ਡਾ. ਹਰਬੰਸ ਸਿੰਘ: ਨਹੀਂਓਂ ਲੱਭਣੇ ਲਾਲ ਗੁਆਚੇ…

ਪੂਰਨ ਸਿੰਘ ਪਾਂਧੀ
ਫੋਨ: 905-789-6670
ਡਾ. ਹਰਬੰਸ ਸਿੰਘ ਸੰਸਾਰ ਦੀ ਭੀੜ ਵਿਚ ਸਭ ਤੋਂ ਅਨੋਖਾ, ਨਿਆਰਾ, ਪਿਆਰਾ ਤੇ ਹੁਸੀਨ ਵਿਅਕਤੀ ਸੀ। ਜਿੱਥੇ ਬਹਿੰਦਾ, ਖੜ੍ਹਦਾ ਜਾਂ ਬੋਲਦਾ, ਰੌਣਕਾਂ ਦੀਆਂ ਝੜੀਆਂ ਲੱਗ ਜਾਂਦੀਆਂ। ਉਸ ਦੀਆਂ ਤੋਰਾਂ ਤੇ ਤੱਕਾਂ ਵਿਚ, ਸੂਰਤ ਤੇ ਸੀਰਤ ਵਿਚ ਮਿਕਨਾਤੀਸੀ ਖਿੱਚ ਸੀ। ਉਹ ਬਹੁਤ ਰਲੌਟਾ, ਮਿਲਾਪੜਾ, ਸੁਚੇਤ ਤੇ ਸਹਿਯੋਗੀ ਭਾਵਨਾ ਦਾ ਭਰ ਵਗਦਾ ਦਰਿਆ ਸੀ। ਤੁਰੇ ਜਾਂਦਿਆਂ ਨੂੰ ਮੋਹ ਲੈਂਦਾ ਸੀ। ਉਹ ਬਹੁਪੱਖੀ ਵਿੱਦਿਆ ਤੇ ਕਈ ਹੁਨਰਾਂ ਦਾ ਮਾਹਰ, ਉੱਦਮੀ, ਉਤਸ਼ਾਹੀ ਤੇ ਮਿਹਨਤੀ ਰੁਚੀਆਂ ਦਾ ਮਾਲਕ ਸੀ। ਉਹਦੇ ਬੋਲਾਂ ਵਿਚ ਹਾਸੇ ਛਣਕਦੇ; ਸਮਾਜਿਕ, ਵਿਗਿਆਨਕ ਤੇ ਯਥਾਰਥੀ ਲੋਕਧਾਰਾ ਦੀ ਮਹਿਕ ਹੁੰਦੀ। ਚੋਟੀ ਦੇ ਲੇਖਕਾਂ, ਵਿਗਿਆਨੀਆਂ ਤੇ ਬੁੱਧੀਜੀਵੀਆਂ ਦੀ ਮਹਿਫਿਲਾਂ ਵਿਚ ਆਪਣੀ ਸੁਲਝੀ ਤੇ ਸ੍ਰੇਸ਼ਟ ਵਿਚਾਰਧਾਰਾ ਨਾਲ ਉਹ ਬੋਹੜ ਵਾਂਗ ਛਾ ਜਾਂਦਾ।

ਡਾ. ਹਰਬੰਸ ਸਿੰਘ ਦੀ ਬੋਲ ਬਾਣੀ ਤੇ ਵਰਤਣ ਵਿਹਾਰ ਵਿਚ ਮੋਹ ਲੈਣ ਵਾਲਾ ਅਜਿਹਾ ਕੌਤਕੀ ਤੇ ਚੁੰਬਕੀ ਗੁਣ ਸੀ ਕਿ ਉਹ ਪਹਿਲੀ ਮਿਲਣੀ ਵਿਚ ਤੇ ਪਹਿਲੀ ਨਜ਼ਰੇ ਆਪਣੇ ਪਿਆਰ ਦੀਆਂ ਪੁਸ਼ਪ ਕੜੀਆਂ ਨਾਲ ਜਕੜ ਲੈਂਦਾ ਤੇ ਵਿਅਕਤੀ ਦੀ ਹਿਰਦੇ ਦੇ ਸੁਹਜ ਵਿਹੜੇ ਵਿਚ ਆਪਣੇ ਸਤਿਕਾਰ ਦੀ ਪੀੜ੍ਹੀ ਡਾਹ ਕੇ ਬਹਿ ਜਾਂਦਾ। ਇਸੇ ਕਾਰਨ ਉਸ ਦੀ ਮਿੱਤਰਤਾ ਦੀ ਲੜੀ ਰੀਝਾਂ ਨਾਲ ਸਿੰਗਾਰੀ, ਮਨਮੋਹਕ ਤੇ ਵਿਸ਼ਾਲ ਹੁੰਦੀ ਗਈ।
ਮੋਗਾ ਸ਼ਹਿਰ ਵਿਚ ਭਾਵੇਂ ਬਹੁਤ ਸਾਰੇ ਘਰਾਂ ਤੇ ਦੁਕਾਨਦਾਰਾਂ ਨਾਲ ਉਸ ਦੀ ਰੁਹਾਨੀ ਸਾਂਝ ਸੀ, ਪਰ ਅਜੋਕੀ ‘ਫੌਜੀ ਮਾਰਕੀਟ’ ਦੇ ਮਾਲਕ ਮੁਹਕਮ ਸਿੰਘ ਹੀਰਾ ਬਰਾੜ ਉਸ ਦਾ ਜਿਗਰੀ ਯਾਰ ਸੀ। ਭਾਰਤ ਭਰ ਵਿਚ ਅਰਬਾਂ-ਖਰਬਾਂ ਦੀ ਸੰਪਤੀ ਦੇ ਮਾਲਕ, ਬਾਘਾਪੁਰਾਣਾ ਦੇ ਮਹਾਨ ਸੰਤ ਗੁਰਮੇਲ ਸਿੰਘ ਨਾਲ ਉਸ ਦੀਆਂ ਬੇਹੱਦ ਰੁਮਾਂਚਿਕ ਤੇ ਅੰਦਰੂਨੀ ਸਾਂਝਾਂ ਸਨ। ਪੰਜਾਬੀ ਦੇ ਮਹਾਨ ਚਿੰਤਕ ਤੇ ਨਾਵਲਿਸਟ ਗੁਰਦਿਆਲ ਸਿੰਘ ਉਸ ਦੇ ਪਰਮ ਮਿੱਤਰਾਂ ਵਿਚੋਂ ਇੱਕ ਸਨ।
ਸਭ ਤੋਂ ਵੱਧ ਉਸ ਦੇ ਪਿਆਰੇ ਮਿੱਤਰਾਂ ਵਿਚੋਂ ਸਨ-ਮੋਗੇ ਤੋਂ ਗੁਰਦਰਸ਼ਨ ਸਿੰਘ ਤੇ ਜਿਲਾ ਜਲੰਧਰ ਤੋਂ ਗੁਰਬਚਨ ਸਿੰਘ ਨਿੱਝਰ। ਗੁਰਦਰਸ਼ਨ ਸਿੰਘ ਬਾਰਡਰ ਸਿਕਿਉਰਿਟੀ ਫੋਰਸ ਵਿਚ ਐਸ. ਐਸ. ਪੀ. ਰੈਂਕ ਉੱਤੇ ਗੰਗਾਨਗਰ ਤਾਇਨਾਤ ਸੀ ਅਤੇ ਗੁਰਬਚਨ ਸਿੰਘ ਕੋਟਕਪੂਰੇ ਰੇਲਵੇ ਵਿਚ ਸਟੇਸ਼ਨ ਮਾਸਟਰ। ਇਹ ਤਿੱਕੜੀ ਕਦੇ ਐਸ. ਐਸ. ਪੀ. ਗੁਰਦਰਸ਼ਨ ਸਿੰਘ ਕੋਲ ਗੰਗਾਨਗਰ, ਕਦੇ ਜਿਲਾ ਜਲੰਧਰ ਦੇ ਪਿੰਡ ‘ਨਿੱਝਰ’, ਕਦੇ ਮੋਗੇ ਗੁਰਦਰਸ਼ਨ ਸਿੰਘ ਦੇ ਘਰ ਤੇ ਜਾਂ ਕਦੇ ਡਾ. ਹਰਬੰਸ ਸਿੰਘ ਕੋਲ ਕੋਟਕਪੂਰੇ ਖਿੜੀ ਹੁੰਦੀ। ਤਿੰਨੋਂ ਇੱਕੋ ਜਿਹੇ ਉੱਚੇ ਕੱਦਾਂ ਵਾਲੇ, ਸੁਹਣੀਆਂ ਸੂਰਤਾਂ ਵਾਲੇ, ਆਪੋ ਆਪਣੇ ਕਿੱਤੇ ਦੇ ਸਿਕੰਦਰ ਤੇ ਮਨੁੱਖਤਾ ਦੇ ਹੁਸੀਨ ਨਾਇਕ ਸਨ। ਇਹ ਤਿੱਕੜੀ ਜਿੱਥੋਂ ਦੀ ਲੰਘ ਜਾਂਦੀ, ਉੱਥੋਂ ਦੀਆਂ ਗਲੀਆਂ ਦੇ ਕੱਖ ਵੀ ਸਿਰ ਚੁੱਕ ਚੁੱਕ ਵੇਂਹਦੇ ਸਨ।
ਪੰਜਾਬ ਦਾ ਪ੍ਰਸਿੱਧ ਕਾਂਗਰਸੀ ਲੀਡਰ ਅਵਤਾਰ ਸਿੰਘ ਬਰਾੜ ਗਿਆਨੀ ਜ਼ੈਲ ਸਿੰਘ ਦੀ ਹਿੱਕ ਦਾ ਵਾਲ ਸੀ। ਉਹ ਜਿਲਾ ਫਰੀਦਕੋਟ ਕਾਂਗਰਸ ਦਾ ਪ੍ਰਧਾਨ ਅਤੇ ਬੇਅੰਤ ਸਿੰਘ ਦੀ ਵਜਾਰਤ ਵਿਚ ਸਿਖਿਆ ਮੰਤਰੀ ਰਿਹਾ, ਹਰਬੰਸ ਸਿੰਘ ਦਾ ਜਿਗਰੀ ਯਾਰ ਸੀ। ਦੋਵੇਂ ਮਿੱਤਰ ਸਿ਼ਸ਼ਟਾਚਾਰੀ ਬਹੁਵਚਨੀ ਬੋਲ ਬਾਣੀ ਦਾ ਦਿਖਾਵਾ ਨਹੀਂ ਸਨ ਕਰਦੇ; ‘ਤੂੰ ਤੇਰਾ’ ਵਰਗੀ ਬੋਲ ਬਾਣੀ ਦੀ ਸਾਂਝ ਸੀ। ਜਿ਼ਕਰਯੋਗ ਗੱਲ ਇਹ ਹੈ ਕਿ ਉਨ੍ਹਾਂ ਦਿਨਾਂ ਵਿਚ ਮੈਂ ਅਧਿਆਪਕ ਸੀ ਤੇ ਆਪਣੇ ਮਨ ਚਾਹੇ ਸਕੂਲ ਵਿਚ ਆਪਣੀ ਬਦਲੀ ਕਰਾਉਣ ਲਈ ਉਤਾਵਲਾ ਸੀ, ਪਰ ਇਹ ਬਦਲੀਆਂ ਦੇ ਦਿਨ ਨਹੀਂ ਸਨ। ਨਵੰਬਰ ਦਾ ਮਹੀਨਾ ਸੀ, ਬਦਲੀਆਂ ਬੰਦ ਸਨ। ਜਿਲਾ ਸਿੱਖਿਆ ਅਫਸਰ ਫਰੀਦਕੋਟ ਤੋਂ ਲੈ ਕੇ ਸੀ. ਓ. ਨਾਭਾ ਤੱਕ ਕੇਸ ਮੁਕੰਮਲ ਕਰਨ ਦੇ ਸੌ ਝੰਜਟ ਸਨ। ਹਰਬੰਸ ਸਿੰਘ ਨੇ ਆਪਣੇ ਯਾਰ ਅਵਤਾਰ ਬਰਾੜ ਦੇ, ਆਪਣੇ ਪਿਆਰੇ ਬੋਲਾਂ ਨਾਲ ਅਜਿਹੀ ਪਾਣ ਚਾੜ੍ਹੀ ਕਿ ਬਰਾੜ ਸਿਰ ਤੋੜ ਯਤਨਾਂ ਵਿਚ ਅਜਿਹਾ ਖੁੱਭਿਆ ਕਿ ਉਸ ਨੇ ਅਸੰਭਵ ਨੂੰ ਸੰਭਵ ਤੇ ਅਨਹੋਣੀ ਨੂੰ ਹੋਣੀ ਵਿਚ ਬਦਲਨ ਦਾ ਕ੍ਰਿਸ਼ਮਾ ਕਰ ਦਿਖਾਇਆ। ਦਫਤਰੀ ਬਾਬੂਆਂ ਦੇ ਲਾਰਾ ਲਾਊ ਮਹੀਨਿਆਂ ਦਾ ਕੰਮ ਸਿਰਫ ਦੋ ਦਿਨਾਂ ਵਿਚ ਸਿਰੇ ਚਾੜ੍ਹ ਦਿੱਤਾ। ਸਵੇਰੇ ਗਿਆ, ਦੂਜੇ ਦਿਨ ਮੇਰੀ ਬਦਲੀ ਦੇ ਆਰਡਰ ਮੈਨੂੰ ਫੜਾ ਦਿੱਤੇ। ਮੈਂ ਧੰਨ ਧੰਨ ਹੋ ਗਿਆ!
ਡਾ. ਹਰਬੰਸ ਸਿੰਘ ਦਾ ਜਨਮ ਪਿਤਾ ਰਾਮ ਸਿੰਘ ਤੇ ਮਾਤਾ ਜੈ ਕੌਰ ਦੇ ਘਰ 4 ਅਪਰੈਲ 1938 ਨੂੰ ਜਿਲਾ ਮੋਗਾ ਦੇ ਪਿੰਡ ਇੰਦਰਗੜ੍ਹ ਵਿਚ ਹੋਇਆ। ਇਹ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਧਰਮਕੋਟ ਵਾਸੀ ਪਿਤਾ ਹਰੀ ਸਿੰਘ ਮਾਤਾ ਸ਼ਾਮ ਕੌਰ ਦੀ ਪੁੱਤਰੀ ਜਸਵੀਰ ਕੌਰ ਨਾਲ ਇਸ ਦੀ ਸ਼ਾਦੀ ਹੋਈ। ਇਨ੍ਹਾਂ ਦੇ ਘਰ ਤਿੰਨ ਪਿਆਰੀਆਂ ਪੁੱਤਰੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ: ਮਨਦੀਪ ਕੌਰ (ਐਡਮਿੰਟਨ, ਕੈਨੇਡਾ), ਪਰਮਜੀਤ ਕੌਰ (ਚੰਡੀਗੜ੍ਹ), ਰਾਜਿੰਦਰ ਕੌਰ (ਬਰਨਾਲਾ) ਅਤੇ ਗੁਰਮੇਲ ਸਿੰਘ। ਹਰਬੰਸ ਸਿੰਘ ਦੀ ਸੁਘੜ ਸੁਜਾਨ ਇਕਲੌਤੀ ਨੂੰਹ-ਪੁੱਤਰੀ ਬਲਜੀਤ ਕੌਰ, ਇੱਕ ਪੋਤਰਾ ਅਭੀਜੀਤ ਸਿੰਘ ਤੇ ਪੋਤਰੀ ਸਿਮਰਨ ਕੌਰ ਹਨ।
ਦੁਨਿਆਵੀ ਸਕੀਰੀ ਪੱਖੋਂ ਹਰਬੰਸ ਸਿੰਘ ਮੇਰਾ ਸਾਂਢੂ ਸੀ, ਪਰ ਉਹ ਮੇਰਾ ਹੋਰ ਵੀ ਬਹੁਤ ਕੁਝ ਸੀ। ਜਿ਼ੰਦਗੀ ਦੀਆਂ ਆਪਣੀਆਂ ਉਲਝੀਆਂ ਲਿਟਾਂ ਨੂੰ ਉਸ ਨੇ ਆਪਣੇ ਹੱਥੀਂ ਵਾਹਿਆ, ਸੁਆਰਿਆ ਤੇ ਆਪਣਾ ਸਿਰ ਆਪ ਗੁੰਦਿਆ ਹੈ। ਉਸ ਦੀ ਜਿ਼ੰਦਗੀ ਦੇ ਵਿਸਥਾਰ ਨੂੰ ਦੇਖਦਿਆਂ ਲਗਦਾ ਹੈ, ਜਿਵੇਂ ਧਰਤੀ ਦਾ ਇਹ ਟੋਟਾ ਉਸ ਲਈ ਛੋਟਾ ਹੋਵੇ ਤੇ ਉਸ ਦੀਆਂ ਸੋਚਾਂ ਦੀ ਉਡਾਰੀ ਬਹੁਤ ਵੱਡੀ ਤੇ ਵਿਸ਼ਾਲ ਹੋਵੇ। ਉਸ ਦੇ ਪੈਰ ਚੱਕਰ ਹੀ ਅਜਿਹਾ ਸੀ, ਉਹ ਇੱਕ ਥਾਂ ਟਿਕ ਕੇ ਬਹਿਣ ਵਾਲਾ ਨਹੀਂ ਸੀ; ਨਾ ਹੀ ਉਹ ਕਿਸੇ ਕਾਰੋਬਾਰ ਦੇ ਇੱਕੋ ਕਿੱਲੇ ਨਾਲ ਬੱਝੇ ਰਹਿਣ ਵਾਲਾ ਸੀ। ਭਗਤ ਕਬੀਰ ਵਾਂਗ ‘ਐਸੇ ਘਰ ਹਮ ਬਹੁਤ ਬਸਾਏ। ਜਬ ਹਮ ਰਾਮ ਗਰਭ ਮਹਿ ਆਏ’ ਵਾਂਗ ਉਸ ਨੇ ਵਾਰ ਵਾਰ ਆਪਣੇ ਟਿਕਾਣੇ ਤੇ ਆਪਣੇ ਕਾਰੋਬਾਰ ਬਦਲੇ।
ਉਹ ਪੀਰਾਂ, ਫਕੀਰਾਂ ਤੇ ਦਰਵੇਸ਼ਾਂ ਵਾਂਗ ਕੱਖਾਂ ਕਾਨਿਆਂ ਦੀ ਕੁੱਲੀ ਵਿਚ ਵੀ ਬਾਦਸ਼ਾਹਾਂ ਵਾਂਗ ਰਹਿ ਸਕਦਾ ਸੀ। ਗੰਢੇ ਤੇ ਅਚਾਰ ਨਾਲ ਰੁੱਖੀ ਮਿੱਸੀ ਖਾ ਕੇ ਵੀ ਛੱਤੀ ਪ੍ਰਕਾਰ ਦੇ ਭੋਜਨਾਂ ਦਾ ਅਨੰਦ ਲੈ ਸਕਦਾ ਸੀ। ਕਿਸੇ ਦੇ ਉੱਚੇ ਮਹਿਲ, ਮਹਿੰਗੀਆਂ ਕਾਰਾਂ ਤੇ ਬਹੁ-ਭਾਂਤੇ ਪਦਾਰਥਾਂ ਨਾਲ ਉਸ ਨੂੰ ਭੋਰਾ ਵੀ ਮਲਾਲ ਨਹੀਂ ਸੀ। ਹੀਣ ਭਾਵਨਾ ਤਾਂ ਉਸ ਦੇ ਨੇੜੇ ਤੇੜੇ ਨਹੀਂ ਸੀ, ਪਰ ਉਹ ਕਿਸੇ ਦੇ ਕੰਮ ਆਉਣ ਤੇ ਵਿਗੜੀ ਸੁਆਰਨ ਲਈ ਜਿ਼ੰਦਗੀ ਦੇ ਵੱਡੇ ਤੋ ਵੱਡੇ ਖਤਰੇ ਸਹੇੜ ਸਕਦਾ ਸੀ। ਕਿਸੇ ਦੀ ਚੰਗਿਆਈ ਜਾਂ ਕੋਈ ਹੁਨਰ ਦੇਖ ਕੇ ਚੁੱਪ ਰਹਿਣ ਜਾਂ ਦੜ ਵੱਟਣ ਦਾ ਆਦੀ ਨਹੀਂ ਸੀ; ਸਗੋਂ ਵਡਿਆਈ ਤੇ ਪ੍ਰਸ਼ੰਸਾ ਦਾ ਕੋਈ ਸੁਭਾਗ ਜਾਣ ਨਹੀਂ ਸੀ ਦਿੰਦਾ। ਉਹ ਆਪਣੇ ਪ੍ਰਸ਼ੰਸਕ ਬੋਲਾਂ ਰਾਹੀਂ ਨਿਹਾਲ ਕਰ ਦਿੰਦਾ ਸੀ। ਅਜਿਹੀ ਸੁੱਚੀ ਤੇ ਪਵਿੱਤਰ ਭਾਵਨਾ ਸੀ ਉਸ ਦੀ।
ਡਾ. ਹਰਬੰਸ ਸਿੰਘ ਨੇ ਆਪਣੀ ਸੁਖੀ ਤੇ ਖੁਸ਼ਹਾਲ ਜਿੰ਼ਦਗੀ ਲਈ ਜੋ ਘੋਰ ਸੰਘਰਸ਼ ਤੇ ਤਪੱਸਿਆ ਕੀਤੀ, ਉਸ ਦਾ ਵਿਸਥਾਰ ਬੇਅੰਤ ਜੋਖਮ, ਔਕੜਾਂ ਤੇ ਕਠਿਨਾਈਆਂ ਭਰਿਆ ਹੈ। ਉਹ ਜਿਸ ਵੀ ਕਿੱਤੇ ਵਿਚ ਪਿਆ, ਉਸ ਦੀ ਧੁਰ ਆਤਮਾ ਤੱਕ ਰਸਾਈ ਕੀਤੀ। ਜਿ਼ੰਦਗੀ ਦੇ ਅਰੰਭ ਵਿਚ ਮਸ਼ੀਨਰੀ ਦੇ ਕੰਮਾਂ ਵਿਚ ਲੰਮਾ ਸਮਾਂ ਪੂਰੀ ਲਗਨ ਨਾਲ ਕਠੋਰ ਮਿਹਨਤ ਤੇ ਕਮਾਈ ਕੀਤੀ।
ਜੀਵਨ ਵਿਚ ਕਈ ਵਾਰ ਕੁਝ ਅਜਿਹੀਆਂ ਅਣਸੁਖਾਵੀਆਂ, ਦੁੱਖ ਭਰੀਆਂ ਤੇ ਬੇਹੱਦ ਕੌੜੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ; ਜੋ ਸੋਚੀਆਂ ਵਿਚਾਰੀਆਂ ਨਹੀਂ ਹੁੰਦੀਆਂ। ਜਿਨ੍ਹਾਂ ਕਰ ਕੇ ਬੰਦੇ ਦਾ ਦਿਲ ਟੁੱਟ ਜਾਂਦਾ ਹੈ, ਉਹ ਮਾਨਸਕ ਰੋਗ ਸਹੇੜ ਲੈਂਦਾ ਤੇ ਮੰਜਾ ਮੱਲ ਲੈਂਦਾ ਹੈ; ਪਰ ਡਾ. ਹਰਬੰਸ ਸਿੰਘ ਘੋਰ ਔਕੜਾਂ, ਸੰਕਟਾਂ ਤੇ ਮੁਸੀਬਤਾਂ ਵਿਚ ਵੀ ਦਿਲ ਛੱਡਣ ਤੇ ਹੌਸਲਾ ਹਾਰਨ ਵਾਲਾ ਨਹੀਂ ਸੀ। ਉਸ ਦੀ ਜਿ਼ੰਦਗੀ ਵਿਚ ਇੱਕ ਅਜਿਹਾ ਸਮਾਂ ਵੀ ਆਇਆ ਕਿ ਉਸ ਦੀਆਂ ਜਾਨ ਤੋਂ ਪਿਆਰੀਆਂ ਤਿੰਨੋਂ ਧੀਆਂ, ਵਾਰੀ ਵਾਰੀ ਵਿਧਵਾ ਹੋ ਗਈਆਂ। ਪਿੱਛੋਂ ਚੰਡੀਗੜ੍ਹ ਵਾਲੀ ਵਿਧਵਾ ਲੜਕੀ ਸੜਕ ਹਾਦਸੇ ਵਿਚ ਸੁਰਗਵਾਸ ਹੋ ਗਈ। ਅਜਿਹੇ ਸਮੇਂ ਉਸ ਦੇ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ ਸੀ। ਘਰ ਵਿਚ ਸੋਗੀ ਮਾਹੌਲ। ਉੱਤੋਂ ਉਸ ਦੇ ਸਰੀਰ ਨੂੰ ਪਤਾ ਨਹੀਂ ਕੀ ਰੋਗ ਲੱਗਾ, ਉਸ ਦਾ ਸਾਰਾ ਸਰੀਰ ਬੁਰੀ ਤਰ੍ਹਾਂ ਸੁੱਜ ਗਿਆ। ਬੇਚੈਨੀ ਤੇ ਭਟਕਣਾ ਵਿਚ ਨਾ ਪਿਆ ਜਾਵੇ, ਨਾ ਬੈਠਾ ਜਾਵੇ, ਨਾ ਖਾਧਾ-ਪੀਤਾ ਜਾਵੇ। ਬਚਣ ਦੀ ਉਮੀਦ ਵੀ ਜਾਂਦੀ ਰਹੀ; ਪਰ ਦੁੱਖਾਂ ਮਾਰੇ ਅਜਿਹੇ ਹਾਲਾਤ ਵਿਚ ਵੀ ਉਸ ਨੇ ਹੌਸਲਾ ਨਹੀਂ ਹਾਰਿਆ, ਦ੍ਰਿੜਤਾ ਤੇ ਦਲੇਰੀ ਦਾ ਪੱਲਾ ਨਹੀਂ ਛੱਡਿਆ। ਕੁਕਨੂਸ ਵਾਂਗ ਉਹ ਆਪਣੀ ਰਾਖ ‘ਚੋਂ ਮੁੜ ਮੁੜ ਉੱਠਣ ਤੇ ਉੱਡਣ ਵਾਲਾ ਬਣਿਆ ਰਿਹਾ। ਉਸ ਨੇ ਜਿ਼ੰਦਗੀ ਦੀ ਮੁੜ ਉਸਾਰੀ ਕੀਤੀ, ਲੜਕੀਆਂ ਮੁੜ ਸੈੱਟ ਕੀਤੀਆਂ। ਪਹਿਲਾਂ ਵਾਂਗ ਪਰਿਵਾਰ ਖੁਸ਼ਹਾਲੀ ਦੇ ਪਰਾਂ ‘ਤੇ ਮੁੜ ਉਡਾਰੀ ਮਾਰਨ ਲੱਗਾ।
ਸਭ ਤੋਂ ਪਹਿਲਾਂ ਉਸ ਨੇ ਧਰਮਕੋਟ ਨੇੜੇ ਜਿਲਾ ਮੋਗਾ ਦੇ ਆਪਣੇ ਜਨਮ ਨਗਰ ਇੰਦਰਗੜ੍ਹ ਦੇ ਕੱਚੇ ਘਰਾਂ ਤੇ ਤੰਗ ਗਲੀਆਂ ਵਿਚੋਂ ਉੱਠ ਕੇ ਧਰਮਕੋਟ ਜ਼ੀਰਾ ਰੋਡ ‘ਤੇ ਆਪਣੇ ਘਰ ਦੀ ਉਸਾਰੀ ਕੀਤੀ। ਉੱਥੇ ਹੀ ਕਾਰਾਂ ਦੀ ਮੁਰੰਮਤ ਦਾ ਕਾਰੋਬਾਰ ਅਰੰਭਿਆ। ਛੇਤੀ ਹੀ ਇਹ ਭਾਗਸ਼ਾਲੀ ਟਿਕਾਣਾ ਰੌਣਕਾਂ ਦਾ ਕੇਂਦਰ ਬਣ ਗਿਆ, ਪਰ ਉਹ ਇੱਕ ਥਾਂ ਟਿਕ ਕੇ ਰਹਿਣ ਵਾਲਾ ਕਿੱਥੇ ਸੀ? ਇੱਥੇ ਵੀ ਬਹੁਤਾ ਚਿਰ ਨਾ ਟਿਕਿਆ। ਆਪਣਾ ਵਸੇਬਾ ਤੇ ਕਾਰੋਬਾਰ ਕੋਟਕਪੂਰੇ ਲੈ ਗਿਆ।
ਕੋਟਕਪੂਰੇ ਫਰੀਦਕੋਟ ਰੋਡ ‘ਤੇ ਉਸ ਨੇ ਆਪਣੇ ਕਾਰੋਬਾਰ ਦਾ ਤੇ ਘਰ ਦਾ ਬਹੁਤ ਮਿਹਨਤ ਤੇ ਰੀਝਾਂ ਨਾਲ ਵਿਸਥਾਰ ਕੀਤਾ। ਬਹੁਤ ਤਹਿਜ਼ੀਬ ਵਾਲਾ ਘਰ ਤੇ ਆਦਰਸ਼ਕ ਸੁਪਨਿਆਂ ਦੀ ਵਿਸ਼ਾਲ ਵਰਕਸ਼ਾਪ ਦਾ ਨਿਰਮਾਣ ਕੀਤਾ। ਉਸ ਦਾ ਇਹ ਟਿਕਾਣਾ ਰੌਣਕਾਂ ਤੇ ਮਹਿਫਿਲਾਂ ਦਾ ਕੇਂਦਰ ਬਣ ਗਿਆ। ਪੂਰੇ ਕੋਟਕਪੂਰੇ ਵਿਚ ਇਸ ਦੀ ਚੜ੍ਹਾਈ ਦੀਆਂ ਗੱਲਾਂ ਹੁੰਦੀਆਂ। ਇੱਥੇ ਉਸ ਨੇ ਲੰਮਾ ਸਮਾਂ ਸਖਤ ਮਿਹਨਤ ਕੀਤੀ, ਕਮਾਈ ਕੀਤੀ, ਪ੍ਰਾਪਰਟੀ ਦਾ ਵੀ ਵਿਸਥਾਰ ਕੀਤਾ। ਫਿਰ ਪਹਿਲਾ ਘਰ ਵੇਚ ਕੇ ਗੋਬਿੰਦ ਨਗਰ ਵਿਚ ਨਵਾਂ ਤੇ ਵਿਸ਼ਾਲ ਘਰ ਬਣਾਇਆ।
ਫਿਰ ਡਾਕਟਰੀ ਵਿਗਿਆਨ ਵੱਲ ਰੁਚੀ ਹੋ ਗਈ। ਕਾਰਾਂ ਦਾ ਕੰਮ ਛੱਡ ਕੇ ਡਾਕਟਰੀ ਧੰਦੇ ਮਗਰ ਪੈ ਗਿਆ। ਆਯੁਰਵੈਦ ਦੀ ਥਿਉਰੀ ਤੇ ਐਕਿਊਪ੍ਰੈਸ਼ਰ ਦੀ ਖੋਜ ਵਿਚ ਆਪਣੇ ਜੀਵਨ ਦੀ ਸਾਰੀ ਸ਼ਕਤੀ ਝੋਕ ਦਿੱਤੀ, ਕਠੋਰ ਮਿਹਨਤ ਕੀਤੀ ਅਤੇ ਇਸ ਵਿਚ ਸਿਰੇ ਦਾ ਮਾਹਰ ਡਾਕਟਰ ਬਣਿਆ। ਕੋਟਕਪੂਰੇ, ਦਿੱਲੀ ਜਾਂ ਸਾਡੇ ਕੋਲ ਕੈਨੇਡਾ ਆਇਆ, ਹਰ ਥਾਂ ਉਸ ਦੇ ਚਾਹੁਣ ਵਾਲੇ ਮਰੀਜਾਂ ਦੀਆਂ ਲਾਈਨਾਂ ਲੱਗ ਜਾਂਦੀਆਂ, ਵਾਰੀ ਨਹੀਂ ਸੀ ਆਉਂਦੀ।
ਫਿਰ ਉਸ ਦੀਆਂ ਸੋਚਾਂ ਸਕੀਮਾਂ ਨੂੰ ਕੋਟਕਪੂਰਾ ਸ਼ਹਿਰ ਛੋਟਾ ਲੱਗਾ। ਸ਼ਾਸਤਰੀ ਨਗਰ ਦਿੱਲੀ ਉਸ ਦੇ ਸਬੰਧੀ ਜਾਗੀਰ ਸਿੰਘ ਦੀ ਲੜਕੀ ਬਲਵਿੰਦਰ ਕੌਰ ਰਹਿੰਦੀ ਸੀ। ਉਸ ਦੀ ਡਬਲ ਛੱਤੀ ਵਿਸ਼ਾਲ ਕੋਠੀ ਸੀ। ਕੋਟਕਪੂਰਾ ਛੱਡ ਕੇ ਉਸ ਨੇ ਬਲਵਿੰਦਰ ਕੌਰ ਕੋਲ ਦਿੱਲੀ ਜਾ ਡੇਰੇ ਲਾਏ। ਇੱਥੇ ਇਸ ਦੀ ਸ਼ਫਾ ਦੇ, ਇਸ ਦੇ ਹੁਨਰ ਤੇ ਡਾਕਟਰੀ ਵਿਗਿਆਨ ਦੇ ਦੂਰ ਦੂਰ ਤੱਕ ਡੰਕੇ ਵੱਜ ਗਏ।
ਭਾਈ ਕੀ ਸਮਾਧ ਵਾਲੇ ਨਾਨਕਸਰੀ ਬਾਬਾ ਜੀ ਗੁਰਦੇਵ ਜੀ ਦਾ ਪਹਾੜ ਗੰਜ ਬਹੁਤ ਵੱਡਾ ਠਾਠ ਸੀ। ਉਨ੍ਹਾਂ ਦੇ ਭਾਰਤ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਵਿਚ ਅਜਿਹੇ ਠਾਠ ਹਨ। ਹਰ ਥਾਂ ਸ਼ਰਧਾਲੂਆਂ ਦੀ ਭੀੜ ਜੁੜਦੀ ਸੀ। ਡਾ. ਹਰਬੰਸ ਸਿੰਘ ਦੀ ਮਸ਼ਹੂਰੀ ਦੀ ਮਹਿਕ ਬਾਬਾ ਜੀ ਦੇ ਦਰਬਾਰ ਤੱਕ ਪਹੁੰਚੀ। ਉਨ੍ਹਾਂ ਨੂੰ ਅਜਿਹੇ ਗੁਣੀ ਦੀ ਲੋੜ ਸੀ। ਉਨ੍ਹਾਂ ਇਸ ਨੂੰ ਆਪਣੇ ਨਾਲ ਜੋੜਨ ਦੇ ਯਤਨ ਕੀਤੇ। ਉਨ੍ਹਾਂ ਦੀ ਇੱਛਾ ਸੀ ਕਿ ਡਾ. ਹਰਬੰਸ ਸਿੰਘ ਦੇਸ਼-ਵਿਦੇਸ਼ਾਂ ਵਿਚ ਉਨ੍ਹਾਂ ਦੇ ਨਾਲ ਰਹੇ। ਇਸ ਨਾਲ ਬਾਬਾ ਜੀ ਦੀ ਮਹਿਮਾ ਦਾ ਹੋਰ ਵਿਸਥਾਰ ਹੁੰਦਾ ਸੀ। ਜਿੱਥੇ ਮਾਨਸਿਕ ਅਰੋਗਤਾ ਲਈ ਬਾਬਾ ਜੀ ਪ੍ਰਵਚਨ ਕਰਦੇ ਸਨ, ਉੱਥੇ ਤਨ ਦੀ ਅਰੋਗਤਾ ਲਈ ਡਾ. ਹਰਬੰਸ ਸਿੰਘ ਦੀ ਡਾਕਟਰੀ ਸੇਵਾ ਵੱਡੇ ਅਰਥ ਰਖਦੀ ਸੀ। ਨਾਲੇ ਠਾਠ ਵਿਚ ਬਹੁਭਾਂਤੀ ਬੇਅੰਤ ਸੁਖ ਸਹੂਲਤਾਂ ਦੇ ਨਾਲ ਮਾਇਆ ਦੇ ਵੀ ਬੇਅੰਤ ਖੁੱਲ੍ਹੇ ਗੱਫੇ ਸਨ। ਦੇਸ਼-ਵਿਦੇਸ਼ ਦੀ ਮੁਫਤ ਦੀ ਸੈਰ। ਆਮ ਸੋਚ ਵਾਲੇ ਵਿਅਕਤੀ ਲਈ ਅਜਿਹਾ ਮੌਕਾ ਕਰਮਾਂ ਨਾਲ ਮਿਲਦਾ ਹੈ, ਪਰ ਹਰਬੰਸ ਸਿੰਘ ਦੀ ਗੱਲ ਹੋਰ ਹੈ। ਜੇ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਡਾ. ਹਰਬੰਸ ਸਿੰਘ ਦੀ ਵਿਚਾਰਧਾਰਾ ਮੇਲ ਨਹੀਂ ਸੀ ਖਾਂਦੀ, ਉਹ ਉਸ ਨਾਲ ਮੇਲ ਮਿਲਾਪ ਤਾਂ ਕੀ, ਉਸ ਨਾਲ ਅੱਖ ਤੱਕ ਨਹੀਂ ਸੀ ਮਿਲਾਉਂਦਾ। ਬਾਬਾਵਾਦ ਦਾ ਜਲੌਅ ਉਸ ਨੂੰ ਉੱਕਾ ਪਸੰਦ ਨਹੀਂ ਸੀ। ਇਸ ਲਈ ਉਸ ਨੇ ਬਾਬਾ ਜੀ ਦੇ ਠਾਠ ਤੋਂ ਕਿਨਾਰਾ ਕਰ ਲਿਆ।
ਸ਼ਾਸਤਰੀ ਨਗਰ ਰਹਿੰਦਿਆਂ ਬਲਵਿੰਦਰ ਕੌਰ ਦੇ ਘਰ ਬਹੁਤ ਸਾਰੇ ਇਸ ਦੇ ਮਰੀਜਾਂ ਵਿਚੋਂ ਇਸ ਦੇ ਸੰਪਰਕ ਵਿਚ ਇੱਕ ਨਿਰਾਸ, ਉਦਾਸ ਤੇ ਦੁਖਿਆਰੀ ਅਪਾਹਜ ਲੜਕੀ ਆਈ, ਨਿਰਵੈਰ ਕੌਰ। ਨਿਰੀ ਤਰਸ ਦੀ ਪਾਤਰ। ਉਸ ਦੀ ਜਿ਼ੰਦਗੀ ਦਾ ਕੋਈ ਸਹਾਰਾ ਨਹੀਂ ਸੀ-ਨਾ ਮਾਪੇ, ਨਾ ਕੋਈ ਹੋਰ ਸੰਗੀ ਸਾਥੀ। ਉਸ ਦੇ ਸਰੀਰ ਦਾ ਲੱਕੋਂ ਹੇਠਲਾ ਹਿੱਸਾ ਅਸਲੋਂ ਨਕਾਰਾ ਸੀ। ਤੁਰ ਫਿਰ ਨਹੀਂ ਸੀ ਸਕਦੀ। ਦਿੱਲੀ ਟੈਗੋਰ ਗਾਰਡਨ ਕੋਲ ਉਹ ਆਪਣੇ ਉਦਾਸ ਘਰ ਇਕੱਲੀ ਲਾਚਾਰ ਜਿ਼ੰਦਗੀ ਨੂੰ ਧੱਕਾ ਦੇ ਰਹੀ ਸੀ। ਡਾ. ਹਰਬੰਸ ਸਿੰਘ ਦੇ ਇਲਾਜ ਨਾਲ ਨਿਰਵੈਰ ਦੀਆਂ ਲੱਤਾਂ ਭਾਵੇਂ ਤੁਰਨ ਜੋਗੀਆਂ ਨਾ ਹੋ ਸਕੀਆਂ, ਪਰ ਸਰੀਰ ਦੇ ਬਾਕੀ ਰੋਗ ਦੂਰ ਹੋ ਗਏ ਅਤੇ ਉਹ ਧੁਰ ਅੰਦਰੋਂ ਇਸ ਦੀ ਪੱਕੀ ਮੁਰੀਦ ਬਣ ਗਈ।
ਬਹੁਤ ਤਰਲਿਆਂ ਨਾਲ ਡਾ. ਹਰਬੰਸ ਸਿੰਘ ਨੂੰ ਉਹ ਆਪਣੇ ਘਰ ਲਿਜਾਣ ਵਿਚ ਸਫਲ ਹੋ ਗਈ। ਉਸ ਨੂੰ ਡਾ. ਹਰਬੰਸ ਸਿੰਘ ਤੇ ਉਸ ਦੀ ਪਤਨੀ ਜਸਵੀਰ ਕੌਰ ਵਰਗੇ ਮਮਤਾ ਭਰਪੂਰ ਰਹਿਮ ਦਿਲਾਂ ਅਤੇ ਸਕਿਆਂ ਨਾਲੋਂ ਵੱਧ ਮਾਂ-ਪਿਓ ਵਰਗਾ ਆਸਰਾ ਮਸਾਂ ਮਿਲਿਆ ਸੀ। ਨਿਰਵੈਰ ਦੇ ਅਸਲੋਂ ਉਦਾਸ ਘਰ ਵਿਚ ਹਰਬੰਸ ਸਿੰਘ ਦੇ ਡਾਕਟਰੀ ਕਿੱਤੇ ਦੀਆਂ ਤੇ ਮਰੀਜਾਂ ਦੀਆਂ ਭੀੜਾਂ ਜੁੜਨ ਲੱਗ ਗਈਆਂ, ਰੌਣਕਾਂ ਨਾਲ ਘਰ ਭਰਿਆ ਰਹਿੰਦਾ। ਉਸ ਦੀ ਨਿਰਾਸ, ਉਦਾਸ ਜਿ਼ੰਦਗੀ ਵਿਚ ਚਾਅ ਤੇ ਉਤਸ਼ਾਹ ਦਾ ਹੁਲਾਰਾ ਆ ਗਿਆ। ਖੁਸ਼ੀਆਂ ਅਤੇ ਖੇੜਿਆਂ ਦੇ ਮਹਿਕਦੇ ਫੁੱਲ ਖਿੜ ਗਏ। ਉਸ ਨੂੰ ਜਿਉਣਾ ਚੰਗਾ ਚੰਗਾ ਲੱਗਣ ਲੱਗ ਪਿਆ।
ਉਧਰ ਜਿਵੇਂ ਪਾਕਿਸਤਾਨ ਬਣਨ ਸਮੇਂ ਭਗਤ ਪੂਰਨ ਸਿੰਘ ਇੱਕ ਅਪਾਹਜ ਬੱਚੇ ਪਿਆਰਾ ਸਿੰਘ ਨੂੰ ਨਨਕਾਣਾ ਸਾਹਿਬ ਤੋਂ ਆਪਣੇ ਕੰਧੇੜੇ ਉੱਤੇ ਚੁੱਕ ਕੇ ਅੰਮ੍ਰਿਤਸਰ ਲਿਆਇਆ ਤੇ ਸਾਰੀ ਉਮਰ ਆਪਣੇ ਪਿੰਗਲਵਾੜੇ ਵਿਚ ਉਸ ਦੀ ਸੇਵਾ ਕੀਤੀ, ਠੀਕ ਉਸੇ ਤਰ੍ਹਾਂ ਡਾ. ਹਰਬੰਸ ਸਿੰਘ ਆਪਣੀ ਨਿਰਵੈਰ ਨੂੰ ਮਮਤਾ ਭਰੇ ਬਾਬਲ ਵਾਂਗ ਆਪਣੇ ਕੰਧਾੜੇ ਚੁੱਕ ਕੇ ਲਈ ਫਿਰਦਾ ਰਿਹਾ। ਉਸ ਦੀ ਹਰ ਇੱਛਾ ਜਾਂ ਖਾਹਿਸ਼ ਪੂਰੀ ਕਰਨ ਦਾ ਉਸ ਦਾ ਮਿਸ਼ਨ ਬਣ ਗਿਆ। ਉੱਧਰ ਨਿਰਵੈਰ ਨੇ ਦਿੱਲੀ ਵਾਲੀ ਆਪਣੇ ਰਿਹਾਇਸ਼ੀ ਘਰ ਵਾਲੀ ਪ੍ਰਾਪਰਟੀ ਡਾ. ਹਰਬੰਸ ਸਿੰਘ ਦੇ ਨਾਂ ਕਰਨ ਦਾ ਫੈਸਲਾ ਕਰ ਲਿਆ, ਪਰ ਰੱਜੀ ਰੂਹ, ਸੰਤੁਸ਼ਟ ਤੇ ਮਹਾਨ ਮਨੁੱਖ ਡਾ. ਹਰਬੰਸ ਸਿੰਘ ਨੇ ਉਸ ਦੀ ਇਸ ਸਕੀਮ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਤੇ ਉਸ ਦੀਆਂ ਸਾਰੀਆਂ ਸਲਾਹਾਂ ਸਕੀਮਾਂ ਨਕਾਰ ਦਿੱਤੀਆਂ। ਫਿਰ ਵੀ ਨਿਰਵੈਰ ਰੁਕੀ ਨਹੀਂ। ਉਸ ਨੇ ਡਾ. ਹਰਬੰਸ ਸਿੰਘ ਦੀ ਜਾਣਕਾਰੀ ਤੋਂ ਬਿਨਾ ਚੁੱਪ-ਚੁਪੀਤੇ ਆਪਣੀ ਲੱਖਾਂ ਦੀ ਪ੍ਰਾਪਰਟੀ ਡਾ. ਹਰਬੰਸ ਸਿੰਘ ਦੇ ਨਾਂ ਕਰ ਕੇ ਆਪਣੀ ਸੱਚੀ ਸੁੱਚੀ ਤੇ ਪਵਿੱਤਰ ਪਿਆਰ-ਭਾਵਨਾ ਦੀ ਸੁਗੰਧੀ ਚਾਰ-ਚੁਫੇਰੇ ਖਿਲਾਰ ਦਿੱਤੀ।
ਡਾ. ਹਰਬੰਸ ਸਿੰਘ ਦੀ ਸੁਹਣੀ, ਸਚਿਆਰੀ, ਪਿਆਰੀ ਤੇ ਲਾਇਕ ਪੋਤਰੀ ਸਿਮਰਨ ਦਾ 6 ਦਸੰਬਰ ਨੂੰ ਲੁਧਿਆਣੇ ਵਿਆਹ ਸੀ। ਹਰਬੰਸ ਸਿੰਘ ਤੇ ਜਸਵੀਰ ਦਿੱਲੀਓਂ ਕੋਟਕਪੂਰੇ ਆ ਗਏ। ਸੁੱਖੀਂ ਸਾਂਦੀਂ ਸ਼ਗਨਾਂ ਭਰੇ ਵਿਆਹ ਦੀਆਂ ਰਸਮਾਂ ਹੋਈਆਂ। 17 ਦਸੰਬਰ ਨੂੰ ਘਰ ਵਿਚ ਮਾਮੂਲੀ ਬੁਖਾਰ ਹੋਇਆ। ਪਹਿਲਾਂ ਘਰ ਵਿਚ ਓਹੜ-ਪੋਹੜ ਕਰਦੇ ਰਹੇ, ਫਿਰ ਕੋਟਕਪੂਰੇ ਸਰਕਾਰੀ ਹਸਪਤਾਲ ਗਏ। ਉਨ੍ਹਾਂ ਤੁਰੰਤ ਸਰਕਾਰੀ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ। ਉਨ੍ਹਾਂ ਕਰੋਨਾ ਪਾਜੇ਼ਟਿਵ ਡਿਕਲੇਅਰ ਕਰ ਦਿੱਤਾ। ਇਲਾਜ ਸ਼ੁਰੂ, ਪਰ ਕਿੱਥੇ? ਭਾਵੀ ਦੇ ਕਹਿਰ ਦਾ ਪਤਾ ਨਹੀਂ ਸੀ। ਹੁਣ ਕੀ ਹੋ ਸਕਦਾ ਸੀ? ਦਿਲ ਦੀਆਂ ਦਿਲ ਵਿਚ ਰਹਿ ਗਈਆਂ। ਡਾ. ਹਰਬੰਸ ਸਿੰਘ ਸੁਹਣੀ, ਸਚਿਆਰੀ ਤੇ ਪਿਆਰੀ ਰੂਹ ਦਾ ਸਿ਼ੰਗਾਰ, ਕੋਮਲ ਤੇ ਮਧੁਰ ਨਗਮਿਆਂ ਦੀ ਗੁੰਜਾਰ, ਉੱਤਮ ਵਿਹਾਰ, ਪਵਿੱਤਰ ਕਿਰਦਾਰ ਤੇ ਠੀਕ ਅਰਥਾਂ ਵਿਚ ਰੰਗੀਨ ਸੁਪਨਿਆਂ ਦਾ ਸਰਦਾਰ ਸੀ। ਇਹੋ ਜਿਹੇ ਅਣਮੁੱਲੇ ਇਨਸਾਨ ਕਿੱਥੋਂ ਲੱਭਦੇ ਹਨ! ਇਹ ਪਿਆਰੀ ਹਸਤੀ 8 ਜਨਵਰੀ 2021 ਨੂੰ ਕੋਟਕਪੂਰੇ `ਚ ਪਰਲੋਕ ਸਿਧਾਰ ਗਈ। ਹੁਣ ਤਾਂ ਦਿਲ ਇਹੋ ਪੁਕਾਰਦਾ ਹੈ, ‘ਨਹੀਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ!’