ਬੇਘਰੇ ਕਰੋੜਪਤੀ

ਸੁਰਿੰਦਰ ਸੂਨਰ
ਫੋਨ: 530-921-0097
ਦਿੱਲੀ ਵਿਚ ਕਿਸਾਨ ਅੰਦੋਲਨ ਚੱਲ ਰਿਹਾ। ਭਾਰਤ ਸਰਕਾਰ ਨੇ ਵਿਰੋਧੀ ਧਿਰਾਂ ਦੇ ਰੌਲਾ ਪਾਉਂਦਿਆਂ ਖੇਤੀ ਦੇ ਤਿੰਨ ਕਾਨੂੰਨ ਬਣਾਏ। ਅਸਲ ਮੁੱਦਾ ਇਹ ਸੀ ਕਿ ਭਾਰਤ ਦੇ ਕਿਸਾਨ ਨੂੰ ਉਸ ਦੀਆਂ ਫਸਲਾਂ ਦਾ ਵਾਜਬ ਮੁੱਲ ਨਾ ਮਿਲਣ ਕਰਕੇ ਖੇਤੀ `ਚੋਂ ਘਾਟਾ ਪੈ ਰਿਹਾ। ਇਹ ਘਾਟਾ ਹੁਣੇ ਤਾਜ਼ਾ ਨਹੀਂ ਪੈਣ ਲੱਗਾ, ਪਿਛਲੇ ਛੇ ਸੱਤ ਦਹਾਕਿਆਂ ਤੋਂ ਪੈ ਰਿਹਾ। ਕਿਸਾਨੀ ਕਿਸੇ ਸਮੇਂ ਸਭ ਤੋਂ ਉਤਮ ਧੰਦਾ ਗਿਣਿਆ ਜਾਂਦਾ ਸੀ। ਮਨੁੱਖ ਦੀਆਂ ਤਿੰਨ ਮੂਲ ਲੋੜਾਂ ਹਨ-ਕੁੱਲੀ, ਗੁੱਲੀ ਤੇ ਜੁੱਲੀ; ਭਾਵ ਰੋਟੀ, ਕੱਪੜਾ ਅਤੇ ਮਕਾਨ।

ਹਰ ਕਿਸਾਨ ਕੋਲ ਤਿੰਨੇ ਹੀ ਆਪਣੇ ਸਨ। ਹਰ ਕਿਸਾਨ ਦਾ ਆਪਣੀ ਜ਼ਮੀਨ ਵਿਚ ਘਰ ਹੁੰਦਾ ਸੀ। ਆਪਣੇ ਖੇਤਾਂ `ਚੋਂ ਦਰਖਤਾਂ ਦੀ ਲੱਕੜ ਨਾਲ ਬਣਾਇਆ ਘਰ ਹੁੰਦਾ ਸੀ। ਕਿਸਾਨ ਸਾਰੇ ਪਿੰਡ ਦੀ ਗਰਜ਼ ਪੂਰਨ ਦੇ ਹਰ ਤਰ੍ਹਾਂ ਸਮਰੱਥ ਸੀ। ਲੁਹਾਰ, ਤਰਖਾਣ ਤੇ ਚੰਮ ਦਾ ਕੰਮ ਕਰਨ ਵਾਲੇ, ਭਾਂਡੇ ਬਣਾਉਣ ਵਾਲੇ, ਗਹਿਣੇ ਬਣਾਉਣ ਵਾਲੇ, ਕੱਪੜਾ ਬਣਾਉਣ ਵਾਲੇ, ਵੱਡੇ ਤੋਂ ਵੱਡਾ ਨੌਕਰਸ਼ਾਹ, ਤੇਲੀ ਮਰਾਸੀ ਸਾਰੇ ਦੇ ਸਾਰੇ ਖੇਤੀ ਯਾਨਿ ਕਿਸਾਨ `ਤੇ ਹੀ ਨਿਰਭਰ ਕਰਦੇ।
ਕਿਸਾਨ ਦੇ ਖੇਤਾਂ ਵਿਚ ਪੈਦਾ ਕਣਕ, ਮੱਕੀ, ਅਨਾਜ ਤੇ ਸਬਜ਼ੀਆਂ ਸਾਰੇ ਪਿੰਡ ਵਾਸਤੇ ਲੋੜ ਤੋਂ ਵੱਧ ਹੁੰਦੀਆਂ। ਸਾਰਾ ਪਿੰਡ ਜੱਟ ਦੀ ਹਾੜੀ-ਸੌਣੀ ਦੀ ਆਸ `ਤੇ ਜੀਵਨ ਜੀਂਦੇ। ਸਰਦੇ ਕਿਸਾਨ ਅਨਾਜ ਨੂੰ ਭੜੋਲੇ-ਭੜੋਲੀਆਂ ਵਿਚ ਪਾ ਕੇ ਰੱਖ ਲੈਂਦੇ। ਸੁੱਸਰੀ ਬਗੈਰਾ ਤੋਂ ਬਚਣ ਵਾਸਤੇ ਇਕ ਦੋ ਵਾਰ ਅਨਾਜ ਨੂੰ ਧੁੱਪ ਵਿਚ ਸੁਕਾ ਲੈਂਦੇ। ਘਰਦੇ ਕਮਾਦ ਦਾ ਬਣਾਇਆ ਗੁੜ ਵੀ ਭੜੋਲੀਆਂ ਭਰ ਕੇ ਰੱਖ ਲੈਂਦੇ। ਜੇ ਕਿਸੇ ਮਾੜੇ ਮਹਾਤੜ ਕੋਲ ਦਾਣੇ ਜਾਂ ਗੁੜ ਮੁੱਕ ਜਾਂਦਾ ਤਾਂ ਵੱਡੇ ਕਿਸਾਨਾਂ ਕੋਲੋਂ ਉਧਾਰ ਲੈ ਲੈਂਦੇ। ਕਿਸਾਨ ਕਦੇ ਕਿਸੇ ਗਰੀਬ ਨੂੰ ਮਹਿਸੂਸ ਹੀ ਨਾ ਕਰਨ ਦਿੰਦੇ ਕਿ ਉਸ ਕੋਲ ਕੁਝ ਨਹੀਂ ਹੈ। ਕਿਸਾਨ ਨੂੰ ਸਾਰੇ ਸਰਦਾਰ ਜੀ ਕਹਿ ਕੇ ਬੁਲਾਉਂਦੇ। ਪਿੰਡਾਂ ਦਾ ਮੁਖੀਆ ਵੀ ਤਕੜੇ ਸਰਦਾਰ ਨੂੰ ਹੀ ਬਣਾਇਆ ਜਾਂਦਾ। ਕਿਸਾਨ ਕੋਲੋਂ ਕੁਝ ਨਾ ਕੁਝ ਪਿੰਡ ਦੇ ਹਰ ਵਾਸੀ ਨੂੰ ਚਾਹੀਦਾ ਹੁੰਦਾ। ਕਿਸਾਨ ਦੇ ਖੇਤਾਂ ਵਿਚ ਕੰਮ ਕਰਦੇ ਲੋਕ, ਸੀਰੀ ਰਲ ਜਾਂਦੇ, ਭੌਲੀ ਕਰਦੇ, ਠੇਕੇ `ਤੇ ਕੰਮ ਕਰਦੇ ਪਿੰਡ ਦੇ ਲੋਕ। ਪਿੰਡ ਵਿਚ ਜੇ ਕਿਸੇ ਤੋਂ ਗਲਤੀ ਹੋ ਜਾਂਦੀ ਤਾਂ ਉਸ ਨੂੰ ਉਸ ਦੀ ਬਣਦੀ ਸਜ਼ਾ ਮਿਲਦੀ। ਇਸ ਤੋਂ ਵਧੀਆ ਸਵਰਗ ਕੀ ਹੋ ਸਕਦਾ ਹੈ!
ਦੁਨੀਆਂ `ਤੇ ਜੇ ਕਿਤੇ ਸਵਰਗ ਸੀ ਤਾਂ ਪੰਜਾਬ ਵਿਚ ਸੀ, ਪਰ ਜਦ ਸਿਆਸਤ ਨੇ ਜਨਮ ਲਿਆ, ਸਿਆਣਪ ਨੇ ਜਨਮ ਲਿਆ ਤਾਂ ਲੋਕ ਸਿਆਸਤੀਆਂ ਦੀ ਸੁਣਨ ਲੱਗੇ। ਤਿੰਨ ਭਾਗਾਂ ਵਿਚ ਵੰਡਿਆ ਗਿਆ ਪੰਜਾਬ। ਸਿਆਸਤੀ ਲੋਕਾਂ ਨੇ ਬ੍ਰਹਮਚਾਰੀ ਬਣ ਕੇ ਆਪਣੇ ਆਪ ਨੂੰ ਬਾਕੀਆਂ ਤੋਂ ਵਧੀਆ ਕਹਾਉਣਾ ਸ਼ੁਰੂ ਕੀਤਾ। ਸਾਰੀ ਦੁਨੀਆਂ ਨੇ ਸਿਆਸਤ ਦੀ ਇਸ ਪਹਿਲੀ ਨਸਲ ਨੂੰ ਮੰਨ ਵੀ ਲਿਆ। ਸਿਆਸਤੀਆਂ ਨੂੰ ਲੋਕ ਵਧੀਆ ਡੇਰਾ ਬਣਾ ਕੇ ਦਿੰਦੇ, ਚੰਗੇ ਚੰਗੇ ਫਲ ਸਬਜ਼ੀਆਂ ਤੇ ਅਨਾਜ ਭੇਟ ਕਰ ਆਉਂਦੇ। ਸਿਆਣੀਆਂ ਗੱਲਾਂ ਸੁਣਨ ਜਾਂਦੇ ਲੋਕ ਤੇ ਸਿਆਣੀਆਂ ਗੱਲਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ। ਸਨਾਤਨ ਸਹਿਜ ਸਿਆਣਪਾਂ ਦੀਆਂ ਕਹਾਣੀਆਂ ਅਤੇ ਨਾਟਕ ਬਣੇ, ਜੋ ਪੰਜਾਬੀਆਂ ਨੇ ਰੱਜ ਰੱਜ ਕੇ ਖੇਲੇ। ਕਿਸਾਨ ਜੱਟ ਜੋ ਖੇਤੀ ਕਰਦੇ, ਉਹ ਤੀਸਰੀ ਧਿਰ ਬਣੀ ਅਤੇ ਦੂਸਰੀ ਧਿਰ ਵਿਚ ਵਪਾਰੀ, ਜੋ ਫਿਰ ਤੁਰ ਕੇ ਵਸਤਾਂ ਖਰੀਦ-ਵੇਚ ਕੇ ਕੰਮ ਚਲਾਉਂਦੇ। ਵਪਾਰੀ ਦੂਰ ਨੇੜੇ ਵੀ ਚਲੇ ਜਾਂਦੇ, ਬੇਬੀਲੋਨਕ ਇਲਾਕਿਆਂ ਵਿਚ ਵੀ ਚਲੇ ਜਾਂਦੇ। ਉਤਰ ਪੂਰਬ ਅਤੇ ਉਤਰ ਪੱਛਮ ਵੱਲ ਵੀ ਚਲੇ ਜਾਂਦੇ, ਪਰ ਦਿਨ ਦਿਹਾਰ `ਤੇ ਵਾਪਿਸ ਪੰਜਾਬ ਆ ਜਾਂਦੇ ਤੇ ਬ੍ਰਹਮਚਾਰੀਆਂ ਦੇ ਡੇਰਿਆਂ `ਤੇ ਜਾ ਕੇ ਸਿਆਣੀਆਂ ਗੱਲਾਂ ਸੁਣਦੇ, ਨਾਟਕ ਦੇਖਦੇ।
ਇਕ ਸਮਾਂ ਆਇਆ ਕਿ ਇਕ ਪੰਜਾਬੀ ਸਵਾਮੀ ਪਾਣਨੀ ਨੇ ਸੋਚਿਆ ਕਿ ਇਹ ਜੋ ਨਾਟਕ ਹਨ, ਪੰਜਾਬੀ ਸਿਆਣਪਾਂ ਹਨ, ਇਹ ਸਭ ਨੂੰ ਤਾਂ ਯਾਦ ਨਹੀਂ ਹੋ ਸਕਦੀਆਂ, ਕਿਉਂ ਨਾ ਇਕ ਵਿਧੀ ਬਣੇ ਜਿਸ ਨਾਲ ਇਹ ਸਿਆਣਪਾਂ ਲਿਖੀਆਂ ਜਾਣ। ਪੰਜਾਬੀ ਪਾਣਨੀ ਨੇ ਲਿਖਣ ਦੀ ਵਿਧੀ ਤਿਆਰ ਕੀਤੀ। ਭਾਸ਼ਾ ਨੂੰ ਲਿਖਣਾ ਅਰੰਭ ਕੀਤਾ। ਦੁਨੀਆਂ ਦਾ ਪਹਿਲਾ ਸਕੂਲ, ਜਿਸ ਵਿਚ ਪਾਣਨੀ ਦੁਨੀਆਂ ਨੂੰ ਲਿਖਣ ਵਿਧੀ ਪੜ੍ਹਾਇਆ ਕਰਦਾ ਸੀ, ਉਸ ਸਕੂਲ ਵਿਚ ਬ੍ਰਹਮਚਾਰੀ ਸਿਆਸਤਦਾਨਾਂ ਨੇ ਪੜ੍ਹ ਕੇ ਲਿਖਣ ਦੀ ਵਿਧੀ ਸਿੱਖ ਕੇ ਪੁਰਾਤਨ ਸਿਆਣਪਾਂ ਨੂੰ ਲਿਖਿਆ। ਦੁਨੀਆਂ ਦਾ ਸਭ ਤੋਂ ਪਹਿਲਾ ਗ੍ਰੰਥ ਰਿਗ ਵੇਦ ਲਿਖਿਆ ਗਿਆ। ਵੇਦ ਤਿਆਰ ਕੀਤੇ, ਹੋਰ ਵੀ ਪ੍ਰਾਕ੍ਰਿਤਾਂ ਪੁਰਾਣ ਅਤੇ ਉਪਨਿਸ਼ਦ ਲਿਖੇ। ਸਾਰੇ ਪੰਜਾਬੀ ਪੂਰਬ ਪੱਛਮ ਵੱਲੋਂ ਵਣਜ ਵਪਾਰ ਕਰਦੇ/ਕਰਾਉਂਦੇ ਦਿਨ-ਦਿਹਾਰ ਨੂੰ ਵਾਪਿਸ ਬ੍ਰਹਮਚਾਰੀਆਂ ਸਿਆਸਤਦਾਨਾਂ ਦੇ ਦਰਸ਼ਨ ਕਰਨ ਸਿਆਣਪਾਂ ਸੁਣਨ ਨੂੰ ਜ਼ਰੂਰ ਆਉਂਦੇ। ਸਿਆਸਤ ਦਾ ਸਭ ਤੋਂ ਪਹਿਲਾ ਕਦਮ ਸੀ ਵੇਦਾਂ ਸ਼ਾਸਤਰਾਂ `ਤੇ ਕਬਜ਼ਾ ਕਰਨਾ। ਸਾਰੀ ਦੁਨੀਆਂ ਵਾਸਤੇ ਲਿਖੀਆਂ ਸਹਿਜ ਸਿਆਣਪਾਂ `ਤੇ ਕਾਬਜ਼ ਸਿਆਸਤ ਨੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ, ਸੁਣਨ ਤੇ ਪਾਬੰਦੀ ਲਾ ਦਿੱਤੀ।
ਬਸਰੇ ਬਗਦਾਦ ਦੇ ਇਲਾਕਿਆਂ ਵਿਚ ਬਹੁਤ ਪੰਜਾਬੀ ਜਾ ਵਸੇ ਸਨ। ਪੰਜਾਬੀ ਸਿਆਣਪਾਂ ਸੁਣਨ ਦਾ ਹਰ ਕਿਸੇ ਨੂੰ ਚਾਅ ਸੀ, ਪਰ ਜਦ ਆਮ ਲੋਕਾਂ ਕੋਲੋਂ ਵੇਦ ਸ਼ਾਸਤਰ ਖੋਹੇ ਤਾਂ ਲੋੜ ਕਾਢ ਦੀ ਮਾਂ ਹੁੰਦੀ ਹੈ, ਲੋਕਾਂ ਨੇ ਲਿਖਣਾਂ ਤਾਂ ਸਿੱਖ ਹੀ ਲਿਆ ਸੀ। ਭਾਸ਼ਾ ਨੂੰ ਲਿਖਣਾ ਤਾਂ ਪੰਜਾਬੀ ਪਾਣਨੀ ਨੇ ਸਾਰੀ ਦੁਨੀਆਂ ਨੂੰ ਸਿਖਾ ਦਿਤਾ ਸੀ, ਸੋ ਸਾਊਦੀ ਅਰਬ, ਸੀਰੀਆ ਇਲਾਕੇ ਦੇ ਲੋਕਾਂ ਨੇ ਭਾਸ਼ਾ ਨੂੰ ਦੂਸਰੇ ਪਾਸਿਓਂ ਲਿਖਣਾ ਸ਼ੁਰੂ ਕੀਤਾ, ਅਲਫ ਬੇ ਤਿਆਰ ਕੀਤਾ; ਉਰਦੂ ਲਿਖਣ ਦੀ ਵਿਧੀ ਵੀ ਸੰਸਕ੍ਰਿਤ ਨਾਲੋਂ ਉਲਟੀ ਸੀ, ਸੱਜਿਓਂ ਖੱਬੇ ਜਾਂਦੀ। ਸਿਆਸੀ ਪੰਜਾਬੀਆਂ ਨੇ ਤਾਂ ਰੱਬ ਦੇ ਬਹੁਤ ਰੂਪ ਬਣਾ ਰੱਖੇ ਸਨ, ਪਰ ਉਰਦੂ ਲਿਖਣ ਵਾਲਿਆਂ ਨੇ ਕਿਹਾ ਰੱਬ ਤਾਂ ਇਕ ਹੀ ਹੈ। ਸਮਾਂ ਪੈਣ `ਤੇ ਇਲਾਹੀ ਫੁਰਮਾਨ ਕੁਰਾਨ ਵੀ ਹੋਂਦ ਵਿਚ ਆ ਗਿਆ। ਇਸਲਾਮ ਦਾ ਜਨਮ ਹੋਇਆ।
ਸਿਆਸਤੀ ਪੰਜਾਬੀਆਂ ਦੀ ਤਾਂ ਸੇਵਾ ਲੋਕ ਕਰਦੇ ਸਨ, ਇਸ ਕਰਕੇ ਉਹ ਖੁਦ ਹਿੰਮਤੀ ਨਹੀਂ ਸਨ। ਆਪਣੀ ਸਿਆਣਪ ਦੇ ਸਿਰ `ਤੇ ਹੀ ਛਾਲਾਂ ਮਾਰਦੇ ਸਨ, ਪਰ ਵਪਾਰੀ ਲੋਕ ਹਿੰਮਤੀ ਸਨ। ਮਾਰਖੋਰੇ ਸੀ, ਖਤਰਿਆਂ ਨਾਲ ਖੇਲ ਸਕਦੇ ਸਨ, ਇਸ ਕਰਕੇ ਦਿਨੋਂ ਦਿਨ ਕਾਮਯਾਬੀ ਹਾਸਲ ਕੀਤੀ, ਤਕੜੇ ਸਨ, ਰਾਜੇ ਸਨ ਤੇ ਆਪਣੀ ਮਨਾ ਸਕਣ ਦੇ ਸਮਰੱਥ ਸਨ। ਉਰਦੂ ਵਿਚ ਲਿਖੇ ਧਾਰਮਕ ਗ੍ਰੰਥਾਂ ਦੀ ਭਾਸ਼ਾ ਨੂੰ ਅਰਬੀ ਭਾਸ਼ਾ ਦਾ ਨਾਮ ਦਿੱਤਾ ਗਿਆ। ਪੰਜਾਬੀਆਂ ਦੀ ਭਾਸ਼ਾ ਪੰਜਾਬੀ ਨੂੰ ਸ਼ਾਹਮੁਖੀ ਵਿਚ ਲਿਖੇ ਤਾਂ ਉਰਦੂ ਕਹਿੰਦੇ ਅਤੇ ਜੇ ਪੰਜਾਬੀ ਨੂੰ ਦੇਵਨਾਗਰੀ ਵਿਚ ਲਿਖੇ ਤਾਂ ਹਿੰਦੀ ਕਹਿੰਦੇ। ਪੰਜਾਬੀ ਭਾਸ਼ਾ ਦਾ ਪਹਿਲਾ ਲਿਖਤੀ ਜਾਮਾ ਦੇਵਨਾਗਰੀ ਸੀ ਤੇ ਦੂਸਰਾ ਸ਼ਾਹਮੁਖੀ ਸੀ। ਮਾਰਖੋਰੇ ਇਸਲਾਮਕ ਲੋਗ, ਜੋ ਸਿਆਸਤਦਾਨਾਂ ਦੀਆਂ ਸਿਆਣਪਾਂ `ਤੇ ਕਬਜ਼ਾ ਕਰਨ ਤੋਂ ਬਾਅਦ ਆਪਣੀਆਂ ਸਿਆਣਪਾਂ ਬਣਾ ਚੁੱਕੇ ਸਨ, ਇਸਲਾਮ ਪ੍ਰਚਲਿਤ ਹੋ ਚੁੱਕਾ ਸੀ, ਉਹ ਹਿੰਦੂਆਂ ਨੂੰ ਦੰਦੀਆਂ ਚਿੜਾਉਣ ਲੱਗੇ, ਮੋਹਰੇ ਬੋਲਣ ਲੱਗੇ ਅਤੇ ਆਪਣੀ ਤਾਕਤ ਵਿਖਾਉਣ ਲੱਗੇ। ਗੌਰੀ ਗਜ਼ਨਵੀ ਹਮਲੇ ਕਰਨ ਲੱਗੇ, ਸਾਰੇ ਪੰਜਾਬ `ਤੇ ਇਸਲਾਮ ਦਾ ਬੋਲਚਾਲ ਹੋ ਗਿਆ। ਕਾਂਸ਼ੀ ਵਿਚ ਵੱਸਦੇ ਪੰਜਾਬੀਆਂ ਨੇ ਇਸਲਾਮ ਤੋਂ ਡਰਦਿਆਂ ਭਾਰਤ ਦੇ ਦੱਖਣੀ ਪੂਰਵੀ ਹਿੱਸਿਆਂ ਵਿਚ ਜਾਣਾ ਸ਼ੁਰੂ ਕਰ ਦਿਤਾ। ਇਸਲਾਮੀਆਂ ਨੇ ਜਗਨਨਾਥਪੁਰੀ ਤੱਕ ਹਿੰਦੂਆਂ ਦਾ ਪਿਛਾ ਕੀਤਾ। ਹਿੰਦੂ ਇਸਲਾਮ ਵਿਚ ਵੰਡਿਆ ਗਿਆ ਦੇਸ਼।
ਇਸ ਦੁਖਾਂਤ ਨੂੰ ਠੱਲ੍ਹ ਪਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਉਠਾ ਕੇ, “ਉਸ ਸੂਅਰ ਉਸ ਗਾਇ” ਸਮਝਾ ਕੇ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸੱਚ ਨੂੰ ਸਾੜਨ ਵਾਲੀ ਅੱਗ ਅਜੇ ਤੀਕ ਨਹੀਂ ਬਣੀ। ਇਸਲਾਮ ਜੋ ਕਿਸੇ ਵੀ ਹਿੰਦੂ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੀ, ਉਨ੍ਹਾਂ ਨੂੰ ਵੀ ਗੁਰੂ ਨਾਨਕ ਦੇ ਸਰਬ ਸਾਂਝੇ ਵਿਚਾਰ `ਤੇ ਕਿੰਤੂ-ਪ੍ਰੰਤੂ ਕਰਨ ਦਾ ਕਾਰਨ ਨਾ ਲੱਭ ਸਕਿਆ। ਗੁਰੂ ਨਾਨਕ ਨੂੰ ਪੀਰ ਮੰਨਣ ਵਾਲੇ ਮੁਸਲਮਾਨਾਂ ਦੀ ਗਿਣਤੀ ਬਹੁਤ ਹੈ। ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਪੁਲ ਬਣਨ ਵਾਲੇ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ। ਜੇ ਜਗਨਨਾਥਪੁਰੀ ਪਹੁੰਚੇ ਤਾਂ ਮੱਕੇ ਵੀ ਪਹੁੰਚੇ। ਦੁਨੀਆਂ ਦੀਆਂ ਉਹ ਸਹਿਜ ਸਿਆਣਪਾਂ, ਜਿਨ੍ਹਾਂ `ਤੇ ਨਾ ਹਿੰਦੂ ਕਾਬਜ ਸਨ ਤੇ ਨਾ ਹੀ ਇਸਲਾਮ ਕਾਬਜ ਸੀ, ਉਹ 15 ਭਗਤਾਂ ਦੀਆਂ ਬਾਣੀਆਂ ਇਕੱਤਰ ਕੀਤੀਆਂ। ਪਾਕਪਟਣ ਤੋਂ ਬਾਬਾ ਫਰੀਦ ਦੀ ਬਾਣੀ ਤੇ ਕਾਸ਼ੀ ਤੋਂ ਕਬੀਰ ਜੀ, ਰਾਮਾਨੰਦ ਜੀ ਅਤੇ ਹੋਰ ਭਗਤਾਂ ਦੀ ਬਾਣੀ ਨੂੰ ਧੁਰ ਕੀ ਬਾਣੀ ਗੁਰਬਾਣੀ ਦੇ ਬਰਾਬਰ ਰੁਤਬਾ ਦੇ ਕੇ ਇਕ ਪੋਥੀ ਤਿਆਰ ਕੀਤੀ। ਰਾਵੀ ਦੇ ਕੰਢੇ ਕਰਤਾਰਪੁਰ ਆਪਣੀ ਉਮਰ ਦੇ ਆਖਰੀ 18 ਸਾਲ ਖੇਤੀ ਕਿਰਸਾਣੀ ਕੀਤੀ। ਉਹ ਪੋਥੀ, ਜੋ ਸਤਿਗੁਰੂ ਨਾਨਕ ਨੇ ਇਕੱਤਰ ਕੀਤੀ, ਜਿਸ ਵਿਚ ਨਾਨਕ ਪਾਤਸ਼ਾਹ ਦੀ ਆਪਣੀ ਬਾਣੀ ਵੀ ਅੰਕਿਤ ਸੀ, ਉਹ ਵੱਖਰੇ ਧਰਮ ਵਜੋਂ ਜਾਣੀ ਜਾਣ ਲੱਗੀ। ਗੁਰਬਾਣੀ ਸਨਾਤਨ ਧਰਮ ਦੀਆਂ ਸਾਰੀਆਂ ਸਿਆਣਪਾਂ ਦਾ ਵਰਣਨ ਕਰਦੀ ਹੈ, ਪਰ ਜੇ ਹਿੰਦੂ ਧਰਮ ਦੇ ਮਹਾਪੁਰਖਾਂ ਦਾ ਵਰਨਣ ਕਰਦੀ ਹੈ ਤਾਂ ‘ਮੁਸਲਮਾਨ ਕਹਾਵਣ ਮੁਸਕਲ’ ਵੀ ਲਿਖਦੀ ਹੈ; ਰਾਮ ਰਾਮ ਹਰੀ ਹਰੀ ਵੀ ਕਰਦੀ ਹੈ ਤੇ ਗੁਰਬਾਣੀ ਵਿਚ ਬਾਬਾ ਫਰੀਦ ਅੱਲਾ ਅੱਲਾ ਵੀ ਕਰਦੇ ਹਨ।
ਇਹ ਸਰਬ ਸਾਂਝੀ ਬਾਣੀ ਜੇ ਗੁਰੂ ਨਾਨਕ ਦੇਵਨਾਗਰੀ ਲਿਪੀ ਵਿਚ ਹੀ ਲਿਖਦੇ ਤਾਂ ਸੁਭਾਵਕ ਸੀ ਕਿ ਹਿੰਦੂ ਸਿਆਸਤ ਨੇ ਕਬਜ਼ਾ ਕਰ ਲੈਣਾ ਸੀ। ਜੇ ਸ਼ਾਹਮੁਖੀ ਵਿਚ ਗੁਰਬਾਣੀ ਲਿਖੀ ਜਾਂਦੀ ਤਾਂ ਇਸਲਾਮ ਨੇ ਮੱਲ ਮਾਰ ਕੇ ਬਹਿ ਜਾਣਾ ਸੀ। ਇਸ ਕਰਕੇ ਦੇਵਨਾਗਰੀ ਅਤੇ ਸ਼ਾਹਮੁਖੀ ਤੋਂ ਵੱਖਰੀ ਗੁਰਮੁਖੀ ਲਿਪੀ ਸਤਿਗੁਰਾਂ ਨੇ ਤਿਆਰ ਕੀਤੀ ਤਾਂ ਕਿ ਇਸ `ਤੇ ਕਬਜ਼ਾ ਨਾ ਹੋ ਜਾਵੇ ਤੇ ਸਾਰੇ ਪੰਜਾਬੀ ਸਾਰੀ ਦੁਨੀਆਂ ਇਸ ਨੂੰ ਪੜ੍ਹ ਸੁਣ ਸਕੇ। ਲੇਕਿਨ ਦੇਵਨਾਗਰੀ ਵਿਚ ਲਿਖੀ ਵੀ ਪੰਜਾਬੀ ਹੈ, ਸ਼ਾਹਮੁਖੀ ਵਿਚ ਤੇ ਗੁਰਮੁਖੀ ਵਿਚ ਲਿਖੀ ਵੀ ਪੰਜਾਬੀ ਹੈ। (1966 ਵਿਚ ਜਦ ਹਰਿਆਣਾ ਬਣਿਆਂ ਤਾਂ ਪੰਜਾਬੀ ਭਾਸ਼ਾ ਨੂੰ ਤੀਜਾ ਚੌਥਾ ਦਰਜਾ ਵੀ ਨਾ ਦਿੱਤਾ ਗਿਆ। ਇਸ `ਤੇ ਸਟਿੰਸ਼ੂਦਾਸ ਨੇ ਲਿਖਿਆ ਸੀ, “ਦਿੱਲੀ ਤੋਂ ਚੰਬਾ, ਚੰਬੇ ਤੋਂ ਜੰਮੂ, ਜੰਮੂ ਤੋਂ ਸਿਆਲਕੋਟ, ਸਿਆਲਕੋਟ ਤੋਂ ਗੰਗਾਨਗਰ ਤੇ ਗੰਗਾਨਗਰ ਤੋਂ ਦਿੱਲੀ ਦੇ ਵਿਚਕਾਰ ਵੱਸਦੇ ਸਾਰੇ ਲੋਕ ਜਾਂ ਤਾਂ ਪੰਜਾਬੀ ਬੋਲਦੇ ਹਨ ਤੇ ਜਾਂ ਝੂਠ ਬੋਲਦੇ ਹਨ।”) ਪੰਜਾਬੀ ਹਰ ਧਰਮ ਦੇ ਪੈਰੋਕਾਰ ਹਨ।
ਪੰਜਾਬੀ ਵਿਰੋਧੀ ਨਹੀਂ ਹਨ, ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕਿਸੇ ਦੇ ਵਿਰੋਧੀ ਹੋ ਹੀ ਨਹੀਂ ਸਕਦੇ। ਮੰਨੇ ਪ੍ਰਮੰਨੇ ਵੱਸਦੇ ਸਰਦੇ ਤੇ ਅਤੀ ਸਤਿਕਾਰਯੋਗ ਕਰਤਾਰਪੁਰ ਤੋਂ ਦੂਸਰੀ ਪਾਤਸ਼ਾਹੀ ਖਡੂਰ ਸਾਹਿਬ ਇਸ ਕਰਕੇ ਜਾ ਵਸੇ ਸਨ ਕਿ ਉਹ ਕਿਸੇ ਨਾਲ ਕਿਸੇ ਕਿਸਮ ਦਾ ਵਿਰੋਧ ਨਹੀਂ ਸਨ ਕਰਨਾ ਚਾਹੁੰਦੇ। ਗੁਰੂ ਅਮਰਦਾਸ ਜੀ ਖਡੂਰ ਸਾਹਿਬ ਨੂੰ ਛੱਡ ਕੇ ਗੋਇੰਦਵਾਲ ਇਸ ਕਰਕੇ ਜਾ ਵਸੇ ਸਨ ਕਿ ਉਹ ਵਿਰੋਧ ਕਰਨਾ ਨਹੀਂ ਸੀ ਚਾਹੁੰਦੇ ਕਿਸੇ ਨਾਲ। ਗੁਰੂ ਰਾਮਦਾਸ ਜੀ ਬਾਬੇ ਮੋਹਨ ਨਾਲ ਵਿਰੋਧ ਨਹੀਂ ਸਨ ਕਰਨਾ ਚਾਹੁੰਦੇ, ਇਸ ਵਾਸਤੇ ਅੰਮ੍ਰਿਤਸਰ ਜਾ ਵਸਾਇਆ। ਗੁਰੂ ਅਰਜਨ ਪਾਤਸ਼ਾਹ ਪ੍ਰਿਥੀ ਚੰਦ ਨਾਲ ਵਿਰੋਧ ਨਹੀਂ ਸਨ ਕਰਨਾ ਚਾਹੁੰਦੇ, ਇਸ ਕਰਕੇ ਗੁਰੂ ਜੀ ਤਰਨਤਾਰਨ ਜਾ ਵਿਰਾਜੇ। ਨਾ ਗੁਰੂ, ਨਾ ਗੁਰਬਾਣੀ ਤੇ ਨਾ ਗੁਰੂ ਦਾ ਸਿੱਖ ਕਿਸੇ ਦਾ ਵਿਰੋਧ ਕਰਦਾ ਹੈ; ਪਰ ਜੇ ਕਿਸੇ ਸਿੱਖ ਗੁਰੂ ਦੇ ਪਿਤਾ ਨੂੰ ਜ਼ਾਲਮ ਤੱਤੀ ਤਵੀ `ਤੇ ਬਿਠਾਉਂਦਾ ਹੈ, ਤੱਤੀ ਰੇਤ ਸੀਸ ਵਿਚ ਪਾਉਂਦਾ ਹੈ ਤਾਂ ਛੇਵੀ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦਾ ਉਸ ਜ਼ਾਲਮ `ਤੇ ਤਲਵਾਰ ਚੁੱਕਣਾ ਇਕ ਧਰਮ ਬਣ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵਿਰੋਧ ਨਹੀਂ ਸਨ ਕਰਨਾ ਚਾਹੁੰਦੇ, ਇਸ ਕਰਕੇ ਦਸਮ ਪਿਤਾ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਵੀ ਨਹੀਂ ਪਹੁੰਚੇ, ਪਰ ਜਦ ਧਰਮ ਸੰਕਟ ਪੈਦਾ ਹੁੰਦਾ ਹੈ, ਹੋਰ ਚਾਰਾ ਨਹੀਂ ਚੱਲਦਾ ਤਾਂ ਤਲਵਾਰ ਚੁੱਕਣਾ ਧਰਮ ਬਣ ਜਾਂਦਾ ਹੈ, ਹਰ ਸਿੱਖ ਦਾ। ਦਸਮ ਪਿਤਾ ਤਲਵਾਰ ਚੁੱਕਣ ਦੀ ਗੁੜਤੀ ਵਿਰੋਧ ਕਰਨ ਵਾਸਤੇ ਨਹੀਂ ਦਿੰਦੇ। ਖੰਡੇ ਬਾਟੇ ਦਾ ਅੰਮ੍ਰਿਤ ਵਿਰੋਧ ਕਰਨ ਵਾਸਤੇ ਨਹੀਂ ਪਿਲਾਉਂਦੇ, ਆਪਣੀ ਅਤੇ ਨਿਰਬਲ ਦੀ ਹਿਫਾਜ਼ਤ ਵਾਸਤੇ ਛਕਾਉਂਦੇ ਹਨ।
ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਹਿੰਦੂ ਧਰਮ ਬਚਾਉਣ ਵਾਸਤੇ ਪਿਤਾ ਵਾਰੇ, ਧਰਮ ਦੀ ਖਾਤਰ ਸਾਰਾ ਪਰਿਵਾਰ ਵਾਰਿਆ, ਉਨ੍ਹਾਂ ਦੀ 42 ਸਾਲ ਉਮਰ ਵਿਚੋਂ 33 ਸਾਲ ਦੀ ਉਮਰ ਤੱਕ ਉਨ੍ਹਾਂ ਦਾ ਨਾਮ ਗੋਬਿੰਦ ਰਾਇ ਸੀ। ਜੇ ਗੁਰੂ ਪੰਜ ਕੱਕਾਰ ਬਖਸ਼ਿਸ਼ ਕਰਦੇ ਹਨ ਤਾਂ ਉਹ ਕਿਸੇ ਦੇ ਵਿਰੋਧ ਵਾਸਤੇ ਨਹੀਂ ਬਖਸ਼ਦੇ। ਕੇਸ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਕਿਰਪਾਨ ਵੀ ਹਿਫਜ਼ਤ ਕਰਨ ਵਾਸਤੇ ਗੁਰੂ ਆਗਮਨ ਤੋਂ ਪਹਿਲਾਂ ਹੀ ਮੌਜੂਦ ਸੀ। ਕਛਹਿਰਾ ਨੰਗੇਜ਼ ਕੱਜਣ ਵਾਸਤੇ ਹੈ। ਨੰਗੇਜ਼ ਪਹਿਲਾਂ ਵੀ ਲੋਕ ਕੱਜਦੇ ਸਨ। ਤਲਵਾਰ ਦੇ ਵਾਰ ਤੋਂ ਬਚਾਓ ਵਾਸਤੇ ਕੜਾ ਅਤੇ ਵਾਲ ਸੰਵਾਰਨ ਵਾਸਤੇ ਕੰਘਾ, ਜੋ ਪੰਜ ਕੱਕਾਰਾਂ ਵਿਚ ਸ਼ਾਮਲ ਹੈ, ਉਹ ਵੀ ਗੁਰਾਂ ਤੋਂ ਪਹਿਲਾਂ ਮੌਜੂਦ ਸੀ। ਦਸਮ ਪਿਤਾ ਤਾਂ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ `ਤੇ ਪੂਰਨ ਵਿਸ਼ਵਾਸ ਦੀ ਗੁੜਤੀ ਦੇਂਦੇ ਹਨ। ਜੇ ਸਿਖ ਤਲਵਾਰ ਚੁੱਕਦਾ ਹੈ ਤਾਂ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਚੁੱਕਦਾ ਜ਼ੁਲਮ ਦੇ ਖਿਲਾਫ ਚੁੱਕਦਾ ਹੈ।
ਅੱਜ ਦਿੱਲੀ ਜਾ ਕੇ ਜੋ ਕਿਸਾਨਾਂ ਨੇ ਅੰਦੋਲਨ ਕੀਤਾ ਹੈ ਤਾਂ ਇਹ ਖਾਲਿਸਤਾਨੀ ਅੰਦੋਲਨ ਨਹੀਂ ਹੈ। ਕਿਸਾਨੀ ਅੰਦੋਲਨ ਹੈ। ਗੁਰੂ ਨਾਨਕ ਦੇ ਕਰ ਕਮਲਾਂ ਨਾਲ ਕੀਤੀ ਕਿਸਾਨੀ ਕਰਨ ਵਾਲੇ ਕਿਸਾਨਾ ਦਾ ਅੰਦੋਲਨ ਹੈ। ਹਰ ਕਿਸਾਨ ਗੁਰੂ ਨਾਨਕ ਵਿਚਾਰਧਾਰਾ ਨੂੰ ਸਜਦਾ ਕਰਦਾ ਹੈ। ਹਾਂ ਇਹ ਕਹਿ ਸਕਦੇ ਹਾਂ ਕਿ ਵਾਰਾਨਸੀ ਤੋਂ ਆਇਆ ਕਿਸਾਨ, ਅੰਮ੍ਰਿਤਸਰ ਤੋਂ ਆਇਆ ਕਿਸਾਨ, ਬਿਹਾਰ, ਰਾਜਸਥਾਨ ਹਰਿਆਣੇ ਜਾਂ ਕਿਸੇ ਵੀ ਹੋਰ ਸੂਬੇ ਤੋਂ ਆਇਆ ਕਿਸਾਨ ਇਕ ਹੈ ਤੇ ਉਸ ਦੀ ਖੇਤੀ ਹੀ ਉਸ ਦਾ ਕਰਮ ਹੈ, ਖੇਤੀ ਹੀ ਉਸ ਦਾ ਧਰਮ ਹੈ। ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਇਹ ਅੰਦੋਲਨ। ਇਸ ਅੰਦੋਲਨ ਨੂੰ ਧਾਰਮਕ ਰੰਗ ਦੇਣ ਵਾਲੀ ਸਿਆਸਤ ਦੀ ਇਹ ਧਰਮ `ਤੇ ਕਾਬਜ਼ ਹੋਣ ਦੀ ਗਲਤੀ ਦੁਹਰਾ ਹੋ ਰਹੀ ਹੈ। ਧਰਮ `ਤੇ ਸਿਆਸਤ ਕਬਜ਼ਾ ਨਾ ਕਰਦੀ ਤਾਂ ਹੋਰ ਕਿਸੇ ਧਰਮ ਦੀ ਲੋੜ ਹੀ ਨਾ ਪੈਂਦੀ। ਦਿੱਲੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਦਾ 80% ਹਿੰਦੂ ਧਰਮ ਵਿਚ ਵਿਸ਼ਵਾਸ ਹੈ। ਮੁਸਲਮਾਨ ਵੀ ਕਿਸਾਨ ਹਨ, ਪਰ ਬਹੁਤ ਘੱਟ ਗਿਣਤੀ ਹੈ ਦਿੱਲੀ ਦੇ ਕਿਸਾਨ ਅੰਦੋਲਨ ਵਿਚ। ਸਿੱਖ ਕਦੇ ਵੀ ਹਿੰਦੂ ਵਿਰੋਧੀ ਨਹੀਂ ਹੈ, ਪਰ ਸਿਆਸਤ ਹਿੰਦੂ ਨੂੰ ਸਿੱਖ ਵਿਰੋਧੀ ਬਣਾਉਣ ਦਾ ਯਤਨ ਕਰ ਰਹੀ ਹੈ। ਹਿੰਦੂ ਕਿਸਾਨ ਕਦੇ ਵੀ ਸਿੱਖ ਵਿਰੋਧੀ ਨਹੀਂ ਹੈ।
ਫਤਵਾ ਲਾ ਰਹੀ ਹੈ ਸਿਆਸਤ ਕਿ ਅੰਦੋਲਨਕਾਰੀ ਖਾਂਦੇ ਪੀਂਦੇ ਬਹੁਤ ਵਧੀਆ ਹਨ, ਪਰ ਸਿਆਸਤ ਇਹ ਕਿਉਂ ਭੁੱਲੀ ਕਿ ਇਹ ਉਹ ਹੀ ਕਿਸਾਨ ਹਨ, ਜੋ ਪਿੰਡ ਦੇ ਕਿਸੇ ਜੀਅ ਨੂੰ ਕਦੇ ਭੁੱਖਾ ਦੇਖ ਹੀ ਨਹੀਂ ਸਕਦੇ। ਹਾਂ, ਕਿਰਤੀ ਕਿਸਾਨ ਬਹੁਤੇ ਅੱਜ ਕਲ੍ਹ ਸਿਆਸਤ ਨੇ ਆਰਥਕ ਤੌਰ `ਤੇ ਕਮਜ਼ੋਰ ਕਰ ਦਿਤੇ ਹਨ, ਪਰ ਇਨ੍ਹਾਂ ਕਿਸਾਨਾਂ ਵਿਚ ਪਿਤਾ ਪੁਰਖੀ ਸਰਦਾਰ ਵੀ ਹਨ, ਜੋ ਅੰਦੋਲਨਕਾਰੀਆਂ ਨੂੰ ਕੀ, ਸਾਰੀ ਦਿੱਲੀ ਨੂੰ ਵਧੀਆ ਭੋਜਨ ਛਕਾ ਸਕਣ ਦੇ ਸਮਰੱਥ ਹਨ। ਗੁਰੂ ਨਾਨਕ ਨੇ 20 ਰੁਪਏ ਦਾ ਨਿਵੇਸ਼ ਕੀਤਾ ਸੀ, ਉਹ ਰਹਿੰਦੀ ਦੁਨੀਆਂ ਕੋਲੋਂ ਮੁੱਕ ਹੀ ਨਹੀਂ ਸਕਦਾ। ਪੰਜਾਬੀ ਕਿਸਾਨੀ ਨੂੰ ਦਿੱਲੀ ਦੀਆਂ ਸਰਕਾਰਾਂ ਨੇ ਦੋਹੀਂ ਹੱਥੀਂ ਲੁੱਟਿਆ, ਪਰ ਪੰਜਾਬੀ ਮਰਦੇ ਮਰਦੇ ਵੀ ਦੁਨੀਆਂ ਦੀ ਹਰ ਕੌਮ ਤੋਂ ਤਕੜੇ ਹਨ। ਦੇਸ਼ ਭਗਤ ਹਨ। ਬਿਨਾ ਵਜ੍ਹਾ ਨਹੀਂ ਕੈਨੇਡਾ ਵਰਗੇ ਦੇਸ਼ ਸਿੱਖ ਨੂੰ ਰੱਖਿਆ ਮੰਤਰੀ ਬਣਾ ਦਿੰਦੇ। ਹਾਥੀ ਜੇ ਤਿਹਾਇਆ ਹੋਵੇ ਤਾਂ ਵੀ ਉਸ ਦੇ ਢਿਡ ਵਿਚ ਗੋਡੇ ਗੋਡੇ ਪਾਣੀ ਜ਼ਰੂਰ ਹੁੰਦਾ ਹੈ। ਕਿਸਾਨੀ ਅੰਦੋਲਨ ਵਿਚ ਸ਼ਾਂਤੀ ਨਾਲ ਬੈਠੇ ਅਣਗਿਣਤ ਕਿਸਾਨ ਅੱਜ ਵੀ ਕਰੋੜਪਤੀ ਹਨ। ਬੇਘਰ ਹੋ ਕੇ ਬੈਠੇ ਆਪਣੀਆਂ ਫਸਲਾਂ ਦਾ ਵਾਜਬ ਮੁੱਲ ਮੰਗਦੇ ਬਹੁਤ ਸਾਰੇ ਕਿਸਾਨਾਂ ਦੇ ਘਰ ਲਗਜ਼ਰੀ ਕਾਰਾਂ ਖੜ੍ਹੀਆਂ ਹਨ। ਇਹ ਕਰੋੜਪਤੀਆਂ ਦਾ ਧਰਨਾ ਹੈ, ਇਨ੍ਹਾਂ ਨੂੰ ਮੰਗਤੇ ਨਾ ਸਮਝਿਓ।