ਸ਼ਹੀਦੀ ਸਾਕਾ ਨਨਕਾਣਾ ਸਾਹਿਬ ਅਤੇ ਹੱਕ-ਸੱਚ ਲਈ ਜੂਝਦੇ ਕਿਸਾਨ

ਡਾ. ਓਅੰਕਾਰ ਸਿੰਘ
ਫੀਨਿਕਸ (ਅਮਰੀਕਾ)
ਫੋਨ: 602-303-4765
ਧਰਤਿ ਪੰਜਾਬ ਦੇ ਮੱਥੇ ਦੀਆਂ ਲਕੀਰਾਂ `ਤੇ ਕਰਤਾਰ ਨੇ ਧੁਰ-ਦਰਗਾਹੋਂ ਸਦਾ ਜੂਝਣਾ ਹੀ ਲਿਖਿਆ ਲਗਦਾ ਹੈ। ਇੱਥੇ ਸ਼ਹੀਦੀ ਦੀਆਂ ਫਸਲਾਂ ਵੀ ਉਗਦੀਆਂ ਨੇ ਅਤੇ ਲਹੂ ਦੇ ਫੁੱਲ ਵੀ ਖਿੜਦੇ ਨੇ। ਇੱਥੇ ਨਰਾਇਣ ਆਪ ਕਲਾ ਧਾਰ ਕੇ ਪ੍ਰਵਿਰਤ ਹੋਇਆ ਹੈ। ਧਰਤ ਲੋਕਾਈ ਨੂੰ ਸੋਧਣ ਦਾ ਆਗਾਜ਼ ਇਸੇ ਧਰਤੀ ਤੋਂ ਹੋਇਆ। ਇੱਥੋਂ ਅਗਿਆਨ ਦੀ ਧੁੰਦ ਮਿਟਾ ਕੇ ਚਾਨਣ ਦੀ ਖੇਡ ਵਰਤਾਉਣ ਦੇ ਕੌਤਕ ਹੋਏ। ਉਸ ਆਪ ਨਰਾਇਣ ਲਈ ਸਾਰੀ ਸ੍ਰਿਸ਼ਟੀ ਵਿਚ ਚਹੁੰ ਪਾਸੀਂ ਨਾਨਕ ਨਾਨਕ ਦੀ ਧੁਨੀ ਗੂੰਜਣ ਲੱਗ ਪਈ। ਜਗਤ ਗੁਰੂ ਨਾਨਕ ਸਾਹਿਬ ਦੇ ਆਉਣ ਨਾਲ ਬ੍ਰਹਮ-ਗਿਆਨੀ ਰਾਇ ਬੁਲਾਰ ਦੀ ਧਰਤ ਸੁਹਾਗਣ ਹੋ ਗਈ। ਇੱਥੋਂ ਹੀ ਚਾਨਣ ਦੀਆਂ ਮਸ਼ਾਲਾਂ ਬਲਣੀਆਂ ਸ਼ੁਰੂ ਹੋ ਗਈਆਂ। ਬੇਬੇ ਨਾਨਕੀ, ਭਾਈ ਮਰਦਾਨਾ ਅਤੇ ਹੋਰ ਅਨੇਕਾਂ ਰੂਹਾਂ ਇਸ ਚਾਨਣ ਦੀਆਂ ਗਵਾਹ ਬਣਦੀਆਂ ਗਈਆਂ ਅਤੇ ਇਹ ਚਾਨਣ ਹੋਰ ਬਿਖਰਦਾ ਗਿਆ, ਹੋਰ ਬਿਖਰਦਾ ਗਿਆ, ਸਗਲੀ ਧਰਤੀ ਚਾਨਣ ਚਾਨਣ ਹੋ ਗਈ।

ਰਾਇ ਭੋਇੰ ਦੀ ਤਲਵੰਡੀ ਸਹਿਜੇ ਸਹਿਜੇ ਨਨਕਾਣਾ ਬਣ ਗਈ। ਜਿਵੇਂ ਕੁਦਰਤ ਦਾ ਨਿਯਮ ਹੈ, ਨਿਰਮਲ ਪਾਣੀਆਂ ਦੇ ਫੁੱਟਦੇ ਚਸ਼ਮੇ ਸਮੇਂ ਦੀ ਚਾਲ ਨਾਲ ਮਲੀਨਤਾ ਦੀ ਜ਼ਦ ਹੇਠ ਆ ਜਾਂਦੇ ਹਨ, ਇਵੇਂ ਹੀ ਨਨਕਾਣੇ ਦੀ ਪਾਵਨ-ਪਵਿੱਤਰ ਧਰਤੀ ਨਾਲ ਵੀ ਹੋਇਆ। ਇਸ ਚਾਨਣ ਦੀ ਸਥਾਪਤੀ ਲਈ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਨੇ ਘਰ ਘਰ ਅੰਦਰ ਧਰਮਸ਼ਾਲਾਵਾਂ ਬਣਾਉਣੀਆਂ ਅਰੰਭੀਆਂ। ਕਰਤਾਰਪੁਰ ਤੋ ਅਰੰਭ ਹੋਈ ਪ੍ਰਥਾ ਸਭ ਸੰਸਾਰ ਅੰਦਰ ਫੈਲਦੀ ਗਈ। ਸਹਿਜੇ ਸਹਿਜੇ ਇਨ੍ਹਾਂ ਚਾਨਣ-ਘਰਾਂ ਨੂੰ ਗੁਰਦੁਆਰਾ ਸਾਹਿਬ ਦਾ ਨਾਂ ਦਿੱਤਾ ਗਿਆ। ਇਹ ਗੁਰਦੁਆਰਾ ਸਾਹਿਬਾਨ ਸਿੱਖ ਸੰਗਤਾਂ ਦੀਆਂ ਵਧੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਨ ਲੱਗ ਪਏ। ਦਸਵੰਧ ਅਤੇ ਹੋਰ ਭੇਟਾਵਾਂ ਆਉਣੀਆਂ ਸ਼ੁਰੂ ਹੋ ਗਈਆਂ। ਸਰਗਰਮੀਆਂ ਵਧਣ ਕਾਰਨ ਇਨ੍ਹਾਂ ਦੇ ਪ੍ਰਬੰਧ ਦਾ ਸਿਲਸਿਲਾ ਵੀ ਸ਼ੁਰੂ ਹੋਇਆ। ਸਤਿਗੁਰੂ ਸਾਹਿਬਾਨ ਵੱਲੋਂ ਆਪ ਹੀ ਧਰਮ-ਪ੍ਰਚਾਰ ਅਤੇ ਪ੍ਰਬੰਧ ਲਈ ਮਸੰਦ ਪ੍ਰਥਾ ਸ਼ੁਰੂ ਕੀਤੀ ਗਈ। ਬਹੁਤ ਜੀਵਨ ਵਾਲੇ ਸਿੰਘ-ਸਿੰਘਣੀਆਂ ਨੂੰ ਇਹ ਅਗਵਾਈ ਸੌਂਪੀ ਗਈ, ਜਿਹੜੇ ਉਸ ਵੇਲੇ ਸਿੱਧੇ ਸਤਿਗੁਰੂ ਸਾਹਿਬ ਨਾਲ ਜੁੜੇ ਹੋਏ ਸਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਦੇ ਸਮੇਂ ਤੱਕ ਇਸ ਵਿਚੋਂ ਮੂਲ ਭਾਵਨਾ ਗੁਆਚ ਗਈ ਅਤੇ ਇਸ ਉਤੇ ਭ੍ਰਿਸ਼ਟਤਾ ਦਾ ਚਿੰਨ੍ਹ ਲੱਗ ਗਿਆ। ਗੁਰੂ ਸਾਹਿਬ ਦੇ ਸਮੇਂ ਵਿਚ ਹੀ ਇਹ ਮਸੰਦ ਆਪਣੇ ਆਪ ਨੂੰ ਗੁਰੂ ਸਮਝਣ ਲੱਗ ਪਏ। ਜਨਮ ਸਾਖੀ ਸਾਹਿਤ ਰਾਹੀਂ ਹੰਦਾਲੀਆਂ ਅਤੇ ਨਿਰੰਜਨੀਆਂ ਵੱਲੋਂ ਫੈਲਾਇਆ ਗਿਆ ਅਗਿਆਨ ਦਾ ਹਨੇਰਾ ਇਸ ਦੀ ਵੱਡੀ ਮਿਸਾਲ ਹੈ। ਇਨ੍ਹਾਂ ਕਾਰਨਾਂ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਆਪ ਹੀ ਬਹੁਤ ਸਖਤੀ ਨਾਲ ਇਸ ਪ੍ਰਬੰਧ ਨੂੰ ਬੰਦ ਕਰਨਾ ਪਿਆ।
ਦਸਮ ਪਾਤਸ਼ਾਹ ਹਜ਼ੂਰ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਜਗਤ ਨੂੰ ਇੱਕ ਵਾਰੀ ਫਿਰ ਆਪਣੀ ਹੋਂਦ ਦੀ ਲੜਾਈ ਲੜਨੀ ਪਈ। ਜੰਗਲਾਂ ਵਿਚ ਨਿਵਾਸ ਕਰਨ ਕਰਕੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਉਦਾਸੀ ਅਤੇ ਨਿਰਮਲੇ ਸਿੱਖਾਂ ਦੇ ਹੱਥਾਂ ਵਿਚ ਚਲਾ ਗਿਆ। ਅਰੰਭ ਵਿਚ ਇਹ ਉਦਾਸੀ ਅਤੇ ਨਿਰਮਲੇ ਸਿੱਖ ਸਤਿਗੁਰੂ ਦੇ ਭਰੋਸੇ ਅਤੇ ਉਚ ਜੀਵਨ ਵਾਲੇ ਹੁੰਦੇ ਸਨ। ਧਰਮ-ਪ੍ਰਚਾਰ ਅਤੇ ਵਿੱਦਿਆ ਦੇ ਪ੍ਰਸਾਰ ਪੱਖੋਂ ਵੀ ਇਨ੍ਹਾਂ ਦਾ ਕਾਰਜ ਵਰਣਨਯੋਗ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਯੋਗ ਤਰੀਕੇ ਨਾਲ ਚਲਾਉਣ ਅਤੇ ਆਏ ਗਏ ਦੀ ਸੇਵਾ-ਸੰਭਾਲ ਤੇ ਲੰਗਰ ਆਦਿ ਦੀ ਨਿਰਵਿਘਨ ਸੇਵਾ ਲਈ ਸਿੱਖ ਮਿਸਲਾਂ ਅਤੇ ਮਾਹਰਾਜਾ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਨਾਂ ਬਹੁਤ ਸਾਰੀਆਂ ਜਾਗੀਰਾਂ ਲਾ ਦਿੱਤੀਆਂ ਗਈਆਂ। ਸਹਿਜੇ ਸਹਿਜੇ ਜਿਉਂ ਜਿਉਂ ਆਮਦਨ ਵਿਚ ਵਾਧਾ ਹੋਣ ਲੱਗਾ, ਤਿਵੇਂ ਤਿਵੇਂ ਇਨ੍ਹਾਂ ਧਾਰਮਿਕ ਅਸਥਾਨਾਂ `ਤੇ ਭ੍ਰਿਸ਼ਟਾਚਾਰ ਅਤੇ ਵਿਭਚਾਰ ਵਿਚ ਵੀ ਵਾਧਾ ਹੋਣ ਲੱਗ ਪਿਆ।
ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਇਨ੍ਹਾਂ ਦੇ ਕੁਕਰਮਾਂ ਵਿਚ ਹੋਰ ਵਾਧਾ ਹੋਣਾ ਸ਼ੁਰੂ ਹੋ ਗਿਆ। ਅੰਗਰੇਜ਼ਾਂ ਨੇ ਆਪਣੇ ਸਿਆਸੀ ਹਿੱਤਾਂ ਦੀ ਖਾਤਰ ਮਹੰਤਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਇਨ੍ਹਾਂ ਨੂੰ ਹੋਰ ਸ਼ਹਿ ਮਿਲਣੀ ਸ਼ੁਰੂ ਹੋ ਗਈ। ਮਹੰਤਾਂ ਨੇ ਗੁਰਦੁਆਰਾ ਸਾਹਿਬਾਨ ਅਤੇ ਜਾਗੀਰਾਂ ਨੂੰ ਆਪਣੀ ਨਿੱਜੀ ਮਲਕੀਅਤ ਸਮਝਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਇਨ੍ਹਾਂ ਦੇ ਪਾਪਾਂ ਦਾ ਘੜਾ ਦਿਨੋ ਦਿਨ ਹੋਰ ਜ਼ਿਆਦਾ ਭਰਨਾ ਸ਼ੁਰੂ ਹੋ ਗਿਆ। ਇਨ੍ਹਾਂ ਵੱਲੋਂ ਆਪਣੀ ਨਿੱਜੀ ਪੂਜਾ ਅਤੇ ਗੁਰਦੁਆਰਾ ਸਾਹਿਬਾਨ ਵਿਚ ਸਿੱਖ ਪਰੰਪਰਾਵਾਂ ਤੇ ਮਰਿਆਦਾ ਤੋਂ ਉਲਟ ਗਤੀਵਿਧੀਆਂ ਅਰੰਭ ਕਰ ਦਿੱਤੀਆਂ ਗਈਆਂ।
ਗੁਰਦੁਆਰਾ ਸਾਹਿਬਾਨ ਉਪਰ ਕਾਬਜ਼ ਮਹੰਤਾਂ ਵਿਚੋਂ ਸਭ ਤੋਂ ਕੁਕਰਮੀ ਅਤੇ ਅਯਾਸ਼ ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਸੀ। ਉਹ ਆਪ ਅਤੇ ਉਸ ਦੇ ਰੱਖੇ ਹੋਏ ਗੁੰਡਾ ਕਿਸਮ ਦੇ ਚੇਲੇ-ਚਾਟੜੇ ਗੁਰਦੁਆਰਾ ਸਾਹਿਬ ਵਿਚ ਆਉਣ ਵਾਲੇ ਮੁਸਾਫਿਰਾਂ ਅਤੇ ਸ਼ਰਧਾਲੂਆਂ ਦੀ ਲੁੱਟ-ਖਸੁੱਟ ਤੇ ਬੇਪੱਤੀ ਕਰਿਆ ਕਰਦੇ ਸਨ। ਗੁਰਦੁਆਰਾ ਸਾਹਿਬ ਵਿਚ ਆਉਣ ਵਾਲੀਆਂ ਔਰਤਾਂ ਦੀ ਛੇੜ-ਛਾੜ ਅਤੇ ਇੱਜਤ ਲੁੱਟਣ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ ਜਾਂਦਾ। ਮੱਸਿਆ ਦੇ ਇੱਕ ਇਕੱਠ ਵਿਚ ਲਾਇਲਪੁਰ ਸ਼ਹਿਰ ਤੋਂ ਆਈਆਂ ਛੇ ਔਰਤਾਂ ਨੂੰ ਇਸ ਮਹੰਤ ਦੇ ਗੁੰਡੇ ਚੇਲਿਆਂ ਨੇ ਬੇਇੱਜਤ ਕੀਤਾ। ਇੱਕ ਸਿੰਧੀ ਸੈਸ਼ਨ ਜੱਜ ਦੀ ਕੁਆਰੀ ਬੇਟੀ ਦਾ ਚੇਲਿਆਂ ਨੇ ਬਲਾਤਕਾਰ ਕੀਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿਚ ਹੁੰਦੀਆਂ ਰਹਿੰਦੀਆਂ ਸਨ।
ਮਹੰਤਵਾਦ ਦਾ ਇਹ ਸਿਸਟਮ ਸਾਰੇ ਸਿੱਖ ਜਗਤ ਲਈ ਦਿਨੋ ਦਿਨ ਚਿੰਤਾ ਦਾ ਕਾਰਨ ਬਣਦਾ ਗਿਆ ਅਤੇ ਮਸੰਦਾਂ ਵਾਂਗ ਸਹਿਜੇ ਸਹਿਜੇ ਗੁਰਦੁਆਰਾ ਸਾਹਿਬਾਨ ਨੂੰ ਇਨ੍ਹਾਂ ਦੀ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਲਈ ਇੱਕ ਚੇਤਨਾ-ਲਹਿਰ ਅਰੰਭ ਹੋ ਗਈ, ਜਿਸ ਅਧੀਨ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦਾ ਕਬਜ਼ਾ ਲੈ ਲਿਆ ਗਿਆ। ਅਕਤੂਬਰ 1920 ਵਿਚ ਮਹੰਤ ਨਰੈਣ ਦਾਸ ਦੀਆਂ ਕਰਤੂਤਾਂ ਨੂੰ ਵੇਖਦਿਆਂ ਧਾਰੋਵਾਲ ਪਿੰਡ ਵਿਚ ਇੱਕ ਇਕੱਤਰਤਾ ਹੋਈ ਅਤੇ ਇਸ ਮਹੰਤ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਤੇ ਆਪਣੇ ਆਚਾਰ-ਵਿਹਾਰ ਨੂੰ ਠੀਕ ਕਰਨ ਲਈ ਮਤਾ ਪਾਸ ਕੀਤਾ ਗਿਆ। ਜਦੋਂ ਇਸ ਦੀ ਸੂਚਨਾ ਮਹੰਤ ਨਰੈਣ ਦਾਸ ਨੂੰ ਮਿਲੀ ਤਾਂ ਉਸ ਨੇ ਠੀਕ ਹੋਣ ਦੀ ਥਾਂ ਉਲਟਾ ਸਿੱਖਾਂ ਨੂੰ ਹੀ ਸਬਕ ਸਿਖਾਉਣ ਦੇ ਮਨਸੂਬੇ ਘੜਨੇ ਸ਼ੁਰੂ ਕਰ ਦਿੱਤੇ। ਕਰੀਬ 400 ਪਠਾਣ, ਡਕੈਤ ਅਤੇ ਹੋਰ ਬਦਮਾਸ਼ ਭਰਤੀ ਕਰ ਲਏ। ਸਰਕਾਰ ਨਾਲ ਮਿਲ ਕੇ ਅਨੇਕਾਂ ਹਥਿਆਰਾਂ ਦੇ ਲਾਈਸੈਂਸ ਲਏ ਤੇ ਭਾਰੀ ਮਾਤਰਾ ਵਿਚ ਅਸਲਾ ਖਰੀਦਿਆ ਗਿਆ।
ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਹਿੱਤ 20 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਕੋਈ 150 ਸਿੰਘਾਂ ਦੇ ਜਥੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਗਏ ਅਤੇ ਬਹੁਤ ਸ਼ਾਂਤੀ ਪੂਰਨ ਢੰਗ ਨਾਲ ਦੀਵਾਨ ਸਜਾਇਆ ਗਿਆ। ਭਾਈ ਸਾਹਿਬ ਲਛਮਣ ਸਿੰਘ ਆਪ ਮਾਹਰਾਜ ਦੀ ਹਜ਼ੂਰੀ ਵਿਚ ਬੈਠ ਗਏ ਅਤੇ ਬਾਕੀ ਦੇ ਸਿੰਘਾਂ ਨੇ ਸ਼ਬਦ-ਗਾਇਨ ਅਰੰਭ ਕਰ ਦਿੱਤਾ। ਮਹੰਤ ਵੱਲੋਂ ਪਹਿਲਾਂ ਹੀ ਮਿਲੀ ਸੂਚਨਾ ਅਤੇ ਬਣਾਏ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਨਾਲ ਅਨੇਕਾਂ ਸਿੰਘ ਸ਼ਹੀਦ ਹੋ ਗਏ। ਇਨ੍ਹਾਂ ਗੁੰਡਿਆਂ ਨੇ ਫਿਰ ਥੱਲੇ ਉਤਰ ਕੇ ਤੇਜ਼ ਧਾਰ ਹਥਿਆਰਾਂ ਨਾਲ ਸਿੰਘਾਂ ਦੀ ਵੱਢ-ਟੁੱਕ ਸ਼ੁਰੂ ਕਰ ਦਿੱਤੀ ਅਤੇ ਅੰਦਰ ਬੈਠੇ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਇੰਨੇ ਚਿਰ ਵਿਚ ਮਹੰਤ ਆਪ ਵੀ ਘੋੜੇ ਤੇ ਚੜ੍ਹ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਸੇ ਆ ਗਿਆ ਅਤੇ ਬਾਹਰੋਂ ਆ ਰਹੇ ਹੋਰ ਸਿੰਘਾਂ ਨੂੰ ਆਪਣੀ ਦੇਖ-ਰੇਖ ਵਿਚ ਮਰਵਾਉਣਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਸਾਹਿਬ ਵਿਚੋਂ ਆਉਂਦੀ ਗੋਲੀਆਂ ਦੀ ਆਵਾਜ਼ ਸੁਣ ਕੇ ਭਾਈ ਉਤਮ ਸਿੰਘ ਦੇ ਕਾਰਖਾਨੇ ‘ਚੋਂ ਭਾਈ ਦਲੀਪ ਸਿੰਘ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਮਹੰਤ ਨੂੰ ਇਸ ਘਿਨਾਉਣੀ ਹਰਕਤ ਤੋਂ ਬਾਜ਼ ਆਉਣ ਲਈ ਕਿਹਾ। ਇਸ `ਤੇ ਮਹੰਤ ਨੇ ਆਪਣੇ ਪਿਸਤੌਲ ਨਾਲ ਖੁਦ ਉਨ੍ਹਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਉਨ੍ਹਾਂ ਦੇ ਨਾਲ ਆਏ ਭਾਈ ਵਰਿਆਮ ਸਿੰਘ ਨੂੰ ਵੀ ਆਪਣੇ ਗੁੰਡਿਆਂ ਤੋਂ ਮਰਵਾ ਦਿੱਤਾ।
ਸਾਰੀਆਂ ਲਾਸ਼ਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਕੱਠਾ ਕੀਤਾ ਗਿਆ ਅਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਭਾਈ ਲਛਮਣ ਸਿੰਘ ਦੇ ਸਰੀਰ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਜੰਡ ਦੇ ਇੱਕ ਦਰਖਤ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਇਸ ਸ਼ਹੀਦੀ ਸਾਕੇ ਨਾਲ ਸਾਰੇ ਸਿੱਖ ਜਗਤ ਵਿਚ ਹਾਹਾਕਾਰ ਮਚ ਗਈ। ਟੈਲੀਗ੍ਰਾਮਾਂ ਭੇਜ ਕੇ ਸਰਕਾਰ ਅਤੇ ਸਿੱਖ ਲੀਡਰਾਂ ਨੂੰ ਸੂਚਿਤ ਕੀਤਾ ਗਿਆ। ਤੁਰੰਤ ਹੀ ਕਰਤਾਰ ਸਿੰਘ ਝੱਬਰ ਵੀ ਆਪਣਾ ਜਥਾ ਲੈ ਕੇ ਉਥੇ ਪਹੁੰਚ ਗਏ। ਹਰਬੰਸ ਸਿੰਘ ਅਟਾਰੀ ਅਤੇ ਭਾਈ ਜੋਧ ਸਿੰਘ ਆਦਿ ਗੁਰਸਿੱਖ ਆਗੂ ਵੀ ਇਸ ਸਾਕੇ ਤੋਂ ਤੁਰੰਤ ਬਾਅਦ ਉਥੇ ਪਹੁੰਚ ਗਏ। ਆਲੇ-ਦੁਆਲੇ ਦੇ ਪਿੰਡਾਂ ਤੋਂ ਸਿੱਖ ਸੰਗਤਾਂ ਨੇ ਵਹੀਰਾਂ ਘੱਤ ਕੇ ਗੁਰਦੁਆਰਾ ਸਾਹਿਬ ਵੱਲ ਪਹੁੰਚਣਾ ਸ਼ੁਰੂ ਕਰ ਦਿੱਤਾ। ਸਿੱਖ ਆਗੂਆਂ ਨੇ ਸਰਕਾਰ ਨਾਲ ਇਸ ਮਸਲੇ ਬਾਰੇ ਬਹੁਤ ਗੰਭੀਰਤਾ ਨਾਲ ਗੱਲਬਾਤ ਕੀਤੀ, ਜਿਸ ਸਦਕੇ 21 ਅਕਤੂਬਰ 1920 ਨੂੰ ਕਮਿਸ਼ਨਰ ਕਿੰਗ ਨੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਿੱਖ ਸੰਗਤ ਨੂੰ ਦੇਣ ਦਾ ਫੈਸਲਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਹਰਬੰਸ ਸਿੰਘ ਅਟਾਰੀਵਾਲੇ ਨੇ ਆਪਣੀ ਕਮੇਟੀ ਦੇ ਛੇ ਮੈਂਬਰਾਂ ਸਮੇਤ ਗੁਰਦੁਆਰੇ ਦਾ ਕਬਜ਼ਾ ਆਪਣੇ ਹੱਥ ਲੈ ਲਿਆ।
23 ਫਰਵਰੀ 1921 ਨੂੰ ਸ਼ਹੀਦ ਹੋਏ ਸਾਰੇ ਸਿੰਘਾਂ ਦਾ ਸਸਕਾਰ ਕੀਤਾ ਗਿਆ। ਮਹੰਤ ਨਰੈਣ ਦਾਸ ਅਤੇ ਉਸ ਦੇ ਗੁੰਡੇ ਸਾਥੀਆਂ ਵਿਰੁਧ ਮੁਕੱਦਮਾ ਚਲਾਇਆ ਗਿਆ। 12 ਅਕਤੂਬਰ 1921 ਨੂੰ ਮਹੰਤ ਨਰੈਣ ਦਾਸ ਅਤੇ ਉਸ ਦੇ ਹੋਰ ਸੱਤ ਸਾਥੀਆਂ ਨੂੰ ਮੌਤ ਦੀ ਸਜ਼ਾ ਦਾ ਐਲਾਨ ਹੋਇਆ। ਅੱਠ ਹੋਰਨਾਂ ਨੂੰ ਜਲਾਵਤਨੀ ਦੀ ਸਜ਼ਾ ਦਿੱਤੀ ਗਈ। 16 ਪਠਾਣਾਂ ਨੂੰ 7 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਹੋਈ। ਮਹੰਤ ਵੱਲੋਂ ਹਾਈਕਰੋਟ ਵਿਚ ਅਪੀਲ ਕਰਨ `ਤੇ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ।
ਇਸ ਸ਼ਹੀਦੀ ਸਾਕੇ ਵਿਚ ਸ਼ਹੀਦ ਹੋਏ ਗੁਰਸਿੱਖਾਂ ਦੀ ਯਾਦ ਵਿਚ ਸਾਕੇ ਵਾਲੇ ਅਸਥਾਨ ਤੇ ‘ਸ਼ਹੀਦ ਗੰਜ’ ਬਣਾਇਆ ਗਿਆ। ਇਸ ਸਾਕੇ ਨਾਲ ਸਬੰਧਿਤ ਸਾਰੀ ਘਟਨਾਂ ਦੇ ਵੇਰਵੇ ਨੂੰ ਅੰਗਰੇਜ਼ੀ, ਫਾਰਸੀ, ਉਰਦੂ, ਹਿੰਦੀ ਆਦਿ ਭਾਸ਼ਾਵਾਂ ਵਿਚ ਲਿਖ ਕੇ ਉਥੇ ਭੋਰੇ ਹੇਠ ਦਬਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਕਾਲਜ ਦੇ ਨਜ਼ਦੀਕ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ’ ਖੋਲ੍ਹਿਆ ਗਿਆ।
ਜਿਵੇਂ ਮੈਂ ਅਰੰਭ ਵਿਚ ਜ਼ਿਕਰ ਕੀਤਾ ਹੈ ਕਿ ਧਰਤਿ ਪੰਜਾਬ ਦੀ ਕਿਸਮਤ ਦੀਆਂ ਲਕੀਰਾਂ ਲਹੂ ਨਾਲ ਲਿਖੀਆਂ ਹੋਈਆਂ ਹਨ। ਹਰੇਕ ਹੱਕ-ਸੱਚ ਦੀ ਆਵਾਜ਼ ਲਈ ਇੱਥੋਂ ਦੇ ਜੰਮਪਲ ਹੀ ਮੋਹਰੀ ਹੋ ਕੇ ਜੂਝਦੇ ਹਨ। ਭਾਰਤ ਦੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਕੱਟਣ ਲਈ ਹਾਅ ਦਾ ਨਾਅਰਾ ਨਨਕਾਣੇ ਦੀ ਧਰਤੀ ਤੋਂ ਹੀ ਮਾਰਿਆ ਗਿਆ ਸੀ। ‘ਪਾਪ ਕੀ ਜੰਞ ਲੈ ਕਾਬਲੋਂ ਧਾਇਆ’ ਦੀ ਆਵਾਜ਼ ਇੱਥੋਂ ਹੀ ਬੁਲੰਦ ਹੋਈ ਸੀ। ‘ਕੂੜ ਫਿਰੇ ਪਰਧਾਨ ਵੇ ਲਾਲੋ’ ਦੀ ਵੰਗਾਰ ਵੀ ਇੱਥੋਂ ਹੀ ਪਾਈ ਗਈ ਸੀ; ਪਰ ਸੱਚ ਇਹ ਵੀ ਹੈ ਕਿ ਸਤਿਗੁਰੂ ਨਾਨਕ ਸਾਹਿਬ ਦੀ ਵਰੋਸਾਈ ਇਸ ਧਰਤੀ `ਤੇ ਸਮੇਂ ਦੇ ਬਦਲਣ ਨਾਲ ਮਸੰਦਾਂ ਅਤੇ ਮਹੰਤਾਂ ਨੇ ਵੀ ਵੱਖਰਾ ਰੂਪ ਧਾਰਨ ਕਰਕੇ ਗੁਰਦੁਆਰਿਆਂ ਉਤੇ ਕਬਜ਼ਾ ਕੀਤਾ ਹੋਇਆ ਹੈ। ਉਸੇ ਤਰ੍ਹਾਂ ਸਿੱਖ ਪਰੰਪਰਾਵਾਂ ਅਤੇ ਸਿੱਖ ਮਰਿਆਦਾਵਾਂ ਦਾ ਘਾਣ ਇਨ੍ਹਾਂ ਗੁਰਦੁਆਰਿਆਂ ਵਿਚ ਕੀਤਾ ਜਾ ਰਿਹਾ ਹੈ।
ਨਨਕਾਣਾ ਸਾਹਿਬ ਦੇ ਸਾਕੇ ਨੂੰ 100 ਸਾਲ ਹੋ ਗਏ ਹਨ। ਵਿਦਵਾਨ ਹੁਣ ਫਿਰ ਇੱਕ ਨਵੀਂ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰ ਰਹੇ ਹਨ। ਸਾਰੇ ਪੰਜਾਬ ਵਿਚ ਇੱਕ ਨਵਾਂ ਉਭਾਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੀ ਨਿਸ਼ਾਨਦੇਹੀ ਸਿੰਘੂ ਬਾਰਡਰ `ਤੇ ਲੱਗੇ ਕਿਸਾਨ ਮੋਰਚੇ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ `ਤੇ ਲੱਗੇ ਕਿਸਾਨੀ ਮੋਰਚੇ ਵਿਚੋਂ ਕੀਤੀ ਜਾ ਸਕਦੀ ਹੈ। ਕਹਿਣ ਨੂੰ ਤਾਂ ਭਾਵੇਂ ਇਹ ਕਿਸਾਨ ਮੋਰਚਾ ਹੈ, ਪਰ ਜਿਵੇਂ ਇਸ ਵਿਚੋਂ ਸਿੱਖ ਕਦਰਾਂ ਕੀਮਤਾਂ ਦੀ ਤਸਵੀਰ ਉਭਰ ਕੇ ਸਾਹਮਣੇ ਆ ਰਹੀ ਹੈ, ਉਸ ਨਾਲ ਇਹ ਇੱਕ ਗੁਰਦੁਆਰਾ ਸੁਧਾਰ ਲਹਿਰ ਵਾਂਗ ਹੀ ਲੱਗਣ ਲੱਗ ਪਿਆ ਹੈ। ਉਥੇ ਲੰਗਰ ਲੱਗ ਰਹੇ ਹਨ, ਦੀਵਾਨ ਸਜ ਰਹੇ ਹਨ ਅਤੇ ਆਜ਼ਾਦੀ ਦੀਆਂ ਗੱਲਾਂ ਹੋ ਰਹੀਆਂ ਹਨ। ਇੱਥੇ ਗੁਰਾਂ ਦੇ ਨਾਮ `ਤੇ ਜਿਊਂਦੀ ਧਰਤ ਦੇ ਪ੍ਰਤੱਖ ਦੀਦਾਰੇ ਕੀਤੇ ਜਾ ਸਕਦੇ ਹਨ। ਦੇਸ਼ ਪੰਜਾਬ ਦੀ ਤੜਪਦੀ ਵਿਲਕਦੀ ਰੂਹ ਦੇ ਨੰਗੇ ਜ਼ਖਮਾਂ ਦੀ ਪੀੜਾ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਇਸ ਦੀ ਰੂਹ ਦਾ ਛਲਕਦਾ ਹੋਇਆ ਦਰਦ ਹੁਣ ਫਿਰ ਉਛਾਲੇ ਮਾਰ ਰਿਹਾ ਹੈ। ਲਗਦਾ ਜਿਵੇਂ ਆਪਣਿਆਂ ਤੋਂ ਹੀ ਆਜ਼ਾਦੀ ਦੀ ਜੰਗ ਦਾ ਬਿਗਲ ਵੱਜ ਚੁਕਾ ਹੋਵੇ। ਪੰਜਾਬ ਦੇ ਜਾਏ, ਮੋਹਰੀ ਹੋ ਕੇ ਜੂਝਦਿਆਂ ਫਿਰ ਤੋਂ ਦੇਸ਼ ਦੀ ਅਗਵਾਈ ਕਰ ਰਹੇ ਹਨ। ਉਹ ਆਪਣੇ ਪੀਰ ਜਗਤ ਗੁਰ ਬਾਬੇ ਵਾਂਗ ਰੋੜਾਂ ਦੀ ਵਿਛਾਈ ਕਰੀ ਬੈਠੇ ਹਨ। ਇੱਕ ਵਾਰੀ ਫਿਰ ਆਜ਼ਾਦੀ ਨੂੰ ਵਰਣ ਲਈ ਸੌ ਤੋਂ ਉਤੇ ਪੰਜਾਬ ਦੇ ਪੁੱਤ ਮੌਤ ਨੂੰ ਗਲੇ ਲਾ ਚੁਕੇ ਹਨ। ਇਸ ਦੀ ਧਾਂਕ ਸਗਲੀ ਧਰਤਿ `ਤੇ ਪੈ ਰਹੀ ਹੈ। ਰੱਬ ਖੈਰ ਕਰੇ, ਮੇਰੇ ਸੋਹਣੇ ਦੇਸ਼ ਪੰਜਾਬ `ਤੇ!