ਕਿਸਾਨੀ ਸੰਘਰਸ਼ ਦੇ ਨਾਂ

ਮਨਜੀਤ ਕੌਰ ਸੇਖੋਂ
ਮਹੀਨੇ ਤੋਂ ਵੱਧ ਹੋ ਗਿਆ ਮੇਰੇ ਦੇਸ਼ ਦੇ ਕਿਸਾਨ ਆਪਣੇ ਮਨਾਂ ਨੂੰ ਹਾਲੀ ਬਣਾ ਕੇ, ਆਪਣੇ ਕਰਮ ਨੂੰ ਕਿਸਾਨੀ ਕਰਕੇ, ਮਿਹਨਤ ਮੁਸ਼ੱਕਤਾਂ ਦਾ ਪਾਣੀ ਲਾ ਕੇ, ਆਪਣੇ ਪਿੰਡਿਆਂ ਨੂੰ ਖੇਤ ਬਣਾ ਕੇ ਅਸਮਾਨ ਦੀ ਛੱਤ ਥੱਲੇ ਦਿੱਲੀ ਦੀਆਂ ਹੱਦਾਂ ’ਤੇ ਆਰ-ਪਾਰ ਦੀ ਜੰਗ ਲੜ੍ਹ ਰਹੇ ਹਨ। ਮਾਘ ਦਾ ਮਹੀਨਾ ਸੜਕਾਂ ’ਤੇ ਹੰਢਾ ਰਹੇ ਹਨ। ਇਹ ਬਾਬੇ ਨਾਨਕ ਦੀ ਕਿਸਾਨੀ ਹੈ, ਇਸ ਨੂੰ ਮਿਟਾਉਣ ਵਾਲਾ ਕੋਈ ਅਜੇ ਤੱਕ ਪੈਦਾ ਨਹੀਂ ਹੋਇਆ। ਸਾਡੇ ਤਾਂ ਰੋਮ ਰੋਮ ਵਿਚ ਕਿਸਾਨੀ ਹੈ। ਕਿਸਾਨੀ ਸਾਡਾ ਕਿੱਤਾ ਨਹੀਂ, ਸਾਡੀ ਬੰਦਗੀ ਹੈ।

ਸਾਡੇ ਅੰਨਦਾਤਾ ਸੱਚ ਦੇ ਮਾਰਗ ’ਤੇ ਹਨ, ਇਸ ਕਰਕੇ ਇਸ ਸੰਘਰਸ਼ ਨੂੰ ਦੇਸ਼-ਵਿਦੇਸ਼ ਤੋਂ ਸਤ ਪ੍ਰਤੀਸ਼ਤ ਸਮਰਥਨ ਮਿਲ ਰਿਹਾ ਹੈ। ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਠੰਢੇ ਬੁਰਜ ਵਿਚ ਰਹਿਣ ਦਾ ਅਹਿਸਾਸ ਅੱਜ ਇਨ੍ਹਾਂ ਮਰਜਿਊੜਿਆਂ ਨੂੰ ਵੀ ਹੋ ਰਿਹਾ ਹੈ। ਸੰਨ 1705 ਈ. ਵਿਚ ਵੀ ਅੱਤ ਦੇ ਪੰਜ ਮਹੀਨਿਆਂ ਬਾਅਦ ਖਾਲਸਾ ਰਾਜ ਦੀ ਸਥਾਪਨਾ ਹੋਈ। ਮੈਨੂੰ ਲੱਗਦਾ ਅਸੀਂ ਖਾਲਸਾ ਰਾਜ ਦੀ ਪਰਿਭਾਸ਼ਾ ਨੂੰ ਸੰਕੀਰਣ ਨਾ ਕਰੀਏ। ਖਾਲਸ ਤੋਂ ਭਾਵ ਇਸ ਵਿਚ ਵੱਸਣ ਵਾਲੇ ਲੋਕਾਂ ਦੀ ਸੋਚ ਵਿਚ ਖਾਲਿਸ ਭਾਵ ਸ਼ੁੱਧ ਸੋਚ ਹੋਵੇ, ਸ਼ੁਭ ਭਾਵਨਾਵਾਂ ਦੇ ਧਾਰਨੀ ਹੋਣ।
ਅਸੀਂ ਆਪਣੇ ਸੁਪਨਿਆਂ ਨੂੰ ਮੋਕਲੇ ਕਰੀਏ, ਧਰਤੀ ਦੇ ਇੱਕ ਟੋਟੇ ਦੀ ਥਾਂ ਸਾਰੀ ਧਰਤ ’ਤੇ ਖਾਲਸਾ ਰਾਜ ਦਾ ਸੁਪਨਾ ਤੱਕੀਏ। ਹਰਿਆਣਾ-ਪੰਜਾਬ ਇੱਕ ਹੋਣ ਦਾ ਸੁਪਨਾ ਲੈਣ ਦੇ ਨਾਲ-ਨਾਲ ਸਾਰੇ ਦੇਸ਼ ਨੂੰ ਪੰਜਾਬ ਨਾਲ ਜੋੜ ਲਈਏ, ਸਗੋਂ ਪਾਕਿਸਤਾਨ ਵੀ ਹੱਦਾਂ ਸਰਹੱਦਾਂ ਤੋਂ ਮੁਕਤ ਹੋ ਜਾਵੇ। ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ’ਚ ਸਭ ਭਾਈ-ਭਾਈ ਬਣਨ ਦੇ ਸੰਕਲਪ ਨਾਲ ਇਸ ਵਕਤ ਨਿੱਜੀ ਰੰਜਿਸ਼ਾਂ ਨੂੰ ਮਿਟਾ ਸਿਰਫ ਤੇ ਸਿਰਫ ਇੱਕ ਦੂਸਰੇ ਦੇ ਨੈਣਾਂ ਵਿਚ ਕਿਸਾਨੀ ਨੂਰ ਤੱਕੀਏ। ਇਸ ਵੱਡੀ ਮੁਹਿੰਮ ਨੂੰ ਸਰ ਕਰਨ ਲਈ ਇੱਕਮੁੱਠ ਹੋ ਜਾਈਏ। ਸੋਚ ਦਾ ਸੁੱਚਾ ਹੋਣਾ, ਖਾਲਿਸ ਹੋਣਾ ਤੇ ਜੀਵਨ ਦਾ ਮਨੋਰਥ ਸਦਾ ‘ਸਿੱਖੀ’ ਜਾਣਾ ਹੋਵੇ ਤਾਂ ਫਿਰ ਕੀ ਫਰਕ ਪੈਂਦਾ ਕਿਸੇ ਦਾ ਵਿਸ਼ਵਾਸ ਕਿੱਥੇ ਹੈ, ਅਕੀਦਾ ਕਿੱਥੇ ਹੈ!
ਕੁਝ ਦਿਨ ਪਹਿਲਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸੀ। ਕਿਸੇ ਨੇ ਸੁਭਾਵਿਕ ਹੀ ਕਿਸਾਨ ਧਰਨੇ ’ਤੇ ਬੈਠੇ ਮੁਸਲਮਾਨ ਵੀਰਾਂ ਵੱਲੋਂ ਲਾਏ ਲੰਗਰ ਦੀ ਪੋਸਟ ਸਾਂਝੀ ਕੀਤੀ। ਉਪਰੰਤ ਕੁਝ ਅਜਿਹੀਆਂ ਟਿੱਪਣੀਆਂ ਪੜ੍ਹੀਆਂ, ਜਿਨ੍ਹਾਂ ਨੂੰ ਪੜ੍ਹ ਕੇ ਖਦਸ਼ਾ ਜਿਹਾ ਹੋਣ ਲੱਗਾ ਮਤੇ ਸਾਡੀ ਏਕਤਾ ਨੂੰ ਖਰੋਂਚ ਨਾ ਆ ਜਾਵੇ। ਇੱਕ ਸੱਜਣ ਨੇ ਵੈਸੇ ਤਾਂ ਅਣਭੋਲ ਹੀ ਆਪਣੀ ਨਿਰਛਲ ਸ਼ਰਧਾ ’ਚੋਂ ਲਿਖਿਆ ਸੀ ਕਿ ਘੱਟੋ ਘੱਟ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਾਲੇ ਦਿਨ ਮੁਸਲਮਾਨਾਂ ਦੇ ਸਮਰਥਨ ਦੀ ਪੋਸਟ ਨਾ ਪਾਈ ਜਾਵੇ, ਪਰ ਜੇ ਅਸੀਂ ਆਪਣਾ ਤੀਸਰਾ ਨੇਤਰ ਖੋਲ੍ਹ ਕੇ ਵੇਖੀਏ ਤਾਂ ਉਨ੍ਹਾਂ ਮੁਸਲਮਾਨ ਵੀਰਾਂ ਦਾ ਇਤਿਹਾਸ ਫਰੋਲੀਏ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਦਾ ਦਰਜਾ ਦਿੱਤਾ।
ਇਤਿਹਾਸ ਵਾਚੀਏ, ਅਸੀਂ ਨਿਹੰਗ ਖਾਂ ਦਾ ਦੇਣ ਕਦੀ ਨਹੀਂ ਮੋੜ ਸਕਦੇ। ਔਰੰਗਜ਼ੇਬ ਦੇ ਖੌਫ ਤੋਂ ਬੇਖੌਫ ਹੋ ਕੇ ਦਸ਼ਮੇਸ਼ ਪਿਤਾ ਨੂੰ ਬੇਨਤੀ ਕੀਤੀ, “ਮਹਾਰਾਜ! ਮੇਰੇ ਗ੍ਰਹਿ ਚਰਨ ਪਾਉ।” ਚੱਪਾ ਚੱਪਾ ਕਲਗੀਧਰ ਦਾ ਵੈਰੀ ਹੈ। ਦੁਸ਼ਮਣ ਸੂਹ ਲੈਂਦਾ ਫਿਰਦਾ ਹੈ। ਕਲਗੀਧਰ ਪਿਤਾ ਜ਼ਖਮੀ ਸਿੰਘਾਂ ਦੇ ਨਾਲ ਨਿਹੰਗ ਖਾਨ ਦੇ ਘਰ ਠਹਿਰਦੇ ਹਨ। ਭਾਈ ਬਚਿੱਤਰ ਸਿੰਘ ਦੀ ਹਾਲਤ ਗਹਿਰੇ ਜ਼ਖਮਾਂ ਕਾਰਨ ਬਹੁਤ ਹੀ ਨਾਜ਼ਕ ਹੈ। ਜਾਣ ਗਏ ਕਿ ਨਾਲ ਲਿਜਾਣ ਜੋਗੇ ਨਹੀਂ, ਉੱਥੇ ਹੀ ਛੱਡ ਕੇ ਅਗਾਂਹ ਨੂੰ ਕੂਚ ਕਰ ਗਏ। ਦੁਸ਼ਮਣ ਸੂਹੀਏ ਦਗੜ-ਦਗੜ ਕਰਦੇ ਆ ਪਹੁੰਚੇ। “ਪਤਾ ਲੱਗਾ ਤੇਰੇ ਘਰ ਗੁਰੂ ਗੋਬਿੰਦ ਸਿੰਘ ਠਹਿਰੇ ਨੇ?” ਘਰ ਦੀ ਤਲਾਸ਼ੀ ਹੋ ਰਹੀ ਹੈ। ਨਿਹੰਗ ਖਾਂ ਨੇ ਭਾਈ ਬਚਿੱਤਰ ਸਿੰਘ ਵਾਲਾ ਦਰਵਾਜਾ ਬੰਦ ਕਰਕੇ ਬੇਟੀ ਮੁਮਤਾਜ਼ ਨੂੰ ਦੇਖਭਾਲ ਲਈ, ਓਹੜ ਪੋਹੜ ਕਰਨ ਲਈ ਅੰਦਰ ਬਿਠਾ ਦਿੱਤਾ। ਕੋਤਵਾਲ ਤੇ ਸਿਪਾਈਆਂ ਨੇ ਪੁੱਛਿਆ, “ਦਰਵਾਜਾ ਕਿਉਂ ਬੰਦ ਹੈ?” ਕਿਹਾ, “ਇਸ ਵਿਚ ਮੇਰੀ ਧੀ ਤੇ ਜਵਾਈ ਹਨ।” ਜ਼ਰਾ ਸੋਚੋ ਨਿਹੰਗ ਖਾਂ ਨੇ ਇਹ ਸ਼ਬਦ ਕਿਸ ਜ਼ੁਰਅਤ ਨਾਲ ਆਖੇ ਹੋਣਗੇ! ਭਾਈ ਬਚਿੱਤਰ ਸਿੰਘ ਸ਼ਹਾਦਤ ਦੀ ਸਰਦਲ ’ਤੇ ਸਨ ਤੇ ਉਹ ਜ਼ਿਆਦਾ ਜੀਅ ਨਹੀਂ ਸਕੇ।
ਕੁਝ ਅਰਸੇ ਬਾਅਦ ਬਾਪ ਨੇ ਮੁਮਤਾਜ਼ ਦੇ ਨਿਕਾਹ ਦੀ ਗੱਲ ਤੋਰਨੀ ਚਾਹੀ ਤਾਂ ਮੁਮਤਾਜ਼ ਬੋਲੀ, “ਅੱਬਾ! ਮੈਂ ਭਾਈ ਬਚਿੱਤਰ ਸਿੰਘ ਦੀ ਵਿਧਵਾ ਹਾਂ। ਤੁਸੀਂ ਉਸ ਦਿਨ ਖੁਦ ਹੀ ਦਾਮਾਦ ਤਸਲੀਮ ਕੀਤਾ ਸੀ। ਹੁਣ ਮੈਂ ਉਸ ਦੀ ਵਿਧਵਾ ਬਣ ਕੇ ਪਤੀਬ੍ਰਤਾ ਹੋ ਕੇ ਜੀਵਾਂਗੀ। ਮੁਮਤਾਜ਼ ਨੇ ਇੱਕ ਸੌ ਪੱਚੀ ਸਾਲ ਉਮਰ ਭੋਗੀ। ਇਹ ਹੁੰਦੇ ਨੇ ਧੀਆਂ ਦੇ ਸਿਦਕ।
ਯਾਦ ਕਰੀਏ ਸਾਈਂ ਮੀਆਂ ਮੀਰ ਜੀ ਨੂੰ। ਗੁਰੂ ਸਾਹਿਬ ਨੇ ਉਨ੍ਹਾਂ ਤੋਂ ਸਿੱਖਾਂ ਦੇ ਮਰਕਜ਼ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ। ਭਾਈ ਮਰਦਾਨਾ ਜੀ 56 ਸਾਲ ਗੁਰੂ ਨਾਨਕ ਦੇਵ ਜੀ ਨਾਲ ਰਹੇ। ਗ਼ਨੀ ਖਾਂ ਤੇ ਨਬੀ ਖਾਂ ਸਦਾ ਸਾਡੇ ਚੇਤਿਆਂ ਵਿਚ ਵੱਸਦੇ ਹਨ, ਜਿਹੜੇ ਗੁਰੂ ਪਾਤਿਸ਼ਾਹ ਨੂੰ ‘ਉੱਚ ਦਾ ਪੀਰ’ ਕਹਿ ਕੇ ਦੁਸ਼ਮਣ ਮੁਗਲਾਂ ਪਾਸੋਂ ਬਚਾ ਕੇ ਲੈ ਗਏ। ਸਾਹਿਬਜ਼ਾਦਿਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਖਾਂ ਮਲੇਰਕੋਟਲਾ ਅੱਗੇ ਅਸੀਂ ਸਦਾ ਨਤਮਸਤਕ ਰਹਾਂਗੇ।
ਅਸੀਂ ਇਨ੍ਹਾਂ ਪਾਕਿ ਰੂਹਾਂ ਨੂੰ ਸਿਜਦਾ ਕਰਨ ਦੀ ਥਾਂ ਔਰੰਗਜ਼ੇਬ ਬਾਰੇ ਕਿਉਂ ਸੋਚੀਏ? ਜਿਸ ਨੇ ਆਪਣੇ ਦੋ ਸਕੇ ਭਰਾਵਾਂ ਨੂੰ ਵੀ ਕਤਲ ਕਰਵਾਇਆ। ਇੱਕ ਦੀਆਂ ਅੱਖਾਂ ਕਢਵਾ ਦਿੱਤੀਆਂ। ਆਪਣੇ ਪਿਤਾ ਨੂੰ ਜੇਲ੍ਹ ਵਿਚ ਡੱਕਿਆ। ਆਪਣੀ ਸਕੀ ਭੈਣ ਨੂੰ ਪਿਤਾ ਦੀ ਦੇਖਭਾਲ ਕਰਨ ਬਹਾਨੇ ਜੇਲ੍ਹ ’ਚ ਸੁੱਟ ਦਿੱਤਾ। ਔਰੰਗਜ਼ੇਬ ਈਦ ਵਾਲੇ ਦਿਨ ਕੱਪੜੇ ਨਾਲ ਥਾਲੀ ਢੱਕ ਕੇ ਪਿਤਾ ਪਾਸ ਜੇਲ੍ਹ ਵਿਚ ਪਹੁੰਚਿਆ, ਪਿਤਾ ਨੇ ਸੋਚਿਆ ਕੋਈ ਈਦ ਦਾ ਨਜ਼ਰਾਨਾ ਲੈ ਕੇ ਆਇਐ, ਹੁਣ ਮੈਨੂੰ ਜੇਲ੍ਹ ਤੋਂ ਵੀ ਰਿਹਾ ਕਰ ਦੇਵੇਗਾ। ਕੱਪੜਾ ਚੁੱਕਿਆ ਤਾਂ ਵੇਖਿਆ ਔਰੰਗਜ਼ੇਬ ਆਪਣੇ ਸਕੇ ਭਰਾ ਦਾ ਸਿਰ ਕਲਮ ਕਰਕੇ ਪਿਤਾ ਨੂੰ ਪਰੋਸ ਰਿਹਾ ਸੀ। ਪਿਤਾ ਨੂੰ ਪਾਣੀ ਦੀ ਘੁੱਟ ਵੱਲੋਂ ਵੀ ਤਰਸਾ ਕੇ ਮਾਰਿਆ। ਔਰੰਗਜ਼ੇਬ ਨੇ ਨਾ ਕੋਈ ਭਾਣਜਾ ਬਖਸ਼ਿਆ, ਨਾ ਭਣੇਵਾਂ। ਫਿਰ ਉਹ ਗੁਰੂ ਸਾਹਿਬ ਦਾ ਕਿੱਥੋਂ ਸਕਾ ਹੋਣਾ ਸੀ, ਜੋ ਆਪਣੇ ਖੂਨ ਦੇ ਰਿਸ਼ਤਿਆਂ ਦਾ ਸਕਾ ਨਹੀਂ ਸੀ। ਉਹ ਮੋਰਚੇ ’ਤੇ ਬੈਠੇ ਇਨ੍ਹਾਂ ਮੁਸਲਮਾਨ ਵੀਰਾਂ ਦਾ ਵੀ ਨਹੀਂ ਸੀ।
ਆਓ, ਆਪਾਂ ਉਨ੍ਹਾਂ ਦੇ ਸਮਰਥਨ `ਚੋਂ ਬਾਬਾ ਫਰੀਦ ਜੀ ਦੇ ਦਰਸ਼ਨ ਕਰੀਏ, ਭਗਤ ਕਬੀਰ ਜੀ, ਸਾਈਂ ਮੀਆਂ ਮੀਰ ਦਾ, ਨਿਹੰਗ ਖਾਂ, ਗਨੀ ਖਾਂ, ਨਬੀ ਖਾਂ ਦਾ ਅਕਸ ਉਨ੍ਹਾਂ ਦੇ ਮਸਤਕ ਵਿਚੋਂ ਲੱਭੀਏ ਤੇ ਏਕੇ ਦਾ ਸਬੂਤ ਦੇ ਕੇ ਕੇਂਦਰ ਸਰਕਾਰ ਦੇ ਮਾੜੇ ਮਨਸੂਬਿਆਂ ਨੂੰ ਫੇਲ੍ਹ ਕਰੀਏ। ‘ਬਰਿਆਨੀ ਪਿੱਛੇ ਸ਼ਹਾਦਤ ਭੁਲਾ ਦਿੱਤੀ’ ਆਦਿ ਟਿੱਪਣੀਆਂ ਲਿਖ ਕੇ ਆਪਣੇ ’ਚ ਵਿਰਲਾਂ ਨਾ ਬਣਾ ਲਈਏ। ਇਸ ਕੜਾਕੇ ਦੀ ਠੰਢ ’ਚ ਇੱਕ ਦੂਜੇ ਦੀਆਂ ਸੁੱਚੀਆਂ ਭਾਵਨਾਵਾਂ ਨਾਲ ਨੇੜੇ-ਨੇੜੇ ਜੁੜ ਕੇ ਬੈਠੀਏ ਤੇ ਨਿੱਘ ਮਾਣੀਏ।
ਅੱਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਭਗਤ ਕਬੀਰ ਜੀ)
ਸਾਡੀ ਤੇ ਅਵੱਲ ਦੀ ਸਾਂਝ ਰਹੀ ਏ, ਅਜ਼ਲ ਦੀ ਸਾਂਝ ਏ। ਖੂਨ ਦੀ ਸਾਂਝ ਏ, ਮਿੱਟੀ ਦੀ ਸਾਂਝ ਏ। ਸਾਡੇ ਗੁਰੂਆਂ ਤੇ ਬਜੁਰਗਾਂ ਦੀ ਸਾਂਝ ਏ।
ਸਰੀਰ ਦੇ ਇੱਕ ਅੰਗ ’ਚ ਖਰਾਬੀ ਹੋਣ ’ਤੇ ਡਾਕਟਰ ਉਸ ਹਿੱਸੇ ਦੀ ਸਰਜਰੀ ਕਰ ਦਿੰਦਾ ਹੈ; ਸਾਰੇ ਸਰੀਰ ਨੂੰ ਕੱਟ ਕੇ ਨਹੀਂ ਸੁੱਟ ਦਿੰਦਾ। ਇਸ ਵੇਲੇ ਦੇਖਿਆ ਧਰਨੇ ’ਤੇ ਬੈਠੀਆਂ ਪਾਕ ਰੂਹਾਂ ’ਚ ਕੋਈ ਪਾਠ ਕਰ ਰਿਹਾ ਹੈ, ਕੋਈ ਹਵਨ ਕਰ ਰਿਹਾ, ਕੋਈ ਨਮਾਜ਼ ਪੜ੍ਹ ਰਿਹਾ ਹੈ। ਸਭ ਇੱਕ ਸਿਧਾਂਤ ’ਤੇ ਪਹਿਰਾ ਦੇ ਰਹੇ ਹਨ। ਇਹ ਕਿਰਤ ਕਰਨ ਵਾਲੇ ਹਨ, ਵੰਡ ਕੇ ਛੱਕਣ ਵਾਲੇ ਹਨ। ਅਨੇਕਤਾ ਵਿਚ ਏਕਤਾ ਪੈਦਾ ਕਰਨੀ ਹੀ ਸਾਡੀ ਯਕੀਨੀ ਜਿੱਤ ਦੀ ਪਹਿਲੀ ਪੌੜੀ ਹੈ।
ਖੁਆਰਿ ਹੋਇ ਸਭਿ ਮਿਲੇਂਗੇ ਬਚੇ ਸ਼ਰਣਿ ਜੋ ਹੋਇ॥
ਅਸੀਂ ਬਹੁਤ ਖੁਆਰੀ ਹੰਢਾਈ ਹੈ, ਹੁਣ ਇੱਕਮਿੱਕ ਹੋਣ ਦਾ ਵੇਲਾ ਹੈ। “ਮਿਲਬੇ ਦੀ ਮਹਿਮਾ ਬਰਨਿ ਨ ਸਾਕਉ”, ਇੱਕ ਇਕੱਲਾ ਦੋ ਗਿਆਰਾਂ, ਹੁਣ ਆਪਣਾ ਇੱਕਮੁੱਠ ਹੋਣ ਦਾ ਵਕਤ ਹੈ। ਛੋਟੀਆਂ-ਮੋਟੀਆਂ ਰੰਜਿਸ਼ਾਂ ਨੂੰ ਇਸ ਵੱਡੇ ਕਾਰਜ ਦੀ ਫਤਹਿ ਬਾਅਦ ਸੁਲਝਾ ਲਵਾਂਗੇ।
ਕਹਿੰਦੇ ਨੇ, ਰੱਬ ਨੂੰ ਪੰਛੀ ਚੰਗੇ ਲੱਗੇ ਤਾਂ ਉਹ ਨੇ ਪੰਛੀਆਂ ਲਈ ਰੁੱਖ ਪੈਦਾ ਕਰ ਦਿੱਤੇ। ਇਨਸਾਨ ਨੂੰ ਵੀ ਪੰਛੀ ਚੰਗੇ ਲੱਗੇ, ਉਹਨੇ ਪੰਛੀਆਂ ਦੇ ਮੋਹ ’ਚ ਪਿੰਜਰੇ ਬਣਾ ਦਿੱਤੇ। ਆਪਾਂ ਤਾਂ ਖੁੱਲ੍ਹੀ-ਡੁੱਲ੍ਹੀ, ਆਜ਼ਾਦ ਤੇ ਸਾਕਾਰ ਸੋਚ ਦੇ ਧਾਰਨੀ ਬਣਨਾ। ਇਨਸਾਨ ਦਾ ਜਿੱਥੇ ਬਹਿਣ-ਖਲੋਣ ਹੋਵੇ, ਉਸ ਦਾ ਕਿਰਦਾਰ ਐਡਾ ਹੋਵੇ ਕਿ ਉਹਦੇ ਜਾਣ ਤੋਂ ਬਾਅਦ ਪਿਛਲੇ ਉਹਦੇ ਕਿਰਦਾਰ ਦੀ ਉੱਚਤਾ ਦੀ ਗੱਲ ਕਰਨ। ਸੈਕਰਾਮੈਂਟੋ ਵਿਚ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ ਹੋਈ। ਸਮਰਥਕਾਂ ਦੀ ਅਣਗਿਣਤ ਭੀੜ ਵੇਖ ਕੇ ਰੂਹ ਗਦਗਦ ਹੋਈ; ਪਰ ਕੁਝ ਕੁ ਨਾਂਹਵਾਚੀ ਬੈਨਰਾਂ ਤੇ ਬੋਲਾਂ ਨੇ ਬੇਚੈਨ ਵੀ ਕੀਤਾ। ਬੈਨਰ ’ਤੇ ‘ਐਫ’ ਸ਼ਬਦ ਚੰਗਾ ਨਹੀਂ ਲੱਗਾ। ਕੁਝ ਕੁ ਨੂੰ ਤਾਂ ਮੈਂ ਇੱਥੇ ਅੰਕਿਤ ਕਰਨ ਦਾ ਹੀਆ ਨਹੀਂ ਕਰ ਸਕਦੀ। ਭਾਰਤ ’ਚ ਵੀ ਉਹ ਨਾਹਰੇ ਸੁਣਦੇ ਹਨ…ਮਰ ਗਿਆ…ਰੰਡੀ ਕਰ ਗਿਆ। ਤੇਰੇ ਜੀਜੇ ਆਏ ਜਾਂ ਫੁੱਫੜ ਆਏ ਜਾਂ ਹਾਇ ਹਾਇ ਕਰਨ ਦੀ ਥਾਂ ਕਿਉਂ ਨਾ ਅਸੀਂ ਆਪਣੇ ਮਿਸ਼ਨ ਦੀ ਸਾਕਾਰਤਾ ਲੈ ਕੇ ਚੱਲੀਏ ਜਿਵੇਂ ਜਿੱਤਾਂਗੇ ਬਈ ਜਿੱਤਾਂਗੇ…ਕਿਰਸਾਨ ਮੋਰਚਾ ਜਿੱਤਾਂਗੇ।
ਕਲਗੀਧਰ ਪਾਤਸ਼ਾਹ ਨੇ ਜਦੋਂ ਖੰਡੇ ਦੀ ਧਾਰ ’ਚੋਂ ਖਾਲਸਾ ਪੰਥ ਸਾਜ ਕੇ ਖੰਡੇ-ਬਾਟੇ ਦੀ ਪਾਹੁਲ ਦੇਣ ਦਾ ਸੰਕਲਪ ਕੀਤਾ ਤਾਂ ਮੇਰੇ ਅਲੋਕਾਰ ਗੁਰੂ ਦੀ ਦੂਰ ਅੰਦੇਸ਼ ਮਾਤਾ ਗੁਜਰੀ ਜੀ ਨੇ ਤਿਆਰ ਪਈ ਪਾਹੁਲ ਵਿਚ ਆ ਕੇ ਪਤਾਸੇ ਘੋਲ ਦਿੱਤੇ। ਇਸ਼ਾਰਾ ਸੀ, ਅਣਖ ਤੇ ਸੂਰਬੀਰਤਾ ਦੇ ਨਾਲ-ਨਾਲ ਜ਼ੁਬਾਨ ਦੀ ਮਿਠਾਸ ਵੀ ਅਤਿ ਲੋੜੀਂਦੀ ਹੈ। ਦਿੱਲੀ ਦੇ ਬਾਸ਼ਿੰਦਿਆਂ ਵਿਚ ਸਾਡੇ ਕਿਰਦਾਰ ਕਰਕੇ ਸਾਡੇ ਲਈ ਇੱਜਤ ਵਧੀ ਹੈ। ਇੱਕ ਬੀਬੀ ਤਾਂ ਮੋਹ ਵਿਚ ਆ ਕੇ ਇੱਥੋਂ ਤੱਕ ਵੀ ਕਹਿੰਦੀ ਸੁਣੀ ਗਈ ਕਿ ਮੈਂ ਚਾਹੁੰਦੀ ਹਾਂ ਕਿ ਮੋਦੀ ਇਹ ਮੰਗਾਂ ਨਾ ਮੰਨੇ। ਇਹ ਸਰਦਾਰ ਲੋਕ ਬਹੁਤ ਅੱਛੇ ਨੇ, ਸਾਨੂੰ ਛੱਡ ਕੇ ਨਾ ਜਾਣ। ਇੱਕ ਹੋਰ ਬੀਬਾ ਕਹਿ ਰਹੀ ਸੀ ਕਿ ਮੈਨੂੰ ਤਾਂ ਇਸ ਗੱਲ ਦਾ ਝੋਰਾ ਹੈ ਕਿ ਮੈਂ ਪੰਜਾਬ ਵਿਚ ਕਿਉਂ ਨਾ ਜੰਮੀ।
ਕੇਂਦਰ ਸਰਕਾਰ ’ਤੇ ਕੋਈ ਅਸਰ ਨਹੀਂ ਹੋ ਰਿਹਾ। ਹਰ ਰੋਜ਼ ਸਾਡੇ ਕਿਸਾਨਾਂ, ਸੰਘਰਸ਼ਕਾਰੀਆਂ ਦੀਆਂ ਸ਼ਹਾਦਤਾਂ ਹੋ ਰਹੀਆਂ ਨੇ। ਜਾਣਦੇ ਹਾਂ ਸਿਰ ਦਿੱਤਿਆਂ ਬਾਝ ਇਹ ਸਰਦਾਰੀਆਂ, ਇਹ ਹੱਕ ਬਹਾਲ ਕਰਨੇ ਸੌਖੇ ਨਹੀਂ।
ਦੇ ਦੇ ਕੁਰਬਾਨੀ ਵੀਰਾਂ ਦੀ,
ਹਰ ਕੌਮ ਚੜ੍ਹਦੀ ਜਵਾਨੀ ਏ।
ਕੌਮਾਂ ਦੇ ਸਿਰ ਤੇ ਰਹਿੰਦਾ ਏ,
ਹਰ ਦਮ ਅਹਿਸਾਨ ਸ਼ਹੀਦਾਂ ਦਾ।
ਚਾਹੇ ਇਹ ਸਿਰੜੀ ਯੋਧੇ ਇਤਿਹਾਸ ਸਿਰਜ ਰਹੇ ਨੇ, ਜੋ ਤਵਾਰੀਖ ਦੇ ਸੁਨਹਿਰੀ ਪੰਨਿਆਂ ’ਤੇ ਸ਼ਾਮਲ ਹੋ ਰਿਹਾ ਹੈ, ਇੰਜ ਅਮਰ ਹੋ ਜਾਣਾ ਸਿਦਕਵਾਨਾਂ ਦਾ ਹੀ ਨਸੀਬ ਹੁੰਦਾ, ਪਰ ਫਿਰ ਵੀ ਦੁਆ ਗੋ ਹਾਂ ਸਭ ਸੰਘਰਸ਼ਕਾਰੀ ਸਲਾਮਤ ਰਹਿਣ ਤੇ ਕੁਝ ਦਿਨਾਂ ਤੱਕ ਹੋਣ ਵਾਲੀ ਬਦੀ ’ਤੇ ਨੇਕੀ ਦੀ ਜਿੱਤ ਦਾ ਜਸ਼ਨ ਮਿਲ-ਜੁਲਕੇ ਮਨਾਉਣ। ਚਾਹੇ ਅੱਜ ਤਲਵਾਰਾਂ, ਗੋਲੀਆਂ, ਬੰਬਾਂ ਦਾ ਯੁੱਧ ਨਹੀਂ। ਕੰਪਿਊਟਰ ਯੁੱਗ ਵਿਚ ਜੰਗ ਦੇ ਤੌਰ ਤਰੀਕੇ ਤਾਂ ਬਦਲੇ ਨੇ, ਪਰ ਹੱਕ ਸੱਚ ਲਈ ਜੂਝਣ ਵਾਲਿਆਂ ਦੀ ਕੁਰਬਾਨੀ ਆਪਣਾ ਜਲੌਅ ਦਿਖਾਉਂਦੀ ਰਹਿੰਦੀ ਹੈ।
ਕਾਰਪੋਰੇਟ ਘਰਾਣਿਆਂ ਦੇ ਸਿਰ ’ਤੇ ਚੱਲਣ ਵਾਲੀ ਸਰਕਾਰ ਨਾਲ ਟੱਕਰ ਤਾਂ ਲੈਣੀ ਹੀ ਸੀ। ਜਿੱਤ ਜਾਣ ਜਾਂ ਮਿਟ ਜਾਣ ਦੇ ਪ੍ਰਣ ’ਤੇ ਇਹ ਸੰਘਰਸ਼ ਚੱਲ ਰਿਹਾ ਹੈ। ਇਸ ਵਿਚ ਕੋਈ ਵਿਚਾਲੇ ਸਮਝੌਤੇ ਦਾ ਰਸਤਾ ਨਹੀਂ। ਆਪਣੀ ਧਰਤੀ ਮਾਂ ਆਪਣੇ ਹੱਥੀਂ ਬਿਗਾਨੇ ਵੱਸ ਛੱਡ ਕੇ ਖਾਲੀ ਵਾਪਸ ਮੁੜਨ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਧਰਤੀ ਦਾ ਹਰ ਜੀਅ ਧਰਤੀ ’ਤੇ ਪੈਦਾ ਹੋਣ ਵਾਲੀ ਰਿਜਕ ਨਾਲ ਜੁੜਿਆ। ਸੋ ਇਹ ਸਿਰਫ ਕਿਸਾਨਾਂ ਦਾ ਸੰਘਰਸ਼ ਨਹੀਂ, ਧਰਤੀ ’ਤੇ ਸਾਹ ਲੈਣ ਵਾਲੀ ਹਰ ਬਸ਼ਰ ਦਾ ਸੰਘਰਸ਼ ਹੈ।
ਰੱਬ ਦਾ ਕੋਈ ਵੀ ਜੀਅ ਜੋ ਤਿੰਨ-ਚਾਰ ਮਹੀਨਿਆਂ ਤੋਂ ਆਪਣੀ ਸਿਹਤ, ਉਮਰ, ਘਰ-ਬਾਰ ਦੀ ਪ੍ਰਵਾਹ ਨਾ ਕਰਦਾ ਹੋਇਆ ਸੰਘਰਸ਼ ਵਿਚ ਸੜਕਾਂ ’ਤੇ ਜੂਝ ਰਿਹਾ ਹੈ, ਚਾਹੇ ਉਹ ਆਮ ਕਿਸਾਨ ਹੈ ਜਾਂ ਕਿਸਾਨਾਂ ਦਾ ਨੇਤਾ ਹੈ। ਸਭ ਦਾ ਅਦਬ ਕਰੀਏ, ਇੱਕ ਦੂਜੇ ਲਈ ਸਹਿਣਸ਼ੀਲ ਰਹੀਏ। ਜੇ ਕਿਸੇ ਦੇ ਵਿਚਾਰ, ਸੁਝਾਅ ਪਸੰਦ ਨਹੀਂ ਵੀ ਆਉਂਦੇ, ਨਜ਼ਰਅੰਦਾਜ਼ ਕਰ ਦੇਈਏ। ਵਿਰੋਧ ਕਰਕੇ, ਬਹਿਸ ਕਰਕੇ, ਕਟਾਖਸ਼ੀ ਬੋਲਾਂ ਨਾਲ ਕਿਸੇ ਦਾ ਮਨੋਬਲ ਨਾ ਡੇਗੀਏ। ਬਹੁਤੀ ਵਾਰੀ ਅਗਲੇ ਦੀ ਭਾਵਨਾ ਗਲਤ ਨਹੀਂ ਹੁੰਦੀ, ਪਰ ਢੁਕਵੇਂ ਸ਼ਬਦ ਨਹੀਂ ਅਹੁੜਦੇ। ਜੇ ਕੋਈ ਕਿਸੇ ਤਰ੍ਹਾਂ ਦੀ ਕੁਤਾਹੀ ਕਰਨ ਬਾਅਦ, ਘਰ ਦੇ ਸੁੱਖ ਤਿਆਗ ਕੇ ਮੋਰਚੇ ’ਚ ਸ਼ਾਮਲ ਹੋਣ ਆ ਗਿਆ ਤਾਂ ਇਸ ਨਾਜ਼ੁਕ ਘੜੀ ਗਲ ਲਾ ਲੈਣਾ ਹੀ ਦਿਆਨਤਦਾਰੀ ਹੈ। ਮੁਆਫ ਕਰਨ ਵਾਲਾ ਹਮੇਸ਼ਾ ਮਹਾਨ ਹੁੰਦਾ ਹੈ। ਕਿਸੇ ਦਾ ਚੱਲ ਕੇ ਆ ਜਾਣਾ ਹੀ ਉਸ ਦੇ ਪਛਤਾਵੇ ਦਾ ਸੂਚਕ ਹੁੰਦਾ। ਉਂਜ ਵੀ ਜਦੋਂ ਕਿਸੇ ਬਾਹਰਲੀ ਆਫਤ ਨਾਲ ਜੂਝਣਾ ਪੈ ਜਾਵੇ ਤਾਂ ਪਰਿਵਾਰ ਦੇ ਆਪਣੇ ਅੰਦਰੂਨੀ ਮਸਲੇ ਨਿਗੂਣੇ ਹੋ ਜਾਂਦੇ ਹਨ।
ਕੋਈ ਚੀਜ਼ ਕਿੰਨੀ ਵੀ ਬੇਅਮਲੀ ਤੇ ਫਜ਼ੂਲ ਹੋਵੇ, ਫਿਰ ਵੀ ਉਸ ਦੀ ਹੋਂਦ ਕੋਈ ਅਰਥ ਰੱਖਦੀ ਹੈ। ਜੇ ਘੜੀ ਵਕਤ ਦੱਸਣਾ ਬੰਦ ਕਰ ਦੇਵੇ ਤਾਂ ਵੀ ਚੌਵੀ ਘੰਟਿਆਂ ’ਚ ਦੋ ਵਾਰੀ ਸਹੀ ਵਕਤ ਦੱਸੇਗੀ। ਇੰਜ ਹੀ ਜੇ ਪਾਣੀ ਪੀਣ ਲਾਇਕ ਨਾ ਰਹੇ, ਕੂਰੇ ਪੈ ਗਏ ਹੋਣ, ਸੜ੍ਹਿਆਂਦ ਮਾਰਨ ਲੱਗ ਜਾਵੇ ਤਾਂ ਵੀ ਕਿਸੇ ਘਰ ਅਚਾਨਕ ਲੱਗੀ ਅੱਗ ਨੂੰ ਬੁਝਾਉਣ ਲਈ ਵਰਤ ਕੇ ਕਿਸੇ ਦਾ ਨੁਕਸਾਨ ਹੋਣ ਤੋਂ ਬਚਾ ਦਿੰਦਾ ਹੈ। ਸੋ ਅਸੀਂ ਨਿੱਕੀਆਂ ਰੰਜਿਸ਼ਾਂ ਨੂੰ ਖਤਮ ਕਰਨਾ ਹੈ, ਕਿਉਂਕਿ ਸਾਡਾ ਮਨੋਰਥ ਵੱਡਾ ਹੈ। ਕੁੱਲ ਮਨੁੱਖਤਾ ਸਾਡੇ ਨਾਲ ਹੈ। ਹਰ ਕੋਈ ਆਪੋ-ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਸਾਰੀ ਦੁਨੀਆਂ ਵਿਚ ਆਪੋ ਆਪਣੇ ਅਕੀਦੇ ਅਨੁਸਾਰ ਅਰਦਾਸਾਂ ਹੋ ਰਹੀਆਂ ਹਨ, ਪਾਠ ਹੋ ਰਹੇ ਹਨ। ਦੁਰਾਡੇ ਬੈਠੇ ਲੋਕ ਜੀਅ ਜਾਨ ਨਾਲ ਯੂ. ਐੱਨ. ਓ. ਨੂੰ ਪਟੀਸ਼ਨਾਂ ਪਾ ਰਹੇ ਹਨ। ਕੋਈ ਸਾਹਿਤ ਰਚ ਰਿਹਾ, ਕੋਈ ਜਾਨ ’ਤੇ ਖੇਡ ਕੇ ਇਤਿਹਾਸ ਰਚ ਰਿਹਾ ਹੈ।
ਇਹੋ ਜਿਹੇ ਘਾਤਕ ਕਾਨੂੰਨ ਬਹੁਤੇ ਮੁਲਕਾਂ ’ਚ ਪਹਿਲਾਂ ਹੀ ਲਾਗੂ ਹੋ ਚੁਕੇ ਹਨ। ਉਨ੍ਹਾਂ ਲਾਚਾਰ ਕੌਮਾਂ ਨੂੰ ਹੁਣ ਸਾਡੇ ਸੰਘਰਸ਼ ਦੀ ਕਾਮਯਾਬੀ ਨਾਲ ਬਹੁਤ ਸਾਰੀਆਂ ਉਮੀਦਾਂ ਹਨ। ਕਾਰਪੋਰੇਟ ਘਰਾਣਾ ਸਭ ਜਗ੍ਹਾ ਆਪਣੇ ਸਵਾਰਥ ਲਈ ਵਿਆਪਕ ਪੱਧਰ ’ਤੇ ਆਪਣੇ ਪੈਰ ਪਸਾਰ ਰਿਹਾ ਹੈ। ਐਮੇਜ਼ਾਨ ਦੇ ਪ੍ਰਭਾਵ ਥੱਲੇ ਬਹੁਤ ਵਧੀਆ ਚੱਲਦੇ ਸਟੋਰ ਬੰਦੇ ਹੋ ਚੁਕੇ ਹਨ। ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਇੱਕ ਮਿਸਾਲ ਆਪਣੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਤਾਂ ਜੋ ਉਨ੍ਹਾਂ ਨੂੰ ਕਿਸਾਨ ਬਿੱਲਾਂ ਦੀ ਸਮਝ ਆ ਸਕੇ।
ਸਾਡੇ ਇੱਕ ਲੋਕਲ ਸਟੋਰ ’ਤੇ ਟੁੱਥਬਰੁੱਸ਼ ਦੋ ਡਾਲਰ ਦਾ ਮਿਲਦਾ ਸੀ। ਕਦੀ ਦਿੱਕਤ ਨਹੀਂ ਹੋਈ, ਆਰਾਮ ਨਾਲ ਖਰੀਦ ਲਈਦਾ ਸੀ। ਅਚਾਨਕ ਆਨਲਾਇਨ ਐੱਡ ਵੇਖੀ, ਦੋ ਡਾਲਰ ਦੇ ਚਾਰ ਬਰੁੱਸ਼ ਤੇ ਸ਼ਿਪਿੰਗ ਫਰੀ। ਬੇਹੱਦ ਸਕੂਨ ਮਿਲਿਆ ਕਿ ਕਿੰਨੀ ਬੱਚਤ ਹੈ, ਫੇਰ ਸਟੋਰ ਤੱਕ ਜਾਣ ਦੀ ਵੀ ਲੋੜ ਨਹੀਂ। ਘਰ ਬੈਠਿਆਂ ਚੀਜਾਂ ਦਾ ਸੁੱਖ ਲਵੋ। ਵੇਂਹਦੇ-ਵੇਂਹਦੇ ਕੁੱਲ ਸਮਾਨ ਹੁਣ ਫਰੀ ਸ਼ਿਪਿੰਗ ਨਾਲ ਘਰ ਪਹੁੰਚਣ ਲੱਗਾ। ਸਿੱਟੇ ਵਜੋਂ ਲੋਕਲ ਸਟੋਰ ਬੰਦ ਹੋਣ ਲੱਗੇ। ਖਾਲੀ ਇਮਾਰਤਾਂ ਭਾਂ-ਭਾਂ ਕਰਨ ਲੱਗੀਆਂ। ਲੋਕੀਂ ਬੇਰੁਜ਼ਗਾਰ ਹੋਣ ਲੱਗੇ। ਘਰਾਂ ਦੀਆਂ ਕਿਸ਼ਤਾਂ ਨਾ ਦੇ ਹੋਈਆਂ, ਘਰ ਬੈਂਕਾਂ ਨੂੰ ਮੁੜਨ ਲੱਗੇ। ਅਸੀਂ ਵੱਡੇ ਛੱਲ ਤੋਂ ਬੇਖਬਰ ਸਾਂ। ਆਨਲਾਈਨ ਸਮਾਨ ਅਸੀਂ ਟੋਹ ਕੇ ਨਹੀਂ ਦੇਖ ਸਕਦੇ। ਬਹੁਤੀ ਵਾਰੀ ਇਹ ਨਿਰਾ ਛਲਾਵਾ ਹੁੰਦਾ। ਬੇਪਸੰਦ ਚੀਜ਼ ਨੂੰ ਵਾਪਸ ਮੋੜਨ ਦਾ ਖਰਚਾ ਬਹੁਤ ਪੈਂਦਾ। ਫੇਰ ਉਹ ਗਾਰਬੇਜ਼ ਗਲ ਹੀ ਪੈ ਜਾਂਦਾ।
ਲੋਕਲ ਸਟੋਰਾਂ ਤੋਂ ਚੀਜਾਂ ਖਰੀਦਣ ਲਈ ਘਰੋਂ ਨਿਕਲਦੇ ਸਾਂ, ਲੋਕਾਂ ਨਾਲ ਮੇਲ-ਜੋਲ ਵੱਧਦਾ ਸੀ। ਤੁਰਦੇ-ਫਿਰਦਿਆਂ ਕਸਰਤ ਹੁੰਦੀ ਸੀ। ਸਭ ਕੁਝ ਖਤਮ ਹੋ ਗਿਆ। ਇਨਸਾਨ ਅੰਦਰੋਂ ਬਹੁਤ ਇਕੱਲਾ ਹੋ ਗਿਆ। ਕੁਦਰਤੀ ਹੋਣ ਵਾਲੀ ਕਸਰਤ, ਹਿਲਜੁੱਲ ਬੰਦ ਹੋ ਗਈ। ਹੁਣ ਜ਼ਿਆਦਾ ਸਮਾਂ ਬੰਦ ਕਮਰੇ ’ਚ, ਸੋਸ਼ਲ ਮੀਡੀਆ ’ਤੇ ਗੁਜ਼ਰਦਾ। ਇਨਸਾਨ ਤਣਾਓ ’ਚ ਹੈ, ਫੇਸਬੁੱਕ ’ਤੇ ਸੌ ਦੋਸਤ ਹਨ, ਪਰ ਅਸਲ ਜ਼ਿੰਦਗੀ ’ਚ ਕੋਈ ਨਹੀਂ। ਹੁਣ ਕਾਰਪੋਰੇਟ ਕੰਪਨੀ ਨੇ ਅਪਾਹਜ ਕਰਕੇ ਟੁੱਥਬਰੁਸ਼ ਚਾਰ ਡਾਲਰ ਦਾ ਕਰ ਦਿੱਤਾ ਹੈ। ਸੇਲ ਟੈਕਸ ਤੇ ਸ਼ਿਪਿੰਗ ਦੇ ਖਰਚੇ ਵੱਖਰੇ। ਕਈ ਵਾਰੀ ਚੋਰੀ ਹੋਣ ਦੇ ਡਰੋਂ ਜਾਂ ਤਾਂ ਚੀਜ਼ ’ਤੇ ਇੰਸ਼ੋਰੈਂਸ ਖਰੀਦੋ ਜਾਂ ਘਰ ਅੱਗੇ ਸੀ. ਸੀ. ਟੀ. ਵੀ. ਕੈਮਰੇ ਲਾਓ।
ਹੁਣ ਅਮੀਰ ਹੋਰ ਅਮੀਰ ਹੋ ਗਏ, ਜੋ ਕੁੱਲ ਆਬਾਦੀ ਦਾ ਇੱਕ ਅੱਧਾ ਪ੍ਰਤੀਸ਼ਤ ਹੁੰਦਾ। ਔਸਤਨ ਆਦਮੀ ਗੁਰਬਤ ਦੀ ਰੇਖਾ ਤੋਂ ਹੇਠਾਂ ਚਲਾ ਗਿਆ। ਮਾਨਸਿਕ ਤਣਾਓ ਵੱਖਰਾ। ਆਮਦਨ ਘੱਟ ਹੋਣ ਕਰਕੇ ਕਿਸੇ ਤਰ੍ਹਾਂ ਦੇ ਲੋਨ ਲਈ ਕੁਆਲੀਫਾਈ ਨਹੀਂ ਹੁੰਦਾ। ਸਭ ਪਾਸੇ ਆਮ ਬੰਦੇ ਦਾ ਸੋਸ਼ਣ।
ਇਹੀ ਕੁਝ ਕੇਂਦਰ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ। ਕਾਰਪੋਰਟ ਘਰਾਣੇ ਦੀਆਂ ਲਾਲਚੀ ਨਜ਼ਰਾਂ ਹੁਣ ਕਿਸਾਨਾਂ ਦੀ ਧਰੋਹਰ ਜ਼ਮੀਨ ’ਤੇ ਹਨ, ਕਿਉਂਕਿ ਕਿਸਾਨ ਤਾਂ ਕਰੋਨਾ ਮਹਾਮਾਰੀ ਸਮੇਂ ਵੀ ਸਭ ਦਾ ਪੇਟ ਪਾਲਦੇ ਰਹੇ। ਏਕੇ ਵਿਚ ਬਰਕਤ ਹੁੰਦੀ ਹੈ। ਅਸੀਂ ਖਮਿਆਜ਼ਾ ਭੁਗਤਣ ਵਾਲੇ ਜ਼ਿਆਦਾ ਹਾਂ। ਚਿੜੀਆਂ ਦੇ ਖੇਤ ਚੁੱਗ ਲੈਣ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਇਸ ਸੰਘਰਸ਼ ਨੇ ਜਵਾਨੀ ਤੇ ਕਿਸਾਨੀ ਨੂੰ ਇੱਕ ਕੀਤਾ ਹੈ। ਕੋਈ ਅਲੋਕਾਰ ਹੋ ਰਿਹਾ ਹੈ। ਸਵੇਰ ਦੇ ਭੁੱਲੇ ਸ਼ਾਮ ਨੂੰ ਘਰੀਂ ਪਰਤਣ ਲੱਗੇ ਨੇ। ਸ਼ਰੀਕਾਂ ਦੀਆਂ ਲੂੰਬੜ ਚਾਲਾਂ ਦੀ ਸਮਝ ਪੈਣ ਲੱਗੀ ਹੈ। ਭਾਈ ਨੇ ਭਾਈ ਨੂੰ ਪਛਾਣ ਲਿਆ ਹੈ। ਸਾਨੂੰ ਆਪਣੇ ਮੂਲ ਦੀ ਪਛਾਣ ਆਉਣ ਲੱਗੀ ਹੈ, ਅਸੀਂ ਆਪਣੇ ਵਿਰਸੇ ਵੱਲ ਮੁੜੇ ਹਾਂ। ਉਹ ਦਿਨ ਦੂਰ ਨਹੀਂ, ਜਦੋਂ ਜਿੱਤ ਸਾਡੇ ਨਾਂ ਹੋਵੇਗੀ ਤੇ ਅਸੀਂ ਸਾਰੇ ਕਿਸਾਨ ਚਾਈਂ-ਚਾਈਂ ਆਪਣੇ ਹੱਕ ਲੈ ਕੇ, ਆਪਣੀ ਜਿੱਤ ਲੈ ਕੇ, ਵਾਪਸ ਆਪਣੇ ਘਰੀਂ ਪਰਤਾਂਗੇ। ਉਸ ਰਾਤ ਸਾਡੀ ਦੀਵਾਲੀ ਦੀ ਰਾਤ ਹੋਵੇਗੀ, ਜਦ ਹਰ ਕਿਸਾਨ ਦੇ ਬਨੇਰੇ ’ਤੇ ਜਿੱਤ ਦੇ ਦੀਪ ਬਲਣਗੇ। ਆਮੀਨ! ਸ਼ਾਲਾ ਉਹ ਘੜੀ ਛੇਤੀ ਆਵੇ!