ਡੀ. ਐਸ. ਮਾਂਗਟ
ਫੋਨ: 269-267-9621
ਹਾਕੀ ਭਾਰਤ ਦੀ ਕੌਮੀ ਖੇਡ ਹੀ ਨਹੀਂ ਮੰਨੀ ਜਾਂਦੀ, ਸਗੋਂ ਹਰ ਭਾਰਤ ਵਾਸੀ ਵੱਲੋਂ ‘ਰੀੜ੍ਹ ਦੀ ਹੱਡੀ` ਵੀ ਕਿਹਾ ਜਾਂਦਾ ਹੈ; ਭਾਰਤ ਨੇ ਉਲੰਪਿਕ ਵਿਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਸਰਦਾਰੀ ਹੀ ਨਹੀਂ ਕੀਤੀ, ਸਗੋਂ ਇਹ ਰਿਕਾਰਡ ਵੀ ਅਜੇ ਬਰਕਰਾਰ ਹੈ। ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਫੁਟਬਾਲ ਅਤੇ ਕ੍ਰਿਕਟ ਵਾਂਗ ਇਸ ਖੇਡ ਨੂੰ ਵੀ ਵਿਸ਼ਵ ਪੱਧਰ ਦਾ ਰੂਪ ਦਿੱਤਾ ਜਾਵੇ। ਇਹ ਬੜੇ ਫਖਰ ਤੇ ਮਾਣ ਦੀ ਗੱਲ ਹੈ ਕਿ ਦੋ ਗੁਆਂਢੀ ਦੇਸ਼ਾਂ-ਭਾਰਤ ਤੇ ਪਾਕਿਸਤਾਨ ਵੱਲੋਂ 1969 ਵਿਚ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫ. ਐਚ. ਆਈ.) ਨੂੰ ਲਿਖਤੀ ਅਰਜ਼ੀ ਪੇਸ਼ ਕੀਤੀ ਗਈ, ਜਿਸ ਵਿਚ ਐਫ. ਐਚ. ਆਈ. ਦੀ ਕੌਂਸਲ ਅਤੇ ਕਮਿਸ਼ਨ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ
ਅਤੇ ਪਹਿਲੇ ਵਿਸ਼ਵ ਹਾਕੀ ਕੱਪ ਦੀ ਸ਼ੁਰੂਆਤ 1971 ਵਿਚ ਸਪੇਨ ਦੇ ਸ਼ਹਿਰ ਬਾਰਸੀਲੋਨਾ ਤੋਂ ਹੋਈ। ਭਾਰਤ ਹੁਣ ਤੱਕ ਲਗਾਤਾਰ ਇਸ ਟੂਰਨਾਮੈਂਟ, ਜੋ ਹਰ ਦੋ ਸਾਲ ਦੀ ਥਾਂ ਹੁਣ ਹਰ ਚਾਰ ਸਾਲ ਬਾਅਦ ਕਰਵਾਇਆ ਜਾਂਦਾ ਹੈ, ਵਿਚ ਹਿੱਸਾ ਲੈਂਦਾ ਆਇਆ ਹੈ, ਪਰ ਕਾਮਯਾਬੀ ਸਿਰਫ ਇਕ ਵਾਰ ਹੀ ਹਾਸਲ ਹੋਈ ਹੈ। ਭਾਰਤ ਕੋਲ ਪਹਿਲੇ ਤਿੰਨ ਕੱਪ ਜਿੱਤਣ ਦੀ ਤਾਕਤ ਸੀ, ਪਰ ਸਿੱਟਾ ਕੁਝ ਵੱਖਰਾ ਦੇਖਣ ਨੂੰ ਮਿਲਿਆ। ਇਸ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:
1971 ਬਰਸੀਲੋਨਾ-ਸਪੇਨ: ਤਜਰਬੇਕਾਰ ਖਿਡਾਰੀ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ ਕੁਝ ਉਭਰਦੇ ਖਿਡਾਰੀ ਟੀਮ ਵਿਚ ਸ਼ਾਮਲ ਕੀਤੇ ਗਏ, ਜਿਵੇਂ ਕੰਬਾਈਨਡ ਯੂਨੀਵਰਸਿਟੀ ਦੇ ਰਾਜਵਿੰਦਰ ਸਿੰਘ, ਜਿਸ ਨੇ ਇਸ ਟੂਰਨਾਮੈਂਟ ਵਿਚ ਚਾਰ ਗੋਲ ਕਰ ਕੇ ਟੀਮ ਨੂੰ ਆਪਣੇ ਪੂਲ ਵਿਚ ਪਹਿਲੇ ਨੰਬਰ ‘ਤੇ ਪਹੁੰਚਾ ਦਿੱਤਾ ਸੀ। ਸੈਮੀਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ, ਜਿਸ ਵਿਚ ਰਾਜਵਿੰਦਰ ਨੇ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ, ਪਰ ਨਤੀਜਾ ਇਹ ਹੋਇਆ ਕਿ 1-2 ਗੋਲਾਂ ਦੇ ਮੁਕਾਬਲੇ ਹਾਰ ਹੋਈ। ਪਾਕਿਸਤਾਨ ਆਪਣੇ ਪੂਲ ਵਿਚੋਂ ਕਰੀਬ ਬਾਹਰ ਹੋ ਚੁਕਾ ਸੀ, ਪਰ ਜਾਪਾਨ ਆਪਣੇ ਆਖਰੀ ਪੂਲ ਮੈਚ ਵਿਚ ਵਿਰੋਧੀ ਟੀਮ ਨਾਲ ਬਰਾਬਰ ਖੇਡਣ ਕਰ ਕੇ ਪਾਕਿਸਤਾਨ ਨੂੰ ਸੈਮੀਫਾਈਨਲ ਵਿਚ ਐਂਟਰੀ ਮਿਲ ਗਈ ਅਤੇ ਪਹਿਲਾ ਵਿਸ਼ਵ ਕੱਪ ਚੈਂਪੀਅਨ ਬਣਨ ਦਾ ਸਿਹਰਾ ਵੀ ਸਜਾ ਲਿਆ।
1973 ਐਮਸਟਡਮ-ਹਾਲੈਂਡ: ਇਸ ਟੂਰਨਾਮੈਂਟ ਲਈ ਭਾਰਤੀ ਟੀਮ ਬਹੁਤ ਫਿਟ ਮੰਨੀ ਜਾਂਦੀ ਸੀ, ਜਿਸ ਦੀ ਫਿਜ਼ੀਕਲ ਫਿਟਨੈਸ ਪਟਿਆਲਾ ਸਪੋਰਟਸ ਇੰਸਟੀਚਿਊਟ ਦੇ ਮਾਹਿਰ ਜਗਮੋਹਨ ਸਿੰਘ ਵੱਲੋਂ ਕਰਵਾਈ ਗਈ ਸੀ। ਭਾਰਤੀ ਟੀਮ ਦੇ ਕਪਤਾਨ ਐਮ. ਪੀ. ਗਨੇਸ਼ ਨਾਲ ਪਹਿਲੀ ਵਾਰ ਪੈਨਲਟੀ ਕਾਰਨਰ ਮਾਹਿਰ ਸੁਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ। ਆਪਣੇ ਸਮੇਂ ਦੇ ਉਘੇ ਉਲੰਪਿਕ ਖਿਡਾਰੀ ਆਰ. ਐਸ. ਜੈਂਟਲ ਅਤੇ ਬਾਲਕ੍ਰਿਸ਼ਨ ਸਿੰਘ ਨੂੰ ਕੋਚ ਮੈਨੇਜਰ ਬਣਾਇਆ ਗਿਆ। ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਜੋ ਭਾਰਤ ਅਤੇ ਹਾਲੈਂਡ ਵਿਚਕਾਰ ਖੇਡਿਆ ਗਿਆ। ਖੇਡ ਦੇ ਅੱਧ ਸਮੇਂ ਤੱਕ ਸੁਰਜੀਤ ਸਿੰਘ ਨੇ ਪੈਨਲਟੀ ਕਾਰਨਰ ਜ਼ਰੀਏ ਦੋ ਗੋਲ ਕਰ ਕੇ ਟੀਮ ਨੂੰ ਚੈਂਪੀਅਨ ਬਣਨ ਵਾਲੀ ਥਾਂ ਖੜ੍ਹਾ ਕਰ ਦਿੱਤਾ। ਸੁਰਜੀਤ ਵੱਲੋਂ ਤੀਸਰਾ ਗੋਲ ਵੀ ਦਾਗ ਦਿੱਤਾ ਗਿਆ, ਜਿਸ ਨੂੰ ਦੁਨੀਆਂ ਦੇ ਮਸ਼ਹੂਰ ਅੰਪਾਇਰ ਵਿਜੇਨਾਥਨ (ਮਲੇਸ਼ੀਆ) ਵੱਲੋਂ ਨਕਾਰ ਦਿੱਤਾ ਗਿਆ, ਇਹ ਸੋਚ ਕੇ ਕਿ 3-0 ਦਾ ਸਕੋਰ ਦੇਖ ਕੇ ਕਿਤੇ ਡੱਚ ਲੋਕ ਗਰਾਊਂਡ ਵਿਚ ਨਾ ਉਤਰ ਆਉਣ ਤੇ ਹੱਲਾ-ਗੁੱਲਾ ਕਰ ਕੇ ਮੈਚ ਗਲਤ ਕਰਵਟ ਨਾ ਲੈ ਜਾਵੇ! ਇਸ ਗੱਲ ਦਾ ਖੁਲਾਸਾ ਵਿਜੇਨਾਥਨ ਨੇ ਉਦੋਂ ਕੀਤਾ, ਜਦੋਂ ਉਹ 1980 ਵਿਚ ਦਿੱਲੀ ਨਹਿਰੂ ਹਾਕੀ ਟੂਰਨਾਮੈਂਟ ਲਈ ਮਲੇਸ਼ੀਆ ਟੀਮ ਲੈ ਕੇ ਆਇਆ ਸੀ।
ਮੈਚ ਦੇ ਅੱਧ ਸਮੇਂ ਤੋਂ ਬਾਅਦ ਹਾਲੈਂਡ ਦੀ ਟੀਮ ਨੇ ਦੋ ਗੋਲ ਕਰ ਕੇ ਬਰਾਬਰੀ ਕਰ ਲਈ ਅਤੇ ਦੋਹਾਂ ਟੀਮਾਂ ਨੂੰ 15-15 ਮਿੰਟ ਦਾ ਹੋਰ ਸਮਾਂ ਦਿੱਤਾ ਗਿਆ, ਜਿਸ ਵਿਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਉਸ ਸਮੇਂ ਦੇ ਨਿਯਮਾਂ ਅਨੁਸਾਰ ਫਿਰ 15 ਮਿੰਟ ਦਾ ‘ਸਡਨ ਡੈਥ` ਵਾਲਾ ਸਮਾਂ ਦਿੱਤਾ ਗਿਆ, ਜਿਸ ਦਾ ਭਾਵ ਇਹ ਹੁੰਦਾ ਹੈ ਕਿ ਜਦੋਂ ਕੋਈ ਟੀਮ ਪਹਿਲਾਂ ਗੋਲ ਕਰ ਲੈਂਦੀ ਹੈ ਤਾਂ ਮੈਚ ਉਥੇ ਹੀ ਖਤਮ ਹੋ ਜਾਵੇਗਾ। ਇਸ ਦੌਰਾਨ ਭਾਰਤ ਨੂੰ ਪੈਨਲਟੀ ਸਟਰੋਕ ਦਾ ਸੁਨਹਿਰੀ ਮੌਕਾ ਹਾਸਲ ਹੋਇਆ, ਪਰ ਗੋਬਿੰਦਾ ਗੋਲ ਕਰਨ ਵਿਚ ਅਸਫਲ ਰਿਹਾ। ਇਸ ਤੋਂ ਬਾਅਦ ਦੋਹਾਂ ਟੀਮਾਂ ਨੂੰ 5-5 ਪੈਨਲਟੀ ਸਟਰੋਕ ਦਿੱਤੀਆਂ ਗਈਆਂ, ਜਿਸ ਵਿਚ ਹਾਲੈਂਡ ਦੀ ਟੀਮ ਵੱਧ ਗੋਲ ਕਰਨ ਵਿਚ ਕਾਮਯਾਬ ਰਹੀ ਅਤੇ ਦੂਸਰੇ ਵਿਸ਼ਵ ਕੱਪ ਦੀ ਚੈਂਪੀਅਨ ਬਣ ਗਈ। ਇਹ ਘਟਨਾ ਭਾਰਤੀਆਂ ਨੂੰ ਹਮੇਸ਼ਾ ਚੁਭਦੀ ਰਹੇਗੀ, ਕਿਉਂਕਿ ਜੇ ਅੰਪਾਇਰ ਵਿਜੇਨਾਥਨ ਸੁਰਜੀਤ ਵਾਲਾ ਪੈਨਲਟੀ ਕਾਰਨਰ ਗੋਲ ਦੇ ਦਿੰਦਾ ਤਾਂ ਨਕਸ਼ਾ ਕੁਝ ਹੋਰ ਹੋਣਾ ਸੀ।
1975 ਕੁਆਲਾਲੰਪੁਰ (ਮਲੇਸ਼ੀਆ): ਇਸ ਵਾਰ ਟੀਮ ਤਿਆਰ ਕਰਨ ਲਈ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵੱਲੋਂ ਲਈ ਗਈ ਅਤੇ ਭਾਰਤੀ ਟੀਮ ਵਿਚ ਨਵੇਂ ਚਿਹਰੇ ਜਿਵੇਂ ਅਸਲਮ ਸ਼ੇਰ ਖਾਂ, ਐਸ. ਪਵਾਰ, ਐਸ. ਜੇ. ਐਚ. ਚਿਮਨੀ, ਕਲੱਈਆ, ਉਂਕਾਰ ਅਤੇ ਮਹਿੰਦਰ ਮੁਣਸ਼ੀ ਨਾਲ ਵੀਹ ਸਾਲਾ ‘ਬੇਬੀ ਆਫ ਦਾ ਟੀਮ` ਗੋਲਕੀਪਰ ਅਸ਼ੋਕ ਦੀਵਾਨ ਸ਼ਾਮਲ ਕੀਤੇ ਗਏ। ਬਲਵੀਰ ਸਿੰਘ (ਸੀਨੀਅਰ) ਅਤੇ ਆਰ. ਐਸ. ਬੋਧੀ ਨੂੰ ਮੈਨੇਜਰ-ਕੋਚ ਦੇ ਨਾਲ ਅਜੀਤਪਾਲ ਸਿੰਘ ਨੂੰ ਫਿਰ ਟੀਮ ਦਾ ਕਪਤਾਨ ਚੁਣਿਆ ਗਿਆ। ਕੁਲ ਮਿਲਾ ਕੇ ਇਸ ਟੂਰਨਾਮੈਂਟ ਵਿਚ 12 ਟੀਮਾਂ ਨੇ ਹਿੱਸਾ ਲਿਆ ਅਤੇ ਭਾਰਤੀ ਟੀਮ ਸ਼ਾਨਦਾਰ ਖੇਡ ਪ੍ਰਦਰਸ਼ਨ ਕਰ ਕੇ ਤੀਸਰੀ ਵਾਰ ਲਗਾਤਾਰ ਸੈਮੀਫਾਈਨਲ ਵਿਚ ਪੁੱਜ ਗਈ। ਇਹ ਮੈਚ ਮੇਜ਼ਬਾਨ ਮਲੇਸ਼ੀਆ ਨਾਲ ਖੇਡਿਆ ਗਿਆ। ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਮਲੇਸ਼ੀਆ ਨੇ ਭਾਰਤ ਨੂੰ ਹਮੇਸ਼ਾ ਤਕੜੀ ਟੱਕਰ ਦਿੱਤੀ ਹੈ ਤੇ ਹੋਇਆ ਵੀ ਇਹੋ; ਭਾਵ ਉਹ ਪਹਿਲਾ ਗੋਲ ਕਰਨ ਵਿਚ ਕਾਮਯਾਬ ਰਿਹਾ, ਜਿਸ ਨੂੰ ਸੁਰਜੀਤ ਸਿੰਘ ਬਰਾਬਰ ਕਰਨ ਲਈ ਪੈਨਲਟੀ ਕਾਰਨਰ ਜ਼ਰੀਏ ਗੋਲ ਕਰਨ ਵਿਚ ਅਸਫਲ ਰਿਹਾ।
ਇਥੇ ਮੈਚ ਦਾ ਜਾਇਜ਼ਾ ਲੈਂਦਿਆਂ ਕੋਚ ਮੈਨੇਜਰ ਵੱਲੋਂ ਟੀਮ ਵਿਚ ਤਬਦੀਲੀ ਕਰਨਾ ਹੀ ਚੰਗਾ ਕਦਮ ਸਮਝਿਆ, ਭਾਵ ਅਸਲਮ ਸ਼ੇਰ ਖਾਂ ਨੂੰ ਲਿਆਂਦਾ ਗਿਆ, ਜਿਸ ਨੇ ਸੁਨਹਿਰੀ ਗੋਲ ਕਰ ਕੇ ਮੈਚ ਬਰਾਬਰੀ ‘ਤੇ ਕਰ ਲਿਆ ਅਤੇ ਭਾਰਤੀ ਟੀਮ 2-1 ਨਾਲ ਜਿੱਤ ਕੇ ਫਾਈਨਲ ਵਿਚ ਪਹੁੰਚ ਗਈ। ਇਹ ਫਾਈਨਲ ਮੈਚ ਭਾਰਤ ਅਤੇ ਪਾਕਿਸਾਤਾਨ ਵਿਚਾਲੇ ਖੇਡਿਆ ਗਿਆ, ਜਿਸ ਵਿਚ ਵਿਰੋਧੀ ਧਿਰ ਅੱਧ ਸਮੇਂ ਤੱਕ ਇਕ ਗੋਲ ਨਾਲ ਅੱਗੇ ਸੀ, ਜਿਸ ਨੂੰ ਸੁਰਜੀਤ ਸਿੰਘ ਨੇ ਪੈਨਲਟੀ ਕਾਰਨਰ ਗੋਲ ਕਰ ਕੇ ਬਰਾਬਰ ਲਿਆਂਦਾ। ਇਸ ਨਾਲ ਭਾਰਤੀ ਟੀਮ ਦੇ ਹੌਸਲੇ ਬੁਲੰਦ ਹੋ ਗਏ। ਭਾਰਤੀ ਖਿਡਾਰੀਆਂ ਨੇ ਦੂਸਰੇ ਅੱਧ ਵਿਚ ਸਿਰ-ਧੜ ਦੀ ਬਾਜ਼ੀ ਲਾ ਕੇ ਸੁੰਦਰ ਖੇਡ ਦੀ ਪੇਸ਼ਕਾਰੀ ਕੀਤੀ, ਜਿਸ ਦਾ ਨਤੀਜਾ ਇਹ ਹੋਇਆ ਕਿ ਅਸ਼ੋਕ ਕੁਮਾਰ, ਜੋ ਵਿਸ਼ਵ ਦੇ ਤੇਜ਼ ਰਫਤਾਰ ਖੇਡਣ ਵਾਲੇ ਖਿਡਾਰੀ ਮੰਨੇ ਜਾਂਦੇ ਸਨ, ਵੱਲੋਂ ਦੂਸਰਾ ਗੋਲ ਦਾਗ ਦਿੱਤਾ ਗਿਆ। ਇਸ ਦਾ ਪਾਕਿਸਤਾਨ ਦੀ ਟੀਮ ਨੇ ਵਿਰੋਧ ਕੀਤਾ, ਕਿਉਂਕਿ ਬਾਲ ਗੋਲ ਪੋਸਟ ਨਾਲ ਟਕਰਾ ਕੇ ਗੋਲਕੀਪਰ ਵੱਲੋਂ ਬਾਹਰ ਕੀਤੀ ਗਈ ਸੀ, ਪਰ ਇਥੇ ਉਸੇ ਮਲੇਸ਼ੀਅਨ ਅੰਪਾਇਰ ਵਿਜੇਨਾਥਨ ਨੇ ਆਪਣਾ ਫੈਸਲਾ ਅਟੱਲ ਤਾਂ ਰੱਖਿਆ ਹੀ, ਸਗੋਂ ਐਮਸਟਡਮ ਵਾਲੀ ਗਲਤੀ ਨੂੰ ਯਾਦ ਕਰਦਿਆਂ ਆਪਣਾ ਵਾਅਦਾ ਵੀ ਪੂਰਾ ਕੀਤਾ ਤੇ ਭਾਰਤ ਪਹਿਲੀ ਵਾਰ 1975 ਵਿਚ ਵਿਸ਼ਵ ਹਾਕੀ ਕੱਪ ਦਾ ਚੈਂਪੀਅਨ ਬਣ ਗਿਆ। ਇਸ ਖੁਸ਼ੀ ਵਿਚ ਭਾਰਤੀ ਹਾਕੀ ਫੈਡਰੇਸ਼ਨ ਵੱਲੋਂ ਸਿਲਵਰ ਜੁਬਲੀ ਮਨਾਉਣ ਲਈ ਮਦਰਾਸ ਵਿਚ ਰੈਨੇ ਫਰੈਂਕ ਕੌਮਾਂਤਰੀ ਟੂਰਨਾਮੈਂਟ ਕਰਵਾਇਆ ਗਿਆ, ਜੋ ਭਾਰਤੀ ਟੀਮ ਨੇ ਹੀ ਜਿੱਤਿਆ ਅਤੇ ਪੰਜਾਬ ਸਰਕਾਰ ਵੱਲੋਂ ਟੀਮ ਦਾ ਸਨਮਾਨ ਕਰਨ ਦੇ ਨਾਲ-ਨਾਲ ਕਪਤਾਨ ਅਜੀਤਪਾਲ ਸਿੰਘ ਨੂੰ ਦਿੱਲੀ ਰਾਜਧਾਨੀ ਵਿਚ ਪੈਟਰੋਲ ਪੰਪ ਵੀ ਅਲਾਟ ਕੀਤਾ ਗਿਆ।
ਭਾਰਤ ਨੇ 1980 ਦੀਆਂ ਮਾਸਕੋ ਉਲੰਪਿਕ ਖੇਡਾਂ ਵਿਚ 16 ਸਾਲ ਬਾਅਦ ਗੋਲਡ ਮੈਡਲ ਹਾਸਲ ਕੀਤਾ, ਜਿਸ ਦਾ ਕਾਰਨ ਚੋਟੀ ਦੀਆਂ ਟੀਮਾਂ ਵੱਲੋਂ ਬਾਈਕਾਟ ਦੀ ਵਜ੍ਹਾ ਵੀ ਕਿਹਾ ਜਾਂਦਾ ਹੈ; ਉਂਜ, ਵਿਸ਼ਵ ਪੱਧਰ ‘ਤੇ ਟੀਮ ਦਾ ਗਰਾਫ ਇੰਨਾ ਥੱਲੇ ਆ ਗਿਆ ਸੀ ਕਿ 1986 ਲੰਡਨ ਵਿਸ਼ਵ ਟੂਰਨਾਮੈਂਟ ਵਿਚ 12 ਦੇਸ਼ਾਂ ਵਿਚੋਂ ਟੀਮ ਦਾ ਆਖਰੀ ਨੰਬਰ ਸੀ। ਗੱਲ ਇਥੇ ਹੀ ਖਤਮ ਨਹੀਂ ਹੋਈ, ਸਗੋਂ 2008 ਦੀਆਂ ਪੇਈਚਿੰਗ (ਬੀਜਿੰਗ) ਉਲੰਪਿਕ ਖੇਡਾਂ ਵਿਚ ਭਾਰਤੀ ਟੀਮ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ, ਜੋ ਇਤਿਹਾਸ ਵਿਚ ਪਹਿਲੀ ਵਾਰੀ ਹੋਇਆ। ਹਾਲਾਤ ਇਥੋਂ ਤੱਕ ਪਹੁੰਚ ਗਏ ਕਿ 2004 ਵਿਚ ਭਾਰਤੀ ਟੀਮ ਦੀ ਵਾਗਡੋਰ ਪਹਿਲੀ ਵਾਰ ਵਿਦੇਸ਼ੀ ਕੋਚ ਗਰਹਾਰਡ (ਜਰਮਨੀ) ਦੇ ਹਵਾਲੇ ਕਰ ਦਿੱਤੀ ਗਈ, ਜੋ ਕੋਈ ਚੰਗੇ ਨਤੀਜੇ ਨਾ ਦੇ ਸਕਿਆ।
ਫਿਰ ਆਸਟਰੇਲੀਆ ਦੇ ਚਾਰਲਸ ਵੋਰਥ ਨੂੰ ਬੁਲਾਇਆ ਗਿਆ, ਪਰ ਉਹ ਵੀ ਭਾਰਤੀ ਟੀਮ ਦੇ ਤੌਰ-ਤਰੀਕੇ ਅਤੇ ਫੈਡਰੇਸ਼ਨ ਦੇ ਮਾੜੇ ਹਾਲਾਤ ਦੇਖ ਕੇ ਵਾਪਸ ਪਰਤ ਗਿਆ। 2018 ਦੀਆਂ ਜਕਾਰਤਾ (ਇੰਡੋਨੇਸ਼ੀਆ) ਏਸ਼ਿਆਈ ਖੇਡਾਂ ਵਿਚ ਮਲੇਸ਼ੀਆ ਹੱਥੋਂ ਸੈਮੀਫਾਈਨਲ ਅਤੇ ਉੜੀਸਾ ਵਿਸ਼ਵ ਕੱਪ ਵਿਚ ਕੁਆਰਟਰ ਫਾਈਨਲ ਤੋਂ ਪਹਿਲਾਂ ਹੀ ਹਾਰ ਜਾਣ ਕਰ ਕੇ ਮੁੱਦਾ ਹੋਰ ਗੰਭੀਰ ਬਣ ਗਿਆ। ਕਹਿਣ ਦਾ ਭਾਵ, 1975 ਦੇ ਵਿਸ਼ਵ ਕੱਪ ਅਤੇ 1980 ਦੀਆਂ ਉਲੰਪਿਕ ਖੇਡਾਂ ਤੋਂ ਬਾਅਦ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਪਿਛਲੇ ਕੁਝ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿਚ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਦਾਅਵੇ ਕਰਨ ਲਈ ਕੁਝ ਵੀ ਬਾਕੀ ਨਹੀਂ ਰਹਿ ਗਿਆ। ਹਰ ਸਾਲ ਦੇ ਅਖੀਰ ਵਿਚ ਐਫ. ਆਈ. ਐਚ. ਵੱਲੋਂ ਬੈਸਟ ਖਿਡਾਰੀ ਦਾ ਨਾਮ ਜਾਰੀ ਕੀਤਾ ਜਾਂਦਾ ਹੈ, ਪਰ ਅਫਸੋਸ ਕਿ ਅੱਜ ਤੱਕ ਕਿਸੇ ਵੀ ਭਾਰਤੀ ਖਿਡਾਰੀ ਦਾ ਨਾਂ ਇਸ ਸੂਚੀ ਵਿਚ ਦੇਖਣ ਨੂੰ ਨਹੀਂ ਮਿਲਦਾ।
ਭਾਰਤੀ ਹਾਕੀ ਫੈਡਰੇਸ਼ਨ ਦੀ ਇਹ ਤ੍ਰਾਸਦੀ ਰਹੀ ਹੈ ਕਿ ਇਹ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਹਮੇਸ਼ਾ ਵਿਵਾਦਾਂ ਵਿਚ ਘਿਰੀ ਰਹੀ। ਆਈ. ਜੀ. ਅਸ਼ਵਨੀ ਕੁਮਾਰ, ਜੋ ਲੰਮਾ ਸਮਾਂ ਪ੍ਰਧਾਨ ਰਹੇ ਅਤੇ ਇਸ ਖੇਡ ਨੂੰ ਇੰਨਾ ਪਿਆਰ ਕਰਦੇ ਸਨ ਕਿ ਆਪਣੀਆਂ ਦੋਹਾਂ ਧੀਆਂ ਨੂੰ ‘ਹਾਕੀ-ਬਾਲ` ਕਹਿ ਕੇ ਬੁਲਾਉਂਦੇ ਸਨ। ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਭਾਰਤੀ ਟੀਮ ਕਦੀ ਵੀ ਮੈਡਲ ਤੋਂ ਖਾਲੀ ਨਹੀਂ ਸੀ ਆਈ। ਖੇਡ ਪ੍ਰੇਮੀ ਜਾਣਦੇ ਹਨ ਕਿ ਉਨ੍ਹਾਂ ਦੀ ਅਗਵਾਈ ਵਿਚ ਬੀ. ਐਸ. ਐਫ. ਨੇ ਖੇਡਾਂ ਵਿਚ ਵੱਡੀਆਂ ਮੱਲਾਂ ਮਾਰੀਆਂ। ਉਹ ਖਿਡਾਰੀਆਂ ਨੂੰ ਗਰਾਊਂਡ ਵਿਚ ਹੀ ਤਰੱਕੀ ਦੇ ਹੁਕਮ ਸੁਣਾ ਦਿੰਦੇ ਸਨ, ਪਰ ਅਫਸੋਸ! ਕੁਝ ਵਿਰੋਧ ਕਰਨ ਵਾਲੇ ਲੋਕ ਉਨ੍ਹਾਂ ਨੂੰ ਪੁਲਿਸ ਰਾਜ ਨਾਲ ਜੋੜ ਕੇ ਬਦਨਾਮ ਕਰਦੇ ਅਤੇ ਬਦਲਾਓ ਦੀ ਮੰਗ ਕਰਦੇ ਰਹਿੰਦੇ। ਮਿਸਾਲ ਵਜੋਂ 1974 ਦੀਆਂ ਤਹਿਰਾਨ (ਇਰਾਨ) ਏਸ਼ਿਆਈ ਖੇਡਾਂ ਸਮੇਂ ਫੈਡਰੇਸ਼ਨ ਦੀ ਬੜੀ ਖਸਤਾ ਹਾਲਤ ਸੀ ਤੇ ਭਾਰਤੀ ਟੀਮ ਦਾ ਕੋਈ ਵਾਰਸ ਨਹੀਂ ਸੀ, ਜਿਸ ਦਾ ਸਿੱਟਾ ਇਹ ਹੋਇਆ ਕਿ ਰਾਜਨੀਤੀ ਦਾ ਸਹਾਰਾ ਲੈ ਕੇ ਅਸ਼ਵਨੀ ਕੁਮਾਰ ਨੂੰ ਇਕ ਗੁਪਤੀ ਮੀਟਿੰਗ ਵਿਚ ਗੈਰਹਾਜ਼ਰ ਸਾਬਤ ਕਰ ਕੇ ਮਦਰਾਸ ਦੇ ਰਈਸ ਰਾਮਾਸਵਾਮੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਉਸ ਨੂੰ ਹਾਕੀ ਦਾ ਬਹੁਤਾ ਤਜਰਬਾ ਤਾਂ ਨਹੀਂ ਸੀ, ਪਰ 1975 ਵਾਲਾ ਵਿਸ਼ਵ ਕੱਪ ਜਿੱਤਣ ਦਾ ਮਾਣ ਜ਼ਰੂਰ ਪ੍ਰਾਪਤ ਹੈ। ਉਂਜ, ਉਹ ਵੀ ਬਹੁਤ ਸਮਾਂ ਨਾ ਟਿਕ ਸਕਿਆ। ਫਿਰ ਦਿੱਲੀ ਦੇ ਇੰਦਰਮੋਹਨ ਮਹਾਜਨ ਨੂੰ ਪ੍ਰਧਾਨ ਬਣਾਇਆ ਗਿਆ। ਮਹਾਜਨ ਵੀ ਧੜੱਲੇਦਾਰ ਪੁਲਿਸ ਅਫਸਰ ਸੀ ਅਤੇ ਪਿਛੋਕੜ ਹਾਕੀ ਨਾਲ ਜੁੜਿਆ ਹੋਣ ਕਰ ਕੇ ਖੇਡ ਬਾਰੇ ਪੂਰੀ ਜਾਣਕਾਰੀ ਸੀ ਅਤੇ ਵਧੀਆ ਸੋਚ ਰੱਖਦੇ ਸਨ। ਉਨ੍ਹਾਂ ਨੂੰ ਲੱਕੀ ਮੈਨੇਜਰ ਵਜੋਂ ਵੀ ਜਾਣਿਆ ਜਾਂਦਾ ਸੀ, ਕਿਉਂਕਿ ਉਨ੍ਹਾਂ ਦੀ ਲੀਡਰਸ਼ਿਪ ਹੇਠਾਂ ਹੀ 1964 ਦੀਆਂ ਟੋਕੀਓ ਉਲੰਪਿਕ ਖੇਡਾਂ ਅਤੇ 1966 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿਚ ਗੋਲਡ ਮੈਡਲ ਹਾਸਲ ਹੋਇਆ ਸੀ; ਪਰ ਦਿੱਲੀ ਏਸ਼ਿਆਈ ਫਾਈਨਲ ਵਿਚ ਪਾਕਿਸਤਾਨ ਤੋਂ 7-1 ਗੋਲਾਂ ਦੀ ਹਾਰ ਹੋਣ ਕਰ ਕੇ ਉਹ ਵੀ ਪ੍ਰਧਾਨਗੀ ਦੇ ਅਹੁਦੇ ਤੋਂ ਕਿਨਾਰਾ ਹੋ ਗਏ।
ਇੰਡੀਅਨ ਏਅਰਲਾਈਨਜ਼ ਦੇ ਸੀ. ਈ. ਓ., ਆਰ. ਪ੍ਰਸ਼ਾਦ ਵੀ ਪ੍ਰਧਾਨਗੀ ਦੇ ਅਹੁਦੇ ‘ਤੇ ਬਿਰਾਜਮਾਨ ਰਹੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਨਰਮ ਸੁਭਾਅ ਵਾਲੇ ਸ਼ਖਸ ਸਨ ਅਤੇ ਢਾਕਾ ਏਸ਼ੀਆ ਹਾਕੀ ਕੱਪ ਵਿਚ ਕੁਝ ਖਿਡਾਰੀਆਂ ਦੇ ਸਸਪੈਂਡ ਹੋਣ ਕਰ ਕੇ ਅਹੁਦੇ ਨੂੰ ਅਲਵਿਦਾ ਆਖ ਗਏ। ਫਿਰ ਕੇ. ਪੀ. ਐਸ. ਗਿੱਲ ਲੰਮਾ ਸਮਾਂ ਭਾਰਤੀ ਹਾਕੀ ਬਾਡੀ ਦੇ ਪ੍ਰਧਾਨ ਬਣੇ ਰਹੇ। ਉਨ੍ਹਾਂ ਦੇ ਰਾਜ-ਭਾਗ ਹੇਠਾਂ ਭਾਵੇਂ ਭਾਰਤੀ ਟੀਮ ਨੇ 1998 ਦੀਆਂ ਏਸ਼ਿਆਈ ਖੇਡਾਂ ਅਤੇ 2003 ਵਾਲਾ ਏਸ਼ੀਆ ਕੱਪ ਜਿੱਤਿਆ, ਪਰ 2008 ਵਿਚ ਪੇਈਚਿੰਗ (ਚੀਨ) ਉਲੰਪਿਕ ਵਿਚ ਕੁਆਲੀਫਾਈ ਨਾ ਹੋਣ ਕਰ ਕੇ ਅਤੇ ਖਿਡਾਰੀਆਂ ਵੱਲੋਂ ਐਜੀਟੇਸ਼ਨ ਤੋਂ ਇਲਾਵਾ ਮਹਿਲਾ ਆਈ. ਏ. ਐਸ. ਅਫਸਰ ਰੂਪਨ ਦਿਓਲ ਵੱਲੋਂ 1988 ਵਿਚ ਛੇੜ-ਛਾੜ ਦਾ ਕੇਸ ਦਰਜ ਹੋਣ ਕਰ ਕੇ ਭਾਰਤੀ ਉਲੰਪਿਕ ਸੰਘ ਨੇ ਗਿੱਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਖਾਰਜ ਕਰ ਦਿੱਤਾ।
ਅੱਜ ਇੰਡੀਆ ਹਾਕੀ ਦੀ ਵਾਗਡੋਰ ਡਾ. ਨਰਿੰਦਰ ਬੱਤਰਾ, ਜਿਨ੍ਹਾਂ ਨੂੰ ਆਈ. ਓ. ਸੀ. ਦੇ ਮੈਂਬਰ ਅਤੇ ਐਫ. ਆਈ. ਐਚ. ਦੇ ਪਹਿਲੇ ਭਾਰਤੀ ਪ੍ਰਧਾਨ ਹੋਣ ਦਾ ਮਾਣ ਪ੍ਰਾਪਤ ਹੈ, ਕੋਲ ਹੈ। ਜਾਣਕਾਰੀ ਮੁਤਾਬਕ, ਉਹ ਆਪਣੇ ਸਮੇਂ ਦੇ ਹਾਕੀ ਖਿਡਾਰੀ ਹੋਣ ਦੇ ਨਾਲ-ਨਾਲ ਚੰਗੀ ਸੋਚ ਵਾਲੇ ਨੇਕ ਇਨਸਾਨ ਹਨ, ਜੋ ਖੇਡ ਦੀ ਤਰੱਕੀ ਲਈ ਫਿਕਰਮੰਦ ਵੀ ਹਨ। ਇਸ ਗੱਲ ਦਾ ਅੰਦਾਜ਼ਾ ਅਸੀਂ ਇਥੋਂ ਲਾ ਸਕਦੇ ਹਾਂ ਕਿ 2023 ਵਿਚ ਭਾਰਤ ਵਿਚ ਹੋਣ ਵਾਲੇ ਵਿਸ਼ਵ ਕੱਪ ਅਤੇ ਮੁੰਬਈ ਵਿਚ ਹੋਣ ਵਾਲੀ ਪਹਿਲੀ ਵਾਰ ਆਈ. ਓ. ਸੀ. ਦੀ ਮੀਟਿੰਗ ਉਨ੍ਹਾਂ ਦਾ ਹੀ ਉਪਰਾਲਾ ਹੈ। ਇਹੀ ਨਹੀਂ, ਸੰਨ 2019 ਵਿਚ ਕੁਝ ਖਿਡਾਰੀ ਅਤੇ ਟੀਮਾਂ ਉਪਰ ਲਾਈ ਪਾਬੰਦੀ ਦੀ ਲਿਸਟ ਵੀ ਉਨ੍ਹਾਂ ਨੇ ਹੀ ਜਾਰੀ ਕੀਤੀ ਹੈ, ਜੋ ਹਾਕੀ ਇਤਿਹਾਸ ਵਿਚ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲੀ। ਇਸ ਸੂਚੀ ਦਾ ਆਧਾਰ ਨਿਯਮਾਂ ਦੀ ਉਲੰਘਣਾ ਹੈ।
ਇਹ ਚੌਥਾ ਮੌਕਾ ਹੈ, ਜਦੋਂ ਭਾਰਤ ਵਿਚ ਵਿਸ਼ਵ ਕੱਪ, ਜੋ ਉੜੀਸਾ ਦੇ ਭੁਵਨੇਸ਼ਵਰ ਸ਼ਹਿਰ ਵਿਚ 13 ਤੋਂ 29 ਜਨਵਰੀ 2023 ਵਿਚ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਇਹ 1982 ਵਿਚ ਮੁੰਬਈ, 2010 ਵਿਚ ਦਿੱਲੀ ਅਤੇ 2018 ਵਿਚ ਉੜੀਸਾ ਵਿਚ ਹੀ ਹੋਇਆ ਸੀ। ਇਸ ਟੂਰਨਾਮੈਂਟ ਵਿਚ 16 ਟੀਮਾਂ ਹਿਸਾ ਲੈਣਗੀਆਂ, ਜੋ ਚਾਰ ਪੂਲ ਵਿਚ ਤਕਸੀਮ ਕਰ ਕੇ ਨਤੀਜੇ ਲੀਗ ਮੈਚਾਂ ਦੇ ਆਧਾਰ ‘ਤੇ ਨਿਕਲਣਗੇ। ਮੌਜੂਦਾ ਐਫ. ਆਈ. ਐਚ. ਦੀ ਰੈਂਕਿੰਗ ਮੁਤਾਬਕ ਭਾਰਤ ਪੰਜਵੇਂ ਨੰਬਰ ‘ਤੇ ਹੈ, ਪੌੜੀ ਦੇ ਪਹਿਲੇ ਡੰਡੇ ਤੱਕ ਪਹੁੰਚਣ ਲਈ ਤਿਆਰੀ ਹੁਣ ਤੋਂ ਸ਼ੁਰੂ ਕਰਨੀ ਹੋਵੇਗੀ। ਬਿਹਤਰ ਹੋਵੇਗਾ ਕਿ ਵਿਦੇਸ਼ੀ ਕੋਚ ਵੀ ਸੀਨੀਅਰ ਅਤੇ ਜੂਨੀਅਰ ਤੱਕ ਦੇ ਖਿਡਾਰੀਆਂ ਲਈ ਚੁਣ ਲਏ ਜਾਣ, ਕਿਉਂਕਿ ਜਦੋਂ ਭਾਰਤੀ ਹਾਕੀ ਨੇ ਆਪਣੇ ਗੌਰਵ, ਪਰੰਪਰਾ ਅਤੇ ਸ਼ੈਲੀ ਦਾ ਤਿਆਗ ਕਰ ਦਿੱਤਾ ਹੈ ਤਾਂ ਭਾਰਤੀ ਹਾਕੀ ਦਾ ਵਿਦੇਸ਼ੀਕਰਣ ਕਰਨ ਵਿਚ ਕੋਈ ਬੁਰਾਈ ਨਹੀਂ, ਪਰ ਆਪਣੇ ਕੋਚਾਂ ਅਤੇ ਆਪਣੀ ਹਾਕੀ ਨੂੰ ਵੀ ਨਾ ਭੁੱਲੀਏ। ਨਾਲੇ ਕਦੋਂ ਤੱਕ ਚੰਦ ਦੇ ਪਰਛਾਵੇਂ ਦਾ ਪਿੱਛਾ ਕਰਦੇ ਰਹਿਣਾ ਹੈ?
ਇਥੇ ਇਹ ਹਵਾਲਾ ਦੇਣਾ ਜ਼ਰੂਰੀ ਹੈ ਕਿ ਕੋਰੀਆ ਦੇ ਕਿਮ ਨਾਂ ਦੇ ਕੋਚ ਨੇ ਪਟਿਆਲਾ ਸਪੋਰਟਸ ਸੰਸਥਾ ਤੋਂ ਹੀ ਟਰੇਨਿੰਗ ਲੈ ਕੇ ਕੋਰੀਆ, ਚੀਨ ਅਤੇ ਜਾਪਾਨ ਦੀਆਂ ਟੀਮਾਂ ਤਿਆਰ ਕੀਤੀਆਂ ਸਨ, ਜਿਸ ਦੇ ਨਤੀਜੇ ਸਾਡੇ ਸਾਹਮਣੇ ਹਨ। ਸਾਰੇ ਭਾਰਤ ਵਾਸੀਆਂ ਦੀ ਨਜ਼ਰ 2023 ਦੇ ਵਿਸ਼ਵ ਕੱਪ ‘ਤੇ ਟਿਕੀ ਹੋਈ ਹੈ, ਪਰ ਦੇਖਣਾ ਇਹ ਹੈ ਕਿ ਭਾਰਤੀ ਟੀਮ ਘਰੇਲੂ ਗਰਾਊਂਡ ਦਾ ਲਾਭ ਉਠਾ ਕੇ ਫਿਰ ਵਿਸ਼ਵ ਚੈਂਪੀਅਨ ਬਣ ਸਕੇਗੀ! ਇਸ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰਨ ਲਈ ਕੁਝ ਸੁਝਾਓ ਇਸ ਪ੍ਰਕਾਰ ਹਨ:
ਚੋਣ: ਇੰਡੀਆ ਟੀਮ ਦੀ ਚੋਣ ਲਈ ਸੱਤ ਮੈਂਬਰੀ ਕਮੇਟੀ ਵਿਚ ਵਿਸ਼ਵ ਪੱਧਰ ਤੱਕ ਖੇਡ ਚੁਕੇ ਪੁਰਾਣੇ ਖਿਡਾਰੀ ਜਿਵੇਂ ਅਜੀਤਪਾਲ ਸਿੰਘ, ਅਸ਼ੋਕ ਕੁਮਾਰ, ਪਰਗਟ ਸਿੰਘ, ਅਸ਼ੋਕ ਦੀਵਾਨ ਆਦਿ ਨੂੰ ਸ਼ਾਮਲ ਕਰ ਲੈਣਾ ਲਾਹੇਵੰਦ ਹੋਵੇਗਾ। ਚੋਣ ਕਮੇਟੀ ਦੇ ਚੇਅਰਮੈਨ ਤੋਂ ਇਲਾਵਾ ਏ. ਆਈ. ਯੂ. ਅਤੇ ਐਸ. ਏ. ਆਈ. ਵਰਗੀਆਂ ਸੰਸਥਾਵਾਂ ਦੇ ਨੁਮਾਇੰਦੇ ਵੀ ਵੱਡੀ ਭੂਮਿਕਾ ਨਿਭਾ ਸਕਦੇ ਹਨ।
ਵਾਤਾਵਰਨ: ਭਾਰਤੀ ਟੀਮ ਦਾ ਟਰੇਨਿੰਗ ਕੈਂਪ ਟੂਰਨਾਮੈਂਟ ਹੋਣ ਵਾਲੀ ਥਾਂ ਦੇ ਵਾਤਾਵਰਨ ਅਨੁਸਾਰ ਲਾਇਆ ਜਾਵੇ ਤਾਂ ਕਿ ਖਿਡਾਰੀਆਂ ਨੂੰ ਮੁਕਾਬਲੇ ਵਕਤ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਜੋ ਪਹਿਲੇ ਸਮਿਆਂ ਵਿਚ ਦੇਖਣ ਵਿਚ ਆਇਆ ਹੈ ਅਤੇ ਟੀਮ ਲਈ ਘਾਤਕ ਸਾਬਤ ਹੋਇਆ ਹੈ। ਕੈਂਪ ਦੌਰਾਨ ਖਿਡਾਰੀਆਂ ਨੂੰ ਸਟਾਰ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਅੰਪਾਇਰਿੰਗ: ਟੀਮ ਦੀ ਟਰੇਨਿੰਗ ਦੌਰਾਨ ਕੌਮਾਂਤਰੀ ਪੱਧਰ ਦੇ ਦੋ ਅੰਪਾਇਰ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਖਿਡਾਰੀਆਂ ਦੀਆਂ ਗਲਤੀਆਂ ਅਤੇ ਮਾੜੀਆਂ ਆਦਤਾਂ ਨੂੰ ਸਮੇਂ ਸਿਰ ਸੁਧਾਰਿਆ ਜਾ ਸਕੇ, ਕਿਉਂਕਿ ਟੂਰਨਾਮੈਂਟ ਵਿਚ ਹੋਈ ਗਲਤੀ ਕਈ ਵਾਰ ਮਹਿੰਗੀ ਸਾਬਤ ਹੋ ਸਕਦੀ ਹੈ, ਜਿਵੇਂ ਢਾਕਾ ਏਸ਼ੀਆ ਕੱਪ ਵਿਚ ਸਸਪੈਂਡ ਹੋਏ ਰਾਜਿੰਦਰ ਜੂਨੀਅਰ ਅਤੇ ਮੈਰੀਵਨ ਫਰਨਾਂਡੇਜ਼ ਮੁੜ ਉਲੰਪਿਕ ਨਾ ਖੇਡ ਸਕੇ।
ਫਿਟਨੈਸ: ਨਿਯਮਾਂ ਅਨੁਸਾਰ ਕੌਮਾਂਤਰੀ ਟੂਰਨਾਮੈਂਟ ਬਨਾਉਟੀ ਮੈਦਾਨ ਉਪਰ ਹੀ ਖੇਡਿਆ ਜਾਂਦਾ ਹੈ, ਜਿਸ ਲਈ ਖਿਡਾਰੀਆਂ ਦੀ ਫਿਜ਼ੀਕਲ ਫਿਟਨੈਸ ਵੱਡੀ ਚੁਣੌਤੀ ਹੁੰਦੀ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਸਬੰਧਿਤ ਮਾਹਿਰਾਂ ਅਤੇ ਜਿੰਮ ਦਾ ਪ੍ਰਬੰਧ ਹੋਣਾ ਬੇਹੱਦ ਜ਼ਰੂਰੀ ਹੈ, ਜਿਵੇਂ 1973 ਅਤੇ 1975 ਵਿਚ ਭਾਰਤੀ ਟੀਮ ਦੀ ਕੰਡੀਸ਼ਨਿੰਗ ਜਗਮੋਹਨ ਸਿੰਘ ਅਤੇ ਮੁਹਿੰਦਰ ਸਿੰਘ ਵੱਲੋਂ ਕਰਵਾਈ ਗਈ ਸੀ ਅਤੇ ਨਤੀਜੇ ਵੀ ਮਹੱਵਤਪੂਰਨ ਸਾਬਤ ਹੋਏ।
ਮੈਡੀਕਲ: ਟਰੇਨਿੰਗ ਕੈਂਪ ਦੌਰਾਨ ਟੀਮ ਡਾਕਟਰ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਖਿਡਾਰੀਆਂ ਨੂੰ ਲੱਗੀ ਸੱਟ ਜਾਂ ਬਿਮਾਰੀ ਦਾ ਤੁਰੰਤ ਇਲਾਜ ਹੋ ਸਕੇ, ਜਿਵੇਂ 1973 ਵਾਲੇ ਵਿਸ਼ਵ ਕੱਪ ਸਮੇਂ ਗੋਬਿੰਦਾ ਨੂੰ ਜੌਂਡਿਸ (ਪੀਲੀਆ) ਹੋ ਗਿਆ ਸੀ ਅਤੇ ਰੂਸ ਵਿਚ ਚਾਰ ਦੇਸ਼ੀ ਟੂਰਨਾਮੈਂਟ ਵਿਚ ਭਾਰਤੀ ਟੀਮ ਨੂੰ ਪਾਕਿਸਤਾਨ ਡਾਕਟਰ ਦੀ ਮਦਦ ਲੈਣ ਲਈ ਮਜਬੂਰ ਹੋਣਾ ਪਿਆ ਸੀ।
ਖੁਰਾਕ: ਵਿਸ਼ਵ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਟਰੇਟਿੰਗ ਕੈਂਪ ਦੌਰਾਨ ਡਾਈਟੀਸ਼ਨ ਅਤੇ ਨਿਊਟ੍ਰੀਸ਼ਨ ਮਾਹਿਰ ਦੀ ਮੌਜੂਦਗੀ ਸਮੇਂ ਦੀ ਮੰਗ ਹੈ। ਕੁਝ ਅਮਰੀਕੀ ਮਾਹਿਰ ਜਿਵੇਂ ਅੰਜਨਪ੍ਰੀਤ ਪੰਧੇਰ (ਸਟੈਨਫੋਰਡ ਯੂਨੀਵਰਸਿਟੀ) ਅਤੇ ਤਾਹੀਆ ਵਿਲਸ਼ਨ (ਸਟੇਟ ਐਜੂਕੇਸ਼ਨ ਵਿਭਾਗ) ਦਾ ਮੰਨਣਾ ਹੈ ਕਿ ਆਰਗੈਨਿਕ ਫਰੂਟ/ਜੂਸ ਦੇ ਨਾਲ-ਨਾਲ ਵਧੀਆ ਖੁਰਾਕ, ਜਿਸ ਵਿਚ ਪ੍ਰੋਟੀਨ, ਘੱਟ ਪ੍ਰੋਸੈਸਡ ਫੂਡ ਹੋਣੇ ਜ਼ਰੂਰੀ ਹਨ, ਜੋ ਖਿਡਾਰੀਆਂ ਵਿਚ ਸਰੀਰਕ ਸ਼ਕਤੀ (ਸਟੈਮਿਨਾ), ਫਿਊਲ, ਰਿਕਵਰੀ ਅਤੇ ਵੱਧ ਤੋਂ ਵੱਧ ਕਾਰਗੁਜ਼ਾਰੀ ਦੇਣ ਵਿਚ ਲਾਹੇਵੰਦ ਸਾਬਤ ਕਰਦੇ ਹਨ।
ਸੈਮੀਨਾਰ: ਕੈਂਪ ਦੌਰਾਨ ਲੈਕਚਰ/ਸੈਮੀਨਾਰ ਲਈ ਵੱਖ-ਵੱਖ ਮਾਹਿਰਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਵੀਡੀਓ ਜ਼ਰੀਏ ਕਲਾਸਿਕ ਮੈਚਾਂ ਨੂੰ ਸਕਰੀਨ ਕਰਨਾ ਟਰੇਨਿੰਗ ਦਾ ਹੀ ਹਿੱਸਾ ਹੈ ਤੇ ਸਮੇਂ ਦੀ ਲੋੜ ਹੈ।
ਕੈਂਪਰ ਦੀ ਚੋਣ: ਆਮ ਤੌਰ ‘ਤੇ ਨੈਸ਼ਨਲ ਚੈਂਪੀਅਨਸ਼ਿਪ ਵਿਚੋਂ ਖਿਡਾਰੀਆਂ ਨੂੰ ਚੁਣ ਲਿਆ ਜਾਂਦਾ ਸੀ, ਪਰ ਕਾਫੀ ਸਮੇਂ ਤੋਂ ਇਹ ਮੁਕਾਬਲੇ ਵੀ ਨਹੀਂ ਕਰਵਾਏ ਗਏ, ਜੋ ਅਹੁਦੇਦਾਰਾਂ ਦੀ ਨਾਲਾਇਕੀ ਵੀ ਕਿਹਾ ਜਾ ਸਕਦਾ ਹੈ। ਇਸ ਦੀ ਗੈਰਹਾਜ਼ਰੀ ਵਿਚ ਚੋਣ ਕਮੇਟੀ ਵੱਲੋਂ ਚਾਰ ਜ਼ੋਨ ਜਿਵੇਂ ਉਤਰ, ਦੱਖਣ, ਪੂਰਬ ਤੇ ਪੱਛਮ ਪੱਧਰ ਦੇ ਹੀ ਮੁਕਾਬਲੇ ਦਾ ਪ੍ਰਬੰਧ ਕਰਨਾ ਵਧੀਆ ਕਦਮ ਕਿਹਾ ਜਾ ਸਕਦਾ ਹੈ ਅਤੇ ਖਿਡਾਰੀ ਵੀ ਕੌਮੀ ਕੈਂਪ ਲਈ ਚੁਣੇ ਜਾ ਸਕਦੇ ਹਨ।