ਮੌਤ ਤੇ ਜ਼ਿੰਦਗੀ ਦੀ ਲੁਕਣ-ਮੀਚੀ: ਇਕੀਰੂ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਅਕੀਰਾ ਕੁਰੋਸਾਵਾ ਦੀ ਫਿਲਮ ‘ਇਕੀਰੂ’ ਬਾਰੇ ਚਰਚਾ ਕੀਤੀ ਗਈ ਹੈ ਜਿਸ ਵਿਚ ਧੜਕਦੀ ਜ਼ਿੰਦਗੀ ਅਤੇ ਮੌਤ ਬਾਰੇ ਫਲਸਫਾਨਾ ਖੂਬ ਗੱਲਾਂ-ਬਾਤਾਂ ਕੀਤੀਆਂ ਗਈਆਂ ਹਨ।

ਸੰਪਾਦਕ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਅਕੀਰਾ ਕੁਰੋਸਾਵਾ ਦੀ ਫਿਲਮ ‘ਇਕੀਰੂ’ ਬਾਰੇ ਚਰਚਾ ਕੀਤੀ ਗਈ ਹੈ ਜਿਸ ਵਿਚ ਧੜਕਦੀ ਜ਼ਿੰਦਗੀ ਅਤੇ ਮੌਤ ਬਾਰੇ ਫਲਸਫਾਨਾ ਖੂਬ ਗੱਲਾਂ-ਬਾਤਾਂ ਕੀਤੀਆਂ ਗਈਆਂ ਹਨ। ਸੰਪਾਦਕ
ਸ਼ਬਦ ਇਕੀਰੂ ਦਾ ਜਪਾਨੀ ਵਿਚ ਅਰਥ ਹੈ: ਜਿਊਣਾ। ਅਕੀਰਾ ਕੁਰੋਸਾਵਾ ਦੀ ਫਿਲਮ ‘ਰਾਸ਼ੋਮੋਨ` ਜਿੱਥੇ ਮਨੋਵਿਗਿਆਨਕ ਧਰਾਤਲ ਤੇ ਸੱਚ ਅਤੇ ਉਸ ਨਾਲ ਜੁੜੇ ਮਨੁੱਖੀ ਵਰਤਾਰੇ ਦੇ ਵੱਖ-ਵੱਖ ਰੂਪਾਂ ਨੂੰ ਉਘਾੜਦੀ ਫਿਲਮ ਹੈ, ਉਸ ਦੀ ਫਿਲਮ ‘ਇਕੀਰੂ` ਮੌਤ ਦੀ ਦਾਰਸ਼ਨਿਕਤਾ ਦੇ ਇਰਦ-ਗਿਰਦ ਬੁਣੀ ਗਈ ਹੈ। ਇਸ ਫਿਲਮ ਦਾ ਮੁੱਖ ਕਿਰਦਾਰ ਮਿਸਟਰ ਵਟਨੇਵਲ ਮੌਤ ਦੇ ਇੰਤਜ਼ਾਰ ਵਿਚ ਹੈ। ਮੌਤ ਦੀ ਦਸਤਕ ਉਸ ਅੱਗੇ ਬਲਦਾ ਸਵਾਲ ਪੈਦਾ ਕਰ ਦਿੰਦੀ ਹੈ: ਕੀ ਉਸ ਦੀ ਹੁਣ ਤੱਕ ਦੀ ਜ਼ਿੰਦਗੀ ਵਿਚ ਉਹ ਅਸਲ ਵਿਚ ਜੀਅ ਰਿਹਾ ਸੀ ਜਾਂ ਮਹਿਜ਼ ਜਿਊਣ ਦੀ ਰੁਟੀਨ ਖਾਨਾਪੂਰਤੀ ਕਰ ਰਿਹਾ ਸੀ? ਅਚਾਨਕ ਪੈਦਾ ਹੋਏ ਇਸ ਸਵਾਲ ਸਾਹਮਣੇ ਉਹ ਡੌਰ-ਭੌਰ ਹੋ ਜਾਂਦਾ ਹੈ। ਇਸ ਫਿਲਮ ਨੂੰ ਸਮਝਣ ਲਈ ਅਲਵੇਅਰ ਕਾਮੂ ਦੀ ਲਿਖਤ ‘ਦਿ ਮਿੱਥ ਆਫ ਸਿਸੀਪਸ’ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ।
ਬੰਦੇ ਦੇ ਹੋਣ ਦਾ ਕੀ ਅਰਥ ਹੈ? ਉਸ ਦੇ ਇਸ ਦੁਨੀਆ ਵਿਚ ਵਿਚਰਨ ਅਤੇ ਕਾਰ-ਵਿਹਾਰ ਦਾ ਅੰਤਿਮ ਉਦੇਸ਼ ਕੀ ਹੈ? ਜ਼ਿੰਦਗੀ ਵਿਚ ਜ਼ਿੰਦਗੀ ਵਰਗੀ ਕਿਹੜੀ ਚੀਜ਼ ਹੈ ਜਿਹੜੀ ਮੌਤ ਨੂੰ ਜ਼ਿੰਦਗੀ ਨਾਲੋਂ ਸਸਤਾ ਸਾਬਤ ਕਰਦੀ ਹੈ? ਜੇ ਅੰਤਿਮ ਪੜਾਅ ਮੌਤ ਹੀ ਹੈ ਤਾਂ ਫਿਰ ਜ਼ਿੰਦਗੀ ਭਰ ਬੰਦਾ ਕਿਸ ਸੱਚ ਜਾਂ ਅਮਰਤਾ ਦੀ ਤਲਾਸ਼ ਵਿਚ ਭਟਕਦਾ ਫਿਰਦਾ ਹੈ? ਅਕੀਰਾ ਦਾ ਕਿਰਦਾਰ ਮਿਸਟਰ ਵਟਨੇਵਲ ਖੁਦਕੁਸ਼ੀ ਨੂੰ ਠੁਕਰਾ ਚੁੱਕਾ ਹੈ ਪਰ ਉਸ ਵੱਲ ਮੌਤ ਵਾਹੋਦਾਹੀ ਭੱਜੀ ਆ ਰਹੀ ਹੈ। ਉਹ ਵੱਖ-ਵੱਖ ਤਰੀਕਿਆਂ ਨਾਲ ਮੌਤ ਦੇ ਵਿਚਾਰ ਨੂੰ ਆਪਣੇ ‘ਤੇ ਹਾਵੀ ਹੋਣ ਤੋਂ ਰੋਕ ਰਿਹਾ ਹੈ ਤੇ ਇਸ ਵਿਚ ਨਾ-ਕਾਮਯਾਬ ਹੋ ਰਿਹਾ ਹੈ। ਇਸ ਸਾਰੀ ਹਾਲਤ ਵਿਚ ਉਦਾਸੀ ਅਤੇ ਇਕੱਲਤਾ ਉਸ ਉਪਰ ਲਗਾਤਾਰ ਹਾਵੀ ਹੋ ਰਹੀ ਹੈ ਪਰ ਉਹ ਇਸ ਅੱਗੇ ਹਾਰ ਮੰਨਣ ਤੋਂ ਇਨਕਾਰੀ ਹੈ।
ਫਿਲਮ ਵਿਚ ਮਿਸਟਰ ਵਟਨੇਵਲ ਉਚ ਅਹੁਦੇ ਤੋਂ ਰਿਟਾਇਰ ਹੋਇਆ ਹੈ ਅਤੇ ਉਸ ਨੂੰ ਫੇਫੜਿਆਂ ਦਾ ਕੈਂਸਰ ਹੈ। ਉਸ ਨੇ ਤੀਹ ਸਾਲ ਤੱਕ ਟੋਕੀਓ ਸਿਟੀ ਹਾਲ ਵਿਚ ਨੌਕਰੀ ਕੀਤੀ ਹੈ ਤੇ ਬਿਨਾਂ ‘ਨੌਕਰੀ` ਤੋਂ ਕੁਝ ਵੀ ਨਹੀਂ ਕੀਤਾ। ਉਹ ਇੱਕ ਪੁਰਾਣੇ ਮੇਜ਼ ਉਪਰ ਸਾਲਾਂ ਬੱਧੀ ਫਾਈਲਾਂ ਦੀ ਅਜੀਬ ਗੰਧ ਨਾਲ ਭਰੇ ਦਫਤਰ ਵਿਚ ਨੌਕਰੀ ਕਰਦਾ ਰਿਹਾ ਹੈ ਜਿੱਥੇ ਪੂਰਾ ਦਿਨ ਫਾਈਲਾਂ ਦੀ ਆਵਾਜਾਈ ਅਤੇ ਉਨ੍ਹਾਂ ਤੇ ਲਿਖੀਆਂ ਨੋਟਿਗਾਂ ਤੇ ਰੁੱਕੇ ਪੜ੍ਹਨ ਤੇ ਉਨ੍ਹਾਂ ਨਾਲ ਸਬੰਧਿਤ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਵਿਚ ਗੁਜ਼ਰ ਜਾਂਦਾ ਹੈ। ਇਹ ਸਾਰਾ ਕੁਝ ਇੰਨਾ ਦੁਹਰਾਉ ਭਰਿਆ, ਨਿਰੰਤਰ ਤੇ ਕ੍ਰਮਬੱਧ ਹੈ ਕਿ ਦਫਤਰ ਵਿਚ ਕੰਮ ਕਰਦੇ ਬੰਦਿਆਂ ਦੀ ਆਪਣੀ ਇਨਸਾਨੀ ਪਛਾਣ ਹੀ ਇਨ੍ਹਾਂ ਅੰਦਰ ਗੁੰਮ ਜਾਂਦੀ ਹੈ। ਲੱਗਦਾ ਹੈ, ਜਿਵੇਂ ਉਨ੍ਹਾਂ ਦੇ ਦਿਲ-ਦਿਮਾਗ ਸੁੰਨ ਹਨ ਤੇ ਸਿਰਫ ਹੱਥਾਂ-ਪੈਰਾਂ ਤੇ ਮੂੰਹਾਂ ਰਾਹੀਂ ਫਾਈਲਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਤੋਂ ਉਨ੍ਹਾਂ ਦੇ ਜਿਊਂਦੇ ਹੋਣ ਦੀ ਨਿਸ਼ਾਨਦੇਹੀ ਹੁੰਦੀ ਹੈ।
ਇਸ ਦਫਤਰ ਵਿਚ ਮਿਸਟਰ ਵਟਨੇਵਲ ਦੀ ਡਿਊਟੀ ਹੋਰ ਵੀ ਦੁਖਦਾਇਕ ਹੈ। ਉਸ ਦਾ ਕੰਮ ਰਬੜ ਦੀ ਮੋਹਰ ਇਨ੍ਹਾਂ ਫਾਈਲਾਂ ‘ਤੇ ਲਗਾਉਣਾ ਹੈ ਜਿਸ ਨਾਲ ਇਹ ਸਿੱਧ ਹੋ ਜਾਵੇ ਕਿ ਫਾਈਲ ਉਸ ਦੇ ਹੱਥਾਂ ਵਿਚੋਂ ਗੁਜ਼ਰ ਚੁੱਕੀ ਹੈ। ਪੂਰੇ ਤੀਹ ਸਾਲ ਉਹ ਰਬੜ ਦੀ ਮੋਹਰ ਵਾਂਗ ਰਬੜ ਦੀ ਉਸ ਮੋਹਰ ਦੀ ਰਾਖੀ ਕਰਦਾ ਹੈ। ਅੰਤ ਵਿਚ ਉਸ ਨੂੰ ਲੱਗਦਾ ਹੈ ਕਿ ਕੋਈ ਬੰਦਾ ਇਸ ਤਰਾਂ੍ਹ ਕਿਉਂ ਰਬੜ ਦੀ ਇੱਕ ਮੋਹਰ ਲਈ ਆਪਣੀ ਪੂਰੀ ਜ਼ਿੰਦਗੀ ਖਪਤ ਕਰ ਸਕਦਾ ਹੈ? ਇਹੀ ਇਸ ਫਿਲਮ ਦਾ ਕੇਂਦਰੀ ਨੁਕਤਾ ਹੈ।
ਇਸ ਫਿਲਮ ਦੇ ਹਰ ਦ੍ਰਿਸ਼ ਤੇ ਵਾਰ-ਵਾਰ ਮੌਤ ਨਾਲ ਦੋ-ਚਾਰ ਹੋ ਰਹੀ ਜ਼ਿੰਦਗੀ ਦਾ ਝਲਕਾਰਾ ਹਾਵੀ ਹੈ। ਫਿਲਮ ਦਾ ਸਭ ਤੋਂ ਦਿਲਚਸਪ ਦ੍ਰਿਸ਼ ਉਹ ਹੈ ਜਿਸ ਵਿਚ ਉਹ ਉਸ ਦੇ ਨਾਲ ਹੀ ਕੰਮ ਕਰਦੀ ਰਹੀ ਅਤੇ ਹੁਣ ਉਸ ਨਾਲ ਯਾਤਰਾ ‘ਤੇ ਨਿਕਲੀ ਮੁਟਿਆਰ ਨੂੰ ਵਾਰ-ਵਾਰ ਪੁੱਛਦਾ ਹੈ ਕਿ ਉਹ ਇੰਨਾ ਖੁਸ਼ ਕਿਵੇਂ ਰਹਿੰਦੀ ਹੈ? ਉਹ ਉਦਾਸ ਅਤੇ ਦੁਖੀ ਕਿਉਂ ਨਹੀਂ ਹੁੰਦੀ? ਉਹ ਉਸ ਦੀ ਮਿੰਨਤ ਕਰਦਾ ਹੈ ਕਿ ਉਹ ਉਸ ਨੂੰ ਸਿਰਫ ਇੱਕ ਦਿਨ ਆਪਣੇ ਵਾਂਗ ਖੁਸ਼ੀ ਨਾਲ ਜਿਊਣ ਦੀ ਜਾਚ ਸਿਖਾ ਦੇਵੇ ਤਾਂ ਕਿ ਉਹ ਮਰਨ ਤੋਂ ਪਹਿਲਾਂ ਘੱਟੋ-ਘੱਟ ਇੱਕ ਦਿਨ ਤਾਂ ਅਸਲ ਵਿਚ ਜ਼ਿੰਦਾ ਮਹਿਸੂਸ ਕਰ ਸਕੇ। ਜਵਾਬ ਵਿਚ ਉਹ ਕੁੜੀ ਉਸ ਨੂੰ ਦੱਸਦੀ ਹੈ ਕਿ ਉਹ ਬੱਚਿਆਂ ਲਈ ਖਿਡਾਉਣੇ ਬਣਾਉਂਦੀ ਹੈ ਅਤੇ ਉਨ੍ਹਾਂ ਪਲਾਂ ਨੂੰ ਲਗਾਤਾਰ ਮਨ ਵਿਚ ਚਿਤਰਦੀ ਰਹਿੰਦੀ ਹੈ: ਜਦੋਂ ਛੋਟੇ-ਛੋਟੇ ਬੱਚੇ ਇਨ੍ਹਾਂ ਖਿਡੌਣਿਆਂ ਨਾਲ ਖੇਡਦਿਆਂ ਕਿਲਕਾਰੀਆਂ ਮਾਰਦੇ ਹਨ।
ਫਿਰ ਉਹ ਉਸ ਨੂੰ ਪੁੱਛਦੀ ਹੈ ਕਿ ਤੁਸੀ ਕਿਉਂ ਨਹੀਂ ਕੁਝ ਸਿਰਜਦੇ? ਇਹ ਗੱਲ ਸੁਣਦਿਆਂ ਹੀ ਮਿਸਟਰ ਵਟਨੇਵਲ ਨੂੰ ਆਪਣੇ ਦੁੱਖ ਦੀ ਸਮਝ ਆਉਣੀ ਸ਼ੁਰੂ ਆ ਜਾਂਦੀ ਹੈ। ਉਸ ਦੀ ਜ਼ਿੰਦਗੀ ਦਾ ਕੀ ਮੰਤਵ ਹੈ? ਉਸ ਨੇ ਹੁਣ ਤੱਕ ਅਜਿਹਾ ਕੀ ਕੀਤਾ ਹੈ ਜਿਸ ਕਾਰਨ ਲੋਕ ਉਸ ਨੂੰ ਆਪਣੀਆਂ ਯਾਦਾਂ ਵਿਚ ਸੰਭਾਲਣ? ਬਹੁਤ ਦੇਰ ਖੁਦ ਨਾਲ ਲੜਨ ਤੋਂ ਬਾਅਦ ਉਸ ਨੂੰ ਉਸ ਅਰਜ਼ੀ ਦਾ ਚੇਤਾ ਆਉਂਦਾ ਹੈ ਜੋ ਇੱਕ ਔਰਤ ਨੇ ਉਸ ਨੂੰ ਸ਼ਹਿਰ ਵਿਚ ਬੱਚਿਆਂ ਲਈ ਪਾਰਕ ਬਣਾਉਣ ਲਈ ਦਾਖਲ ਕੀਤੀ ਸੀ। ਉਹ ਉਸ ਅਰਜ਼ੀ ਦੀ ਤਲਾਸ਼ ਵਿਚ ਜੁਟ ਜਾਂਦਾ ਹੈ, ਤੇ ਫਿਰ ਉਸ ਪਾਰਕ ਦੀ ਉਸਾਰੀ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾ ਲੈਂਦਾ ਹੈ। ਇੱਕ ਰਾਤ ਉਸੇ ਪਾਰਕ ਵਿਚ ਉਹ ਬਰਫਬਾਰੀ ਵਿਚ ਇੱਕ ਝੂਲੇ ‘ਤੇ ਬੈਠਿਆਂ ਇਹ ਗਾਉਂਦਿਆ ਫੌਤ ਹੋ ਜਾਂਦਾ ਹੈ:
ਨਿੱਕੀ ਜਿਹੀ ਹੈ ਜ਼ਿੰਦਗੀ
ਇਸ ਨੂੰ ਪਿਆਰ ਤੋਂ ਕਰ ਦੇਵੇ ਕੁਰਬਾਨ
ਇਸ ਤੋਂ ਪਹਿਲਾਂ ਕਿ
ਸਭ ਕੁਝ ਧੁੰਦਲਾ ਜਾਵੇ
ਇਸ ਤੋਂ ਪਹਿਲਾਂ ਕਿ
ਦਿਲਾਂ ਵਿਚ ਬਲਦੀ ਅੱਗ
ਬੁਝ ਕੇ ਰਾਖ ਹੋ ਜਾਵੇ
ਕਿ ਅੱਜ ਜਿਹੜਾ
ਗੁਜ਼ਰ ਜਾਣਾ ਹੈ ਪਲਾਂ ਵਿਚ
ਇਸ ਨੇ ਨਹੀਂ ਮੁੜਨਾ ਕਦੇ ਵੀ।