ਸ਼ਾਹ ਦੀ ਕੰਜਰੀ

ਅੰਮ੍ਰਿਤਾ ਪ੍ਰੀਤਮ ਦੀ ਸ਼ਾਹਕਾਰ ਕਹਾਣੀ ‘ਸ਼ਾਹ ਦੀ ਕੰਜਰੀ’ ਦੀਆਂ ਅਨੇਕਾਂ ਪਰਤਾਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਔਰਤਾਂ ਨਾਲ ਸਬੰਧਤ ਹਨ, ਪਰ ਇਨ੍ਹਾਂ ਸਭ ਦੀਆਂ ਤੰਦਾਂ ਮਰਦ ਨਾਲ ਜੁੜੀਆਂ ਹੋਈਆਂ ਹਨ। ਇਹ ਕਹਾਣੀ ਕਈ ਦਹਾਕੇ ਪਹਿਲਾਂ ਦੀ ਲਿਖੀ ਹੋਈ ਹੈ। ਅੰਮ੍ਰਿਤਾ ਦੇ ਆਪ ਦੱਸਣ ਮੁਤਾਬਕ, ਜੀਂਦੇ-ਜਾਗਦੇ ਪਾਤਰਾਂ ਉਤੇ ਆਧਾਰਤ ਇਹ ਸੱਚੀ ਕਹਾਣੀ ਪੂਰੇ ਪੱਚੀ ਸਾਲ ਉਸ ਦੇ ਜ਼ਿਹਨ ਵਿਚ ਖੌਰੂ ਪਾਉਂਦੀ ਰਹੀ; ਇਸ ਤੋਂ ਬਾਅਦ ਹੀ ਇਹ ਕਾਗਜ਼ ਉਤੇ ਉਤਾਰੀ ਜਾ ਸਕੀ, ਤੇ ਫਿਰ ਕਾਗਜ਼ ਉਤੇ ਉਤਰਦਿਆਂ ਹੀ ਇਸ ਕਹਾਣੀ ਨੇ ਸਾਹਿਤ ਦੇ ਪਿੜ ਵਿਚ ਆਪਣੀ ਥਾਂ ਸਦਾ ਸਦਾ ਲਈ ਬਣਾ ਲਈ। ਅੰਮ੍ਰਿਤਾ ਦੀਆਂ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਹਨ ਜਿਸ ਵਿਚ ਔਰਤ-ਮਰਦ ਦੇ ਰਿਸ਼ਤਿਆਂ ਨੂੰ ਵੱਖ ਵੱਖ ਕੋਣ ਤੋਂ ਦੇਖਿਆ ਗਿਆ ਹੈ, ਪਰ ਇਸ ਕਹਾਣੀ ਦਾ ਕੋਣ ਐਨ ਵੱਖਰਾ ਹੈ। ਕਹਾਣੀ ਪੜ੍ਹਦਾ ਪਾਠਕ ਕਹਾਣੀ ਦੇ ਪਾਤਰਾਂ ਦੇ ਜ਼ਿਹਨ ਵਿਚ ਲਗਾਤਾਰ ਹੋ ਰਹੀ ਉਥਲ-ਪੁਥਲ ਮਹਿਸੂਸ ਕਰਦਾ ਹੈ। ਉਂਜ ਇਹ ਹਾਲਾਤ ਦਾ ਸਿਤਮ ਹੀ ਹੋਵੇਗਾ ਹੈ ਕਿ ਪੁਲਾਂ ਹੇਠੋਂ ਇੰਨਾ ਪਾਣੀ ਲੰਘਣ ਦੇ ਬਾਵਜੂਦ ਔਰਤ ਦੀ ਕਹਾਣੀ ਅੱਜ ਵੀ ਉਹੀ ਹੈæææਸੇਠਾਣੀ ਤੇ ਸ਼ਾਹ ਦੀ ਕੰਜਰੀ ਵਰਗੀ। ਖੌਰੇ ਇਸੇ ਕਰ ਕੇ ਇਹ ਕਹਾਣੀ ਅੱਜ ਵੀ ਪਹਿਲਾਂ ਜਿੰਨੀ ਹੀ ਮਾਰ ਕਰਦੀ ਹੈ। -ਸੰਪਾਦਕ

ਅੰਮ੍ਰਿਤਾ ਪ੍ਰੀਤਮ
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨæææ। ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚੜ੍ਹੀ ਸੀ। ਤੇ ਉਥੋਂ ਇਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਫ਼ੇਰ ਇਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੈਟੀ ਵਿਚ ਆ ਗਈ ਸੀ। ਉਹੀਉ ਸ਼ਹਿਰ ਸੀ, ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ-ਰਾਤ ਉਹਦਾ ਨਾਂ ਭੁੱਲ ਗਿਆ ਹੋਵੇ, ਸਾਰਿਆਂ ਦੇ ਮੂੰਹ ਤੋਂ ਸੁਣੀਂਦਾ ਸੀ-ਸ਼ਾਹ ਦੀ ਕੰਜਰੀ।
ਲੋਹੜੇ ਦਾ ਗਾਉਂਦੀ ਸੀ। ਕੋਈ ਗੌਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ, ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿਚ ਜਿਹੜੇ ਘਰ ਵੀ ਤਵਿਆਂ ਵਾਲਾ ਵਾਜਾ ਸੀ, ਉਹ ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਦਾ ਸੀ; ਪਰ ਸਾਰੇ ਘਰਾਂ ਵਿਚ ਤਵੇ ਦੀ ਫਰਮਾਇਸ਼ ਵੇਲੇ ਹਰ ਕੋਈ ਇਹ ਕਹਿੰਦਾ ਸੀ, “ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਹੈ।”
ਗੁੱਝੀ-ਛਿਪੀ ਗੱਲ ਨਹੀਂ ਸੀ, ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ ਪਤਾ ਹੀ ਨਹੀਂ ਸੀ, ਉਨ੍ਹਾਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾ ਜੋ ਹੁਣ ਵਿਆਹੁਣ ਜੋਗਾ ਸੀ, ਜਦੋਂ ਕੁੱਛੜ ਹੁੰਦਾ ਸੀ, ਤਾਂ ਸੇਠਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ ਪਰ ਸ਼ਾਹ ਨੇ ਉਹਦੇ ਗਲ ਵਿਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, “ਸ਼ਾਹਣੀਏ! ਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜਵਾਹਰੀਏ ਦੀ ਅੱਖ ਏ। ਤੂੰ ਸੁਣਿਆ ਨਹੀਂ ਹੋਇਆ ਕਿ ਨੀਲਮ ਇਹੋ ਜਿਹੀ ਚੀਜ਼ ਹੁੰਦੀ ਏ ਜੋ ਲੱਖੋਂ ਕੱਖ ਕਰਦਾ ਏ ਤੇ ਕੱਖੋਂ ਲੱਖ। ਜਿਹਨੂੰ ਪੁੱਠਾ ਪੈ ਗਿਆ, ਉਹਦਾ ਲੱਖੋਂ ਕੱਖ ਕਰ ਦਿੰਦਾ ਹੈ; ਪਰ ਜਿਹਨੂੰ ਸਿੱਧਾ ਪੈ ਜਾਏ, ਉਹਦਾ ਕੱਖੋਂ ਲੱਖ ਕਰ ਦਿੰਦਾ ਹੈ। ਉਹ ਵੀ ਨੀਲਮ ਏ, ਸਾਡੀ ਰਾਸ ਨਾਲ ਮਿਲ ਗਈ ਹੈ। ਜਿਸ ਦਿਨ ਤੋਂ ਸੰਗ ਬਣਿਆ ਏ, ਮੈਂ ਮਿੱਟੀ ਨੂੰ ਹੱਥ ਪਾਵਾਂ ਤਾਂ ਸੋਨਾ ਹੋ ਜਾਂਦੀ ਏ।”
“ਪਰ ਉਹੀਉ ਇਕ ਦਿਨ ਘਰ ਉਜਾੜ ਦੇਵੇਗੀ, ਲੱਖੋਂ ਕੱਖ ਕਰ ਦੇਵੇਗੀ।” ਸ਼ਾਹਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ ਉਸੇ ਪਾਸਿਉਂ ਦਲੀਲ ਦਿੱਤੀ ਸੀ ਜਿਸ ਪਾਸਿਉਂ ਸ਼ਾਹ ਨੇ ਗੱਲ ਤੋਰੀ ਸੀ।
“ਮੈਂ ਤਾਂ ਸਗੋਂ ਡਰਨਾਂ ਕਿ ਇਨ੍ਹਾਂ ਕੰਜਰੀਆਂ ਦਾ ਕੀ ਭਰੋਸਾ! ਕੱਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ ਦਿਖਾਏ ਤੇ ਜੇ ਇਹ ਹੱਥੋਂ ਨਿਕਲ ਗਈ ਤਾਂ ਲੱਖੋਂ ਕੱਖ ਹੋ ਜਾਣਾ ਏ।” ਸ਼ਾਹ ਨੇ ਫੇਰ ਆਪਣੀ ਦਲੀਲ ਦਿੱਤੀ ਸੀ।
ਤੇ ਸ਼ਾਹਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ। ਸਿਰਫ ਵਕਤ ਕੋਲ ਰਹਿ ਗਈ ਸੀ ਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚੀਂ-ਮੁੱਚੀਂ ਜਿੰਨੇ ਪੈਸੇ ਨੀਲਮ ਉਤੇ ਰੋੜ੍ਹਦਾ ਸੀ, ਉਸ ਤੋਂ ਕਈ ਗੁਣਾ ਬਹੁਤੇ ਪਤਾ ਨਹੀਂ ਕਿਥੋਂ ਕਿੱਥੋਂ ਰੁੜ੍ਹ ਕੇ ਉਹ ਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ ਸ਼ਹਿਰ ਦੇ ਛੋਟੇ ਜਿਹੇ ਬਾਜ਼ਾਰ ਵਿਚ ਹੁੰਦੀ ਸੀ, ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿਚ ਲੋਹੇ ਦੇ ਜੰਗਲਿਆਂ ਵਾਲੀ ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਂਵੇਂ ਪੂਰਾ ਮੁਹੱਲਾ ਹੀ ਉਹਦਾ ਸੀ ਜਿਹਦੇ ਵਿਚ ਬੜੇ ਸਰਦੇ-ਪੁੱਜਦੇ ਕਿਰਾਏਦਾਰ ਸਨ। ਤੇ ਜਿਹਦੇ ਵਿਚ ਤਹਿਖਾਨੇ ਵਾਲੇ ਘਰ ਦਾ ਉਹਦੀ ਸ਼ਾਹਣੀ ਕਦੇ ਇਕ ਦਿਨ ਵੀ ਵਸਾਹ ਨਹੀਂ ਸੀ ਖਾਂਦੀ।
ਬੜੇ ਵਰ੍ਹੇ ਹੋਏ, ਸ਼ਾਹਣੀ ਨੇ ਇਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂ ਸ਼ਾਹ ਨੂੰ ਆਖਿਆ ਸੀ, “ਉਹਨੂੰ ਭਾਵੇਂ ਹੋਟਲ ਵਿਚ ਰੱਖ ਤੇ ਭਾਵੇਂ ਉਹਨੂੰ ਤਾਜ ਮਹੱਲ ਪੁਆ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀਂ। ਉਹਨੂੰ ਮੇਰੇ ਘਰ ਨਾ ਵਾੜੀਂ। ਮੈਂ ਉਹਦੇ ਮੱਥੇ ਨਹੀਂ ਲੱਗਣਾ। ਤੇ ਸੱਚੀਂ-ਮੁੱਚੀਂ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ, ਉਹਦਾ ਵੱਡਾ ਪੁੱਤਰ ਅਜੇ ਸਕੂਲੇ ਪੜ੍ਹਦਾ ਸੀ। ਤੇ ਹੁਣ ਉਹ ਵਿਆਹੁਣ ਜੋਗਾ ਹੋ ਪਿਆ ਸੀ, ਪਰ ਸ਼ਾਹਣੀ ਨੇ ਨਾ ਉਹਦੇ ਗੌਣਾਂ ਵਾਲੇ ਤਵੇ ਘਰ ਵੜਨ ਦਿਤੇ ਸਨ ਤੇ ਨਾ ਘਰ ਵਿਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਜ ਉਹਦੇ ਪੁੱਤਰਾਂ ਨੇ ਹੱਟੀ-ਹੱਟੀ ਉਹਦੇ ਗੀਤ ਸੁਣੇ ਹੋਏ ਸਨ। ਤੇ ਜਣੇ-ਖਣੇ ਤੋਂ ਸੁਣਿਆ ਹੋਇਆ ਸੀ, “ਸ਼ਾਹ ਦੀ ਕੰਜਰੀ।”
ਵੱਡੇ ਪੁੱਤਰ ਦਾ ਵਿਆਹ ਸੀ। ਘਰ ਚਹੁੰ ਮਹੀਨਿਆਂ ਤੋਂ ਦਰਜ਼ੀ ਬੈਠੇ ਹੋਏ ਸਨ। ਕੋਈ ਸੂਟਾਂ ਉਤੇ ਸਿਲਮਾ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ‘ਤੇ ਸਿਤਾਰੇ ਮੜ੍ਹ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਹੋਏ ਸਨ-ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ ਤੇ ਫੇਰ ਹੋਰ ਥੈਲੀ ਭਰਨ ਲਈ ਤਹਿਖਾਨੇ ਵਿਚ ਚਲੀ ਜਾਂਦੀ।
ਸ਼ਾਹ ਦੇ ਯਾਰਾਂ ਨੇ ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ ਕਿ ਮੁੰਡੇ ਦੇ ਵਿਆਹ ‘ਤੇ ਕੰਜਰੀ ਜ਼ਰੂਰ ਗਵਾਉਣੀ ਹੈ। ਉਂਜ ਗੱਲ ਉਨ੍ਹਾਂ ਨੇ ਬੜੇ ਤਰੀਕੇ ਨਾਲ ਆਖੀ ਸੀ ਤਾਂ ਕਿ ਸ਼ਾਹ ਕਿਤੇ ਵੱਟ ਨਾ ਖਾ ਜਾਵੇ, “ਉਂਜ ਤਾਂ ਸ਼ਾਹ ਜੀ ਬਥੇਰੀਆਂ ਗੌਣ-ਨੱਚਣ ਵਾਲੀਆਂ ਨੇ, ਜਿਹਨੂੰ ਮਰਜ਼ੀ ਜੇ ਬੁਲਾਉ, ਪਰ ਉਥੇ ਮਲਕਾ-ਏ-ਤਰੰਨੁਮ ਜ਼ਰੂਰ ਆਵੇ, ਭਾਵੇਂ ਮਿਰਜ਼ੇ ਦੀ ਇਕੋ ਸੱਦ ਲਾ ਜਾਵੇ।”
ਫਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ। ਉਥੇ ਬਹੁਤੇ ਅੰਗਰੇਜ਼ ਲੋਕ ਹੀ ਆਉਂਦੇ ਤੇ ਠਹਿਰਦੇ ਸਨ। ਉਹਦੇ ਵਿਚ ‘ਕੱਲੇ ‘ਕੱਲੇ ਕਮਰੇ ਵੀ ਸਨ, ਪਰ ਵੱਡੇ ਵੱਡੇ ਤਿੰਨਾਂ ਕਮਰਿਆਂ ਦੇ ਸੈਟ ਵੀ। ਇਹੋ ਜਿਹੇ ਇਕ ਸੈਟ ਵਿਚ ਨੀਲਮ ਰਹਿੰਦੀ ਸੀ। ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇਕ ਦਿਨ ਨੀਲਮ ਵਾਲੇ ਪਾਸੇ ਇਕ ਰਾਤ ਦੀ ਮਹਿਫ਼ਲ ਰੱਖ ਲਏਗਾ।
“ਇਹ ਤਾਂ ਚੁਬਾਰੇ ‘ਤੇ ਜਾਣ ਵਾਲੀ ਗੱਲ ਹੋਈ।” ਇਕ ਨੇ ਉਜਰ ਕੀਤਾ, ਤਾਂ ਸਾਰੇ ਬੋਲ ਪਏ, “ਨਹੀਂ ਸ਼ਾਹ ਜੀ, ਉਹ ਤਾਂ ਸਿਰਫ਼ ਤੁਹਾਡਾ ਹੀ ਹੱਕ ਬਣਦਾ ਏ। ਅੱਗੇ ਕਦੀ ਅਸਾਂ ਏਨੇ ਵਰ੍ਹੇ ਕੁਝ ਆਖਿਆ ਏ? ਉਸ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ। ਉਹ ਥਾਂ ਤੁਹਾਡੀ ਅਮਾਨਤ ਏ। ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖੁਸ਼ੀ ਕਰਨੀ ਏ। ਉਹਨੂੰ ਖਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਉ ਸਾਡੀ ਭਾਬੀ ਦੇ ਘਰæææ।”
ਗੱਲ ਸ਼ਾਹ ਦੇ ਮਨ ਲਗਦੀ ਸੀ। ਏਸ ਗੱਲੋਂ ਵੀ ਕਿ ਉਹ ਦੋਸਤਾਂ-ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਣਾ ਚਾਹੁੰਦਾ, ਭਾਵੇਂ ਉਹਦੇ ਕੰਨੀਂ ਭਿਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਗੈਰ ਹਾਜ਼ਰੀ ਵਿਚ ਹੁਣ ਕੋਈ ਕੋਈ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ। ਤੇ ਦੂਜਾ ਏਸ ਗੱਲੋਂ ਵੀ ਕਿ ਉਹ ਚਾਹੁੰਦਾ ਸੀ, ਨੀਲਮ ਇਕ ਵਾਰੀ ਉਹਦੇ ਘਰ ਆ ਕੇ ਉਹਦੇ ਘਰ ਦੀ ਤੜਕ-ਭੜਕ ਵੇਖ ਜਾਵੇ; ਪਰ ਉਹ ਸ਼ਾਹਣੀ ਤੋਂ ਡਰਦਾ ਸੀ, ਦੋਸਤਾਂ ਨੂੰ ਹਾਮੀ ਨਾ ਭਰ ਸਕਿਆ।
ਦੋਸਤਾਂ-ਯਾਰਾਂ ਵਿਚੋਂ ਹੀ ਦੋਂਹ ਨੇ ਰਾਹ ਕੱਢਿਆ ਤੇ ਸ਼ਾਹਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ, “ਭਾਬੀ! ਤੂੰ ਮੁੰਡੇ ਦੇ ਵਿਆਹ ਦਾ ਗੌਣ ਨਹੀਂ ਬਿਠਾਣਾ? ਅਸਾਂ ਤਾਂ ਸਾਰੀ ਖੁਸ਼ੀ ਕਰਨੀ ਏ। ਸ਼ਾਹ ਨੇ ਸਲਾਹ ਬਣਾਈ ਏ ਕਿ ਇਕ ਰਾਤ ਯਾਰਾਂ ਦੀ ਮਹਿਫ਼ਲ ਨੀਲਮ ਦੇ ਪਾਸੇ ਹੋ ਜਾਵੇ। ਗੱਲ ਤਾਂ ਠੀਕ ਏ, ਪਰ ਹਜ਼ਾਰਾਂ ਉਜੜ ਜਾਣਗੇ। ਆਖਰ ਘਰ ਤਾਂ ਤੇਰਾ ਏ। ਅੱਗੇ ਉਸ ਕੰਜਰੀ ਨੂੰ ਥੋੜ੍ਹਾ ਖੁਆ ਲਿਆ ਏ? ਤੂੰ ਸਿਆਣੀ ਬਣ, ਉਹਨੂੰ ਗੌਣ ਵਜਾਉਣ ਲਈ ਇਥੇ ਬੁਲਾ ਲੈ ਇਕ ਦਿਨ। ਮੁੰਡੇ ਦੇ ਵਿਆਹ ਦੀ ਖੁਸ਼ੀ ਵੀ ਹੋ ਜਾਏਗੀ ਤੇ ਰੁਪਈਆ ਉਜੜਨੋਂ ਬਚ ਜਾਏਗਾ।”
ਸ਼ਾਹਣੀ ਪਹਿਲਾਂ ਤਾਂ ਭਰੀ-ਪੀਤੀ ਬੋਲੀ, “ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ” ਪਰ ਜਦੋਂ ਅਗਲਿਆਂ ਨੇ ਠਰ੍ਹੰਮੇ ਨਾਲ ਆਖਿਆ, “ਇੱਥੇ ਤਾਂ ਭਾਬੀ ਤੇਰਾ ਰਾਜ ਏ, ਉਹ ਬਾਂਦੀ ਬਣ ਕੇ ਆਵੇਗੀ, ਤੇਰੇ ਹੁਕਮ ਦੀ ਬੱਧੀ। ਤੇਰੇ ਪੁੱਤਰ ਦੀ ਖੁਸ਼ੀ ਕਰਨ ਲਈ। ਹੇਠੀ ਤਾਂ ਉਹਦੀ ਏ, ਤੇਰੀ ਕਾਹਦੀ ਏ? ਜਿਹੇ ਕੰਮੀ ਕਮੀਣ ਆਏ, ਡੂਮ ਮਰਾਸੀ, ਤਹੀ ਉਹ।”
ਗੱਲ ਸ਼ਾਹਣੀ ਦੇ ਮਨ ਲੱਗ ਗਈ। ਉਂਜ ਵੀ ਕਦੇ ਸੁੱਤਿਆਂ ਬੈਠਿਆਂ ਉਹਨੂੰ ਖਿਆਲ ਆਉਂਦਾ ਹੁੰਦਾ ਸੀ। ਇਕ ਵਾਰੀ ਵੇਖਾਂ ਤਾਂ ਸਹੀ, ਕਿਹੋ ਜਿਹੀ ਏ? ਉਹਨੇ ਕਦੀ ਉਹ ਵੇਖੀ ਨਹੀਂ ਸੀ, ਪਰ ਕਿਆਸੀ ਜ਼ਰੂਰ ਸੀ। ਭਾਵੇਂ ਡਰ ਕੇ, ਸਹਿਮ ਕੇ, ਤੇ ਭਾਵੇਂ ਇਕ ਕਰਹਿਤ ਨਾਲ। ਤੇ ਸ਼ਹਿਰ ਵਿਚੋਂ ਲੰਘਦਿਆਂ-ਪਾਂਦਿਆਂ ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿਚ ਬੈਠੀ ਨੂੰ ਵੇਖਦੀ, ਤਾਂ ਨਾ ਸੋਚਣਾ ਚਾਹੁੰਦੀ ਵੀ ਸੋਚ ਜਾਂਦੀ-ਕੀ ਪਤਾ ਉਹੀਉ ਹੋਵੇ?
“ਚੱਲ ਮੈਂ ਵੀ ਇਕ ਵਾਰੀ ਵੇਖ ਛੱਡਾਂ,” ਉਹ ਮਨ ਵਿਚ ਘੁਲ ਜਿਹੀ ਗਈ, “ਜੋ ਉਹਨੇ ਮੇਰਾ ਵਗਾੜਨਾ ਸੀ, ਵਗਾੜ ਲਿਆ, ਹੁਣ ਹੋਰ ਉਹਨੇ ਕੀ ਕਰ ਲੈਣਾ ਏ। ਇਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ।”
ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ ਪਰ ਇਕ ਸ਼ਰਤ ਲਾਈ, “ਇਥੇ ਨਾ ਸ਼ਰਾਬ ਉਡੇਗੀ, ਨਾ ਕਬਾਬ। ਭਲੇ ਘਰਾਂ ਵਿਚ ਜਿਵੇਂ ਗੌਣ ਬਹਿੰਦੇ ਨੇ, ਉਸੇ ਤਰ੍ਹਾਂ ਗੌਣ ਬਿਠਾਵਾਂਗੀ। ਤੁਸੀਂ ਮਰਦ-ਮਾਹਣੂ ਵੀ ਬਹਿ ਜਾਣਾ। ਉਹ ਆਵੇ ਤੇ ਸਿੱਧੀ ਤਰ੍ਹਾਂ ਗੌਂ ਕੇ ਤੁਰ ਜਾਏ। ਮੈਂ ਉਹੀਉ ਚਾਰ ਪਤਾਸੇ ਉਹਦੀ ਝੋਲੀ ਵੀ ਪਾ ਦਿਆਂਗੀ ਜੋ ਹੋਰ ਕੁੜੀਆਂ-ਚਿੜੀਆਂ ਨੂੰ ਦਿਆਂਗੀ ਜੋ ਘੋੜੀਆਂ ਗੌਣਗੀਆਂ।”
“ਇਹੋ ਹੀ ਤੇ ਭਾਬੀ ਅਸੀਂ ਕਹਿਨੇ ਆਂ,” ਸ਼ਾਹ ਦੇ ਦੋਸਤਾਂ ਨੇ ਫੁਲਾਹੁਣੀ ਦਿੱਤੀ, “ਤੇਰੀ ਸਿਆਣਪ ਨਾਲ ਹੀ ਘਰ ਬਣਿਆ ਹੋਇਆ ਏ, ਨਹੀਂ ਤਾਂ ਖੌਰੇ ਕੀ ਭਾਣਾ ਵਰਤ ਜਾਂਦਾ।”
ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਘੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿਚ ਚਿੱਟੀਆਂ ਚਾਦਰਾਂ ਵਿਛਾ ਕੇ ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ। ਘਰ ਦੀਆਂ ਤੀਵੀਆਂ ਨੇ ਘੋੜੀਆਂ ਛੋਹੀਆਂ ਹੋਈਆਂ ਸਨ।
ਬੱਘੀ ਬੂਹੇ ਅੱਗੇ ਆ ਖਲੋਤੀ ਤਾਂ ਮੇਲਣਾਂ ਵਿਚੋਂ ਜੋ ਕਾਹਲੀਆਂ ਸਨ, ਕੁਝ ਭੱਜ ਕੇ ਬਾਰੀਆਂ ਵੱਲ ਚਲੀਆਂ ਗਈਆਂ ਤੇ ਕੁਝ ਪੌੜੀਆਂ ਵਾਲੇ ਪਾਸੇ।
“ਨੀ ਬਦਸ਼ਗਣੀ ਕਿਉਂ ਕਰਦੀਆਂ ਜੇ, ਘੋੜੀ ਵਿਚੋਂ ਹੀ ਛੱਡੀ ਦਿੱਤੀ ਜੇ।” ਸ਼ਾਹਣੀ ਨੇ ਦਬਕਾ ਜਿਹਾ ਮਾਰਿਆ, ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਲੱਗੀ। ਜਿਵੇਂ ਉਹਦੇ ਦਿਲ ਵਿਚ ਧਮਕ ਪਈ ਹੋਵੇ।
ਉਹ ਪੌੜੀਆਂ ਚੜ੍ਹ ਕੇ ਬੂਹੇ ਤੱਕ ਆ ਗਈ ਸੀ। ਸ਼ਾਹਣੀ ਨੇ ਆਪਣੀ ਗੁਲਾਬੀ ਧੋਤੀ ਦਾ ਪੱਲਾ ਸਵਾਹਰਾ ਕੀਤਾ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸ਼ਗਣਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ।
ਸਾਹਮਣੇ, ਉਹਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ। ਗਲ ਸੂਹੇ ਰੰਗ ਦੀ ਕਮੀਜ਼ ਸੀ। ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ। ਇਕ ਝਿਲੀਮਲ ਜਿਹੀ ਹੋਈ। ਸ਼ਾਹਣੀ ਨੂੰ ਇਕ ਪਲ ਸਿਰਫ਼ ਇਹੀ ਜਾਪਿਆ ਜਿਵੇਂ ਹਰਾ ਰੰਗ ਸਾਰੇ ਬੂਹੇ ਵਿਚ ਫੈਲ ਗਿਆ ਹੈ।
ਫੇਰ ਕੱਚ ਦੀਆਂ ਚੂੜੀਆਂ ਦੀ ਛਣਛਣ ਹੋਈ ਤਾਂ ਸ਼ਾਹਣੀ ਨੇ ਵੇਖਿਆ, ਇਕ ਗੋਰਾ ਗੋਰਾ ਹੱਥ ਓਹੜੇ ਹੋਏ ਮੱਥੇ ਨਾਲ ਛੋਹ ਕੇ ਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈ। ਤੇ ਨਾਲ ਹੀ ਇਕ ਛਣਕਦੀ ਜਿਹੀ ਆਵਾਜ਼, “ਬੜੀਆਂ ਮੁਬਾਰਕਾਂ ਸ਼ਾਹਣੀ! ਬੜੀਆਂ ਮੁਬਾਰਕਾਂæææ।”
ਉਹ ਬੜੀ ਛਮਕ ਜਿਹੀ ਸੀ, ਪਤਲੀ ਜਿਹੀ, ਹੱਥ ਲਾਇਆਂ ਦੂਹਰੀ ਹੁੰਦੀ। ਸ਼ਾਹਣੀ ਨੇ ਉਹਨੂੰ ਢੋ ਵਾਲੇ ਇਕ ਸਿਰਹਾਣੇ ਵੱਲ ਹੱਥ ਕਰ ਕੇ ਬਹਿਣ ਲਈ ਆਖਿਆ ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬੜੀ ਬੇਡੌਲੀ ਲਗਦੀ ਪਈ ਹੈ।
ਕਮਰੇ ਦੀ ਇਕ ਗੁੱਠੇ ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ ਵਿਚੋਂ ਵੀ ਕੁਝ ਮਰਦ। ਉਸ ਛਮਕ ਜਿਹੀ ਨੇ ਉਸ ਗੁੱਠ ਵੱਲ ਤੱਕ ਕੇ ਵੀ ਇਕ ਵਾਰੀ ਸਲਾਮ ਆਖੀ ਤੇ ਫੇਰ ਪਰ੍ਹਾਂ ਢੋਹ ਵਾਲੇ ਸਰਹਾਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ ਕੱਚ ਦੀਆਂ ਚੂੜੀਆਂ ਫੇਰ ਛਣਕੀਆਂ ਸਨ। ਸ਼ਾਹਣੀ ਨੇ ਇਕ ਵਾਰੀ ਫੇਰ ਉਹਦੀਆਂ ਬਾਂਹਵਾਂ ਵੱਲ ਵੇਖਿਆ। ਹਰੀਆਂ ਕੱਚ ਦੀਆਂ ਚੂੜੀਆਂ ਨੂੰ। ਤੇ ਫੇਰ ਸੁਭਾਉਕੇ ਹੀ ਆਪਣੀਆਂ ਬਾਂਹਵਾਂ ਵਿਚ ਪਏ ਹੋਏ ਸੋਨੇ ਦੇ ਚੂੜੇ ਵੱਲ ਦੇਖਣ ਲੱਗ ਪਈ।
ਕਮਰੇ ਵਿਚ ਇਕ ਚਕਾਚੌਂਧ ਜਿਹੀ ਛਾ ਗਈ। ਹਰ ਇਕ ਦੀਆਂ ਅੱਖਾਂ ਜਿਵੇਂ ਇਕੋ ਪਾਸੇ ਉਲਰ ਪਈਆਂ। ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀ, ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ ਸਾਰੀਆਂ ਅੱਖਾਂ ‘ਤੇ ਕਰੋਧ ਜਿਹਾ ਆ ਗਿਆ। ਉਹ ਫੇਰ ਇਕ ਵਾਰੀ ਆਖਣਾ ਚਾਹੁੰਦੀ ਸੀ, ‘ਨੀ ਬਦਸ਼ਗਣੀ ਕਿਉਂ ਕਰਦੀਆਂ ਹੋ? ਘੋੜੀਆਂ ਗਾਉ ਨਾ!’ ਪਰ ਉਹਦੀ ਆਵਾਜ਼ ਉਹਦੇ ਸੰਘ ਵਿਚ ਮੇਲੀ ਗਈ ਸੀ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਨ੍ਹਾਂ ਦੇ ਸੰਘਾਂ ਵਿਚ ਮੇਲੀ ਗਈ ਸੀ। ਕਮਰੇ ਵਿਚ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ। ਤੇ ਉਹਦਾ ਜੀਅ ਕੀਤਾ, ਉਹ ਬੜੀ ਜ਼ੋਰ ਦੀ ਢੋਲਕੀ ਵਜਾਏ।
ਚੁੱਪ ਉਸ ਨੇ ਤੋੜੀ, ਜਿਹਦੇ ਪਿਛੇ ਚੁੱਪ ਛਾਈ ਸੀ। ਕਹਿਣ ਲੱਗੀ, “ਮੈਂ ਤਾਂ ਸਭ ਤੋਂ ਪਹਿਲਾਂ ਘੋੜੀਆਂ ਗਾਵਾਂਗੀ, ਮੁੰਡੇ ਦੇ ਸ਼ਗਣ ਕਰਾਂਗੇ, ਕਿਉਂ ਸ਼ਾਹਣੀ?” ਤੇ ਸ਼ਾਹਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਦਿੱਤੀ,
ਨਿੱਕੀ-ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ,
ਤੇਰੀ ਮਾਂ ਵੇ ਸੁਹਾਗਣ ਤੇਰੇ ਸ਼ਗਣ ਕਰੇæææ।
ਸ਼ਾਹਣੀ ਨੂੰ ਅਚਾਨਕ ਠਰ੍ਹੰਮਾ ਜਿਹਾ ਆ ਗਿਆæææਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹ ਹੈ। ਤੇ ਉਹਦਾ ਮਰਦ ਵੀ ਸਿਰਫ਼ ਉਹਦਾ ਮਰਦ ਹੈ। ਤਾਹੀਏਂ ਤਾਂ ਮਾਂ ਸੁਹਾਗਣ ਹੈ।
ਸ਼ਾਹਣੀ ਹੱਸਦੇ ਜਿਹੇ ਮੂੰਹ ਨਾਲ ਉਹਦੇ ਅਸਲੋਂ ਸਾਹਮਣੇ ਬਹਿ ਗਈ ਜੋ ਇਸ ਵੇਲੇ ਉਹਦੇ ਪੁੱਤਰ ਦੇ ਸ਼ਗਣ ਕਰਦੀ ਪਈ ਸੀ।
ਘੋੜੀ ਖ਼ਤਮ ਹੋਈ, ਤਾਂ ਕਮਰੇ ਦੀ ਬੋਲ ਚਾਲ ਪਰਤ ਪਈ। ਸਭ ਕੁਝ ਸੁਭਾਵਿਕ ਜਿਹਾ ਹੋ ਗਿਆ। ਔਰਤਾਂ ਵਾਲੇ ਪਾਸਿਉਂ ਫ਼ਰਮਾਇਸ਼ ਆਈ, “ਢੋਲਕੀ ਰੋੜੇ ਵਾਲਾ ਗੀਤ”; ਮਰਦਾਂ ਵਾਲੇ ਪਾਸਿਉਂ ਫ਼ਰਮਾਇਸ਼ ਆਈ, “ਮਿਰਜ਼ੇ ਦੀਆਂ ਸੱਦਾਂ।”
ਗੌਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਸੁਣੀ-ਅਣਸੁਣੀ ਕਰ ਦਿੱਤੀ, ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ। ਸ਼ਾਹਣੀ ਕੁਝ ਰਉਂ ਵਿਚ ਆ ਗਈ-ਸ਼ਾਇਦ ਇਸ ਲਈ ਕਿ ਗੌਣ ਵਾਲੀ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਲੱਗੀ ਸੀ।
ਮੇਲ ਆਈਆਂ ਔਰਤਾਂ ਵਿਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ। ਉਹ ਇਕ ਦੂਜੀ ਕੋਲੋਂ ਕੁਝ ਪੁੱਛ ਰਹੀਆਂ ਸਨ। ਤੇ ਕਈ ਉਨ੍ਹਾਂ ਦੇ ਕੰਨ ਕੋਲ ਕਹਿ ਰਹੀਆਂ ਸਨ, “ਉਹੀਉ ਹੀ ਏ, ਸ਼ਾਹ ਦੀ ਕੰਜਰੀ!” ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ, ਘੁਸਰ ਮੁਸਰ ਜਿਹਾ; ਪਰ ਸ਼ਾਹਣੀ ਦੇ ਕੰਨੀ ਵਾਜ ਪੈ ਰਹੀ ਸੀ, ਕੰਨਾਂ ਨਾਲ ਵੱਜ ਰਹੀ ਸੀ-ਸ਼ਾਹ ਦੀ ਕੰਜਰੀæææਸ਼ਾਹ ਦੀ ਕੰਜਰੀæææ। ਤੇ ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ।
ਏਨੇ ਨੂੰ ਢੋਲਕੀ ਦੀ ਆਵਾਜ਼ ਉਚੀ ਹੋ ਗਈ ਤੇ ਨਾਲ ਹੀ ਗੌਣ ਵਾਲੀ ਦੀ ਆਵਾਜ਼,
ਸੂਹੇ ਵੇ ਚੀਰੇ ਵਾਲਿਆਂ ਮੈਂ ਕਹਿਨੀ ਆਂæææ।
ਤੇ ਸ਼ਾਹਣੀ ਦਾ ਕਲੇਜਾ ਥੰਮ੍ਹ ਜਿਹਾ ਗਿਆ।
ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ, ਸੁੱਖ ਨਾਲ ਅੱਜ ਘੋੜੀ ‘ਤੇ ਚੜ੍ਹਨ ਵਾਲਾ ਮੇਰਾ ਪੁੱਤਰ।
ਫਰਮਾਇਸ਼ਾਂ ਦਾ ਅੰਤ ਨਹੀਂ ਸੀ। ਇਕ ਗੀਤ ਮੁੱਕਦਾ, ਦੂਜਾ ਸ਼ੁਰੂ ਹੁੰਦਾ। ਗੌਣ ਵਾਲੀ ਕਦੇ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਦੀ, ਕਦੇ ਮਰਦਾਂ ਵਾਲੇ ਪਾਸੇ ਦੀ। ਵਿਚ-ਵਿਚ ਕਹਿ ਦਿੰਦੀ, “ਕੋਈ ਹੋਰ ਵੀ ਗਾਉ ਨਾ, ਮੈਨੂੰ ਸਾਹ ਦੁਆ ਦਿਓ।” ਪਰ ਕਿਹਦੀ ਹਿੰਮਤ ਸੀ ਉਹਦੇ ਸਾਹਮਣੇ ਹੋਣ ਦੀ? ਉਹਦੀ ਟੱਲੀ ਵਰਗੀ ਆਵਾਜ਼, ਹੂਕ ਵਰਗੀ ਆਵਾਜ਼। ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ। ਉਂਜ ਇਕ ਪਿੱਛੋਂ ਝੱਟ ਦੂਜਾ ਕੁਝ ਛੋਹ ਦਿੰਦੀ ਸੀ।
ਗੀਤਾਂ ਦੀ ਗੱਲ ਹੋਰ ਸੀ, ਪਰ ਜਦੋਂ ਉਹਨੇ ਮਿਰਜ਼ੇ ਦੀ ਹੇਕ ਲਾਈ, “ਉਠ ਨੀ ਸਾਹਿਬਾਂ ਸੁੱਤੀਏ! ਉਠ ਕੇ ਦੇਹ ਦੀਦਾਰæææ”, ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਘਬਰਾਹਟ ਜਿਹੀ ਹੋਈ। ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਸ਼ਾਹਣੀ ਨੂੰ ਜਾਪਿਆ, ਉਹ ਪੱਥਰ ਦਾ ਹੋ ਗਿਆ ਹੈ।
ਸ਼ਾਹਣੀ ਦੇ ਕਲੇਜੇ ਵਿਚ ਹੌਲ ਪਿਆ। ਤੇ ਉਹਨੂੰ ਜਾਪਿਆ, ਜੇ ਹੁਣ ਦੀ ਘੜੀ ਖੁੰਝ ਗਈ ਤਾਂ ਉਹ ਆਪ ਵੀ ਹਮੇਸ਼ਾ ਲਈ ਮਿੱਟੀ ਦਾ ਬੁੱਤ ਬਣ ਜਾਏਗੀ। ਉਹ ਕਰੇ, ਕੁਝ ਕਰੇ, ਕੁਝ ਕਰੇ, ਕੁਝ ਵੀ ਕਰੇ ਪਰ ਮਿੱਟੀ ਦਾ ਬੁੱਤ ਨਾ ਬਣੇ।
ਚੰਗੀ ਤਰਕਾਲ ਪੈ ਗਈ, ਮਹਿਫ਼ਲ ਮੁੱਕਣ ‘ਤੇ ਆ ਗਈ।
ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ਼ ਪਤਾਸੇ ਵੰਡੇਗੀ ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨ, ਜਿਸ ਦਿਨ ਗੌਣ ਬਿਠਾਂਦੇ ਹਨ; ਪਰ ਜਦੋਂ ਗੌਣ ਮੁੱਕੇ ਤਾਂ ਕਮਰੇ ਵਿਚ ਚਾਹ ਤੇ ਕਈ ਵੰਨਾਂ ਦੀ ਮਠਿਆਈ ਆ ਗਈ ਤੇ ਸ਼ਾਹਣੀ ਨੇ ਮੁੱਠ ਵਿਚ ਵਲ੍ਹੇਟਿਆ ਹੋਇਆ ਸੌ ਦਾ ਨੋਟ ਕੱਢ ਕੇ ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ ਤੇ ਫੇਰ ਉਹਨੂੰ ਫੜਾ ਦਿੱਤਾ ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ।
“ਰਹਿਣ ਦੇ ਸ਼ਾਹਣੀ! ਅੱਗੇ ਵੀ ਤੇਰਾ ਹੀ ਖਾਨੀ ਆਂ,” ਉਹਨੇ ਅੱਗਿਉਂ ਜਵਾਬ ਦਿੱਤਾ ਤੇ ਹੱਸ ਪਈ। ਉਹਦਾ ਹਾਸਾ ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ।
ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ ਅੱਜ ਭਰੀ ਸਭਾ ਵਿਚ ਸ਼ਾਹ ਨਾਲ ਆਪਣਾ ਸਬੰਧ ਜੋੜ ਕੇ ਉਹਦੀ ਹੱਤਕ ਕਰ ਦਿੱਤੀ ਹੈ ਪਰ ਸ਼ਾਹਣੀ ਨੇ ਆਪਣਾ ਆਪ ਥੰਮ੍ਹ ਲਿਆ। ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ ਤੇ ਉਹ ਜ਼ੋਰ ਦੀ ਹੱਸ ਪਈ। ਨੋਟ ਫੜਾਂਦੀ ਆਖਣ ਲੱਗੀ, “ਸ਼ਾਹ ਕੋਲੋਂ ਤੂੰ ਨਿੱਤ ਲੈਣਾ ਏ, ਪਰ ਮੇਰੇ ਕੋਲੋਂ ਤੂੰ ਫੇਰ ਕਦੋਂ ਲੈਣਾ ਏਂ? ਚੱਲ ਅੱਜ ਲੈ ਲੈ।”
ਤੇ ਸ਼ਾਹ ਦੀ ਕੰਜਰੀ ਸੌ ਦੇ ਉਸ ਨੋਟ ਨੂੰ ਫੜਦੀ ਇਕੋ ਵਾਰਗੀ ਨਿਮਾਣੀ ਜਿਹੀ ਹੋ ਗਈ। ਕਮਰੇ ਵਿਚ ਸ਼ਾਹਣੀ ਦੀ ਧੋਤੀ ਦਾ ਸ਼ਗਣਾਂ ਵਾਲਾ ਗੁਲਾਬੀ ਰੰਗ ਫੈਲ ਗਿਆ।

1 Comment

  1. ਅੰਮ੍ਰਿਤਾ ਪ੍ਰੀਤਮ ਦੀ ਸ਼ਾਹਕਾਰ ਕਹਾਣੀ ‘ਸ਼ਾਹ ਦੀ ਕੰਜਰੀ’ ਪੰਜਾਬੀ ਗਾਇਕਾ ਤਮੰਚਾ ਜਾਨ ਦੀ ਜਿੰਦਗੀ ਤੇ ਅਧਾਰਿਤ ਹੈ। ਅੰਮ੍ਰਿਤਾ ਪ੍ਰੀਤਮ ਅਤੇ ਤਮੰਚਾ ਜਾਨ ਲਾਹੌਰ ਰੇਡੀਓ ਤੇ ਇਕੱਠੀਆਂ ਕੰਮ ਕਰਦੀਆਂ ਰਹੀਆਂ ਸਨ। ਇਸ ਲਿੰਕ ਤੇ ਜਾ ਕੇ ਪੂਰੀ ਗੱਲ ਸਮਝੀ ਜਾ ਸਕਦੀ ਹੈ।
    https://youtu.be/bCQyv1n9cKA

Leave a Reply

Your email address will not be published.