਕੇ ਹੋਏ ਭਾਂਡੇ ਵੱਲ ਇਸ਼ਾਰਾ ਕਰ ਕੇ ਭਾਈ ਕੱਟੂ ਨੇ ਪੁੱਛਿਆ ਕਿ ਇਹਦੇ ਵਿਚ ਕੀ ਸ਼ੈਅ ਹੈ? ਸੰਗਤ ਨੇ ਦੱਸਿਆ ਕਿ ਬਹੁਤ ਸੁੱਚਮ ਨਾਲ ਚੋਇਆ ਹੋਇਆ ਸ਼ਹਿਦ ਹੈ ਜੋ ਅਸੀਂ ਪੰਜਾਬ ਪਹੁੰਚ ਕੇ ਗੁਰੂ ਜੀ ਨੂੰ ਸ਼ਰਧਾ ਨਾਲ ਛਕਾਉਣਾ ਹੈ। ਕੱਟੂ ਸ਼ਾਹ ਭੋਲੇ ਭਾਅ ਬੋਲਿਆ,  “ਸ਼ਹਿਦ ਸੁਣ ਕੇ ਤਾਂ ਮੇਰੇ ਮੂੰਹ ‘ਚ ਪਾਣੀ ਆ ਗਿਐ। ਥੋੜ੍ਹਾ ਜਿਹਾ ਮੈਨੂੰ ਵੀ ਖਾਣ ਨੂੰ ਦੇ ਦਿਉ?” ਸੁਣਨ ਵਾਲਿਆਂ ਨੂੰ ਬੜਾ ਬੁਰਾ ਲੱਗਿਆ, ‘ਕੈਸਾ ਬੇਅਕਲਾ ਸਿੱਖ ਹੈ?’ ਉਨ੍ਹਾਂ ਠੋਕ ਕੇ ਨਾਂਹ ਕਰ ਦਿੱਤੀ ਤੇ ਸਫ਼ਰ ‘ਤੇ ਤੁਰ ਪਏ।
ਅੰਮ੍ਰਿਤਸਰ ਪਹੁੰਚ, ਗੁਰੂ ਮਹਾਰਾਜ ਨੂੰ ਨਮਸਕਾਰ ਕਰ ਕੇ ਚਾਈਂ ਚਾਈਂ ਸ਼ਹਿਦ ਵਾਲੇ ਭਾਂਡੇ ਦਾ ਢੱਕਣ ਖੋਲ੍ਹਿਆ ਤਾਂ ਉਹ ਹੈਰਾਨ ਹੀ ਰਹਿ ਗਏ। ਸ਼ਹਿਦ ‘ਚੋਂ ਬਦਬੂ ਆ ਰਹੀ ਸੀ। ਪ੍ਰੇਸ਼ਾਨ ਹੁੰਦਿਆਂ ਉਨ੍ਹਾਂ ਗੁਰੂ ਜੀ ਨੂੰ ਰਾਹ ਵਾਲਾ ਵਾਕਿਆ ਸੁਣਾਉਂਦਿਆਂ ਪੁੱਛਿਆ ਕਿ ਸਾਡੇ ਚੰਗੇ ਭਲੇ ਸ਼ਹਿਦ ਨੂੰ ਕੀ ਹੋ ਗਿਆ? ਗੁਰੂ ਸਾਹਿਬ ਮੁਸਕਰਾ ਕੇ ਆਖਿਆ,
ਜੋ ਮਮ ਸਿੱਖਨ ਕੇ ਮੁਖ ਪਰੇ।
ਸੋ ਮੁਝ ਕੇ ਪਹੁਚਹਿ ਹਿਤ ਧਰੇ।
ਮੇਰੇ ਸਿੱਖ ਦੇ ਮੂੰਹ ‘ਚ ਪਈ ਚੀਜ਼ ਮੈਨੂੰ ਪ੍ਰਾਪਤ ਹੋ ਜਾਂਦੀ ਹੈ। ਤੁਸੀਂ ਕੱਟੂ ਨੂੰ ਸ਼ਹਿਦ ਤੋਂ ਇਨਕਾਰ ਕਰ ਕੇ ਚੰਗਾ ਨਹੀਂ ਕੀਤਾ।
‘ਮਹਾਰਾਜ ਹੁਣ ਫਿਰ ਕੀ ਕੀਤਾ ਜਾਏ?’ ਸ਼ਰਧਾਲੂਆਂ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਗੁਰੂ ਜੀ ਨੇ ਉਨ੍ਹਾਂ ਨੂੰ ਮੁੜ ਭਾਈ ਕੱਟੂ ਕੋਲ ਵਾਪਸ ਭੇਜਿਆ। ਮੁੜਦੇ ਪੈਰੀਂ ਉਹ ਭਾਈ ਕੱਟੂ ਦੇ ਘਰੇ ਪਹੁੰਚੇ,
ਮਾਨ ਬਚਨ ਕੋ ਬਹੁਰ ਪਧਾਰੇ।
ਲੇ ਮਧੁ ਬਾਸਨ ਬਿਲਮ ਨਿਵਾਰੇ।
‘ਸੂਰਜ ਪ੍ਰਕਾਸ਼’ ਵਿਚ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸੋਨ-ਸੁਨਹਿਰੀ ਭਾਅ ਮਾਰਦਾ ਸੁਗੰਧੀਦਾਰ ਸ਼ਹਿਦ ਛੱਕ ‘ਕੱਟੂ ਸ਼ਾਹ ਹੇਰਿ ਮੁਸਕਾਇ।’
ਪਾਕਿਸਤਾਨ ਦੇ ਕਸਬੇ ਸੈਦਪੁਰ (ਜੋ ਹੁਣ ਐਮਨਾਬਾਦ ਸੱਦੀਂਦਾ ਹੈ) ਦਾ ਅਮੀਰ ਤੇ ਸਰਕਾਰੇ-ਦਰਬਾਰੇ ਅਸਰ ਰਸੂਖ ਰਖਾਉਂਦਾ ਮਲਿਕ ਭਾਗੋ, ਆਪਣੇ ਘਰ ਲੰਗਰ ਲਾਈ ਬੈਠਾ ਹੈ ਜਿਸ ਵਿਚ ਛੱਤੀ ਪ੍ਰਕਾਰ ਦੇ ਭੋਜਨ ਬਣੇ ਹੋਏ ਨੇ। ਦੁਨੀਆਂ ਭਰ ਦੇ ਲਗੜ-ਬੱਗ ਸਾਧ ਬੂਬਨੇ ਉਹਦੇ ਮਹਿਲਾਂ ਵਿਚ ਰੱਜ ਰੱਜ ਡੰਝਾਂ ਲਾਹ ਰਹੇ ਨੇ। ਸੈਦਪੁਰ ਨੂੰ ਆਉਂਦੇ ਰਸਤੇ ਵੀ ਭੀੜਾਂ ਨਾਲ ਭਰੇ ਪਏ ਨੇ। ਚੋਟੀ ਦੇ ਹਲਵਾਈਆਂ ਵੱਲੋਂ ਬਣਾਏ ਹੋਏ ਬਹੁ-ਭਾਂਤੇ ਪਕਵਾਨ ਖਾ ਖਾ, ਲੋਕੀਂ ਭਾਗੋ ਦੀ ਅਮੀਰੀ ਦੇ ਸੋਹਿਲੇ ਗਾਉਂਦੇ ਤੁਰੇ ਜਾਂਦੇ ਨੇ। ਕਈ ਸੰਨਿਆਸੀ-ਜੋਗੀ ਦਾਨ-ਦੱਛਣਾ ਕੱਛੇ ਮਾਰ ਕੇ, ਭਾਗੋ ਦੀ ਅਮੀਰੀ ਹੋਰ ਵਧਣ ਫੁੱਲਣ ਦੀਆਂ ਗਜ਼ ਗਜ਼ ਲੰਮੀਆਂ ਅਰਦਾਸਾਂ ਕਰ ਰਹੇ ਨੇ।
ਭਗਵੇਂ ਕੱਪੜਿਆਂ ਅਤੇ ਹੱਥ ‘ਚ ਫੜੀਆਂ ਜਪ ਮਾਲੀਆਂ ਤੇ ਲੰਮੀਆਂ ਜਟਾਵਾਂ ਵਾਲੇ ਜੋਗੀ, ਜੰਗਮਾਂ ਜਾਂ ਹੋਰ ਨਿੱਕੀ ਨੰਨ੍ਹੀ ਦੀ ਬੇਥਾਹ ਭੀੜ ਦੇਖ ਕੇ, ਆਮ ਲੋਕਾਂ ਦੀ ਨਜ਼ਰ ਵਿਚ ਲਹੂ ਪੀਣਾ ਭਾਗੋ ਦਾਨੀ ਤੇ ਧਰਮੀ ਬਣਿਆ ਦਿਖਾਈ ਦੇ ਰਿਹਾ ਹੈ ਪਰ ਧਰਮ ਦਾ ਰਹਿਬਰ ਇਸੇ ਕਸਬੇ ਦੀ ਇਕ ਨੁੱਕਰੇ, ਆਪਣੇ ਗਰੀਬੜੇ ਜਿਹੇ ਕਿਰਤੀ ਸਾਥੀ, ਭਾਈ ਲਾਲੋ ਦੀ ਅਹਿਰਨ ਕੋਲ ਬੈਠਾ ਬਾਜਰੇ ਦੀ ਸੁੱਕੀ ਰੋਟੀ ਖਾ ਰਿਹਾ ਹੈ। ਬਾਬਾ ਨਾਨਕ ਨਾਲੋਂ ਉਮਰ ‘ਚ 17 ਸਾਲ ਵੱਡਾ ਭਾਈ ਲਾਲੋ ਆਪਣੇ ਮਹਿਮਾਨ ਕੋਲ ਬੈਠਾ ਮਾਲਾ ਨਹੀਂ ਫੇਰ ਰਿਹਾ। ਨਾ ਉਹ ਅੱਖਾਂ ਮੀਚ ਕੇ ਕੋਈ ਪਾਠ ਕਰ ਰਿਹਾ ਹੈ ਤੇ ਨਾ ਹੀ ਉਸ ਸਮਾਧੀ ਲਾਈ ਹੋਈ ਹੈ। ਉਹ ਤਾਂ ਤੇਸਾ-ਆਰੀ ਚਲਾਉਂਦਿਆਂ ਹੋਇਆਂ, ਗੁਰੂ ਬਾਬੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਿਹਾ ਐ ਕਿ ਭਾਗੋ ਜਿਹੇ ਸਰਮਾਏਦਾਰ ਹੈਣ ਤਾਂ ਖੂਨ ਪੀਣੀਆਂ ਜੋਕਾਂ, ਪਰ ਇਹ ਦਿਖਾਵਾ ਕਰ ਰਹੇ ਨੇ ਦਾਨ ਪੁੰਨ ਕਰਨ ਵਾਲੇ ਧਰਮੀ ਜਿਊੜੇ ਹੋਣ ਦਾ।
ਇਨਕਲਾਬੀ ਪੈਗਾਮ ਦੇਣ ਵਾਲੇ ਇਸ ਇਤਿਹਾਸਕ ਬਿਰਤਾਂਤ ਨੂੰ ਅਸੀਂ ਕਰਾਮਾਤ ਤੱਕ ਹੀ ਸੀਮਤ ਕਰ ਦਿੱਤਾ ਹੈ। ਇਸ ਦੇ ਅਰਥਾਂ ਦਾ ਗਹਿਰ ਗੰਭੀਰ ਮੁਤਾਲਿਆ ਕਰਨ ਦੀ ਥਾਂਵੇਂ ਅਸੀਂ ਭਾਗੋ ਦੀ ਰੋਟੀ ‘ਚੋਂ ਲਹੂ ਤੇ ਲਾਲੋ ਦੀ ਰੋਟੀ ‘ਚੋਂ ਦੁੱਧ ਚੁਆ ਰਹੇ ਗੁਰੂ ਨਾਨਕ ਦੇਵ ਨੂੰ ‘ਕਰਾਮਾਤੀ’ ਬਣਾ ਕੇ ਪੂਜਣਾ ਜ਼ਰੂਰੀ ਸਮਝ ਲਿਆ; ਬਜਾਏ ਇਸੇ ਦੇ ਕਿ ਉਨ੍ਹਾਂ ਦੇ ਫਲਸਫੇ ਨੂੰ ਜੀਵਨ ਦਾ ਆਧਾਰ ਬਣਾਇਆ ਜਾਂਦਾ ਪਰ ਅਸੀਂ ਭੀੜਾਂ ਦਾ ਹਿੱਸਾ ਬਣ ਕੇ ਗੁਰੂ ਬਾਬੇ ਦੀ ਬਖ਼ਸ਼ੀ ਜੀਵਨ ਜੁਗਤਿ ਨੂੰ ਪਾਸੇ ਹੀ ਕਰ ਦਿੱਤਾ। ਸਾਖੀ ਦੇ ਕੰਨ ਰਸ ਵਾਲੇ ਗੀਤ ਬਣਾ ਕੇ ਗਾਉਣੇ ਸ਼ੁਰੂ ਕਰ ਦਿੱਤੇ।
ਜਨਮ ਸਾਖੀਆਂ ਸਮੇਤ ਉਨ੍ਹਾਂ ਗ੍ਰੰਥਾਂ ਜਿਨ੍ਹਾਂ ਵਿਚ ਗੁਰੂ ਨਾਨਕ ਤੇ ਭਾਈ ਲਾਲੋ ਦੀ ਮਿਲਣੀ ਦਾ ਉਕਤ ਉਲੇਖ ਮਿਲਦਾ ਹੈ, ਉਨ੍ਹਾਂ ਵਿਚ ਇਹ ਕਿਤੇ ਦਰਜ ਨਹੀਂ ਕਿ ਗੁਰੂ ਨਾਨਕ ਨੇ ਭਾਈ ਲਾਲੋ ਨੂੰ ਇਹ ਹਦਾਇਤ ਦਿੱਤੀ ਹੋਵੇ ਕਿ ਤੂੰ ਭਾਈ ਸਿੱਖਾ! ਆਪਣਾ ਕੰਮ ਕੁੰਮ ਛੱਡ ਕੇ ਹਰ ਸੰਗਰਾਂਦ ਮੈਨੂੰ ਮਿਲਣ ਆਇਆ ਕਰ; ਜਾਂ ਮੱਸਿਆ-ਪੁੰਨਿਆ ‘ਤੇ ਮੈਨੂੰ ਦਾਨ-ਦੱਛਣਾ ਦੇਣ ਪਹੁੰਚਿਆ ਕਰ। ਨਾ ਹੀ ਉਸ ਨੂੰ ਇਹ ਕਸ਼ਟ ਦਿੱਤਾ ਕਿ ਤੂੰ ਮੇਰੇ ਪਹਿਲੇ ਜਨਮਾਂ ਵਿਚ ਕੀਤੀ ਤਪੱਸਿਆ ਵਾਲਾ ਸਥਾਨ ਢੂੰਡ ਕੇ, ਹਰ ਹਾਲ ਡਿਗਦਾ-ਢਹਿੰਦਾ ਜ਼ਿਆਰਤ ਕਰਨ ਜ਼ਰੂਰ ਪੁੱਜਿਆ ਕਰ। ਹਾਂ, ਉਸ ਨੂੰ ਦੂਰ-ਦੁਰਾਡੇ ਕਿਤੇ ਟੱਕਰਾਂ ਮਾਰਨ ਨਾਲੋਂ ਇਹ ਆਖਿਆ ਕਿ ‘ਘਰਿ ਘਰਿ ਅੰਦਰ ਧਰਮਸਾਲ॥’
ਇਨ੍ਹਾਂ ਸਤਰਾਂ ਦੇ ਲੇਖਕ ਦੀ ਤੁੱਛ ਬੁੱਧੀ ਅਨੁਸਾਰ ਘਰ ਵਿਚ ‘ਧਰਮਸਾਲ ਬਣਾਉਣ’ ਦਾ ਕੇਵਲ ਇਹੀ ਮੰਤਵ ਨਹੀਂ ਹੋ ਸਕਦਾ ਕਿ ਗ੍ਰਹਿਸਥੀ ਆਪਣੇ ਘਰ ਵਿਚ ਢੋਲਕੀਆਂ-ਛੈਣੇ ਵਜਾ ਕੇ ਬਾਣੀ ਗਾਈ ਜਾਣ। ਦਰਅਸਲ ਇਹ ਤਜਰਬੇ ਵਾਲੀ ਗੱਲ ਹੈ ਕਿ ਜਦੋਂ ਮਾਂ-ਬਾਪ, ਧੀਆਂ-ਪੁੱਤਰ ਸਾਰੇ ਇਕੱਠੇ ਹੋ ਕੇ ਟਿਕਾਉ ਵਿਚ ਬੈਠੇ ਹੋਣ ਤਾਂ ਉਥੇ ਪ੍ਰਲੋਕ ਨਾਲੋਂ ਇਸ ਲੋਕ ਦੀ ਵਧਰੇ ਚਰਚਾ ਹੁੰਦੀ ਹੈ। ਜਿਵੇਂ ਗੁਰੂ ਨਾਨਕ ਤੇ ਭਾਈ ਲਾਲੋ ਨੇ ਨੇੜੇ ਨੇੜੇ ਹੋ ਕੇ ਸਮੇਂ ਦੇ ਹੰਕਾਰੀ ਸਰਮਾਏਦਾਰ ਭਾਗੋ ਦਾ ਗਰੂਰ ਤੋੜਨ ਦੀਆਂ ਗੱਲਾਂ ਕੀਤੀਆਂ ਸਨ, ਇਵੇਂ ਬਾਬੇ ਨਾਨਕ ਦਾ ਸੰਦੇਸ਼ ਹੈ ਕਿ ਆਪਣੇ ‘ਸਮਿਆਂ ਦੇ ਬਾਬਰਾਂ’ ਦੀ ਹੈਂਕੜ ਤੋੜ ਕੇ ਸੱਚੇ ਸੁੱਚੇ ਕਿਰਤੀਆਂ ਨੂੰ ਵਡਿਆਇਆ ਜਾਵੇ। ਉਨ੍ਹਾਂ ਦੇ ਸਾਥੀ ਬਣਿਆ ਜਾਵੇ। ਉਨ੍ਹਾਂ ਨਾਲ ਹਿੱਕ ਤਾਣ ਕੇ ਸੱਚ ਦਾ ਪੱਖ ਪੂਰਿਆ ਜਾਵੇ।
ਪਰ ਗੁਰੂ ਨਾਨਕ ਦੇ ਅਜੋਕੇ ਪੈਰੋਕਾਰ ਕਹਾਉਣ ਵਾਲਿਆਂ ਨੂੰ ਇਸ ਲੋਕ ਦੀ ਨਹੀਂ, ਸਗੋਂ ਪ੍ਰਲੋਕ ਸੁਧਾਰਨ ਦੀ ਚਿੰਤਾ ਪਈ ਹੋਈ ਹੈ। ਗੁਰੂ ਨਾਨਕ ਤਾਂ ਸਪੱਸ਼ਟ ਆਖਦੇ ਨੇ ਕਿ ਹੋਰ ਅਗਲੇ-ਪਿਛਲੇ ਜਨਮਾਂ ਦੀ ਚਿੰਤਾ ਨਾਲੋਂ ਇਸ ਜੀਵਨ ਨੂੰ ਸੁਚੱਜਾ ਤੇ ਸੁਹਾਵਣਾ ਬਣਾਉਣ ਦਾ ਉਦਮ ਕਰ, ‘ਜੀਵਨ ਤਲਬ ਨਿਵਾਰਿ॥’ ਅੱਗੇ ਗੁਰੂ ਜੀ ਤੀਰਥ-ਭ੍ਰਮਣ ਦਾ ਖੰਡਨ ਕਰਦਿਆਂ ਫਰਮਾਉਂਦੇ ਨੇ,
ਕਿਤੈ ਦੇਸਿ ਨ ਆਇਆ ਸੁਣੀਐ
ਤੀਰਥ ਪਾਸਿ ਨ ਬੈਠਾ॥
ਦਾਤਾ ਦਾਨੁ ਕਰੇ ਤਹ ਨਾਹੀ
ਮਹਲ ਉਸਾਰਿ ਨ ਬੈਠਾ॥
‘ਅੰਜਨ ਮਾਹਿ ਨਿਰੰਜਨ’ ਰਹਿ ਕੇ ਸਾਵੀਂ ਪੱਧਰੀ ਜ਼ਿੰਦਗੀ ਜਿਉਣ ਦੀ ਥਾਂ ਮਾਡਰਨ ਧਰਮੀ, ਔਖੇ ਹੋ ਕੇ ‘ਕਸ਼ਟ ਭੋਗਦਿਆਂ’ ਮਨਘੜਤ ਤੀਰਥਾਂ ‘ਤੇ ਜਾ ਕੇ ਪਤਾ ਨਹੀਂ ਕਿਹੜੇ ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਨੇ?

Be the first to comment

Leave a Reply

Your email address will not be published.