ਪ੍ਰਿੰ. ਸਰਵਣ ਸਿੰਘ
ਪ੍ਰੋ. ਜਸਵੰਤ ਸਿੰਘ ਗੰਡਮ ਪੇਸ਼ੇ ਵਜੋਂ ਅੰਗਰੇਜ਼ੀ ਦਾ ਲੈਕਚਰਾਰ ਰਿਹੈ, ਪਰ ਸ਼ੌਕ ਵਜੋਂ ਅੰਗਰੇਜ਼ੀ ਤੇ ਪੰਜਾਬੀ ਦਾ ਪੱਤਰਕਾਰ ਹੈ। ਉਹ ਕੁਝ ਸਮਾਂ ਪੰਜਾਬ ਦੇ ਸਾਬਕਾ ਗਵਰਨਰ ਸਿਧਾਰਥ ਸੰ਼ਕਰ ਰੇਅ ਦਾ ਦੁਭਾਸ਼ੀਆ ਵੀ ਰਿਹਾ। ਹੁਣ ਦਰਜਨ ਦੇ ਕਰੀਬ ਸਭਾ ਸੁਸਾਇਟੀਆਂ ਦਾ ਅਹੁਦੇਦਾਰ ਤੇ ਮੈਂਬਰ ਹੈ। ਉਹਦੇ 400 ਤੋਂ ਵੱਧ ਅਖਬਾਰੀ ਆਰਟੀਕਲ ਛਪ ਚੁਕੇ ਹਨ, ਜਿਨ੍ਹਾਂ ਦੀ ਵਾਰਤਕ ਸ਼ੈਲੀ ਬੜੀ ਦਿਲਚਸਪ ਹੈ। ਉਹਦੀ ਵੰਨ-ਸੁਵੰਨੇ ਲੇਖਾਂ ਦੀ ਇਕ ਪੁਸਤਕ ‘ਕੁਛ ਤੇਰੀਆਂ ਕੁਛ ਮੇਰੀਆਂ’ ਦਸੰਬਰ 2019 `ਚ ਰਿਲੀਜ਼ ਹੋਈ।
ਉਸ ਵਿਚਲੇ ‘ਮੌਤ ਦਾ ਵਰ੍ਹਾ’ ਲੇਖ ਵਿਚ ਉਸ ਨੇ ਲਿਖਿਆ ਹੈ ਕਿ ਜਦੋਂ ਵੀ ਮੈਂ ਆਰ. ਕੇ. ਨਰਾਇਣ ਦੀ ਕਹਾਣੀ ‘ਨਜੂਮੀ ਦਾ ਦਿਨ’ ਕਲਾਸ ਨੂੰ ਪੜ੍ਹਾਉਂਦਾ ਹਾਂ ਤਾਂ ਮੈਨੂੰ ਆਪਣੀ ਹੱਡਬੀਤੀ ਚੇਤੇ ਆ ਜਾਂਦੀ ਹੈ। ਇਕ ਨਾਮਵਰ ਨਜੂਮੀ ਨੇ ਦਸੰਬਰ 1980 ਦੇ ਆਖਰੀ ਹਫਤੇ, ਮੇਰੇ 1980 `ਚ ਹੀ ਮਰ ਜਾਣ ਦੀ ਭਵਿੱਖਵਾਣੀ ਕੀਤੀ ਸੀ, ਯਾਨਿ ਪ੍ਰੋ. ਗੰਡਮ ਦੇ ਮਰਨ ਤੋਂ ਸਿਰਫ ਹਫਤਾ ਕੁ ਪਹਿਲਾਂ। ਉਹ ਜੋਤਿਸ਼ੀ ਤਾਂ ਸੁੱਖ ਨਾਲ ਕਦੋਂ ਦਾ ਸਵਰਗ ਸਿਧਾਰ ਚੁੱਕੈ, ਪਰ ਮੈਨੂੰ ਪਤਾ ਨਹੀਂ ਕਿਉਂ ਅਜੇ ਤਕ ਧਰਮ ਰਾਜ ਦਾ ਸੱਦਾ ਨਹੀਂ ਮਿਲਿਆ? ਸ਼ਾਇਦ ਕੋਈ ਸੀਟ ਖਾਲੀ ਨਾ ਹੋਵੇ। ਮੇਰਾ ਜੁੱਸਾ ਸੁੱਖ ਨਾਲ ਹੈ ਵੀ ਕੁਇੰਟਲ ਕੁ ਦਾ, ਜਿਸ ਲਈ ਸੀਟ ਵੀ ਉਹੋ ਜਿਹੀ ਚਾਹੀਦੀ ਹੈ!
1980 ਤਕ ਪਹੁੰਚਦਿਆਂ ਮੈਂ ਲੈਕਚਰਾਰ ਲੱਗ ਚੁਕਾ ਸਾਂ। ਉਮਰ ਪੱਕਦੀ ਜਾ ਰਹੀ ਸੀ, ਪਰ ਮੇਰੇ ਵਿਆਹ ਦਾ ਜੁਗਾੜ ਨਹੀਂ ਸੀ ਹੋ ਰਿਹਾ। ਦੋਸਤਾਂ ਮਿੱਤਰਾਂ ਨੂੰ ਚਿੰਤਾ ਹੋਣ ਲੱਗੀ, ਕਿਧਰੇ ਕੁਆਰਿਆਂ ਦੀ ਕੈਟੇਗਰੀ `ਚੋਂ ਨਿਕਲ ਕੇ ਛੜਿਆਂ ਦੀ ਲਿਸਟ ਵਿਚ ਨਾ ਆ ਜਾਵਾਂ। ਇਕ ਬੇਲੀ ਤਾਂ ਐਨਾ ਫਿਕਰਮੰਦ ਹੋਇਆ ਕਿ ਮੈਨੂੰ ਜੋਤਿਸ਼ੀ ਕੋਲ ਲਿਜਾਣ ਲਈ ਜ਼ੋਰਦਾਰ ਇਸਰਾਰ ਕਰਨ ਲੱਗਾ। ਮੇਰਾ ਜੋਤਿਸ਼ਬਾਜ਼ੀ ਵਿਚ ਕੋਈ ਵਿਸ਼ਵਾਸ ਨਹੀਂ ਸੀ। ਮੈਂ ਨਾਂਹ ਨੁੱਕਰ ਕਰ ਰਿਹਾ ਸਾਂ। ਉਹਦੀ ਪਤਨੀ ਇਸ ਮਾਮਲੇ ਵਿਚ ਪਤੀ ਦਾ ਹੀ ਸਾਥ ਦੇ ਰਹੀ ਸੀ। ਸੋ, ਮਰਦੀ ਨੇ ਅੱਕ ਚੱਬ ਹੀ ਲਿਆ।
ਜੋਤਿਸ਼ੀ ਕਦੇ ਮੇਰੇ ਵੱਲ ਤੇ ਕਦੇ ਪੱਤਰੀ ਵੱਲ ਵਾਰ ਵਾਰ ਵੇਖਦੇ ਹੋਇਆ ਬੋਲਿਆ, “ਇਹ ਪ੍ਰਾਇਮਰੀ ਤੋਂ ਵੀ ਘੱਟ ਪੜ੍ਹਿਆ ਲੱਗਦੈ।” ਮੇਰੀ ਥਾਂ ਦੋਸਤ ਬੋਲਿਆ, “ਇਹ ਤਾਂ ਗਰੈਜੂਏਟਾਂ ਨੂੰ ਪੜ੍ਹਾਉਂਦੈ।” ਫਿਰ ਉਸ ਨੇ ਟੇਵਾ ਲਾਇਆ ਕਿ ਸ਼ਰਾਬੀ ਕਬਾਬੀ ਹੋਊ। ਜਵਾਬ ਮਿਲਿਆ, ਅਸਲੋਂ ਸੋਫੀ ਹੈ। ਫਿਰ ਵਿਭਚਾਰੀ, ਅੱਯਾਸ਼ ਤੇ ਜੂਏਬਾਜ਼ ਹੋਣ ਦੇ ਟੇਵੇ ਲੱਗੇ, ਜੋ ਗਲਤ ਨਿਕਲੇ। ਅਖੀਰ ਜੋਤਿਸ਼ੀ ਨੇ ਵਿਆਹ ਦੀ ਗੱਲ ਛੱਡ ਕੇ ‘ਜੋਤਿਸ਼ਵਾਣੀ’ ਕਰ ਦਿੱਤੀ ਕਿ ਇਹਦੀ ਮ੍ਰਿਤੂ 1980 ਵਿਚ ਨਿਸ਼ਚਿਤ ਹੈ। ਦੋਸਤ ਨੇ ਉਪਾਅ ਪੁੱਛਿਆ ਤਾਂ ਜੋਤਿਸ਼ੀ ਨੇ ਜੇਬ ਵਿਚ ਬਿੱਲੀ ਦੀ ਜੇਰ ਰੱਖਣ, ਚਾਂਦੀ ਦੀਆਂ ਚਾਰ ਗਊਆਂ ਮਨਸਣ ਅਤੇ ਅੱਠ ਕਿੱਲੋ ਮਾਂਹ ਵਗਦੇ ਪਾਣੀ `ਚ ਤਾਰਨ ਦੀ ਤਾਕੀਦ ਕੀਤੀ। ਮੈਂ ਅਜਿਹਾ ਉਪਾਅ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਜੋਤਿਸ਼ੀ ਨੂੰ ਜਵਾਬ ਦੇਣ ਦਾ ਜਲਵਾ ਵੇਖੋ ਕਿ ਮੇਰੇ ਵਿਆਹ ਦਾ ਜੁਗਾੜ ਬਣ ਗਿਆ ਤੇ 1980 `ਚ ਮਰਦਾ-ਮਰਦਾ ਅੱਜ ਤਕ ਨਹੀਂ ਮਰਿਆ। ਮੇਰਾ ਤਰਕ ਹੈ ਕਿ ਪੁੱਛਾਂ-ਪੱਤਰੀਆਂ, ਤਾਘੇ-ਤਵੀਤ, ਰਾਹੂ-ਕੇਤੂ, ਓਝੇ-ਝਾੜੇ, ਮੜ੍ਹੀ-ਮਸਾਣ ਸਭ ਕਮਜ਼ੋਰ ਪਲਾਂ ਦੀ ਪੈਦਾਇਸ਼ ਹਨ। ਜੀਵਨ ਮੇਲਾ ਵੀ ਹੈ ਤੇ ਝਮੇਲਾ ਵੀ। ਉਤਸਵ ਵੀ ਤੇ ਮਾਤਮ ਵੀ। ਫਿਰ ਜੀਵਨ ਦੇ ਜਸ਼ਨ ਵਿਚ ਮੌਤ ਦੀ ਮੌਤੋਂ ਪਹਿਲਾਂ ਹੀ ਚਿੰਤਾ ਲਾ ਕੇ ਜਿਉਂਦੇ-ਜੀਅ ਆਪਣੀ ਚਿਤਾ ਕਿਉਂ ਬਾਲੀਏ? ਜਿ਼ੰਦਗੀ ਜਿ਼ੰਦਾਦਿਲੀ ਕਾ ਨਾਮ ਹੈ, ਮੁਰਦਾਦਿਲ ਕਯਾ ਖਾਕ ਜੀਆ ਕਰਤੇ ਹੈਂ!
ਜਸਵੰਤ ਸਿੰਘ ਦਾ ਜਨਮ 15 ਮਈ 1951 ਨੂੰ ਪਿੰਡ ਗੰਢਵਾਂ ਦੇ ਬਾਨੀ ਸਰਪੰਚ ਪ੍ਰੀਤਮ ਸਿੰਘ ਗੰਡਮ ਦੇ ਕਿਸਾਨ ਘਰ `ਚ ਹੋਇਆ। ਛੋਟੀ ਉਮਰੇ ਡੰਗਰ ਚਾਰੇ, ਮੱਝਾਂ ਦੀਆਂ ਪੂਛਾਂ ਫੜ ਕੇ ਛੱਪੜਾਂ `ਚ ਤਾਰੀਆਂ ਲਾਈਆਂ, ਡੱਡੂ ਫੜੇ ਤੇ ਵੱਡਾ ਹੋ ਕੇ ਘਰਦਿਆਂ ਨਾਲ ਖੇਤੀ ਕਰਨ ਵਿਚ ਹੱਥ ਵਟਾਇਆ। ਤਦੇ ਬੁੱਢੇਵਾਰੇ ਕਿਸਾਨ ਅੰਦੋਲਨ ਵਿਚ ਦਿੱਲੀ ਦੇਖੀ। ਪਿੰਡਾਂ ਦੀ ਖੁੰਢ ਚਰਚਾ ਅਜੇ ਵੀ ਉਹਦੀ ਪੱਤਰਕਾਰੀ ਦੇ ਕੰਮ ਆਈ ਜਾਂਦੀ ਹੈ। ਪੜ੍ਹਾਈ `ਚ ਉਹ ਮੁੱਢੋਂ ਹੀ ਹੁਸਿ਼ਆਰ ਰਿਹਾ। ਬੀ. ਏ. ਆਨਰਜ਼ ਵਿਚੋਂ ਗੋਲਡ ਮੈਡਲ ਲੈ ਕੇ ਤੇ ਜਲੰਧਰੋਂ ਅੰਗਰੇਜ਼ੀ ਦੀ ਐੱਮ. ਏ. ਕਰ ਕੇ ਪਿੰਡ ਦੇ ਨੇੜਲੇ ਸ਼ਹਿਰ ਫਗਵਾੜੇ ਲੈਕਚਰਾਰ ਲੱਗ ਗਿਆ। ਖੇਡਾਂ ਦਾ ਸ਼ੌਕ ਪੇਂਡੂ ਖੇਡਾਂ ਤੋਂ ਹੀ ਜਾਗ ਪਿਆ ਸੀ, ਜੋ ਸ਼ਹਿਰ ਆ ਕੇ ਹੋਰ ਵਧਿਆ ਫੁੱਲਿਆ। ਗੁਰੂ ਨਾਨਕ ਕਾਲਜ, ਫਗਵਾੜਾ ਕੁਸ਼ਤੀ ਦਾ ਕੋਚਿੰਗ ਕੇਂਦਰ ਸੀ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੁਸ਼ਤੀ ਚੈਂਪੀਅਨਸਿ਼ਪ ਜਿੱਤਦਾ ਤੇ ਯੂਨੀਵਰਸਿਟੀ ਨੂੰ ਇੰਟਰ`ਵਰਸਿਟੀ ਚੈਂਪੀਅਨਸਿ਼ਪ ਜਿਤਾਉਂਦਾ ਪ੍ਰੋ. ਗੰਡਮ ਹੋਣਹਾਰ ਪਹਿਲਵਾਨ ਵਿਦਿਆਰਥੀਆਂ ਨੂੰ ਘਿਉ ਦੇ ਪੀਪੇ ਖੁਆ ਕੇ ਖੁਸ਼ ਹੁੰਦਾ। ਅਖਬਾਰਾਂ `ਚ ਉਨ੍ਹਾਂ ਦੀ ਸਿਫਤ ਸਾਲਾਹ ਕਰਦਾ।
ਉਹ ਸਮਝਦਾ ਹੈ ਕਿ ਨੌਜੁਆਨਾਂ ਨੂੰ ਨਸਿ਼ਆਂ ਤੇ ਮਾੜੀਆਂ ਅਲਾਮਤਾਂ ਵੱਲੋਂ ਮੋੜਨ ਦਾ ਸਭ ਤੋਂ ਵਧੀਆ ਬਦਲ ਉਨ੍ਹਾਂ ਨੂੰ ਖੇਡਾਂ ਦੇ ਰਾਹ ਪਾਉਣਾ ਹੈ। ਖੇਡਾਂ ਬੰਦੇ ਨੂੰ ਸੰਵਾਰਦੀਆਂ, ਸ਼ਿੰਗਾਰਦੀਆਂ ਅਤੇ ਨਿਖਾਰਦੀਆਂ ਹਨ। ਖੇਡਾਂ ਦਾ ਨਸ਼ਾ ਨਿਆਰਾ ਤੇ ਸਿਹਤਯਾਬ ਹੁੰਦਾ ਹੈ। ਇਸ ਪ੍ਰਸੰਗ ਵਿਚ ਉਹ ਖਿਡਾਰੀਆਂ ਦੀ ਹੱਲਾਸ਼ੇਰੀ ਵਿਚ ਮਾਈਕ ਤੋਂ ਬੋਲ ਕੇ, ਅਖਬਾਰਾਂ `ਚ ਲਿਖ ਕੇ, ਖੁਰਾਕ ਤੇ ਮਾਇਕ ਮਦਦ ਦੇ ਕੇ ਖੇਡ ਖੇਤਰ ਦੀ ਸੇਵਾ ਕਰਦਾ ਆ ਰਿਹੈ। ਜੇ. ਸੀ. ਟੀ. ਫਗਵਾੜਾ ਦੀ ਫੁੱਟਬਾਲ ਕਲੱਬ ਦਾ ਉਹ ਸਰਗਰਮ ਹਮਾਇਤੀ ਹੈ। ਉਸ ਨੇ ਕਲੱਬ ਬਾਰੇ, ਕਲੱਬ ਦੇ ਕੋਚ ਜਗੀਰ ਸਿੰਘ ਵਿਰਕ, ਫੁੱਟਬਾਲ ਦੇ ਏਸ਼ੀਆ ਸਟਾਰ ਇੰਦਰ ਸਿੰਘ, ਕੋਚ ਸੁਖਵਿੰਦਰ ਸੁੱਖੀ ਧਿਆਨ ਚੰਦ ਅਵਾਰਡੀ ਤੇ ਹੋਰ ਕਈ ਨਾਮਵਰ ਖਿਡਾਰੀਆਂ ਬਾਰੇ ਰੂਹ ਨਾਲ ਲਿਖਿਆ ਹੈ। ਉਹ ਬਹੁਗੁਣੇ ਸੱਜਣਾਂ ਗੁਰਮੀਤ ਸਿੰਘ ਪਲਾਹੀ, ਕੁਸ਼ਤੀ ਕੋਚ ਸੋਂਧੀ, ਵਿਰਕ, ਸੁੱਖੀ ਤੇ ਸੀਤਲ ਸਿੰਘ ਡੀ. ਪੀ. ਈ. ਦੇ ਅਜੇ ਵੀ ਅੰਗ-ਸੰਗ ਵਿਚਰ ਰਿਹੈ। ਉਸ ਦਾ ਖੇਡਾਂ ਦੇ ਟੂਰਨਾਮੈਂਟ ਕਰਵਾਉਣ ਵਿਚ ਚੋਖਾ ਯੋਗਦਾਨ ਹੈ ਤੇ ਸਾਹਿਤਕ ਸਰਗਰਮੀਆਂ ਵਿਚ ਵੀ ਸ਼ਮੂਲੀਅਤ ਕਰਦਾ ਹੈ। ਦੇਸ਼ ਵਿਦੇਸ਼ ਦੀਆਂ ਗੋਸ਼ਟੀਆਂ ਵਿਚ ਭਾਗ ਲਿਆ ਤੇ ਅਧਿਆਪਕ ਯੂਨੀਅਨਾਂ ਵਿਚ ਵੀ ਬਣਦਾ-ਸਰਦਾ ਰੋਲ ਨਿਭਾਇਆ ਹੈ। ਉਹ ਫਗਵਾੜੇ ਦੀ ਰੌਣਕ ਹੈ, ਸ਼ਾਨ ਹੈ, ਮਾਣ ਹੈ। ਪੰਜਾਬੀ ਵਿਰਸਾ ਟਰੱਸਟ, ਲੇਖਕਾਂ ਅਤੇ ਪੱਤਰਕਾਰਾਂ ਦੀਆਂ ਸੰਸਥਾਵਾਂ ਨੇ ਉਸ ਨੂੰ ‘ਮਾਣਮੱਤਾ ਪੱਤਰਕਾਰ ਪੁਰਸਕਾਰ’ ਦੇ ਕੇ ਸਨਮਾਨਿਆ ਹੈ।
2010 ਵਿਚ ਪੰਜਾਬ ਸਰਕਾਰ ਨੇ ਕਬੱਡੀ ਦਾ ਵਿਸ਼ਵ ਕੱਪ ਕਰਾਇਆ ਤਾਂ ਕੱਪ ਦੀ ਕੁਮੈਂਟਰੀ ਬਾਰੇ ਮੈਨੂੰ ਉਹਦਾ ਲੇਖ ‘ਅਨੂਠਾ ਕਾਵਿ-ਸੰਸਾਰ ਹੈ ਕਬੱਡੀ ਦਾ’ ਪੜ੍ਹਨ ਨੂੰ ਮਿਲਿਆ। ਉਦੋਂ ਤਕ ਮੈਂ ਉਸ ਨੂੰ ਉੱਕਾ ਹੀ ਨਹੀਂ ਸਾਂ ਜਾਣਦਾ, ਹਾਲਾਂ ਕਿ ਉਹ ਫਗਵਾੜੇ ਲੈਕਚਰਾਰ ਸੀ ਤੇ ਮੈਂ ਵੀਹ ਕਿਲੋਮੀਟਰ ਲਾਂਭੇ ਮੁਕੰਦਪੁਰ ਪ੍ਰਿੰਸੀਪਲ। ਜਦੋਂ ਤੋਂ ਮੈਂ ਖੇਡਾਂ-ਖਿਡਾਰੀਆਂ ਬਾਰੇ ਲਿਖਣ ਲੱਗਾ, ਉਦੋਂ ਤੋਂ ਪੜ੍ਹਦਾ ਆ ਰਿਹਾ ਸਾਂ ਕਿ ਹੋਰ ਕੌਣ ਕੌਣ ਪੰਜਾਬੀ ਵਿਚ ਖੇਡਾਂ-ਖਿਡਾਰੀਆਂ ਬਾਰੇ ਲਿਖ ਰਿਹੈ? ਪ੍ਰੋ. ਜਸਵੰਤ ਸਿੰਘ ਗੰਡਮ ਦਾ ਕਬੱਡੀ ਦੀ ਕੁਮੈਂਟਰੀ ਬਾਰੇ ਲਿਖਿਆ ਲੇਖ ਅਖਬਾਰ `ਚ ਪੜ੍ਹ ਕੇ ਮੈਂ ਸੋਚਣ ਲੱਗਾ, ਪਈ ਇਹ ਕਿਥੋਂ ਛੁਪਿਆ ਰੁਸਤਮ ਆ ਨਿਕਲਿਆ? ਬਾਅਦ ਵਿਚ ਪਤਾ ਲੱਗਾ ਕਿ ਉਹ ਗੁਰੂ ਨਾਨਕ ਕਾਲਜ ਫਗਵਾੜੇ ਤੋਂ ਰਿਟਾਇਰ ਹੋਇਆ ਲੈਕਚਰਾਰ ਹੈ, ਜੋ ਕੁਝ ਸਮਾਂ ਕਾਲਜ ਦਾ ਕਾਰਜਕਾਰੀ ਪ੍ਰਿੰਸੀਪਲ ਵੀ ਰਿਹਾ। ਉਸ ਨੇ ਦੱਸਿਆ ਕਿ ਕਬੱਡੀ ਦੀ ਕੁਮੈਂਟਰੀ ਬਾਰੇ ਉਹ ਲੇਖ ਉਸ ਨੇ ਕਮਰਾ ਬੰਦ ਕਰ ਕੇ, ਟੀ. ਵੀ. ਉਪਰ ਹਰ ਰੋਜ਼ ਸਾਰੀ ਸਾਰੀ ਦਿਹਾੜੀ ਕੁਮੈਂਟਰੀ ਸੁਣ ਕੇ, ਉਸ ਵਿਚ ਕਹੀਆਂ ਜਾਣ ਵਾਲੀਆਂ ਗੱਲਾਂ ਹੱਥੀਂ ਨੋਟ ਕਰਕੇ, ਕਬੱਡੀ ਟੂਰਨਾਮੈਂਟ ਸਮਾਪਤ ਹੋਣ ਉਪਰੰਤ ਸਾਰੀ ਲਿਖੀ ਹੋਈ ਸਮੱਗਰੀ ਨੂੰ ਘੋਖਣ ਪਿੱਛੋਂ ਲਿਖਿਆ ਸੀ। ਮੈਂ ਉਹ ਲੇਖ ਆਪਣੀ ਪੁਸਤਕ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਵਿਚ ਭੂਮਿਕਾ ਵਜੋਂ ਸ਼ਾਮਲ ਕੀਤਾ:
ਅਨੂਠਾ ਕਾਵਿ-ਸੰਸਾਰ ਹੈ ਕਬੱਡੀ ਦਾ
ਦਸ ਦਿਨ ਪੰਜਾਬ ਕਬੱਡੀਮਈ ਹੋਇਆ ਰਿਹਾ। ਪਲੇਠੇ ਸਰਕਲ ਸਟਾਈਲ ਕਬੱਡੀ ਵਰਲਡ ਕੱਪ ਕਾਰਨ 3 ਤੋਂ 12 ਅਪਰੈਲ ਤਕ ਕੁਲ ਆਲਮ `ਚ ਵਸਦੇ ਪੰਜਾਬੀ ਕਬੱਡੀਓ-ਕਬੱਡੀ ਹੋਏ ਰਹੇ। ਇਹ ਕੱਪ ਪੰਜਾਬ ਵਿਚ ਹੋਣ ਕਾਰਨ ਆਪਣੇ ਪ੍ਰਾਂਤ ਦੇ ਪੰਜਾਬੀਆਂ ਨੂੰ ਤਾਂ ਇਨ੍ਹਾਂ ਦਿਨਾਂ ਦੌਰਾਨ ਕਬੱਡੀ ਦਾ ਬੁਖਾਰ ਹੀ ਚੜ੍ਹਿਆ ਰਿਹਾ।
ਇਸ ਪਹਿਲੇ ਵਿਸ਼ਵ ਕੱਪ `ਚ ਭਾਰਤ, ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰ ਕੇ ਇੱਕ ਕਰੋੜ, ਇਕਵੰਜਾ ਲੱਖ ਤੇ ਪੱਚੀ ਲੱਖ ਰੁਪਏ ਦੇ ਨਕਦ ਇਨਾਮ ਜਿੱਤਣ ਦੇ ਨਾਲ-ਨਾਲ ਸੋਨੇ, ਚਾਂਦੀ ਤੇ ਤਾਂਬੇ ਦੇ ਤਮਗੇ ਵੀ ਜਿੱਤੇ। ਭਾਰਤ ਦੀ ਝੋਲੀ ਚਮ-ਚਮਾਉਂਦਾ ਸੁਨਹਿਰੀ ਕੱਪ ਵੀ ਪਿਆ। ਸਭ ਕੁਝ ਸੁਖੀਂ ਸਾਂਦੀ ਸਮਾਪਤ ਹੋਇਆ। ਕੋਈ ਰੋਂਦ ਨਹੀਂ, ਰਈ ਨਹੀਂ, ਰੱਫੜ ਨਹੀਂ। ਵਧਾਈਆਂ ਜੀ ਵਧਾਈਆਂ ਸਭ ਨੂੰ!
ਵਿਸ਼ਵ ਕਬੱਡੀ ਕੱਪ ਦੇ ਸਾਰੇ ਮੈਚਾਂ ਦੀ ਪਹਿਲੀ ਵਾਰ ਪੀ. ਟੀ. ਸੀ. ਚੈਨਲ ਰਾਹੀਂ ਸਿੱਧੀ ਕੁਮੈਂਟਰੀ ਕਾਰਨ ਮੇਰੇ ਵਰਗੇ ਆਲਸੀਆਂ ਅਤੇ ਖੇਡਾਂ `ਚ ਬਹੁਤੀ ਰੁਚੀ ਨਾ ਰੱਖਣ ਵਾਲੇ ਲੋਕਾਂ ਨੂੰ ਵੀ ਘਰਾਂ `ਚ ਬੈਠੇ-ਬਿਠਾਏ ਕਬੱਡੀ ਦਾ ਅਨੰਦ ਮਾਣਨ ਨੂੰ ਮਿਲਿਆ। ਕਬੱਡੀ ਦੀ ਕੁਮੈਂਟਰੀ ਕਰਨ ਵਾਲੀ ਟੀਮ ਦੇ ਸਦਕੇ-ਬਲਿਹਾਰੇ ਜਾਣ ਵਾਲੀ ਜਾਦੂਮਈ ਤੇ ਮਿਕਨਾਤੀਸੀ ਕੁਮੈਂਟਰੀ ਕਾਰਨ ਗਰਾਊਂਡ ਵਿਚ ਬੈਠੇ ਦਰਸ਼ਕਾਂ ਨਾਲੋਂ ਜੇ ਵੱਧ ਨਹੀਂ ਤਾਂ ਘੱਟ ਸੁਆਦ ਵੀ ਨਹੀਂ ਆਇਆ। ਮੈਚਾਂ ਦੌਰਾਨ ਅਸੀਂ ਟੀ. ਵੀ. `ਤੇ ਇਸ ਤਰ੍ਹਾਂ ਅੱਖਾਂ ਗੱਡੀ ਰੱਖੀਆਂ ਜਿੱਦਾਂ ਕਦੇ-ਕਦੇ ਮਿਲਣ ਵਾਲੀ ਮਹਿਬੂਬਾ `ਤੇ ਦਿਲਫੈਂਕ ਆਸ਼ਕ ਗੱਡਦੇ ਹਨ। ਕੁਰਸੀ `ਤੇ ਇਸ ਤਰ੍ਹਾਂ ਚਿਪਕੇ ਰਹੇ, ਜਿੱਦਾਂ ਫੇਵੀਕੁਇੱਕ ਨਾਲ ਚਿਪਕਾਏ ਗਏ ਹੋਈਏ। ਕ੍ਰਿਕਟ ਤੇ ਹਾਕੀ ਦੀ ਪ੍ਰੋਫੈਸ਼ਨਲੀ ਪਰਪੱਕ ਤੇ ਕੀਲ ਬੰਨ੍ਹ ਕੇ ਰੱਖ ਦੇਣ ਵਾਲੀ ਕੁਮੈਂਟਰੀ ਵਾਂਗ ਕਬੱਡੀ ਦੀ ਕੁਮੈਂਟਰੀ ਅਤੇ ਖੇਡ ਨੇ ਉੱਠਣ ਹੀ ਨਹੀਂ ਦਿੱਤਾ ਤੇ ਕੁਮੈਂਟਰੀ ਵੀ ਮਾਖਿਓਂ ਮਿੱਠੀ ਬੋਲੀ ਵਿਚ। ਸੁਣ-ਦੇਖ ਅਸੀਂ ਤਾਂ ਸਾਉਣ ਮਹੀਨੇ ਦੇ ਪੈਲਾਂ ਪਾਉਂਦੇ ਮੋਰ ਵਾਂਗ ਕਲਹਿਰੀ ਮੋਰ ਹੋ ਗਏ। ਕਬੱਡੀ ਮੈਚਾਂ ਦੇ ਸਿੱਧੇ ਪ੍ਰਸਾਰਨ ਨਾਲ ਕਬੱਡੀ ਪਿੰਡਾਂ ਦੀਆਂ ਸੱਥਾਂ `ਚੋਂ ਨਿਕਲ ਕੇ ਪਹਿਲੀ ਵਾਰ ਸ਼ਹਿਰੀ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣੀ। ਇਸ ਦੀ ਕਲਾਤਮਿਕ ਕੁਮੈਂਟਰੀ ਨੇ ਇਸ ਦਾ ਘੇਰਾ ਹੋਰ ਵਿਸ਼ਾਲ ਤੇ ਸਿਰਜਣਾਤਮਕ ਕਰਨ ਲਈ ਸੋਨੇ `ਤੇ ਸੁਹਾਗੇ ਵਾਲਾ ਕੰਮ ਕੀਤਾ। ਪਹਿਲੀ ਵਾਰ ਕ੍ਰਿਕਟ ਦਾ ਬੁਖਾਰ ਲੱਥਾ। ਲੋਕ ਇਸੇ ਸਮੇਂ ਚੱਲ ਰਹੇ ਆਈ. ਪੀ. ਐੱਲ. ਕ੍ਰਿਕਟ ਮੈਚਾਂ ਦੇ ਪ੍ਰਸਾਰਨ ਨਾਲੋਂ ਕਬੱਡੀ ਮੈਚਾਂ ਦਾ ਪ੍ਰਸਾਰਨ ਵੇਖਣ ਨੂੰ ਪਹਿਲ ਦਿੰਦੇ ਰਹੇ। ਐਸ ਵੇਲੇ ਕਬੱਡੀ ਦਾ ਸੁਨਹਿਰੀ ਦੌਰ ਹੈ। ਇਲੈਕਟ੍ਰਾਨਿਕ ਤੇ ਇੰਗਲਿਸ਼ ਮੀਡੀਏ ਤੋਂ ਇਲਾਵਾ ਫਿਲਮਸਾਜ਼ ਵੀ ਇਸ ਵੱਲ ਆਕ੍ਰਸ਼ਿਤ ਹੋ ਰਹੇ ਹਨ।
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ। ਇਹ ਸਾਡੇ ਖੂਨ `ਚ ਰਚੀ ਹੋਈ ਹੈ। ਦਿਲੋ-ਦਿਮਾਗ ਤੇ ਰੂਹ ਵਿਚ ਉੱਤਰੀ ਹੋਈ। ਸਾਡੀ ਜੀਵਨ-ਜਾਚ ਦਾ ਅੰਗ ਹੈ। ਪਿੰਡਾਂ `ਚ ਰਹਿੰਦੇ ਲੋਕ ਤਾਂ ਕਬੱਡੀ ਦੇ ਦੀਵਾਨੇ ਹਨ। ਇਸ ਵੇਰਾਂ ਸ਼ਹਿਰੀਆਂ ਦੀ ਦੀਵਾਨਗੀ ਵੀ ਕੋਈ ਘੱਟ ਨਹੀਂ ਸੀ। ਇਹ ਗੱਲ ਮੈਚਾਂ `ਚ ਹਾਜ਼ਰ ਸਿਰਾਂ ਦੇ ਸਮੁੰਦਰਾਂ ਅਤੇ ਟੀ. ਆਰ. ਪੀ. ਨੇ ਸਾਬਤ ਕਰ ਦਿੱਤੀ। ਜਿਵੇਂ ਕਹਿੰਦੇ ਹਨ ਕਿ ਜਿਸ ਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਈ ਨਹੀਂ, ਇਵੇਂ ਹੀ ਜਿਸ ਨੇ ਕਦੀ ਕਬੱਡੀ ਜਾਂ ਹਾਕੀ ਖੇਡੀ-ਦੇਖੀ ਨਹੀਂ, ਉਸ ਨੇ ਵੀ ਅਜੇ ਜੰਮਣੈ। ਇਹ ਗੱਲ ਪੰਜਾਬੀਆਂ ਉਪਰ ਤਾਂ ਲਾਜ਼ਮੀ ਹੀ ਲਾਗੂ ਹੁੰਦੀ ਹੈ, ਕਿਉਂਕਿ ਇਹ ਖੇਡਾਂ ਉਨ੍ਹਾਂ ਨੂੰ ਗੁੜ੍ਹਤੀ `ਚ ਮਿਲਦੀਆਂ ਹਨ। ਅਸੀਂ ਬਚਪਨ `ਚ ਖਿੱਦੋਖੂੰਡੀ ਤਾਂ ਖੇਡਦੇ ਰਹੇ ਹਾਂ, ਪਰ ਕਬੱਡੀ ਕਦੀ ਨਹੀਂ ਸੀ ਖੇਡੀ, ਹਾਂ ਦੇਖੀ ਜ਼ਰੂਰ। ਸਾਡੇ ਬਚਪਨ ਬੀਤੇ ਨੂੰ ਤਾਂ ਮੁੱਦਤਾਂ ਬੀਤ ਗਈਆਂ ਹਨ ਤੇ ਇਸ ਖੇਡ ਦੀ ਇੱਕ ਧੁੰਦਲੀ ਜਿਹੀ ਯਾਦ ਹੀ ਚੇਤਿਆਂ `ਚ ਹੈ। ਸੋ, ਵਿਸ਼ਵ ਕਬੱਡੀ ਕਾਰਨ ਹੀ ਅਸੀਂ ਵੀ ਬੁੱਢ-ਵਰੇਸੇ ਹੀ ਜਨਮੇ ਹਾਂ। ਤੁਸੀਂ ਇਸ ਨੂੰ ਸਾਡਾ ਅਗਿਆਨ ਜਾਂ ਅਨਾੜੀਪਨ ਸਮਝ ਲਓ, ਸੱਚੀ ਗੱਲ ਤਾਂ ਇਹੀ ਹੈ ਕਿ ਸਾਨੂੰ ਹੁਣ ਪਤਾ ਲੱਗਿਐ ਕਿ ਕਬੱਡੀ ਪੰਜਾਬੀ ਲੋਕਧਾਰਾ ਦਾ ਅਟੁੱਟ ਹਿੱਸਾ ਬਣ ਚੁਕੀ ਹੈ ਅਤੇ ਕਬੱਡੀ ਦਾ ਆਪਣਾ ਵੀ ਇੱਕ ਫੋਕਲੋਰ ਵਿਕਸਿਤ ਹੋ ਚੁਕਾ ਹੈ ਤੇ ਇਹ ਪਤਾ ਲਾਉਣ ਵਿਚ ਕਬੱਡੀ ਦੀ ਕੁਮੈਂਟਰੀ ਕਰਨ ਵਾਲੀ ਟੀਮ ਦਾ ਰੋਲ ਮੁਹਰੈਲ ਹੈ। ਨਿਰੋਲ ਇਸ ਕਰਕੇ ਨਹੀਂ ਲਿਖਿਆ, ਕਿਉਂਕਿ ਲਾਈਵ ਟੈਲੀਕਾਸਟ ਦਾ ਰੋਲ ਵੀ ਬਹੁਤ ਅਹਿਮ ਹੈ। ਉਸ ਤੋਂ ਬਿਨਾ ਕਬੱਡੀ ਘਰ-ਘਰ ਨਹੀਂ ਸੀ ਪੁੱਜਣੀ।
ਅਸੀਂ ਤਾਂ ਕਦੀ ਕਿਸੇ ਕੁਮੈਂਟਰੀ ਕਰਨ ਵਾਲੇ ਨੂੰ ਕਦੇ ਮਿਲੇ ਨਹੀਂ ਤੇ ਨਾ ਹੀ ਪਹਿਲਾਂ ਕਦੀ ਕਿਸੇ ਦੇ ਦਰਸ਼ਨ ਹੀ ਕੀਤੇ। ਹਾਂ ਇੱਕ ਦੋ ਨਾਂ ਜ਼ਰੂਰ ਸੁਣੇ ਤੇ ਇੱਕ ਜਣੇ ਦੇ ਅਖਬਾਰੀ ਲੇਖ ਪੜ੍ਹੇ ਐ; ਪਰ ਇਸ ਟੀਮ ਨੇ ਜਿਸ ਤਰ੍ਹਾਂ ਸ਼ਬਦ-ਸ਼ਿਲਪਕਾਰੀ, ਸ਼ੇਅਰੋ-ਸ਼ਾਇਰੀ, ਕਵਿਤਾਕਾਰੀ, ਟੋਟਕੇਬਾਜ਼ੀ, ਤੁਕਬੰਦੀ, ਖਾਲਸ ਪੇਂਡੂ ਮੁਹਾਵਰੇ, ਲੋਕ-ਬੋਲੀਆਂ, ਲੋਕੋਕਤੀਆਂ, ਅਖਾਣਾਂ, ਕਿੱਸੇ, ਕਹਾਣੀਆਂ, ਪੰਜਾਬੀ, ਹਿੰਦੀ, ਉਰਦੂ ਦੀ ਕਵਿਤਾ ਤੇ ਗੀਤਾਂ ਅਤੇ ਇਤਿਹਾਸਕ ਭੂਗੋਲਿਕ ਹਵਾਲਿਆਂ ਰਾਹੀਂ ਕਬੱਡੀ ਦੀ ਖੇਡ ਤੇ ਖਿਡਾਰੀਆਂ ਦੇ ਪਿਛੋਕੜ ਤੇ ਵਰਤਮਾਨ ਸਥਿਤੀ ਦੇ ਦਰਸ਼ਨ ਕਰਵਾਏ, ਉਸ ਤੋਂ ਦਿਲ ਅਸ਼-ਅਸ਼ ਕਰ ਉਠਿਆ। ਧਾਰਮਿਕ ਰੰਗ ਦੇਣ ਲਈ ਜੇ ਗੁਰਬਾਣੀ `ਚੋਂ ਹਵਾਲੇ ਦਿੱਤੇ ਗਏ ਤਾਂ ਦੇਸ਼ ਭਗਤੀ ਦੇ ਰੰਗ ਲਈ ਵਤਨ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ।
ਦਰਜਨਾਂ ਕਿਤਾਬਾਂ ਦਾ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਖੇਡ-ਵਿਸ਼ਲੇਸ਼ਣ ਦੇ ਨਾਲ-ਨਾਲ ਸੁਆਦਲੀ ਕੁਮੈਂਟਰੀ ਵੀ ਕਰੀ ਗਿਆ। ਕਿਸੇ ਧਾਵੀ ਦੇ ਜਾਫੀ ਦੀ ਪਕੜ `ਚੋਂ ਬਚ ਨਿਕਲਣ `ਤੇ ਪ੍ਰਿੰਸੀਪਲ ਸਾਹਿਬ ਦੀ ਇਹ ਟਿੱਪਣੀ ਤਾਂ ਟਰੇਡ ਮਾਰਕ ਹੀ ਬਣ ਗਈ, “ਹੁਣ ਭਾਵੇਂ ਘੋੜੀਆਂ ਮਗਰ ਲਾ ਲਓ, ਹੁਣ ਨ੍ਹੀਂ ਦਿੰਦਾ ਡਾਹੀ।” ਪ੍ਰੋ. ਮੱਖਣ ਸਿੰਘ ਹਕੀਮਪੁਰ ਨੇ ਤਾਂ ਕੁਮੈਂਟਰੀ ਨੂੰ ਰੰਗ ਹੀ ਨਵਾਂ ਦੇ ਦਿੱਤਾ। ਉਸ ਕੋਲ ਇਸ ਖੇਡ ਬਾਰੇ ਅਥਾਹ ਜਾਣਕਾਰੀ ਹੈ। ਉਸ ਦਾ ਕਿਸੇ ਧਾਵੀ ਦੇ ਜਾਫੀ ਹੱਥੋਂ ਪਕੜੇ ਜਾਣ `ਤੇ ‘ਤੀਲੀ ਤੋਂ ਲੌਂਗ ਤੇ ਲੌਂਗ ਤੋਂ ਕੋਕਾ’ ਬਣ ਜਾਣ ਦੀ ਤਸ਼ਬੀਹ ਕੇਕ ਉਪਰ ਕਰੀਮ ਲਾਏ ਜਾਣ ਦਾ ਕੰਮ ਕਰਦੀ। ਇਹ ਜੋੜੀ ਪੰਜਾਬੀ ਖੇਡਾਂ, ਖਾਸ ਕਰ ਕੇ ਕਬੱਡੀ ਦੀ ਖੇਡ ਦਾ ਇਨਸਾਈਕਲੋਪੀਡੀਆ ਹੈ। ਦਰਅਸਲ ਕੁਮੈਂਟਰੀ ਦੀ ਸਾਰੀ ਟੀਮ ਨੇ ਹੀ ਪੂਰੀ ਫਿਜ਼ਾ ਵਿਚ ਸ਼ਾਬਦਿਕ ਧੂੜਾਂ ਅਤੇ ਖਿਡਾਰੀਆਂ ਨੇ ਗਰਾਊਂਡ ਵਿਚ ਸੱਚੀ-ਮੁੱਚੀਂ ਦੀਆਂ ਧੂੜਾਂ ਪੁੱਟੀ ਰੱਖੀਆਂ। ਪ੍ਰਿੰਸੀਪਲ-ਪ੍ਰੋਫੈਸਰ ਦੀ ਜੋੜੀ ਦੇ ਨਾਲ ਡਾ. ਦਰਸ਼ਨ ਬੜੀ, ਅਰਵਿੰਦਰ ਕੋਛੜ, ਗੁਰਪ੍ਰੀਤ ਬੇਰ ਕਲਾਂ, ਸੁਰਜੀਤ ਕਕਰਾਲੀ, ਸਤਪਾਲ ਮਾਹੀ, ਸੁਖਬੀਰ ਚੌਹਾਨ, ਕਾਮੇਡੀਅਨ ਭਗਵੰਤ ਮਾਨ ਤੇ ਪਾਕਿਸਤਾਨ ਤੋਂ ਆਏ ਮਹਿਮਾਨ ਕੁਮੈਂਟੇਟਰ ਤਈਯਬ ਸ਼ਾਹ ਗਿਲਾਨੀ-ਸਭ ‘ਬਹਿ ਜਾਹ, ਬਹਿ ਜਾਹ’ ਕਰਾਈ ਗਏ।
ਜੇ ਕਿਸੇ ਟੀਮ ਜਾਂ ਖਿਡਾਰੀਆਂ ਵਿਚ ਸਖਤ ਮੁਕਾਬਲੇ ਵੇਲੇ ‘ਕੁੰਢੀਆਂ ਦੇ ਸਿੰਗ ਫਸ ਗਏ, ਨਿੱਤਰੂ ਵੜੇਵੇਂ ਖਾਣੀ; ਕਾਂਟੇ ਦੀ ਟੱਕਰ, ਸਾਨ੍ਹਾਂ ਦੇ ਭੇੜ’ ਜਿਹੇ ਮੁਹਾਵਰੇ ਬੋਲੇ ਜਾਂਦੇ ਤਾਂ ਕਿਸੇ ਧਾਵੀ ਨੂੰ ਜਾਫੀ ਵੱਲੋਂ ਫੜੇ ਜਾਣ `ਤੇ ‘ਪਾ ਲਿਆ ਜੂੜ, ਜਕੜ`ਤਾ ਸਿਕੰਜੇ `ਚ, ਲਾ`ਤਾ ਨਿਓਲ, ਲਪੇਟਤਾ ਲੱਠੇ ਦੇ ਥਾਨ ਵਾਂਗ, ਲੱਗ ਗਿਆ ਰੋਪੜੀ ਜਿੰਦਾ, ਲਾ`ਤੀਆਂ ਬਰੇਕਾਂ, ਕਰ`ਤਾ ਚੱਕਾ ਜਾਮ’ ਆਦਿ ਦੀ ਵਰਤੋਂ ਕੀਤੀ ਜਾਂਦੀ। ਕੈਂਚੀ ਲੱਗਣ `ਤੇ ਜਦ ਕੋਈ ਤਕੜਾ ਜੱਫਾ ਲੱਗ ਜਾਂਦਾ ਤਾਂ ‘ਗੱਡ`ਤਾ ਕਿੱਲਾ’ ਜਾਂ ‘ਬਣਾ`ਤਾ ਚਕਰਚੂੰਡਾ’ ਦਾ ਨਿਵੇਕਲਾ ਮੁਹਾਵਰਾ ਸੁਣਨ ਨੂੰ ਮਿਲਦਾ। ਮੌਕੇ ਦੀ ਮੰਗ ਮੁਤਾਬਿਕ ਇਲਾਕਾਈ ਮੁਹਾਵਰੇ ਘੜੇ ਗਏ, ਜਿਵੇਂ ਜਗਰਾਵਾਂ ਦੇ ਪੁਲ ਜਿੱਡਾ ਜੇਰਾ, ਬੱਬੇਹਾਲੀ ਦੀ ਛਿੰਝ ਵਰਗਾ `ਕੱਠ, ਬਿਜਲੀ ਦੇ ਗਿਆਰਾਂ ਹਜ਼ਾਰ ਬੋਲਟ ਜਿੰਨਾ ਕਰੰਟ, ਬਾਰਾਂ ਬੋਰ ਦੀ ਬੰਦੂਕ ਦੇ ਫਾਇਰ ਵਰਗਾ ਧੌਲ-ਧੱਫਾ, ਮੁਗਦਰ ਵਰਗੇ ਪੱਟ ਤੇ ਮੂੰਗਲੀਆਂ ਵਰਗੇ ਡੌਲੇ। ਇਰਾਨ ਦੇ ਦਿਓ-ਕੱਦ ਖਿਡਾਰੀਆਂ ਅਤੇ ਮੁਕਾਬਲੇ ਦੇ ਹਲਕੇ ਖਿਡਾਰੀਆਂ ਦੀ ‘ਟਰੱਕ ਤੇ ਮਾਰੂਤੀ ਦੀ ਟੱਕਰ’ ਨਾਲ ਤੁਲਨਾ ਕੀਤੀ ਗਈ। ਕਬੱਡੀ ਬਾਰੇ ਪ੍ਰਚਲਿਤ ਗੀਤਾਂ, ਕਵਿਤਾਵਾਂ, ਟੂਕਾਂ-ਟੋਟਕਿਆਂ ਦੀ ਬਹੁਲਤਾ ਨੂੰ ਸੁਣ ਕੇ ਪਤਾ ਲੱਗਾ ਕਿ ਕਬੱਡੀ ਦਾ ਆਪਣਾ ਹੀ ਇੱਕ ਅਨੂਠਾ ਕਾਵਿ-ਸੰਸਾਰ ਹੈ। ਪੂਰੀ ਟੀਮ ਤੋਂ ਇਲਾਵਾ ਵਿਅਕਤੀਗਤ ਧਾਵੀਆਂ ਤੇ ਜਾਫੀਆਂ ਬਾਰੇ ਗੀਤ ਤੇ ਕਾਵਿ-ਟੋਟਕੇ ਬਣ ਗਏ, ਜੋ ਸਬੰਧਿਤ ਖਿਡਾਰੀਆਂ ਦੇ ਜੀਵਨ ਸਮੇਂ ਹੀ ਲੋਕਗਥਾਈ ਹੋ ਨਿਬੜਨ ਦਾ ਪ੍ਰਮਾਣ ਹੈ।
ਵੱਖੋ-ਵੱਖਰੇ ਸ਼ਹਿਰਾਂ `ਚ ਹੋਏ ਮੈਚਾਂ ਦੌਰਾਨ ਸਬੰਧਿਤ ਇਲਾਕੇ ਦੇ ਨਾਮਵਰ ਖਿਡਾਰੀਆਂ ਦੀ ਚਰਚਾ ਕਰਨੀ ਚੰਗੀ ਲੱਗੀ, ਭਾਵੇਂ ਕਿ ਵਿਸ਼ਵ ਕਬੱਡੀ ਕੱਪ ਵੇਲੇ ਇਲਾਕੇ ਦੇ ਕਿਸੇ ਰਿਟਾਇਰ ਹੋ ਚੁਕੇ ਕਬੱਡੀ ਖਿਡਾਰੀ ਨੂੰ ਬਣਦੇ ਮਾਣ-ਸਨਮਾਨ, ਜੋ ਉਸ ਨੂੰ ਵਿਸ਼ੇਸ਼ ਮਹਿਮਾਨਾਂ ਦੀ ਸੂਚੀ ਵਿਚ ਸ਼ਾਮਲ ਕਰ ਕੇ ਸਹਿਜੇ ਹੀ ਦਿੱਤਾ ਜਾ ਸਕਦਾ ਸੀ, ਦਾ ਨਾ ਮਿਲਣਾ ਰੜਕਦਾ ਰਿਹਾ। ਭਾਵੇਂ ਕੱਛੇ-ਬੁਨੈਣਾਂ ਦੇ ਇਨਾਮਾਂ ਅਤੇ ਕੱਲਰਾਂ ਤੇ ਟਿੱਬਿਆਂ ਵਾਲੀ ਇਸ ਗਰੀਬਣੀ ਪੇਂਡੂ ਖੇਡ ਦਾ ਸਭ ਤੋਂ ਪਹਿਲਾਂ ਸਹੀ ਮੁੱਲ ਤਾਂ ਪਰਦੇਸਾਂ ਵਿਚ ਵਸਦੇ ਪੰਜਾਬੀਆਂ ਨੇ ਇਸ ਦੇ ਇਨਾਮਾਂ ਦੀ ਰਾਸ਼ੀ ਲੱਖਾਂ `ਚ ਕਰ ਕੇ ਪਾਇਆ ਸੀ, ਪਰ ਇਸ ਨੂੰ ਸਰਕਾਰੀ ਮਾਨਤਾ ਦੇ ਕੇ ਅਤੇ ਇੱਕ ਕਰੋੜੀ ਇਨਾਮ ਵਾਲੀ ਖੇਡ ਬਣਾ ਕੇ ਪੰਜਾਬ ਸਰਕਾਰ ਵਾਹ-ਵਾਹ ਖੱਟ ਗਈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਬੱਡੀ ਕੱਪ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰ ਕੇ ਵਾਕਿਆ ਹੀ ਸਲਾਹੁਣਯੋਗ ਕੰਮ ਕੀਤਾ। ਕੀ ਪਤਾ ਹੁਣ ਵਿਗੜੇ ਤਿਗੜੇ ਨੌਜਵਾਨ ਨਸ਼ੇ-ਪੱਤੇ ਛੱਡ ਕੇ ਸੱਚੀਂ ਇਸ ਰਾਹ ਤੁਰ ਪੈਣ ਕਿ ਖੇਡੋ ਮੁੰਡਿਓ ਖੇਡ ਕਬੱਡੀ, ਖੜ੍ਹਨਾ ਛੱਡ ਦਿਓ ਮੋੜਾਂ `ਤੇ, ਪੰਜਾਬ ਸਰਕਾਰ ਨੇ ਚਾੜ੍ਹ ਦਿੱਤੀ ਐ ਕੌਡੀ ਹੁਣ ਕਰੋੜਾਂ `ਤੇ।
ਮੈਚਾਂ ਦੌਰਾਨ ਸ਼ੇਅਰੋ-ਸ਼ਾਇਰੀ ਦੀ ਹਨੇਰੀ ਆਈ ਰਹੀ। ਜੇ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਦੀ ਗਿਣਤੀ ਸੀ ਇਨ੍ਹਾਂ ਦੀ। ਜੇ ਕੋਈ ਕਸਰ ਬਾਕੀ ਸੀ ਤਾਂ ਉਹ ਖੇਡਾਂ ਦਾ ਤਰਾਨਾ ਬਣ ਚੁਕੇ ‘ਚੱਕ ਦੇ ਇੰਡੀਆ’ ਅਤੇ ‘ਜੈ ਹੋ’ ਵਰਗੇ ਪ੍ਰਸਿੱਧ ਗੀਤਾਂ ਦੇ ਗਾਇਕ ਸੁਖਵਿੰਦਰ ਨੇ ਬਾਬੂ ਸਿੰਘ ਮਾਨ ਦਾ ਲਿਖਿਆ ਕਬੱਡੀ ਬਾਰੇ ਵਿਸ਼ੇਸ਼ ਗੀਤ ‘ਵੇਖਣ ਹੋ ਹੋ ਲੋਕੀ ਪੱਬਾਂ ਭਾਰ ਕਬੱਡੀ ਨੂੰ, ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ’ ਗਾ ਕੇ ਪੂਰੀ ਕਰ ਦਿੱਤੀ। ਭਾਵੇਂ ਸ਼ਿਅਰ ਤੇ ਟੂਕਾਂ-ਟੋਟਕੇ ਨਾ ਤਾਂ ਸਾਨੂੰ ਯਾਦ ਹੀ ਹਨ ਤੇ ਨਾ ਹੀ ਲਿਖਣ ਜੋਗਾ ਥਾਂ ਹੀ ਹੈ, ਫਿਰ ਵੀ ਵੰਨਗੀ ਵਜੋਂ ਕੁਝ ਨਮੂਨੇ ਪੇਸ਼ ਹਨ:
ਯਾਰੋ ਫੜਨੇ ਸੌਖੇ ਨਹੀਂ ਸ਼ੇਰ ਦਾ ਨੱਕ, ਮਿਰਗ ਦੀ ਲੱਤ, ਰੇਡਰ ਦਾ ਲੱਕ, ਉਡਣੇ ਸੱਪ, ਕਬੂਤਰ ਚੀਨੇ। ਬਾਂਹ ਫੜ ਕੇ ਕਦੇ ਨਹੀਂ ਛੱਡੀ, ਦੋ ਸ਼ੌਕ ਮਿੱਤਰਾਂ ਦੇ, ਪਾਉਣਾ ਭੰਗੜਾ ਤੇ ਖੇਡਣੀ ਕਬੱਡੀ ਦੋ ਸ਼ੌਕ ਮਿੱਤਰਾਂ ਦੇ। ਜੋਸ਼, ਜਾਨ ਤੇ ਫੁਰਤੀ ਨੇ ਦਾਅ ਪੇਚ ਕਬੱਡੀ ਦੇ। ਧੌਲ ਧੱਫੇ ਤੇ ਪੈਣ ਜੱਫੇ, ਕਈਆਂ ਗੁੱਟ ਫੜ ਕੈਂਚੀਆਂ ਮਾਰੀਆਂ ਨੇ। ਕੌਡੀ ਪਾਉਂਦਾ, ਨੰਬਰ ਲਿਆਉਂਦਾ, ਹੱਥ ਨਾ ਆਉਂਦਾ। ਬਹਿ ਕੇ ਵੇਖੋ ਬਾਬਿਓ ਗੱਭਰੂ ਰੇਡਾਂ ਪਾਉਂਦੇ ਨੇ, ਗੱਭਰੂ ਜੱਫੇ ਲਾਉਂਦੇ ਨੇ। ਜੇ ਹਿੱਕ ਵਿਚ ਬਲ ਹੋਵੇ, ਦੁਨੀਆਂ ਤਾਂ ਪੁੱਛਦੀ ਸਿਰਨਾਵਾਂ। ਗੁੰਦਵੇਂ ਸਰੀਰਾਂ ਵਾਲੇ ਪਾਉਂਦੇ ਨੇ ਕਬੱਡੀਆਂ, ਡੌਲਿਆਂ `ਤੇ ਟੈਟੂ ਖੁਣੇ, ਟੌਹਰਾਂ ਰੱਜ ਕੱਢੀਆਂ। ਝਾਕਾ ਹੋਰ ਨੂੰ ਤੇ ਹੱਥ ਲਾਵੇਂ ਹੋਰ ਨੂੰ ਬੱਲੇ ਓਏ ਚਾਲਕ ਸੱਜਣਾ। ਪੱਟਾਂ ਵਿਚ ਜਾਨ ਹੋਵੇ, ਡੌਲਿਆਂ `ਤੇ ਮਾਣ ਹੋਵੇ, ਚੂੰਢੀ ਜਾਵੇ ਨਾ ਸਰੀਰ ਉਤੇ ਵੱਢੀ ਮਿੱਤਰੋ, ਫੇਰ ਖੇਡੀ ਜਾਂਦੀ ਹੈ ਕਬੱਡੀ ਮਿੱਤਰੋ। ਆਈ ਜਾਨ ਸ਼ਿਕੰਜੇ ਅੰਦਰ ਜਿਓਂ ਵੇਲਣ ਵਿਚ ਗੰਨਾ। ਧੱਕਾ ਫੁਰਤੀ ਪਕੜ ਪੈਂਤੜਾ, ਧੂੜ ਧੁੱਪ ਤੇ ਧੱਫੇ, ਕੌਡ ਕਬੱਡੀ ਮੇਲੇ ਦੇ ਵਿਚ ਪੈਣ ਰੇਡਾਂ ਤੇ ਲੱਗਣ ਜੱਫੇ। ਮਾਰ ਸੋਹਣਿਆਂ ਕੈਂਚੀ ਰੇਡਰ ਸੁੱਕਾ ਜਾਵੇ ਨਾ। ਫੜੀਂ ਨੀ ਬੇਬੇ ਟੁੱਕ, ਮੈਨੂੰ ਮੁੰਡਾ ਦੇਖ ਲੈਣ ਦੇ। ਜਿੱਤਣ-ਜਿੱਤਣ ਹਰ ਕੋਈ ਖੇਲ੍ਹੇ, ਤੂੰ ਹਾਰਨ ਖੇਲ੍ਹ ਫਕੀਰਾ, ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ। ਹਰ ਤਰਫ ਯਹੀ ਅਫਸਾਨੇ ਹੈਂ, ਹਮ ਖੇਡ ਕਬੱਡੀ ਕੇ ਦੀਵਾਨੇ ਹੈਂ। ਪੈਂਦੀਆਂ ਕਬੱਡੀਆਂ ਨੇ ਚੜ੍ਹ-ਚੜ੍ਹ ਕੇ, ਲੋਕੀਂ ਦੇਖਦੇ ਨੇ ਸਾਰੇ ਖੜ੍ਹ-ਖੜ੍ਹ ਕੇ। ਜਿਥੇ ਮਾਹੀਆ ਪੱਬ ਧਰਦਾ, ਓਥੇ ਉਗਦਾ ਸਰੂ ਦਾ ਬੂਟਾ। ਵਿਚ ਮੈਦਾਨੇ ਭਿੜਨਾ ਕੰਮ ਹੈ ਹੁੰਦਾ ਸ਼ੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਜੀਹਦਾ ਖਾਈਏ ਜੱਸ ਗਾਈਏ, ਉਹਦਾ ਸਾਥ ਨਈਂ ਛੱਡੀ ਦਾ, ਦੇਣਾ ਦੇ ਨਈਂ ਸਕਦੇ ਮਾਂ-ਖੇਡ ਕਬੱਡੀ ਦਾ। ਚੌਕੇ ਛਿੱਕੇ ਭੁੱਲੇ ਪੰਜਾਬੀਆਂ ਨੂੰ ਹੁਣ ਤਾਂ ਹਰ ਥਾਂ ਕਬੱਡੀ ਦੀ ਗੱਲ ਚਲਦੀ, ਟੀ. ਵੀ. ਮੂਹਰੇ ਕਬੱਡੀ ਸਭ ਬੈਠ ਦੇਖਣ, ਆਈ. ਪੀ. ਐੱਲ. ਹੋ ਗਈ ਯਾਰੋ ਗੱਲ ਕੱਲ੍ਹ ਦੀ, ਖੇਡ ਕਬੱਡੀ ਦੇਖਣ ਲਈ ਹੁਣ ਛੱਤਾਂ ਤੋਂ ਲੋਕੀਂ ਲਮਕਣਗੇ, ਧੋਨੀ, ਸਚਿਨ ਤੇ ਸਹਿਵਾਗ ਵਾਂਗੂੰ ਮੰਗੀ, ਦੁੱਲਾ ਤੇ ਕੁਲਜੀਤਾ ਚਮਕਣਗੇ…।
ਵਾਹ ਸੋਹਣੀ ਖੇਡ ਕਬੱਡੀ ਦੀ
ਵਾਹ ਸੋਹਣੀ ਖੇਡ ਕਬੱਡੀ ਦੀ,
ਇਹ ਖੇਡਦੇ ਛੈਲ ਛਬੀਲੇ ਨੇ
ਬਈ ਗੱਭਰੂ ਜੋ ਫੁਰਤੀਲੇ ਨੇ,
ਦੌੜਦੇ ਇੰਜ ਅਣਖੀਲੇ ਨੇ
ਰਫਤਾਰ ਜਿਉਂ ਹੈ ਗੱਡੀ ਦੀ,
ਵਾਹ ਸੋਹਣੀ ਖੇਡ ਕਬੱਡੀ ਦੀ
ਵਾਹ ਸੋਹਣੀ ਖੇਡ ਕਬੱਡੀ ਦੀ…।
ਗੋਲ ਜਿਹਾ ਦਾਇਰਾ ਵਿਚ ਹੰਧੇ ਦੋ ਦਿਸਦੇ
ਚੜ੍ਹ ਜਾਂਦਾ ਚਾਅ ਜਾਂ ਖਿਡਾਰੀ ਵਿਚ ਦਿਸਦੇ।
ਜਾਈਏ ਬਲਿਹਾਰੇ ਜੀਹਨੇ ਕਾਢ ਇਹਦੀ ਕੱਢੀ
ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ…।