ਏਸ਼ੀਆ ਪ੍ਰਸ਼ਾਂਤ ਖਿੱਤੇ ‘ਚ 35 ਕਰੋੜ ਲੋਕ ਹੋ ਸਕਦੇ ਨੇ ਭੁੱਖਮਰੀ ਦਾ ਸ਼ਿਕਾਰ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕਰੋਨਾ ਮਹਾਮਾਰੀ ਕਾਰਨ ਲੋਕਾਂ ਦੀਆਂ ਖਤਮ ਹੋਈਆਂ ਨੌਕਰੀਆਂ ਅਤੇ ਖਾਣੇ ਦੀਆਂ ਕੀਮਤਾਂ ਵਧਣ ਕਾਰਨ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ 35 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ ਜਾ ਰਹੇ ਹਨ। ਚਾਰ ਏਜੰਸੀਆਂ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਕਰੋਨਾ ਵਾਇਰਸ ਮਹਾਮਾਰੀ ਕਾਰਨ ਸੰਸਾਰ ਭਰ ਦੇ ਵੱਖ-ਵੱਖ ਮੁਲਕਾਂ ਵਿਚ 1.9 ਅਰਬ ਲੋਕਾਂ ਲਈ ਸੰਤੁਲਿਤ ਭੋਜਨ ਪ੍ਰਾਪਤ ਕਰਨਾ ਮੁਸ਼ਕਿਲ ਹੋ ਗਿਆ ਹੈ।

ਪਹਿਲਾਂ ਆਈ ਰਿਪੋਰਟ ਵਿਚ ਇਹ ਗੱਲ ਬਾਕਾਇਦਾ ਕਹੀ ਗਈ ਸੀ ਕਿ ਸੰਕਟ ਕਾਰਨ 82.8 ਕਰੋੜ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਹੁਣ ਤਾਜ਼ਾ ਆਈ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਲਗਭਗ 68.8 ਕਰੋੜ ਲੋਕ ਵਿਸ਼ਵ ਪੱਧਰ ਉਤੇ ਕੁਪੋਸ਼ਣ ਦਾ ਸ਼ਿਕਾਰ ਹਨ, ਇਸ ਵਿਚੋਂ ਅੱਧੇ ਨਾਲੋਂ ਜਿ਼ਆਦਾ ਏਸ਼ੀਆ ਨਾਲ ਸਬੰਧਤ ਹਨ। ਸਭ ਤੋਂ ਜਿ਼ਆਦਾ ਲੋਕ ਅਫਗਾਨਿਸਤਾਨ ਵਿਚ ਹਨ ਜਿਥੇ 10 ਵਿਚੋਂ 4 ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਇਹ ਰਿਪੋਰਟ ਮਹਾਮਾਰੀ ਤੋਂ ਪਹਿਲਾਂ 2019 ਦੇ ਅੰਕੜਿਆਂ ਉਤੇ ਆਧਾਰਿਤ ਹੈ ਪਰ ਅਨੁਮਾਨ ਹੈ ਕਿ ਕਰੋਨਾ ਵਾਇਰਸ ਕਾਰਨ ਫੈਲੀ ਮਹਾਮਾਰੀ ਅਤੇ ਤਾਲਾਬੰਦੀ ਦੇ ਅਸਰ ਕਾਰਨ 2020 ਵਿਚ 14 ਕਰੋੜ ਹੋਰ ਲੋਕ ਭੁੱਖਮਰੀ ਦੀ ਕਗਾਰ ਉਤੇ ਪਹੁੰਚ ਗਏ ਹਨ। ਰਿਪੋਰਟ ਵਿਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਭਾਰਤ ਵਿਚ ਇਸ ਮਹਾਮਾਰੀ ਸਮੇਂ ਤਾਲਾਬੰਦੀ ਦੌਰਾਨ ਸਪਲਾਈ ਲੜੀ ਟੁੱਟਣ ਅਤੇ ਟਰਾਂਸਪੋਰਟ ਦਿੱਕਤਾਂ ਕਾਰਨ ਜ਼ਰੂਰਤਮੰਦਾਂ ਤੱਕ ਅਨਾਜ ਪੁੱਜਣ ਦੀ ਸਮੱਸਿਆ ਆਈ। ਦਿਹਾੜੀਦਾਰ ਅਤੇ ਪਰਵਾਸੀ ਮਜ਼ਦੂਰਾਂ ਨੂੰ ਸਭ ਤੋਂ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
_________________________________
ਮੋਦੀ ਦਾ ਸਿਰਫ ਟੈਕਸ ਵਸੂਲੀ ‘ਤੇ ਧਿਆਨ: ਰਾਹੁਲ
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਲਾਇਆ ਤੇ ਕਿਹਾ ਕਿ ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ ਅਤੇ ਮੋਦੀ ਸਰਕਾਰ ਟੈਕਸ ਵਸੂਲਣ ‘ਚ ਲੱਗੀ ਹੋਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਟਿੱਪਣੀ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਰਿਕਾਰਡ ਉਚੇ ਪੱਧਰ ਉਤੇ ਪਹੁੰਚਣ ਤੋਂ ਬਾਅਦ ਕਹੀ। ਰਾਹੁਲ ਨੇ ਟਵੀਟ ਕੀਤਾ, “ਮੋਦੀ ਜੀ ਗੈਸ, ਡੀਜਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਨਾਜਾਇਜ਼ ਹੀ ਵਾਧਾ ਕਰਨ ਲੱਗੇ ਹੋਏ ਨੇ। ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ ਤੇ ਮੋਦੀ ਸਰਕਾਰ ਟੈਕਸ ਵਸੂਲੀ ਵਿਚ ਰੁੱਝੀ ਹੋਈ ਹੈ।” ਉਹ ਪਹਿਲਾਂ ਵੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਦੀ ਨੁਕਤਾਚੀਨੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਘਟ ਰਹੀਆਂ ਹਨ ਪਰ ਸਰਕਾਰ ਇਹ ਫਾਇਦਾ ਲੋਕਾਂ ਨੂੰ ਦੇਣ ਦੀ ਥਾਂ ਕੰਪਨੀਆਂ ਨੂੰ ਦੇ ਰਹੀ ਹੈ।