ਕਿਸਾਨ ਸੰਘਰਸ਼ ਬਨਾਮ ਸਰਕਾਰ ਦੀ ਨਿਰਲੱਜਤਾ

ਅਮਰਜੀਤ ਸਿੰਘ ਮੁਲਤਾਨੀ
ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਵੱਡੀ ਲੋੜ ਸੀ, ਇਕ ਅਜਿਹੇ ਦਸਤਾਵੇਜ਼ ਦੀ, ਜੋ ਦੇਸ਼ ਨੂੰ ਅਤੇ ਇਸ ਵਿਚ ਵਾਸ ਕਰਨ ਵਾਲੀ ਜਨਤਾ ਨੂੰ ਇਕ-ਸਾਰ ਤੇ ਬਰਾਬਰੀ ਦੇ ਆਧਾਰ `ਤੇ ਚਲਾਉਣ ਦੇ ਦਿਸ਼ਾ ਨਿਰਦੇਸ਼ ਤੈਅ ਕਰੇ। ਇਸ ਕਾਰਜ ਲਈ ਡਾ. ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਦੀ ਤਜਵੀਜ਼ ਲਿਖੀ। ਕਾਫੀ ਲੰਬਾ ਸਮਾਂ ਇਸ ਕਾਰਜ ਲਈ ਵਿਸ਼ੇਸ਼ ਤੌਰ `ਤੇ ਬਣਾਈ ਸੰਵਿਧਾਨ ਸਭਾ ਨੇ ਉਸ ਤਜਵੀਜ਼ ਦੀ ਇੱਕ-ਇੱਕ ਲਾਈਨ `ਤੇ ਲੰਮਾ ਸਮਾਂ ਲੰਮੀਆਂ ਬਹਿਸਾਂ ਕੀਤੀਆਂ।

ਫਿਰ ਕਿਤੇ ਸੰਵਿਧਾਨ ਦਾ ਅਸਲ ਸਰੂਪ ਤਿਆਰ ਹੋਇਆ! ਡਾ. ਅੰਬੇਦਕਰ ਦੀ ਮੁੱਖ ਮਨਸ਼ਾ ਸੀ ਕਿ ਭਾਰਤ ਜਿਹੇ ਗਰੀਬ ਅਤੇ ਧਾਰਮਿਕ ਜਾਤ-ਪਾਤ ਦੇ ਵਿਤਕਰੇ ਨਾਲ ਡੰਗੇ ਹੋਏ ਦੇਸ਼ ਵਿਚ ਸੰਵਿਧਾਨਕ ਤੌਰ `ਤੇ ਘੱਟੋ ਘੱਟ ਮਾਨਸ ਦੀ ਜਾਤ ਇੱਕ ਤੇ ਸਿਰਫ ਇੱਕ ਹੀ ਹੋਵੇ। ਸਮਾਜਿਕ ਤੌਰ `ਤੇ ਕੋਈ ਵੀ ਉੱਚਾ ਜਾਂ ਨੀਵਾਂ ਨਾ ਹੋਵੇ; ਕੋਈ ਵੀ ਨਾ ਅਗੜਾ, ਨਾ ਪਿਛੜਾ ਹੋਵੇ, ਸਾਰੇ ਇੱਕ ਸਮਾਨ ਹੋਣ। ਸੰਵਿਧਾਨ ਦੇ ਵਰਕਿਆਂ `ਤੇ ਮਨੁੱਖੀ ਬਰਾਬਰੀ ਬਾਰੇ ਬਹੁਤ ਕੁਝ ਲਿਖਿਆ ਗਿਆ। ਪਿਛਲੇ ਸੱਤ ਦਹਾਕਿਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਜਨਤਾ ਇਸ ਹਕੀਕਤ ਨੂੰ ਪਰਖ ਰਹੀ ਹੈ ਅਤੇ ਭੁਗਤ ਵੀ ਰਹੀ ਹੈ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਸਮਰੱਥਾ ਤੇ ਕਾਬਲੀਅਤ ਅਨੁਸਾਰ ਦੇਸ਼ ਦੀ ਸਨਅਤੀ, ਆਰਥਿਕ , ਵਿੱਦਿਅਕ, ਸਿਹਤ ਅਤੇ ਖੇਤੀਬਾੜੀ ਦੀ ਉੱਨਤੀ ਲਈ ਕਾਫੀ ਉਪਰਾਲੇ ਕੀਤੇ। ਇਨ੍ਹਾਂ ਯਤਨਾਂ ਤਹਿਤ 1948 ਵਿਚ ਆਈ. ਟੀ. ਆਈ., 1950 ਵਿਚ ਯੋਜਨਾ ਕਮਿਸ਼ਨ, 1951 ਵਿਚ ਆਈ. ਆਈ. ਟੀ., 1952 ਵਿਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ, 1954 ਵਿਚ ਸਟੀਲ ਅਥਾਰਟੀ ਆਫ ਇੰਡੀਆ, 1954 ਵਿਚ ਹੀ ਭਾਬਾ ਐਟਮੀ ਰਿਸਰਚ ਸੈਂਟਰ, 1955 ਵਿਚ ਭਿਲਾਈ ਸਟੀਲ ਪਲਾਂਟ (ਇਸ ਤੋਂ ਬਾਅਦ ਕਈ ਹੋਰ ਸਟੀਲ ਪਲਾਂਟ ਬਣੇ), 1956 ਵਿਚ ਓ. ਐਨ. ਜੀ. ਸੀ., 1958 ਵਿਚ ਡੀ. ਆਰ. ਡੀ. ਓ., 1961 ਵਿਚ ਆਈ. ਆਈ. ਐਮ., 1962 ਵਿਚ ਇਸਰੋ ਅਤੇ 1964 ਵਿਚ ਭੇਲ ਯਾਨਿ ਭਾਰਤ ਹੈਵੀ ਇਲੈਕਟ੍ਰੀਕਲਜ ਲਿਮੀਟੇਡ ਆਦਿ ਪਬਲਿਕ ਸੈਕਟਰ ਸੰਸਥਾਵਾਂ ਦੀ ਸਥਾਪਨਾ ਹੋਈ।
ਸਨਅਤੀ ਤਰੱਕੀ ਦੇ ਨਾਲ-ਨਾਲ ਖੇਤੀਬਾੜੀ ਦੇ ਖੇਤਰ ਵਿਚ ਉੱਨਤੀ ਲਈ ਸਾਲ 1948 ਦੌਰਾਨ ਭਾਖੜਾ ਡੈਮ ਦੀ ਉਸਾਰੀ ਸ਼ੁਰੂ ਹੋਈ, ਜਿਸ ਨੇ ਪੰਜਾਬ ਦੀ ਹਰੀ ਕ੍ਰਾਂਤੀ ਵਿਚ ਵੱਡਾ ਰੋਲ ਅਦਾ ਕੀਤਾ। ਸਾਲ 1957 ਵਿਚ ਉੜੀਸਾ ਵਿਚ ਮਹਾ ਨਦੀ ਦਰਿਆ ਤੇ ਹੀਰਾਕੁੰਡ ਡੈਮ ਬਣਿਆ, 1967 ਵਿਚ ਆਂਧਰਾ ਪ੍ਰਦੇਸ਼ ਦੀ ਕ੍ਰਿਸ਼ਨਾ ਨਦੀ ਨਾਗਾਰਜੁਨਾ ਸਾਗਰ ਡੈਮ ਬਣਿਆ, 2006 ਸਾਲ ਵਿਚ ਉੱਤਰਾਖੰਡ ਵਿਚ ਟਿਹਰੀ ਡੈਮ ਬਣਿਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਡੈਮ ਭਾਰਤ ਦੇ ਹੋਰਨਾਂ ਰਾਜਾਂ ਵਿਚ ਬਣੇ ਹੋਏ ਹਨ। ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਨਾਮ `ਤੇ ਬਣਿਆ ਸਰਦਾਰ ਸਰੋਵਰ ਡੈਮ, ਜਿਸ ਦੇ ਕੰਡੇ `ਤੇ ਭਾਰਤ ਦੇ ਪਹਿਲੇ ਸ਼ੱਰੇਆਮ ਝੂਠ ਬੋਲਣ ਵਾਲੇ ਅਤੇ ਆਵਾਮ ਪ੍ਰਤੀ ਅਸਹਿਨਸ਼ੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੀ ਦਿਉ ਕੱਦ ਮੂਰਤੀ ਬਣਾਈ ਹੈ, ਦਾ ਨਿਰਮਾਣ ਵੀ ਕਾਂਗਰਸ ਸਰਕਾਰ ਵੱਲੋਂ ਹੀ ਕੀਤਾ ਗਿਆ ਹੈ। ਮੋਦੀ ਪਟੇਲ ਦੇ ਗੁਜਰਾਤੀ ਹੋਣ ਕਰਕੇ ਸਰਦਾਰ ਪਟੇਲ ਨੂੰ ਜਵਾਹਰ ਲਾਲ ਨਹਿਰੂ ਤੋਂ ਵੀ ਵੱਡਾ ਲੀਡਰ ਬਣਾਉਣ ਦੀ ਕਵਾਇਦ ਵਿਚ ਰੁੱਝਿਆ ਹੋਇਆ ਹੈ।
ਜਦੋਂ ਭਾਰਤ ਆਜ਼ਾਦ ਹੋਇਆ, ਉਸ ਵੇਲੇ ਖੇਤੀਬਾੜੀ ਦੀ ਸਥਿਤੀ ਕੋਈ ਖਾਸ ਨਹੀਂ ਸੀ। ਤਾਜ਼ੀ ਵੰਡ ਹੋਈ ਸੀ। ਪਹਿਲੇ ਕੁਝ ਸਾਲ ਤਾਂ ਪੰਜਾਬੀ ਕਿਸਾਨੀ ਨੂੰ ਪੈਰ ਜਮਾਉਣ ਵਿਚ ਹੀ ਲੱਗ ਗਏ। ਪੁਰਾਤਨ ਢੰਗ ਨਾਲ ਖੇਤੀ ਹੁੰਦੀ ਸੀ। ਫਸਲਾਂ ਦੇ ਝਾੜ ਵੀ ਕੁਝ ਖਾਸ ਨਹੀਂ ਸਨ ਹੁੰਦੇ। ਦੇਸ਼ ਵਿਚ ਅੰਨ ਦੀ ਸਮੱਸਿਆ ਸਮਾਂ ਪੈਣ `ਤੇ ਵੱਧਦੀ ਜਾ ਰਹੀ ਸੀ। ਭਾਰਤ ਨੂੰ ਹਮੇਸ਼ਾ ਵਿਦੇਸ਼ੀ ਰਾਜਾਂ ਕੋਲੋਂ ਅੰਨ ਆਯਾਤ ਕਰਨਾ ਪੈਂਦਾ ਸੀ। ਖਾਦ ਪਦਾਰਥਾਂ ਦੀ ਘਾਟ ਕਾਰਨ ਹੀ ਕੇਂਦਰ ਸਰਕਾਰ ਨੂੰ ਦੇਸ਼ ਵਿਚ 1960 ਵਿਚ ਰਾਸ਼ਨ ਪ੍ਰਣਾਲੀ ਸ਼ੁਰੂ ਕਰਨੀ ਪਈ। ਉਸ ਤੋਂ ਪਹਿਲਾਂ ਪੱਛਮੀ ਬੰਗਾਲ ਵਿਚ ਖੱਬੇ ਪੱਖੀ ਪਾਰਟੀਆਂ ਦਾ ਹਿੰਸਕ ਅੰਨ ਅੰਦੋਲਨ ਹੋਇਆ, ਜਿਸ ਵਿਚ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ।
ਦੇਸ਼ ਦੀ ਅੰਨ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਦੇ ਕਿਸਾਨਾਂ ਨੇ 60ਵੇਂ ਦਹਾਕੇ ਦੌਰਾਨ ਇੱਕ ਵੱਡਾ ਹੰਭਲਾ ਮਾਰਿਆ, ਜਿਸ ਨੇ ਦੇਸ਼ ਦੀ ਅੰਨ ਦੀ ਤੋਟ ਨੂੰ ਤਾਂ ਪੂਰਾ ਕੀਤਾ ਹੀ, ਨਾਲ ਹੀ ਗੋਦਾਮ ਵੀ ਨੱਕੋ ਨੱਕ ਭਰ ਦਿੱਤੇ। ਇਸ ਹੰਭਲੇ ਨੂੰ ਹਰੀ ਕ੍ਰਾਂਤੀ ਵੀ ਕਹਿੰਦੇ ਹਾਂ। ਇਸ ਹਰੀ ਕ੍ਰਾਂਤੀ ਨੂੰ ਸਾਜਗਾਰ ਬਣਾਉਣ ਵਿਚ ਸਮੇਂ ਦੀ ਸਰਕਾਰ ਦਾ ਉਤਸ਼ਾਹ ਵੀ ਸ਼ਾਮਲ ਸੀ। ਕੇਂਦਰ ਸਰਕਾਰ ਨੇ ਦੇਸ਼ ਦੀ ਕਣਕ ਅਤੇ ਚੌਲਾਂ ਦੀ ਲੋੜ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਆਰਥਿਕ ਠੁੰਮਣਾ ਦੇਣ ਹਿਤ ਐਮ. ਐਸ. ਪੀ. ਦੀ ਸਹੂਲਤ ਵੀ ਦਿੱਤੀ। ਹਰੀ ਕ੍ਰਾਂਤੀ ਦੀ ਹਵਾ ਨਾਲ ਦੇਸ਼ ਦੇ ਹੋਰਨਾਂ ਰਾਜਾਂ ਨੇ ਵੀ ਖੇਤੀਬਾੜੀ ਵਿਚ ਪੁਲਾਂਘਾ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਐਮ. ਐਸ. ਪੀ. ਨੇ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਦੀ ਉਪਜ ਵਧਾਉਣ ਲਈ ਉਤਸ਼ਾਹਿਤ ਕੀਤਾ। ਹਰੀ ਕ੍ਰਾਂਤੀ ਨਾਲ ਕਿਸਾਨੀ ਨੂੰ ਤਾਂ ਵਕਤੀ ਠੁੰਮਣਾ ਮਿਲਿਆ, ਪਰ ਨਾਲ-ਨਾਲ ਸਮਾਨੰਤਰ, ਕਈ ਹੋਰ ਸਨਅਤਾਂ ਤੇ ਵਪਾਰਕ ਧੰਦਿਆਂ ਨੇ ਵੀ ਇਸ ਦੌਰਾਨ ਆਪਣੇ ਪੈਰ ਮਜਬੂਤੀ ਨਾਲ ਜਮਾ ਲਏ।
ਸਿਰਫ ਕਿਸਾਨ ਤੇ ਕਿਸਾਨੀ ਦੀਆਂ ਉਪਜਾਂ ਦੇ ਆਧਾਰ` ਤੇ ਅਣਗਿਣਤ ਸਨਅਤਾਂ ਅਤੇ ਵਪਾਰ ਜਿਵੇਂ ਕਿ ਟਰੈਕਟਰ ਬਣਾਉਣ ਵਾਲੇ ਕਾਰਖਾਨੇ, ਖੇਤੀਬਾੜੀ ਦੇ ਸੰਦ ਅਤੇ ਉਪਕਰਣ ਤਿਆਰ ਕਰਨ ਵਾਲੀਆਂ ਸਨਅਤਾਂ, ਖਾਦਾਂ ਅਤੇ ਕੀਟਨਾਸ਼ਕ ਬਣਾਉਣ ਵਾਲੇ ਕਾਰਖਾਨੇ, ਹਾਈ ਬ੍ਰਿਡ ਬੀਜ ਨਿਰਮਾਤਾ, ਸਿੰਜਾਈ ਦੇ ਉਪਕਰਣ ਨਿਰਮਾਤਾ, ਵੱਖ-ਵੱਖ ਕਿਸਮ ਦੇ ਚੌਲਾਂ ਦਾ ਅਤੇ ਹੋਰ ਖਾਦ ਪਦਾਰਥਾਂ ਦਾ ਨਿਰਯਾਤ ਕਰਨ ਵਾਲੇ ਬਹੁਰਾਸ਼ਟਰੀ ਐਕਸਪੋਰਟ ਹਾਊਸ, ਕਿਸਾਨਾਂ ਤੇ ਕਿਸਾਨੀ ਨਾਲ ਜੁੜੇ ਹੋਏ ਬੈਂਕ ਅਤੇ ਬੀਮਾ ਕੰਪਨੀਆਂ, ਕਿਸਾਨੀ ਉਪਜਾਂ ਦੀ ਖਰੀਦ ਤੇ ਵਿਕਰੀ ਨਾਲ ਜੁੜੇ ਹੋਏ ਲੱਖਾਂ ਛੋਟੇ ਤੇ ਵੱਡੇ ਵਪਾਰੀ ਆਦਿ; ਭਾਵ ਇਕ ਕਿਸਾਨ ਅਤੇ ਉਸ ਦੀ ਉਪਜ ਦੀ ਬਦੌਲਤ ਕੌਮੀ ਅਤੇ ਕੌਮਾਂਤਰੀ ਪੱਧਰ `ਤੇ ਵੱਖ-ਵੱਖ ਕਿਸਮਾਂ ਦੇ ਕਿੰਨੇ ਵੱਡੇ-ਵੱਡੇ ਸਨਅਤੀ ਅਦਾਰੇ, ਐਕਸਪੋਰਟ ਹਾਊਸ, ਬੈਂਕਿਗ ਅਤੇ ਇੰਸ਼ੋਰੈਂਸ ਅਦਾਰਿਆਂ ਦੇ ਜਰੀਏ ਸਾਲਾਨਾ ਅਰਬਾਂ ਰੁਪਿਆਂ ਦਾ ਕਾਰੋਬਾਰ ਹੋ ਰਿਹਾ ਹੈ।
ਨੋਟ ਕਰਨ ਵਾਲੀ ਗੱਲ ਹੈ ਕਿ ਇਹ ਸਾਰੇ ਅਦਾਰੇ, ਜੋ ਕਿਸਾਨੀ ਨਾਲ ਜੁੜੇ ਹੋਏ ਹਨ, ਬਹੁਤ ਹੀ ਸ਼ਾਨਦਾਰ ਅਤੇ ਉੱਚ ਲਾਭਦਾਇਕ ਹਨ। ਇਨ੍ਹਾਂ ਨੂੰ ਸਰਕਾਰਾਂ ਅਤੇ ਬੈਂਕ ਵੀ ਖੁੱਲ੍ਹ ਕੇ ਕਰਜੇ ਦਿੰਦੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਕਾਰੋਬਾਰੀ ਬੈਕਾਂ ਤੋਂ ਲਿਆ ਕਰਜਾ ਮੋੜਦੇ ਵੀ ਨਹੀਂ, ਪਰ ਇਨ੍ਹਾਂ ਵਿਰੁੱਧ ਕਾਰਵਾਈਆਂ ਸਿਰਫ ਕਾਗਜਾਂ `ਤੇ ਹੀ ਹੁੰਦੀਆਂ ਹਨ। ਸਰਕਾਰਾਂ ਇਨ੍ਹਾਂ ਦੇ ਵੱਡੇ-ਵੱਡੇ ਲੋਨ, ਜੋ ਬੈਂਕਾ ਤੋਂ ਲਏ ਹੁੰਦੇ ਹਨ, ਰਿਜ਼ਰਵ ਬੈਂਕ ਨੂੰ ਕਹਿ ਕੇ ਵੱਟੇ ਖਾਤੇ ਵਿਚ ਪੁਆ ਦਿੰਦੀਆਂ ਹਨ। ਉਹ ਰਾਜਨੀਤਕ ਪਾਰਟੀਆਂ ਨੂੰ ਚੰਦੇ ਦਿੰਦੇ ਰਹਿੰਦੇ ਹਨ ਅਤੇ ਲੀਡਰ ਉਨ੍ਹਾਂ ਚੰਦਿਆਂ ਦੇ ਇਵਜ਼ ਵਿਚ ਸਰਕਾਰਾਂ ਵਿਚ ਰਹਿ ਕੇ ਉਨ੍ਹਾਂ ਵੱਲੋਂ ਡਕਾਰੇ ਹੋਏ ਹਜ਼ਾਰਾਂ ਕਰੋੜਾਂ ਰੁਪਿਆਂ ਦੇ ਕਰਜੇ ਵੱਟੇ ਖਾਤਿਆਂ ਵਿਚ ਪੈ ਜਾਂਦੇ ਹਨ। ਇਹ ਜੋ ਪੈਸੇ ਕਾਰਪੋਰੇਟ ਘਰਾਣਿਆਂ ਦੇ ਵੱਟੇ ਖਾਤੇ ਵਿਚ ਪਾਏ ਜਾਂਦੇ ਹਨ, ਆਮ ਲੋਕਾਂ ਵੱਲੋਂ ਦਿੱਤੇ ਟੈਕਸ ਦੇ ਪੈਸੇ ਹੁੰਦੇ ਹਨ। ਉਹੀ ਡਿਫਾਲਟਰ ਸਨਅਤਕਾਰ ਮੁੜ ਕਿਸੇ ਹੋਰ ਨਾਮ `ਤੇ ਫਿਰ ਬੈਂਕਾਂ ਤੋਂ ਵੱਡੇ-ਵੱਡੇ ਕਰਜੇ ਲੈਂਦੇ ਹਨ ਅਤੇ ਆਰਾਮ ਨਾਲ ਜੀਵਨ ਗੁਜ਼ਾਰਦੇ ਹਨ; ਪਰ ਇਸ ਦੇ ਉਲਟ ਬੈਂਕਾਂ ਦਾ ਕਿਸਾਨਾਂ ਨਾਲ ਵਿਹਾਰ ਕੋਈ ਸਨਮਾਨ ਵਾਲਾ ਨਹੀਂ ਹੁੰਦਾ। ਬੈਂਕ ਵਪਾਰੀਆਂ ਦੇ ਮੁਕਾਬਲੇ ਕਿਸਾਨਾਂ ਨੂੰ ਨਿਗੁਣੇ ਜਿਹੇ ਕਰਜਿਆਂ ਲਈ ਜਲੀਲ ਕਰਦੇ ਹਨ। ਕਈ ਕਿਸਾਨ ਤਾਂ ਬੇਇੱਜਤ ਹੋਣ ਦੀ ਸੂਰਤ ਵਿਚ ਖੁਦਕੁਸ਼ੀ ਕਰ ਲੈਂਦੇ ਹਨ।
ਕਿਸਾਨ ਲੰਮਾ ਸਮਾਂ ਕਰੜੀ ਮਿਹਨਤ ਮੁਸ਼ੱਕਤ ਕਰਕੇ ਇਕ ਫਸਲ ਤਿਆਰ ਕਰਦਾ ਹੈ, ਪਰ ਉਸ ਦਾ ਰੇਟ ਤੈਅ ਕਰਦੀ ਹੈ, ਸਮੇਂ ਦੀ ਸਰਕਾਰ। ਸਰਕਾਰ ਰੇਟ ਤੈਅ ਕਰਨ ਲੱਗਿਆਂ ਕਿਸਾਨ ਦੀ ਅਣਥੱਕ ਘਾਲਣਾ, ਖਰਚੇ ਅਤੇ ਕਿਸਾਨ ਵੱਲੋਂ ਫਸਲ ਦੀ ਤਿਆਰ ਹੋਣ ਦੀ ਮਿਆਦ ਦੌਰਾਣ ਸਾਰੇ ਪਰਿਵਾਰ ਵੱਲੋਂ ਬੰਧੁਆ ਮਜ਼ਦੂਰ ਦੇ ਤੌਰ `ਤੇ ਕੀਤੀ ਮਜ਼ਦੂਰੀ ਦਾ ਧਿਆਨ ਵੀ ਨਹੀਂ ਰੱਖਦੀਆਂ, ਸਿਰਫ ਆਮ ਉਪਭੋਗਤਾ ਦੇ ਨਾਮ ਫਸਲ ਦੇ ਰੇਟ ਵਿਚ ਨਿਗੂਣਾ ਜਿਹਾ ਵਾਧਾ ਕਰਦੀਆਂ ਹਨ। ਅਸਹਾਇ ਕਿਸਾਨ ਆਪਣੀ ਮਿਹਨਤ ਨਾਲ ਹੋਏ ਧੋਖੇ ਦੀ ਕਹਾਣੀ ਕੁਰਲਾਉਂਦਾ ਪਿੱਟ ਸਿਆਪਾ ਕਰਦਾ ਹੈ, ਪਰ ਸਰਕਾਰ ਅਸੰਵੇਦਨਸ਼ੀਲ ਬਣ ਕੇ ਡੰਗ ਟਪਾ ਲੈਂਦੀ ਹੈ। ਕਿੰਨਾ ਵੱਡਾ ਅਨਿਆਂ ਹੈ ਕਿ ਕਿਸਾਨ, ਜਿਸ ਨੇ ਦੁਨੀਆਂ ਭਰ ਦੇ ਜਫਰ ਝੱਲ ਕੇ ਫਸਲ ਨੂੰ ਜਨਮ ਦਿੱਤਾ ਹੈ, ਨੂੰ ਹੀ ਆਪਣੀ ਫਸਲ ਦੇ ਰੇਟ ਤੈਅ ਕਰਨ ਦਾ ਹੱਕ ਨਹੀਂ; ਪਰ ਵਪਾਰੀ, ਜਿਸ ਨੇ ਉਹ ਫਸਲ ਖਰੀਦੀ ਹੈ ਜਾਂ ਉਸ ਫਸਲ ਤੋਂ ਹੋਰ ਉਤਪਾਦਨ ਤਿਆਰ ਕਰਨੇ ਹਨ, ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੇ ਉਤਪਾਦਨ ਦਾ ਰੇਟ ਤੈਅ ਕਰਨ ਲੱਗਿਆਂ ਹਰ ਕਿਸਮ ਦੇ ਖਰਚਿਆਂ ਨੂੰ ਜੋੜ ਕੇ ਫਿਰ ਉਸ ਵਿਚ ਆਪਣਾ ਵੱਡਾ ਮੁਨਾਫਾ ਜੋੜ ਸਕਦਾ ਹੈ। ਇੱਥੇ ਉਪਭੋਗਤਾ ਦੀ ਜੇਬ `ਤੇ ਕਿੱਡਾ ਵੱਡਾ ਡਾਕਾ ਵੱਜਦਾ ਹੈ, ਇਸ ਦੀ ਪ੍ਰਵਾਹ ਕਿਸੇ ਨੂੰ ਵੀ ਨਹੀਂ ਹੈ। ਇਹ ਇੱਕ ਅਜਿਹੀ ਦਾਸਤਾਨ ਹੈ, ਜਿਸ ਵਿਚ ਅੰਨ ਦੇ ਜਨਮ ਦਾਤਾ ਅਤੇ ਉਪਭੋਗਤਾ ਦੀ ਕੋਈ ਨਹੀਂ ਸੁਣਦਾ। ਹਾਂ! ਵਿਚਕਾਰਲਾ ਖਰੀਦਣ ਵਾਲਾ ਵਪਾਰੀ ਹੀ ਮਲਾਈ ਦੀਆਂ ਕਈ ਤੈਹਾਂ ਛਕ ਜਾਂਦਾ ਹੈ, ਤੇ ਸਰਕਾਰਾਂ ਨੂੰ ਕੋਈ ਮਲਾਲ ਨਹੀਂ ਹੁੰਦਾ, ਸਗੋਂ ਖੁਸ਼ੀ ਹੁੰਦੀ ਹੈ ਕਿ ਵਪਾਰੀ ਨੇ ਸਸਤਾ ਮਾਲ ਖਰੀਦ ਕੇ ਮੋਟੀ ਕਮਾਈ ਕੀਤੀ ਹੈ। ਫਿਰ ਇਨ੍ਹਾਂ ਮੋਟੀਆਂ ਕਮਾਈਆਂ ਵਿਚੋਂ ਹੀ ਵਪਾਰੀ ਉਨ੍ਹਾਂ ਸਿਆਸਤਦਾਨਾਂ ਨੂੰ ਚੰਦਿਆਂ ਦੇ ਨਾਮ `ਤੇ ਖੈਰਾਤ ਵੰਡਦੇ ਹਨ।
ਕਿਸਾਨ, ਜੋ ਦੇਸ਼ ਦੀ ਭੁੱਖ ਨੂੰ ਹੀ ਨਹੀਂ ਮਿਟਾਉਂਦਾ ਹੈ, ਸਗੋਂ ਆਪਣੇ ਜੰਮਿਆਂ ਨੂੰ ਸੈਨਾ ਵਿਚ ਭਰਤੀ ਕਰਵਾਉਂਦਾ ਹੈ ਅਤੇ ਕਿਸਾਨਾਂ ਦੇ ਜਾਏ ਜਾਨ `ਤੇ ਖੇਲ ਕੇ ਸਰਹੱਦਾਂ ਦੀ ਰਾਖੀ ਵੀ ਕਰਦੇ ਹਨ। ਸ਼ਾਇਦ ਸਵਰਗੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਦੇ ਦਿਮਾਗ ਵਿਚ ਕਿਸਾਨ ਦੀਆਂ ਦੇਸ਼ ਪ੍ਰਤੀ ਇਹ ਦੋ ਵੱਡੀਆਂ ਕੁਰਬਾਨੀ ਵਾਲਾ ਜਜ਼ਬਾ ਹਿਲੋਰੇ ਲੈ ਰਿਹਾ ਹੋਵੇਗਾ, ਜਦੋਂ ਉਨ੍ਹਾਂ ਦੇਸ਼ ਵਾਸੀਆਂ ਨੂੰ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀ। ਵੇਖਿਆ ਜਾਵੇ ਤਾਂ ਦੇਸ਼ ਲਈ ਪਹਿਲਾਂ ਖੁਦ ਕਿਸਾਨ ਫਸਲ ਪੈਦਾ ਕਰਨ ਲੱਗਿਆਂ ਸੱਪਾਂ ਦੀਆਂ ਸਿਰੀਆਂ `ਤੇ ਪੈਰ ਰੱਖ ਕੇ ਕੁਰਬਾਨੀ ਦੇ ਰਿਹਾ ਹੁੰਦਾ ਹੈ ਅਤੇ ਠੀਕ ਉਸੇ ਸਮੇਂ ਕਿਤੇ ਦੂਰ ਉਸ ਦਾ ਪੁੱਤਰ ਦੇਸ਼ ਦੀ ਸਰਹੱਦ `ਤੇ ਕੁਰਬਾਨੀ ਲਈ ਤਿਆਰ ਖੜ੍ਹਾ ਹੁੰਦਾ ਹੈ। ਇਨ੍ਹਾਂ ਕੁਰਬਾਨੀਆਂ ਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ, ਪਰ ਅਫਸੋਸ ਕਿ ਭਾਰਤ ਵਿਚ ਸੱਤਾ ਪੱਖ ਇੰਨਾ ਅਸੰਵੇਦਨਸ਼ੀਲ ਹੋ ਗਿਆ ਹੈ ਕਿ ਕਿਸਾਨ ਨੂੰ ਦੇਸ਼ ਦੀ ਰਾਜਧਾਨੀ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਹੈ।
ਦੇਸ਼ ਦੀ ਰਾਜਧਾਨੀ ਦੇ ਬਾਰਡਰ `ਤੇ ਲੱਖਾਂ ਬਜੁਰਗ ਤੇ ਜਵਾਨ ਕਿਸਾਨ ਆਪਣੇ ਪਰਿਵਾਰਾਂ ਨਾਲ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਆਪਣੇ ਕਾਰਜ ਲਈ ਮਰ ਮਿੱਟ ਰਹੇ ਹਨ, ਪਰ ਸਰਕਾਰ ਨੂੰ ਇਨ੍ਹਾਂ ਦੀ ਕੋਈ ਪ੍ਰਵਾਹ ਨਹੀਂ। ਉਜੱਡ ਤਬੀਅਤ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤ ਸਮੁੰਦਰ ਪਾਰ ਅਮਰੀਕਾ ਦੀ ਰਾਜਧਾਨੀ ਵਿਚ ਹੋਏ ਗਦਰ ਵਿਚ ਮਰਿਆਂ ਲਈ ਟਵੀਟ ਦੇ ਰੂਪ ਵਿਚ ਸੰਵੇਦਨਾ ਪ੍ਰਗਟ ਕਰਦਾ ਹੈ। ਇੰਜ ਲੱਗਦਾ ਹੈ, ਨਰਿੰਦਰ ਮੋਦੀ ਦੀ ਨੇੜਲੀ ਨਜ਼ਰ ਕਮਜ਼ੋਰ ਹੋ ਗਈ ਹੈ। ਉਸ ਨੂੰ ਕੁਝ ਮੀਲ ਦੂਰ ਦਿੱਲੀ ਦੇ ਬਾਰਡਰ `ਤੇ ਬੈਠੇ ਕਿਸਾਨ ਨਜ਼ਰ ਨਹੀਂ ਆਉਂਦੇ, ਪਰ ਸੈਂਕੜੇ ਮੀਲ ਦੂਰ ਬੈਠੇ ਗੁਜਰਾਤ ਦੇ ਕਿਸਾਨ ਦਿੱਸ ਪੈਂਦੇ ਹਨ।
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਦੀ ਅੰਨ ਦੀ ਭੁੱਖ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਲਈ ਅਤੇ ਵੱਧ ਤੋਂ ਵੱਧ ਪੈਦਾਵਾਰ ਕਰਨ ਲਈ ਰਸਾਇਣਕ ਖਾਦਾਂ ਦੀ ਵੱਧ ਵਰਤੋਂ ਕਰਕੇ ਕੋਈ ਗੁਨਾਹ ਨਹੀਂ ਕੀਤਾ ਸੀ। ਉਨ੍ਹਾਂ ਦੇ ਦਿਮਾਗ ਵਿਚ ਜੇ ਕਿਤੇ ਵੱਧ ਕਮਾਈ ਕਰਨ ਦੀ ਲਾਲਸਾ ਵੀ ਸੀ, ਤਾਂ ਕਿਤੇ ਉਨ੍ਹਾਂ ਦੇ ਦਿਮਾਗ ਵਿਚ ਦੇਸ਼ ਵੱਲੋਂ ਅਨਾਜ ਲਈ ਪਰਾਏ ਦੇਸ਼ਾਂ ਸਾਹਮਣੇ ਹੱਥ ਅੱਡਣ ਦੀ ਹਿਕਾਰਤ ਵੀ ਸੀ। ਇਹ ਗੱਲ ਸ਼ਾਇਦ ਕਿਸਾਨਾਂ ਦੇ ਚਿੱਤ ਵਿਚ ਵੀ ਨਹੀਂ ਸੀ ਕਿ ਜਿਸ ਦੇਸ਼ ਦੀ ਆਨ ਤੇ ਸ਼ਾਨ ਬਚਾਉਣ ਲਈ ਉਹ ਪਰਿਵਾਰ ਸਮੇਤ ਤਤਪਰ ਹੈ, ਉਸ ਦੇਸ਼ ਦੇ ਹਾਕਮ ਉਸ ਵੱਲ ਇੰਜ ਪਿੱਠ ਵੀ ਮੋੜ ਲੈਣਗੇ! ਲਗਾਤਾਰ ਵੱਧ ਰਸਾਇਣਕ ਖਾਦਾਂ ਅਤੇ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਇਕ ਕਿਸਮ ਅਰਧ ਬੰਜਰ ਤੇ ਜ਼ਹਿਰੀਲੀਆਂ ਬਣਾ ਦਿੱਤਾ ਹੈ। ਹਾਲ ਇਹ ਹੈ ਕਿ ਦੇਸ਼ ਦੀਆਂ ਖਾਦ ਪਦਾਰਥਾਂ ਦੀਆਂ ਲੋੜਾਂ ਪੂਰਾ ਕਰਦੇ ਕਿਸਾਨ ਨੇ ਜਾਣੇ-ਅਣਜਾਣੇ ਵਿਚ ਆਪਣੇ ਆਪ ਨੂੰ ਵੀ ਜ਼ਹਿਰੀਲੇ ਤੇ ਪ੍ਰਦੂਸਿ਼ਤ ਵਾਤਾਵਰਣ ਨਾਲ ਨੂੜ ਲਿਆ ਹੈ। ਉਹ ਪੰਜਾਬੀ ਕਿਸਾਨ ਜਿਸ ਤੋਂ ਬੀਮਾਰੀਆਂ ਵੀ ਡਰਦੀਆਂ ਨੇੜੇ ਨਹੀਂ ਸਨ ਫਟਕਦੀਆਂ, ਆਲਮ ਇਹ ਹੈ ਕਿ ਮਾਲਵੇ ਤੋਂ ਬੀਕਾਨੇਰ ਨੂੰ ਕੈਂਸਰ-ਟਰੇਨ ਜਾਣ ਲੱਗ ਪਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਹਸਪਤਾਲਾਂ ਦਾ ਹੜ੍ਹ ਜਿਹਾ ਆ ਗਿਆ ਹੈ। ਪੰਜਾਬ ਦੇ ਹਸਪਤਾਲਾਂ ਵਿਚ ਭ੍ਰਿਸ਼ਟ ਡਾਕਟਰ ਮਰੇ ਹੋਏ ਮਰੀਜ਼ਾਂ ਨੂੰ ਵੀ ਪੈਸੇ ਬਣਾਉਣ ਦੇ ਲਾਲਚ ਵਿਚ ਦੋ-ਚਾਰ ਦਿਨ ਆਈ. ਸੀ. ਯੂ. ਆਕਸੀਜਨ ਲਾ ਛੱਡਦੇ ਹਨ।
ਛੋਟੇ ਹੁੰਦਿਆਂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ `ਚ ਜਦੋਂ ਪੰਜਾਬ ਜਾਈਦਾ ਸੀ, ਉਸ ਵੇਲੇ ਪਿੰਡਾਂ ਦੇ ਆਪਸੀ ਭਾਈਚਾਰੇ, ਰਹਿਣ-ਸਹਿਨ ਵਿਚ ਸਾਦਗੀ ਤੇ ਰਿਸ਼ਤਿਆਂ ਦੀ ਸੁੱਚਮਤਾ; ਖਾਣ ਲਈ ਦੇਸੀ ਕਣਕ ਦੀਆਂ ਰੋਟੀਆਂ ਅਤੇ ਦੇਸੀ ਬਾਸਮਤੀ ਦੇ ਚੌਲਾਂ ਦਾ ਸਵਾਦ ਤੇ ਸੁਗੰਧੀ ਅਤੇ ਸਭ ਤੋਂ ਅਹਿਮ 30 ਫੁੱਟ ਡੂੰਘੇ ਬੋਰ ਵਾਲੇ ਨਲਕਿਆਂ ਦਾ ਮਿੱਠਾ ਤੇ ਹਾਜ਼ਮੇ ਲਈ ਅਕਸੀਰ ਵਰਗੇ ਪਾਣੀ ਦਾ ਸੁਆਦ ਕਈ ਦਹਾਕੇ ਬੀਤ ਜਾਣ ਪਿਛੋਂ ਅੱਜ ਵੀ ਮੇਰੇ ਜਿ਼ਹਨ ਵਿਚ ਤਰੋ-ਤਾਜਾ ਹਨ। ਕਿਸਾਨੀ ਲਈ ਬਹੁਤਾਤ ਵਿਚ ਵਰਤੀਆਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬਦੌਲਤ ਪਿੰਡਾਂ ਵਿਚ ਵੀ ਪਾਣੀ ਲਈ 300 ਫੁੱਟ ਡੂੰਘੇ ਬੋਰ ਕਰਵਾਉਣੇ ਪੈ ਰਹੇ ਹਨ। ਜ਼ਹਿਰੀਲੇ ਵਾਤਾਵਰਣ ਕਾਰਨ ਛੋਟੀਆਂ ਚਿੜੀਆਂ ਅਤੇ ਕਾਂਵਾਂ ਨੇ ਪੰਜਾਬ ਵਿਚ ਰਹਿਣਾ ਛੱਡ ਦਿੱਤਾ ਹੈ। ਝੋਨੇ ਦੀ ਲਗਾਤਾਰ ਖੇਤੀ ਕਾਰਨ ਰਾਜ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨੋ ਦਿਨ ਹੋਰ ਵੀ ਹੇਠਾਂ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ ਲਈ ਕੀਤੀ ਕੁਰਬਾਨੀ ਅਤੇ ਘਾਲਣਾ ਦਾ ਨਤੀਜਾ ਸਨਮਾਨ ਦੀ ਥਾਂ ਹਿਕਾਰਤ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਅੰਦੋਲਨ ਨੂੰ ਸਰਕਾਰ ਢਾਅ ਲਾਉਣ ਲਈ ਬੜੇ ਘਟੀਆ ਅਤੇ ਹੋਛੇ ਹੱਥਕੰਡੇ ਵਰਤ ਰਹੀ ਹੈ, ਜੋ ਸਮੂਹਿਕ ਤੌਰ `ਤੇ ਕਿਸਾਨੀ ਦਾ ਅਪਮਾਨ ਹੈ।
ਜੁਮਲਿਆਂ ਅਤੇ ਝੂਠੇ ਪ੍ਰਚਾਰ ਦੀ ਬੇੜੀ `ਤੇ ਸਵਾਰ ਹੋ ਕੇ ਬਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਭਾਰਤ ਦੇ ਪਹਿਲਾਂ ਹੋਏ ਸਾਰੇ ਪ੍ਰਧਾਨ ਮੰਤਰੀਆਂ ਦੀ ਲਿਸਟ ਵਿਚ ਇਕ ਗਾਲ੍ਹ ਦੇ ਸਮਾਨ ਹੈ। ਇਹ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਹੈ, ਕੋਈ ਅਜਿਹਾ ਕੰਮ ਨਹੀਂ ਕੀਤਾ, ਜੋ ‘ਬਹੁਜਨ ਸੁਖਾਏ, ਬਹੁਜਨ ਹਿਤਾਏ’ ਹੋਵੇ। ਸਿਰਫ ਕਵੱਲੀਆਂ ਹੀ ਕੀਤੀਆਂ ਹਨ, ਜਿਸ ਦਾ ਨਤੀਜਾ ਆਮ ਨਾਗਰਿਕ ਅਤੇ ਦੇਸ਼ ਦੀ ਆਰਥਿਕਤਾ ਭੁਗਤ ਰਹੀ ਹੈ। ਪਿਛਲੇ ਸਾਲ ਕਰੋਨਾ ਮਹਾਮਾਰੀ ਦੌਰਾਨ ਸਾਰੇ ਦੇਸ਼ ਨੇ ਨਰਿੰਦਰ ਮੋਦੀ ਦੀਆਂ ਝੂਠ ਦੇ ਪੁਲੰਦੇ ਜਿਹੇ ਐਲਾਨਾਂ ਦੀ ਝੜੀ ਵੀ ਦੇਖੀ ਅਤੇ ਉਸ ਦਾ ਪ੍ਰਭਾਵ ਵੀ ਵੇਖਿਆ ਕਿ ਕਿਵੇਂ ਆਰਥਿਕਤਾ ਦਾ ਵੱਡਾ ਥੰਮ ਉਦਯੋਗ, ਜਿਨ੍ਹਾਂ ਨੂੰ ਸਰਕਾਰ ਨੇ ਆਰਥਿਕ ਗੱਫੇ ਵੀ ਦਿੱਤੇ, ਪਰ ਉਨ੍ਹਾਂ ਦੀ ਪਰਫਾਰਮੇਂਸ ਵੀ ਨੇਗੇਟਿਵ ਹੀ ਰਹੀ ਹੈ।
ਇਸ ਮਾੜੇ ਦੌਰ ਵਿਚ ਵੀ ਜੇ ਕਿਸੇ ਸੈਕਟਰ ਨੇ ਸ਼ਾਨਦਾਰ ਕੰਮ ਕਰਕੇ ਵਿਖਾਇਆ ਹੈ ਤਾਂ ਉਹ ਹੈ, ਐਗਰੀਕਲਚਰ। ਕਰੋਨਾ ਕਾਲ ਦੌਰਾਨ ਇਸ ਸੈਕਟਰ ਨੇ ਦੇਸ਼ ਦੇ ਨਿਰਯਾਤ ਵਿਚ ਸਭ ਤੋਂ ਵੱਡਾ ਹਿੱਸਾ ਪਾਇਆ। ਐਕਸਪੋਰਟਰਾਂ ਨੇ ਰੱਜ ਕੇ ਚੌਲ, ਕਣਕ ਅਤੇ ਦੂਜੇ ਕਿਸਾਨੀ ਉਤਪਾਦ ਸੰਸਾਰ ਦੇ ਵੱਖ-ਵੱਖ ਦੇਸ਼ਾਂ ਨੂੰ ਨਿਰਯਾਤ ਕੀਤਾ ਤੇ ਮੋਟੀਆਂ ਕਮਾਈਆਂ ਕੀਤੀਆਂ, ਪਰ ਇਨ੍ਹਾਂ ਦਾ ਉਤਪਾਦਕ ਕਿਸਾਨ ਹੱਡ ਵਿੰਨਦੀ ਠੰਡ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ `ਤੇ ਬੈਠਾ ਅਪਮਾਨ ਦੇ ਘੁੱਟ ਭਰਨ ਲਈ ਮਜਬੂਰ ਹੈ, ਕਿਉਂਕਿ ਨਰਿੰਦਰ ਮੋਦੀ ਨੇ ਆਪਣੇ ਗੁਜਰਾਤੀ ਭਾਈਆਂ-ਅੰਬਾਨੀ ਤੇ ਅਡਾਨੀ ਨਾਲ ਦੇਸ਼ ਦੀ ਸਾਰੀ ਕਿਸਾਨੀ ਨੂੰ ਉਨ੍ਹਾਂ ਦੇ ਪੈਰੀਂ ਝੁਕਾਉਣ ਦਾ ਵਾਅਦਾ ਜੋ ਕੀਤਾ ਹੈ…?