ਸੁਕੰਨਿਆਂ ਭਾਰਦਵਾਜ ਨਾਭਾ
ਜਦੋਂ ਕਿਸਾਨਾਂ ਨੇ 26 ਨਵੰਬਰ 2020 ਨੂੰ ਦਿੱਲੀ ਨੂੰ ਚਾਲੇ ਪਾਏ ਸਨ, ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਦੋ ਮਹੀਨਿਆਂ ਦੇ ਕਰੀਬ ਸਮਾਂ ਲੱਗ ਜਾਏਗਾ, ਉਨ੍ਹਾਂ ਦੀ ਹੱਕੀ ਮੰਗ ਨੂੰ ਮੰਨਵਾਉਣ ਲਈ; ਪਰ ਕਿਸਾਨਾਂ ਦੀ ਦੂਰ-ਅੰਦੇਸ਼ੀ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਪਹਿਲਾਂ ਹੀ ਘੱਟੋਘਟ ਛੇ ਮਹੀਨਿਆਂ ਦਾ ਆਪਣਾ ਹਰ ਕਿਸਮ ਦਾ ਬੰਦੋਬਸਤ ਕਰਕੇ ਆਏ ਸਨ। ਨਹੀਂ ਪਤਾ ਸੀ ਦਿੱਲੀ ਦੇ ਤਖਤ ਦੀ ਤਅਸਬੀ ਹਕੂਮਤ ਮਿੱਟੀ ਦੇ ਜਾਏ ਦੀਆਂ ਹੱਕੀ ਮੰਗਾਂ `ਤੇ ਕੰਨ ਧਰਨ ਦੀ ਥਾਂ ਮੀਟਿੰਗ/ਮੀਟਿੰਗ ਦੀ ਤਲਿਸਮੀ ਖੇਡ ਰਾਹੀਂ ਉਸ ਦੇ ਸਬਰ ਸੰਤੋਖ ਦਾ ਇੰਨਾ ਕਰੜਾ ਇਮਤਿਹਾਨ ਲਵੇਗੀ। ਹੱਡ ਚੀਰਵੀਂ ਠੰਢ ਵਿਚ ਦਿੱਲੀ ਤਖਤ ਦੇ ਬਰੂਹਾਂ `ਤੇ ਜ਼ਬਤ ਤਹੱਮਲ ਦੇ ਕੁੰਡੇ ਨਾਲ ਆਪਣੇ ਕੁਨਬੇ ਨੂੰ ਬੰਨੀਂ ਬੈਠਾ ਇਹ ਸਿਰੜੀ ਯੋਧਾ ਲੜਨ-ਮਰਨ ਦੀ ਬਾਜ਼ੀ ਲਾਈ ਬੈਠਾ ਹੈ। ਦੇਸ਼ ਦੀ ਸੁਪਰੀਮੋ ਵੀ ਉਸ ਦੀ ਬਾਤ ਸੁਣਨ ਦੀ ਥਾਂ ਆਪਣੇ ਤੰਤਰ ਦੀ ਹਾਂ ਵਿਚ ਹਾਂ ਮਿਲਾ ਰਹੀ ਹੈ।
ਲੋਕ ਤਾਂ ਸ਼ਾਇਦ ਇਸ ਤੰਤਰ ਵਿਚੋਂ ਮਨਫੀ ਹੀ ਹੋ ਗਏ ਹਨ। 140 ਤੋਂ ਉਪਰ ਕਿਸਾਨ ਇਸ ਘੋਲ ਦੀ ਬਲੀ ਚੜ੍ਹ ਚੁਕੇ ਹਨ, ਪਰ ਵੇਲੇ ਦੀ ਸਰਕਾਰ ਨੇ ਇੱਕ ਲਫਜ਼ ਵੀ ਇਨ੍ਹਾਂ ਉਜੜੇ ਪਰਿਵਾਰਾਂ ਲਈ ਅਫਸੋਸ ਦਾ ਨਹੀਂ ਕਿਹਾ; ਕੋਈ ਮੁਆਵਜ਼ਾ ਤਾਂ ਕੀ ਦੇਣਾ ਸੀ! ਜਿਵੇਂ ਇਹ ਭਾਰਤੀ ਨਹੀਂ, ਸਗੋਂ ਕਿਸੇ ਦੁਸ਼ਮਣ ਦੇਸ਼ ਦੇ ਵਾਸੀ ਹੋਣ। ਇਸ ਮਾਹੌਲ ਨੂੰ ਚੜ੍ਹਦੀਕਲਾ ਵਾਲਾ ਬਣਾਈ ਰੱਖਣ ਲਈ ਸਾਡੇ ਗਵੱਈਆਂ ਨੇ ਆਪਣੇ ਗੌਰਵਮਈ ਵਿਰਸੇ ਦੀਆਂ ਵਾਰਾਂ ਗੀਤਾਂ, ਵਿਖਿਆਨਾਂ ਰਾਹੀਂ ਗਰਮਾਈ ਰੱਖਣ ਲਈ ਪੂਰਾ ਤਾਣ ਲਾਇਆ ਹੋਇਆ ਹੈ। ਹਕੂਮਤ ਤਾਂ ਉਸ ਮੌਕੇ ਦੀ ਤਾੜ ਵਿਚ ਹੈ ਕਿ ਕਦੋਂ ਅੰਨਦਾਤੇ ਦੀ ਹਿੰਮਤ ਜੁਆਬ ਦੇਵੇ ਤੇ ਉਸ ਨੂੰ ਵਾਰ ਕਰਨ ਦਾ ਮੌਕਾ ਮਿਲੇ।
ਧਰਤੀ ਪੁੱਤਰ ਜਿਸ ਸ਼ਿੱਦਤ ਨਾਲ ਇਸ ਸੰਘਰਸ਼ ਨੂੰ ਲੜ ਰਿਹਾ ਹੈ, ਉਸ ਦੇ ਇਸ ਅਨੂਠੇ ਸਿਦਕ ਜਜ਼ਬੇ ਨੂੰ ਸਲਾਮ ਹੈ। ਕਿਸੇ ਨੂੰ ਲਗਦਾ ਹੋਵੇਗਾ ਕਿ ਪਿਛਲੇ ਲਗਭਗ ਪੰਜ ਮਹੀਨਿਆਂ ਤੋਂ ਲੜੇ ਜਾ ਰਹੇ ਕਿਸਾਨ ਸੰਘਰਸ਼ ਦੀ ਕੋਈ ਪ੍ਰਾਪਤੀ ਨਹੀਂ, ਪਰ ਜੇ ਨੀਝ ਲਾ ਕੇ ਦੇਖਿਆ ਜਾਵੇ ਤਾਂ ਪ੍ਰਾਪਤੀਆਂ ਦੀ ਫਹਿਰਿਸਤ ਲੰਬੀ ਹੈ। ਕਲਾਕਾਰਾਂ/ ਗੀਤਕਾਰਾਂ ਦੀਆਂ ਲਿਖਤਾਂ ਵਿਚ ਹਥਿਆਰਾਂ, ਲੱਚਰਤਾ ਦੀ ਥਾਂ ਕਿਸਾਨੀ ਲਿਆ ਕੇ ਕਲਾ ਦੀ ਤਾਸੀਰ ਬਦਲ ਦਿੱਤੀ। ਸਦੀਆਂ ਲਗਦੀਆਂ ਹਨ ਇਸ ਬਦਲਾਅ ਨੂੰ, ਤੁਸੀਂ ਇਕੋ ਝਟਕੇ ਵਿਚ ਬਦਲ ਦਿੱਤਾ। ਸਭ ਤੋਂ ਵੱਡਾ ਕੰਮ ਪਿਛਲੇ 7 ਸਾਲਾਂ ਤੋਂ ਦੇਸ਼ ਦੀ ਫਿਜ਼ਾ ਵਿਚ ਘੋਲੀ ਜਾ ਰਹੀ ਫਿਰਕੂ ਰੰਗਤ ਨੂੰ ਬਰੇਕਾਂ ਲਾ ਦਿਤੀਆਂ। ਤੁਹਾਡੇ ਇਸ ਸੰਘਰਸ਼ ਵਿਚ ਹਿੰਦੂ, ਸਿੱਖ, ਇਸਾਈ, ਮੁਸਲਮਾਨ; ਦਲਿਤ, ਮਜ਼ਦੂਰ, ਦੁਕਾਨਦਾਰ-ਸਭ ਸ਼ਾਮਲ ਹਨ। ਇੱਕੋ ਝੰਡੇ ਹੇਠ ਇਕੋ ਮੰਤਵ ਦੀ ਲੜਾਈ ਲੜ ਰਹੇ ਹਨ। ਦੇਸ਼ ਵਿਚੋਂ ਵਿਰੋਧੀ ਧਿਰ ਤੇ ਮੀਡੀਆ ਦੀ ਖਤਮ ਹੋਈ ਆਵਾਜ਼ ਦੀ ਭੂਮਿਕਾ ਇਹ ਖੇਤਾਂ ਦੇ ਜਾਏ ਨੇ ਸਾਂਭ ਲਈ। ਫਿਰ ਜੀਵੰਤ ਕੀਤੀ ਇਹ ਬੁਲੰਦ ਆਵਾਜ਼। ਗੱਲ ਕੀ, ਦੇਸ਼ ਵਿਚੋਂ ਹਰ ਉਸ ਲੋਕ ਵਿਰੋਧੀ ਕਦਮ ਨੂੰ ਰੋਕ ਲਾ ਦਿੱਤੀ, ਜੋ ਆਮ ਲੋਕਾਂ ਦੇ ਵਸੋਂ ਬਾਹਰ ਸੀ। ਡੈਮੋਕਰੇਸੀ ਦੇ ਜਦੋਂ ਸਾਰੇ ਥੰਮ ਗਿਰ ਜਾਣ, ਉਸ ਸਮੇਂ ਜਿੰਮੇਵਾਰ ਨਾਗਰਿਕ ਹੀ ਉਠਦੇ ਹਨ, ਡੈਮੋਕਰੇਸੀ ਨੂੰ ਬਚਾਉਣ ਵਾਸਤੇ। ਸੋ, ਉਹ ਤੁਹਾਡੇ ਹਿੱਸੇ ਆਇਆ ਹੈ। ਇਨ੍ਹਾਂ ਦੀ ਹਰ ਗੱਲ ਰੋਕ ਦਿੱਤੀ ਹੈ, ਹਰ ਕਦਮ `ਤੇ ਚੈਕ ਬਣ ਕੇ ਖੜ੍ਹ ਗਏ ਹੋ ਤੁਸੀਂ।
ਅਸਲ ਵਿਚ ਮਸਲਾ ਇਹ ਹੈ ਕਿ ਸਰਕਾਰਾਂ ਮਸਲੇ ਨੂੰ ਸਮਝ ਹੀ ਨਹੀਂ ਰਹੀਆਂ। ਜੋ ਜੋਸ਼ ਜਜ਼ਬਾ ਅਲੌਕਿਕਤਾ ਇਸ ਮੰਜਰ ਵਿਚੋਂ ਮਿਲੀ ਹੈ, ਉਹ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ। ਕਿਸਾਨ ਅਨਪੜ੍ਹ ਨਹੀਂ, ਕਿਸਾਨ ਨੇ ਤਾਂ ਇਸ ਮਸਲੇ ਵਿਚੋਂ ਉਹ ਚੀਜਾਂ ਵੀ ਪੜ੍ਹ ਲਈਆਂ, ਜੋ ਤੁਸੀਂ ਲਿਖੀਆਂ ਵੀ ਨਹੀਂ ਸਨ। ਜੋ ਵਾਪਰਨਾ ਸੀ, ਉਹ ਅਗਾਊਂ ਮਹਿਸੂਸ ਕਰ ਲਿਆ, ਸੁੰਘ ਲਿਆ। ਸੰਵਿਧਾਨਕ ਠੱਗੀ ਕਿਵੇਂ ਲੱਗੀ? ਜਦੋਂ ਖੇਤੀ ਰਾਜਾਂ ਦਾ ਵਿਸ਼ਾ ਹੈ, ਪਰ ਕਿਵੇਂ ਟ੍ਰੇਡ ਐਂਡ ਕਾਮਰਸ ਦੇ ਵਿਚ ਇੱਕ ਚੋਰ ਮੋਰੀ ਲੱਭ ਕੇ ਇਹ ਕਿਸਾਨ/ਖਪਤਕਾਰ ਮਾਰੂ ਕਾਰਨਾਮਾ ਕੀਤਾ ਗਿਆ। ਖੇਤੀ ਨੂੰ ਖਾਧ ਪਦਾਰਥਾਂ (ਪ੍ਰੋਸੈਸਡ) ਵਿਚ ਘੁਸੇੜ ਕੇ ਇਹ ਬਿਲਾਂ ਨੂੰ ਆਪਣੇ ਮਤਲਬ ਦਾ ਰੂਪ ਦਿੱਤਾ ਗਿਆ। ਖਾਣ ਵਾਲੀਆਂ ਵਸਤਾਂ ਵਿਚ ਜੇ ਖੇਤੀ ਉਤਪਾਦ (ਜਿਣਸ) ਸ਼ਾਮਲ ਕਰ ਲਉਗੇ ਤਾਂ ਖੇਤੀ ਰਾਜਾਂ ਦਾ ਵਿਸ਼ਾ ਕਿਵੇਂ ਰਹੂ? ਨਵੰਬਰ 2019 ਵਿਚ ਪੰਦਰਵਾਂ ਵਿੱਤ ਕਮਿਸ਼ਨ ਕਹਿੰਦਾ ਹੈ ਕਿ ਜੇ ਕੋਈ ਸਟੇਟ ਵਧੀਆ ਖੇਤੀ ਸੁਧਾਰ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਉਤਸ਼ਾਹਿਤ ਕਰੋ, ਸਨਮਾਨਤ ਕਰੋ। ਫਰਵਰੀ 2020 ਵਿਚ ਵਿੱਤ ਮੰਤਰੀ ਸੀਤਾ ਰਮਨ ਦਾ ਵੀ ਬਿਆਨ ਹੈ ਕਿ ਅਸੀਂ ਖੇਤੀ ਸੁਧਾਰ ਕਰਨ ਵਾਲੀਆਂ ਸਟੇਟਾਂ ਨੂੰ ਅਲੱਗ ਤੋਂ ਲਾਭ ਦੇਣ ਲਈ ਤਿਆਰ ਹਾਂ। ਸਰਕਾਰ ਮੰਨ ਰਹੀ ਸੀ ਕਿ ਖੇਤੀ ਸਟੇਟ ਸਬਜੈਕਟ ਹੈ, ਪਰ ਜੂਨ ਆਉਂਦੇ ਅਜਿਹਾ ਕੀ ਵਾਪਰਿਆ ਕਿ ਕਰੋਨਾ ਦੀ ਆੜ ਵਿਚ ਇਹ ਤਿੰਨ ਕਾਲੇ ਕਾਨੂੰਨਾਂ ਦਾ ਪੁਲੰਦਾ ਸਾਡੇ ਸਿਰ ਮੜ ਦਿੱਤਾ ਗਿਆ?
ਯੂ. ਏ. ਪੀ. ਏ. ਵਰਗੇ ਲੋਕ ਮਾਰੂ ਕਾਨੂੰਨ ਦੇ ਖਿਲਾਫ ਵੀ ਸਭ ਤੋਂ ਪਹਿਲਾਂ ਪੰਜਾਬ ਹੀ ਬੋਲਿਆ ਸੀ। ਉਥੇ ਵੀ ਸਾਡਾ ਖਦਸ਼ਾ ਸੱਚ ਨਿਕਲਿਆ ਸੀ, ਜਿਵੇਂ ਅੱਜ ਉਸ ਦੀ ਦੁਰਵਰਤੋਂ ਹੋ ਰਹੀ ਹੈ। ਕਾਲੇ ਖੇਤੀ ਕਾਨੂੰਨਾਂ `ਤੇ ਵੀ ਪੰਜਾਬ ਹੀ ਬੋਲਿਆ ਹੈ ਤੇ ਇਹ ਵੀ ਦੇਰ ਅਵੇਰ ਸਹੀ ਸਾਬਤ ਹੋਵੇਗਾ। ਜਦੋਂ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਦੇਣ ਬਾਰੇ ਗੱਲ ਚੱਲੀ ਤਾਂ ਗੋਦੀ ਮੀਡੀਆ ਨੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਕਰੀਬ 17 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਸਰਕਾਰ ਉਤੇ। ਜਦੋਂ ਕਿ ਪੂਰੇ ਦੇਸ਼ ਦਾ ਬਜਟ 30 ਲੱਖ ਕਰੋੜ ਹੈ ਤਾਂ ਇਹ ਇੰਨਾ ਕਿਸਾਨ ਨੂੰ ਕਿਵੇਂ ਦਿੱਤਾ ਜਾਵੇਗਾ? ਇਹ ਸਰਾਸਰ ਝੂਠ ਪ੍ਰਚਾਰਿਆ ਗਿਆ। ਪਿਛਲੇ ਸਾਲ ਐਮ. ਐਸ. ਪੀ. `ਤੇ 9 ਫੀਸਦੀ ਫਸਲ ਕੇਂਦਰ ਨੇ ਪ੍ਰਕਿਊਰ ਕੀਤੀ ਹੈ ਤੇ 91 ਫੀਸਦੀ ਪਹਿਲਾਂ ਹੀ ਖੁਲੀ ਮੰਡੀ ਵਿਚ ਜਾਂਦੀ ਹੈ। ਕੇਂਦਰ ਨੇ ਸਿਰਫ 2 ਲੱਖ 41 ਕਰੋੜ ਖਰਚਿਆ ਇਨ੍ਹਾਂ ਖੇਤੀ ਉਤਪਾਦਾਂ ਉੱਤੇ। ਇਸ ਰਕਮ ਨਾਲ ਕਿਸਾਨ ਦੀ ਜਿਣਸ ਖਰੀਦੀ ਗਈ, ਨਾ ਕਿ ਉਸ ਨੂੰ ਕੋਈ ਵਾਧੂ ਰਿਆਇਤ ਦਿੱਤੀ ਗਈ। ਅੱਜ ਦੇਸ਼ ਦੀ ਕਿਸਾਨੀ/ਮਜ਼ਦੂਰ ਭਾਰੀ ਕਰਜ਼ੇ ਦੀ ਮਾਰ ਹੇਠ ਹੈ। ਕੇਂਦਰ ਨੇ ਉਸ ਨੂੰ ਇਸ ਜਿਲਣ ਵਿਚੋਂ ਕੱਢਣ ਲਈ ਤਾਂ ਕੋਈ ਯਤਨ ਕੀ ਕਰਨੇ ਸਨ, ਉਲਟਾ ਉਸ ਦੀ ਸੰਘੀ ਨੱਪਣ ਲਈ ਇਹ ਕਾਲੇ ਖੇਤੀ ਕਾਨੂੰਨ ਥੋਪ ਦਿੱਤੇ।
ਇਨ੍ਹਾਂ ਕਾਲੇ ਕਾਨੂੰਨਾਂ ਦੀ ਵਕਾਲਤ ਕਰਦਿਆਂ ਸਰਕਾਰ ਕਹਿੰਦੀ ਹੈ ਕਿ ਉਸ ਨੇ ਵਿਚੋਲੀਆ ਖਤਮ ਕਰਕੇ ਕਿਸਾਨ ਨੂੰ ਸਿੱਧੇ ਤੌਰ `ਤੇ ਫਸਲ ਵੇਚਣ ਦਾ ਅਧਿਕਾਰ ਦਿੱਤਾ ਹੈ। ਜਦੋਂਕਿ ਆੜਤੀ ਵਿਚੋਲੀਆ ਨਹੀਂ, ਸਾਡਾ ਏ. ਟੀ. ਐਮ. ਹੈ। ਦੇਰ ਸਵੇਰ ਜਦੋਂ ਵੀ ਪੈਸੇ ਦੀ ਜਰੂਰਤ ਹੁੰਦੀ ਹੈ, ਕਿਸਾਨ ਉਹਦਾ ਹੀ ਕੁੰਡਾ ਖੜਕਾਉਂਦਾ ਹੈ। ਉਹ ਉਸ ਦੀ ਫਸਲ ਸੰਭਾਲਣ ਵੇਚਣ ਤੇ ਉਸ ਦਾ ਪੈਸਾ ਖਰ੍ਰੀਦ ਏਜੰਸੀਆਂ ਤੋਂ ਇਕੱਠਾ ਕਰਕੇ ਉਸ ਨੂੰ ਮੁਹੱਈਆ ਕਰਾਉਣ ਤਕ ਦੇ ਸਾਰੇ ਕੰਮ ਕਰਵਾਉਂਦਾ ਹੈ। ਭਾਵੇਂ ਇਸ ਪੁਰਾਣੇ ਆੜਤੀਆ/ਮੰਡੀ ਸਿਸਟਮ ਵਿਚ ਵੀ ਕਾਫੀ ਸੁਧਾਰ ਦੀ ਲੋੜ ਹੈ, ਪਰ ਸਰਕਾਰ ਨੇ ਕਿਸਾਨ ਲਈ ਇਸ ਪੁਰਾਣੇ ਸਿਸਟਮ ਨੂੰ ਵੱਧ ਲਾਹੇਵੰਦ ਬਣਾਉਣ ਹਿੱਤ ਤਾਂ ਕੀ ਕੰਮ ਕਰਨਾ ਸੀ, ਸਗੋਂ ਅਜਿਹਾ ਸੇਹ ਦਾ ਤੱਕਲਾ ਗੱਡਿਆ ਕਿ ਉਹ ਸਭ ਕੁਝ ਛੱਡ ਛੁਡਾ ਕੇ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਠੰਢੀਆਂ ਸੁੰਨੀਆਂ ਸੜਕਾਂ ਤੇ ਵਗਦੀਆਂ ਸ਼ੀਤ ਲਹਿਰਾਂ ਵਿਚ ਆ ਬੈਠਿਆ ਹੈ। ਮਾੜੀ ਆਰਥਿਕਤਾ ਦਾ ਸਾਹਮਣਾ ਕਰਦਾ ਹੋਇਆ ਪਿਛਲੇ ਛੇ ਮਹੀਨੇ ਤੋਂ ਸੰਘਰਸ਼ਾਂ ਦੇ ਰਾਹ ਪੈ ਕੇ ਕਰਜ਼ੇ ਦੀ ਲੀਕ ਨੂੰ ਹੋਰ ਡੂੰਘਾ ਕੀਤੇ ਜਾਣ ਲਈ ਮਜਬੂਰ ਹੈ।
ਭੰਡੀ ਪ੍ਰਚਾਰ ਕੀਤਾ ਜਾਂਦਾ ਹੈ, ਉਸ ਦੇ ਰਹਿਣ-ਸਹਿਣ, ਖਾਣ-ਪੀਣ, ਵੱਡੀਆਂ ਗੱਡੀਆਂ, ਵੱਡੇ ਟਰੈਕਟਰਾਂ ਦਾ। ਹਰੀ ਕ੍ਰਾਂਤੀ ਵੇਲੇ ਅਸੀਂ ਆਪਣਾ ਸਾਰਾ ਕੁਝ ਗੁਆ ਕੇ ਇਹ ਵੱਡੀਆਂ ਗੱਡੀਆਂ, ਟਰੈਕਟਰ, ਵੱਡੇ ਘਰ ਬਣਾਏ। ਹਰੀ ਕ੍ਰਾਂਤੀ ਨੇ ਸਾਨੂੰ ਹਰ ਪੱਖ ਤੋਂ ਖਰਾਬ ਕੀਤਾ। ਸਾਡਾ ਹਵਾ ਪਾਣੀ ਪ੍ਰਦੂਸ਼ਿਤ ਹੋ ਗਿਆ। ਧਰਤੀ ਜ਼ਹਿਰੀਲੀ ਹੋ ਗਈ। ਪੰਜਾਬ ਮਹਾਂਮਾਰੀਆਂ ਦਾ ਘਰ ਹੋ ਗਿਆ। ਪਰ ਦੇਸ਼ ਦੇ ਅੰਨ ਭੰਡਾਰ ਮਾਲਾਮਾਲ ਕਰ ਦਿੱਤੇ। ਇਹ ਕਹਿੰਦੇ ਹਨ ਕਿ ਬਾਕੀ ਦੇਸ਼ ਦੇ ਕਿਸਾਨ ਤਾਂ ਬੋਲਦੇ ਨਹੀਂ, ਇਹ ਹਰਿਆਣਾ ਪੰਜਾਬ ਵਾਲੇ ਹੀ ਕਿਉਂ? ਗੱਲ ਇਹ ਨਹੀਂ, ਅਸਲ ਵਿਚ ਹਰਿਆਣਾ ਪੰਜਾਬ ਦੀ ਜ਼ਮੀਰ ਜਾਗੀ ਹੈ। ਸਾਡਾ ਖੇਤੀ ਦਾ ਕੁਦਰਤੀ ਮਾਡਲ ਸੀ, ਪਰ ਤੁਸੀਂ ਕੈਮੀਕਲ ਖਾਦਾਂ, ਕੀੜੇਮਾਰ ਜ਼ਹਿਰਾਂ, ਐਮ. ਐਸ. ਪੀ. ਦਾ ਫੰਡਾ ਦੇ ਕੇ ਸਾਨੂੰ ਇਸ ਰਸਤੇ ਪਾਇਆ, ਕਿਉਂਕਿ ਉਸ ਸਮੇਂ ਦੇਸ਼ ਭੁਖਮਰੀ ਦੀ ਕਗਾਰ ਉਤੇ ਖੜ੍ਹਾ ਸੀ। ਤੁਸੀਂ ਸਾਨੂੰ ਮਾਨ ਸਨਮਾਨ ਤਾਂ ਕੀ ਦੇਣੇ ਸੀ ਉਲਟਾ ਸਾਰੀਆਂ ਰਿਆਇਤਾਂ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੀਆਂ ਗਈਆਂ। ਇੰਡਸਟਰੀ ਸਾਡੀ ਖਤਮ ਕਰ ਦਿੱਤੀ। ਪਾਣੀ ਸਾਡਾ ਖੋਹ ਲਿਆ। ਜਵਾਨੀ ਸਾਡੀ ਖਰਾਬ ਕਰ ਦਿੱਤੀ। ਅੱਜ ਜੇ ਅਸੀਂ ਆਪਣਾ ਬਣਦਾ ਹੱਕ ਮੰਗਦੇ ਹਾਂ ਤਾਂ ਕਦੀ ਐਨ. ਆਈ. ਏ., ਈ. ਡੀ., ਇੰਕਮ-ਟੈਕਸ ਦੇ ਨੋਟਿਸ ਅਤੇ ਕਦੇ ਅਤਿਵਾਦੀ, ਵੱਖਵਾਦੀ, ਅਲਟਰਾ ਖੱਬੇ-ਪੱਖੀ/ਸੱਜੇ-ਪੱਖੀ ਦੇ ਲਕਬ ਦਿੱਤੇ ਜਾਂਦੇ ਹਨ।
ਅਸਲ ਵਿਚ ਅਸੀਂ ਉਦੋਂ ਡੈਮੋਕਰੇਸੀ ਦੀ ਲੜਾਈ ਲੜ ਰਹੇ ਹਾਂ, ਜਦੋਂ ਸਾਰੇ ਸੁਸਰੀ ਵਾਂਗ ਸੁੱਤੇ ਪਏ ਸਨ। ਮੈਕਾਨਾਈਜੇਸ਼ਨ ਤੇ ਮੋਟੀਬੇਸ਼ਨ ਦਾ ਸੁਮੇਲ ਇਨ੍ਹਾਂ ਮੋਰਚਿਆਂ `ਤੇ ਜਾ ਕੇ ਵੇਖੋ ਕਿਵੇਂ ਕਾਢਾਂ ਕੱਢੀਆਂ ਜਾ ਰਹੀਆਂ ਹਨ, ਜੁਗਾੜੀ ਮਸ਼ੀਨਾਂ ਦੀਆਂ। ਮੋਟੀਵੇਸ਼ਨ ਕੋਈ ਗੁਰਬਾਣੀ ਤੋਂ, ਕੋਈ ਮਾਰਕਸਇਜ਼ਮ ਤੋਂ ਲੈ ਰਿਹਾ ਹੈ। ਕੋਈ ਅੱਲ੍ਹਾਤਾਲਾ ਤੋਂ, ਕੋਈ ਹਵਨ ਯੱਗ ਤੋਂ। ਐਸਾ ਸੁਮੇਲ ਕਦੇ ਕਿਸੇ ਨੇ ਦੇਖਿਆ ਹੈ! ਪ੍ਰਾਪਤੀ ਨੂੰ ਦਰਸਾਉਣ ਦੀ ਥਾਂ ਤੁਸੀਂ ਗੋਦੀ ਮੀਡੀਆ ਵਾਲਿਆਂ ਨੇ ਭੰਡਣਾ ਸ਼ੁਰੂ ਕਰ ਦਿੱਤਾ। ਤੁਸੀਂ ਪੈਰ ਪੈਰ `ਤੇ ਅਕ੍ਰਿਤਘਣਤਾ ਕੀਤੀ। ਪੰਜਾਬ ਨਾਲ ਧੱਕੇ ਕੀਤੇ। ਅੱਜ ਵੀ ਨਿਰਾਸ਼ਾ ਹੈ ਬੇਭਰੋਸਗੀ ਹੈ। ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਬਿਨ ਮੰਗਿਆਂ ਕਮੇਟੀ ਦਿੱਤੀ, ਇਸੇ ਤਰਾਂ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਵੀ ਦਿੱਤੇ। ਜਦੋਂ ਕਿ ਉਸੇ ਕਮੇਟੀ ਵਿਚੋਂ ਨਿਕਲਿਆ ਇੱਕ ਮੈਂਬਰ ਕਹਿੰਦਾ ਹੈ ਕਿ ਉਹ ਤਾਂ ਕਿਸਾਨਾਂ ਨਾਲ ਖੜ੍ਹਾ ਹੈ। ਸੰਘਰਸ਼ ਦਾ ਦਬਾਅ ਇੰਨਾ ਹੈ ਕਿ ਮੋਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਇਹ ਬਣ ਕੀ ਗਿਆ। ਬੁਖਲਾਹਟ ਵਿਚ ਉਹ ਇਸ ਪਵਿੱਤਰ ਅੰਦੋਲਨ ਦਾ ਸਤ ਭੰਗ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਫਰੇਬ ਰਚ ਰਹੀ ਹੈ। ਕਦੇ ਮੋਰਚੇ ਵਿਚ ਨਸ਼ੇ, ਕਦੇ ਗਣਤੰਤਰ ਪਰੇਡ ਵਿਚ ਵਿਘਨ ਪਾਉਣ ਲਈ ਸ਼ਰਾਬੀ ਬੰਦੇ ਭੇਜਣ, ਕਦੇ ਕਿਸਾਨ ਆਗੂਆਂ ਦੀ ਕਥਿਤ ਹੱਤਿਆ ਕਰਨ ਦੇ ਮਨਸੂਬੇ, ਬਿਨਾ ਨੰਬਰ ਤੋਂ ਗੱਡੀ ਦੋ ਪੁਲਿਸ ਵਾਲਿਆਂ ਵਲੋਂ ਸਮੇਤ ਪੁਲਿਸ ਵਰਦੀ ਵਾਲੀ ਸ਼ੰਭੂ ਮੋਰਚੇ ਵਿਚ ਖੜਾ ਕੇ ਭੱਜਣ, ਨਕਲੀ ਕਿਸਾਨ, ਪਰਚੇ ਵੰਡਣ ਜਿਹੇ ਹਕੂਮਤੀ ਹਥਕੰਡੇ ਵਰਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਵਿਚ ਦਹਿਸ਼ਤ ਪਾ ਕੇ ਸੰਘਰਸ਼ ਨੂੰ ਕਿਵੇਂ ਨਾ ਕਿਵੇਂ ਫੇਲ੍ਹ ਕੀਤਾ ਜਾਵੇ।
ਦੂਜੇ ਪਾਸੇ ਆਪਣੇ ਚਹੇਤਿਆਂ ਨੂੰ ਕਿਵੇਂ ਨਜ਼ਰੇ-ਇਨਾਇਤ ਬਖਸ਼ਦੀ ਹੈ, ਉਸ ਦੀ ਤਾਜ਼ਾ ਮਿਸਾਲ ਇੱਕ ਟੀ. ਆਰ. ਪੀ. ਘੁਟਾਲੇ ਸਮੇਤ ਕਈ ਕੇਸਾਂ ਵਿਚ ਲਿਪਤ ਅਰਨਬ ਗੋਸਵਾਮੀ ਦੇ ਤਾਜ਼ਾ ਘਟਨਾਕ੍ਰਮ ਤੋਂ ਮਿਲਦੀ ਹੈ। ਅਰਨਬ ਸੀ. ਈ. ਓ. ਰਿਪਬਲਿਕ ਟੀ. ਵੀ., ਜੋ ਪੈਸੇ ਦੇਣ ਤੋਂ ਮੁਕਰਨ ਦੇ ਮਾਮਲੇ ਵਿਚ ਮੁੰਬਈ ਦੇ ਇੱਕ ਇੰਟੀਰੀਅਰ ਡੈਕੋਰੇਟਰ ਤੇ ਉਸ ਦੀ ਮਾਂ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੇ ਕੇਸ ਵਿਚ ਪਿਛਲੇ ਦਿਨੀਂ ਮੁੰਬਈ ਪੁਲਿਸ ਵਲੋਂ ਜੇਲ੍ਹ ਭੇਜਿਆ ਗਿਆ ਸੀ। ਕੇਂਦਰ ਸਰਕਾਰ ਦੇ ਗੁਰਗਿਆਂ ਨੇ ਇਸ ਨੂੰ ਪ੍ਰੈਸ ਦੀ ਆਜ਼ਾਦੀ `ਤੇ ਹਮਲਾ ਕਰਾਰ ਦਿੰਦਿਆਂ ਹਾਲ ਪਾਹਰਿਆ ਕੀਤੀ ਸੀ। ਕੇਂਦਰ ਸਰਕਾਰ ਦੀ ਮਿਹਰਬਾਨੀ ਨਾਲ ਜਿਸ ਤਰੀਕੇ ਨਾਲ ਥੋੜ੍ਹੇ ਹੀ ਸਮੇਂ ਵਿਚ ਕਾਨੂੰਨ ਨੂੰ ਛਿੱਕੇ ਟੰਗ ਕੇ ਸੁਪਰੀਮ ਕੋਰਟ ਤੋਂ ਜ਼ਮਾਨਤ ਕਰਵਾ ਕੇ ਉਹ ਜੇਲ੍ਹ ਵਿਚੋਂ ਬਾਹਰ ਆਇਆ ਸੀ, ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਲੀਕ ਹੋਈ ਆਪਣੀ ਹਜ਼ਾਰ ਪੰਨਿਆਂ ਦੀ ਵਟਸਐਪ ਚੈਟ ਕਾਰਨ ਅੱਜ ਕੱਲ੍ਹ ਫਿਰ ਚਰਚਾ ਵਿਚ ਹੈ।
ਇਹ ਚੈਟ ‘ਬਰਾਡਕਾਸਟ ਔਡੀਐਂਸ ਰਿਸਰਚ ਕੌਂਸਲ’ ਦੇ ਉਸ ਵੇਲੇ ਦੇ ਸੀ. ਈ. ਓ., ਪਰ ਅੱਜ ਕੱਲ੍ਹ ਪੁਲਿਸ ਹਿਰਾਸਤ ਵਿਚ ਪਾਰਥੋਦਾਸ ਗੁਪਤਾ ਨਾਲ ਹੈ। ਉਹ ਖੁੱਲੇ੍ਹਆਮ ਕਹਿ ਰਿਹਾ ਹੈ ਕਿ ਕਿਵੇਂ ਪ੍ਰਧਾਨ ਮੰਤਰੀ ਆਫਿਸ, ਸਰਕਾਰ ਦੇ ਮੰਤਰੀ, ਵੱਡੇ ਵੱਡੇ ਜੱਜ, ਵਕੀਲ ਉਸ ਦੇ ਇਸ਼ਰਿਆਂ `ਤੇ ਨੱਚਦੇ ਹਨ। ਆਪਣੇ ਕੇਸ ਵਿਚ ਉਹ ਜੱਜਾਂ ਨੂੰ ਖਰੀਦਣ ਦੀ ਗੱਲ ਵੀ ਕਰਦਾ ਹੈ। ਵਟਸਐਪ ਚਰਚਾ ਵਿਚ ਉਸ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਬਾਲਾਕੋਟ ਸਰਜੀਕਲ ਸਟਰਾਇਕ ਹੋਣ ਵਾਲਾ ਹੈ। 14 ਫਰਵਰੀ 2019 ਨੂੰ ਪੁਲਵਾਮਾ ਵਿਚ ਸ਼ਹੀਦ ਹੋਏ 40 ਨੌਜਵਾਨਾਂ ਦਾ ਜਸ਼ਨ ਮਨਾ ਰਿਹਾ ਹੈ। ਪੁਲਵਾਮਾ ਕਾਂਡ ਨਾਲ ਆਪਣੇ ਟੀ. ਵੀ. ਚੈਨਲ ਦੀ ਟੀ. ਆਰ. ਪੀ. ਵਧਣ `ਤੇ ਪ੍ਰਧਾਨ ਮੰਤਰੀ ਨੂੰ ਫਾਇਦਾ ਹੋਣ ਦੀ ਗੱਲ ਵੀ ਗੱਜ ਵਜ ਕੇ ਕਰ ਰਿਹਾ ਹੈ। ਜੰਮੂ ਕਸ਼ਮੀਰ ਵਿਚ ਆਰਟੀਕਲ 370 ਹਟਾਉਣ ਬਾਰੇ ਉਸ ਨੂੰ ਅਗਾਊਂ ਸੂਚਨਾ ਸੀ। ਕੇਂਦਰ ਸਰਕਾਰ ਤੇ ਫੌਜ ਦੇ ਬਹੁਤ ਸਾਰੇ ਖੁਫੀਆ ਰਾਜ ਉਸ ਨੂੰ ਪਤਾ ਸਨ। ਕਿਸ ਤਰ੍ਹਾਂ ਇਸ ਆਦਮੀ ਨੇ ਨੰਬਰ ਇੱਕ ਬਣਨ ਲਈ ਪੂਰੇ ਸਿਸਟਮ ਨਾਲ ਖਿਲਵਾੜ ਕੀਤਾ, ਰਾਸ਼ਟਰੀ ਸੁਰੱਖਿਆ ਨੂੰ ਦਾਅ `ਤੇ ਲਾਇਆ, ਸੱਤਾ ਤੇ ਮੀਡੀਆ ਵਿਚਲੇ ਫਰਕ ਨੂੰ ਖਤਮ ਕਰਨ ਦੇ ਪ੍ਰਕਰਮ ਨੁੂੰ ਇਸ ਵਟਸਐਪ ਚੈਟ ਨੇ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ।
‘ਰਿਪਬਲਿਕ ਟੀ. ਵੀ. ਬਨਾਮ ਪਾਕਿਸਤਾਨ’ ਕਹਿ ਕੇ ਪਾਕਿ ਸਦਰ ਜਨਾਬ ਇਮਰਾਨ ਖਾਨ ਨੇ ਕਿਹਾ ਕਿ ਅਸੀਂ ਜੋ ਬਾਲਾਕੋਟ ਸਰਜੀਕਲ ਤੇ ਪੁਲਵਾਮਾ ਅਟੈਕ ਬਾਰੇ ਕਿਹਾ ਸੀ ਕਿ ਇਹ ਕੰਮ ਉਨ੍ਹਾਂ ਦਾ ਨਹੀਂ, ਸਗੋ ਭਾਰਤ ਵਿਚ ਚੋਣਾਂ ਹਨ, ਇਹ ਉਨ੍ਹਾਂ ਦਾ ਹੀ ਕੀਤਾ ਕਰਾਇਆ ਹੈ, ਉਤੇ ਰਿਪਬਲਿਕ ਟੀ. ਵੀ. ਨੇ ਮੋਹਰ ਲਗਾ ਦਿੱਤੀ ਹੈ। ਮੁੰਬਈ ਪੁਲਿਸ ਨੇ ਉਸ ਦੇ ਖਿਲਾਫ ਝੂਠੀ ਟੀ. ਆਰ. ਪੀ. ਵਧਾਉਣ ਦੇ ਘਪਲੇ ਵਿਚ ਮੁਕੱਦਮਾ ਵੀ ਦਰਜ ਕੀਤਾ ਹੈ। ਇੰਨਾ ਕੁਝ ਪ੍ਰੈਸ, ਮੀਡੀਏ ਤੇ ਗੁਆਂਢੀ ਦੇਸ਼ ਵਲੋਂ ਬੋਲਣ ਦੇ ਬਾਵਜੂਦ ਸਾਡੇ ਦੇਸ਼ ਦੀ ਸਰਕਾਰ, ਉਸ ਦੇ ਮੰਤਰੀ ਸੰਤਰੀ ਜਾਂ ਹੋਰ ਜਿੰਮੇਵਾਰ ਸੰਸਥਾਵਾਂ ਨੇ ਅਰਨਬ ਖਿਲਾਫ ਅਜੇ ਤਕ ਮੂੰਹ ਨਹੀਂ ਖੋਲ੍ਹਿਆ, ਕਾਰਵਾਈ ਤਾਂ ਕੀ ਕਰਨੀ ਸੀ?
ਕਿਸਾਨ ਅੰਦੋਲਨ ਇਤਿਹਾਸ ਸਿਰਜ ਰਿਹਾ ਹੈ। 72ਵੇਂ ਗਣਤੰਤਰ ਦਿਵਸ `ਤੇ ਦੇਸ਼ ਦੇ ਮੁਢਲੇ ਗਣ ਧਰਤੀ ਪੁੱਤਰ ਦੀ ਟਰੈਕਟਰ ਪ੍ਰੇਡ ਇਸ ਇਤਿਹਾਸ ਵਿਚ ਇੱਕ ਨਿਵੇਕਲਾ ਅਧਿਆਏ ਜੋੜਨ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਵਕੀਲਾਂ ਸਣੇ ਦੇਸ਼ ਭਰ ਦਾ ਸਮੂਹ ਵਕੀਲ ਭਾਈਚਾਰਾ, ਸਾਬਕਾ ਜੱਜ, ਬੁੱਧੀਜੀਵੀ, ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ, ਅਰਥ ਸ਼ਾਸਤਰੀ, ਸਮਾਜਕ ਰਾਜਨੀਤਕ ਪੰਡਿਤਾਂ ਨੇ ਵੀ ਗੁਰੂ ਤੇਗ ਬਹਾਦਰ ਮੈਮੋਰੀਅਲ ਸ਼ੰਭੂ ਬਾਰਡਰ ਤੇ ‘ਕਿਸਾਨ ਸੰਸਦ’ ਆਯੋਜਿਤ ਕਰਕੇ ਦੇਸ਼ ਦੀ ਫਾਸ਼ੀਵਾਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਸਮਾਗਮ ਦੀ ਅਗਵਾਈ ਕਰ ਰਹੇ ਉਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਜਦੋਂ ਦੇਸ਼ ਦੀ ਸੰਸਦ ਦੇਸ਼ ਦੀ 99 ਫੀਸਦੀ ਜਨਤਾ ਨੂੰ ਅਣਦੇਖਾ ਕਰਕੇ 1 ਫੀਸਦੀ ਪੂੰਜੀਪਤੀਆਂ ਦੇ ਹੱਕ ਵਿਚ ਫੈਸਲਾ ਦੇਣਾ ਸ਼ੁਰੂ ਕਰ ਦੇਵੇ ਤਾਂ ਸਮਾਨਤੰਤਰ ਲੋਕਾਂ ਦੀ ‘ਆਪਣੀ ਸੰਸਦ’ ਆਯੋਜਿਤ ਕਰਨੀ ਸਮੇਂ ਦੀ ਲੋੜ ਹੈ।
ਕਿਸਾਨ ਵੀਰੋ! ਇਹ ਅਸਾਵੀਂ ਜੰਗ ਜੋ ਸਾਡੇ ਉਤੇ ਥੋਪ ਦਿੱਤੀ ਗਈ ਹੈ, ਇਸ ਵਿਚੋਂ ਜੇਤੂ ਹੋ ਕੇ ਨਿਕਲਣ ਲਈ ਮਣਾਂਮੂੰਹੀਂ ਧੀਰਜ ਦੀ ਲੋੜ ਹੈ। ਸਾਰਾ ਦੇਸ਼ ਤੁਹਾਡੇ `ਤੇ ਟੇਕ ਰੱਖ ਕੇ ਇਸ ਮੈਦਾਨ ਵਿਚ ਕੁੱਦ ਪਿਆ ਹੈ। ਲਗਦਾ ਹੈ, ‘ਹਿੰਦ ਦੀ ਚਾਦਰ’ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦਾ ਗੁਣਾ ਹੁਣ ਫਿਰ ਸਾਡੇ ਜਿੰਮੇ ਆ ਪਿਆ ਹੈ। ਉਦੋਂ ਤਾਂ ਸੂਚਨਾ ਦਾ ਵੀ ਕੋਈ ਸਾਧਨ ਨਹੀਂ ਸੀ, ਜੇ ਉਦੋਂ ਇਹ ਜਿੰਮਾ ਸਾਡੇ ਰਹਿਬਰਾਂ `ਤੇ ਆਣ ਪਿਆ ਸੀ ਤਾਂ ਫਿਰ ਅੱਜ ਕਿਉਂ ਨਹੀਂ! ਹਕੂਮਤ ਦਾ ਰੂਪ ਵੀ ਉਹੋ ਹੈ ਤੇ ਉਸ ਦੇ ਹੱਥਕੰਡੇ ਵੀ। ਸੋ ਵੀਰੋ, ਜਿੰਮੇਵਾਰੀ ਤੁਹਾਡੀ ਵੱਡੀ ਹੈ। ਦੇਸ਼ ਵਾਸੀਆਂ ਦਾ ਭਰੋਸਾ ਤੁਹਾਡੇ `ਤੇ ਹੈ। ਸੱਤਾ ਦੇ ਗਲਿਆਰਿਆਂ ਤੇ ਬੇਭਰੋਸਗੀ ਦਾ ਆਲਮ ਹੈ। ਤੁਹਾਡੀ ਦੂਰਅੰਦੇਸ਼ ਸੂਝ-ਬੂਝ ਯੁਕਤ ਅਗਵਾਈ ਸਮੁੱਚੇ ਦੇਸ਼ ਵਾਸੀਆਂ ਨੂੰ ਮਿਲੇ ਤੇ ਜੇਤੂ ਹੋ ਕੇ ਆਪਣੇ ਘਰਾਂ ਵੱਲ ਪਰਤੋ। ਆਲਮੀ ਦੁਆਵਾਂ ਤੁਹਾਡੇ ਨਾਲ ਹਨ।