ਧਾਰਮਿਕ ਆਗੂਆਂ ਦੀ ਬੇਇਖਲਾਕੀ ਤੇ ਵਿਹਾਰਕ ਊਣਤਾਈਆਂ

ਨੈਤਿਕਤਾ ਅਤੇ ਧਰਮ-2
ਸਾਧੂ ਬਿਨਿੰਗ
ਫੋਨ: 778-773-1886
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਧਰਮਾਂ ਵਲੋਂ ਪੈਦਾ ਕੀਤੀਆਂ ਹਰ ਕਿਸਮ ਦੀਆਂ ਬੰਦਿਸ਼ਾਂ ਦੇ ਬਾਵਜੂਦ ਮਨੁੱਖ ਦੀ ਸੋਚ ਵਿਚ ਲਗਾਤਾਰ ਤਬਦੀਲੀ ਆਉਂਦੀ ਰਹਿੰਦੀ ਹੈ, ਜਿਸ ਨਾਲ ਸਮਾਜ ਵੀ ਬਦਲਦੇ ਰਹਿੰਦੇ ਹਨ ਭਾਵੇਂ ਇਸ ਬਦਲੀ ਦੀ ਰਫਤਾਰ ਵੱਧ ਘੱਟ ਹੋ ਸਕਦੀ ਹੈ। ਜਿਹੜੇ ਲੋਕ ਅਤੇ ਜਿਹੜੇ ਸਮਾਜ ਮਨੁੱਖ ਦੀ ਵਿਗਿਆਨਕ ਸੂਝ ਨਾਲ ਬਦਲ ਰਹੀ ਸੋਚ ਅਨੁਸਾਰ ਨਹੀਂ ਬਦਲਦੇ, ਉਹ ਇਨਸਾਨ ਵੀ ਤੇ ਸਮਾਜ ਵੀ, ਪਿੱਛੇ ਰਹਿ ਜਾਂਦੇ ਹਨ। ਉਨ੍ਹਾਂ ਦੇ ਧਾਰਮਿਕ ਆਗੂਆਂ ਵਲੋਂ ਸਦੀਆਂ ਪਹਿਲਾਂ ਦਿੱਤੀਆਂ ਗਈਆਂ ਸਿੱਖਿਆਵਾਂ ਅਨੁਸਾਰ ਸਮਾਜ ਵਿਚ ਦੂਜੇ ਵਿਅਕਤੀਆਂ ਵਾਲਾ ਰਵੱਈਆ ਅਤੇ ਵਿਹਾਰ ਅਜੋਕੇ ਸਮੇਂ ਨੈਤਿਕ ਨਹੀਂ ਕਹਾ ਸਕਦੇ। ਮਿਸਾਲ ਵਜੋਂ, ਲੰਮੇ ਸਮੇਂ ਤੱਕ ਬੰਦੇ ਦਾ ਬੰਦੇ ਨੂੰ ਗੁਲਾਮ ਬਣਾ ਕੇ ਰੱਖਣਾ ਧਾਰਮਿਕ ਸੋਚ ਵਾਸਤੇ ਕੋਈ ਸਮੱਸਿਆ ਨਹੀਂ ਸੀ। ਦੁਨੀਆਂ ਦੇ ਦੋਵੇਂ ਵੱਡੇ ਧਰਮਾਂ ਇਸਾਈਅਤ ਅਤੇ ਇਸਲਾਮ ਨੇ ਲੰਮਾ ਸਮਾਂ ਗੁਲਾਮੀ ਦੀ ਰਵਾਇਤ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ।

ਮਾਈਕਲ ਓਨਫੇਅਰ ਅਨੁਸਾਰ, “ਅਸਲ ਵਿਚ ਗੁਲਾਮਾਂ ਦੇ ਵਪਾਰ ਦੀ ਕਾਢ ਲਈ ਅਸੀਂ ਇਸਲਾਮ ਦੇ ਦੇਣਦਾਰ ਹਾਂ। ਸਾਲ 1000 ਈਸਵੀ ਵਿਚ ਕੀਨੀਆ ਅਤੇ ਚੀਨ ਦਰਮਿਆਨ ਗੁਲਾਮਾਂ ਦਾ ਲਗਾਤਾਰਤਾ ਨਾਲ ਵਪਾਰ ਹੁੰਦਾ ਸੀ।…ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਅੱਲਾ (ਦਇਆਵਾਨ, ਸਰਬਸ਼ਕਤੀਮਾਨ ਤੇ ਸਭ ਤੋਂ ਸਿਆਣਾ) ਦੇ ਭਗਤਾਂ ਨੇ ਬਾਰਾਂ ਸੌ ਸਾਲਾਂ ਦੌਰਾਨ ਦਸ ਮਿਲੀਅਨ ਇਨਸਾਨਾਂ ਦਾ ਵਪਾਰ ਕੀਤਾ।”
ਇਸਾਈਆਂ ਦੀ ਪਵਿੱਤਰ ਪੁਸਤਕ ਬਾਈਬਲ ਵਿਚ ਗੁਲਾਮਾਂ ਸਬੰਧੀ ਅਨੇਕਾਂ ਹਦਾਇਤਾਂ ਦਰਜ ਹਨ। ਡੇਢ ਕੁ ਸੌ ਸਾਲ ਪਹਿਲਾਂ ਤੱਕ ਵੀ ਇਸਾਈ ਮੱਤ ਦੇ ਲੋਕਾਂ ਦਾ ਇਹ ਮੰਨਣਾ ਸੀ ਕਿ ਅਫਰੀਕਾ ਦੇ ਕਾਲੇ ਲੋਕਾਂ ਨੂੰ ਗੁਲਾਮ ਬਣਾਉਣਾ ਹਰ ਪੱਖੋਂ ਸਹੀ ਸੀ, ਕਿਉਂਕਿ ਉਨ੍ਹਾਂ ਵਿਚ ਯੂਰਪ ਦੇ ਗੋਰੇ ਲੋਕਾਂ ਵਾਂਗ ਰੂਹ ਨਹੀਂ ਸੀ ਅਤੇ ਉਨ੍ਹਾਂ ਨੂੰ ਇਨਸਾਨਾਂ ਵਾਂਗ ਦੁੱਖ ਮਹਿਸੂਸ ਨਹੀਂ ਸੀ ਹੁੰਦਾ। ਇਸ ਕਰਕੇ ਉਨ੍ਹਾਂ ਤੋਂ ਪਸੂਆਂ ਵਾਂਗ ਕੰਮ ਲਿਆ ਜਾ ਸਕਦਾ ਸੀ ਤੇ ਉਨ੍ਹਾਂ ਨੂੰ ਵੇਚਿਆ ਖਰੀਦਿਆ ਜਾ ਸਕਦਾ ਸੀ। ਅਮਰੀਕਾ ਵਿਚ ਗੁਲਾਮੀ ਦੇ ਹੱਕ ਵਿਚ ਬੋਲਣ ਤੇ ਲਿਖਣ ਵਾਲੇ ਵੱਡੀ ਗਿਣਤੀ ਇਸਾਈ ਪਾਦਰੀ ਸਨ ਤੇ ਉਹ ਆਪਣੀ ਪਵਿੱਤਰ ਪੁਸਤਕ ਦੇ ਅਧਾਰ ‘ਤੇ ਪੂਰੇ ਦਾਅਵੇ ਨਾਲ ਇਹ ਗੱਲ ਕਰਦੇ ਸਨ।
ਇਸ ਕਿਸਮ ਦੇ ਪਿਛੋਕੜ ਤੋਂ ਤੁਰ ਕੇ ਜੇ ਅਜੋਕੇ ਇਨਸਾਨ ਵਿਚ ਮਨੁੱਖੀ ਆਜ਼ਾਦੀ ਅਤੇ ਬਰਾਬਰੀ ਦਾ ਅਹਿਸਾਸ ਪੈਦਾ ਹੋਇਆ ਹੈ ਤਾਂ ਉਸ ਦੀ ਸੂਝ ਕਿਸੇ ਵੀ ਧਰਮ ਜਾਂ ਧਾਰਮਿਕ ਆਗੂ ਕੋਲੋਂ ਪ੍ਰਾਪਤ ਨਹੀਂ ਹੋਈ। ਇਸ ਵਿਕਾਸ ਦਾ ਮੁੱਖ ਕਾਰਨ ਇਨਸਾਨ ਦਾ ਧਾਰਮਿਕ ਜਕੜ ਤੋਂ ਪਾਸੇ ਹੋ ਕੇ ਆਪਣੇ ਆਲੇ-ਦੁਆਲੇ ਨੂੰ ਤਰਕ ਨਾਲ ਦੇਖ, ਘੋਖ ਸਕਣਾ ਹੈ। ਵਿਗਿਆਨਕ ਸੂਝ ਅਨੁਸਾਰ ਇਸ ਵੇਲੇ ਸਮੁੱਚੀ ਦੁਨੀਆਂ ਵਿਚ ਅੱਠ ਬਿਲੀਅਨ ਨੂੰ ਢੁਕ ਰਹੀ ਆਬਾਦੀ ਦਾ ਹਰ ਵਿਅਕਤੀ ਹਰ ਪੱਖੋਂ ਬਰਾਬਰ ਹੈ।
ਅਮਰੀਕੀ ਲੇਖਕ ਸੈਮ ਹੈਰਿਸ ਆਪਣੀ ਕਿਤਾਬ ‘ਨੈਤਿਕ ਭੂ-ਦ੍ਰਿਸ਼’ (ਦਾ ਮੌਰਲ ਲੈਂਡਸਕੇਪ) ਵਿਚ ਲਿਖਦਾ ਹੈ, “ਜਿਨਸੀ ਸਬੂਤ (ਜੈਨੇਟਿਕ ਐਵੀਡੈਂਸ) ਇਹ ਇਸ਼ਾਰਾ ਕਰਦੇ ਹਨ ਕਿ 150 ਕੁ ਲੋਕਾਂ ਦਾ ਕਾਫਲਾ (ਪੰਜਾਹ ਹਜ਼ਾਰ ਸਾਲ ਪਹਿਲਾਂ) ਅਫਰੀਕਾ ਤੋਂ ਤੁਰਿਆ, ਜਿਹਨੇ ਦੁਨੀਆਂ ਦੀ ਬਾਕੀ ਲੋਕਾਈ ਨੂੰ ਜਨਮ ਦਿੱਤਾ।” ਭੁਗੋਲਿਕ ਸਥਿਤੀਆਂ ਤੇ ਵਾਤਾਵਰਨ ਨੇ ਉਨ੍ਹਾਂ ਦੀ ਚਮੜੀ ਦੇ ਰੰਗ ਅਤੇ ਸਰੀਰਕ ਬਣਤਰ `ਤੇ ਅਸਰ ਪਾਇਆ; ਪਰ ਚਮੜੀ ਦੇ ਵੱਖਰੇ ਰੰਗ, ਨਸਲ ਜਾਂ ਸਰੀਰਕ ਬਣਤਰ ਨਾਲ ਉਨ੍ਹਾਂ ਦੇ ਇਨਸਾਨ ਹੋਣ ਵਿਚ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਪਿਆ। ਪੁਰਾਣੇ ਵਿਸ਼ਵਾਸਾਂ ਦੇ ਅਸਰ ਥੱਲੇ ਅਤੇ ਆਰਥਕ ਤੇ ਸਮਾਜਕ ਕਾਰਨਾਂ ਵੱਸ ਕਾਫੀ ਗਿਣਤੀ ਗੋਰੇ ਲੋਕਾਂ ਵਲੋਂ ਗੈਰ-ਗੋਰੇ ਲੋਕਾਂ ਨਾਲ ਨਸਲੀ ਤੇ ਰੰਗ ਆਧਾਰਤ ਵਿਤਕਰਾ ਅਜੇ ਵੀ ਲਗਾਤਾਰ ਜਾਰੀ ਹੈ ਅਤੇ ਇਹ ਅਕਸਰ ਦੇਖਣ ਵਿਚ ਆਇਆ ਹੈ ਕਿ ਅਜਿਹਾ ਵਿਤਕਰਾ ਕਰਨ ਵਾਲੇ ਲੋਕਾਂ ਵਿਚ ਧਾਰਮਿਕ ਲੋਕਾਂ ਦੀ ਮੁਕਾਬਲਤਨ ਗਿਣਤੀ ਵੱਧ ਹੁੰਦੀ ਹੈ।
ਇਸੇ ਤਰ੍ਹਾਂ ਧਰਮਾਂ ਅਨੁਸਾਰ ਇਹ ਵੀ ਮੰਨਿਆ ਜਾਂਦਾ ਸੀ ਕਿ ਰਾਜੇ ਪਰਮਾਤਮਾ ਵਲੋਂ ਰਾਜ ਕਰਨ ਲਈ ਭੇਜੇ ਗਏ ਸਨ ਤੇ ਪਰਜਾ ਉਨ੍ਹਾਂ ਦੀ ਜੀਅ ਹਜ਼ੂਰੀ ਲਈ ਸੀ। ਭਾਵੇਂ ਅਜੇ ਵੀ ਅਜੋਕੇ ਆਰਥਕ ਢਾਂਚੇ ਵਿਚ ਇਸ ਸੋਚ ਦੀ ਰਹਿੰਦ-ਖੂੰਹਦ ਦੇਖਣ ਨੂੰ ਮਿਲਦੀ ਹੈ, ਪਰ ਹੁਣ ਇਸ ਨੂੰ ਪਹਿਲਾਂ ਵਾਲੀ ਮਾਨਤਾ ਪ੍ਰਾਪਤ ਨਹੀਂ। ਜਿੱਥੇ ਪਹਿਲਾਂ ਰਾਜੇ ਨੂੰ ਪਰਮਾਤਮਾ ਵਲੋਂ ਭੇਜਿਆ ਸਮਝ ਕੇ ਉਹਦੇ ਅੱਗੇ ਝੁਕਣਾ ਨੈਤਿਕ ਸਮਝਿਆ ਜਾਂਦਾ ਸੀ, ਹੁਣ ਇਸ ਨੂੰ ਵੱਖਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਵਿਗਿਆਨਕ ਸੂਝ ਨਾਲ ਬਹੁਤੇ ਲੋਕ ਹੁਣ ਇਹ ਗੱਲ ਭਲੀਭਾਂਤ ਸਮਝਦੇ ਹਨ ਕਿ ਸਾਰੇ ਇਨਸਾਨ ਬਰਾਬਰ ਹਨ ਅਤੇ ਕਿਸੇ ਨੂੰ ਵੀ ਦੂਜਿਆਂ ਉੱਪਰ ਭਾਰੀ ਹੋਣ ਦਾ ਜਮਾਂਦਰੂ ਹੱਕ ਹਾਸਲ ਨਹੀਂ ਹੋ ਸਕਦਾ। ਅਜੋਕੇ ਸਮੇਂ ਦੌਰਾਨ ਸਮਾਜ ਜਾਂ ਦੇਸ਼ਾਂ ਦੇ ਕੰਮਕਾਰ ਚਲਾਉਣ ਵਾਸਤੇ ਲੋਕ ਖੁਦ ਆਪਣੇ ਵਿਚੋਂ ਕੁਝ ਵਿਅਕਤੀਆਂ ਨੂੰ ਚੁਣਦੇ ਹਨ। ਭਾਵੇਂ ਸਰਕਾਰ ਚੁਣਨ ਜਾਂ ਸਰਕਾਰੀ ਪ੍ਰਬੰਧ ਚਲਾਉਣ ਦੇ ਢੰਗ ਤਰੀਕਿਆਂ ਵਿਚ ਅਨੇਕਾਂ ਸੁਧਾਰਾਂ ਦੀ ਲੋੜ ਹੈ, ਪਰ ਹੁਣ ਜੇ ਕੋਈ ਇਹ ਸੁਝਾਅ ਦੇਵੇ ਕਿ ਕਿਸੇ ਵਿਅਕਤੀ ਨੂੰ ਰੱਬ ਵਲੋਂ ਇਹ ਹੱਕ ਹਾਸਲ ਹੈ ਤਾਂ ਇਸ ਗੱਲ ਨੂੰ ਕਿਸੇ ਪੱਖੋਂ ਵੀ ਨੈਤਿਕ ਵਿਚਾਰ ਨਹੀਂ ਮੰਨਿਆ ਜਾਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਮੌਜੂਦਾ ਪੂੰਜੀਵਾਦੀ ਆਰਥਕ ਢਾਂਚੇ ਵਿਚ ਸਮਾਜ ਦੀ ਵਾਗ ਡੋਰ ਅਮੀਰ ਜਮਾਤ ਦੇ ਹੱਥਾਂ ਵਿਚ ਹੈ। ਇਹ ਜਮਾਤ ਆਮ ਲੋਕਾਂ ਨੂੰ ਗਰੀਬੀ ਦੀ ਪੱਧਰ ਤੋਂ ਹੇਠਾਂ ਰੱਖਣ ਵਿਚ ਕਾਮਯਾਬ ਹੈ ਅਤੇ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਅਮੀਰ ਜਮਾਤ ਇਸ ਕੰਮ ਲਈ ਸ਼ੱਰੇਆਮ ਧਰਮ ਦੀ ਵਰਤੋਂ ਕਰਦੀ ਹੈ। ਬੜੇ ਯੋਜਨਾਬੱਧ ਤਰੀਕੇ ਨਾਲ ਆਮ ਲੋਕਾਂ ਨੂੰ ਵਿਗਿਆਨਕ ਸੂਝ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਜਥੇਬੰਦ ਧਰਮ ਨੂੰ ਆਰਥਕ ਮਦਦ ਦੇ ਕੇ ਲੋਕਾਂ ਨੂੰ ਪੁਰਾਣੀ ਸੋਚ ਵਿਚ ਗਲਤਾਨ ਰੱਖਿਆ ਜਾਂਦਾ ਹੈ। ਨਤੀਜੇ ਵਜੋਂ ਬਹੁਤੇ ਲੋਕ ਆਪਣੀ ਹਾਲਤ ਨੂੰ ਬਦਲਣ ਦੀਆਂ ਕੋਸਿ਼ਸ਼ਾਂ ਦਾ ਹਿੱਸਾ ਬਣਨ ਦੀ ਥਾਂ ਇਸ ਨੂੰ ਪਰਮਾਤਮਾ ਦੀ ਦੇਣ ਜਾਂ ਕਿਸਮਤ ਮੰਨ ਕੇ ਉਸ ਅਨੁਸਾਰ ਜੀਵਨ ਜਿਉਣ ਦੀ ਕੋਸਿ਼ਸ਼ ਕਰਦੇ ਹਨ। ਇਹ ਗੱਲ ਖਾਸ ਕਰ ਭਾਰਤ ਵਰਗੇ ਮੁਲਕ ਵਿਚ ਸਾਫ ਦੇਖਣ ਨੂੰ ਮਿਲਦੀ ਹੈ, ਜਿੱਥੇ ਪੁਜਾਰੀ ਜਮਾਤ ਵਲੋਂ ਸੁਝਾਇਆ ਵਿਸ਼ਵਾਸ ਕਿ ਉਨ੍ਹਾਂ ਦੀ ਸਥਿਤੀ ਦਾ ਕਾਰਨ ਰੱਬ ਵਲੋਂ ਤੈਅ ਕੀਤੀ ਉਨ੍ਹਾਂ ਦੀ ਕਿਸਮਤ ਹੈ ਜਾਂ ਉਨ੍ਹਾਂ ਦੇ ਪਿਛਲੇ ਜਨਮਾਂ ਦੇ ਕੰਮ ਇਸ ਦਾ ਕਾਰਨ ਹਨ।
ਸਮਾਜ ਵਿਚ ਔਰਤ ਦੀ ਸਥਿਤੀ ਬਾਰੇ ਵੀ ਇਹ ਗੱਲ ਕਹੀ ਜਾ ਸਕਦੀ ਹੈ ਕਿ ਕਰੀਬ ਸਾਰੇ ਹੀ ਧਰਮ ਵੱਖੋ ਵੱਖਰੇ ਤਰੀਕੇ ਨਾਲ ਔਰਤ ਨੂੰ ਮਰਦ ਨਾਲੋਂ ਥੱਲੇ ਦੀ ਸ਼ੈਅ ਵਜੋਂ ਦੇਖਦੇ ਸਨ ਅਤੇ ਕੁਝ ਹੱਦ ਤੱਕ ਅਜੇ ਵੀ ਦੇਖਦੇ ਹਨ। ਲਗਭਗ ਸਾਰੇ ਹੀ ਧਰਮ ਆਦਮੀਆਂ ਦੇ ਦਿਮਾਗਾਂ ਦੀ ਕਾਢ ਹਨ ਅਤੇ ਇਨ੍ਹਾਂ ਨੂੰ ਸਥਾਪਤ ਕਰਨ ਵਿਚ ਔਰਤ ਦਾ ਯੋਗਦਾਨ ਨਾ-ਬਰਾਬਰ ਹੈ। ਇਸਾਈ ਧਰਮ ਦੇ ਪੈਰੋਕਾਰਾਂ ਵਲੋਂ ਯੂਰਪ ਵਿਚ ਲੰਮਾ ਸਮਾਂ ਔਰਤਾਂ ਨੂੰ ਭੂਤਨੀਆਂ (ਵਿਚਜ਼) ਕਹਿ ਕੇ ਜਿ਼ੰਦਾ ਜਲਾਇਆ ਜਾਂਦਾ ਰਿਹਾ। ਇਸਲਾਮ ਵਿਚ ਅਜੇ ਵੀ ਔਰਤ ਨੂੰ ਬਰਾਬਰ ਦੇ ਹੱਕ ਪ੍ਰਾਪਤ ਨਹੀਂ ਹਨ। ਕਈ ਥਾਂਵੀਂ ਉਹ ਪੜ੍ਹ-ਲਿਖ ਨਹੀਂ ਸਕਦੀ ਤੇ ਕਈ ਥਾਵੀਂ ਕਾਰ ਤੱਕ ਨਹੀਂ ਚਲਾ ਸਕਦੀ। ਜਿੱਥੇ ਧਰਮ ਮਰਦ ਨੂੰ ਇੱਕ ਤੋਂ ਵੱਧ ਵਿਆਹ ਕਰਾਉਣ ਦੀ ਇਜਾਜ਼ਤ ਦਿੰਦਾ ਹੈ, ਉੱਥੇ ਔਰਤ ਜੇ ਮਰਦ ਦੀ ਵਾਹੀ ਲਕੀਰ ਤੋਂ ਇੱਧਰ-ਉੱਧਰ ਹੋ ਜਾਵੇ ਤਾਂ ਉਸ ਨੂੰ ਧਰਤੀ ਵਿਚ ਗੱਡ ਕੇ ਪੱਥਰਾਂ ਨਾਲ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ।
ਭਾਰਤ ਵਿਚ ਤਾਂ ਔਰਤ ਦੀ ਸਥਿਤੀ ਹੋਰ ਵੀ ਭਿਆਨਕ ਰਹੀ ਹੈ ਅਤੇ ਕਾਫੀ ਹੱਦ ਤੱਕ ਅਜੇ ਵੀ ਹੈ। ਮਰਦ ਦੇ ਬਰਾਬਰ ਔਰਤ ਦੇ ਅਤੇ ਖਾਸ ਕਰ ਅਖੌਤੀ ਛੋਟੀਆਂ ਜਾਤਾਂ ਦੀਆਂ ਔਰਤਾਂ ਦੇ ਹੱਕ ਬਹੁਤ ਘੱਟ ਸਨ। ਗਰੀਬ ਲੋਕਾਂ ਨੂੰ ਆਪਣੀਆਂ ਧੀਆਂ ਦੇਵਦਾਸੀ ਪ੍ਰਥਾ ਅਨੁਸਾਰ ਪੁਜਾਰੀਆਂ ਦੀ ਸੇਵਾ ਕਰਨ ਲਈ ਮੰਦਿਰਾਂ ਨੂੰ ਦੇਣੀਆਂ ਪੈਂਦੀਆਂ ਸਨ, ਜਿੱਥੇ ਉਹ ਪੁਜਾਰੀਆਂ ਅਤੇ ਅਮੀਰ ਲੋਕਾਂ ਦੀ ਕਾਮ ਪੂਰਤੀ ਲਈ ਵਰਤੀਆਂ ਜਾਂਦੀਆਂ ਸਨ। ਔਰਤਾਂ ਨੂੰ ਆਪਣੇ ਮਰਦ ਦੀ ਮੌਤ ਸਮੇਂ ਸਤੀ ਹੋਣਾ ਪੈਂਦਾ ਸੀ। ਵਿਧਵਾ ਔਰਤਾਂ ਨੂੰ ਦੁਬਾਰਾ ਸ਼ਾਦੀ ਕਰਨ ਦਾ ਹੱਕ ਨਹੀਂ ਸੀ। ਅਨੇਕਾਂ ਥਾਂਵਾਂ ‘ਤੇ ਔਰਤ ਨੂੰ ਇੱਜਤ ਦੇ ਨਾਂ ‘ਤੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਕਈ ਵਾਰੀ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਖਤਮ ਕਰ ਜਾਂ ਕਰਵਾ ਦਿੱਤਾ ਜਾਂਦਾ ਸੀ ਤੇ ਹੈ। ਇਨ੍ਹਾਂ ਸਭ ਪੁੱਜ ਕੇ ਅਨੈਤਿਕ ਵਿਹਾਰਾਂ ਨੂੰ ਧਰਮ ਵਲੋਂ ਪੂਰੀ ਮਾਨਤਾ ਮਿਲਦੀ ਰਹੀ ਹੈ। ਦੁਨੀਆਂ ਦੇ ਉਹ ਹਿੱਸੇ, ਜਿੱਥੇ ਧਰਮ ਦੀ ਪਕੜ ਜਿ਼ਆਦਾ ਹੈ, ਉੱਥੇ ਔਰਤ ਦੇ ਹੱਕ ਨਾ ਹੋਣ ਬਰਾਬਰ ਹਨ। ਜਿੱਥੇ ਧਰਮ ਤੇ ਰਾਜ ਵਿਚ ਦੂਰੀ ਸਥਾਪਤ ਕੀਤੀ ਜਾ ਚੁਕੀ ਹੈ ਅਤੇ ਕਾਨੂੰਨਾਂ ਦਾ ਆਧਾਰ ਧਰਮ ਨਹੀਂ, ਉੱਥੇ ਵੀ ਔਰਤ ਨੂੰ ਮਰਦ ਦੇ ਬਰਾਬਰ ਹੱਕ ਪ੍ਰਾਪਤ ਕਰਨ ਲਈ ਲਗਾਤਾਰ ਜੱਦੋਜਹਿਦ ਕਰਨੀ ਪੈ ਰਹੀ ਹੈ। ਔਰਤ ਪ੍ਰਤੀ ਧਰਮਾਂ ਵਲੋਂ ਪ੍ਰਚਾਰੀ ਤੇ ਸਤਿਕਾਰੀ ਜਾਂਦੀ ਅਜਿਹੀ ਸੋਚ ਨੂੰ ਅਜੋਕੇ ਸਮੇਂ ਕਿਸੇ ਵੀ ਪੱਧਰ ‘ਤੇ ਨੈਤਿਕ ਨਹੀਂ ਮੰਨਿਆ ਜਾ ਸਕਦਾ। ਵਿਗਿਆਨਕ ਸੋਚ ਨੇ ਇਸ ਦਰਜਾਬੰਦੀ ਨੂੰ ਖਤਮ ਕਰਨ ਵੱਲ ਬਹੁਤ ਤੇਜ਼ੀ ਨਾਲ ਕਦਮ ਪੁੱਟੇ ਹਨ।
ਧਾਰਮਿਕ ਸੋਚ ਦੇ ਵਿਸ਼ਾਲ ਪੱਧਰ ‘ਤੇ ਅਨੈਤਿਕ ਹੋਣ ਦੀ ਸਭ ਤੋਂ ਵੱਡੀ ਤੇ ਅਤਿ ਘਿਨਾਉਣੀ ਮਿਸਾਲ ਭਾਰਤ ਦਾ ਜਾਤ-ਪਾਤੀ ਢਾਂਚਾ ਹੈ। ਇਸ ਸੋਚ ਅਨੁਸਾਰ ਇੱਕੀਵੀਂ ਸਦੀ ਵਿਚ ਵੀ ਸਮਾਜ ਦੇ ਇੱਕ ਵਰਗ ਨੂੰ ਬਰਾਬਰ ਦੇ ਇਨਸਾਨ ਨਹੀਂ ਸਮਝਿਆ ਜਾ ਰਿਹਾ ਤੇ ਨਾ ਹੀ ਉਨ੍ਹਾਂ ਨਾਲ ਇਨਸਾਨਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜਿਸ ਤਰੀਕੇ ਨਾਲ ਭਾਰਤ ਦੀ ਮੌਜੂਦਾ ਹਿੰਦੂ ਸਰਕਾਰ ਦੀ ਸਹਿਮਤੀ ਨਾਲ ਅਖੌਤੀ ਛੋਟੀਆਂ ਜਾਤਾਂ ਨਾਲ ਸ਼ੱਰੇਆਮ ਵਿਤਕਰਾ ਤੇ ਹਿੰਸਾ ਕੀਤੀ ਜਾ ਰਹੀ ਹੈ, ਉਸ ਨੂੰ ਕਿਸੇ ਤਰ੍ਹਾਂ ਵੀ ਨੈਤਿਕ ਨਹੀਂ ਕਿਹਾ ਜਾ ਸਕਦਾ। ਭਾਵੇਂ ਲੰਮੇ ਸਮੇਂ ਤੋਂ ਜਾਤ-ਪਾਤ ਨੂੰ ਖਤਮ ਕਰਨ ਦੀਆਂ ਕੋਸਿ਼ਸ਼ਾਂ ਹੋ ਰਹੀਆਂ ਹਨ, ਪਰ ਇਸ ਦੇ ਕਾਇਮ ਰਹਿਣ ਪਿੱਛੇ ਸਭ ਤੋਂ ਵੱਡਾ ਕਾਰਨ ਬਿਨਾ ਸ਼ੱਕ ਲੋਕਾਂ ਦੀ ਸੋਚ ਉੱਤੇ ਧਰਮ ਦੀ ਜਕੜ ਹੈ।
ਵਿਗਿਆਨਕ ਸੂਝ ਤੋਂ ਪਹਿਲਾਂ ਮਨੁੱਖ ਨੂੰ ਲੱਗਦੀਆਂ ਬੀਮਾਰੀਆਂ ਬਾਰੇ ਜੋ ਸਮਝ ਸੀ ਤੇ ਉਸ ਸਮਝ ਅਨੁਸਾਰ ਬੀਮਾਰੀਆਂ ਦੇ ਇਲਾਜ ਨਾਲ ਜੁੜਿਆ ਬਹੁਤ ਕੁਝ ਸੀ, ਜੋ ਅਜੋਕੇ ਸਮੇਂ ਅਨੈਤਿਕਤਾ ਦੇ ਘੇਰੇ ਵਿਚ ਆਉਂਦਾ ਹੈ। ਜਿਵੇਂ ਜੋਤਿਸ਼, ਭੂਤਾਂ ਅਤੇ ਰੂਹਾਂ ਆਦਿ ਵਿਚ ਵਿਸ਼ਵਾਸ ਤੇ ਭੂਤ ਕੱਢਣ ਲਈ ਵਰਤੇ ਜਾਂਦੇ ਤੌਰ ਤਰੀਕੇ ਕਿਸੇ ਵੀ ਕੋਨ ਤੋਂ ਨੈਤਿਕ ਨਹੀਂ ਕਹੇ ਜਾ ਸਕਦੇ। ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਜਾਦੂ, ਟੂਣੇ ਤੇ ਮੰਤਰ ਆਦਿ ਵੀ ਸਿੱਧੇ ਤੌਰ ‘ਤੇ ਅਨੈਤਿਕ ਕਾਰਜ ਹਨ, ਕਿਉਂਕਿ ਉਹ ਵਿਅਕਤੀ ਵਲੋਂ ਆਪਣੇ ਮੁਫਾਦ ਲਈ ਦੂਜੇ ਦਾ ਨੁਕਸਾਨ ਕਰਨ ਦੀ ਮਨਸ਼ਾ ਨਾਲ ਕੀਤੇ ਜਾਂਦੇ ਹਨ। ਲੋਕਾਂ ਵਿਚ ਅਜੇ ਵੀ ਅਨੇਕਾਂ ਅੰਧ-ਵਿਸ਼ਵਾਸਾਂ ਦੇ ਹੋਣ ਵਿਚ ਧਰਮ ਭਾਵੇਂ ਸਿੱਧੇ ਤੌਰ ‘ਤੇ ਜਿ਼ੰਮੇਵਾਰ ਨਾ ਹੋਵੇ, ਅਸਿੱਧੇ ਤੌਰ ‘ਤੇ ਜ਼ਰੂਰ ਜਿ਼ੰਮੇਵਾਰ ਹੈ। ਲੋਕਾਂ ਦੀ ਅਗਿਆਨਤਾ ਨੂੰ ਆਪਣੀ ਕਮਾਈ ਦਾ ਹਿੱਸਾ ਬਣਾਉਣ ਵਾਲੇ ਹਰ ਕਿਸਮ ਦੇ ਧੋਖੇਬਾਜ਼ ਲੋਕਾਂ ਨੂੰ ਧਰਮ ਦੀ ਪੂਰੀ ਹਮਾਇਤ ਮਿਲਦੀ ਹੈ। ਨਾਲ ਹੀ ਲੋਕਾਂ ਦੀ ਧਰਮ ਵਿਚ ਸ਼ਰਧਾ ਤੇ ਵਿਗਿਆਨਕ ਸੂਝ ਤੋਂ ਦੂਰੀ ਵੀ ਉਨ੍ਹਾਂ ਦੀਆਂ ਸਥਿਤੀਆਂ ਲਈ ਜਿੰ਼ਮੇਵਾਰ ਹੈ। ਸ਼ਰਧਾ ਬਿਨਾ ਅੰਧ-ਵਿਸ਼ਵਾਸ ਸੰਭਵ ਹੀ ਨਹੀਂ।
ਅਜੋਕੇ ਸਮੇਂ ਦੌਰਾਨ ਖਾਸ ਕਰਕੇ ਪੰਜਾਬੀ ਭਾਈਚਾਰੇ ਵਿਚ ਧਾਰਮਿਕ ਸੰਸਥਾਵਾਂ, ਹਰ ਕਿਸਮ ਦੇ ਧਾਰਮਿਕ ਆਗੂਆਂ ਅਤੇ ਬਹੁਤੇ ਪੰਜਾਬੀ ਮੀਡੀਏ ਵਲੋਂ ਲੋਕਾਂ ਨੂੰ ਚੰਗੇ, ਇਮਾਨਦਾਰ, ਹਮਦਰਦ ਇਨਸਾਨ ਬਣਨ ਦੀ ਸਿੱਖਿਆ ‘ਤੇ ਮੁਕਾਬਲਤਨ ਵੱਧ ਸ਼ਕਤੀ ਤੇ ਸੋਮੇ ਲਾਏ ਜਾਂਦੇ ਹਨ। ਹਰ ਪਾਸੇ ਹਰ ਵੇਲੇ ਸਾਨੂੰ ਧਰਮ ਦੀ ਚਰਚਾ ਸੁਣਨ ਨੂੰ ਮਿਲਦੀ ਹੈ। ਆਮ ਲੋਕ ਵੀ ਤੇ ਸਮਾਜ ਵਿਚ ਵੱਖ ਵੱਖ ਖੇਤਰਾਂ ਵਿਚ ਪਛਾਣ ਰੱਖਣ ਵਾਲੇ ਲੋਕ, ਖਾਸ ਕਰ ਪੰਜਾਬੀ ਗਾਇਕ ਤੇ ਕਲਾਕਾਰ ਆਪਣੀ ਹਰ ਗੱਲ ਵਿਚ ਪਰਮਾਤਮਾ ਦਾ ਜਿ਼ਕਰ ਕਰਨਾ, ਹਰ ਗੱਲ ਲਈ ਉਹਦਾ ਸ਼ੁਕਰੀਆਂ ਅਦਾ ਕਰਨਾ ਆਪਣਾ ਮੁੱਖ ਕਰਤਵ ਸਮਝਦੇ ਹਨ। ਇਸ ਨਾਲ ਆਮ ਲੋਕਾਂ ਦੇ ਮਨਾਂ ਵਿਚੋਂ ਧਰਮ ਦਾ ਤੇ ਰੱਬ ਦਾ ਖਿਆਲ ਇੱਕ ਪੱਲ ਲਈ ਵੀ ਪਾਸੇ ਨਹੀਂ ਜਾਣ ਦਿੰਦੇ। ਧਰਮ ਦਾ ਏਨਾ ਜਿ਼ਆਦਾ ਬੋਲਬਾਲਾ ਹੋਣ ਦੇ ਬਾਵਜੂਦ ਵੱਡੀ ਗਿਣਤੀ ਪੰਜਾਬੀਆਂ ਵਲੋਂ ਇਹ ਗੱਲ ਵੀ ਮੰਨੀ ਜਾਂਦੀ ਹੈ ਕਿ ਬਹੁਤੇ ਪੰਜਾਬੀ ਦੂਜੇ ਲੋਕਾਂ ਦੇ ਮੁਕਾਬਲੇ ਘੱਟ ਇਮਾਨਦਾਰ ਅਤੇ ਨੈਤਿਕ ਹਨ। ਅਸੀਂ ਆਮ ਦੇਖਦੇ, ਸੁਣਦੇ, ਪੜ੍ਹਦੇ ਹਾਂ ਕਿ ਸਾਡੇ ਧਾਰਮਿਕ, ਸਿਆਸੀ ਤੇ ਵਪਾਰੀ (ਬਿਜਨਸ) ਖੇਤਰਾਂ ਵਿਚਲੇ ਆਗੂ ਅਕਸਰ ਆਪਣੇ ਕਾਰਜਾਂ ਵਿਚ ਅਨੈਤਿਕ ਹੁੰਦੇ ਹਨ। ਆਮ ਲੋਕ ਵੀ ਲੋੜ ਅਨੁਸਾਰ ਆਪਣਾ ਕੰਮ ਕੱਢਣ ਵਾਸਤੇ ਜੇ ਕੋਈ ਅਨੈਤਿਕ ਗੱਲ ਕਰਨੀ ਪਵੇ ਤਾਂ ਬਹੁਤੀ ਸੋਚ ਵਿਚਾਰ ਤੋਂ ਬਿਨਾ ਹੀ ਕਰ ਲੈਂਦੇ ਹਨ। ਇਨ੍ਹਾਂ ਵਿਚੋਂ ਬਹੁਤੇ ਲੋਕਾਂ ਦੀ ਜੀਵਨ ਜਾਚ ਧਾਰਮਿਕ ਸਿੱਖਿਆ ‘ਤੇ ਆਧਾਰਤ ਹੁੰਦੀ ਹੈ। ਅਨੈਤਿਕ ਕੰਮ ਕਰਨ ਸਮੇਂ ਉਹ ਅੰਦਰੋਂ ਡਰਦੇ ਵੀ ਹਨ ਕਿ ਰੱਬ ਉਨ੍ਹਾਂ ਦੇ ਇਸ ਕਾਰਜ ਨੂੰ ਦੇਖ ਰਿਹਾ ਹੈ। ਉਹ ਆਪਣੇ ਰੱਬ ਦੀ ਤੇ ਧਰਮ ਦੀ ਆਪਣੀ ਆਰਥਕ ਸ਼ਕਤੀ ਨਾਲ ਪੂਜਾ ਕਰ ਜਾਂ ਕਰਵਾ ਕੇ ਆਪਣੇ ਇਸ ਡਰ ਤੋਂ ਛੁਟਕਾਰਾ ਪਾਉਂਦੇ ਹਨ। ਇਸ ਨਾਲ ਅਨੈਤਿਕਤਾ ਦਾ ਇੱਕ ਨਾ ਟੁੱਟਣ ਵਾਲਾ ਚੱਕਰ ਚੱਲਦਾ ਰਹਿੰਦਾ ਹੈ।
ਇਸ ਸਥਿਤੀ ਦਾ ਮੁਕਾਬਲਾ ਅਸੀਂ ਦੁਨੀਆਂ ਦੇ ਕੁਝ ਉਨ੍ਹਾਂ ਸਮਾਜਾਂ ਨਾਲ ਕਰ ਸਕਦੇ ਹਾਂ, ਜਿੱਥੇ ਬਹੁ-ਗਿਣਤੀ ਲੋਕ ਗੈਰ-ਧਾਰਮਿਕ ਹਨ ਜਾਂ ਨਾਸਤਿਕ ਹਨ। ਮਿਸਾਲ ਵਜੋਂ, ਸਕੈਂਡੇਨੇਵੀਅਨ ਮੁਲਕਾਂ-ਡੈੱਨਮਾਰਕ, ਨੌਰਵੇ ਅਤੇ ਸਵੀਡਨ ਦੇ ਲੋਕ ਪਝੱਤਰ ਪ੍ਰਤੀਸ਼ਤ ਤੋਂ ਉੱਪਰ ਕਿਸੇ ਕਿਸਮ ਦੇ ਰੱਬ ਜਾਂ ਅਣਦਿਸਦੀ ਸ਼ਕਤੀ ਵਿਚ ਯਕੀਨ ਨਹੀਂ ਕਰਦੇ ਅਤੇ ਉਨ੍ਹਾਂ ਵਿਚੋਂ ਸਿਰਫ ਤਿੰਨ ਤੋਂ ਪੰਜ ਪ੍ਰਤੀਸ਼ਤ ਤੱਕ ਹੀ ਨੇਮ ਨਾਲ ਚਰਚ ਜਾਂਦੇ ਹਨ। ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿਚ ਧਰਮ ਜਾਂ ਧਾਰਮਿਕ ਗੱਲਾਂ ਬਾਤਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ। ਇਨ੍ਹਾਂ ਮੁਲਕਾਂ ਦੇ ਲੋਕਾਂ ਬਾਰੇ ਪੜ੍ਹਨ-ਸੁਣਨ ਨੂੰ ਆਮ ਮਿਲਦਾ ਹੈ ਕਿ ਇਹ ਮੁਕਾਬਲਤਨ ਜਿ਼ਆਦਾ ਨੈਤਿਕ ਹਨ ਤੇ ਬਾਕੀਆਂ ਨਾਲੋਂ ਜਿ਼ਆਦਾ ਸਾਫ ਸੁਥਰਾ ਤੇ ਖੁਸ਼ੀ ਵਾਲਾ ਜੀਵਨ ਜਿਉਂਦੇ ਹਨ।
ਇਨ੍ਹਾਂ ਦੇਸ਼ਾਂ ਬਾਰੇ ਪ੍ਰਾਪਤ ਇੱਕ ਜਾਣਕਾਰੀ ਅਨੁਸਾਰ, “ਜਦੋਂ ਦਇਆ ਜਾਂ ਦਾਨ ਦੀ ਗੱਲ ਆਉਂਦੀ ਹੈ ਤਾਂ ਗਰੀਬ ਮੁਲਕਾਂ ਨੂੰ ਮਦਦ ਦੇਣ ਦੇ ਮਾਮਲੇ ਵਿਚ ਇਹ ਤਿੰਨੋਂ ਮੁਲਕ ਦੁਨੀਆਂ ਦੇ ਉੱਪਰਲੇ ਚਾਰ ਮੁਲਕਾਂ ਵਿਚ ਆਉਂਦੇ ਹਨ। ਬੇਹੱਦ ਧਾਰਮਿਕ ਅਮਰੀਕਾ ਨੇ 2010 ਵਿਚ ਗਰੀਬ ਮੁਲਕਾਂ ਦੀ ਮਦਦ ਵਜੋਂ 97 ਡਾਲਰ ਪ੍ਰਤੀ ਵਿਅਕਤੀ ਦਿੱਤੇ, ਜੋ ਏਨਾ ਮਾੜਾ ਨਹੀਂ ਕਿਹਾ ਜਾ ਸਕਦਾ, ਪਰ ਗੈਰ-ਧਾਰਮਿਕ ਸਵੀਡਨ ਨੇ 483 ਡਾਲਰ ਪ੍ਰਤੀ ਵਿਅਕਤੀ ਦਿੱਤੇ, ਡੈਨਮਾਰਕ ਨੇ 517 ਡਾਲਰ ਤੇ ਨੌਰਵੇ ਨੇ ਆਪਣੇ ਮੁਲਕ ਦੇ ਹਰ ਆਦਮੀ, ਔਰਤ ਤੇ ਬੱਚੇ ਮਗਰ 936 ਡਾਲਰ ਪ੍ਰਤੀ ਵਿਅਕਤੀ ਗਰੀਬ ਮੁਲਕਾਂ ਦੀ ਮਦਦ ਲਈ ਦਿੱਤੇ, ਜੋ ਕਿ ਅਮਰੀਕਾ ਨਾਲੋਂ ਦਸ ਗੁਣਾ ਵਾਧੂ ਹੈ।”
ਉੱਪਰ ਵਿਚਾਰੀਆਂ ਕੁਝ ਮਿਸਾਲਾਂ ਵਰਗੀਆਂ ਅਨੇਕਾਂ ਹੋਰ ਸਮਾਜਕ ਸਥਿਤੀਆਂ ਹਨ, ਜਿੱਥੇ ਧਰਮ ਦੀ ਸਿੱਖਿਆ ਨੈਤਿਕਤਾ ਤੋਂ ਬਿਲਕੁਲ ਹੀ ਉਲਟ ਹੈ। ਜੇ ਅਜੋਕੇ ਸਮੇਂ ਅਸੀਂ ਆਪਣੇ ਨਿੱਤ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਕਰੀਬ ਸਭ ਕੁਝ ਹੀ ਜੋ ਅਸੀਂ ਕਰਦੇ ਹਾਂ ਜਾਂ ਜਿਉਂਦੇ ਹਾਂ, ਉਹ ਵਿਗਿਆਨਕ ਸੂਝ ਅਨੁਸਾਰ ਪੈਦਾ ਕੀਤੀਆਂ ਵਸਤਾਂ ਤੇ ਸਥਿਤੀਆਂ ਅਨੁਸਾਰ ਹੈ। ਜੇ ਅਸੀਂ ਕਾਰ ਚਲਾਉਂਦੇ ਲਾਲ ਬੱਤੀ ‘ਤੇ ਰੁਕਦੇ ਹਾਂ ਤਾਂ ਇਸ ਕਰਕੇ ਨਹੀਂ ਕਿ ਕਿਸੇ ਪਰਮਾਤਮਾ ਜਾਂ ਉਸ ਪਰਮਾਤਮਾ ਦੇ ਭੇਜੇ ਦੂਤ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਲਾਲ ਬੱਤੀ ‘ਤੇ ਰੁਕਣਾ ਪੁੰਨ ਦਾ ਕੰਮ ਹੈ ਤੇ ਨਾ ਰੁਕਣਾ ਪਾਪ। ਅਸੀਂ ਰੁਕਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਨਾ ਰੁਕਣ ਨਾਲ ਸਾਡਾ ਆਪਣਾ ਤੇ ਦੂਜਿਆਂ ਦਾ ਨੁਕਸਾਨ ਹੋਵੇਗਾ।
ਨੈਤਿਕਤਾ ਦੇ ਸਬੰਧ ਵਿਚ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ। ਕਈ ਵਾਰੀ ਅਸੀਂ ਮੌਜੂਦਾ ਆਰਥਕ ਢਾਂਚੇ ਕਾਰਨ ਮਨੁੱਖਤਾ ਤੇ ਵਾਤਾਵਰਨ ਲਈ ਪੈਦਾ ਹੋਈਆਂ ਬੇਸ਼ੁਮਾਰ ਮੁਸ਼ਕਿਲਾਂ; ਜ਼ੁਰਮ ਅਤੇ ਨਸਿ਼ਆਂ ਵਿਚ ਵਾਧਾ; ਕੰਮਾਂ ਕਾਰਾਂ ਵਿਚ ਇਮਾਨਦਾਰੀ ਦੀ ਘਾਟ; ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਲੜਾਈ ਵਰਗੀਆਂ ਵੱਡੀਆਂ ਸਮੱਸਿਆਵਾਂ; ਆਸ ਪਾਸ ਦੇ ਲੋਕਾਂ ਦੀਆਂ ਆਮ ਨਾਂਹਵਾਚਕ ਗੱਲਾਂ; ਸਮਾਜ ਵਿਚ ਲਗਾਤਾਰ ਵਾਪਰਦੀਆਂ ਅਨੇਕਾਂ ਮਾੜੀਆਂ ਘਟਨਾਵਾਂ ਆਦਿ ਤੋਂ ਡਰੇ ਤ੍ਰਭਕੇ ਇਹ ਮਹਿਸੂਸ ਕਰਨ ਲੱਗਦੇ ਹਾਂ ਕਿ ਹੁਣ ਦੁਨੀਆਂ ਵਿਚ ਕੁਝ ਵੀ ਚੰਗਾ ਹੋਣ ਦੀ ਆਸ ਨਹੀਂ ਹੈ। ਹੁਣ ਜਦੋਂ ਕਿ ਸਮੁੱਚੀ ਮਨੁੱਖਤਾ ਕੋਵਿਡ-19 ਦੇ ਕਹਿਰ ਦਾ ਨਿਸ਼ਾਨਾ ਬਣੀ ਹੋਈ ਹੈ ਅਤੇ ਅਸੀਂ ਸੰਸਾਰ ਪੱਧਰ ‘ਤੇ ਡੌਨਲਡ ਟਰੰਪ ਅਤੇ ਨਰਿੰਦਰ ਮੋਦੀ ਵਰਗੇ ਹੱਦ ਦੇ ਅਨੈਤਿਕ ਨੇਤਾਵਾਂ ਵਲੋਂ ਧਰਮਾਂ ਦੀ ਆੜ ਵਿਚ ਹਰ ਕਿਸਮ ਦੇ ਝੂਠ ਤੇ ਬੇਇਮਾਨੀ ਨਾਲ ਤਾਕਤ ਵਿਚ ਡਟੇ ਰਹਿਣ ਦਾ ‘ਕ੍ਰਿਸ਼ਮਾ’ ਦੇਖ ਰਹੇ ਹਾਂ ਤਾਂ ਮਨੁੱਖਤਾ ਦੇ ਭਵਿੱਖ ਲਈ ਘੋਰ ਨਿਰਾਸ਼ਾ ਦਾ ਅਹਿਸਾਸ ਪੈਦਾ ਹੋਣਾ ਕੁਦਰਤੀ ਗੱਲ ਹੈ। ਅਜਿਹੇ ਮੌਕੇ ਸਾਨੂੰ ਮਨੁੱਖਤਾ ਦੇ ਹੁਣ ਤੱਕ ਦੇ ਵਿਕਾਸ ਵੱਲ ਨਿਗਾਹ ਮਾਰਨ ਦੀ ਲੋੜ ਹੈ। ਪਹਿਲਾਂ ਵੀ ਇਸ ਕਿਸਮ ਦੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ, ਪਰ ਇਨਸਾਨ ਨੇ ਹਾਰ ਨਹੀਂ ਮੰਨੀ।
ਅਮਰੀਕਨ ਲੇਖਕ ਮਾਈਕਲ ਸ਼ਰਮਰ ਆਪਣੀ ਵੱਡ ਅਕਾਰੀ ਪੁਸਤਕ ‘ਦਾ ਮੌਰਲ ਆਰਕ’ ਵਿਚ ਇਨਸਾਨ ਵਲੋਂ ਵੱਖ ਵੱਖ ਖੇਤਰਾਂ ਵਿਚ ਤਰਕ ਅਤੇ ਵਿਗਿਆਨਕ ਸੂਝ ਦੇ ਸਹਾਰੇ ਪਿਛਲੀਆਂ ਸਦੀਆਂ ਦੌਰਾਨ ਲਗਾਤਾਰ ਕੀਤੇ ਨੈਤਿਕ ਵਿਕਾਸ ਦੀ ਵਿਸਥਾਰ ਨਾਲ ਚਰਚਾ ਕਰਦਾ ਹੈ। ਉਸ ਦਾ ਕਹਿਣਾ ਹੈ, “ਅਸੀਂ ਵਿਗਿਆਨ ਰਾਹੀਂ ਖੋਜ ਦੇ ਵੱਖਰੇ ਵੱਖਰੇ ਖੇਤਰਾਂ ਵਿਚੋਂ ਅੰਕੜੇ ਲੈ ਕੇ ਨੈਤਿਕ ਆਰਕ (ਚਾਪ, ਚੱਕਰ ਦਾ ਹਿੱਸਾ) ਦੇ ਵਿਕਾਸ ਦਾ ਇਤਿਹਾਸ ਦੇਖ ਸਕਦੇ ਹਾਂ। ਸਾਰੇ ਅੰਕੜੇ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਅਸੀਂ ਇੱਕ ਸਪੀਸੀ ਵਜੋਂ ਕਿਸ ਤਰ੍ਹਾਂ ਜਿ਼ਆਦਾ (ਪਹਿਲਾਂ ਦੇ ਮੁਕਾਬਲੇ) ਨੈਤਿਕ ਹੋ ਰਹੇ ਹਾਂ।”
ਇਹ ਸਾਫ ਹੈ ਕਿ ਪਿਛਲੀਆਂ ਸਦੀਆਂ ਦੌਰਾਨ ਹੋਇਆ ਨੈਤਿਕ ਵਿਕਾਸ ਵਿਗਿਆਨ ਤੇ ਤਰਕ ਕਾਰਨ ਹੋਇਆ ਹੈ ਅਤੇ ਹੋ ਰਿਹਾ ਹੈ। ਅਸਲੀਅਤ ਇਹ ਹੈ ਕਿ ਇਨਸਾਨ ਕੋਲ ਹੁਣ ਉਹ ਗਿਆਨ ਤੇ ਤਕਨੀਕੀ ਸੂਝ ਹੈ, ਜਿਸ ਨਾਲ ਸਮੁੱਚੀ ਮਨੁੱਖਤਾ ਲਈ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ; ਅਜਿਹਾ ਸਮਾਜ ਸਿਰਜਿਆ ਜਾ ਸਕਦਾ ਹੈ, ਜਿਸ ਦਾ ਹਰ ਮੈਂਬਰ ਖੁਸ਼ਹਾਲ ਅਤੇ ਨੈਤਿਕ ਹੋਵੇ, ਪਰ ਬੰਦੇ ਦੇ ਗਲ ਪਏ ਧਰਮ ਦੇ ਸੰਗਲ ਅਜੇ ਉਸ ਨੂੰ ਇਸ ਪਾਸੇ ਕਾਮਯਾਬ ਨਹੀਂ ਹੋਣ ਦੇ ਰਹੇ।
ਬਰਤਾਨਵੀ ਦਾਰਸ਼ਨਿਕ ਬਰਟਰੈਂਡ ਰਸਲ ਨੇ 1930 ਵਿਚ ਲਿਖੇ ਇੱਕ ਲੇਖ ਵਿਚ ਬੜੇ ਸਾਫ ਤੇ ਸਿੱਧੇ ਸ਼ਬਦਾਂ ਵਿਚ ਇਹ ਗੱਲ ਸਾਨੂੰ ਸਮਝਾਈ ਸੀ, “ਉਹ ਗਿਆਨ ਹਾਸਿਲ ਹੈ, ਜਿਹਦੇ ਨਾਲ ਵਿਸ਼ਵ ਵਿਆਪੀ ਪ੍ਰਸੰਨਤਾ ਹਾਸਿਲ ਕੀਤੀ ਜਾ ਸਕਦੀ ਹੈ; ਇਸ ਮਕਸਦ ਲਈ ਇਹਦੀ ਵਰਤੋਂ ਅੱਗੇ ਸਭ ਤੋਂ ਵੱਡਾ ਰੋੜਾ ਧਰਮ ਦੀ ਸਿੱਖਿਆ ਹੈ। ਧਰਮ ਸਾਡੇ ਬੱਚਿਆਂ ਨੂੰ ਇੱਕ ਤਰਕਸ਼ੀਲ ਵਿਦਿਆ ਪ੍ਰਾਪਤ ਕਰਨ ਤੋਂ ਰੋਕਦਾ ਹੈ; ਧਰਮ ਜੰਗ ਦੇ ਮੁੱਢਲੇ ਕਾਰਨਾਂ ਨੂੰ ਖਤਮ ਕਰਨ ਤੋਂ ਵੀ ਸਾਨੂੰ ਰੋਕਦਾ ਹੈ; ਧਰਮ ਸਾਨੂੰ ਪਾਪ ਤੇ ਦੰਡ ਦੇ ਪੁਰਾਣੇ ਰੂੜੀਵਾਦੀ ਦਾਰਸ਼ਨਿਕ ਨਜ਼ਰੀਏ ਦੀ ਥਾਂ ਵਿਗਿਆਨਕ ਸਾਂਝੀਵਾਲਤਾ ਦਾ ਸਦਾਚਾਰ ਸਿਖਾਉਣ ਤੋਂ ਰੋਕਦਾ ਹੈ। ਇਹ ਸੰਭਵ ਹੈ ਕਿ ਮਨੁੱਖਤਾ ਸੁਨਹਿਰੀ ਯੁੱਗ ਦੀਆਂ ਬਰੂਹਾਂ `ਤੇ ਖੜ੍ਹੀ ਹੋਵੇ; ਪਰ ਜੇ ਇਸ ਤਰ੍ਹਾਂ ਹੈ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੋਵੇਗਾ ਕਿ ਦਰਵਾਜੇ ਮੂਹਰੇ ਅੜ ਕੇ ਖੜ੍ਹੋਤੇ ਅਜਗਰ (ਡਰੈਗਨ) ਨੂੰ ਮਾਰਨਾ ਹੋਵੇਗਾ, ਤੇ ਇਹ ਅਜਗਰ ਧਰਮ ਹੈ।”
ਹੁਣ ਤੱਕ ਦੇ ਵਿਚਾਰ-ਵਟਾਂਦਰੇ ਦੇ ਆਧਾਰ ‘ਤੇ ਇਸ ਲੇਖ ਦੇ ਸ਼ੁਰੂ ਵਿਚ ਉਠਾਏ ਸਵਾਲ ਦਾ ਜਵਾਬ ‘ਹਾਂ’ ਵਿਚ ਦਿੱਤਾ ਜਾ ਸਕਦਾ ਹੈ ਕਿ ਰੱਬ ਵਿਚ ਵਿਸ਼ਵਾਸ ਤੋਂ ਬਿਨਾ ਬੰਦਾ ਨੈਤਿਕ ਹੋ ਸਕਦਾ ਹੈ। ਸਗੋਂ ਅਵਿਸ਼ਵਾਸੀ ਜਾਂ ਨਾਸਤਿਕ ਹੀ ਅਸਲੀ ਅਰਥਾਂ ਵਿਚ ਨੈਤਿਕ ਕਹਾ ਸਕਦਾ ਹੈ। ਇਸ ਵੇਲੇ ਲੋੜ ਹੈ, ਆਪੇ ਸਿਰਜੇ ਰੱਬ ਅਤੇ ਧਾਰਮਿਕ ਬੰਦਿਸ਼ਾਂ ਤੋਂ ਮਨੁੱਖਤਾ ਨੂੰ ਆਜ਼ਾਦ ਕਰਾਉਣ ਦੀ; ਤਰਕ ਅਤੇ ਵਿਗਿਆਨਕ ਪਹੁੰਚ ਅਪਨਾ ਕੇ ਪੂਰੇ ਭਰੋਸੇ ਨਾਲ ਅੱਗੇ ਵੱਧਣ ਦੀ।
ਹਥਲੇ ਲੇਖ ਵਿਚ ਨੈਤਿਕਤਾ ਅਤੇ ਧਰਮ ਬਾਰੇ ਕੁਝ ਪਹਿਲੂ ਵਿਚਾਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਦੁਨੀਆਂ ਭਰ ਦੇ ਚਿੰਤਕਾਂ ਵਲੋਂ ਇਸ ਵਿਸ਼ੇ ਵੱਲ ਹਮੇਸ਼ਾ ਗੰਭੀਰ ਧਿਆਨ ਦਿੱਤਾ ਜਾਂਦਾ ਰਿਹਾ ਹੈ। ਖਾਸ ਕਰ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਚਰਚਿਤ ਕਿਤਾਬਾਂ ਸਾਹਮਣੇ ਆਈਆਂ ਹਨ। ਇਸ ਵਿਸ਼ੇ ਸਬੰਧੀ ਇਨ੍ਹਾਂ ਕੁਝ ਪੁਸਤਕਾਂ ਨੇ ਦੂਜੀਆਂ ਦੇ ਮੁਕਾਬਲੇ ਜਿ਼ਆਦਾ ਧਿਆਨ ਖਿੱਚਿਆ ਹੈ: ਮਾਈਕਲ ਸ਼ਰਮਰ ਦੀ ‘ਨੈਤਿਕ ਚਾਪ’ (ਦਾ ਮੌਰਲ ਆਰਕ, 2015); ਸੈਮ ਹੈਰਿਸ ਦੀ ‘ਨੈਤਿਕ ਭੂ-ਦ੍ਰਿਸ਼’ (ਦਾ ਮੌਰਲ ਲੈਂਡਸਕੇਪ, 2010); ਫਰਾਂਜ਼ ਡੀ ਵਾਲ ਦੀ ‘ਹਮਦਰਦੀ ਦਾ ਯੁੱਗ’ (ਦਾ ਏਜ ਆਫ ਐਮਪਥੀ, 2009); ਰੌਬਰਟ ਬੱਕਮੈਨ ਦੀ ‘ਕੀ ਅਸੀਂ ਰੱਬ ਬਿਨਾ ਚੰਗੇ ਹੋ ਸਕਦੇ ਹਾਂ?’ (ਕੈਨ ਵੀ ਬੀ ਗੁੱਡ ਵਿਦਾਊਟ ਗੌਡ, 2000)।
(ਸਮਾਪਤ)