ਬੇਅਦਬੀ ਕਾਂਡ: ਕੇਸ ਫਾਈਲ ‘ਸਿਟ` ਨੂੰ ਦੇਣ ਦੇ ਹੁਕਮ

ਮੁਹਾਲੀ: ਵਿਸ਼ੇਸ਼ ਸੀਬੀਆਈ ਅਦਾਲਤ ਨੇ ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਅਦਾਲਤੀ ਰਿਕਾਰਡ ਵਿਚ ਜਮ੍ਹਾਂ ਕੇਸ ਫਾਈਲ ਅਤੇ ਹੋਰ ਅਹਿਮ ਦਸਤਾਵੇਜ਼ ਸੌਂਪਦਿਆਂ ਸੀ.ਬੀ.ਆਈ. ਨੂੰ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਿੰਨੀ ਛੇਤੀ ਹੋ ਸਕੇ ਕੇਸ ਫਾਈਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਪੰਜਾਬ ਪੁਲਿਸ ਦੀ ‘ਸਿਟ` ਦੇ ਸਪੁਰਦ ਕੀਤੇ ਜਾਣ।

ਬੇਅਦਬੀ ਮਾਮਲਿਆਂ (ਕਲੋਜ਼ਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ) ਸਬੰਧੀ ਮੁਹਾਲੀ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜੀ.ਐਸ. ਸੇਖੋਂ ਦੀ ਅਦਾਲਤ ਵਿਚ ਸੁਣਵਾਈ ਹੋਈ। ਸੰਯੁਕਤ ਡਾਇਰੈਕਟਰ ਪ੍ਰਾਸੀਕਿਊਸ਼ਨ (ਕਰਾਈਮ) ਰਾਜੇਸ਼ ਸਲਵਾਨ ਅਤੇ ਸਰਕਾਰੀ ਵਕੀਲ ਸੰਜੀਵ ਬੱਤਰਾ, ਡਾਇਰੈਕਟਰ ਬਿਊਰੋ ਆਫ ਇਨਵੈਸ਼ਟੀਗੇਸ਼ਨ ਦੇ ਏ.ਆਈ.ਜੀ. ਸਰਬਜੀਤ ਸਿੰਘ ਸਮੇਤ ਸੀ.ਬੀ.ਆਈ. ਦੇ ਜਾਂਚ ਅਧਿਕਾਰੀ ਵੱਲੋਂ ਇੰਸਪੈਕਟਰ ਸੁਨੀਲ ਕੁਮਾਰ ਸਰਕਾਰੀ ਪੱਤਰ ਲੈ ਕੇ ਪੇਸ਼ ਹੋਏ।
ਸੁਣਵਾਈ ਦੌਰਾਨ ਕੋਈ ਸ਼ਿਕਾਇਤਕਰਤਾ ਜਾਂ ਉਨ੍ਹਾਂ ਦੇ ਵਕੀਲ ਪੇਸ਼ ਨਹੀਂ ਹੋਏ। ਉਂਜ ਸ਼ਿਕਾਇਤ ਕਰਤਾਵਾਂ ਦੇ ਵਕੀਲ ਨੇ ਆਪਣਾ ਇਕ ਨੁਮਾਇੰਦਾ ਜ਼ਰੂਰ ਭੇਜਿਆ ਸੀ। ਕਾਰਵਾਈ ਨੂੰ ਸਮੇਟਣ ਲਈ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਪੇਸ਼ ਹੋਣ ਲਈ ਤਿੰਨ ਵਾਰ ਸਮਾਂ ਦਿੱਤਾ ਸੀ। ਵੱਖ-ਵੱਖ ਪਹਿਲੂਆਂ `ਤੇ ਗੌਰ ਕਰਦਿਆਂ ਅਦਾਲਤ ਨੇ ਸੀ.ਬੀ.ਆਈ. ਨੂੰ ਕੇਸ ਫਾਈਲ ਅਤੇ ਦਸਤਾਵੇਜ਼ ਦੇਣ ਦੇ ਹੁਕਮ ਦਿੱਤੇ ਗਏ। ਇਹ ਕੇਸ ਫਾਈਲ ਅਤੇ ਦਸਤਾਵੇਜ਼ ਹੁਣ ਸੀ.ਬੀ.ਆਈ. ਵੱਲੋਂ ਪੰਜਾਬ ਪੁਲਿਸ ਦੀ ‘ਸਿਟ` ਨੂੰ ਸੌਂਪੇ ਜਾਣਗੇ। ਸੁਣਵਾਈ ਦੌਰਾਨ ਸੀ.ਬੀ.ਆਈ. ਦੇ ਇੰਸਪੈਕਟਰ ਸੁਨੀਲ ਕੁਮਾਰ ਦੇ ਬਿਆਨ ਦਰਜ ਕੀਤੇ ਗਏ। ਬਹਿਸ ਵਿਚ ਹਿੱਸਾ ਲੈਂਦਿਆਂ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਅਪੀਲ ਕੀਤੀ ਕਿ ਸੀ.ਬੀ.ਆਈ. ਨੂੰ ਦਿੱਤੀ ਜਾਣ ਵਾਲੀ ਕੇਸ ਫਾਈਲ ਅਤੇ ਹੋਰ ਅਹਿਮ ਦਸਤਾਵੇਜ਼ਾਂ ਦੀ ਇਕ ਫੋਟੋ ਕਾਪੀ ਅਦਾਲਤ ਦੇ ਰਿਕਾਰਡ ਰੂਮ ਵਿਚ ਸੰਭਾਲ ਕੇ ਰੱਖੀ ਜਾਵੇ। ਸਰਕਾਰੀ ਵਕੀਲ ਦੀ ਇਹ ਅਪੀਲ ਅਦਾਲਤ ਨੇ ਮਨਜ਼ੂਰ ਕਰਦਿਆਂ ਸਟਾਫ ਨੂੰ ਆਦੇਸ਼ ਦਿੱਤੇ ਕਿ ਸੀ.ਬੀ.ਆਈ. ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਕਾਪੀ ਰਿਕਾਰਡ ਰੂਮ ਵਿਚ ਸਾਂਭ ਕੇ ਰੱਖੀ ਜਾਵੇ।
ਸੀ.ਬੀ.ਆਈ. ਦੇ ਵਕੀਲ ਦਾ ਕਹਿਣਾ ਹੈ ਕਿ ਕੇਸ ਫਾਈਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਸੀ.ਬੀ.ਆਈ. ਦੇ ਮੁੱਖ ਦਫਤਰ ਨਵੀਂ ਦਿੱਲੀ ਵਿਚ ਹਨ। ਕੁਝ ਦਸਤਾਵੇਜ਼ ਅਦਾਲਤ ਵਿਚ ਹਨ। ਸਾਰੇ ਦਸਤਾਵੇਜ਼ ਇਕੱਠੇ ਕਰਕੇ ਫਾਈਲ ਤਿਆਰ ਕੀਤੀ ਜਾਵੇਗੀ ਅਤੇ ਪੰਜਾਬ ਪੁਲਿਸ ਦੇ ਜਾਂਚ ਅਧਿਕਾਰੀ ਨੂੰ ਦਿੱਲੀ ਸੱਦ ਕੇ ਪੂਰੀ ਫਾਈਲ ਸੌਂਪੀ ਜਾਵੇਗੀ। ਉਂਜ ਵੀ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਸੀ.ਬੀ.ਆਈ. ਕੋਲ ਕੇਸ ਫਾਈਲ ਤੇ ਹੋਰ ਸਬੰਧਤ ਦਸਤਾਵੇਜ਼ ਪੰਜਾਬ ਪੁਲਿਸ ਨੂੰ ਵਾਪਸ ਕਰਨ ਲਈ 3 ਫਰਵਰੀ ਤੱਕ ਦਾ ਸਮਾਂ ਹੈ।