ਮਨ ਮੋਤੀ ਮਨ ਮੰਦਰ

ਅਵਤਾਰ ਸਿੰਘ ਹੰਸਰਾ
ਫੋਨ: 661-368-6572
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਜਿਵੇਂ ਅਸੀਂ ਹਿੱਕ ਉਤੇ ਹੱਥ ਰੱਖ ਕੇ ਕਹਿ ਸਕਦੇ ਹਾਂ ਕਿ ਇਥੇ ਮੇਰਾ ਦਿਲ ਧੜਕਦਾ ਹੈ, ਇੱਧਰ ਜਿਗਰ ਹੈ ਅਤੇ ਇਸੇ ਤਰ੍ਹਾਂ ਚਿਹਰੇ ‘ਤੇ ਨੱਕ, ਮੂੰਹ, ਅੱਖਾਂ ਤੇ ਕੰਨ ਦਿਸਦੇ ਹਨ; ਸਖ਼ਤ ਖੋਪੜੀ ਹੇਠ ਢਕਿਆ ਸਾਡਾ ਤੇਜ਼ ਤਰਾਰ ਦਿਮਾਗ ਸੁਰੱਖਿਅਤ ਪਿਆ ਹੈ, ਪਰ ਅਸੀਂ ਸਰੀਰ ਦੇ ਕਿਸੇ ਵੀ ਹਿੱਸੇ ਉਤੇ ਉਂਗਲ ਰੱਖ ਕੇ ਇਹ ਨਹੀਂ ਕਹਿ ਸਕਦੇ ਕਿ ਇਥੇ ਮੇਰਾ ਮਨ ਹੈ। ਦਰਅਸਲ ਅਰਬਾਂ-ਖਰਬਾਂ ਸੈਲਾਂ ਦਾ ਸਾਡਾ ਸਰੀਰ ਬਣਿਆ ਹੋਇਆ ਹੈ। ਇਨ੍ਹਾਂ ਸੈਲਾਂ ਦੀ ਚੇਤਨਤਾ ਤੇ ਕੁੱਲ ਜਮ੍ਹਾਂ-ਜੋੜ ਦਾ ਨਾਂ ਹੀ ਮਨ ਹੈ।
ਜਿਵੇਂ ਬ੍ਰਹਿਮੰਡ ਦੇ ਕਣ-ਕਣ ਵਿਚ ਪਰਮਾਤਮਾ ਵਸਦਾ ਮੰਨਿਆ ਜਾਂਦਾ ਹੈ ਪਰ ਦਿਸਦਾ ਨਹੀਂ। ਅਸੀਂ ਭਾਵੇਂ ਉਸ ਨੂੰ ਸਰਬ ਸ਼ਕਤੀਮਾਨ ਮੰਨਦੇ ਹਾਂ, ਪਰ ਸਭ ਕੁਝ ਉਸ ਦੇ ਹੁਕਮ ਨਾਲ ਨਹੀਂ ਚਲਦਾ, ਸਗੋਂ ਸਾਰੀ ਪ੍ਰਕਿਰਤੀ ਦੇ ਸਾਰੇ ਵਰਤਾਰੇ ਕਾਰਜ-ਕਾਰਨ ਅਤੇ ਵਿਰੋਧ-ਵਿਕਾਸੀ ਸਿਧਾਂਤ ਅਧੀਨ ਚਲਦੇ ਹਨ। ਸਾਰੇ ਗ੍ਰਹਿ ਇਕ-ਦੂਜੇ ਦੀ ਅਕਰਸ਼ਣ ਸ਼ਕਤੀ ਕਾਰਨ ਬੱਝੇ ਹੋਏ, ਤਰਤੀਬ ਨਾਲ ਲਗਾਤਾਰ ਘੁੰਮ ਰਹੇ ਹਨ। ਜਿਵੇਂ ਵਿਗਿਆਨੀਆਂ ਨੇ ਹੁਣ ਖੋਜਿਆ ਹੈ ਕਿ ਇਥੇ ਬਿੱਗ ਬੈਂਗ (ਵੱਡਾ ਧਮਾਕਾ) ਹੋਇਆ ਜਿਸ ਨਾਲ ਹਜ਼ਾਰਾਂ ਆਕਾਸ਼ ਗੰਗਾਵਾਂ ਹੋਂਦ ਵਿਚ ਆਈਆਂ ਅਤੇ ਅਰਬਾਂ ਸੂਰਜ ਤਾਰੇ ਗ੍ਰਹਿ ਪੈਦਾ ਹੋ ਗਏ। ਗੈਸਾਂ ਬਣੀਆਂ, ਗੈਸਾਂ ਤੋਂ ਪਾਣੀ ਬਣਿਆ। ਪਾਣੀ ਵਿਚੋਂ ਤਰਲ ਪਦਾਰਥ ਪਰੋਟੋ ਪਲਾਜ਼ਮਾ ਪੈਦਾ ਹੋਇਆ ਜਿਸ ਵਿਚੋਂ ਅੱਗੇ ਅਮੀਬਾ ਨੇ ਰੂਪ ਧਾਰਿਆ। ਇਉਂ ਅਰਬਾਂ ਸਾਲਾਂ ਵਿਚ ਅੱਗੇ-ਅੱਗੇ ਜੀਵਨ ਵਿਕਸਤ ਹੁੰਦਾ ਚਲਿਆ ਗਿਆ।
ਪਦਾਰਥ ਦੇ ਪੰਜ ਤੱਤ-ਜਲ, ਪਵਨ, ਧਰਤੀ, ਅਗਨੀ ਤੇ ਆਕਾਸ਼, ਸੰਯੁਕਤ ਹੋ ਕੇ ਜੀਵਨ ਲੀਲ੍ਹਾ ਦਾ ਮੁੱਢ ਬੰਨ੍ਹਦੇ ਹਨ ਅਤੇ ਮਰ ਜਾਣ ਪਿੱਛੋਂ ਇਹ ਪੰਜੇ ਤੱਤ ਵਿਖੰਡਤ ਹੋ ਕੇ, ਆਪਣੇ-ਆਪਣੇ ਤੱਤ ਵਿਚ ਜਾ ਰਲਦੇ ਹਨ। ਕਹਾਣੀ ਇਥੇ ਖ਼ਤਮ ਹੋ ਜਾਂਦੀ ਹੈ। ਕੋਈ ਨਰਕ ਜਾਂ ਸਵਰਗ ਨੂੰ ਨਹੀਂ ਜਾਂਦਾ। ਪਦਾਰਥ ਆਪਣੀ ਸ਼ਕਲ ਬਦਲ ਕੇ ਵੱਖ-ਵੱਖ ਰੂਪ ਧਾਰਦਾ ਰਹਿੰਦਾ ਹੈ। ਸਮੁੱਚੀ ਪ੍ਰਕਿਰਤੀ ਵਿਚ ਸਦਾ ਇਉਂ ਹੀ ਹੁੰਦਾ ਰਹਿੰਦਾ ਹੈ।
ਗੁਰੂ ਨਾਨਕ ਦੇਵ ਜੀ ਬਿੱਗ ਬੈਂਗ ਤੋਂ ਪਹਿਲਾਂ ਦੀ, ਘੁੱਪ ਹਨੇਰੇ ਪੁਲਾੜ ਦੀ ਸਥਿਤੀ ਕਿੰਨੇ ਸਚਿਆਰੇ ਢੰਗ ਨਾਲ ਵਿਗਿਆਨੀਆਂ ਵਾਂਗ ਬਿਆਨ ਕਰਦੇ ਹਨ,
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨਾ ਗਗਨ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦ ਨ ਸੂਰਜ
ਸੁੰਨ ਸਮਾਧਿ ਲਗਾਇਦਾ॥
ਖਾਣੀ ਨ ਬਾਣੀ ਪਉਣ ਨ ਪਾਣੀ॥
ਉਪਤਿ ਖਪਤਿ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ
ਨਦੀ ਨ ਨੀਰੁ ਵਹਾਇਦਾ॥
ਅਧਿਆਤਮਵਾਦੀ ਲੋਕ ਮੰਨਦੇ ਹਨ ਕਿ ਰੱਬ ਨੇ ਛੇ ਦਿਨਾਂ ਵਿਚ ਦੁਨੀਆਂ ਬਣਾਈ ਅਤੇ ਸੱਤਵੇਂ ਦਿਨ ਥੱਕ ਕੇ ਆਰਾਮ ਕੀਤਾ। ਈਸਾਈ ਕਹਿੰਦੇ ਹਨ ਕਿ ਐਤਵਾਰ ਨੂੰ ਆਰਾਮ ਕੀਤਾ ਸੀ। ਮੁਸਲਮਾਨਾਂ ਮੁਤਾਬਕ ਸ਼ੁੱਕਰਵਾਰ (ਜੁੰਮੇ) ਵਾਲੇ ਦਿਨ ਆਰਾਮ ਕੀਤਾ ਸੀ ਅਤੇ ਯਹੂਦੀ ਕਹਿੰਦੇ ਹਨ ਕਿ ਸਨਿਚਰਵਾਰ ਵਾਲੇ ਦਿਨ ਆਰਾਮ ਕੀਤਾ ਸੀ। ਇਉਂ ਇਹ ਆਪਣੇ ਮੁਲਕਾਂ ਵਿਚ ਇਨ੍ਹਾਂ ਆਰਾਮ ਵਾਲੇ ਦਿਨਾਂ ਦੀਆਂ ਛੁੱਟੀਆਂ ਕਰਦੇ ਹਨ। ਜੇ ਭਲਾ ਰੱਬ ਸਰਬ ਸ਼ਕਤੀਮਾਨ ਹੈ, ਫਿਰ ਛੇ ਦਿਨਾਂ ਵਿਚ ਕਿਵੇਂ ਥੱਕ ਸਕਦਾ ਹੈ?
ਤੀਰਥਾਂ ‘ਤੇ ਜਾ ਕੇ ਇਸ਼ਨਾਨ ਕਰਨ ਨਾਲ ਸਰੀਰ ਦੀ ਮੈਲ ਤਾਂ ਲਹਿ ਜਾਂਦੀ ਹੈ, ਪਰ ਮਨ ਨੂੰ ਕੋਈ ਲਾਭ ਨਹੀਂ ਹੁੰਦਾ, ਸਗੋਂ ਕਈ ਵਿਅਕਤੀਆਂ ਦੇ ਮਨ ਵਿਚ ਹੰਕਾਰ ਪੈਦਾ ਹੋ ਜਾਂਦਾ ਹੈ ਕਿ ਮੈਂ ਐਨੇ ਤੀਰਥਾਂ ‘ਤੇ ਇਸ਼ਨਾਨ ਕਰ ਕੇ ਆਪਣੇ ਸਾਰੇ ਪਾਪ ਧੋ ਆਇਆ ਹਾਂ; ਜਦੋਂ ਕਿ ਮਨ ਦੀ ਮੈਲ ਤਾਂ ਗੁਰਬਾਣੀ ਉਤੇ ਅਮਲ ਕਰ ਕੇ ਹੀ ਲਾਹੀ ਜਾ ਸਕਦੀ ਹੈ, ਉਹ ਵੀ ਸੱਚੇ ਮਨ ਨਾਲ ਅਰਥ ਸਮਝ ਕੇ, ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ, ‘ਜਾ ਕਾ ਹਿਰਦਾ ਸ਼ੁਧ ਹੈ ਖੋਜ ਸਬਦ ਮੈ ਲੇਹ॥’ ਅਤੇ ‘ਸੀਸ ਨਿਵਾਈਐ ਕਿਆ ਥੀਐ ਜਿ ਰਿਦੈ ਕੁਸੁੱਧੇ ਜਾਹਿ॥’
ਸਾਡੇ ਮਨ ਵਿਚ ਦੇਵਤਾ ਤੇ ਸ਼ੈਤਾਨ, ਦੋਵੇਂ ਵਸਦੇ ਹਨ। ਜਦ ਬੰਦਾ ਕੋਈ ਕੰਮ ਕਰਨ ਬਾਰੇ ਸੋਚਦਾ ਹੈ ਤਾਂ ਦੇਵਤੇ ਵਾਲਾ ਪੱਖ ਸਾਕਾਰਾਤਮਕ ਰਾਇ ਦਿੰਦਾ ਹੈ ਕਿ ਇਹ ਕੰਮ ਤੇਰੇ ਲਈ ਚੰਗਾ ਨਹੀਂ, ਬੁਰੇ ਕੰਮ ਤੋਂ ਬਚ ਕੇ ਰਹਿ; ਪਰ ਝਟ ਹੀ ਨਾਕਾਰਾਤਮਕ ਪੱਖ ਵਾਲਾ ਸ਼ੈਤਾਨ ਕਹਿੰਦਾ ਹੈ ਕਿ ਪ੍ਰਵਾਹ ਨਾ ਕਰ, ਉਡਾ ਦੇ ਫੱਕੀ, ਇਹਨੇ ਤੇਰੇ ਚਾਚੇ ਦਾ ਕਤਲ ਕੀਤਾ ਸੀ, ਅੱਜ ਲੈ ਲੈ ਬਦਲਾ। ਜੇ ਮਨ ਦ੍ਰਿੜ੍ਹ ਵਿਸ਼ਵਾਸੀ ਹੋਵੇ ਤਾਂ ਦੇਵਤੇ ਵਾਲਾ ਪਾਸਾ ਭਾਰੀ ਹੋ ਜਾਂਦਾ ਹੈ ਅਤੇ ਬੁਰੇ ਕੰਮ ਕਰਨ ਤੋਂ ਬਚ ਜਾਂਦਾ ਹੈ, ਪਰ ਜੇ ਮਨ ਕਮਜ਼ੋਰ ਹੋਵੇ ਤਾਂ ਸ਼ੈਤਾਨ ਭਾਰੂ ਹੋ ਜਾਂਦਾ ਹੈ ਅਤੇ ਬੰਦਾ ਕਤਲ ਕਰਨ ਨੂੰ ਮਿੰਟ ਵੀ ਨਹੀਂ ਲਾਉਂਦਾ।
ਆਮ ਤੌਰ ‘ਤੇ ਮਾੜੇ ਕੰਮ ਨਸ਼ੇ ਵਿਚ ਧੁੱਤ ਹੋ ਕੇ ਹੀ ਕੀਤੇ ਜਾਂਦੇ ਹਨ, ਕਿਉਂਕਿ ਨਸ਼ਾ ਬੰਦੇ ਦੇ ਦਿਮਾਗ ਨੂੰ ਸੁੰਨ ਕਰ ਕੇ ਉਸ ਦੀ ਸੋਚ ਸ਼ਕਤੀ ਖੁੰਢੀ ਕਰ ਦਿੰਦਾ ਹੈ ਅਤੇ ਥੋੜ੍ਹਾ ਬਹੁਤ ਪਾਗਲਪਣ ਭਾਰੂ ਕਰ ਦਿੰਦਾ ਹੈ। ਇਸ ਲਈ ਗੁਰਾਂ ਦਾ ਫੁਰਮਾਨ ਹੈ, ਬਾਬਾ ਹੋਰੁ ਖਾਣਾ ਖੁਸੀ ਖੁਆਰ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਕਾਰ॥
ਤ੍ਰਿਸ਼ਨਾਵਾਂ ਸਾਡੇ ਮਨ ਨੂੰ ਭਟਕਾਉਂਦੀਆਂ ਹਨ। ਜੇ ਮਨ ਵਿਚਲੇ ਪੰਜ ਵਿਕਾਰਾਂ-ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਉਤੇ ਪੂਰਾ ਕੰਟਰੋਲ ਰੱਖਿਆ ਜਾਵੇ ਤਾਂ ਪੂਰਾ ਜੀਵਨ ਸਾਕਾਰਾਤਮਕ ਢੰਗ ਨਾਲ ਪਵਿੱਤਰਤਾ ਵਿਚ ਬਿਤਾਇਆ ਜਾ ਸਕਦਾ ਹੈ। ਤਾਹੀਉਂ ਕਥਨ ਹੈ ਕਿ ਮਨ ਜੀਤੇ ਜਗ ਜੀਤ। ਮਨ ਤਾਂ ਅਨਮੋਲ ਮੋਤੀ ਹੈ, ਇਸ ਨੂੰ ਨਸ਼ਿਆਂ ਦੀ ਲਪੇਟ ਵਿਚ ਲਿਆ ਕੇ ਪੱਥਰ ਨਹੀਂ ਬਣਾਉਣਾ ਚਾਹੀਦਾ। ਮਨ ਨੂੰ ਸਚਿਆਰਾ ਰੱਖ ਕੇ ਅਸੀਂ ਸਾਰਾ ਜੀਵਨ ਅਨੰਦਮਈ ਢੰਗ ਨਾਲ ਬਿਤਾ ਸਕਦੇ ਹਾਂ।
ਖੇਤੋਂ ਮੁੜਦਿਆਂ ਕੋਈ ਮਨਮੁੱਖ ਬੰਦਾ ਉਚੀ ਉਚੀ ਹੇਕ ਲਾ ਕੇ ਗਾਉਂਦਾ ਆ ਰਿਹਾ ਸੀ, ‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥’ ਜਦੋਂ ਉਹ ਘਰ ਪਹੁੰਚਿਆ ਤਾਂ ਸਾਹਮਣੇ ਮੱਝ ਨੂੰ ਧੁੱਪੇ ਖੜ੍ਹੀ ਵੇਖ ਕੇ ਨੌਕਰ ਉਤੇ ਚੀਕ ਉਠਿਆ, “ਓਏ ਰਾਜੂ ਦਿਆ ਬੱਚਿਆ, ਉਲੂ ਦਿਆ ਪੱਠਿਆ! ਤੇਰੀਆਂ ਅੱਖਾਂ ਕਿ ਕੌਲ ਡੋਡੇ? ਤੈਨੂੰ ਧੁੱਪੇ ਖੜ੍ਹੀ ਮੱਝ ਨ੍ਹੀਂ ਦਿਸਦੀ? ਖੋਲ੍ਹ ਕੇ ਇਹਨੂੰ ਛਾਂਵੇਂ ਕਰ ਮਾਂ ਆਪਣੀ ਨੂੰæææ।” ਰਾਜੂ ਨੇ ਬੁੜ ਬੁੜ ਕਰਦਿਆਂ ਮੱਝ ਖੋਲ੍ਹ ਕੇ ਛਾਂਵੇਂ ਕਰ ਦਿੱਤੀ। ਜੇ ਇਸ ਬੰਦੇ ਨੇ ਬਾਣੀ ਦੇ ਅਰਥ ਸਮਝ ਕੇ, ਉਸ ਨੂੰ ਮਨ ‘ਚ ਵਸਾਇਆ ਹੁੰਦਾ ਤਾਂ ਉਸ ਨੇ ਕਹਿਣਾ ਸੀ, “ਰਾਜੇ ਗੁਰਮੁੱਖ ਪਿਆਰਿਆ, ਮੱਝ ਨੂੰ ਧੁੱਪ ਆ ਗਈ ਏ। ਇਸ ਨੂੰ ਛਾਂਵੇਂ ਕਰ ਦੇ ਭਗਤਾæææ।” ਰਾਜੂ ਨੇ ਮੁਸਕਰਾਉਂਦੇ ਹੋਏ ਮੱਝ ਖੋਲ੍ਹ ਕੇ ਛਾਂਵੇਂ ਕਰ ਦੇਣੀ ਸੀ।
ਮਨ ਦੀ ਥਾਂ ਹੋਰ ਕਈ ਸ਼ਬਦ ਜਿਵੇਂ ਚਿੱਤ, ਰੂਹ, ਆਤਮਾ ਤੇ ਦਿਲ ਵੀ ਵਰਤ ਲਏ ਜਾਂਦੇ ਹਨ। ਜਿਵੇਂ ‘ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ।’ ਇਥੇ ਮਨ ਦੀ ਥਾਂ ਦਿਲ ਵਰਤਿਆ ਗਿਆ ਹੈ, ਕਿਉਂਕਿ ਦਿਲ ਤਾਂ ਸਰੀਰ ਦਾ ਸਿਰਫ ਇਕ ਅੰਗ ਹੈ। ਮੇਰੀ ਉਥੇ ਜਾਣ ਨੂੰ ਰੂਹ ਨਹੀਂ ਕਰਦੀ ਜਾਂ ਚਿੱਤ ਨਹੀਂ ਕਰਦਾ, ਦਰਅਸਲ ਮਨ ਹਾਮੀ ਨਹੀਂ ਭਰ ਰਿਹਾ ਹੁੰਦਾ ਹੈ। ਉਹ ਦਿਲ ਦਾ ਬੜਾ ਪਾਪੀ ਐ, ਅਸਲ ‘ਚ ਉਹ ਮਨ ਹਰਾਮੀ ਹੁਜਤਾਂ ਢੇਰ ਕਰਨ ਵਾਲਾ ਵਿਅਕਤੀ ਹੁੰਦਾ ਹੈ। ਉਹ ਸਦਾ ‘ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥’ ਵਾਂਗ ਬੇਈਮਾਨ ਹੁੰਦਾ ਹੈ।
‘ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ॥’
ਉਪਰੋਕਤ ਅਨੁਸਾਰ ਜੋ ਵਿਅਕਤੀ ਪਰਮਾਤਮਾ ਅਤੇ ਮੌਤ ਨੂੰ ਸਦਾ ਯਾਦ ਰੱਖਦਾ ਹੈ; ਉਹ ਨਾ ਕਦੀ ਕੋਈ ਬੁਰਾ ਕੰਮ ਕਰ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਕੌੜੇ ਫਿੱਕੇ ਬੋਲ, ਬੋਲ ਸਕਦਾ ਹੈ; ਸਗੋਂ ਸਦਾ ਚੜ੍ਹਦੀ ਕਲਾ ਵਿਚ ਰਹਿ ਕੇ, ਅਨੰਦਮਈ ਸ਼ਾਂਤ ਚਿੱਤ ਜੀਵਨ ਬਤੀਤ ਕਰਦਾ ਹੋਇਆ, ਸਕੂਨ ਭਰਪੂਰ ਜੀਵਨ ਬਤੀਤ ਕਰ ਕੇ ਜਾਂਦਾ ਹੈ।
ਉਂਜ ਵੀ ਸੁਘੜ ਸੁਜਾਨ ਵਿਅਕਤੀਆਂ ਦਾ ਸੁਹਿਰਦ ਕਥਨ ਹੈ ਕਿ ਹਰ ਇਕ ਦੇ ਮਨ ਵਿਚ ਪਰਮਾਤਮਾ ਵਸਦਾ ਹੈ; ਇਸ ਲਈ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ,
ਮਨ ਮੰਦਰ, ਮਨ ਮਸਜਿਦ,
ਮਨ ਹੀ ਗਿਰਜਾਘਰ ਹੈ।
ਵੇਖੀਂ ਕਿਸੇ ਦਾ ਮਨ ਨਾ ਤੋੜੀਂ,
ਇਹ ਪ੍ਰਭੂ ਦਾ ਘਰ ਹੈ।

Be the first to comment

Leave a Reply

Your email address will not be published.