ਮਰਜਾਣਿਓ! ਜਿਊਣਾ ਸਿੱਖੋ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪ੍ਰਛਾਂਵਿਆਂ ਦੇ ਪ੍ਰਗੀਤ ਬਿਆਨੇ ਸਨ ਕਿ ਪ੍ਰਛਾਂਵਾਂ ਕਦੇ ਝੂਠ ਨਹੀਂ ਬੋਲਦਾ, ਕਪਟ ਨਹੀਂ ਕਰਦਾ, ਧੋਖਾ ਨਹੀਂ ਦਿੰਦਾ ਅਤੇ ਨਾ ਹੀ ਗਲਤਫਹਿਮੀਆਂ ਪਾਲਦਾ ਏ।

ਉਹ ਤਾਂ ਨਿੱਤਰੇ ਪਾਣੀ ਵਰਗਾ, ਜਿਸ ਵਿਚੋਂ ਕੋਈ ਵੀ ਆਪਣਾ ਪਾਰਦਰਸ਼ੀ ਰੂਪ ਨਿਹਾਰ ਸਕਦਾ ਏ।…ਕਦੇ ਵੀ ਕਿਸੇ ਦਾ ਪ੍ਰਛਾਂਵਾਂ ਨਾ ਬਣੋ, ਸਗੋਂ ਪ੍ਰਛਾਂਵਿਆਂ ਨੂੰ ਸਿਰਜੋ ਤਾਂ ਕਿ ਕੋਈ ਤੁਹਾਡੇ ਪ੍ਰਛਾਂਵੇਂ ਦੇ ਨਿੱਘ ਵਿਚ ਜੀਵਨ ਦੀਆਂ ਉਮੀਦਾਂ ਅਤੇ ਉਮੰਗਾਂ ਨੂੰ ਨਵੀਂ ਪਰਵਾਜ਼ ਦੇ ਸਕੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਜਿਊਣ ਦੀ ਜਾਚ ਸਿੱਖਣ ਦਾ ਹੋਕਰਾ ਲਾਇਆ ਹੈ; ਕਿਉਂਕਿ “ਬਹੁਤ ਫਰਕ ਹੁੰਦਾ ਏ ਜਿਊਣ ਤੇ ਮਰਨ ਵਿਚ। ਕੁਝ ਲੋਕ ਜਿਊਂਦਿਆਂ ਹੀ ਮਰੇ ਹੁੰਦੇ ਅਤੇ ਕੁਝ ਲੋਕ ਮਰ ਕੇ ਜਿਉਂਦੇ ਰਹਿੰਦੇ, ਪਰ ਅੱਜ ਕੱਲ੍ਹ ਜਿ਼ਆਦਾਤਰ ਲੋਕ ਜਿਉਂਦਿਆਂ ਹੀ ਆਪਣੀ ਲੋਥ ਮੋਢਿਆਂ ‘ਤੇ ਚੁੱਕੀ ਫਿਰਦੇ।…ਮਰਨਾ ਬਹੁਤ ਆਸਾਨ, ਪਰ ਮਰਨ ਤੋਂ ਜਿ਼ਆਦਾ ਜਰੂਰੀ ਏ ਜਿਊਣਾ। ਜਿਉਣਾ ਔਖਾ ਤਾਂ ਹੁੰਦਾ, ਪਰ ਜਿਊਣ ਵਿਚੋਂ ਹੀ ਜਿ਼ੰਦਗੀ ਦੀ ਸਮੁੱਚਤਾ ਅਤੇ ਸਾਰਥਿਕਤਾ ਨੂੰ ਨਵਾਂ ਸੰਦੇਸ਼ ਤੇ ਸੰਭਾਵਨਾ ਮਿਲਦੀ।” ਉਹ ਕਹਿੰਦੇ ਹਨ, “ਮਾਨਵੀ ਮਕਸਦ ਜਾਂ ਸਮਾਜ ਲਈ, ਜੁਲਮ ਨਾਲ ਲੜਦਿਆਂ, ਅਨਿਆਂ ਦਾ ਸਾਹਮਣਾ ਕਰਦਿਆਂ ਜਾਂ ਮਾਨਵਵਾਦੀ ਅਸੂਲਾਂ ‘ਤੇ ਪਹਿਰੇ ਦਿੰਦਿਆਂ, ਮੌਤ ਨੂੰ ਗਲੇ ਲਾਉਣਾ ਅਤੇ ਸ਼ਹਾਦਤ ਪ੍ਰਾਪਤ ਕਰਨਾ, ਦਰਅਸਲ ਮਰ ਕੇ ਜਿਊਣਾ ਹੁੰਦਾ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਬਹੁਤੇ ਲੋਕ ਜਿਉਂਦੇ ਘੱਟ, ਪਰ ਮਰਦੇ ਜਿ਼ਆਦਾ। ਬਹੁਤ ਘੱਟ ਲੋਕ ਜਿ਼ਆਦਾ ਸਮਾਂ ਜਿਉਂਦੇ ਅਤੇ ਘੱਟ ਸਮੇਂ ਲਈ ਮਰਦੇ। ਸਮੇਂ ਦੀ ਕੇਹੀ ਤ੍ਰਾਸਦੀ ਕਿ ਹਰ ਵਿਅਕਤੀ ਜਿਉਣ ਲਈ ਪਲ ਪਲ ਮਰ ਰਿਹਾ ਏ। ਜਦ ਜਿਊਣ ਦਾ ਮੌਕਾ ਆਉਂਦਾ ਤਾਂ ਮੜੀਆਂ ਦੀ ਤਿਆਰੀ ਹੋ ਜਾਂਦੀ। ਕਈ ਤਾਂ ਸਿਰਫ ਮਰਨ ਲਈ ਹੀ ਜਿਉਂਦੇ।
ਆਲੇ-ਦੁਆਲੇ ‘ਚ ਹਰੇਕ ਹੀ ਮਰਨਮਿੱਟੀ ਚੁੱਕੀ ਫਿਰਦਾ। ਉਸ ਦੀ ਸੋਚ ਵਿਚ ਮੌਤ ਦਾ ਅਜਿਹਾ ਖੌਫ ਸਮਾਇਆ ਰਹਿੰਦਾ ਕਿ ਉਹ ਤਿਲ-ਤਿਲ ਮਰਨ ਲਈ ਹੀ ਮਜ਼ਬੂਰ। ਉਸ ਦੀ ਸੋਚ ਜਿ਼ੰਦਗੀ ਨੂੰ ਭਰਪੂਰਤਾ ਸੰਗ ਜਿਊਣ ਦਾ ਚਾਅ ਹੀ ਸੰਤਾਪਿਆ ਹੁੰਦਾ।
ਸਮਾਜ ਵਿਚ ਚਾਰੇ ਪਾਸੇ ਹੀ ਮੌਤ ਦਾ ਮੰਡਰਾਉਣਾ, ਸਾਹ ਨੂੰ ਸੂਲੀ ‘ਤੇ ਟੰਗਣ ਦੀ ਨੌਬਤ। ਇਸ ਨੌਬਤ ਨੂੰ ਪਲ ਪਲ ਹੰਢਾਉਣਾ, ਜਿਊਣ ਦਾ ਭਰਮ।
ਪਰਿਵਾਰ, ਸਮਾਜ ਅਤੇ ਸੰਸਾਰ ਵਿਚ ਇਹ ਵਰਤਾਰਾ ਆਮ। ਵਿਅਕਤੀ ਕੋਲ ਆਪਣੇ ਅਤੇ ਪਰਿਵਾਰ ਲਈ ਸਮਾਂ ਨਹੀਂ। ਉਹ ਤਾਂ ਹਰਦਮ ਇਹ ਵਿਚਾਰ ਹੀ ਪਾਲਦਾ ਕਿ ਹੁਣ ਤਾਂ ਮਰਨ ਦੀ ਵੀ ਵਿਹਲ ਨਹੀਂ, ਪਰ ਦਰਅਸਲ ਉਹ ਮਰ ਰਿਹਾ ਹੁੰਦਾ। ਉਹ ਆਪਣੇ ਤੇ ਪਰਿਵਾਰ ਲਈ ਵੱਡਾ ਘਰ, ਸੁੱਖ-ਸਹੂਲਤਾਂ ਅਤੇ ਧਨ ਦੇ ਅੰਬਾਰ ਲਾਉਣ ਲਈ ਅਜਿਹਾ ਖਚਤ ਹੁੰਦਾ ਕਿ ਉਸ ਲਈ ਜਿ਼ੰਦਗੀ ਦੇ ਅਰਥਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸਿਹਤ ਦਾ ਖਿਆਲ ਰੱਖਣਾ ਜਾਂ ਆਪਣੇ ਹਿੱਸੇ ਦਾ ਜੀਵਨ ਜਿਊਣ ਦੀ ਕਾਮਨਾ ਮਨ ਵਿਚ ਪੈਦਾ ਕਰਨ ਦਾ ਖਾਬੋ-ਖਿਆਲ ਵੀ ਨਹੀਂ ਆਉਂਦਾ। ਅਜਿਹੇ ਲੋਕ ਬੱਚਿਆਂ ਲਈ ਮਿਲੀਅਨ ਛੱਡ, ਕਿਸੇ ਸੀਨੀਅਰ ਹੋਮ ਵਿਚ ਸਾਹਾਂ ਨੂੰ ਆਖਰੀ ਅਲਵਿਦਾ ਕਹਿੰਦੇ, ਅਣਿਆਈ ਮੌਤੇ ਹੀ ਮਰ ਜਾਂਦੇ।
ਬੰਦਾ ਮੇਰੀ ਮੇਰੀ ਕਰਦੀ ਹੀ ਆਪਣਾ ਸਭ ਕੁਝ ਗਵਾਹ ਲੈਂਦਾ। ਹਰ ਵੇਲੇ ਮਰਨ-ਮਾਰਨ `ਤੇ ਉਤਾਰੂ। ਪਿੰਡਾਂ ਵਿਚ ਅਕਸਰ ਹੀ ਵੱਟ ਤੋਂ ਸ਼ੁਰੂ ਹੋਈਆਂ ਲੜਾਈਆਂ ਕਈ ਪੀੜ੍ਹੀਆਂ ਤੱਕ ਚੱਲਦੀਆਂ। ਕਈ ਜਾਨਾਂ ਦੀ ਆਹੂਤੀ, ਕੱਖੋਂ ਹੌਲੀ ਕਰਦੀਆਂ ਕਈ ਪਰਿਵਾਰਾਂ ਨੂੰ; ਪਰ ਉਨ੍ਹਾਂ ਲਈ ਜਿਊਣ ਨਾਲੋਂ ਮਰਨ ਨੂੰ ਅਹਿਮੀਅਤ ਦੇਣੀ ਮੂਰਖਾਨਾ ਹੀ ਹੈ।
ਦੁਨੀਆਂ ਭਰ ਵਿਚ ਖਾਨਾ-ਜੰਗੀ, ਲੜਾਈਆਂ, ਹਓਮੈ ਅਤੇ ਆਪਣੀ ਧੌਂਸ ਜਮਾਉਣ ਲਈ ਹੀ ਹਨ। ਰਾਜਨੀਤਕ ਲੋਕਾਂ ਦੀ ਕੁਰਸੀ ਦੇ ਪਾਵੇ ਬਣੇ ਆਮ ਲੋਕ ਹੀ ਮਰਨ ਜੋਗੇ ਹੁੰਦੇ। ਜੰਗਾਂ ਛੇੜਨ ਵਾਲੇ ਇਹ ਲੀਡਰ ਕਦੇ ਜੰਗ ਦੇ ਮੈਦਾਨ ਵਿਚ ਨਹੀਂ ਜਾਂਦੇ ਸਗੋਂ ਉਹ ਬਿਗਾਨੇ ਸਿਵਿਆਂ ‘ਤੇ ਸਿੰਘਾਸਣਾਂ ਦੀ ਤਾਮੀਰਦਾਰੀ ਕਰਦੇ। ਖੂਨ-ਖਰਾਬੇ ਵਿਚ ਉਲਝੀਆਂ ਜਥੇਬੰਦੀਆਂ ਆਪਣੀਆਂ ਤਮੰਨਾਵਾਂ ਨੂੰ ਪੱਠੇ ਪਾਉਣ ਅਤੇ ਸਰਦਾਰੀ ਕਾਇਮ ਕਰਨ ਲਈ ਤੱਤੇ ਖੂਨ ਨੂੰ ਸ਼ਹਾਦਤ ਲਈ ਉਕਸਾਉਂਦੀਆਂ, ਮਰਨ ਉਪਰੰਤ ਸਵਰਗੀ ਸਬਜ਼-ਬਾਗ ਦਿਖਾਉਂਦੀਆਂ, ਨੌਜਵਾਨ ਸੋਚ ਨੂੰ ਵਰਗਲਾਉਣ ਵਿਚ ਕਾਮਯਾਬ।
ਮਾਨਵੀ ਮਕਸਦ ਜਾਂ ਸਮਾਜ ਲਈ, ਜੁਲਮ ਨਾਲ ਲੜਦਿਆਂ, ਅਨਿਆਂ ਦਾ ਸਾਹਮਣਾ ਕਰਦਿਆਂ ਜਾਂ ਮਾਨਵਵਾਦੀ ਅਸੂਲਾਂ ‘ਤੇ ਪਹਿਰੇ ਦਿੰਦਿਆਂ, ਮੌਤ ਨੂੰ ਗਲੇ ਲਾਉਣਾ ਅਤੇ ਸ਼ਹਾਦਤ ਪ੍ਰਾਪਤ ਕਰਨਾ, ਦਰਅਸਲ ਮਰ ਕੇ ਜਿਊਣਾ ਹੁੰਦਾ।
ਜਦ ਮਨੁੱਖ ਧਨ ਖਾਤਰ ਜਾਂ ਉਚਾ ਰੁਤਬਾ ਹਾਸਲ ਕਰਨ ਲਈ ਆਪਣੇ ਆਪ ਨੂੰ ਦਾਅ `ਤੇ ਲਾਵੇ ਤਾਂ ਇਸ ਮਰਨ ਵਿਚੋਂ ਜਿਊਣ ਨੂੰ ਕਿਵੇਂ ਕਿਆਸਿਆ ਜਾ ਸਕਦਾ?
ਸਮਾਜ ਵਿਚ ਨਕਾਰਾਤਮਿਕਤਾ ਹਾਵੀ। ਖੁਦ ਨੂੰ ਭੁੱਲ ਕੇ ਇਕ ਅਜਿਹੀ ਦੌੜ ਵਿਚ ਸ਼ਾਮਲ, ਜਿਸ ਦਾ ਕੋਈ ਅੰਤ ਨਹੀਂ ਅਤੇ ਨਾ ਹੀ ਕਿਧਰੇ ਕੋਈ ਸਿਰਾ ਥਿਆਉਂਦਾ। ਇਹ ਤਾਂ ਮਨੁੱਖ ਵਿਚਲੇ ਸੰਜਮ, ਸੁਹਜ, ਸਾਦਗੀ ਅਤੇ ਸੰਤੋਖ ਨੇ ਹੀ ਨਿਰਧਾਰਤ ਕਰਨਾ ਕਿ ਲੋੜਾਂ ਨੂੰ ਸੀਮਤ ਕਿਵੇਂ ਕਰਨਾ? ਸੀਮਤ ਸਾਧਨਾਂ ਨਾਲ ਪੂਰਤੀ ਕਿਵੇਂ ਕਰਨੀ? ਇਸ ਵਿਚੋਂ ਸਬਰ ਤੇ ਸਕੂਨ ਨੂੰ ਜੀਵਨ ਦਾ ਸੁਖਨ ਕਿਵੇਂ ਬਣਾਉਣਾ?
ਜਿ਼ਆਦਾਤਰ ਧਾਰਮਿਕ ਪ੍ਰਚਾਰਕ ਅਡੰਬਰੀ। ਉਹ ਪ੍ਰਚਾਰ ਤਾਂ ਦੁਨਿਆਵੀ ਸੁੱਖ-ਸਹੂਲਤਾਂ ਨੂੰ ਛੱਡਣ ਅਤੇ ਮਾਇਆ ਮੋਹਣੀ ਤੋਂ ਦੂਰੀ ਬਣਾਉਣ ਲਈ ਪ੍ਰੇਰਦੇ; ਪਰ ਖੁਦ ਆਲੀਸ਼ਾਨ ਡੇਰਿਆਂ, ਮਹੱਲਾਂ ਅਤੇ ਪੰਜ ਸਟਾਰੀ ਸਹੂਲਤਾਂ ਮਾਣਦੇ। ਉਨ੍ਹਾਂ ਲਈ ਜੀਵਨ ਦੇ ਅਰਥ ਆਪਣੇ ਪੈਰੋਕਾਰਾਂ ਨਾਲੋਂ ਹੀ ਵੱਖਰੇ। ਹਰ ਜਾਇਜ਼-ਨਾਜਾਇਜ਼ ਢੰਗ ਨਾਲ ਆਪਣੀਆਂ ਸਲਤਨਤਾਂ ਖੜ੍ਹੀਆਂ ਕਰਨ ਵਿਚ ਖਚਤ। ਉਹ ਸ਼ਰਧਾਲੂਆਂ ਦੇ ਮਨਾਂ ਵਿਚ ਮੌਤ ਦਾ ਖੌਫਨਾਕ ਭੈਅ ਪੈਦਾ ਕਰਦੇ, ਜੋ ਮਰਨ ਜੋਗੇ ਹੀ ਰਹਿੰਦੇ ਅਤੇ ਜਿਊਣ ਲਈ ਅਜਿਹੇ ਬਾਬਿਆਂ ਦੇ ਦਰ ਦੇ ਭਿਖਾਰੀ ਬਣੇ ਰਹਿੰਦੇ। ਅਜਿਹੇ ਸ਼ਰਧਾਲੂਆਂ ਤੋਂ ਜਿਊਣ ਦੀ ਕਿਵੇਂ ਆਸ ਰੱਖ ਸਕਦੇ ਹੋ?
ਆਪਣੇ ਹਿੱਸੇ ਦੀ ਜਿ਼ੰਦਗੀ ਜਿਊਣਾ ਹੀ ਜੀਵਨ ਦਾ ਸਚਿਆਰਾਪਣ ਅਤੇ ਅਸੀਂ ਸਾਰੇ ਹੀ ਇਸ ਤੋਂ ਮਹਿਰੂਮ। ਬੱਚਾ ਆਪਣੇ ਮਾਪਿਆਂ ਲਈ ਜਿਊਂਦਾ, ਪੜ੍ਹ-ਲਿਖ ਕੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੇ ਬੱਚਿਆਂ ਲਈ ਅਤੇ ਫਿਰ ਆਪਣੀ ਅਗਲੀ ਪੀੜ੍ਹੀ ਦੀ ਫਿਕਰਮੰਦੀ ਤੇ ਤਾਮੀਰਦਾਰੀ ਵਿਚ ਹੀ ਜਿ਼ੰਦਗੀ ਗਵਾ ਲੈਂਦਾ। ਹਰਦਮ ਮਰਨ ਵਾਲਿਓ! ਕਦੇ ਸੋਚਣਾ, ਤੁਸੀਂ ਆਪਣੇ ਹਿੱਸੇ ਦੀ ਜਿ਼ੰਦਗੀ ਵੀ ਜੀਵੀ ਆ? ਮਰਜੀ ਨਾਲ ਸੌਂਵੇ ਹੋਵੋ, ਮਰਜੀ ਨਾਲ ਉਠੇ ਹੋਵੋ, ਮਨਪਸੰਦ ਖਾਧਾ ਹੋਵੇ, ਘੁੰਮੇ ਹੋਵੋ, ਮਨਚਾਹੇ ਥਾਂਵਾਂ ਦੀ ਸੈਰ ਕੀਤੀ ਹੋਵੇ ਅਤੇ ਆਪਣੀਆਂ ਅਪੂਰਨ ਇੱਛਾਵਾਂ ਦੀ ਪੂਰਤੀ ਵੱਲ ਕੋਈ ਧਿਆਨ ਦਿਤਾ ਹੋਵੇ? ਕੀ ਕਦੇ ਆਪਣੀਆਂ ਸੂਖਮ ਭਾਵਨਾਵਾਂ ਨੂੰ ਪਰਵਾਜ ਦਿਤੀ ਏ? ਸੁੱਤੀਆਂ ਕਲਾਵਾਂ ਨੂੰ ਹਲੂਣਿਆ ਅਤੇ ਉਨ੍ਹਾਂ ਦੀ ਪਲੋਸਣੀ ਵਿਚੋਂ ਚਾਅ-ਪੁੰਗਾਰੇ ਨੂੰ ਨਵੀਆਂ ਕਰੂੰਬਲਾਂ ਤੇ ਕੋਮਲ ਪੱਤੀਆਂ ਦੀ ਸੌਗਾਤ ਦਿਤੀ ਏ? ਕੀ ਕਦੇ ਆਪਣੇ ਅੰਦਰ ਝਾਤ ਮਾਰੀ ਏ? ਖੁਦ ਨੂੰ ਚੱਜ ਨਾਲ ਨਿਹਾਰਿਆ ਏ? ਸਰੀਰਕ ਤੇ ਮਾਨਸਿਕ ਲੋੜਾਂ ਦੀ ਪੂਰਤੀ ਵੱਲ ਧਿਆਨ ਦਿਤਾ ਏ? ਆਤਮਕ ਸਿਹਤਯਾਬੀ ਲਈ ਕੋਈ ਉਚੇਚ ਕੀਤਾ ਏ?
ਜਰਾ ਸੋਚਣਾ! ਕਦੇ ਕਿਤਾਬਾਂ ਨਾਲ ਗੱਲਾਂ ਕੀਤੀਆਂ? ਕਦੇ ਅੱਖਰਾਂ ਨੂੰ ਆਪਣੀ ਕਹਾਣੀ ਸੁਣਾਈ ਏ? ਕਦੇ ਕਲਮ ਨੂੰ ਆਪਣੀਆਂ ਵੇਦਨਾਵਾਂ ਦੀ ਕਥਾ ਸੁਣਾਈ ਏ? ਜਾਂ ਬੁਰਸ਼-ਛੋਹਾਂ ਨਾਲ ਮਨ ਵਿਚ ਪਈਆਂ ਸੱਧਰਾਂ ਦੀ ਕਲਾਨਿਕਾਸ਼ੀ ਕੀਤੀ ਆ? ਆਪਣੇ ਆਪ ਦੇ ਸਨਮੁੱਖ ਹੋਏ? ਕਦੇ ਕਦਾਈਂ ਬਚਪਨੀ ਦੋਸਤਾਂ ਨਾਲ ਕੁਝ ਪਲ ਬਿਤਾਏ ਨੇ? ਉਨ੍ਹਾਂ ਨਾਲ ਬਿਤਾਏ ਬੇਫਿਕਰੀ ਦੇ ਪਲਾਂ ਨੂੰ ਪੁਨਰਸੰਜੀਵ ਕੀਤਾ ਏ, ਜਿਨ੍ਹਾਂ ਦਾ ਢਲਦੀ ਉਮਰ ਦੇ ਪ੍ਰਛਾਂਵੇਂ ਤੇ ਚਿੰਤਾਵਾਂ ਦੀਆਂ ਰੇਖਾਵਾਂ ਨੂੰ ਘਟਾਉਣ ਲਈ ਇਨ੍ਹਾਂ ਦੋਸਤਾਂ ਦਾ ਸਭ ਤੋਂ ਵੱਡਾ ਯੋਗਦਾਨ। ਉਹ ਤੁਹਾਨੂੰ ਮੁੜ ਤੋਂ ਜਿਊਣ ਦੀ ਜਾਚ ਦੱਸਣਗੇ।
ਜਿੰ਼ਦਗੀ ਦੇ ਵੱਖ ਵੱਖ ਪੜਾਵਾਂ ਦੌਰਾਨ, ਇਸ ਦੇ ਰੂਪਾਂ ਨੂੰ ਪ੍ਰਭਾਸਿ਼ਤ ਕਰਨ ਅਤੇ ਇਸ ਅਨੁਸਾਰ ਜਿ਼ੰਦਗੀ ਨੂੰ ਜਿਊਣ ਦਾ ਮਤਲਬ ਪਤਾ ਲੱਗ ਜਾਵੇ ਤਾਂ ਜਿੰ਼ਦਗੀ ਜਿਊਣ ਜੋਗੀ ਹੋ ਜਾਂਦੀ; ਪਰ ਮਨੁੱਖ ਦੀ ਕੇਹੀ ਬਿਰਤੀ ਕਿ ਉਹ ਵੈਣ-ਸਿਆਪਿਆਂ ਵਿਚੋਂ ਹੀ ਆਪਣੇ ਸਾਹਾਂ ਨੂੰ ਆਪਣੇ ਨਾਮ ਕਰਨਾ ਚਾਹੁੰਦਾ। ਹਾਉਕਿਆਂ ਵਿਚੋਂ ਸਾਹ-ਸੰਗੀਤਕਤਾ ਨੂੰ ਲੋਚਦਾ। ਅੰਦਰ ਧੁੱਖਦੀ ਧੂਣੀ ਦੇ ਸੇਕ ਵਿਚੋਂ ਠੰਢੇ ਤ੍ਰੌਂਕੇ ਦੀ ਆਸ ਰੱਖਦਾ। ਸੋਚ-ਧਰਾਤਲ ਵਿਚ ਪਈ ਕਾਂਗਿਆਰੀ ਵਿਚੋਂ ਸੋਨ-ਰੰਗੇ ਦਾਣਿਆਂ ਦੀ ਆਸ ਲਾਈ ਬੈਠਾ। ਆਤਮਾ ਵਿਚ ਪਸਰੇ ਮਾਰੂਥਲਾਂ ਵਿਚੋਂ ਮੌਲਦੀਆਂ ਫਸਲਾਂ ਕਿਆਸਦਾ। ਸੰਤਾਪੀ ਤੇ ਹਉਕੇ ਭਰਦੀ ਲੋਚਾ ਵਿਚੋਂ ਕੁਝ ਚੰਗੇਰਾ ਹੋਣ ਦੀ ਹੀ ਆਸ ਲਾਈ ਬੈਠਾ।
ਬਹੁਤ ਫਰਕ ਹੁੰਦਾ ਏ ਜਿਊਣ ਤੇ ਮਰਨ ਵਿਚ। ਕੁਝ ਲੋਕ ਜਿਊਂਦਿਆਂ ਹੀ ਮਰੇ ਹੁੰਦੇ ਅਤੇ ਕੁਝ ਲੋਕ ਮਰ ਕੇ ਜਿਉਂਦੇ ਰਹਿੰਦੇ, ਪਰ ਅੱਜ ਕੱਲ੍ਹ ਜਿ਼ਆਦਾਤਰ ਲੋਕ ਜਿਉਂਦਿਆਂ ਹੀ ਆਪਣੀ ਲੋਥ ਮੋਢਿਆਂ ‘ਤੇ ਚੁੱਕੀ ਫਿਰਦੇ। ਆਪਣੀ ਅਰਥੀ ਬੰਦਾ ਕਿੰਨਾ ਕੁ ਚਿਰ ਢੋ ਸਕਦਾ? ਆਖਰ ਨੂੰ ਤਾਂ ਕੁੱਬ ਪੈਣਾ ਤੇ ਕੁਝ ਨਹੀਂ ਪੱਲੇ ਵਿਚ ਰਹਿਣਾ।
ਹਰ ਵਿਅਕਤੀ ਚੰਗੇ ਪਲਾਂ ਨੂੰ ਮਾਣਨ ਲਈ ਕੁਝ ਪਲ ਅਟਕਣਾ ਲੋਚਦਾ। ਇਸ ਅਟਕਣ ਵਿਚੋਂ ਹੀ ਜਿ਼ੰਦਗੀ ਨੂੰ ਮਿਲਦੀ ਨਿਰਮਲਤਾ, ਟਹਿਕਦਾ ਏ ਜਿਊਣ ਅੰਦਾਜ਼ ਅਤੇ ਮਿਲਦੀ ਏ ਸੁੱਚੀਆਂ ਤਰਜ਼ੀਹਾਂ ਨੂੰ ਪਰਵਾਜ਼। ਸਮਾਂਬੱਧ ਸੰਤੁਲਤਾ, ਸਮਰਪਿਤਾ ਅਤੇ ਸੁਘੜ-ਸਿਆਣਪਾਂ ਵਿਚੋਂ ਹੀ ਜਿ਼ੰਦਗੀ ਨੂੰ ਜਿਊਣ ਦੀ ਜਾਚ ਆਉਂਦੀ। ਇਸ ਵਿਚੋਂ ਹੀ ਮਨੁੱਖ ਨੂੰ ਮਨੁੱਖ ਹੋਣ ਦਾ ਮਾਣ ਹੁੰਦਾ। ਅਜੋਕੀ ਜੀਵਨ ਸ਼ੈਲੀ, ਵਿਦਿਅਕ ਅਦਾਰੇ, ਪਰਿਵਾਰਕ ਵਿਹਾਰ ਅਤੇ ਚੌਗਿਰਦੇ ਨੇ ਸੰਵੇਦਨਸ਼ੀਲ ਵਿਅਕਤੀਆਂ ਨਾਲ ਭਰਿਆ ਸਮਾਜ ਸਿਰਜਣ ਦੀ ਥਾਂ ਸਿਰਫ ਰੋਬੋਟ ਪੈਦਾ ਕਰਨ ਵੰਨੀਂ ਉਤਸ਼ਾਹਿਤ ਕਰ ਰਹੇ ਨੇ। ਇਸ ਮਕਾਨਕੀ ਜਿ਼ੰਦਗੀ ਦੇ ਦੂਰਰੱਸੀ ਤੇ ਮਾਰੂ ਸਿੱਟੇ ਹੀ ਹਨ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਮਨੋਰੋਗੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਤਲਾਕ ਵੱਧ ਰਹੇ ਨੇ। ਸਭ ਤੋਂ ਖਤਰਨਾਕ ਰੁਝਾਨ ਹੈ ਵਿਆਹ ਨਾ ਕਰਵਾਉਣ ਦੀ ਥਾਂ ਆਪਣੇ ਕੈਰੀਅਰ ਨੂੰ ਤਰਜ਼ੀਹ ਦੇਣੀ। ਬੱਚਿਆਂ ਨਾਲ ਭਰਿਆ ਪਰਿਵਾਰ ਬਣਾਉਣ ਦੀ ਥਾਂ ਲਿਵ-ਇਨ ਰਿਲੇਸ਼ਨਜ਼ ਵਿਚੋਂ ਹੀ ਮਕਾਨਕੀ ਸਕੂਨ ਅਤੇ ਖੁਸ਼ੀ ਪ੍ਰਾਪਤ ਕਰਨ ਦਾ ਰੁਝਾਨ। ਇਸ ਕਰਕੇ ਹੀ ਵਿਕਾਸਸ਼ੀਲ ਦੇਸ਼ਾਂ ਵਿਚ ਜਨ-ਸੰਖਿਆ ਦਾ ਘਟਣਾ ਹੀ ਪਰਵਾਸ ਦਾ ਪ੍ਰਮੁੱਖ ਕਾਰਨ ਏ।
ਮਨੁੱਖ ਜਦ ਮਨੁੱਖ ਤੋਂ ਦੂਰੀ ਸਿਰਜਦਾ, ਮਨੁੱਖੀ ਭਾਵਨਾਵਾਂ ਨੂੰ ਧਨ ਦੇ ਤਰਾਜੂ ਨਾਲ ਤੋਲਦਾ ਅਤੇ ਸਮੁੱਚੇ ਢਾਂਚੇ ਨੂੰ ਆਰਥਿਕ ਲਾਭ ਦੇ ਕੋਣ ਨਾਲ ਹੀ ਦੇਖਣ ਦੀ ਆਦਤ ਬਣਾਉਂਦਾ ਤਾਂ ਮਨੁੱਖਾਂ ਦੇ ਮਨੁੱਖਾਂ ਨਾਲ ਆਪਸੀ ਸਬੰਧ ਕਿਵੇਂ ਬਣਨਗੇ? ਆਨ-ਲਾਈਨ ਟੀਚਿੰਗ, ਆਫਿਸ ਵਰਕ ਜਾਂ ਰੋਬੋਟ ਨੂੰ ਵੱਡੇ ਵੱਡੇ ਅਦਾਰਿਆਂ ਵਿਚ ਲਿਆ ਕੇ, ਮਨੁੱਖਹੀਣ ਵਰਤਾਰੇ ਵਿਚੋਂ ਸਿਰਫ ਰੋਬੋਟ ਬਿਰਤੀ ਨੇ ਹੀ ਪੈਦਾ ਹੋਣਾ। ਫਿਰ ਮਨੁੱਖ ਵਿਚ ਜਿਊਣ ਦੀ ਚਾਹਨਾ ਕਿਵੇਂ ਪੈਦਾ ਹੋਵੇਗੀ? ਵਿਦਿਆਰਥੀਆਂ ਵਿਚ ਜੀਵਨ ਪ੍ਰਤੀ ਨਜ਼ਰੀਏ ਦਾ ਉਚਾਟ ਹੋਣਾ ਅਤੇ ਉਨ੍ਹਾਂ ਵਿਚ ਨਿਰਾਸ਼ਾ ਦਾ ਵਾਧਾ ਇਸ ਗੱਲ ਦਾ ਪ੍ਰਤੀਕ ਏ ਕਿ ਸਿਖਿਆ ਸੰਸਥਾਵਾਂ, ਸਿਖਿਆ ਦੇ ਨਾਲ-ਨਾਲ, ਮਨੁੱਖੀ ਵਿਹਾਰ ਨੂੰ ਵਿਕਸਿਤ ਕਰਨ ਤੇ ਵਿਅਕਤੀਤਵ ਵਿਕਾਸ ਵਿਚ ਆਪਣਾ ਰੋਲ ਨਹੀਂ ਨਿਭਾ ਰਹੀਆਂ, ਜੋ ਬਹੁਤ ਅਹਿਮ ਹੁੰਦਾ।
ਮਰਨਾ ਬਹੁਤ ਆਸਾਨ, ਪਰ ਮਰਨ ਤੋਂ ਜਿ਼ਆਦਾ ਜਰੂਰੀ ਏ ਜਿਊਣਾ। ਜਿਉਣਾ ਔਖਾ ਤਾਂ ਹੁੰਦਾ, ਪਰ ਜਿਊਣ ਵਿਚੋਂ ਹੀ ਜਿ਼ੰਦਗੀ ਦੀ ਸਮੁੱਚਤਾ ਅਤੇ ਸਾਰਥਿਕਤਾ ਨੂੰ ਨਵਾਂ ਸੰਦੇਸ਼ ਤੇ ਸੰਭਾਵਨਾ ਮਿਲਦੀ। ਇਸ ਵਿਚੋਂ ਹੀ ਬੰਦਾ ਸੁਪਨੇ ਲੈਂਦਾ ਅਤੇ ਇਨ੍ਹਾਂ ਸੁਪਨਿਆਂ ਦੀ ਸੁਰਖ-ਸੰਵੇਦਨਾ ਮਨੁੱਖ ਨੂੰ ਜਿਊਣ ਦੇ ਅਰਥ ਸਮਝਾਅ ਦਿੰਦੀ, ਕਿਉਂਕਿ ਧਨ ਉਹ ਖੁਸ਼ੀ ਨਹੀਂ ਦੇ ਸਕਦਾ, ਜੋ ਮਨੁੱਖ-ਭਾਵੀ ਕਿਰਿਆਵਾਂ ਵਿਚੋਂ ਮਨੁੱਖ ਨੂੰ ਮਿਲਦਾ। ਮਾਂ ਨੂੰ ਕੁੱਖ ਵਿਚ ਨੌਂ ਮਹੀਨੇ ਤੱਕ ਪਾਲੇ ਬੱਚੇ, ਬੱਚੇ ਨਾਲ ਕੀਤੀਆਂ ਗੱਲਾਂ, ਲਡਾਏ ਲਾਡ ਅਤੇ ਉਣੇ ਸੁਪਨਿਆਂ ਦੀ ਭਰਪਾਈ, ਕਲੋਨਿੰਗ ਵਿਚੋਂ ਕਿਵੇਂ ਮਿਲ ਸਕਦੀ?
ਤੁਹਾਡਾ ਜਿਊਣਾ ਕਿਸੇ ਦਾ ਮੁਥਾਜ ਕਿਉਂ ਹੋਵੇ? ਜਿ਼ੰਦਗੀ ਦੀ ਭੀਖ ਕਿਸੇ ਕੋਲੋਂ ਕਿਉਂ ਮੰਗੇ? ਸਾਹਾਂ ਦੀ ਲਿਲਕੜੀ ਦਾ ਸਿਰਨਾਵਾਂ ਕਿਉਂ ਬਣੇ? ਕਿਉਂ ਆਪਣੇ ਹਿੱਸੇ ਦੀ ਚਾਨਣੀ ਨੂੰ ਮੱਸਿਆਂ ਦੇ ਨਾਮ ਕਰੇ? ਆਪਣੀ ਜੀਵਨ-ਡੋਰ ਨੂੰ ਕਿਸੇ ਹੱਥ ਨਾ ਫੜਾਓ, ਸਗੋਂ ਜੀਵਨ-ਪਤੰਗ ਦੀ ਉਡਾਣ ਦੀ ਦਿਸ਼ਾ ਖੁਦ ਨਿਰਧਾਰਤ ਕਰੋਗੇ ਤਾਂ ਇਸ ਦੀ ਉਚੇਰੀ ਉਡਾਣ ‘ਤੇ ਖੁਦ ਨੂੰ ਵੀ ਨਾਜ਼ ਹੋਵੇਗਾ ਅਤੇ ਸਮਾਜ ਨੂੰ ਵੀ।
ਮਰਨ ਵਿਚੋਂ ਜਿਊਣ ਦੀ ਲਿਲਕ ਤਾਂ ਹੀ ਪੈਦਾ ਹੋਵੇਗੀ, ਜਦ ਤੁਸੀਂ ਖੁਦ ਨੂੰ ਪਿਆਰ ਕਰੋਗੇ। ਖੁਦ ‘ਤੇ ਨਾਜ਼ ਹੋਵੇਗਾ। ਖੁਦ ਵਿਚੋਂ ਖੁਦਦਾਰੀ ਅਤੇ ਖੁਦਾਈ ਨੂੰ ਖੋਜਣ ਅਤੇ ਅੰਤਰੀਵ ਨੂੰ ਚਾਨਣ-ਰੱਤਾ ਕਰਨ ਵੱਲ ਰੁਚਿਤ ਹੋਵੋਗੇ। ਇਹ ਤਾਂ ਖੁਦ ਹੀ ਕਰਨਾ ਪੈਣਾ ਅਤੇ ਦੇਰ, ਕਈ ਵਾਰ ਜਾਨ ਲੇਵਾ ਹੁੰਦੀ ਆ।
ਹਰੇਕ ਨੇ ਇਕ ਦਿਨ ਮਰਨਾ, ਪਰ ਮਰਨ ਤੋਂ ਪਹਿਲਾਂ ਹੀ ਜਿਉਂਦੇ ਹੀ ਮਰ ਜਾਣਾ, ਜਿ਼ੰਦਗੀ ਲਈ ਭੀਖ ਹੁੰਦਾ ਅਤੇ ਭੀਖ ਮੰਗਣਾ, ਮਰਨ ਤੋਂ ਬਦਤਰ। ਸੋ ਲੋੜ ਹੈ, ਜਿਊਣ ਦੀ ਦੁਆ ਬਣੀਏ, ਨਾ ਕਿ ਮੌਤ ਦਾ ਮਰਸੀਆ ਉਚਾਰੀਏ।
ਜਦ ਕਿਸੇ ਦੇ ਮਨ ਵਿਚ ਆਪਣੇ ਬੱਚਿਆਂ ਨੂੰ ਮਿਲੀਅਨ ਡਾਲਰ ਦੇਣ ਦੀ ਦੌੜ ਅਤੇ ਉਨ੍ਹਾਂ ਲਈ ਹਰ ਸੁੱਖ-ਸਹੂਲਤਾਂ ਨੂੰ ਉਪਲਬਧ ਕਰਵਾਉਣ ਲਈ ਹਰ ਰਹਬਾ ਵਰਤਣ ਦੀ ਹੋਛੀ ਮਾਨਸਿਕਤਾ ਭਾਰੂ ਹੋ ਜਾਵੇ ਤਾਂ ਅਜਿਹਾ ਵਿਅਕਤੀ ਸਿਰਫ ਮਰਨ ਲਈ ਹੀ ਜਿਊਂਦਾ। ਉਸ ਲਈ ਜੀਵਨ ਦਾ ਆਧਾਰ ਸਿਰਫ ਧਨ ਕਮਾਉਣਾ ਅਤੇ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ।
ਸੰਸਾਰਕ ਫਿਜ਼ਾ ਵਿਚ ਪਸਰੇ ਮਾਤਮ ਵਿਚ ਜਿਊਣ ਦੀ ਜੋਤ ਜਗਾਉਣ ਦੀ ਲੋੜ ਤਾਂ ਕਿ ਲੋਕ ਮਰਨ ਦੇ ਭੈਅ ਤੋਂ ਮੁਕਤ ਹੋ, ਜਿਊਣ ਦੀ ਲਾਲਸਾ ਮਨ ਵਿਚ ਪੈਦਾ ਕਰਨ। ਉਨ੍ਹਾਂ ਲਈ ਪਲ ਪਲ ਮਰ ਕੇ ਜਿਊਣ ਦੀ ਨੌਬਤ ਨਾ ਆਵੇ। ਜੀਵਨ-ਜਾਚ ਸਿਖਾਉਣ ਵਾਲੇ ਜਿ਼ਆਦਤਰ ਪ੍ਰੇਰਕ ਵੀ ਮਾਇਕ ਸਰੋਕਾਰਾਂ ਨੂੰ ਪ੍ਰਣਾਏ ਹੋਏ। ਜਰੂਰੀ ਹੈ, ਮੱਤ ਦੇਣ ਤੋਂ ਪਹਿਲਾਂ ਉਸ ਮੱਤ `ਤੇ ਖੁਦ ਅਮਲ ਕਰੋ। ਇਕ ਰੋਲ ਮਾਡਲ ਬਣ ਕੇ, ਸੀਮਤ ਲੋੜਾਂ ਤੇ ਸਾਧਨਾਂ ਵਿਚੋਂ ਜੀਵਨ ਦੀ ਸਮੁੱਚਤਾ ਨੂੰ ਸਕੂਨ ਦਾ ਸਾਧਨ ਬਣਾਓ।
ਜਿ਼ੰਦਗੀ, ਮਨੁੱਖ ਲਈ ਸਭ ਤੋਂ ਉਤਮ ਤੋਹਫਾ। ਇਸ ਸੌਗਾਤ ਨੂੰ ਮਨੁੱਖੀ ਉਚਤਮਤਾ ਲਈ ਵਰਤਣ ਲਈ ਜਰੂਰੀ ਹੈ ਕਿ ਜੀਵਨ ਨੂੰ ਚੰਗਿਆਈ ਤੇ ਭਲਿਆਈਆ ਨਾਲ ਭਰੀਏ। ਧਨ ਇਕੱਠਾ ਕਰਕੇ ਉਹ ਸੰਤੁਸ਼ਟੀ ਹਾਸਲ ਨਹੀਂ ਕਰ ਸਕਦੇ, ਜੋ ਰੋਂਦੇ ਦੇ ਹੰਝੂ ਪੂੰਝ ਕੇ ਮਿਲਦੀ, ਜੋ ਜਖਮਾਂ ‘ਤੇ ਟਕੋਰ ਕਰਨ ਅਤੇ ਮਰ੍ਹਮ ਲਾਉਣ ਨਾਲ ਮਿਲਦੀ, ਜੋ ਸੁਪਨਹੀਣ ਬੱਚੇ ਦੇ ਦੀਦਿਆਂ ਵਿਚ ਸੁਪਨੇ ਧਰਨ ਜਾਂ ਖਾਲੀ ਬਸਤੇ ਵਿਚ ਅੱਖਰਾਂ ਦੀ ਦਾਤ ਪਾਉਣ ਨਾਲ ਮਿਲਦੀ। ਕਿੰਨੀ ਸ਼ਾਂਤੀ ਮਿਲੇਗੀ, ਜਦ ਅਸੀਂ ਕਿਸੇ ਦੀ ਤਿੱਖੜ ਦੁਪਹਿਰ ਵਿਚ ਛਾਂ ਬਣਾਂਗੇ, ਕਲਰਾਈਆਂ ਕੰਧਾਂ ਨੂੰ ਮਜ਼ਬੂਤੀ ਬਖਸ਼ਣ ਵਿਚ ਸਹਾਈ ਹੋਵਾਂਗੇ ਜਾਂ ਭੁੱਖੇ ਪੇਟ ਲਈ ਟੁੱਕਰ ਦਾ ਆਹਰ ਬਣਾਂਗੇ। ਕਿਸੇ ਦੇ ਜਿਊਣ ਵਿਚੋਂ ਹੀ ਜਦ ਜਿਊਣ ਦੀ ਲੋਚਾ ਪਨਪੇਗੀ ਤਾਂ ਮਰਨ ਦਾ ਖਿਆਲ ਨਹੀਂ ਆਵੇਗਾ, ਕਿਉਂਕਿ ਸਾਡਾ ਹਰੇਕ ਪਲ, ਕਿਸੇ ਲਈ ਜੀਵਨ-ਦਾਨ ਬਣ, ਸਾਨੂੰ ਵੀ ਸੁੱਚੀ ਜਿ਼ੰਦਗੀ ਦੀ ਗੁੜਤੀ ਦਿੰਦਾ ਏ।
ਜਾਣਕਾਰ ਕੈਨੇਡਾ ਵਿਚ ਰਹਿੰਦਾ ਏ। ਚਿਰ ਹੋਇਆ ਪੰਜਾਬ ਤੋਂ ਆਇਆ। ਸਭ ਕੁਝ ਭੁੱਲ ਭੁਲਾ ਕੇ, ਆਰਥਕ ਪੱਖ ਨੂੰ ਕਿਆਸਦਾ, ਖੁਦ ਦੀ ਸਿਹਤ ਅਤੇ ਪਰਿਵਾਰਕ ਜਿ਼ੰਮੇਵਾਰੀਆਂ ਤੋਂ ਬੇਮੁੱਖ ਰਿਹਾ। ਹੁਣ ਪਰਿਵਾਰ ਵੀ ਖਿੰਡ ਗਿਆ ਅਤੇ ਸਿਹਤ ਦੀ ਖਰਾਬੀ ਕਾਰਨ ਖਾਣ ਤੋਂ ਆਤੁਰ। ਉਸ ਦਾ ਕਹਿਣਾ ਕਿੰਨਾ ਵੱਡਾ ਸੱਚ ਤੇ ਸਬਕ ਹੈ, “ਜਦ ਖਾ ਸਕਦੇ ਸੀ, ਖਾਣਾ ਭੁੱਲਿਆ ਰਿਹਾ; ਜਦ ਹੁਣ ਚੇਤਾ ਆਇਆ ਤਾਂ ਡਾਕਟਰਾਂ ਨੇ ਹੀ ਸਭ ਕੁਝ ਖਾਣਾ ਮਨ੍ਹਾਂ ਕਰ ਦਿਤਾ। ਜਦ ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਜਿਊਣ ਦਾ ਵੇਲਾ ਸੀ, ਵਕਤ ਤੋਂ ਪਿੱਠ ਕਰ ਲਈ ਸੀ ਅਤੇ ਹੁਣ ਜਿ਼ੰਦਗੀ ਨੇ ਹੀ ਬੇਦਾਵਾ ਦੇ ਦਿਤਾ ਏ।”
ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਆਪ ਹੀ ਜਿਊਣਾ ਪੈਣਾ ਅਤੇ ਇਸ ਦੀਆਂ ਸੀਮਾਵਾਂ ਨੂੰ ਨਿਰਧਾਰਤ ਕਰਨਾ ਪੈਣਾ। ਜਿ਼ੰਦਗੀ ਬੀਤਣ ਤੋਂ ਬਾਅਦ ਸਿਰਫ ਇਕ ਪਛਤਾਵਾ ਹੀ ਰਹਿ ਜਾਂਦਾ। ਇਸ ਪਛਤਾਵੇ ਭਰੀ ਮਨੁੱਖੀ ਜੀਵਨ ਦੀ ਅਕਾਰਥਾ ਨੂੰ ਬਸ਼ੀਰ ਬਦਰ ਦਾ ਸ਼ੇਅਰ ਕਿੰਨੀ ਖੂਬਸੂਰਤੀ ਨਾਲ ਬਿਆਨ ਕਰਦਾ,
ਉਨ੍ਹੇਂ ਕਾਮਯਾਬੀ ਸੇ ਸਕੂਨ ਨਜ਼ਰ ਆਇਆ
…ਤੋ ਵੋ ਦੌੜਤੇ ਗਏ,
ਹਮੇਂ ਸਕੂਨ ਸੇ ਕਾਮਯਾਬੀ ਦਿਖੀ
…ਤੋ ਹਮ ਠਹਰ ਗਏ।
ਖਾਹਸ਼ਾਂ ਕੇ ਬੋਝ ਮੇਂ ਬਸ਼ੀਰ
…ਤੂ ਕਿਆ ਕਿਆ ਕਰ ਰਹਾ ਹੈ।
ਇਤਨਾ ਤੋਂ ਜੀਨਾ ਭੀ ਨਹੀਂ
…ਜਿਤਨਾ ਤੂ ਮਰ ਰਹਾ ਹੈ।
ਜਿ਼ੰਦਗੀ ਜਦ ਕਿਸੇ ਮਕਸਦ ਨੂੰ ਸਮਰਪਿਤ ਹੋਵੇ, ਸਮਾਜ ਸੇਵਾ ਨੂੰ ਅਰਪਿਤ ਹੋਵੇ, ਜਿ਼ੰਦਗੀ ਦੇ ਸੁੱਚਮ ਨੂੰ ਮੁਖਾਤਬ ਹੋਵੇ, ਕੁਦਰਤ ਅਤੇ ਇਸ ਦੀਆਂ ਨਿਆਮਤਾਂ ਦੇ ਨਿੱਤਨੇਮ ਦੀ ਕਾਇਲ ਹੋਵੇ, ਜਿਸ ਦੇ ਮਸਤਕ ਵਿਚ ਕਿਰਨਾਂ ਦੀ ਆਬਸ਼ਾਰ ਉਗਦੀ ਹੋਵੇ, ਉਹ ਜਿਊਣ-ਜੋਤ ਨੂੰ ਪ੍ਰਣਾਈ ਹੁੰਦੀ। ਜਿ਼ੰਦਗੀ ਨੂੰ ਰੰਗਰੇਜ਼ਤਾ ਤੇ ਰੂਹ-ਰੇਜ਼ਤਾ ਨਾਲ ਲਬਰੇਜ਼ਤਾ ਬਖਸ਼ਣੀ ਹੀ ਮੂਲ-ਮੰਤਰ ਅਤੇ ਇਸ ਵਿਚੋਂ ਹੀ ਜਿਊਣ ਨੂੰ ਜਿੰ਼ਦਗੀ ਦਾ ਹਾਸਲ ਮਿਲਦਾ।
ਮਰ-ਜਾਣਿਓ! ਠਹਿਰੋ, ਰੁਕੋ, ਸੁਣੋ, ਮਰਨ ਨਾਲੋਂ ਜਿਊਣਾ ਬਹੁਤ ਜਰੂਰੀ। ਮਰਨ-ਮਿੱਟੀ ਦੇ ਦੌੜ ਵਿਚ ਹਫਿਓ! ਮਨ ਵਿਚ ਜਿਊਣ ਦੀ ਤੜਫ ਪੈਦਾ ਕਰੋ ਤੇ ਜਿਊਣਾ ਸਿੱਖੋ। ਇਸ ਵਿਚੋਂ ਸਕੂਨ, ਸੁਖਨ ਅਤੇ ਸੰਤੁਸ਼ਟੀ ਨੂੰ ਪ੍ਰਾਪਤ ਕਰਨ ਲਈ ਸਬਰ, ਸੰਤੋਖ, ਸਾਦਗੀ ਅਤੇ ਸਮੂਹਕਤਾ ਨੂੰ ਜੀਵਨ-ਦ੍ਰਿਸ਼ਟੀ ਦਾ ਹਿੱਸਾ ਬਣਾਓ। ਮਨ ਵਿਚ ਸਰਬੱਤ ਦੇ ਭਲੇ ਦੀ ਚੇਸ਼ਟਾ ਪੈਦਾ ਕਰੋ, ਜਿਊਣਾ ਖੁਦ-ਬ-ਖੁਦ ਆ ਜਾਵੇਗਾ। ਸਕੂਨ ਕਦੇ ਵੀ ਪਦਵੀਆਂ, ਰੁਤਬਿਆਂ, ਕੁਰਸੀਆਂ, ਮਾਨ-ਸਨਮਾਨਾਂ ਜਾਂ ਮਾਇਆ ਦੇ ਅੰਬਾਰਾਂ ਦਾ ਮੁਥਾਜ ਨਹੀਂ। ਇਹ ਤਾਂ ਮਨ ਦੀ ਸਥਿਤੀ ਅਤੇ ਮਨ ਦੀ ਸਥਿਤੀ ਤਾਂ ਮਾਨਵ ਦੇ ਹੱਥ ਵਿਚ ਹੈ। ਮਰਨ-ਹਾਰੀ ਭੱਜਦੌੜ ਤੋਂ ਮੁੱਨਕਰੀ ਹੀ, ਜੀਵਨ-ਦਾਨ ਦਾ ਸ਼ਗਨ ਮਨੁੱਖ ਦੀ ਝੋਲੀ ਵਿਚ ਪਾਵੇਗੀ।