ਕੌਂਸਲ ਚੋਣਾਂ: ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਬਣਿਆ ਕਿਸਾਨ ਸੰਘਰਸ਼

ਚੰਡੀਗੜ੍ਹ: ਪੰਜਾਬ ਦੇ ਦਿਹਾਤੀ ਖੇਤਰਾਂ ਦਾ ਵੱਡਾ ਹਿੱਸਾ ਇਸ ਵੇਲੇ ਕਿਸਾਨ ਅੰਦੋਲਨ ਵਿਚ ਰੁੱਝਾ ਹੋਇਆ ਹੈ ਅਤੇ ਦਿੱਲੀ ਡੇਰੇ ਲਗਾਈ ਬੈਠਾ ਹੈ ਪਰ ਪੰਜਾਬ ਵਿਚ ਕੌਂਸਲ ਚੋਣਾਂ ਦੇ ਐਲਾਨ ਨਾਲ ਸਿਆਸੀ ਪਾਰਾ ਚੜ੍ਹ ਗਿਆ ਹੈ। ਸਿਆਸੀ ਪਾਰਟੀਆਂ ਵਲੋਂ ਇਨ੍ਹਾਂ ਚੋਣਾਂ ਨੂੰ ਲੈ ਕੇ ਕਮਰਕੱਸੇ ਕਰ ਲਏ ਹਨ।

ਕਿਸਾਨੀ ਅੰਦੋਲਨ ਕਰਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਅੰਦਰਖਾਤੇ ਚਿੰਤਾ ਵਧਣ ਲੱਗੀ ਹੈ। ਹਾਲਾਤ ਅਜਿਹੇ ਉਪਜਣ ਲੱਗੇ ਹਨ ਕਿ ਜਿਵੇਂ-ਜਿਵੇਂ ਚੋਣਾਂ ਦੇ ਦਿਨ ਘਟ ਰਹੇ ਹਨ ਤਿਵੇਂ-ਤਿਵੇਂ ਰਾਜਸੀ ਪਾਰਟੀਆਂ ਨੂੰ ਸਿਆਸੀ ਜ਼ਮੀਨ ਵੀ ਖੁੱਸਦੀ ਹੋਈ ਪ੍ਰਤੀਤ ਹੋਣ ਲੱਗੀ ਹੈ। ਦੱਸਿਆ ਜਾ ਰਿਹਾ ਹੈ ਰਾਜਸੀ ਧਿਰਾਂ ਨੂੰ ਵੱਡੀ ਚਿੰਤਾ ਹੈ ਕਿ ਵਿਧਾਨ ਸਭਾ ਪਿੜ ਤੱਕ ਕਿਸਾਨੀ ਝੰਡਿਆਂ ਅੱਗੇ ਸਿਆਸੀ ਝੰਡਿਆਂ ਦਾ ਰੰਗ ਕਿਤੇ ਅਸਲੋਂ ਫਿੱਕਾ ਨਾ ਪੈ ਜਾਏ। ਅਜਿਹੇ ‘ਚ ਕਿਸਾਨ ਘੋਲ ਦੀ ਹਮਾਇਤ ਦੇ ਨਾਂ ‘ਤੇ ਰਾਜਸੀ ਧਿਰਾਂ ਵੱਲੋਂ ਆਪਣੀ ਬਚੀ-ਖੁਚੀ ਸਿਆਸੀ ਸਾਖ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਸੰਘਰਸ਼ ਨੇ ਸੂਬੇ ਦੀ ਫਿਜ਼ਾ ਦਾ ਚਿਹਰਾ-ਮੋਹਰਾ ਬਦਲ ਕੇ ਰੱਖ ਦਿੱਤਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਚਾਰ-ਚੁਫੇਰੇ ਲਹਿਰਾ ਰਹੇ ਕਿਸਾਨੀ ਝੰਡਿਆਂ ਤੋਂ ਸਿਆਸੀ ਧਿਰਾਂ ਨੂੰ ਰਾਜਸੀ ਤਾਪ ਚੜ੍ਹਨਾ ਸੁਭਾਵਕ ਹੈ।
ਇਸ ਵਾਰ ਇਨ੍ਹਾਂ ਚੋਣਾਂ ਵਿਚ ਵੱਖਰੀ ਗੱਲ ਇਹ ਵੀ ਦੇਖਣ ਨੂੰ ਮਿਲੇਗੀ ਕਿ ਸਿਆਸੀ ਗਠਜੋੜ ਦੀਆਂ ਤੰਦਾਂ ਨਾਲ ਕਈ ਸਾਲਾਂ ਤੋਂ ਬੱਝੀਆਂ ਪਾਰਟੀਆਂ ਅਕਾਲੀ ਦਲ ਅਤੇ ਭਾਜਪਾ ‘ਚ ਤੋੜ ਵਿਛੋੜਾ ਹੋਣ ਕਰਕੇ ਦੋਵੇਂ ਹੀ ਆਪਣੀਆਂ ਆਹਮੋ-ਸਾਹਮਣੇ ਹੋ ਕੇ ਇਕ ਦੂਸਰੇ ਦਾ ਮੁਕਾਬਲਾ ਕਰਨਗੀਆਂ।
ਇਨ੍ਹਾਂ ਚੋਣਾਂ ਨੂੰ ਲੈ ਕੇ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਬਸਪਾ ਸਮੇਤ ਹੋਰ ਕਈ ਪਾਰਟੀਆਂ ਖੁੱਲ੍ਹ ਕੇ ਤਿਆਰੀਆਂ ‘ਚ ਜੁਟੀਆਂ ਹੋਈਆਂ ਹਨ ਅਤੇ ਇਕੱਲੇ-ਇਕੱਲੇ ਚੋਣਾਂ ਲੜਨ ਦਾ ਐਲਾਨ ਕਰ ਚੁੱਕੀਆਂ ਹਨ। ਭਾਜਪਾ ਵਲੋਂ ਅੰਦਰਖਾਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਭਾਜਪਾ ਵਲੋਂ ਚੋਣ ਇੰਚਾਰਜ ਵੀ ਲਗਾ ਦਿੱਤੇ ਗਏ ਹਨ।
ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਨਗਰ ਨਿਗਮ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਅਜੇ ਭਾਵੇਂ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਪਰ ਅੰਦਰਖਾਤੇ ਇਸ ਵਲੋਂ ਵੱਖਰੇ ਤੌਰ ਉਤੇ ਚੋਣ ਲੜਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਲੰਬਾ ਸਮਾਂ ਗੱਠਜੋੜ ਦੀਆਂ ਤੰਦਾਂ ਨਾਲ ਬੱਝੇ ਰਹਿਣ ਵਾਲੇ ਅਕਾਲੀ ਦਲ ਅਤੇ ਭਾਜਪਾ ਦਾ ਆਪਸੀ ਤੋੜ ਵਿਛੋੜਾ ਹੋਣ ਕਰਕੇ ਇਹ ਦੋਵੇਂ ਪਾਰਟੀਆਂ ਦੇ ਉਮੀਦਵਾਰ ਇਨ੍ਹਾਂ ਚੋਣਾਂ ‘ਚ ਆਹਮੋ ਸਾਹਮਣੇ ਹੋਣਗੇ। ਰਾਜ ਚੋਣ ਕਮਿਸ਼ਨ ਵਲੋਂ ਇਹ ਚੋਣਾਂ 14 ਫਰਵਰੀ ਤੋਂ ਕਰਵਾਉਣ ਦਾ ਐਲਾਨ ਕੀਤਾ ਜਾ ਗਿਆ ਹੈ।
______________________________________
ਭਾਜਪਾ ਦੀ ਮੀਟਿੰਗ ਕਿਸਾਨ ਜਥੇਬੰਦੀਆਂ ਨੇ ਰੁਕਵਾਈ
ਜੰਡਿਆਲਾ ਗੁਰੂ: ਇਥੇ ਭਾਜਪਾ ਦਫਤਰ ਵਿਚ ਆ ਰਹੀਆਂ ਨਗਰ ਕੌਂਸਲ ਚੋਣਾਂ ਸਬੰਧੀ ਹੋ ਰਹੀ ਮੀਟਿੰਗ ਰੁਕਵਾਉਣ ਲਈ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪੁੱਜੇ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਪਰ ਪੁਲਿਸ ਦੀ ਮੁਸਤੈਦੀ ਕਾਰਨ ਮਾਹੌਲ ਸ਼ਾਂਤ ਰਿਹਾ। ਸਥਾਨਕ ਬੀ.ਜੇ.ਪੀ. ਦਫਤਰ ਵਿਚ ਨਗਰ ਕੌਂਸਲ ਚੋਣਾਂ ਸਬੰਧੀ ਮੀਟਿੰਗ ਕਰਨ ਭਾਜਪਾ ਅਬਜ਼ਰਵਰ ਕੇਵਲ ਕੁਮਾਰ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ਔਲਖ ਪੁੱਜੇ, ਥੋੜ੍ਹੀ ਦੇਰ ਬਾਅਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਆਪਣੇ ਸਾਥੀਆਂ ਨਾਲ ਮੀਟਿੰਗ ਬੰਦ ਕਰਾਉਣ ਲਈ ਪਹੁੰਚ ਗਏ ਪਰ ਮੌਕੇ ਉਪਰ ਪੁਲਿਸ ਦੇ ਪਹੁੰਚਣ ਨਾਲ ਟਕਰਾਅ ਟਲ ਗਿਆ ਅਤੇ ਪੁਲਿਸ ਨੇ ਮਾਹੌਲ ਨੂੰ ਦੇਖਦੇ ਹੋਏ ਮੀਟਿੰਗ ਬੰਦ ਕਰਵਾ ਦਿੱਤੀ।