ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕਿਰਤੀ ਕਾਮਿਆਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸ਼ਗਨ ਦੀ ਰਾਸ਼ੀ ਇਸ ਸਾਲ ਪਹਿਲੀ ਅਪਰੈਲ ਤੋਂ 31 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਰੋਨਾ ਪਾਜ਼ੀਟਿਵ ਪਾਏ ਜਾਂਦੇ ਕਿਰਤੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 1,500 ਰੁਪਏ ਦੀ ਵਿੱਤੀ ਸਹਾਇਤਾ ਦੇਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਮਾਰਤ ਅਤੇ ਹੋਰ ਉਸਾਰੀ ਕਾਮੇ ਭਲਾਈ ਬੋਰਡ (ਬੀ.ਓ.ਸੀ.ਡਬਲਿਊ.) ਦੀ ਵੀਡਿਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿਚ ਲਿਆ ਗਿਆ। ਮੁੱਖ ਮੰਤਰੀ ਨੇ ਮੌਜੂਦਾ ਸ਼ਰਤਾਂ ਵਿਚ ਕਿਸੇ ਵੀ ਧਾਰਮਿਕ ਸੰਸਥਾ ਗੁਰਦੁਆਰਾ, ਮੰਦਿਰ ਤੇ ਚਰਚ ਵੱਲੋਂ ਜਾਰੀ ਕੀਤੇ ਮੈਰਿਜ ਸਰਟੀਫਿਕੇਟ ਨੂੰ ਇਸ ਮੰਤਵ ਕਰਨ ਲਈ ਸਵੀਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਸਕੀਮ ਤਹਿਤ 50 ਫੀਸਦੀ ਰਾਸ਼ੀ ਐਡਵਾਂਸ ‘ਚ ਲਈ ਜਾ ਸਕਦੀ ਹੈ ਜਦਕਿ ਬਾਕੀ ਰਾਸ਼ੀ ਸੋਧੇ ਨਿਯਮਾਂ ਤਹਿਤ ਸਬੰਧਤ ਅਥਾਰਟੀ ਵੱਲੋਂ ਜਾਰੀ ‘ਮੈਰਿਜ ਸਰਟੀਫਿਕੇਟ‘ ਜਮ੍ਹਾਂ ਕਰਵਾਉਣ ਮਗਰੋਂ ਜਾਰੀ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਸਾਰੀ ਗਤੀਵਿਧੀਆਂ ਦੌਰਾਨ ਕੰਮ ਕਰਦਿਆਂ ਹਾਦਸੇ ‘ਚ ਕਿਰਤੀ ਦੀ ਮੌਤ ਹੋਣ ਦੀ ਸੂਰਤ ‘ਚ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਭਾਵੇਂ ਉਹ ਉਸਾਰੀ ਬੋਰਡ ਨਾਲ ਰਜਿਸਟਰਡ ਹੋਵੇ ਜਾਂ ਨਾ, ਪਰ ਉਹ ਉਸਾਰੀ ਕਿਰਤੀ ਵਜੋਂ ਰਜਿਸਟਰਡ ਹੋਣ ਦੇ ਯੋਗ ਹੋਵੇ। ਉਨ੍ਹਾਂ ਨੇ ਵੱਖ-ਵੱਖ ਭਲਾਈ ਸਕੀਮਾਂ ਤਹਿਤ ਲਾਭ ਲੈਣ ਲਈ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ ਵਧਾਉਣ ਦਾ ਵੀ ਫੈਸਲਾ ਕੀਤਾ। ਮੌਜੂਦਾ ਸਮੇਂ ਇਹ ਸੀਮਾ ਛੇ ਮਹੀਨੇ ਦੀ ਸੀ ਜਿਸ ਨੂੰ ਵਧਾ ਕੇ ਇਕ ਸਾਲ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਕਈ ਕਾਮੇ ਕੋਵਿਡ-19 ਮਹਾਮਾਰੀ ਕਾਰਨ ਬਿਨੈ ਪੱਤਰ ਨਹੀਂ ਦੇ ਸਕੇ। ਇਸ ਤੋਂ ਇਲਾਵਾ ਸਕਰੀਨਿੰਗ ਕਮੇਟੀ ਵੱਲੋਂ ਪੈਨਸ਼ਨ ਬਿਨੈ ਪੱਤਰ ਰੱਦ ਕਰਨ ਦੀ ਸੂਰਤ ਵਿਚ ਉਸਾਰੀ ਕਿਰਤੀਆਂ ਵੱਲੋਂ ਸਕੱਤਰ ਬੋਰਡ ਕੋਲ ਅਪੀਲ ਕਰਨ ਦਾ ਸਮਾਂ ਵੀ 90 ਦਿਨ ਤੋਂ ਵਧਾ ਕੇ 120 ਦਿਨ ਕਰ ਦਿੱਤਾ ਗਿਆ। ਬਾਲੜੀ (ਲੜਕੀ) ਜਨਮ ਤੋਹਫਾ ਸਕੀਮ ਤਹਿਤ ਬੋਰਡ ਨੇ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ (ਲੜਕੀ ਦੇ ਜਨਮ ਦੀ ਤਰੀਕ ਤੋਂ) ਛੇ ਮਹੀਨੇ ਤੋਂ ਵਧਾ ਕੇ ਇੱਕ ਸਾਲ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਬੋਰਡ ਨੇ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜ੍ਹਾਈ ਵਿਚ ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦਾ ਸਾਲਾਨਾ ਵਜ਼ੀਫਾ 25,000 ਤੋਂ ਵਧਾ ਕੇ 35,000 ਰੁਪਏ ਅਤੇ ਲੜਕੀਆਂ ਦਾ ਵਜ਼ੀਫਾ 30,000 ਤੋਂ ਵਧਾ ਕੇ 40,000 ਰੁਪਏ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜ੍ਹਾਈ ‘ਚ ਡਿਗਰੀ/ਪੋਸਟਗਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦੇ ਹੋਸਟਲ ਦਾ ਵਜ਼ੀਫਾ 40,000 ਤੋਂ ਵਧਾ ਕੇ 50,000 ਰੁਪਏ ਅਤੇ ਲੜਕੀਆਂ ਦਾ ਵਜ਼ੀਫਾ 45,000 ਤੋਂ ਵਧਾ ਕੇ 55,000 ਰੁਪਏ ਕਰ ਦਿੱਤਾ ਗਿਆ ਹੈ। ਮੈਡੀਕਲ ਅਤੇ ਇੰਜੀਨੀਅਰਿੰਗ ਕਰਦੇ ਵਿਦਿਆਰਥੀਆਂ (ਲੜਕਿਆਂ) ਦਾ ਸਾਲਾਨਾ ਵਜ਼ੀਫਾ 40,000 ਤੋਂ 50,000 ਰੁਪਏ ਅਤੇ ਲੜਕੀਆਂ ਦਾ ਵਜੀਫਾ 50,000 ਤੋਂ 60,000 ਰੁਪਏ ਜਦਕਿ ਹੋਸਟਲ ਵਜ਼ੀਫਾ ਕ੍ਰਮਵਾਰ 70,000 ਅਤੇ 80,000 ਰੁਪਏ ਕਰ ਦਿੱਤਾ ਗਿਆ ਹੈ।
___________________________________________
ਪ੍ਰੋਜੈਕਟਾਂ ਨੂੰ ਜਨਤਕ ਨਿੱਜੀ ਭਾਈਵਾਲੀ ਲਈ ਹਰੀ ਝੰਡੀ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਦੇ ਆਧਾਰ ‘ਤੇ ਚਲਾਏ ਜਾਣ ਵਾਲੇ ਵਿਰਾਸਤੀ ਪ੍ਰੋਜੈਕਟਾਂ ਅਤੇ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ, ਚੱਪੜ ਚਿੜੀ ਨੂੰ ਕਾਰਜਸ਼ੀਲ ਬਣਾਉਣ ਅਤੇ ਸਾਂਭ-ਸੰਭਾਲ ਦੇ ਪੀ.ਪੀ.ਪੀ. ਪ੍ਰੋਜੈਕਟ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ‘ਤੇ 15 ਸਾਲ ਦੇ ਰਿਆਇਤੀ ਸਮੇਂ ਦੇ ਨਾਲ 2.54 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਆਵੇਗੀ। ਮੁੱਖ ਮੰਤਰੀ ਨੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੀ ਮੀਟਿੰਗ ਵਿਚ ਬੋਰਡ ਨੂੰ ਸੂਬੇ ਦੇ ਸਾਰੇ ਵਿਕਾਸ ਕੰਮਾਂ ‘ਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ। ਮੀਟਿੰਗ ਵਿਚ 27.16 ਕਰੋੜ ਰੁਪਏ ਦੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰਾਜੈਕਟਾਂ (ਯੂ.ਈ.ਆਈ.ਪੀ.) ਨੂੰ ਕਾਰਜ-ਬਾਅਦ ਪ੍ਰਵਾਨਗੀ ਦੇਣ ਦੇ ਨਾਲ ਪਟਿਆਲਾ ਕਿਲਾ ਮੁਬਾਰਕ ਸਮੇਤ ਵੱਖ-ਵੱਖ ਇਤਿਹਾਸਕ ਸਥਾਨਾਂ ਦੇ ਵਿਕਾਸ, ਨਵੀਨੀਕਰਨ ਅਤੇ ਸਾਂਭ-ਸੰਭਾਲ ਲਈ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।